ਨਾਥੂਰਾਮ ਗੋਡਸੇ: ਗਾਂਧੀ ਦੇ ਕਾਤਲ ਬਾਰੇ ਇੱਕ ਅਹਿਮ ਸਵਾਲ ਜਿਸ ਦਾ ਅਜੇ ਤੱਕ ਜਵਾਬ ਨਹੀਂ ਮਿਲਿਆ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

30 ਜਨਵਰੀ 1948 ਦੀ ਸ਼ਾਮ ਨੂੰ ਜਦੋਂ ਗਾਂਧੀ ਰਾਜਧਾਨੀ, ਦਿੱਲੀ ਵਿੱਚ ਇੱਕ ਪ੍ਰਾਰਥਨਾ ਸਭਾ ਤੋਂ ਬਾਹਰ ਨਿਕਲੇ ਸਨ ਤਾਂ ਨਾਥੂਰਾਮ ਵਿਨਾਇਕ ਗੋਡਸੇ ਨੇ ਮੋਹਨ ਦਾਸ ਕਰਮਚੰਦ ਗਾਂਧੀ ਨੂੰ ਪੁਆਇੰਟ-ਬਲੈਂਕ ਰੇਂਜ 'ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਇਹ 38 ਸਾਲਾ ਜੋਸ਼ੀਲਾ ਜਵਾਨ ਹਿੰਦੂ ਮਹਾਂ ਸਭਾ ਦਾ ਮੈਂਬਰ ਸੀ। ਇਹ ਸਭਾ ਗਾਂਧੀ ਨੂੰ ਮੁਸਲਿਮ ਸਮਰਥਕ ਅਤੇ ਪਾਕਿਸਤਾਨ ਪ੍ਰਤੀ ਨਰਮੀ ਦਿਖਾ ਕੇ ਹਿੰਦੂਆਂ ਨਾਲ ਵਿਸਾਹਘਾਤ ਕਰਨ ਦਾ ਦੋਸ਼ੀ ਮੰਨਦੀ ਸੀ।

ਹਿੰਦੂ ਮਹਾਂ ਸਭਾ ਗਾਂਧੀ ਨੂੰ ਵੰਡ ਤੋਂ ਬਾਅਦ ਹੋਏ ਕਤਲੇਆਮ ਅਤੇ ਵੰਡ ਦੇ ਸਿੱਟੇ ਵਜੋਂ ਭਾਰਤ ਨੂੰ ਕੱਟ ਕੇ ਪਾਕਿਸਤਾਨ ਬਣਾਏ ਜਾਣ ਲਈ ਵੀ ਜ਼ਿੰਮੇਵਾਰ ਠਹਿਰਾਉਂਦੀ ਸੀ।

ਇੱਕ ਟਰਾਇਲ ਕੋਰਟ ਨੇ ਗਾਂਧੀ ਦੀ ਹੱਤਿਆ ਦੇ ਇੱਕ ਸਾਲ ਬਾਅਦ ਗੋਡਸੇ ਨੂੰ ਮੌਤ ਦੀ ਸਜ਼ਾ ਸੁਣਾਈ। ਹਾਈ ਕੋਰਟ ਵੱਲੋਂ ਟਰਾਇਲ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਤੋਂ ਬਾਅਦ ਨਵੰਬਰ 1949 ਵਿੱਚ ਗੋਡਸੇ ਨੂੰ ਫਾਂਸੀ ਦੇ ਦਿੱਤੀ ਗਈ ਸੀ। (ਗੋਡਸੇ ਦੇ ਸਾਥੀ ਨਰਾਇਣ ਆਪਟੇ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ ਸੀ, ਅਤੇ ਛੇ ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।)

ਇਹ ਵੀ ਪੜ੍ਹੋ:

ਹਿੰਦੂ ਮਹਾਂ ਸਭਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਗੋਡਸੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦਾ ਮੈਂਬਰ ਸੀ, ਜੋ ਭਾਰਤ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਵਿਚਾਰਧਾਰਕ ਗੰਗੋਤਰੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਹਿੰਦੂ ਰਾਸ਼ਟਰਵਾਦ ਦੇ 95 ਸਾਲ ਪੁਰਾਣੇ ਇਸ ਸੰਗਠਨ ਦੇ ਚਿਰੋਕਣੇ ਮੈਂਬਰ ਹਨ। ਆਰਐੱਸਐੱਸ ਉਨ੍ਹਾਂ ਦੀ ਸਰਕਾਰ ਦੇ ਅੰਦਰ ਅਤੇ ਬਾਹਰ ਬਹੁਤ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦੀ ਹੈ।

ਵੀਡੀਓ: ਗਾਂਧੀ ਦੇ ਮੱਥੇ 'ਤੇ ਭਗਤ ਸਿੰਘ ਦੀ ਫਾਂਸੀ ਦਾ ਕਲੰਕ ਕਿਉਂ

ਦਹਾਕਿਆਂ ਤੋਂ, ਆਰਐੱਸਐੱਸ ਨੇ "ਰਾਸ਼ਟਰ ਪਿਤਾ" ਦੀ ਹੱਤਿਆ ਕਰਨ ਵਾਲੇ ਗੋਡਸੇ ਤੋਂ ਦੂਰੀ ਬਣਾ ਕੇ ਰੱਖੀ ਕਿਉਂਕਿ ਭਾਰਤੀ ਲੋਕ ਗਾਂਧੀ ਨੂੰ ਰਾਸ਼ਟਰ ਪਿਤਾ ਵਜੋਂ ਆਪਣੇ ਮਹਾਨ ਪ੍ਰਤੀਕ ਵਜੋਂ ਸਤਿਕਾਰਦੇ ਹਨ। ਫਿਰ ਵੀ, ਹਾਲ ਹੀ ਦੇ ਸਾਲਾਂ ਵਿੱਚ ਹਿੰਦੂ ਸੱਜੇ-ਪੱਖੀਆਂ ਦੇ ਇੱਕ ਸਮੂਹ ਨੇ ਗੋਡਸੇ ਦਾ ਪੱਖ ਪੂਰਿਆ ਹੈ ਅਤੇ ਖੁੱਲ੍ਹੇ ਤੌਰ 'ਤੇ ਗਾਂਧੀ ਦੇ ਕਤਲ ਦਾ ਜਸ਼ਨ ਮਨਾਇਆ ਹੈ।

ਪਿਛਲੇ ਸਾਲ ਇੱਕ ਤੇਜ਼ ਤਰਾਰ ਭਾਜਪਾ ਸੰਸਦ ਮੈਂਬਰ ਨੇ ਗੋਡਸੇ ਨੂੰ "ਦੇਸ਼ਭਗਤ" ਦੱਸਿਆ ਸੀ। ਇਸ ਸਭ ਨੇ ਬਹੁਤੇ ਭਾਰਤ ਵਾਸੀਆਂ ਨੂੰ ਨਾਰਾਜ਼ ਕੀਤਾ ਸੀ। ਦੂਜੇ ਪਾਸੇ ਆਰਐੱਸਐੱਸ ਆਪਣੇ ਸਟੈਂਡ 'ਤੇ ਕਾਇਮ ਹੈ ਕਿ ਗੋਡਸੇ ਨੇ ਗਾਂਧੀ ਨੂੰ ਮਾਰਨ ਤੋਂ ਬਹੁਤ ਪਹਿਲਾਂ ਇਹ ਸੰਗਠਨ ਛੱਡ ਦਿੱਤਾ ਸੀ।

ਹੁਣ ਇੱਕ ਨਵੀਂ ਕਿਤਾਬ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਰਐੱਸਐੱਸ ਦਾ ਇਹ ਦਾਅਵਾ ਮੁਕੰਮਲ ਸੱਚ ਨਹੀਂ ਹੈ।

ਗੋਡਸੇ, ਇੱਕ ਸ਼ਰਮੀਲਾ ਵਿਦਿਆਰਥੀ ਸੀ, ਜਿਸ ਨੇ ਹਾਈ ਸਕੂਲ ਦੀ ਪੜ੍ਹਾਈ ਵਿੱਚੇ ਛੱਡ ਦਿੱਤੀ ਸੀ। ਮਹਾਂ ਸਭਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਟੇਲਰੀ ਕਰਦਾ ਅਤੇ ਫ਼ਲ ਵੇਚਦਾ ਸੀ। ਮਹਾਂ ਸਭਾ ਵਿੱਚ ਉਹ ਇਸ ਦੇ ਅਖ਼ਬਾਰ ਦਾ ਸੰਪਾਦਨ ਕਰਦਾ ਸੀ।

ਮੁਕੱਦਮੇ ਦੀ ਸੁਣਵਾਈ ਦੌਰਾਨ, ਉਸ ਨੇ ਅਦਾਲਤ ਵਿੱਚ 150 ਪੈਰ੍ਹਿਆਂ ਦੇ ਬਿਆਨ ਨੂੰ ਪੜ੍ਹਨ ਲਈ ਪੰਜ ਘੰਟੇ ਤੋਂ ਵੱਧ ਦਾ ਸਮਾਂ ਲਿਆ ਸੀ।

ਗੋਡਸੇ ਨੇ ਕਿਹਾ ਕਿ ਗਾਂਧੀ ਨੂੰ ਮਾਰਨ ਦੀ "ਕੋਈ ਸਾਜ਼ਿਸ਼" ਨਹੀਂ ਸੀ। ਇਹ ਕਹਿ ਕੇ ਉਹ ਆਪਣੇ ਸਾਥੀਆਂ ਨੂੰ ਸਾਜਿਸ਼ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਤੋਂ ਬਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਗੋਡਸੇ ਨੇ ਆਪਣੇ ਨੇਤਾ ਵਿਨਾਇਕ ਦਾਮੋਦਰ ਸਾਵਰਕਰ ਦੀ ਅਗਵਾਈ ਵਿੱਚ ਇਸ ਘਟਨਾ ਨੂੰ ਅੰਜਾਮ ਦੇਣ ਦੇ ਇਲਜ਼ਾਮ ਨੂੰ ਵੀ ਰੱਦ ਕੀਤਾ। ਸਾਵਰਕਰ ਉਹ ਵਿਅਕਤੀ ਸਨ ਜਿਨ੍ਹਾਂ ਨੇ ਹਿੰਦੂਤਵ ਜਾਂ ਹਿੰਦੂਵਾਦ ਦੇ ਵਿਚਾਰ ਨੂੰ ਜਨਮ ਦਿੱਤਾ ਸੀ।

(ਹਾਲਾਂਕਿ ਸਾਵਰਕਰ ਨੂੰ ਸਾਰੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਗਿਆ ਸੀ, ਪਰ ਆਲੋਚਕਾਂ ਦਾ ਮੰਨਣਾ ਹੈ ਕਿ ਗਾਂਧੀ ਨੂੰ ਨਫ਼ਰਤ ਕਰਨ ਵਾਲਾ ਇਹ ਸੱਜੇਪਖੀ ਕੱਟੜਪੰਥੀ ਗਾਂਧੀ ਦੇ ਕਤਲ ਨਾਲ ਜੁੜਿਆ ਹੋਇਆ ਸੀ।)

ਗੋਡਸੇ ਨੇ ਅਦਾਲਤ ਨੂੰ ਇਹ ਵੀ ਕਿਹਾ ਕਿ ਉਸ ਨੇ ਗਾਂਧੀ ਦੀ ਹੱਤਿਆ ਤੋਂ ਬਹੁਤ ਪਹਿਲਾਂ ਹੀ ਆਰਐੱਸਐੱਸ ਨਾਲੋਂ ਨਾਤਾ ਤੋੜ ਲਿਆ ਸੀ।

'ਗਾਂਧੀ ਦੇ ਹਤਿਆਰੇ' ਕਿਤਾਬ ਦੇ ਲੇਖਕ ਧੀਰੇਂਦਰ ਝਾਅ ਨੇ ਲਿਖਿਆ ਹੈ ਕਿ ਗੋਡਸੇ ਦੇ ਪਿਤਾ ਡਾਕ ਵਿਭਾਗ ਦੇ ਕਰਮਚਾਰੀ ਅਤੇ ਮਾਤਾ ਇੱਕ ਘਰੇਲੂ ਸੁਆਣੀ ਸੀ। ਗੋਡਸੇ ਆਰਐੱਸਐੱਸ ਦਾ "ਪ੍ਰਮੁੱਖ ਵਰਕਰ" ਸੀ। ਉਸ ਨੂੰ ਸੰਗਠਨ ਤੋਂ ਕੱਢਣ ਦਾ ਕੋਈ "ਸਬੂਤ" ਨਹੀਂ ਹੈ।

ਮੁਕੱਦਮੇ ਤੋਂ ਪਹਿਲਾਂ ਦਰਜ ਕੀਤਾ ਗਿਆ ਗੋਡਸੇ ਦਾ ਬਿਆਨ "ਹਿੰਦੂ ਮਹਾਂ ਸਭਾ ਦਾ ਮੈਂਬਰ ਬਣਨ ਤੋਂ ਬਾਅਦ ਕਦੇ ਵੀ ਆਰਐੱਸਐੱਸ ਛੱਡਣ ਦਾ ਜ਼ਿਕਰ ਨਹੀਂ ਕਰਦਾ।'

ਹਾਲਾਂਕਿ, ਉਸ ਦੇ ਅਦਾਲਤੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ "ਆਰਐੱਸਐੱਸ ਛੱਡਣ ਤੋਂ ਬਾਅਦ ਹਿੰਦੂ ਮਹਾਂ ਸਭਾ ਵਿੱਚ ਸ਼ਾਮਲ ਹੋਇਆ ਸੀ, ਪਰ ਇਸ ਬਾਰੇ ਚੁੱਪ ਹੈ ਕਿ ਉਸ ਨੇ ਅਜਿਹਾ ਕਦੋਂ ਕੀਤਾ।''

ਝਾਅ ਕਹਿੰਦੇ ਹਨ "ਇਹ ਇੱਕ ਅਜਿਹਾ ਦਾਅਵਾ ਹੈ ਜੋ ਗੋਡਸੇ ਦੇ ਜੀਵਨ ਦੇ ਸਭ ਤੋਂ ਵਿਵਾਦਤ ਪਹਿਲੂਆਂ ਵਿੱਚੋਂ ਇੱਕ ਰਿਹਾ ਹੈ।"

ਉਨ੍ਹਾਂ ਦਾ ਮੰਨਣਾ ਹੈ ਕਿ "ਆਰਐੱਸਐੱਸ ਪੱਖੀ ਲੇਖਕਾਂ" ਨੇ ਇਸ ਦੀ ਵਰਤੋਂ "ਚੁੱਪਚਾਪ ਇਸ ਧਾਰਨਾ ਨੂੰ ਅੱਗੇ ਵਧਾਉਣ ਲਈ ਕੀਤੀ ਹੈ ਕਿ ਗੋਡਸੇ ਪਹਿਲਾਂ ਹੀ ਆਰਐੱਸਐੱਸ ਨਾਲੋਂ ਟੁੱਟ ਚੁੱਕਿਆ ਸੀ ਅਤੇ ਗਾਂਧੀ ਨੂੰ ਮਾਰਨ ਤੋਂ ਲਗਭਗ ਇੱਕ ਦਹਾਕਾ ਪਹਿਲਾਂ ਹਿੰਦੂ ਮਹਾਂ ਸਭਾ ਵਿੱਚ ਸ਼ਾਮਲ ਹੋ ਗਿਆ ਸੀ।''

ਅਮਰੀਕੀ ਵਿਦਵਾਨ ਜੇਏ ਕੁਰੇਨ ਜੂਨੀਅਰ ਨੇ ਦਾਅਵਾ ਕੀਤਾ ਕਿ ਗੋਡਸੇ 1930 ਵਿੱਚ ਆਰਐੱਸਐੱਸ ਵਿੱਚ ਸ਼ਾਮਲ ਹੋ ਗਏ ਸੀ ਅਤੇ ਚਾਰ ਸਾਲ ਬਾਅਦ ਇਸ ਨੂੰ ਛੱਡ ਦਿੱਤਾ ਸੀ, ਪਰ ਆਪਣੇ ਦਾਅਵੇ ਲਈ ਉਨ੍ਹਾਂ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ।

ਝਾਅ ਲਿਖਦੇ ਹਨ ਕਿ ਆਪਣੇ ਮੁਕੱਦਮੇ ਦੀ ਸ਼ੁਰੂਆਤ ਤੋਂ ਪਹਿਲਾਂ ਪੁਲਿਸ ਨੂੰ ਦਿੱਤੇ ਇੱਕ ਬਿਆਨ ਵਿੱਚ, ਗੋਡਸੇ ਨੇ ਮੰਨਿਆ ਸੀ ਕਿ ਉਹ ਇੱਕੋ ਸਮੇਂ ਦੋਵਾਂ ਸੰਸਥਾਵਾਂ ਲਈ ਕੰਮ ਕਰ ਰਿਹਾ ਸੀ।

ਪਿਛਲੇ ਸਮੇਂ ਵਿੱਚ ਪਰਿਵਾਰਕ ਮੈਂਬਰ ਵੀ ਇਸ ਬਹਿਸ ਵਿੱਚ ਸ਼ਾਮਲ ਹੋਏ ਹਨ। ਨੱਥੂ ਰਾਮ ਦੇ ਭਰਾ ਗੋਪਾਲ ਗੋਡਸੇ ਜਿਨ੍ਹਾਂ ਦੀ 2005 ਵਿੱਚ ਮੌਤ ਹੋ ਗਈ ਸੀ, ਨੇ ਕਿਹਾ ਸੀ ਕਿ ਉਸ ਦੇ ਭਰਾ ਨੇ "ਆਰਐੱਸਐੱਸ ਨਹੀਂ ਛੱਡੀ ਸੀ।''

ਗੋਡਸੇ ਦੇ ਇੱਕ ਪੋਤੇ ਨੇ ਵੀ 2015 ਵਿੱਚ ਇੱਕ ਪੱਤਰਕਾਰ ਨੂੰ ਦੱਸਿਆ ਸੀ ਕਿ ਗੋਡਸੇ 1932 ਵਿੱਚ ਆਰਐੱਸਐੱਸ ਵਿੱਚ ਸ਼ਾਮਲ ਹੋਂਏ ਸਨ। ਉਨ੍ਹਾਂ ਨੇ "ਨਾ ਹੀ ਉਨ੍ਹਾਂ ਨੂੰ ਇਸ ਸੰਗਠਨ ਤੋਂ ਕੱਢਿਆ ਗਿਆ ਸੀ ਅਤੇ ਨਾ ਹੀ ਉਨ੍ਹਾਂ ਨੇ ਕਦੇ ਇਸ ਨੂੰ ਛੱਡਿਆ ਸੀ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਧੀਰੇਂਦਰ ਝਾਅ ਨੇ ਪੁਰਾਣੇ ਰਿਕਾਰਡ ਖੰਘਾਲੇ ਹਨ ਅਤੇ ਇਨ੍ਹਾਂ ਦੋਵੇਂ ਹਿੰਦੂ ਸੰਗਠਨਾਂ ਵਿਚਕਾਰ ਸਬੰਧਾਂ 'ਤੇ ਵੀ ਧਿਆਨ ਦਿੱਤਾ ਹੈ। ਉਹ ਲਿਖਦੇ ਹਨ ਕਿ ਹਿੰਦੂ ਮਹਾਂ ਸਭਾ ਅਤੇ ਆਰਐੱਸਐੱਸ ਦਾ "ਆਪਸੀ ਸੁਖਾਵਾਂ ਰਿਸ਼ਤਾ" ਅਤੇ ਦੋਵਾਂ ਦੀ ਇੱਕ ਸਮਾਨ ਵਿਚਾਰਧਾਰਾ ਸੀ।

ਉਹ ਦੱਸਦੇ ਹਨ, ਦੋ ਗਰੁੱਪਾਂ ਵਿੱਚ ਗਾਂਧੀ ਦੀ ਹੱਤਿਆ ਹੋਣ ਤੱਕ "ਹਮੇਸ਼ਾ ਨਜ਼ਦੀਕੀ ਸਬੰਧ ਸਨ ਅਤੇ ਕਈ ਵਾਰੀ ਮੈਂਬਰਸ਼ਿਪ ਵੀ ਦੋਵੇਂ ਪਾਸੇ ਦੀ ਹੁੰਦੀ ਸੀ।" (ਗਾਂਧੀ ਦੇ ਕਤਲ ਤੋਂ ਬਾਅਦ ਇੱਕ ਸਾਲ ਤੋਂ ਵੱਧ ਸਮੇਂ ਲਈ ਆਰਐੱਸਐੱਸ ਉੱਤੇ ਪਾਬੰਦੀ ਲਗਾਈ ਗਈ ਸੀ।)

ਗੋਡਸੇ ਨੇ ਅਦਾਲਤ ਵਿੱਚ ਜੋ ਕਿਹਾ ਸੀ, ਉਸ ਨੂੰ ਆਰਐੱਸਐੱਸ ਨੇ ਹਮੇਸ਼ਾ ਦੁਹਰਾਇਆ ਹੈ - ਕਿ ਉਸ ਨੇ 1930 ਦੇ ਦਹਾਕੇ ਦੇ ਅੱਧ ਵਿੱਚ ਸੰਗਠਨ ਛੱਡ ਦਿੱਤਾ ਸੀ, ਅਤੇ ਫ਼ੈਸਲੇ ਨੇ ਸਾਬਤ ਕਰ ਦਿੱਤਾ ਕਿ ਇਸ ਦਾ ਕਤਲ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।

ਆਰਐੱਸਐੱਸ ਦੇ ਸੀਨੀਅਰ ਨੇਤਾ ਰਾਮ ਮਾਧਵ ਨੇ ਕਿਹਾ, "ਇਹ ਕਹਿਣਾ ਕਿ ਉਹ ਆਰਐੱਸਐੱਸ ਦਾ ਮੈਂਬਰ ਸੀ, ਇਹ ਸਿਰਫ਼ ਸਿਆਸੀ ਇਰਾਦੇ ਲਈ ਝੂਠ ਨੂੰ ਪੇਸ਼ ਕਰਨਾ ਹੈ।"

ਆਰਐੱਸਐੱਸ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ ਵਿੱਚੋਂ ਇੱਕ ਐੱਮਐੱਸ ਗੋਲਵਲਕਰ ਨੇ ਗਾਂਧੀ ਦੀ ਹੱਤਿਆ ਨੂੰ ‘ਇੱਕ ਲਾਮਿਸਾਲ ਤ੍ਰਾਸਦੀ’ ਦੱਸਿਆ ਸੀ ਕਿਉਂਕਿ ‘ਦੁਸ਼ਟ ਵਿਅਕਤੀ ਇੱਕ ਦੇਸ਼ਵਾਸੀ ਅਤੇ ਇੱਕ ਹਿੰਦੂ ਹੈ।'

ਹਾਲ ਹੀ ਵਿੱਚ, ਐੱਮਜੀ ਵੈਦਿਆ ਵਰਗੇ ਆਰਐੱਸਐੱਸ ਨੇਤਾਵਾਂ ਨੇ ਗੋਡਸੇ ਨੂੰ ਇੱਕ "ਹਤਿਆਰਾ" ਕਿਹਾ ਹੈ ਜਿਸ ਨੇ ਭਾਰਤ ਦੀ ਅਜਿਹੀ ਸਤਿਕਾਰਤ ਹਸਤੀ ਦੀ ਹੱਤਿਆ ਕਰਕੇ ਹਿੰਦੂਤਵ ਦਾ "ਅਪਮਾਨ" ਕੀਤਾ ਹੈ।

ਵਿਕਰਮ ਸੰਪਤ ਵਰਗੇ ਲੇਖਕਾਂ ਦਾ ਮੰਨਣਾ ਹੈ ਕਿ ਆਰਐੱਸਐੱਸ ਅਤੇ ਹਿੰਦੂ ਮਹਾਂ ਸਭਾ ਵਿਚਕਾਰ ਅਸ਼ਾਂਤ ਸਬੰਧ ਸਨ। ਵਿਕਰਮ ਸੰਪਤ,ਨੇ ਸਾਵਰਕਰ ਦੀ ਦੋ ਭਾਗਾਂ ਵਿੱਚ ਜੀਵਨੀ ਲਿਖੀ ਹੈ।

ਉਹ ਲਿਖਦੇ ਹਨ ਕਿ ਹਿੰਦੂ ਮਹਾਂਸਭਾ ਦੇ "ਹਿੰਦੂਆਂ ਦੇ ਹਿੱਤਾਂ ਦੀ ਰਾਖੀ" ਲਈ "ਕ੍ਰਾਂਤੀਕਾਰੀ ਗੁਪਤ ਸਮਾਜ" ਦੇ ਸਮਾਨ ਵਲੰਟੀਅਰਾਂ ਦੇ ਇੱਕ ਸਮੂਹ ਦੀ ਸਥਾਪਨਾ ਕਰਨ ਦੇ ਫੈਸਲੇ ਨੇ ਇਸ ਦੇ ਆਰਐੱਸਐੱਸ ਨਾਲ ਸਬੰਧਾਂ ਵਿੱਚ "ਕੜਵਾਹਟ" ਲੈ ਆਂਦੀ ਸੀ।

ਇਹ ਵੀ ਪੜ੍ਹੋ:

ਵੀਡੀਓ: ਨੋਟਾਂ 'ਤੇ ਗਾਂਧੀ ਦੀ ਤਸਵੀਰ ਕਦੋਂ ਤੋਂ ਛਪ ਰਹੀ ਹੈ?

ਇਸ ਦੇ ਨਾਲ ਹੀ ਸੰਪਤ ਅਨੁਸਾਰ, ਆਰਐੱਸਐੱਸ ਨੇ "ਮਹਾਂ ਸਭਾ ਦੇ ਨੇਤਾ ਸਾਵਰਕਰ ਦੇ ਉਲਟ ਵਿਅਕਤੀਆਂ ਦੀ ਮੂਰਤੀ ਪੂਜਾ ਕਰਨ ਤੋਂ ਪਰਹੇਜ਼ ਕਰਦੀ ਸੀ ਜੋ "ਨਾਇਕ ਪੂਜਾ ਅਤੇ ਅਤਿਕਥਨੀ ਪ੍ਰਸੰਨਤਾ" ਵਿੱਚ ਵਿਸ਼ਵਾਸ ਰੱਖਦੇ ਸਨ।''

ਇੱਕ ਹੋਰ ਕਿਤਾਬ, 'ਆਰਐੱਸਐਸ: ਏ ਵਿਊ ਟੂ ਦਿ ਇਨਸਾਈਡ' ਵਿੱਚ ਵਾਲਟਰ ਕੇ ਐਂਡਰਸਨ ਅਤੇ ਸ਼੍ਰੀਧਰ ਡੀ ਦਾਮਲੇ ਇਸ ਬਾਰੇ ਗੱਲ ਕਰਦੇ ਹਨ ਕਿ ਗਾਂਧੀ ਦੀ ਹੱਤਿਆ ਵਿੱਚ ਆਰਐੱਸਐੱਸ 'ਤੇ "ਇੱਕ ਸਾਬਕਾ ਮੈਂਬਰ (ਨੱਥੂ ਰਾਮ ਗੋਡਸੇ) ਦੀ ਸ਼ਮੂਲੀਅਤ ਨਾਲ ਕਿਵੇਂ ਸੰਘ ਦੇ ਅਕਸ ’ਤੇ ਕਾਲਖ ਪੋਤੀ ਗਈ" ਅਤੇ "ਫਾਸ਼ੀਵਾਦੀ, ਸੱਤਾਵਾਦੀ ਅਤੇ ਰੂੜੀਵਾਦੀ ਦੇ ਰੂਪ ਵਜੋਂ ਅਧਿਕਾਰਤ ਸਮਰਥਨ ਨਾਲ ਬਦਨਾਮ" ਕੀਤਾ ਗਿਆ ਸੀ।

ਫਿਰ ਵੀ ਇਹ ਸ਼ੱਕ ਕਿ ਗੋਡਸੇ ਅਟੁੱਟ ਰੂਪ ਵਿੱਚ ਆਰਐੱਸਐੱਸ ਦਾ ਹਿੱਸਾ ਸੀ ਅਤੇ ਉਸ ਨੇ ਕਦੇ ਵੀ ਇਸ ਨੂੰ ਨਹੀਂ ਛੱਡਿਆ ਸੀ, ਕਦੇ ਖ਼ਤਮ ਨਹੀਂ ਹੋਇਆ।

15 ਨਵੰਬਰ 1949 ਨੂੰ ਗੋਡਸੇ ਨੇ ਫਾਂਸੀ 'ਤੇ ਚੜ੍ਹਨ ਤੋਂ ਪਹਿਲਾਂ ਆਰਐੱਸਐੱਸ ਦੀ ਪ੍ਰਾਰਥਨਾ ਦੇ ਪਹਿਲੇ ਚਾਰ ਵਾਕਾਂ ਦਾ ਪਾਠ ਕੀਤਾ ਸੀ।

ਸ੍ਰੀ ਝਾਅ ਕਹਿੰਦੇ ਹਨ, "ਇਹ ਫਿਰ ਤੋਂ ਇਸ ਤੱਥ ਦਾ ਖੁਲਾਸਾ ਕਰਦਾ ਹੈ ਕਿ ਉਹ ਸੰਗਠਨ ਦਾ ਸਰਗਰਮ ਮੈਂਬਰ ਸੀ।"

ਉਹ ਕਹਿੰਦੇ ਹਨ "ਆਰਐੱਸਐੱਸ ਨੂੰ ਗਾਂਧੀ ਦੇ ਹਤਿਆਰੇ ਤੋਂ ਅਲੱਗ ਕਰਨਾ ਮਨਘੜਤ ਇਤਿਹਾਸ ਹੈ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)