ਪੰਜਾਬ ਨੈਸ਼ਨਲ ਬੈਂਕ : ਭਾਰਤੀ ਸਰਮਾਏ ਨਾਲ ਸ਼ੁਰੂ ਹੋਏ ਪਹਿਲੇ ਸਵਦੇਸ਼ੀ ਬੈਂਕ ਦੀ ਕਹਾਣੀ

ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਯੂਨਾਇਟਿਡ ਬੈਂਕ ਅਤੇ ਓਰੀਐਂਟਲ ਬੈਂਕ ਆਫ਼ ਕਾਮਰਸ ਦਾ ਪੰਜਾਬ ਨੈਸ਼ਨਲ ਬੈਂਕ ਵਿਚ ਰੇਲੇਵੇਂ ਦਾ ਐਲਾਨ ਕਰ ਦਿੱਤਾ ਹੈ।

ਦੂਜੇ ਪਾਸੇ ਕੇਨਰਾ ਤੇ ਸਿੰਡੀਕੇਟ ਬੈਂਕ ਦਾ ਵੀ ਆਪਸ ਵਿਚ ਰਲੇਵਾਂ ਹੋਵੇਗਾ।

ਇਸੇ ਤਰ੍ਹਾਂ ਯੂਨੀਅਨ ਬੈਂਕ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਵੀ ਰਲੇਵਾਂ ਕੀਤਾ ਜਾ ਰਿਹਾ ਹੈ। ਇੰਡੀਅਨ ਬੈਂਕ ਅਤੇ ਇਲਾਹਾਬਾਦ ਬੈਂਕ ਨੂੰ ਇਕੱਠਾ ਕੀਤਾ ਜਾ ਰਿਹਾ ਹੈ।

ਇੱਕ ਹਫ਼ਤੇ ਵਿਚ ਕੀਤੀ ਦੂਜੀ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਐਲਾਨ ਕੀਤਾ।

ਇਹ ਵੀ ਪੜ੍ਹੋ:

ਕੇਂਦਰ ਸਰਕਾਰ ਦੇ ਇਸ ਐਲਾਨ ਨਾਲ ਹੁਣ ਦੇਸ਼ ਵਿਚ ਸਰਕਾਰੀ ਬੈਂਕਾਂ ਦੀ ਗਿਣਤੀ ਘਟ ਕੇ ਸਿਰਫ਼ 12 ਰਹਿ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਜੋ ਐਲਾਨ ਕੀਤੇ ਹਨ ਉਨ੍ਹਾਂ ਉੱਤੇ ਅਮਲ ਸ਼ੁਰੂ ਹੋ ਗਿਆ ਹੈ। ਬੈਂਕਾਂ ਅਤੇ ਐਨਬੀਐਫਸੀ ਦੇ ਟਾਈਅਪ ਹੋਏ ਹਨ।

ਐਨਬੀਐਫਸੀ ਕੰਪਨੀਆਂ ਨੂੰ ਮਾਲੀ ਮਦਦ

ਵਿੱਤ ਮੰਤਰੀ ਨੇ ਕਿਹਾ ਕਿ ਐਨਬੀਐਫਸੀ ਕੰਪਨੀਆਂ ਦੇ ਲਈ ਅੰਸ਼ਿਕ ਕਰਜ਼ ਗਰੰਟੀ ਯੋਜਨਾ ਲਾਗੂ ਕੀਤੀ ਗਈ ਹੈ। 3300 ਕਰੋੜ ਰੁਪਏ ਦੀ ਮਾਲੀ ਸਮਰਥਨ ਵੀ ਦਿੱਤਾ ਗਿਆ ਅਤੇ 30,000 ਕਰੋੜ ਰੁਪਏ ਦੇਣ ਦੀ ਤਿਆਰੀ ਹੈ।

ਬੈਂਕਾਂ ਦੇ ਵਣਜ ਸਬੰਧੀ ਫੈਸਲਿਆਂ ਵਿਚ ਸਰਕਾਰ ਦਾ ਕੋਈ ਦਖ਼ਲ ਨਹੀਂ ਹੋਵੇਗਾ। ਪਰ ਨੀਰਵ ਮੋਦੀ ਵਰਗੇ ਫ਼ੈਸਲਿਆਂ ਨੂੰ ਰੋਕਣ ਲਈ ਸਵਿਫਟ ਸੰਦੇਸ਼ਾਂ ਨੂੰ ਕੋਰ ਬੈਂਕਿੰਗ ਪ੍ਰਣਾਲੀ ਨਾਲ ਜੋੜਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਜਨਤਕ ਖੇਤਰ ਦੇ ਬੈਂਕਾਂ ਦਾ ਕੁੱਲ ਫਸਿਆ ਕਰਜ਼ਾ (ਐਨਪੀਏ) ਦਸੰਬਰ 2018 ਦੇ ਅੰਤ ਤੱਕ 8.65 ਲੱਖ ਕਰੋੜ ਰੁਪਏ ਤੋਂ ਘਟ ਕੇ 7.9 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ।

ਜਨਤਕ ਖੇਤਰ ਦੇ ਬੈਂਕਾਂ ਵਿਚ ਸੁਧਾਰ ਦੇਖਣ ਨੂੰ ਮਿਲਣੇ ਸ਼ੁਰੂ ਹੋ ਗਏ ਹਨ ਕਿਉਂਕਿ 2019 ਬੈਂਕਾਂ ਦੀ ਪਹਿਲੀ ਤਿਮਾਹੀ ਵਿਚ 14 ਬੈਂਕਾਂ ਨੇ ਮੁਨਾਫਾ ਦਰਜ ਕੀਤਾ ਹੈ।

ਕਰਜ ਦੇਣ ਦੀ ਵਧੇਗੀ ਸਮਰੱਥਾ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਕਾਂ ਦੇ ਨਵੇਂ ਰਲੇਵੇਂ ਦੀ ਗੱਲ ਕਰਦਿਆਂ ਕਿਹਾ ਕਿ ਵੱਡੇ ਬੈਂਕਾਂ ਦੀ ਕਰਜ਼ਾ ਦੇਣ ਦੀ ਸਮਰੱਥਾ ਵਧਦੀ ਹੈ। ਪੰਜਾਬ ਨੈਸ਼ਨਲ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਈਟਿਡ ਬੈਂਕ ਦਾ ਰਲੇਵਾਂ ਹੋਣ ਨਾਲ ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ।

ਪੀਐੱਨਬੀ., ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਯੂਨਾਈਟਿਡ ਬੈਂਕ ਦੇ ਰਲੇਵੇਂ ਨਾਲ ਨਵੇਂ ਬਣਨ ਵਾਲੇ ਬੈਂਕ ਦੀ ਟਰਨਓਵਰ 17.95 ਲੱਖ ਕਰੋੜ ਰੁਪਏ ਹੋਵੇਗੀ ਅਤੇ ਇਸ ਦੀਆਂ 11,437 ਬ੍ਰਾਂਚਾਂ ਹੋਣਗੀਆਂ।

ਵਿੱਤ ਮੰਤਰੀ ਨੇ ਕਿਹਾ ਕਿ ਕੇਨਰਾ ਬੈਂਕ ਅਤੇ ਸਿੰਡੀਕੇਟ ਬੈਂਕ ਮਿਲਾਏ ਜਾਣਗੇ ਅਤੇ ਇਹ 15.20 ਲੱਖ ਕਰੋੜ ਰੁਪਏ ਦੇ ਟਰਨਓਵਰ ਨਾਲ ਚੌਥਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਬਣ ਜਾਵੇਗਾ।

ਇਸ ਦੇ ਨਾਲ ਹੀ ਯੂਨੀਅਨ ਬੈਂਕ, ਆਂਧਰਾ ਬੈਂਕ, ਕਾਰਪੋਰੇਸ਼ਨ ਬੈਂਕ ਦੇ ਰਲੇਵੇਂ ਨਾਲ ਇਹ ਦੇਸ਼ ਦਾ 5 ਵਾਂ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਬਣ ਜਾਵੇਗਾ। ਇਸ ਦਾ ਕੁਲ ਕਾਰੋਬਾਰ 14.59 ਲੱਖ ਕਰੋੜ ਰੁਪਏ ਦਾ ਹੋਵੇਗਾ।

ਦੂਜੇ ਪਾਸੇ, ਇੰਡੀਅਨ ਬੈਂਕ ਅਤੇ ਅਲਾਹਾਬਾਦ ਬੈਂਕ ਦਾ ਅਭੇਦ 8.08 ਲੱਖ ਕਰੋੜ ਰੁਪਏ ਦੇ ਟਰਨਓਵਰ ਨਾਲ ਇਹ ਸੱਤਵਾਂ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਬਣ ਜਾਵੇਗਾ।

ਪੰਜਾਬ ਉੱਤੇ ਅੰਗਰੇਜ਼ਾਂ ਦੇ 1849 ਵਿਚ ਕੀਤੇ ਗਏ ਕਬਜ਼ੇ ਤੋਂ ਬਾਅਦ ਅਜਿਹੇ ਗੁਲਾਮੀ ਦੇ ਸੰਗਲਾਂ ਨੂੰ ਤੋੜਨ ਅਤੇ ਅਜ਼ਾਦੀ ਹਾਸਲ ਕਰਨ ਲਈ ਪੜ੍ਹੇ-ਲਿਖੇ ਲੋਕਾਂ ਦੀ ਇੱਕ ਨਵੀਂ ਜਮਾਤ ਸਾਹਮਣੇ ਆਈ।

ਇਸ ਲੀਡਰਸ਼ਿਪ ਅਜ਼ਾਦੀ ਹਾਸਲ ਕਰਨ ਦੇ ਨਾਲ-ਨਾਲ ਭਾਰਤੀਆਂ ਦੇ ਪੈਸੇ ਸਵਦੇਸ਼ੀ ਬੈਂਕ ਖੜ੍ਹਾ ਕਰਨਾ ਚਾਹੁੰਦੇ ਸਨ।

ਦੇਸ਼ ਦਾ ਪਹਿਲਾ ਸਵਦੇਸ਼ੀ ਬੈਂਕ

ਆਰੀਆ ਸਮਾਜੀ ਆਗੂ ਰਾਏ ਮੂਲ ਰਾਜ ਨੇ ਇਸ ਵਿਚਾਰ ਦਾ ਸੁਪਨਾ ਦੇਖਿਆ ਅਤੇ ਪੰਜਾਬ ਕੇਸਰੀ ਦੇ ਨਾਂ ਨਾਲ ਜਾਣੇ ਜਾਂਦੇ ਲਾਲਾ ਲਾਜਪਤ ਰਾਏ ਨੇ ਇਸ ਨੂੰ ਅਮਲ ਵਿਚ ਲਿਆਉਂਣ ਲਈ ਕੂੰਜੀਵਤ ਭੂਮਿਕਾ ਨਿਭਾਈ।

ਇਨ੍ਹਾਂ ਆਗੂਆਂ ਦਾ ਮੰਨਣਾ ਸੀ ਕਿ ਭਾਰਤੀਆਂ ਦੇ ਪੈਸੇ ਨਾਲ ਅੰਗਰੇਜ਼ ਆਪਣੇ ਬੈਂਕ ਅਤੇ ਕੰਪਨੀਆਂ ਚਲਾਉਂਦੇ ਹਨ। ਇਸ ਲਈ ਸਵਦੇਸ਼ੀ ਪੈਸੇ ਦੇ ਪ੍ਰਬੰਧਨ ਲਈ ਸਵਦੇਸ਼ੀ ਬੈਂਕ ਬਣਾਇਆ ਜਾਣਾ ਚਾਹੀਦਾ ਹੈ।

ਪੰਜਾਬ ਨੈਸ਼ਨਲ ਬੈਂਕ ਦੀ ਵੈੱਬਸਾਈਟ ਉੱਤੇ ਉੁਪਲੱਬਧ ਜਾਣਕਾਰੀ ਮੁਤਾਬਕ ਪੀਐੱਨਬੀ 19 ਮਈ 1894 ਨੂੰ ਹੋਂਦ ਵਿੱਚ ਆਇਆ। ਜਿਸ ਵਿਚ ਸਿੱਖ, ਬੰਗਾਲੀ, ਪਾਰਸੀ ਅਤੇ ਕੁਝ ਹਿੰਦੂ ਕਾਰੋਬਾਰੀਆਂ, ਸਮਾਜਸੇਵੀਆਂ ਅਤੇ ਵਿੱਦਿਅਕ ਅਦਾਰਿਆਂ ਨਾਲ ਜੁੜੀਆਂ ਹਸਤੀਆਂ ਨੇ ਇਕਜੁਟਦਾ ਦਿਖਾਈ।

ਪਹਿਲੇ 7 ਡਾਇਰੈਕਰਾਂ ਵਿਚ ਸਰਦਾਰ ਮਜੀਠੀਆ ਵੀ ਸ਼ਾਮਲ

ਪੰਜਾਬ ਨੈਸ਼ਨਲ ਬੈਂਕ ਦਾ ਕਾਰੋਬਾਰ 12 ਅਪ੍ਰੈਲ 1895 ਨੂੰ ਸ਼ੁਰੂ ਹੋਇਆ ਅਤੇ ਇਸਦੇ ਪਹਿਲੇ 7 ਡਾਇਰੈਕਰਾਂ ਵਿਚ ਸਰਦਾਰ ਦਿਆਲ ਸਿੰਘ ਮਜੀਠੀਆ ਵੀ ਸ਼ਾਮਲ ਸਨ।

ਇਸ ਦੀ ਪਹਿਲੀ ਬਰਾਂਚ ਲਾਹੌਰ ਦੇ ਅਨਾਰਕਲੀ ਬਜ਼ਾਰ ਵਿਚ ਆਰਿਆ ਸਮਾਜ ਮੰਦਰ ਦੇ ਸਾਹਮਣੇ ਖੋਲੀ ਗਈ।

ਇਸ ਬੈਂਕ ਦੀ ਸ਼ੁਰੂਆਤ ਕੇਵਲ 2 ਲੱਖ ਰੁਪਏ ਦੇ ਸਰਮਾਏ ਨਾਲ ਕੀਤੀ ਗਈ ਜਿਸ ਦਾ ਵਰਕਿੰਗ ਸਰਮਾਇਆ ਸਿਰਫ਼ 20 ਹਜ਼ਾਰ ਰੁਪਏ ਸੀ। ਇਸ ਬਰਾਂਚ 'ਚ 9 ਮੁਲਾਜ਼ਮ ਰੱਖੇ ਗਏ ਜਿਨ੍ਹਾਂ ਦੀ ਤਨਖ਼ਾਹ 320 ਰੁਪਏ ਮਹੀਨਾ ਸੀ।

ਲਾਲਾ ਲਾਜਪਤ ਰਾਏ ਦੀ ਭੂਮਿਕਾ

ਲਾਲਾ ਲਾਜਪਤ ਰਾਏ ਪੰਜਾਬ ਨੈਸ਼ਨਲ ਬੈਂਕ ਦੇ ਬਾਨੀ ਸਨ। ਉਨ੍ਹਾਂ ਨੇ ਦੇਸ਼ ਭਰ ਦੀਆਂ ਪ੍ਰਭਾਵਸ਼ਾਲੀ ਸਖਸ਼ੀਅਤਾਂ ਨੂੰ ਇਕ ਮੰਚ ਉੱਤੇ ਲਿਆਂਦਾ ਅਤੇ ਬੈਂਕਿੰਗ ਕਾਰੋਬਾਰ ਦੀ ਸ਼ੁਰੂਆਤ ਕਰਵਾਈ।

7 ਮਹੀਨੇ ਦੇ ਕਾਰੋਬਾਰ ਤੋਂ ਬਾਅਦ ਲਾਹੌਰ ਤੋਂ ਬਾਹਰ ਪੰਜਾਬ ਨੈਸ਼ਨਲ ਬੈਂਕ ਦੀ ਪਹਿਲੀ ਬਰਾਂਚ ਰਾਵਲਪਿੰਡੀ ਵਿਚ 1900 ਵਿਚ ਖੋਲੀ ਗਈ।

ਕੁਝ ਦੇਰ ਬਾਅਦ ਲਾਲਾ ਲਾਜਪਤ ਰਾਏ ਨੇ ਬੋਰਡ ਦੀ ਕਮਾਂਡ ਖੁਦ ਸੰਭਾਲ ਲਈ ਇਹ ਬੈਂਕ ਲਗਾਤਾਰ ਬੁਲੰਦੀਆਂ ਛੂਹਦਾ ਗਿਆ।

ਇਸ ਸਮੇਂ ਇਸ ਬੈਂਕ ਦਾ ਕਾਰੋਬਾਰ 11.45 ਲੱਖ ਕਰੋੜ ਰੁਪਏ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)