You’re viewing a text-only version of this website that uses less data. View the main version of the website including all images and videos.
ਭਗਵੰਤ ਮਾਨ ਦੀ ਕੈਬਿਨਟ 'ਚ 3 ਡਾਕਟਰ, 2 ਦਸਵੀਂ ਤੇ 2 ਬਾਰ੍ਹਵੀਂ ਪੜ੍ਹੇ, ਹੋਰਾਂ ਦਾ ਵੀ ਪਿਛੋਕੜ ਜਾਣੋ
ਪੰਜਾਬ ਸਰਕਾਰ ਦੀ ਨਵੀਂ ਕੈਬਨਿਟ ਲਈ 10 ਮੰਤਰੀਆਂ ਨੇ ਸਹੁੰ ਚੁੱਕੀ ਹੈ।
ਇਸਦੇ ਨਾਲ ਹੀ 'ਆਪ' ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਨੂੰ ਸਪੀਕਰ ਬਣਾਏ ਜਾਣ ਲਈ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਧੰਨਵਾਦ ਕੀਤਾ।
ਦੂਜੀ ਵਾਰ ਵਿਧਾਇਕ ਚੁਣੇ ਗਏ ਕੁਲਤਾਰ ਸਿੰਘ ਨੇ ਲਿਖਿਆ, ''ਮੇਰੇ ਲੀਡਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਮੇਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇਤਿਹਾਸਕ 16ਵੀਂ ਵਿਧਾਨ ਸਭਾ ਦਾ ਸਪੀਕਰ ਨਾਮਜ਼ਦ ਕਰਕੇ ਭਰੋਸਾ ਜਤਾਉਣ ਲਈ ਦਿਲੀ ਧੰਨਵਾਦ।''
ਭਗਵੰਤ ਮਾਨ ਨੇ ਲਿਖਿਆ, ''ਪੰਜਾਬ ਦੀ ਜਨਤਾ ਨੇ ਸਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਦਿਨ-ਰਾਤ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਅਤੇ ਪੰਜਾਬ ਨੂੰ ਇੱਕ ਇਮਾਨਦਾਰ ਸਰਕਾਰ ਦੇਣੀ ਹੈ। ਅਸੀਂ ਰੰਗਲਾ ਪੰਜਾਬ ਬਣਾਉਣਾ ਹੈ।''
ਇਸ ਕੈਬਨਿਟ ਵਿੱਚ ਸਿਰਫ਼ ਇੱਕ ਮਹਿਲਾ ਚਿਹਰੇ ਨੂੰ ਥਾਂ ਮਿਲੀ ਹੈ। ਇਹ ਹਨ ਨਾਮ
- ਹਰਪਾਲ ਸਿੰਘ ਚੀਮਾ- ਦਿੜਬਾ
- ਡਾ. ਬਲਜੀਤ ਕੌਰ-ਮਲੋਟ
- ਹਰਭਜਨ ਸਿੰਘ ਈਟੀਓ- ਜੰਡਿਆਲਾ
- ਵਿਜੇ ਸਿੰਗਲਾ- ਮਾਨਸਾ
- ਗੁਰਮੀਤ ਸਿੰਘ ਮੀਤ ਹੇਅਰ- ਬਰਨਾਲਾ
- ਕੁਲਦੀਪ ਸਿੰਘ ਧਾਲੀਵਾਲ- ਅਜਨਾਲਾ
- ਲਾਲਜੀਤ ਸਿੰਘ ਭੁੱਲਰ- ਪੱਟੀ
- ਬ੍ਰਹਮ ਸ਼ੰਕਰ (ਜਿੰਪਾ)- ਹੁਸ਼ਿਆਰਪੁਰ
- ਲਾਲ ਚੰਦ ਕਟਾਰੂਚੱਕ- ਭੋਆ
- ਹਰਜੋਤ ਸਿੰਘ ਬੈਂਸ- ਆਨੰਦਪੁਰ ਸਾਹਿਬ
1. ਹਰਪਾਲ ਸਿੰਘ ਚੀਮਾ
ਸੰਗਰੂਰ ਦੇ ਦਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਪਿਛਲੀ ਵਿਧਾਨ ਸਭਾ ਵਿੱਚ ਸੁਖਪਾਲ ਸਿੰਘ ਖਹਿਰਾ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਬਣਾਏ ਗਏ ਸਨ।
ਹਰਪਾਲ ਸਿੰਘ ਪੇਸ਼ੇ ਤੋਂ ਵਕੀਲ ਹਨ। ਉਹ ਦਿੜਬਾ ਰਾਖਵੀਂ ਸੀਟ ਤੋਂ ਦੂਜੀ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣ ਕੇ ਆਏ ਹਨ।
ਹਰਪਾਲ ਚੀਮਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਪਣਾ ਕਰੀਅਰ ਵਿਦਿਆਰਥੀ ਕਾਰਕੁਨ ਵਜੋਂ ਸ਼ੁਰੂ ਕੀਤਾ ਸੀ।
ਚੀਮਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਵੀ ਰਹੇ।
ਹਰਪਾਲ ਸਿੰਘ ਚੀਮਾ ਧੂਰੀ ਦੇ ਚੀਮਾ ਪਿੰਡ ਦੇ ਰਹਿਣ ਵਾਲੇ ਹਨ।
2. ਗੁਰਮੀਤ ਸਿੰਘ ਮੀਤ ਹੇਅਰ
ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਦੂਜੀ ਵਾਰ ਵਿਧਾਇਕ ਬਣੇ ਹਨ।
ਇਸ ਵਾਰ ਦੀਆਂ ਚੋਣਾਂ ਵਿੱਚ ਉਨ੍ਹਾਂ ਨੇ ਅਕਾਲੀ ਦਲ ਦੇ ਕੁਲਵੰਤ ਸਿੰਘ ਨੂੰ ਹਰਾਇਆ ਹੈ।
ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਮੁਤਾਬਕ ਉਨ੍ਹਾਂ ਨੇ ਆਪਣੀ ਆਮਦਨ ਵਿਧਾਇਕ ਵਜੋਂ ਆਪਣੀ ਤਨਖਾਹ ਅਤੇ ਖੇਤੀਬਾੜੀ ਦੱਸੀ ਹੈ।
ਉਨ੍ਹਾਂ ਨੇ ਵਿਵੇਕਾਨੰਦ ਇੰਸਟੀਚਿਊਟ ਆਫ਼ ਟੈਕਨੌਲੋਜੀ ਤੋਂ ਬੀਟੈਕ ਦੀ ਪੜ੍ਹਾਈ ਕੀਤੀ ਹੈ।
ਸਿਵਲ ਸੇਵਾ ਦੀ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਮੀਤ ਹੇਅਰ ਅੰਨਾ ਹਜ਼ਾਰੇ ਅੰਦੋਲਨ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ।
ਮੀਤ ਹੇਅਰ ਨੇ ਬੀਬੀਸੀ ਪੱਤਰਕਾਰ ਮਨਪ੍ਰੀਤ ਕੌਰ ਨੂੰ ਦੱਸਿਆ ਕਿ ਕਿਸੇ ਵੇਲੇ ਉਨ੍ਹਾਂ ਦੇ ਦੋਸਤ ਕਹਿੰਦੇ ਹੁੰਦੇ ਸਨ ਕਿ ''ਤੁਸੀਂ ਕਿਹੜੇ ਪਾਸੇ ਤੁਰੇ ਫਿਰਦੇ ਹੋ, ਇੱਥੇ ਕੋਈ ਬਦਲਾਅ ਨਹੀਂ ਆਉਣ ਲੱਗਿਆ, ਕੋਈ ਇਨਕਲਾਬ ਨਹੀਂ ਆਉਣ ਲੱਗਿਆ''
ਉਨ੍ਹਾਂ ਦੱਸਿਆ ਕਿ ਉਹ ਯੂਪੀਐੱਸਸੀ ਦੀ ਤਿਆਰੀ ਕਰ ਰਹੇ ਸਨ ਅਤੇ ਉਸੇ ਸਮੇਂ ਅੰਨਾ ਹਜ਼ਾਰੇ ਦੇ ਅੰਦੋਲਨ ਨਾਲ ਜੁੜੇ ਅਤੇ ਉਸੇ ਸਮੇਂ ਹੀ ਆਪ ਪਾਰਟੀ ਨਾਲ ਜੁੜੇ ਅਤੇ ਕਿਸੇ ਹੋਰ ਸਿਆਸੀ ਪਾਰਟੀ ਨਾਲ ਨਹੀਂ ਜੁੜੇ।
ਉਹ ਦੱਸਦੇ ਹਨ ਕਿ ਉਹ ਤੇ ਉਨ੍ਹਾਂ ਦੇ ਕਾਲਜ ਦੇ ਦੋਸਤ ਇਸ ਵੇਲੇ ਆਪ ਪਾਰਟੀ ਦੇ ਵਿਧਾਇਕ ਹਨ। ਬਰਨਾਲਾ ਤੋਂ ਖ਼ੁਦ ਮੀਤ ਹੇਅਰ, ਬਾਘਾ ਪੁਰਾਣਾ ਤੋਂ ਅਮ੍ਰਿਤਪਾਲ ਸਿੱਧੂ ਅਤੇ ਜੈਤੋ ਤੋਂ ਅਮੋਲਕ ਪਾਰਟੀ ਦੇ ਵਿਧਾਇਕ ਹਨ।
3. ਡਾ. ਵਿਜੇ ਸਿੰਗਲਾ
ਵਿਜੇ ਸਿੰਗਲਾ ਆਪਣੀਆਂ ਪਲੇਠੀਆਂ ਚੋਣਾਂ ਵਿੱਚ ਜਿੱਤ ਦਰਜ ਕਰਕੇ ਮਾਨਸਾ ਹਲਕੇ ਤੋਂ ਵਿਧਾਨ ਸਭਾ ਪਹੁੰਚੇ ਹਨ।
ਉਨ੍ਹਾਂ ਦੀ ਸੀਟ ਇਸ ਗੱਲੋਂ ਹੌਟ ਸੀਟ ਬਣ ਗਈ ਸੀ ਕਿਉਂਕਿ ਗਾਇਕੀ ਤੋਂ ਸਿਆਸਤ ਵਿੱਚ ਆਏ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਬਣਾਇਆ ਸੀ।
ਡਾ਼ ਵਿਜੇ ਸਿੰਗਲਾ ਪੇਸ਼ੇ ਤੋਂ ਦੰਦਾਂ ਦੇ ਡਾਕਟਰ ਹਨ। ਦਿਲਚਸਪ ਇਹ ਵੀ ਰਿਹਾ ਕਿ ਇੱਥੋਂ ਚੋਣ ਮੈਦਾਨ ਵਿੱਚ ਨਿੱਤਰੇ ਮੁੱਖ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਤੋਂ ਉਮੀਦਵਾਰ ਪਹਿਲੀ ਵਾਰ ਚੋਣਾਂ ਲੜ ਰਹੇ ਸਨ।
ਡਾ਼ ਵਿਜੇ ਸਿੰਗਲਾ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਦੱਸਿਆ ਕਿ ਕੈਬਨਿਟ ਵਿੱਚ ਸ਼ਾਮਲ ਕਰਨਾ ''ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਵਿਸ਼ੇਸ਼ ਅਧਿਕਾਰ ਹੈ ਕਿ ਕਿਸ ਨੂੰ ਸ਼ਾਮਲ ਕਰਨਾ ਹੈ ਅਤੇ ਕਿਸ ਨੂੰ ਨਹੀਂ।''
ਵਿਜੇ ਸਿੰਗਲਾ ਨੇ ਆਪਣੇ ਪਿਛੋਕੜ ਬਾਰੇ ਦੱਸਿਆ ਕਿ ਉਨ੍ਹਾਂ ਦਾ ''ਪਿੰਡ ਭੂਪਾਲ ਹੈ। ਮੇਰੇ ਪਿਤਾ ਜੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਹੈ। ਉਨ੍ਹਾਂ ਨੇ ਸਾਨੂੰ ਬੜੀ ਮਿਹਨਤ ਨਾਲ ਪੜ੍ਹਾਇਆ। ਮੇਰੇ ਵੱਡੇ ਭਾਈ ਸਾਹਿਬ ਪੰਜਾਬ ਨੈਸ਼ਨਲ ਬੈਂਕ ਵਿੱਚ ਜਨਰਲ ਮੈਨੇਜਰ ਹਨ। ਸਾਨੂੰ ਸਾਡੇ ਪਿਤਾ ਜੀ ਹੁਰਾਂ ਨੇ ਤੇ ਮਾਤਾ ਜੀ ਨੇ ਪੜ੍ਹਾਈ ਵੱਲ ਹੀ ਪ੍ਰੇਰਿਤ ਕੀਤਾ।''
4. ਡਾ. ਬਲਜੀਤ ਕੌਰ
ਮਲੋਟ ਸੀਟ 'ਤੇ ਬਲਜੀਤ ਕੌਰ ਨੇ ਅਕਾਲੀ ਦਲ ਦੇ ਹਰਪ੍ਰੀਤ ਸਿੰਘ ਨੂੰ 40 ਹਜ਼ਾਰ ਤੋਂ ਵੀ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਹੈ।
ਬਲਜੀਤ ਕੌਰ ਫਰੀਦਕੋਟ ਤੋਂ ਸੰਸਦ ਮੈਂਬਰ ਰਹਿ ਚੁੱਕੇ ਸਾਧੂ ਸਿੰਘ ਦੀ ਧੀ ਹਨ ਤੇ ਉਨਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੇ ਪਿਤਾ ਲਈ ਪ੍ਰਚਾਰ ਵੀ ਕੀਤਾ ਸੀ।
ਬਲਜੀਤ ਕੌਰ ਨੇ ਕਰੀਬ 4 ਸਾਲ ਪਹਿਲਾਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਹੈ।
ਬਲਜੀਤ ਕੌਰ ਅੱਖਾਂ ਦੇ ਡਾਕਟਰ ਹਨ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਬੈਸਟ ਸਰਜਨ ਦਾ ਐਵਾਰਡ ਵੀ ਮਿਲਿਆ ਸੀ।
ਸਿਵਿਲ ਹਸਪਤਾਲ ਮੁਕਤਸਰ ਵਿੱਚ ਅੱਖਾਂ ਦੀ ਮਾਹਿਰ ਡਾਕਟਰ ਵਜੋਂ ਡਿਊਟੀ ਨਿਭਾ ਰਹੇ ਬਲਜੀਤ ਕੌਰ ਨੇ 4 ਮਹੀਨੇ ਪਹਿਲਾਂ ਪ੍ਰੀ-ਰਿਟਾਇਰਮੈਂਟ ਲੈ ਲਈ ਸੀ।
ਸੇਵਾ ਮੁਕਤ ਹੋਣ ਮਗਰੋਂ ਉਹ ਪ੍ਰਾਈਵੇਟ ਕਲੀਨਿਕ ਸ਼ੁਰੂ ਕਰਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਚੋਣਾਂ ਦੌਰਾਨ ਉਨ੍ਹਾਂ ਬਾਰੇ ਇਹ ਗੱਲ ਚਰਚਿਤ ਰਹੀ ਕਿ ਉਹ ਰੋਜ਼ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾ ਮਰੀਜ਼ਾਂ ਦਾ ਚੈੱਕਅੱਪ ਕਰਦੇ ਸਨ।
ਉਨ੍ਹਾਂ ਨੇ ਐਮਬੀਬੀਐਸ ਤੇ ਐਮਐਸ ਦੀ ਪੜ੍ਹਾਈ ਕੀਤੀ ਹੈ।ਬਲਜੀਤ ਕੌਰ ਨੇ ਨਿੱਜੀ ਟੀਵੀ ਚੈਨਲ ਨਿਊਜ਼-18 ਨਾਲ ਗੱਲ ਕਰਦਿਆਂ ਦੱਸਿਆ, ''ਮੈਨੂੰ ਖੁਦ ਵੀ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਨਹੀਂ ਸੀ ਅਤੇ ਜਦੋਂ ਲੋਕਾਂ ਨੇ ਮੈਨੂੰ ਵਧਾਈ ਦਿੱਤੀ ਤਾਂ ਮੈਨੂੰ ਇਸ ਬਾਰੇ ਪਤਾ ਚੱਲਿਆ।''
ਡਾ਼ ਬਲਜੀਤ ਕੌਰ ਨਾਲ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਉੱਤੇ ਭਰੋਸਾ ਜਤਾਇਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਕਾਬਲ ਸਮਝਿਆ ਕਿ ਮੈਨੂੰ ਕਾਬਨਿਟ ਦੀ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਲੋਕਾਂ ਨੇ ''ਅੱਖਾਂ ਦੇ ਡਾਕਟਰ ਵਜੋਂ ਸੇਵਾ ਤੋਂ ਖੁਸ਼ ਹੋ ਕੇ ਮੇਰੀ ਬਦਲੀ ਵੀ ਨਹੀਂ ਹੋਣ ਦਿੱਤੀ ਅਤੇ ਮੈਂ ਲਗਾਤਾਰ ਅੱਠ ਸਾਲ ਮਲੋਟ ਦੇ ਹਸਪਤਾਲ ਵਿੱਚ ਅੱਖਾਂ ਦੇ ਮਾਹਰ ਡਾਕਟਰ ਵਜੋਂ ਸੇਵਾ ਕੀਤੀ।''
ਉਨ੍ਹਾਂ ਨੇ ਦੱਸਿਆ ਕਿ ਪਾਰਟੀ ਵੱਲੋਂ ''ਉਨ੍ਹਾਂ ਬਾਰੇ ਇੱਕ ਸਰਵੇ ਕਰਵਾਇਆ ਗਿਆ, ਜਿਸ ਵਿੱਚ ਲੋਕਾਂ ਨੇ ਹੱਕ ਵਿੱਚ ਵੋਟ ਦਿੱਤੀ ਅਤੇ ਉਸ ਤੋਂ ਬਾਅਦ ਪਾਰਟੀ ਵੱਲੋਂ ਮੈਨੁੰ ਉਮੀਦਵਾਰ ਬਣਾਇਆ ਗਿਆ।''
5. ਹਰਜੋਤ ਸਿੰਘ ਬੈਂਸ
ਹਰਜੋਤ ਸਿੰਘ ਬੈਂਸ ਜ਼ਿਲ੍ਹਾ ਰੂਪਨਗਰ ਦੇ ਪਿੰਡ ਗੰਭੀਰਪੁਰ ਦੇ ਰਹਿਣ ਵਾਲੇ ਹਨ।
ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਆਨੰਦਪੁਰ ਸਾਹਿਬ ਹਲਕੇ ਤੋਂ ਚੋਣ ਜਿੱਤੀ ਹੈ।
ਉਨ੍ਹਾਂ ਕਾਂਗਰਸ ਦੇ ਕੰਵਰਪਾਲ ਸਿੰਘ ਅਤੇ ਭਾਜਪਾ ਦੇ ਡਾ. ਪਰਮਿੰਦਰ ਸ਼ਰਮਾ ਨੂੰ ਹਰਾਇਆ ਸੀ।
ਹਰਜੋਤ ਸਿੰਘ ਪੇਸ਼ੇ ਵਜੋਂ ਵਕੀਲ ਹਨ ਅਤੇ ਉਨ੍ਹਾਂ ਬੀਏ ਐੱਲਐੱਲਬੀ ਦੀ ਪੜ੍ਹਾਈ ਕੀਤੀ ਹੈ।
6. ਕੁਲਦੀਪ ਸਿੰਘ ਧਾਲੀਵਾਲ
ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜਗਦੇਵ ਕਲਾਂ ਦੇ ਰਹਿਣ ਵਾਲੇ ਹਨ।
ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਅਜਨਾਲਾ ਸੀਟ ਤੋਂ ਚੋਣ ਜਿੱਤੀ ਹੈ।
ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਪੰਜਾਬ ਲੋਕ ਕਾਂਗਰਸ ਦੇ ਸੁਰਜੀਤ ਸਿੰਘ ਨਾਲ ਸੀ।
ਕੁਲਦੀਪ ਸਿੰਘ 10ਵੀਂ ਪਾਸ ਹਨ। ਕੁਲਦੀਪ ਸਿੰਘ ਪੁਰਾਣੇ ਕਾਂਗਰਸੀ ਪਰਿਵਾਰ ਵਿੱਚੋਂ ਹਨ ਅਤੇ ਉਨ੍ਹਾਂ ਦੇ ਭਰਾ ਕਾਂਗਰਸੀ ਸਰਪੰਚ ਰਹੇ ਹਨ।
7. ਲਾਲ ਚੰਦ ਕਟਾਰੂਚੱਕ
ਲਾਲ ਚੰਦ ਪਠਾਨਕੋਟ ਦੇ ਪਿੰਡ ਕਟਾਰੂਚੱਕ ਦੇ ਰਹਿਣ ਵਾਲੇ ਹਨ। ਆਮ ਆਦਮੀ ਪਾਰਟੀ ਵੱਲੋਂ ਉਹ ਭੋਆ ਵਿਧਾਨਸਭਾ ਸੀਟ ਤੋਂ ਚੋਣ ਜਿੱਤੇ ਹਨ।
ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਜੋਗਿੰਦਰ ਪਾਲ ਅਤੇ ਭਾਜਪਾ ਦੀ ਸੀਮਾ ਕੁਮਾਰੀ ਨਾਲ ਸੀ। ਲਾਲ ਚੰਦ 10ਵੀਂ ਪਾਸ ਹਨ।
ਲਾਲ ਚੰਦ ਨੇ ਆਪਣੇ ਮੁਕਾਬਲੇ ਵਿੱਚ ਖੜ੍ਹੇ ਭਾਰਤੀ ਜਨਤਾ ਪਾਰਟੀ ਦੀ ਸੀਮਾ ਰਾਣੀ ਅਤੇ ਕਾਂਗਰਸ ਦੇ ਜੋਗਿੰਦਰ ਪਾਲ ਨੂੰ ਹਰਾਇਆ ਹੈ।
ਲਾਲ ਚੰਦ ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਉਨ੍ਹਾਂ ਕੋਲ ਕਿਸੇ ਵੀ ਕਿਸਮ ਦੀ ਅਚੱਲ ਜਾਇਦਾਦ ਨਹੀਂ ਹੈ।
ਉਨ੍ਹਾਂ ਨੇ ਲਿਖਿਆ ਹੈ ਕਿ ਉਹ ਇੱਕ ਸਮਾਜ ਸੇਵਕ ਹਨ ਅਤੇ ਉਨ੍ਹਾਂ ਦੀ ਕੋਈ ਆਮਦਨੀ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਆਪਣੀ ਚੱਲ ਜਾਇਦਾਦ ਵਿੱਚ ਇੱਕ ਸਵਿਫ਼ਟ ਕਾਰ ਅਤੇ ਇੱਕ ਹੌਂਡਾ ਐਕਟਿਵਾ ਦੱਸੀ ਹੈ।
ਲਾਲ ਚੰਦ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਦੱਸਿਆ ਮੁੱਖ ਮੰਤਰੀ ਵੱਲੋਂ ਕੀਤੇ ਐਲਾਨ ਬਾਰੇ,''ਮੈਨੂੰ ਮੀਡੀਆ ਤੋਂ ਪਤਾ ਲੱਗਿਆ। ਕੁਝ ਸਾਥੀ ਆਏ ਸੀ।''
ਉਨ੍ਹਾਂ ਨੇ ਦੱਸਿਆ, ''ਉਹ ਚੰਡੀਗੜ੍ਹ ਹੀ ਸਨ ਪਰ ਉਨ੍ਹਾਂ ਨੇ ਪਹਿਲਾਂ ਟਵੀਟ ਨਹੀਂ ਸੀ ਦੇਖਿਆ ਅਤੇ ਬਾਅਦ ਵਿੱਚ ਸਾਰਾ ਕੁਝ ਦੇਖਿਆ ਟਵੀਟ ਵੀ ਤੇ ਮੀਡੀਆ ਵੀ।''
ਉਨ੍ਹਾਂ ਨੇ ਕਿਹਾ ''ਮੈਂ 34 ਸਾਲਾਂ ਤੋਂ ਸਿਆਸਤ ਵਿੱਚ ਹਾਂ। ਲੋਕਾਂ ਦੀ ਸੇਵਾ ਕਰ ਰਿਹਾ ਹਾਂ। ਮੈਨੂੰ ਸੰਤੁਸ਼ਟੀ ਸੀ ਕਿ ਲੋਕਾਂ ਨੇ ਮੈਨੂੰ ਵਿਧਾਇਕ ਬਣਾ ਦਿੱਤਾ ਪਰ ਇਹ ਇੱਕ ਵੱਖਰੀ ਨਿਆਮਤ ਹੈ ਜੋ ਪਾਰਟੀ ਨੇ ਮੈਨੂੰ ਦਿੱਤੀ ਹੈ।''
ਲਾਲ ਚੰਦ ਨੇ ਦੱਸਿਆ ਕਿ ਪਹਿਲ ਦੇ ਅਧਾਰ 'ਤੇ ''ਲੋਕਾਂ ਦਾ ਸਿਆਸਤ ਵਿੱਚ ਭਰੋਸਾ ਮੁੜ ਪੈਦਾ ਕਰਨਾ ਵੱਡੀ ਚੁਣੌਤੀ ਹੈ ਅਤੇ ਉਸ ਤੋਂ ਬਾਅਦ ਜੋ ਵਚਨ ਪਾਰਟੀ ਨੇ ਲੋਕਾਂ ਨੂੰ ਦਿੱਤੇ ਹਨ ਉਨ੍ਹਾਂ ਨੂੰ ਪੂਰਿਆਂ ਕਰਨ'' ਦੀ ਦਿਸ਼ਾ ਵਿੱਚ ਕੰਮ ਕਰਨਗੇ।
8. ਬ੍ਰਹਮ ਸ਼ੰਕਰ ਸ਼ਰਮਾ
ਬ੍ਰਹਮ ਸ਼ੰਕਰ ਸ਼ਰਮਾ ਹੋਸ਼ਿਆਰਪੁਰ ਦੇ ਹੀ ਰਹਿਣ ਵਾਲੇ ਹਨ। ਆਮ ਆਦਮੀ ਪਾਰਟੀ ਵੱਲੋਂ ਉਹ ਹੋਸ਼ਿਆਰਪੁਰ ਵਿਧਾਨਸਭਾ ਸੀਟ ਤੋਂ ਚੋਣ ਜਿੱਤੇ ਹਨ।
ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਸੁੰਦਰ ਸ਼ਾਮ ਅਰੋੜਾ ਅਤੇ ਭਾਜਪਾ ਦੇ ਤੀਕਸ਼ਣ ਸੂਦ ਨਾਲ ਸੀ। ਬ੍ਰਹਮ ਸ਼ੰਕਰ 12ਵੀਂ ਪਾਸ ਹਨ।
9. ਲਾਲਜੀਤ ਸਿੰਘ ਭੁੱਲਰ
ਲਾਲਜੀਤ ਸਿੰਘ ਭੁੱਲਰ ਪੱਟੀ ਦੇ ਹੀ ਰਹਿਣ ਵਾਲੇ ਹਨ। ਆਮ ਆਦਮੀ ਪਾਰਟੀ ਵੱਲੋਂ ਉਹ ਪੱਟੀ ਵਿਧਾਨਸਭਾ ਸੀਟ ਤੋਂ ਚੋਣ ਜਿੱਤੇ ਹਨ।
ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਹਰਮਿੰਦਰ ਸਿੰਘ ਅਤੇ ਪੰਜਾਬ ਲੋਕ ਕਾਂਗਰਸ ਦੇ ਜਸਕਰਨ ਤੂਤ ਗਿੱਲ ਨਾਲ ਸੀ। ਲਾਲਜੀਤ 12ਵੀਂ ਪਾਸ ਹਨ।
10. ਹਰਭਜਨ ਸਿੰਘ ਈਟੀਓ
ਹਰਭਜਨ ਸਿੰਘ ਈਟੀਓ ਜੰਡਿਆਲਾ ਰਾਖਵੀਂ ਸੀਟ ਤੋਂ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚੇ ਹਨ।
ਹਰਭਜਨ ਸਿੰਘ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਸਤਿੰਦਰਜੀਤ ਸਿੰਘ ਛੱਜਲਵੱਡੀ ਅਤੇ ਕਾਂਗਰਸ ਦੇ ਸੁਖਵਿੰਦਰ ਸਿੰਘ ਡੈਨੀ ਨਾਲ ਸੀ।
ਚੋਣ ਕਮਿਸ਼ਨ ਨੂੰ ਦਿੱਤੇ ਐਫੀਡੇਵਿਟ ਮੁਤਾਬਕ ਹਰਭਜਨ ਸਿੰਘ ਈਟੀਓ ਪੇਸ਼ੇ ਵਜੋਂ ਵਕੀਲ ਹਨ। ਉਨ੍ਹਾਂ ਦੀ ਪਤਨੀ ਇੱਕ ਸਰਕਾਰੀ ਮੁਲਾਜ਼ਮ ਹਨ।
ਆਪਣੀ ਆਮਦਨ ਉਨ੍ਹਾਂ ਨੇ ਵਕਾਲਤ ਤੋਂ ਅਤੇ ਪੈਨਸ਼ਨ ਤੋਂ ਆਮਦਨ ਹੁੰਦੀ ਦੱਸੀ ਹੈ।
ਕੁਲਤਾਰ ਸਿੰਘ ਸੰਧਵਾਂ ਬਾਰੇ ਜਾਣੋ
ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਨੂੰ ਸਪੀਕਰ ਬਣਾਏ ਜਾਣ ਲਈ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਧੰਨਵਾਦ ਕੀਤਾ।
ਦੂਜੀ ਵਾਰ ਵਿਧਾਇਕ ਚੁਣੇ ਗਏ ਕੁਲਤਾਰ ਸਿੰਘ ਨੇ ਲਿਖਿਆ, ''ਮੇਰੇ ਲੀਡਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਮੇਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇਤਿਹਾਸਕ 16ਵੀਂ ਵਿਧਾਨ ਸਭਾ ਦਾ ਸਪੀਕਰ ਨਾਮਜ਼ਦ ਕਰਕੇ ਭਰੋਸਾ ਜਤਾਉਣ ਲਈ ਦਿਲੀ ਧੰਨਵਾਦ।''
ਕੁਲਤਾਰ ਸਿੰਘ ਨੇ ਆਪਣੇ ਵਿਰੋਧ ਵਿੱਚ ਖੜ੍ਹੇ ਕਾਂਗਰਸੀ ਉਮੀਦਵਾਰ ਅਜੀਤਪਾਲ ਸਿੰਘ ਸੰਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਨਤਾਰ ਸਿੰਘ ਬਰਾੜ ਨੂੰ ਹਰਾਇਆ।
ਉਨ੍ਹਾਂ ਦੀ ਇੱਕ ਬੇਟੀ ਅਤੇ ਇੱਕ ਬੇਟਾ ਹੈ। ਆਪਣੇ ਪੇਸ਼ੇ ਵਿੱਚ ਉਨ੍ਹਾਂ ਨੇ ਖੇਤੀ ਅਤੇ ਕਾਰੋਬਾਰ ਦੱਸਿਆ ਹੈ।
ਇਹ ਵੀ ਦੇਖੋ: