ਗਾਂਧੀ ਦੇ ਚਸ਼ਮੇ ਦੇ 2.55 ਕਰੋੜ ਰੁਪਏ ਵਿੱਚ ਨੀਲਾਮ ਹੋਣ ਦੀ ਦਿਲਚਸਪ ਕਹਾਣੀ

    • ਲੇਖਕ, ਗਗਨ ਸਭਰਵਾਲ
    • ਰੋਲ, ਬੀਬੀਸੀ ਪੱਤਰਕਾਰ

ਯੂਕੇ ਦੇ ਪੂਰਬੀ ਬ੍ਰਿਸਟਲ ਵਿੱਚ ਭਾਰਤ ਵਿੱਚ ਅਜ਼ਾਦੀ ਦੀ ਲੜਾਈ ਦੇ ਮੋਢੀ ਰਹੇ ਗਾਂਧੀ ਦਾ ਚਸ਼ਮਾ 2 ਕਰੋੜ 55 ਲੱਖ 15 ਹਜ਼ਾਰ 883 ਰੁਪਏ ਵਿੱਚ ਨੀਲਾਮ ਹੋਇਆ ਹੈ।

ਬ੍ਰਿਸਟਲ ਦੀ ਨੀਲਾਮੀ ਦੀ ਕੰਪਨੀ ਈਸਟ ਬ੍ਰਿਸਟਲ ਔਕਸ਼ਨਜ਼ ਵੱਲੋਂ ਇਹ ਨੀਲਾਮੀ ਕਰਵਾਈ ਗਈ ਸੀ। ਨੀਲਾਮੀ ਕਰਵਾਉਣ ਵੇਲੇ ਸੰਸਥਾ ਨੂੰ ਉਮੀਦ ਸੀ ਕਿ ਕਰੀਬ 14 ਲੱਖ 70 ਹਜ਼ਾਰ ਤੋਂ ਵੱਧ ਦੀ ਕੀਮਤ ਮਿਲੇਗੀ।

ਚਸ਼ਮੇ ਦੇ ਮਾਲਿਕ ਨੂੰ ਇਹ ਕੀਮਤ ਵੀ ਕਾਫੀ ਲਗ ਰਹੀ ਸੀ ਪਰ ਹੁਣ ਤਾਂ ਕੀਮਤ 2 ਕਰੋੜ 60 ਰੁਪਏ ਤੱਕ ਪਹੁੰਚ ਗਈ ਹੈ।

ਕਿਵੇਂ ਮਿਲਿਆ ਚਸ਼ਮਾ

ਨੀਲਾਮੀ ਕਰਵਾਉਣ ਵਾਲੀ ਕੰਪਨੀ ਅਨੁਸਾਰ ਜੂਨ ਦੇ ਮਹੀਨੇ ਵਿੱਚ ਇੱਕ ਸ਼ੁੱਕਰਵਾਰ ਨੂੰ ਚਸ਼ਮੇ ਦਾ ਮਾਲਿਕ ਜੋ ਇੱਕ ਭਾਰਤੀ ਨਹੀਂ ਹੈ, ਉਸ ਨੇ ਸੰਸਥਾ ਦੇ ਚਸ਼ਮੇ ਨੂੰ ਲੈਟਰ ਬੌਕਸ ਵਿੱਚ ਛੱਡ ਦਿੱਤਾ।

ਚਸ਼ਮੇ ਦੇ ਲੈਟਰ ਬਾਕਸ ਵਿੱਚ ਲਿਖਿਆ ਸੀ, "ਇਹ ਚਸ਼ਮਾ ਗਾਂਧੀ ਦਾ ਹੈ, ਨੀਲਾਮੀ ਲਈ ਮੈਨੂੰ ਇਸ ਨੰਬਰ ਉੱਤੇ ਸੰਪਰਕ ਕਰੋ।"

ਨੀਲਾਮੀ ਦੀ ਕੰਪਨੀ ਦੇ ਅਧਿਕਾਰੀ ਸਟੋਵ ਨੇ ਦੱਸਿਆ, "ਗਾਂਧੀ ਦਾ ਚਸ਼ਮਾ ਸ਼ਨੀਵਾਰ ਤੇ ਐਤਵਾਰ ਨੂੰ ਲੈਟਰ ਬੌਕਸ ਵਿੱਚ ਹੀ ਪਿਆ ਰਿਹਾ। ਸੋਮਵਾਰ ਨੂੰ ਜਦੋਂ ਅਸੀਂ ਆਏ ਤਾਂ ਸਾਨੂੰ ਇਹ ਸਹੀ ਸਲਾਮਤ ਹਾਲਤ ਵਿੱਚ ਮਿਲਿਆ।"

"ਮੇਰੇ ਇੱਕ ਸਹਿਕਰਮੀ ਨੇ ਮੈਨੂੰ ਚਸ਼ਮਾ ਫੜ੍ਹਾ ਕੇ ਕਿਹਾ ਕਿ ਇਹ ਗਾਂਧੀ ਦਾ ਚਸ਼ਮਾ ਹੈ। ਮੈਂ ਕਿਹਾ ਦਿਲਚਸਪ ਹੈ ਤੇ ਮੈਂ ਆਪਣੇ ਰੋਜ਼ਮਰਾ ਦੇ ਕੰਮ ਵਿੱਚ ਲਗ ਗਿਆ।"

ਸਟੋਵ ਨੇ ਦੱਸਿਆ ਕਿ ਉਹ ਬੇਹਦ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਦੀ ਜਾਂਚ ਵਿੱਚ ਇਹ ਸਿੱਟਾ ਨਿਕਲਿਆ ਕਿ ਗੋਲਡ ਪਲੇਟਿਡ ਚਸ਼ਮਾ ਗਾਂਧੀ ਦਾ ਹੀ ਹੈ।

ਸਟੋਵ ਨੂੰ ਚਸ਼ਮੇ ਦੇ ਮਾਲਿਕ ਨੇ ਦੱਸਿਆ ਕਿ ਇਹ ਚਸ਼ਮਾ ਉਨ੍ਹਾਂ ਕੋਲ ਪੀੜ੍ਹੀਆਂ ਤੋਂ ਹੈ। ਇਹ ਚਸ਼ਮਾ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੂੰ ਗਾਂਧੀ ਨੇ 1920ਦਿਆਂ ਵਿੱਚ ਦੱਖਣੀ ਅਫ਼ਰੀਕਾ ਵਿੱਚ ਦਿੱਤਾ ਸੀ।

ਇਸ ਚਸ਼ਮੇ ਦਾ ਮਾਲਿਕ ਲੌਕਡਾਊਨ ਦੌਰਾਨ ਆਪਣੇ ਘਰ ਦੀ ਸਫ਼ਾਈ ਕਰ ਰਿਹਾ ਸੀ। ਚਸ਼ਮਾ ਉਸ ਦੀ ਦਰਾਜ ਵਿੱਚ 40 ਵਰ੍ਹਿਆਂ ਤੋਂ ਪਿਆ ਸੀ।

ਬ੍ਰਿਸਟਲ ਦੇ ਮੈਂਗੋਟਸਫੀਲਡ ਦਾ ਰਹਿਣ ਵਾਲਾ ਚਸ਼ਮੇ ਦਾ ਮਾਲਿਕ ਇਸ ਚਸ਼ਮੇ ਦੀ ਇਤਿਹਾਸਕ ਮਹੱਤਤਾ ਨੂੰ ਜਾਣਦਾ ਸੀ ਪਰ ਉਸ ਨੇ ਨੀਲਾਮੀ ਵਿੱਚ ਮਿਲੀ ਇਸ ਕੀਮਤ ਬਾਰੇ ਕਦੇ ਉਮੀਦ ਨਹੀਂ ਕੀਤੀ ਸੀ।

ਸਟੋਵ ਨੇ ਕਿਹਾ, "ਅਸੀਂ ਤਰੀਖਾਂ ਬਾਰੇ ਪੜਤਾਲ ਕੀਤੀ ਤਾਂ ਉਹ ਵੀ ਸਹੀ ਸਾਬਿਤ ਹੋਈਆਂ। ਇਹ ਜ਼ਰੂਰ ਉਨ੍ਹਾਂ ਦੇ ਸ਼ੁਰੂਆਤੀ ਚਸ਼ਮਿਆਂ ਵਿੱਚੋਂ ਲਗਦਾ ਹੈ ਕਿਉਂਕਿ ਉਨ੍ਹਾਂ ਦਾ ਨੰਬਰ ਕਾਫੀ ਘੱਟ ਹੈ। ਉਹ ਆਪਣੀਆਂ ਚੀਜ਼ਾਂ ਦੂਜਿਆਂ ਨੂੰ ਦੇਣ ਲਈ ਜਾਣੇ ਜਾਂਦੇ ਸਨ।"

ਸਟੋਵ ਅਨੁਸਾਰ ਇਹ ਖੁਸ਼ਕਿਸਮਤੀ ਹੈ ਕਿ ਉਨ੍ਹਾਂ ਨੂੰ ਇਹ ਚਸ਼ਮਾ ਸਹੀ ਹਾਲਾਤ ਵਿੱਚ ਮਿਲਿਆ ਹੈ।

ਉਨ੍ਹਾਂ ਨੇ ਕਿਹਾ, "ਉਹ ਸਿਰਫ ਇੱਕ ਚਿੱਟੇ ਲਿਫ਼ਾਫ਼ੇ ਵਿੱਚ ਸੀ। ਉੱਥੋਂ ਇਹ ਡਿੱਗ ਕੇ ਟੁੱਟ ਵੀ ਸਕਦਾ ਹੀ ਜਾਂ ਚੋਰੀ ਹੋ ਸਕਦਾ ਸੀ। ਇਹ ਸਾਡੀ ਕੰਪਨੀ ਦੀ ਸਭ ਤੋਂ ਅਹਿਮ ਭਾਲ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)