ਜਦੋਂ ਲਾਲਾ ਲਾਜਪਤ ਰਾਏ ਨੇ ਭਾਰਤੀ ਉੱਪਮਹਾਦੀਪ ਦੀ 'ਧਰਮ ਦੇ ਆਧਾਰ ‘ਤੇ ਵੰਡ ਕਰਨ ਦੀ ਵਕਾਲਤ' ਕੀਤੀ ਸੀ

    • ਲੇਖਕ, ਵੱਕਾਰ ਮੁਸਤਫਾ
    • ਰੋਲ, ਪੱਤਰਕਾਰ ਅਤੇ ਖੋਜਕਾਰ, ਲਾਹੌਰ

ਕੁਝ ਦਿਨ ਪਹਿਲਾਂ ਪਾਕਿਸਤਾਨ ਵਿੱਚ ਲਾਹੌਰ ਦੇ ਮੁੱਖ ਰਾਜ ਮਾਰਗ ਫਿਰੋਜ਼ਪੁਰ ਰੋਡ 'ਤੇ ਇੱਕ ਅੰਡਰਪਾਸ ਦਾ ਉਦਘਾਟਨ ਹੋਇਆ ਤਾਂ ਸੋਸ਼ਲ ਮੀਡੀਆ ਨੈਟਵਰਕਿੰਗ ਸਾਈਟਾਂ 'ਤੇ ਇਸ ਦੇ ਨੇੜਲਾ ਗੁਲਾਬ ਦੇਵੀ ਹਸਪਤਾਲ ਅਤੇ ਇਸ ਨੂੰ ਬਣਾਉਣ ਵਾਲੇ ਲਾਲਾ ਲਾਜਪਤ ਰਾਏ ਬਾਰੇ ਖੂਬ ਚਰਚਾ ਹੋਈ।

ਪਰ ਗੁਲਾਬ ਦੇਵੀ ਸੀ ਕੌਣ? ਅਤੇ ਕੌਣ ਸਨ ਲਾਲਾ ਲਾਜਪਤ ਰਾਏ ਜਿਨ੍ਹਾਂ ਨੇ ਉਨ੍ਹਾਂ ਦੇ ਨਾਮ 'ਤੇ ਹਸਪਤਾਲ ਬਣਵਾਇਆ?

ਲਾਲਾ ਲਾਜਪਤ ਰਾਏ ਦਾ ਜਨਮ 28 ਜਨਵਰੀ, 1865 ਨੂੰ ਬ੍ਰਿਟਿਸ਼ ਪੰਜਾਬ ਦੇ ਲੁਧਿਆਣਾ ਦੇ ਢੁਡੀਕੇ ਪਿੰਡ ਵਿੱਚ ਹੋਇਆ ਸੀ।

ਉਨ੍ਹਾਂ ਦੇ ਪਿਤਾ ਮੁੰਸ਼ੀ ਰਾਧਾ ਕ੍ਰਿਸ਼ਣ ਅਗਰਵਾਲ ਇੱਕ ਸਰਕਾਰੀ ਸਕੂਲ ਵਿੱਚ ਉਰਦੂ ਅਤੇ ਫ਼ਾਰਸੀ ਦੇ ਅਧਿਆਪਕ ਸਨ। ਉਹ ਸਰ ਸਈਅਦ ਅਹਿਮਦ ਖ਼ਾਨ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ।

ਲਾਲਾ ਲਾਜਪਤ ਰਾਏ ਦੀ ਮਾਂ ਗੁਲਾਬ ਦੇਵੀ ਆਪਣੀ ਸਮਾਜ ਸੇਵਾ ਲਈ ਲਈ ਜਾਣੀ ਜਾਂਦੀ ਸੀ।

ਲਾਲਾ ਲਾਜਪਤ ਰਾਏ ਗਵਰਮੈਂਟ ਕਾਲਜ ਲਾਹੌਰ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਕੀਲ ਬਣ ਗਏ। ਉਨ੍ਹਾਂ ਨੇ ਆਪਣੇ ਪਿਤਾ ਰਾਧਾ ਕ੍ਰਿਸ਼ਣ ਦੀਆਂ ਸਿਆਸੀ ਗਤੀਵਿਧੀਆਂ ਤੋਂ ਪ੍ਰੇਰਿਤ ਹੋ ਕੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ।

ਸਾਲ 1892 ਵਿੱਚ ਲਾਲਾ ਲਾਜਪਤ ਰਾਏ ਲਾਹੌਰ ਚਲੇ ਗਏ ਉੱਥੇ ਉਨ੍ਹਾਂ ਨੇ ਰਾਸ਼ਟਰਵਾਦੀ ਦਯਾਨੰਦ ਐਂਗਲੋ-ਵੈਦਿਕ ਸਕੂਲ (ਡੀਏਵੀ ਸਕੂਲ) ਦੀ ਸਥਾਪਨਾ ਵਿੱਚ ਮਦਦ ਕੀਤੀ।

ਉਹ ਆਧੁਨਿਕ ਹਿੰਦੂ ਧਰਮ ਦੇ ਸੁਧਾਰਵਾਦੀ ਸੰਪ੍ਰਦਾਇ 'ਆਰਿਆ ਸਮਾਜ' ਦੇ ਸੰਸਥਾਪਕ ਰਹੇ ਦਯਾਨੰਦ ਸਰਸਵਤੀ ਦੇ ਚੇਲੇ ਬਣ ਗਏ ਸਨ।

ਉਸ ਵੇਲੇ ਆਰਿਆ ਸਮਾਜ ਦੋ ਗੁੱਟਾਂ ਵਿੱਚ ਵੰਡਿਆ ਗਿਆ ਸੀ। ਇੱਕ ਗੁੱਟ ਉਹ ਸੀ ਜੋ ਅੰਗਰੇਜ਼ੀ ਨੂੰ ਸਕੂਲੀ ਸਿਲੇਬਸ ਤੋਂ ਬਾਹਰ ਕਰਨਾ ਚਾਹੁੰਦਾ ਸੀ ਅਤੇ ਦੂਜਾ ਗੁੱਟ ਅੰਗਰੇਜ਼ੀ ਪੜ੍ਹਾਉਣ ਦੇ ਪੱਖ ਵਿੱਚ ਸੀ।

ਲਾਲਾ ਜੀ ਨੇ ਦੂਜੇ ਗੁੱਟ ਦਾ ਸਮਰਥਨ ਕੀਤਾ ਅਤੇ ਇਸ ਬਾਰੇ ਪਾਰਟੀ ਅੰਦਰ ਪਨਪੇ ਮਤਭੇਦਾਂ ਨੂੰ ਦੂਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਉਰਦੂ ਦੀ ਆਪਣੀ ਕਿਤਾਬ, 'ਗੁਲਾਮੀ ਕੀ ਅਲਾਮਤੇਂ ਔਰ ਗੁਲਾਮੀ ਦੇ ਨਤਾਇਜ' (ਗੁਲਾਮੀ ਦੇ ਲੱਛਣ ਅਤੇ ਗੁਲਾਮੀ ਦੇ ਸਿੱਟੇ) ਵਿੱਚ ਉਹ ਲਿਖਦੇ ਹਨ, "ਮੇਰੀ ਰਾਏ ਵਿੱਚ ਹਰੇਕ ਪੜ੍ਹੇ-ਲਿਖੇ ਭਾਰਤੀ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨਾਂ ਸੰਭਵ ਹੋ ਸਕੇ ਉਹ ਅੰਗਰੇਜ਼ੀ ਦੀ ਵਰਤੋਂ ਨੂੰ ਘੱਟ ਕਰਦਾ ਜਾਵੇ।"

ਇਹ ਵੀ ਪੜ੍ਹੋ-

"ਉਰਦੂ-ਹਿੰਦੀ ਦੀਆਂ ਮੈਗ਼ਜ਼ੀਨਾਂ ਨੂੰ ਮੰਗਵਾਏ ਅਤੇ ਕੁਝ ਸਮੇਂ ਉਰਦੂ-ਹਿੰਦੀ ਸਾਹਿਤ ਪੜ੍ਹਨ ਵਿੱਚ ਬਿਤਾਏ।"

"ਕੇਵਲ ਉਨ੍ਹਾਂ ਨੂੰ ਮੁੰਡੇ-ਕੁੜੀਆਂ ਨੂੰ ਅੰਗਰੇਜ਼ੀ ਪੜ੍ਹਾਈ ਜਾਣੀ ਚਾਹੀਦੀ ਹੈ ਜੋ ਪਹਿਲਾਂ ਆਪਣੀ ਭਾਸ਼ਾ ਵਿੱਚ ਚੰਗੀ ਮਹਾਰਤ ਅਤੇ ਕੌਹੁਨਰਵਾਨ ਹੋ ਜਾਣ।"

"ਇਹ ਹਰੇਕ ਵਿਅਕਤੀ ਦਾ ਕਰਤਵ ਹੈ ਕਿ ਰਾਸ਼ਟਰਭਾਸ਼ਾ ਨੂੰ ਵਿਕਸਿਤ ਕਰੇ ਅਤੇ ਗੁਲਾਮੀ ਦੇ ਇਸ ਸੰਕੇਤ ਨੂੰ ਘੱਟੋ-ਘੱਟ, ਇੰਨਾ ਘੱਟ ਦੇਣ ਜਿੰਨਾ ਕਿ ਹਾਲਾਤ ਸਾਨੂੰ ਘੱਟ ਕਰਨ ਦੀ ਇਜਾਜ਼ਤ ਦੇਣ।"

ਕਈ ਸੰਸਥਾਵਾਂ ਦੇ ਸੰਸਥਾਪਕ ਸਨ ਲਾਲਾ ਜੀ

ਲਾਲਾ ਜੀ ਨੇ ਲਾਹੌਰ ਦੇ ਨੈਸ਼ਨਲ ਕਾਲਜ ਦੀ ਵੀ ਸਥਾਪਨਾ ਕੀਤੀ। ਸੁੰਤਤਰਤਾ ਲਈ ਲੜਨ ਵਾਲੇ ਭਗਤ ਸਿੰਘ ਨੇ ਦਯਾਨੰਦ ਐਂਗਲੋ-ਵੈਦਿਕ ਹਾਈ ਸਕੂਲ ਅਤੇ ਨੈਸ਼ਨਲ ਕਾਲਜ ਦੋਵਾਂ ਵਿੱਚ ਪੜ੍ਹਾਈ ਕੀਤੀ।

ਸਾਲ 1905 ਵਿੱਚ ਲਾਲਾ ਲਾਜਪਤ ਰਾਏ ਇੰਗਲੈਂਡ ਗਏ। ਪੰਜਾਬ ਵਿੱਚ ਸਿਆਸੀ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਉਨ੍ਹਾਂ ਨੇ ਬਿਨਾਂ ਕੇਸ ਦੇ ਮਈ 1907 ਵਿੱਚ ਜ਼ਿਲ੍ਹਾ ਬਦਰ ਕਰਕੇ ਬਰਮਾ (ਹੁਣ ਮਿਆਂਮਾਰ) ਦੇ ਮੌਂਡਲੇ ਜੇਲ੍ਹ ਵਿੱਚ ਭੇਜ ਦਿੱਤਾ ਸੀ।

ਨਵੰਬਰ ਵਿੱਚ ਉਨ੍ਹਾਂ ਨੇ ਵਾਪਸ ਆਉਣ ਦੀ ਆਗਿਆ ਦਿੱਤੀ ਜਦੋਂ ਵਾਇਸਰਾਏ ਲਾਰਡ ਮਿੰਟੋ ਨੇ ਫ਼ੈਸਲਾ ਕੀਤਾ ਕਿ ਰਾਜਦ੍ਰੋਹ ਦੇ ਇਲਜ਼ਾਮ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਲੋੜੀਂਦੇ ਸਬੂਤ ਨਹੀਂ ਹਨ।

ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਲਾਲਾ ਲਾਜਪਤ ਰਾਏ ਸਵਰਾਜ ਪਾਰਟੀ ਵਿੱਚ ਸ਼ਾਮਿਲ ਹੋ ਗਏ। ਲਾਲਾ ਲਾਜਪਤ ਰਾਏ ਜਾਤ-ਪਾਤ, ਦਾਜ, ਛੂਆਛੂਤ ਅਤੇ ਦੂਜੀਆਂ ਅਣਮਨੁੱਖੀ ਪ੍ਰਥਾਵਾਂ ਦੇ ਖ਼ਿਲਾਫ਼ ਸਨ।

ਪਹਿਲੀ ਵਿਸ਼ਵ ਜੰਗ ਵੇਲੇ ਉਹ ਅਮਰੀਕਾ ਚਲੇ ਗਏ। ਨਿਊਯਾਰਕ ਸ਼ਹਿਰ ਵਿੱਚ ਇੰਡੀਅਨ ਹੋਮ ਰੂਲ ਲੀਗ ਆਫ਼ ਅਮਰੀਕਾ (1917) ਦੀ ਸਥਾਪਨਾ ਕੀਤੀ। ਸਾਲ 1920 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਉਹ ਭਾਰਤ ਮੁੜ ਆਏ।

ਉਸੇ ਸਾਲ, ਉਨ੍ਹਾਂ ਨੇ ਕਾਂਗਰਸ ਦੇ ਇੱਕ ਵਿਸ਼ੇਸ਼ ਸੈਸ਼ਨ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਮਹਾਤਮਾ ਗਾਂਧੀ ਦੇ ਅਸਹਿਯੋਗ ਅੰਦੋਲਨ ਦੀ ਸ਼ੁਰੂਆਤ ਹੋਈ।

ਸਾਲ 1921 ਤੋਂ 1923 ਤੱਕ ਉਹ ਜੇਲ੍ਹ ਵਿੱਚ ਕੈਦ ਰਹੇ ਅਤੇ ਰਿਹਾਈ ਤੋਂ ਬਾਅਦ ਸੰਵਿਧਾਨ ਸਭਾ ਦੇ ਮੈਂਬਰ ਚੁਣੇ ਗਏ।

ਭਾਰਤ ਜ਼ਾਹਿਦ ਚੌਧਰੀ ਨੇ ਆਪਣੀ ਕਿਤਾਬ 'ਪਾਕਿਸਤਾਨ ਦੀ ਸਿਆਸੀ ਤਰੀਕ' ਵਿੱਚ ਲਿਖਿਆ ਹੈ ਕਿ ਲਾਲਾ ਲਾਜਪਤ ਰਾਏ ਨੇ ਸਾਲ 1924 ਵਿੱਚ ਲਾਹੌਰ ਦੇ ਇੱਕ ਅਖ਼ਬਾਰ 'ਟ੍ਰਿਬਿਊਨ' ਵਿੱਚ ਇੱਕ ਲਿਖਿਆ ਸੀ।

ਇਸ ਲੇਖ ਵਿੱਚ ਪਹਿਲੀ ਵਾਰ ਉੱਪ ਮਹਾਦੀਪ ਨੂੰ ਧਾਰਮਿਕ ਆਧਾਰ 'ਤੇ ਵੰਡਿਆ ਕਰਨ ਦੀ ਯੋਜਨਾ ਪੇਸ਼ ਕੀਤੀ ਗਈ ਸੀ।

ਇਸ ਯੋਜਨਾ ਮੁਤਾਬਕ, "ਮੁਸਲਮਾਨਾਂ ਦੇ ਚਾਰ ਸੂਬੇ ਹੋਣਗੇ, ਸਰਹੱਦੀ ਇਲਾਕੇ, ਪੱਛਮੀ ਪੰਜਾਬ, ਸਿੰਧ ਅਤੇ ਪੂਰਬੀ ਬੰਗਾਲ। ਜੇਕਰ ਭਾਰਤ ਦੇ ਕਿਸੇ ਹੋਰ ਇਲਾਕੇ ਵਿੱਚ ਮੁਸਲਮਾਨਾਂ ਦੀ ਇੰਨੀ ਵੱਡੀ ਗਿਣਤੀ ਹੋਵੇ ਕਿ ਉਨ੍ਹਾਂ ਦਾ ਸੂਬਾ ਬਣਾਇਆ ਜਾ ਸਕੇ ਤਾਂ ਉਨ੍ਹਾਂ ਦੀ ਵੀ ਇਸੇ ਤਰ੍ਹਾਂ ਹੱਦਬੰਦੀ ਕੀਤੀ ਜਾਣੀ ਚਾਹੀਦੀ ਹੈ।"

"ਪਰ ਇਹ ਗੱਲ ਚੰਗੀ ਤਰ੍ਹਾਂ ਨਾਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਅਖੰਡ ਭਾਰਤ ਨਹੀਂ ਹੋਵੇਗਾ, ਇਸ ਦਾ ਮਤਲਬ ਇਹ ਹੈ ਕਿ ਭਾਰਤ ਸਪੱਸ਼ਟ ਤੌਰ 'ਤੇ ਮੁਸਲਮਾਨ ਭਾਰਤ ਅਤੇ ਗ਼ੈਰ-ਮੁਸਲਿਮ ਭਾਰਤ ਵਿੱਚ ਵੰਡਿਆ ਜਾਵੇਗਾ।"

ਜਿਨਾਹ ਨੇ ਆਪਣੇ ਇੱਕ ਭਾਸ਼ਣ ਵਿੱਚ ਲਾਲਾ ਜੀ ਦੀ ਪੂਰੀ ਚਿੱਠੀ ਪੜ੍ਹੀ

ਇਤਿਹਾਸਕਾਰ ਹਸਨ ਜਾਫ਼ਰ ਜ਼ੈਦੀ ਲਿਖਦੇ ਹਨ ਕਿ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੇ ਮਾਰਚ 1940 ਵਿੱਚ ਇੱਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਹੋਇਆ ਉਨ੍ਹਾਂ ਦਿਨਾਂ ਛਪੀ ਇੰਦਰ ਪ੍ਰਕਾਸ਼ ਦੀ ਕਿਤਾਬ ਕੱਢੀ।

ਇਸ ਕਿਤਾਬ ਵਿੱਚ ਲਾਲਾ ਲਾਜਪਤ ਰਾਏ ਦੀ ਇੱਕ ਚਿੱਠੀ ਸ਼ਾਮਿਲ ਸੀ, ਜੋ ਉਨ੍ਹਾਂ ਨੇ 16 ਜੂਨ, 1925 ਨੂੰ ਕਾਂਗਰਸ ਦੇ ਪ੍ਰਧਾਨ ਚਿਤਰੰਜਨ ਦਾਸ ਨੂੰ ਲਿਖੀ ਸੀ।

ਇਸ ਵਿੱਚ ਲਾਲਾ ਲਾਜਪਤ ਰਾਏ ਨੇ ਜੋ ਕੁਝ ਲਿਖਿਆ ਸੀ, ਉਸ ਦਾ ਨਿਚੋੜ ਇਹ ਹੈ ਕਿ "ਮੈਂ ਮੁਸਲਮਾਨਾਂ ਦਾ ਇਤਿਹਾਸ ਅਤੇ ਨਿਆਂਸ਼ਾਸਤਰ ਪੜ੍ਹ ਕੇ ਇਸ ਸਿੱਟੇ 'ਤੇ ਪਹੁੰਚਦਾ ਹਾਂ ਕਿ ਹਿੰਦੂ ਅਤੇ ਮੁਸਲਮਾਨ ਇਕੱਠੇ ਨਹੀਂ ਰਹਿ ਸਕਦੇ। ਤੁਹਾਨੂੰ ਸਾਡੇ ਲਈ ਬਚਾਅ ਦਾ ਕੋਈ ਰਸਤਾ ਲੱਭਣਾ ਚਾਹੀਦਾ ਹੈ।"

ਸਾਲ 1928 ਵਿੱਚ ਉਨ੍ਹਾਂ ਨੇ ਸੰਵਿਧਾਨਕ ਸੁਧਾਰ 'ਤੇ ਬ੍ਰਿਟਿਸ਼ ਸਾਈਮਨ ਕਮਿਸ਼ਨ ਦਾ ਬਾਈਕਾਟ ਕਰਨ ਲਈ ਸੰਵਿਧਾਨ ਸਭਾ ਵਿੱਚ ਤਜਵੀਜ਼ ਪੇਸ਼ ਕੀਤੀ।

ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੇ ਵੀ ਕਮਿਸ਼ਨ ਦਾ ਬਾਈਕਾਟ ਕੀਤਾ ਸੀ।

30 ਅਕਤੂਬਰ ਨੂੰ ਕਾਂਗਰਸ ਨੇਤਾ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਸਾਈਮਨ ਕਮਿਸ਼ਨ ਦੇ ਵਿਰੋਧ ਵਿੱਚ ਹਜ਼ਾਰਾਂ ਲੋਕ ਲਾਹੌਰ ਰੇਲਵੇ ਸਟੇਸ਼ਨ 'ਤੇ ਇਕੱਠੇ ਹੋਏ।

ਭੀੜ ਨਾਅਰੇ ਲਗਾ ਰਹੀ ਸੀ, 'ਸਾਈਮਨ ਕਮਿਸ਼ਨ, ਵਾਪਸ ਜਾਓ, 'ਹਿੰਦੁਸਤਾਨੀ ਹਾਂ ਅਸੀਂ, ਹਿੰਦੁਸਤਾਨ ਸਾਡਾ ਹੈ', 'ਹਿਦੁਸਤਾਨ ਮੰਗੇ ਆਜ਼ਾਦੀ।'

ਲਾਲਾ ਜੀ ਇੱਕ ਜਨਤਕ ਬੁਲਾਰੇ ਸਨ। ਉਨ੍ਹਾਂ ਦੇ ਅੰਤਿਮ ਭਾਸ਼ਣ ਦਾ ਸਥਾਨ ਲੋਅਰ ਮਾਲ ਅੰਤ ਵਿੱਚ ਗੋਲ ਬਾਗ਼ (ਹੁਣ ਨਾਸਿਕ ਬਾਗ਼) ਸੀ।

ਲਾਲਾ ਲਾਜਪਤ ਰਾਏ ਪੁਲਿਸ ਲਾਠੀਚਾਰਜ ਵਿੱਚ ਗੰਭੀਰ ਤੌਰ 'ਤੇ ਜਖ਼ਮੀ ਹੋ ਗਏ ਅਤੇ 17 ਨਵੰਬਰ, 1928 ਨੂੰ ਜਖ਼ਮਾਂ ਨਾਲ ਅਤੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਭਗਤ ਸਿੰਘ ਨੇ ਲਾਲਾ ਲਾਜਪਤ ਰਾਏ ਦੀ ਮੌਤ ਲਈ ਪੁਲਿਸ ਮੁਖੀ ਨੂੰ ਦੋਸ਼ੀ ਠਹਿਰਾਇਆ। ਹਾਲਾਂਕਿ, ਪਛਾਣ ਕਾਰਨ ਉਨ੍ਹਾਂ ਦੀ ਬਜਾਇ ਉਨ੍ਹਾਂ ਦੇ ਜੂਨੀਅਰ ਅਧਿਕਾਰੀ ਜੇਪੀ ਸਾਨਡਰਸ ਦਾ ਕਤਲ ਕਰ ਦਿੱਤਾ।

ਉਸ ਤੋਂ ਬਾਅਦ ਮੌਤ ਦੀ ਸਜ਼ਾ ਤੋਂ ਬਚਣ ਲਈ ਭਗਤ ਸਿੰਘ ਨੂੰ ਲਾਹੌਰ ਤੋਂ ਭੱਜਣਾ ਪਿਆ।

ਮੌਤ ਤੋਂ ਬਾਅਦ, ਲਾਹੌਰ ਵਿੱਚ ਲਾਲਾ ਲਾਜਪਤ ਰਾਏ ਦੀ ਮੂਰਤੀ ਸਥਾਪਿਤ ਕੀਤੀ ਗਈ। ਇਹ ਮੂਰਤੀ ਗੋਲ ਬਾਗ਼ ਦੇ ਬਾਅਦ ਕੁਝ ਸਮੇਂ ਤੱਕ ਮੇਓ ਸਕੂਲ ਆਫ ਆਰਟਸ ਦੀ ਪਾਰਕਿੰਗ ਵਿੱਚ ਰਹੀ।

ਆਜ਼ਾਦੀ ਤੋਂ ਬਾਅਦ 15 ਅਗਸਤ, 1948 ਨੂੰ ਇਸ ਮੂਰਤੀ ਨੂੰ ਸ਼ਿਮਲਾ ਦੇ ਮਾਲ ਰੋਡ 'ਤੇ ਲਗਾ ਦਿੱਤਾ ਗਿਆ।

ਇਸ ਮੂਰਤੀ ਦੀ ਨੀਂਹ 'ਤੇ ਲਿਖਿਆ ਹੈ ਕਿ 'ਲਾਲਾ ਲਾਜਪਤ ਰਾਏ: ਪੰਜਾਬ ਦੇ ਮਹਾਨ ਦੇਸ਼ਭਗਤ, 1865-1928।'

ਸ਼ੇਰ-ਏ-ਪੰਜਾਬ ਅਤੇ ਪੰਜਾਬ ਕੇਸਰੀ ਦੇ ਨਾਮ ਨਾਲ ਮਸ਼ਹੂਰ ਲਾਲਾ ਲਾਜਪਤ ਰਾਏ ਨੇ ਉਰਦੂ ਅਤੇ ਅੰਗਰੇਜ਼ੀ ਵਿੱਚ ਬਹੁਤ ਸਾਰੇ ਲੇਖ ਅਤੇ ਕਿਤਾਬਾਂ ਲਿਖੀਆਂ।

ਆਪਣੀਆਂ ਸਿਆਸੀ ਗਤੀਵਧੀਆਂ ਤੋਂ ਇਲਾਵਾ, ਲਾਲਾ ਜੀ ਨੂੰ ਲਕਸ਼ਮੀ ਇੰਸ਼ੋਰੈਂਸ ਕੰਪਨੀ ਦੇ ਸੰਸਥਾਪਕਾਂ ਵਿੱਚੋਂ ਇੱਕ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਸੰਸਥਾਪਕ ਵਜੋਂ ਵੀ ਯਾਦ ਕੀਤਾ ਜਾਂਦਾ ਹੈ।

ਗੁਲਾਬ ਦੇਵੀ ਹਸਪਤਾਲ ਕਿਵੇਂ ਬਣਿਆ?

ਲਾਲਾ ਲਾਜਪਤ ਰਾਏ ਦੀ ਮਾਂ ਗੁਲਾਬ ਦੇਵੀ ਦੀ ਮੌਤ ਸਾਲ 1927 ਵਿੱਚ ਟੀਬੀ ਕਾਰਨ ਹੋਈ ਸੀ। ਉਸੇ ਸਾਲ ਜਿਸ ਥਾਂ 'ਤੇ ਉਨ੍ਹਾਂ ਦੀ ਮੌਤ ਹੋਈ ਸੀ, ਇੱਥੇ ਉਨ੍ਹਾਂ ਨੇ 2 ਲੱਖ ਰੁਪਏ ਦੀ ਲਾਗਤ ਨਾਲ ਔਰਤਾਂ ਲਈ ਇੱਕ ਗੁਲਾਬ ਦੇਵੀ ਹਸਪਤਾਲ ਦੀ ਸਥਾਪਨਾ ਕੀਤੀ।

ਉਸ ਤੋਂ ਬਾਅਦ ਟਰੱਸਟ ਨੇ ਅਪ੍ਰੈਲ 1930 ਵਿੱਚ ਤਤਕਾਲੀ ਸਰਕਾਰ ਕੋਲੋਂ 16 ਹਜ਼ਾਰ ਰੁਪਏ ਵਿੱਚ 40 ਏਕੜ ਜ਼ਮੀਨ ਖਰੀਦੀ। ਸਰਕਾਰ ਨੇ 10 ਏਕੜ ਜ਼ਮੀਨ ਵੱਖਰੀ ਦਾਨ ਕੀਤੀ।

ਇਸਦਾ ਨਿਰਮਾਣ ਕਾਰਜ ਸਾਲ 1931 ਵਿੱਚ ਸ਼ੁਰੂ ਹੋਇਆ ਅਤੇ ਇਹ ਬਿਲਡਿੰਗ ਲਾਲਾ ਲਾਜਪਤ ਰਾਏ ਦੀ ਮੌਤ ਦੇ 6 ਸਾਲ ਬਾਅਦ 1934 ਵਿੱਚ ਪੂਰੀ ਹੋਈ।

ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ

ਸਾਲ 1934 ਵਿੱਚ ਟੀਬੀ ਰੋਗੀਆਂ ਲਈ ਹਸਪਤਾਲ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ।

ਇੱਥੇ ਲੱਗੇ ਸੰਗਮਰਮਰ ਦੇ ਪੱਥਰ 'ਤੇ ਅੰਗਰੇਜ਼ੀ ਅਤੇ ਹਿੰਦੀ ਵਿੱਚ ਲਿਖਿਆ ਹੈ, "ਸ਼੍ਰੀਮਤੀ ਗੁਲਾਬ ਦੇਵੀ ਟਿਊਬਰਕਲੂਸਿਸ ਹਸਪਤਾਲ ਔਰਤਾਂ ਲਈ ਮਹਾਤਮਾ ਗਾਂਧੀ ਜੀ ਨੇ 17 ਜੁਲਾਈ, 1934 ਨੂੰ ਆਪਣੇ ਕਰ ਕਮਲਾਂ ਨਾਲ ਖੋਲ੍ਹਿਆ।

ਇਸ ਹਸਪਤਾਲ ਨੇ 1947 ਵਿੱਚ ਭਾਰਤ ਤੋਂ ਆਏ ਸ਼ਰਨਾਰਥੀਆਂ ਨੂੰ ਸਰਬਉੱਤਮ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ।

ਨਵੰਬਰ 1947 ਵਿੱਚ, ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੇ ਆਪਣੀ ਭੈਣ ਫ਼ਾਤਿਮਾ ਜਿਨਾਹ ਦੇ ਨਾਲ ਇਸ ਹਸਪਤਾਲ ਦਾ ਦੌਰਾ ਕੀਤਾ ਅਤੇ ਲਿਖਿਆ, "ਮੈਂ 6 ਨਵੰਬਰ, 1947 ਨੂੰ ਗੁਲਾਬ ਦੇਵੀ ਹਸਪਤਾਲ ਦਾ ਦੌਰਾ ਕੀਤਾ, ਜੋ ਹੁਣ ਸ਼ਰਨਾਰਥੀਆਂ ਦੀ ਦੇਖਭਾਲ ਕਰ ਰਿਹਾ ਹੈ।"

"ਇਸ ਦੇ ਇੰਚਾਰਜ, ਡਾਕਟਰ, ਨਰਸਾਂ ਅਤੇ ਹੋਰ ਲੋਕ ਬਹੁਤ ਚੰਗਾ ਕੰਮ ਕਰ ਰਹੇ ਹਨ ਅਤੇ ਅਸੀਂ ਇਸ ਮਨੁੱਖੀ ਸੇਵਾ ਅਤੇ ਨਿਰਸਵਾਰਥ ਸਮਰਪਣ ਨੂੰ ਸਵੀਕਾਰ ਕਰਦਿਆਂ ਹੋਇਆ ਇਸ ਦਾ ਧੰਨਵਾਦ ਕਰਦੇ ਹਾਂ।"

ਸਾਲ 1947 ਵਿੱਚ ਟਰੱਸਟੀਆਂ ਦੇ ਭਾਰਤ ਚਲੇ ਜਾਣ 'ਤੇ ਸਰਕਾਰ ਜੁਲਾਈ 1948 ਵਿੱਚ ਬੇਗ਼ਮ ਰਾਇਨਾ ਲਿਆਕਤ ਅਲੀ ਖ਼ਾਨ, ਸਈਅਦ ਮਰਾਤਮ ਅਲੀ, ਪ੍ਰੋਫੈਸਰ ਡਾਕਟਰ ਅਮੀਰੁਦਦੀਨ ਅਤੇ ਕੁਝ ਹੋਰਨਾਂ ਸ਼ਖ਼ਸੀਅਤਾਂ ਅਤੇ ਪਰ-ਉਪਕਾਰੀ ਲੋਕਾਂ ਨੂੰ ਹਸਪਤਾਲ ਦੇ ਕਾਰਜਕਾਰੀ ਟਰੱਸਟੀ ਬਣਾਉਣ ਲਈ ਸੱਦਾ ਦਿੱਤਾ।

ਬੇਗ਼ਮ ਰਾਇਨਾ ਨੂੰ ਗੁਲਾਬ ਦੇਵੀ ਚੈਸਟ ਹਸਪਤਾਲ ਦੀ ਮੈਨੇਜਮੈਂਟ ਕਮੇਟੀ ਦਾ ਮੁਖੀ ਬਣਾਇਆ ਗਿਆ।

ਪਾਕਿਸਤਾਨ ਦੀ ਸਥਾਪਨਾ ਵੇਲੇ ਹਸਪਤਾਲ ਵਿੱਚ 50 ਬਿਸਤਰੇ ਸਨ। ਵਰਤਮਾਨ ਵਿੱਚ ਇਹ ਹਸਪਤਾਲ ਦੱਖਣੀ ਏਸ਼ੀਆ ਦਾ ਸਭ ਤੋਂ ਵੱਡ ਚੈਸਟ ਹਸਪਤਾਲ ਬਣ ਗਿਆ ਹੈ, ਜਿਸ ਵਿੱਚ 1500 ਬਿਸਤਰਿਆਂ ਨਾਲ ਹਰੇਕ ਪ੍ਰਕਾਰ ਦੀ ਦਿਲ ਅਤੇ ਫੇਫੜਿਆ ਦੀਆਂ ਬਿਮਾਰੀਆਂ, ਖ਼ਾਸ ਤੌਰ 'ਤੇ ਟੀਬੀ ਰੋਗੀਆਂ ਦੀ ਸਿਹਤ ਕੀ ਦੇਖਭਾਲ ਕੀਤੀ ਜਾਂਦੀ ਹੈ।

ਲਾਹੌਰ ਵਿੱਚ ਲਾਲਾ ਲਾਜਪਤ ਰਾਏ ਦੇ ਨਾਮ 'ਤੇ ਧਰਮਪੁਰਾ ਵਿੱਚ ਇੱਕ ਸੜਕ ਵੀ ਹੈ, ਪਰ ਸਭ ਤੋਂ ਵੱਡੀ ਯਾਦਗਾਰ ਗੁਲਾਬ ਦੇਵੀ ਹਸਪਤਾਲ ਹੀ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)