ਯੂਕਰੇਨ-ਰੂਸ ਜੰਗ : ਕੀ ਪੱਛਮੀ ਦੇਸ਼ਾਂ ਨੇ 'ਅੱਗ 'ਚ ਘਿਓ' ਪਾਉਣ ਦਾ ਕੰਮ ਕੀਤਾ ਹੈ

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਯੂਕਰੇਨ 'ਤੇ ਰੂਸੀ ਹਮਲੇ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਮਲਾਵਰ ਰੁਕ ਦੀ ਆਲੋਚਨਾ ਦੇ ਦੌਰਾਨ ਪੱਛਮੀ ਆਗੂਆਂ ਦੀ ਨੀਤੀ 'ਤੇ ਵੀ ਸਵਾਲ ਚੁੱਕੇ ਜਾ ਰਹੇ ਹਨ।

ਬਹੁਤ ਸਾਰੇ ਗ਼ੈਰ ਪੱਛਮੀ ਮਾਹਰਾਂ ਨੇ ਹਮਲੇ ਦੀ ਕਵਰੇਜ ਦੌਰਾਨ ਪੱਛਮੀ ਮੀਡੀਆ ਦੇ ਕਥਿਤ ਪੱਖਪਾਤ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਨਾਲ ਹੀ ਪੱਛਮੀ ਆਗੂਆਂ 'ਤੇ ਦੋਹਰੀ ਨੀਤੀ ਅਪਣਾਉਣ ਦਾ ਇਲਜ਼ਾਮ ਵੀ ਲਗਾਇਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਪੱਛਮੀ ਆਗੂ ਰੂਸ ਨੂੰ ਖਲਨਾਇਕ ਸਾਬਤ ਕਰਨ ਦੀ ਕੋਈ ਕਸਰ ਨਹੀਂ ਛੱਡ ਰਹੇ ਹਨ, ਜਦਕਿ ਅਜੇ ਚੱਲ ਰਹੇ ਸੰਕਟ ਨੂੰ ਵਧਾਵਾ ਦੇਣ 'ਚ ਉਨ੍ਹਾਂ ਦਾ ਵੀ ਕੁਝ ਹੱਥ ਜਰੂਰ ਹੈ।

ਅਰਬ ਅਤੇ ਮੱਧ ਪੂਰਬੀ ਦੇਸ਼ਾਂ ਦੇ ਪੱਤਰਕਾਰਾਂ ਦੇ ਇੱਕ ਨੈੱਟਵਰਕ 'ਅਰਬ ਅਤੇ ਮੱਧ ਪੂਰਬੀ ਪੱਤਰਕਾਰ ਸੰਘ' ਨੇ ਤਾਂ ਇੱਕ ਬਿਆਨ 'ਚ ਪੱਛਮੀ ਮੀਡੀਆ ਦੀ 'ਨਸਲਵਾਦੀ' ਕਵਰੇਜ 'ਤੇ ਚਿੰਤਾ ਪ੍ਰਗਟ ਕੀਤੀ ਹੈ।

ਪੱਛਮੀ ਦੇਸ਼ਾਂ ਦੀ ਦੋਗਲੀ ਨੀਤੀ

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਮੰਗਲਵਾਰ ਨੂੰ ਆਪਣੇ 'ਸਟੇਟ ਆਫ਼ ਦ ਯੂਨੀਅਨ ਸੰਬੋਧਨ' 'ਚ ਰੂਸ 'ਤੇ ਲੱਗੀਆਂ ਪਾਬੰਧੀਆਂ ਨੂੰ ਹੋਰ ਸਖ਼ਤ ਕਰਨ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਇਸ ਕਦਮ ਨਾਲ ਭਵਿੱਖ 'ਚ ਰੂਸ ਨੂੰ ਆਰਥਿਕ ਤੌਰ 'ਤੇ ਨੁਕਸਾਨ ਹੋਵੇਗਾ।

ਰਾਸ਼ਟਰਪਤੀ ਨੇ 'ਆਲਮੀ ਅਰਥ ਵਿਵਸਥਾ ਦੇ ਕੁਝ ਸਭ ਤੋਂ ਵੱਡੇ ਮੁਨਾਫਾਖੋਰਾਂ 'ਤੇ ਕਾਰਵਾਈ' ਕਰਨ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਦਾ ਇਸ਼ਾਰਾ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਪੂੰਜੀਪਤੀ ਦੋਸਤਾਂ ਵੱਲ ਸੀ, ਜੋ ਰਾਸ਼ਟਰਪਤੀ ਦੇ ਅਨੁਸਾਰ ਯੂਕਰੇਨ ਖਿਲਾਫ਼ ਇਸ ਜੰਗ 'ਚ ਉਨ੍ਹਾਂ ਦਾ ਸਾਥ ਦੇ ਰਹੇ ਹਨ।

ਅਮਰੀਕਾ ਤੋਂ ਇਲਾਵਾ ਬ੍ਰਿਟੇਨ ਅਤੇ ਯੂਰਪੀ ਸੰਘ ਨੇ ਵੀ ਰੂਸ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਹਨ। ਪੱਛਮੀ ਮੀਡੀਆ 'ਚ ਦੱਸਿਆ ਜਾ ਰਿਹਾ ਹੈ ਕਿ ਇੰਨ੍ਹਾਂ ਪਾਬੰਦੀਆਂ ਦਾ ਪ੍ਰਭਾਵ ਰੂਸ ਦੇ ਅੰਦਰ ਵਿਖਾਈ ਦੇਣਾ ਸ਼ੁਰੂ ਹੋ ਗਿਆ ਹੈ।ਅਮਰੀਕੀ ਮੀਡੀਆ ਸੀਐਨਐਨ ਦੇ ਅਨੁਸਾਰ ਰੂਸ ਦੇ ਲੋਕ ਲੰਮੀਆਂ-ਲੰਮੀਆਂ ਕਤਾਰਾਂ 'ਚ ਖੜ੍ਹੇ ਹੋ ਕੇ ਏਟੀਐਮ ਅਤੇ ਬੈਂਕਾਂ ਤੋਂ ਪੈਸੇ ਕਢਵਾ ਰਹੇ ਹਨ ਤਾਂ ਜੋ ਉਨ੍ਹਾਂ ਦਾ ਪੈਸਾ ਡੁੱਬਣ ਤੋਂ ਬਚ ਸਕੇ।

ਪਰ ਰੂਸ 'ਤੇ ਲੱਗੀਆਂ ਪਾਬੰਦੀਆਂ ਦਾ ਦੇਸ਼ 'ਤੇ ਕੀ ਪ੍ਰਭਾਵ ਹੈ ਜਾਂ ਲੋਕਾਂ 'ਚ ਕਿੰਨੀ ਚਿੰਤਾ ਹੈ, ਇਸ ਬਾਰੇ ਦੇਸ਼ ਦਾ ਮੀਡੀਆ ਕੁਝ ਵੀ ਕਹਿਣ ਤੋਂ ਕਤਰਾ ਰਿਹਾ ਹੈ। ਖ਼ਬਰਾਂ ਅਨੁਸਾਰ ਰੂਸੀ ਮੀਡੀਆ 'ਤੇ ਉੱਥੋਂ ਦੀ ਸਰਕਾਰ ਵੱਲੋਂ ਕਈ ਤਰ੍ਹਾਂ ਦੀ ਪਾਬੰਦੀਆਂ ਲਗਾਈਆਂ ਗਈਆਂ ਹਨ।

ਪਰ ਦਿਲਚਸਪ ਗੱਲ ਇਹ ਹੈ ਕਿ ਰੂਸ 'ਤੇ ਲੱਗੀਆਂ ਪਾਬੰਦੀਆਂ ਦੀ ਗੱਲ ਕਰਨ ਵਾਲੇ ਪੱਛਮੀ ਮੀਡੀਆ ਦੇ ਜ਼ਿਆਦਾਤਰ ਪੱਤਰਕਾਰ ਇਹ ਨਹੀਂ ਦੱਸ ਰਹੇ ਹਨ ਕਿ ਯੂਰਪ ਅਤੇ ਅਮਰੀਕਾ ਨੇ ਰੂਸੀ ਗੈਸ ਅਤੇ ਕੱਚੇ ਤੇਲ ਦੇ ਨਿਰਯਾਤ 'ਤੇ ਪਾਬੰਦੀ ਨਹੀਂ ਲਗਾਈ ਹੈ।

ਪਾਈਪਲਾਈਨ ਜ਼ਰੀਏ ਯੂਰਪ ਨੂੰ ਰੂਸੀ ਗੈਸ ਦਾ ਨਿਰਯਾਤ ਕਰਨ ਵਾਲੀ ਸਭ ਤੋਂ ਵੱਡੀ ਕੰਪਨੀ ਗਜ਼ਪ੍ਰੋਮ ਨੇ ਸੋਮਵਾਰ ਨੂੰ ਕਿਹਾ ਕਿ ਉਹ ਅਜੇ ਵੀ ਯੂਰਪੀਅਨ ਗਾਹਕਾਂ ਦੇ ਆਰਡਰਾਂ ਦੇ ਹਿਸਾਬ ਨਾਲ ਯੂਕਰੇਨ ਰਾਹੀਂ ਯੂਰਪ 'ਚ ਗੇਸ ਦੀ ਸਪਲਾਈ ਕਰ ਰਹੀ ਹੈ।

ਯੂਕਰੇਨ ਨੇ 2014 'ਚ ਹੀ ਰੂਸ ਤੋਂ ਗੈਸ ਦੀ ਸਪਲਾਈ ਲੈਣੀ ਬੰਦ ਕਰ ਦਿੱਤੀ ਸੀ, ਪਰ ਉਹ ਉਸੇ ਪਾਈਪਲਾਈਨ ਤੋਂ ਯੂਰਪ ਜ਼ਰੀਏ ਰੂਸ ਤੋਂ ਗੈਸ ਲੈਂਦਾ ਰਿਹਾ ਹੈ। ਜੰਗ ਤੋਂ ਬਾਅਦ ਵੀ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ।

ਰੂਸ ਦੁਨੀਆ ਦਾ ਕੱਚੇ ਤੇਲ ਦਾ ਦੂਜਾ ਸਭ ਤੋਂ ਵੱਡਾ ਅਤੇ ਗੈਸ ਦੇ ਮਾਮਲੇ 'ਚ ਦੁਨੀਆ ਦਾ ਸਭ ਤੋਂ ਵੱਡਾ ਨਿਰਯਾਤ ਕਰਨ ਵਾਲਾ ਦੇਸ਼ ਹੈ।

ਜੇਕਰ ਯੂਰਪੀ ਦੇਸ਼ਾਂ 'ਚ ਰੂਸ ਤੋਂ ਗੈਸ ਆਉਣੀ ਬੰਦ ਹੋ ਜਾਵੇ ਤਾਂ ਯੂਰਪ ਦੇ ਘਰਾਂ 'ਚ ਹੀਟਿੰਗ ਸਿਸਟਮ ਪੂਰੀ ਤਰ੍ਹਾਂ ਨਾਲ ਠੱਪ ਹੋ ਜਾਵੇਗਾ ਅਤੇ ਠੰਡ ਦੇ ਮੌਸਮ 'ਚ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਘਰਾਂ ਨੂੰ ਗਰਮ ਰੱਖਣ ਤੋਂ ਇਲਾਵਾ ਇਸ ਗੈਸ ਦੀ ਵਰਤੋਂ ਹਵਾਈ ਜਹਾਜ਼ਾਂ ਅਤੇ ਕਾਰਾਂ 'ਚ ਈਂਧਣ ਭਰਨ ਲਈ ਵੀ ਕੀਤੀ ਜਾਂਦੀ ਹੈ।

ਯੂਰਪੀ ਦੇਸ਼ਾਂ ਨੂੰ ਕਤਰ ਦੇ ਮੁਕਾਬਲੇ ਰੂਸ ਤੋਂ ਸਸਤੀ ਗੈਸ ਹਾਸਲ ਹੁੰਦੀ ਹੈ । ਦੱਸਣਯੋਗ ਹੈ ਕਿ ਕਤਰ ਗੈਸ ਸਪਲਾਈ ਦਾ ਇੱਕ ਵੱਡਾ ਨਿਰਯਾਤਕ ਹੈ।

ਇਹ ਵੀ ਪੜ੍ਹੋ:

ਪਾਬੰਦੀਆਂ- ਦੋਧਾਰੀ ਤਲਵਾਰ

ਜਾਰਜੀਆ ਅਤੇ ਅਰਮੇਨੀਆ 'ਚ ਭਾਰਤ ਦੇ ਰਾਜਦੂਤ ਅਚਲ ਕੁਮਾਰ ਮਲਹੋਤਰਾ ਦਾ ਕਹਿਣਾ ਹੈ ਕਿ ਪਾਬੰਦੀਆਂ ਦੋਧਾਰੀ ਤਲਵਾਰ ਦੀ ਤਰ੍ਹਾਂ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, " ਪੁਤਿਨ ਨੂੰ ਪਾਬੰਦੀਆਂ ਦੀ ਆਦਤ ਜਿਹੀ ਪੈ ਗਈ ਹੈ ਅਤੇ ਇਹ ਹੁਣ ਤੱਕ ਅਸਰਦਾਰ ਜਾਂ ਪ੍ਰਭਾਵਸ਼ਾਲੀ ਸਾਬਤ ਨਹੀਂ ਹੋਈਆਂ ਹਨ। ਮੈਨੂੰ ਲੱਗਦਾ ਹੈ ਕਿ ਪੁਤਿਨ ਨੇ ਯੂਕਰੇਨ 'ਤੇ ਹਮਲਾ ਕਰਨ ਤੋਂ ਪਹਿਲਾਂ ਹੀ ਇਹ ਸੋਚਿਆ ਹੋਵੇਗਾ ਕਿ ਅਜਿਹਾ ਕਰਨ 'ਤੇ ਪੱਛਮੀ ਦੇਸ਼ ਉਸ 'ਤੇ ਪਾਬੰਦੀਆਂ ਜਰੂਰ ਲਗਾਉਣਗੇ ਅਤੇ ਉਹ ਇਸ ਨਾਲ ਕਿਵੇਂ ਨਜਿੱਠਣਗੇ। ਪੁਤਿਨ ਅਰਥਵਿਵਸਥਾ ਦੇ ਮੁਕਾਬਲੇ ਰਾਸ਼ਟਰੀ ਸੁਰੱਖਿਆ ਨੂੰ ਵਧੇਰੇ ਤਰਜੀਹ ਦੇ ਰਹੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਪਾਬੰਦੀਆਂ ਦੋਧਾਰੀ ਤਲਵਾਰ ਦੀ ਤਰ੍ਹਾਂ ਹਨ। ਜਿੱਥੇ ਇੰਨ੍ਹਾਂ ਪਾਬੰਦੀਆਂ ਨਾਲ ਰੂਸ ਪ੍ਰਭਾਵਿਤ ਹੋਵੇਗਾ ਉੱਥੇ ਹੀ ਪਾਬੰਦੀਆਂ ਲਗਾਉਣ ਵਾਲੇ ਦੇਸ਼ਾਂ ਨੂੰ ਵੀ ਇਸ ਦਾ ਨੁਕਸਾਨ ਝੱਲਣਾ ਪਵੇਗਾ।"

ਨਿਊਯਾਰਕ ਅਧਾਰਤ ਪੱਤਰਕਾਰ ਜੇਰੇਮੀ ਸਕੈਹਿਲ ਉਨ੍ਹਾਂ ਕੁਝ ਕੁ ਪੱਛਮੀ ਪੱਤਰਕਾਰਾਂ 'ਚੋਂ ਇੱਕ ਹੈ, ਜਿੰਨ੍ਹਾਂ ਨੇ ਪੱਛਮੀ ਆਗੂਆਂ ਦੇ ਕਥਿਤ ਦੋਗਲੇਪਣ ਨੂੰ ਜਗਜਾਹਰ ਕਰਨ ਦਾ ਯਤਨ ਕੀਤਾ ਹੈ। ਇੱਕ ਤੋਂ ਬਾਅਦ ਇੱਕ ਟਵੀਟਾਂ ਰਾਹੀਂ ਉਨ੍ਹਾਂ ਨੇ ਇਹ ਦਲੀਲ ਦਿੱਤੀ ਹੈ ਕਿ ਰੂਸ ਯੂਕਰੇਨ 'ਚ ਜੋ ਕਰ ਰਿਹਾ ਹੈ, ਉਹ ਪੂਰੀ ਤਰ੍ਹਾਂ ਨਾਲ ਗਲਤ ਹੈ ਅਤੇ ਕੋਈ ਵੀ ਇਸ ਦੇ ਹੱਕ 'ਚ ਨਹੀਂ ਹੈ। ਪਰ ਉਨ੍ਹਾਂ ਦੇ ਅਨੁਸਾਰ ਇਸ ਸਿਲਸਿਲੇ 'ਚ ਪੱਛਮੀ ਦੇਸ਼ਾਂ ਦਾ ਆਪਣਾ ਰਿਕਾਰਡ ਹੀ ਨਿੰਦਣਯੋਗ ਹੈ।

ਵੀਡੀਓ: ਅਫ਼ਗਾਨਿਸਤਾਨ 'ਚ ਜੰਗ ਦੇ ਵੀਹ ਸਾਲ ਕਿੰਨੀਆਂ ਮੌਤਾਂ ਤੇ ਕਿੰਨਾ ਖ਼ਰਚਾ ਹੋਇਆ

ਜੇਰੇਮੀ ਸਕੈਹਿਲ ਦਾ ਕਹਿਣਾ ਹੈ , "ਲਗਾਤਾਰ ਆਪਣੇ ਹੀ ਅਪਰਾਧਾਂ ਨੂੰ ਮੰਨਣ ਤੋਂ ਇਨਕਾਰ ਕਰਨ 'ਚ ਅਸਫਲਤਾ ਰੂਸ ਦੀ ਨਿੰਦਾ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰਦੀ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਦੀਆਂ ਨਜ਼ਰਾਂ 'ਚ ਜੋ ਕਿ ਨਾਟੋ ਅਤੇ ਅਮਰੀਕੀ ਫੌਜਵਾਦ ਦੇ ਇਤਿਹਾਸ ਨੂੰ ਜਾਣਦੇ ਹਨ। ਪੁਤਿਨ ਲਈ ਇਹ ਇੱਕ ਤੋਹਫ਼ਾ ਹੈ।"

ਅਫ਼ਗਾਨਿਸਤਾਨ, ਇਰਾਕ 'ਚ ਕਬਜ਼ੇ ਨਾਲ ਤੁਲਨਾ

ਰੂਸ ਵੱਲੋਂ ਯੂਕਰੇਨ 'ਤੇ ਹਮਲੇ ਤੋਂ ਪਹਿਲਾਂ 21ਵੀਂ ਸਦੀ ਦੇ ਹੁਣ ਤੱਕ ਦੇ 22 ਸਾਲਾਂ 'ਚ ਅਮਰੀਕਾ ਅਤੇ ਨਾਟੋ ਦੇਸ਼ਾਂ ਨੇ ਅਫ਼ਗਾਨਿਸਤਾਨ (2021) ਅਤੇ ਇਰਾਕ (2003) 'ਤੇ ਕਬਜ਼ਾ ਕੀਤਾ ਸੀ। ਇਸ ਦੇ ਨਾਲ ਹੀ ਸੀਰੀਆ 'ਚ ਰਾਸ਼ਟਰਪਤੀ ਬਸ਼ਰ ਅਸਦ ਦੇ ਖਿਲਾਫ ਆਪਣੀ ਫੌਜ ਖੜ੍ਹੀ ਕੀਤੀ ਅਤੇ ਲੀਬੀਆ ਤੇ ਸੋਮਾਲੀਆ 'ਚ ਵੀ ਫੌਜੀ ਕਾਰਵਾਈ ਕੀਤੀ।

ਅਮਰੀਕਾ ਨੇ 19 ਸਾਲ ਪਹਿਲਾਂ ਇਰਾਕ 'ਤੇ ਹਮਲਾ ਕੀਤਾ ਸੀ। ਹਮਲੇ ਦਾ ਕਾਰਨ ਦੱਸਦਿਆਂ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਹਮਲੇ ਤੋਂ ਕੁਝ ਦਿਨ ਪਹਿਲਾਂ ਦਿੱਤੇ ਇੱਕ ਭਾਸ਼ਣ 'ਚ ਕਿਹਾ ਸੀ ਕਿ "ਸਾਡੇ ਅਤੇ ਹੋਰ ਸਰਕਾਰਾਂ ਵੱਲੋਂ ਇੱਕਠੀ ਕੀਤੀ ਗਈ ਖੁਫ਼ੀਆ ਜਾਣਕਾਰੀ 'ਚ ਕੋਈ ਸ਼ੱਕ ਨਹੀਂ ਹੈ ਕਿ ਇਰਾਕ ਸਰਕਾਰ ਵੱਲੋਂ ਹੁਣ ਤੱਕ ਦੇ ਸਭ ਤੋਂ ਖਤਰਨਾਕ ਹਥਿਆਰਾਂ ਨੂੰ ਰੱਖਣਾ ਅਤੇ ਛੁਪਾਉਣਾ ਜਾਰੀ ਹੈ। ਇਸ ਨਿਜ਼ਾਮ ਨੇ ਪਹਿਲਾਂ ਹੀ ਇਰਾਕ ਦੇ ਗੁਆਂਢੀ ਦੇਸ਼ਾਂ ਅਤੇ ਇਰਾਕ ਦੇ ਲੋਕਾਂ ਦੇ ਖਿਲਾਫ ਵਿਆਪਕ ਵਿਨਾਸ਼ਕਾਰੀ ਹਥਿਆਰਾਂ ਦੀ ਵਰਤੋਂ ਕੀਤੀ ਹੈ।"

ਇਸ ਦੇ ਨਾਲ ਹੀ ਰਾਸ਼ਟਰਪਤੀ ਬੁਸ਼ ਨੇ ਇੱਕ ਹੋਰ ਕਾਰਨ ਵੀ ਦੱਸਿਆ ਸੀ। ਉਨ੍ਹਾਂ ਨੇ ਤਤਕਾਲੀ ਇਰਾਕੀ ਰਾਸ਼ਟਰਪਤੀ ਸੱਦਾਮ ਹੁਸੈਨ ਦੇ ਬਾਰੇ 'ਚ ਕਿਹਾ ਸੀ ਕਿ ਉਨ੍ਹਾਂ ਨੇ ਅਲ ਕਾਇਦਾ ਅਤੇ ਦੂਜੇ ਕੱਟੜਪੰਥੀਆਂ ਨੂੰ ਪਨਾਹ ਦਿੱਤੀ ਸੀ।

ਰਾਸ਼ਟਰਪਤੀ ਬੁਸ਼ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਅਮਰੀਕਾ 'ਚ ਵਾਪਰੇ 9/11 ਹਮਲਿਆਂ 'ਚ ਸੱਦਾਮ ਹੁਸੈਨ ਦਾ ਹੱਥ ਸੀ।

ਪਰ ਜਦੋਂ ਇਰਾਕ 'ਤੇ ਕਬਜ਼ਾ ਕਰਨ ਤੋਂ ਬਾਅਦ ਉੱਥੋਂ ਸਮੂਹਿਕ ਵਿਨਾਸ਼ ਕਰਨ ਵਾਲੇ ਹਥਿਆਰ ਨਾ ਮਿਲੇ ਤਾਂ ਅਮਰੀਕਾ ਅਤੇ ਨਾਟੋ ਦੇਸ਼ਾਂ ਦੀ ਭਰੋਸੇਯੋਗਤਾ 'ਤੇ ਸਵਾਲ ਕੜ੍ਹੇ ਹੋ ਗਏ ਸਨ।

ਜਾਣਕਾਰ ਦੱਸਦੇ ਹਨ ਕਿ ਪੱਛਮੀ ਮੀਡੀਆ ਨੇ ਇਹ ਕਹਿ ਕੇ ਇਸ ਮੁੱਦੇ ਨੂੰ ਰਫ਼ਾ-ਦਫ਼ਾ ਕਰ ਦਿੱਤਾ ਸੀ ਕਿ ਉਨ੍ਹਾਂ ਤੋਂ ਅਣਜਾਣੇ 'ਚ ਗਲਤੀ ਹੋਈ ਸੀ।

ਯੂਕਰੇਨ ਸੰਕਟ ਦੌਰਾਨ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਰੂਸ ਅਤੇ ਪੁਤਿਨ ਦੀ ਸਖ਼ਤ ਆਲੋਚਨਾ ਹੋ ਰਹੀ ਹੈ, ਪਰ ਉਹ ਕੋਰੀਆ ਅਤੇ ਵੀਅਤਨਾਮ ਵਰਗੇ ਹੋਰ ਦੇਸ਼ਾਂ 'ਤੇ ਅਮਰੀਕੀ ਹਮਲੇ ਦੀ ਵੀ ਚਰਚਾ ਕਰ ਰਹੇ ਹਨ ਅਤੇ ਇਸ ਸਭ ਨੂੰ ਲੈ ਕੇ ਸਵਾਲ ਵੀ ਉੱਠਦੇ ਰਹੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਜੇਰੇਮੀ ਸਕੈਹਿਲ ਦਾ ਕਹਿਣਾ ਹੈ, " ਪੱਛਮੀ ਦੇਸ਼ਾਂ ਦੇ ਕਈ ਬਿਆਨ ਰੂਸ ਦੀ ਕਾਰਵਾਈ 'ਤੇ ਢੁਕਵੇਂ ਹੋ ਸਕਦੇ ਹਨ, ਪਰ ਉਨ੍ਹਾਂ ਨੂੰ ਉਨ੍ਹਾਂ ਦੇ ਫੌਜੀਵਾਦ ਅਤੇ ਦੋਗਲੇਪਣ ਤੇ ਨੈਤਿਕ ਦੀਵਾਲੀਆਪਨ ਦੇ ਨਜ਼ਰੀਏ ਤੋਂ ਵੇਖਿਆ ਜਾਣਾ ਚਾਹੀਦਾ ਹੈ।"

ਮੀਡੀਆ ਦਾ ਕਥਿਤ 'ਨਸਲਵਾਦ'

ਕਈ ਦੇਸ਼ਾਂ ਦੇ ਮੀਡੀਆ ਸੰਗਠਨਾਂ ਨੇ ਪੱਛਮੀ ਮੀਡੀਆ ਦੀ ਆਲੋਚਨਾ ਕੀਤੀ ਹੈ ਅਤੇ ਇਲਜ਼ਾਮ ਲਗਾਇਆ ਹੈ ਕਿ ਯੂਕਰੇਨ ਯੁੱਧ ਦੀ ਕਵਰੇਜ ਦੌਰਾਨ ਨਸਲਵਾਦ ਦੀਆਂ ਉਦਾਹਰਣਾਂ ਸਾਹਮਣੇ ਆ ਰਹੀਆਂ ਹਨ।

ਅਰਬ ਅਤੇ ਮੱਧ ਪੂਰਬੀ ਪੱਤਰਕਾਰ ਸੰਘ, ਏਐਮਈਜੇਏ ਨੇ ਇੱਕ ਬਿਆਨ 'ਚ ਕਿਹਾ ਹੈ, "ਅਸੀਂ ਨਸਲਵਾਦੀ ਖ਼ਬਰਾਂ ਦੀ ਕਵਰੇਜ ਦੀਆਂ ਉਦਾਹਰਣਾਂ ਨੂੰ ਟਰੈਕ ਕੀਤਾ ਹੈ , ਜੋ ਕਿ ਦੂਜਿਆਂ 'ਤੇ ਯੁੱਧ ਦੇ ਕੁਝ ਪੀੜਤਾਂ ਨੂੰ ਵਧੇਰੇ ਮਹੱਤਵ ਦਿੰਦੇ ਹਨ।"

ਸੰਗਠਨ ਨੇ ਸੀਬੀਐਸ ਨਿਊਜ਼, ਦ ਟੈਲੀਗ੍ਰਾਫ ਅਤੇ ਅਲ ਜਜ਼ੀਰਾ ਇੰਗਲਿਸ਼ ਵਰਗੀਆਂ ਪ੍ਰਮੁੱਖ ਮੀਡੀਆ ਸੰਸਥਾਵਾਂ ਦੇ ਵਿਸ਼ਲੇਸ਼ਕਾਂ ਅਤੇ ਪੱਤਰਕਾਰਾਂ ਵੱਲੋਂ ਕੀਤੀਆਂ ਟਿੱਪਣੀਆਂ ਦੀ ਮਿਸਾਲ ਦਾ ਹਵਾਲਾ ਦਿੰਦਿਆਂ ਇਸ ਬਿਆਨ ਨੂੰ ਜਾਰੀ ਕੀਤਾ ਹੈ।

ਬਿਆਨ 'ਚ ਕਿਹਾ ਗਿਆ ਹੈ, " ਇੰਨ੍ਹਾਂ ਟਿੱਪਣੀਆਂ ਨੇ ਜਾਂ ਤਾਂ ਯੂਕਰੇਨੀਅਨਾਂ ਦੀ ਕਰਕੇਸ਼ੀਅਨ ਜਾਤੀ ਜਾਂ ਉਨ੍ਹਾਂ ਦੀ ਆਰਥਿਕ ਸਥਿਤੀ 'ਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਹੈ ਅਤੇ ਉਨ੍ਹਾਂ ਦੀ ਤੁਲਨਾ ਮੱਧ ਪੂਰਬੀ ਦੇਸ਼ਾਂ ਜਾਂ ਉੱਤਰੀ ਅਫਰੀਕਾ ਦੇ ਲੋਕਾਂ ਨਾਲ ਕੀਤੀ ਹੈ।"

ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਇਸ 'ਤੇ ਟਿੱਪਣੀਆਂ ਕੀਤੀਆਂ ਹਨ। ਇਸ ਸਬੰਧੀ ਵੀਡੀਓ ਕਲਿੱਪ ਵੀ ਤਿਆਰ ਕੀਤੇ ਗਏ ਹਨ।

ਸੀਬੀਐਸ ਨਿਊਜ਼ ਦੇ ਇੱਕ ਸੀਨੀਅਰ ਪੱਤਰਕਾਰ ਨੇ ਕੀਵ ਤੋਂ ਰਿਪੋਰਟਿੰਗ ਕਰਦਿਆਂ ਕਿਹਾ ਕਿ ਇਹ ਕੋਈ ਇਰਾਕ ਜਾਂ ਅਫ਼ਗਾਨਿਸਤਾਨ ਵਰਗੀ ਜਗ੍ਹਾ ਨਹੀਂ ਹੈ, ਇਹ ਇੱਕ ਯੂਰਪੀਅਨ ਸ਼ਹਿਰ ਹੈ, ਜਿੱਥੇ ਤੁਸੀਂ ਅਜਿਹੀ ਕਾਰਵਾਈ ਦੀ ਉਮੀਦ ਨਹੀਂ ਕਰੋਗੇ।

ਇਕ ਹੋਰ ਰਿਪੋਰਟਰ ਨੇ ਯੂਕਰੇਨ ਬਾਰੇ ਕਿਹਾ ਕਿ ਇਹ ਵਿਕਾਸਸ਼ੀਲ ਤੀਜੀ ਦੁਨੀਆ ਦਾ ਦੇਸ਼ ਨਹੀਂ ਹੈ।

ਇੱਕ ਹੋਰ ਰਿਪੋਰਟਰ ਨੇ ਯੂਕਰੇਨ ਤੋਂ ਪਰਵਾਸ ਕਰਨ ਵਾਲੇ ਸ਼ਰਨਾਰਥੀਆਂ ਦੇ ਬਾਰੇ 'ਚ ਕਿਹਾ ਕਿ ਇਹ ਅਮੀਰ ਮੱਧ ਵਰਗ ਦੇ ਲੋਕ ਹਨ, ਇਹ ਉੱਤਰੀ ਅਫਰੀਕਾ ਵਰਗੇ ਦੇਸ਼ਾਂ ਤੋਂ ਆਏ ਲੋਕ ਨਹੀਂ ਹਨ। ਅਜਿਹਾ ਲੱਗਦਾ ਹੈ ਕਿ ਇਹ ਯੂਰਪ 'ਚ ਰਹਿਣ ਵਾਲੇ ਗੁਆਂਢੀ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)