You’re viewing a text-only version of this website that uses less data. View the main version of the website including all images and videos.
ਈ-ਪਾਸਪੋਰਟ ਕੀ ਹੁੰਦਾ ਹੈ ਤੇ ਰਵਾਇਤੀ ਪਾਸਪੋਰਟ ਨਾਲੋਂ ਕਿਵੇਂ ਵੱਖ ਹੈ
- ਲੇਖਕ, ਪ੍ਰਵੀਣ ਸ਼ਰਮਾ
- ਰੋਲ, ਬੀਬੀਸੀ ਲਈ
ਕੇਂਦਰ ਸਰਕਾਰ ਈ-ਪਾਸਪੋਰਟ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਨੈਸ਼ਨਲ ਇਨਫੌਰਮੈਟਿਕਸ ਸੈਂਟਰ ਨੇ ਇਸ ਦੇ ਲਈ ਰਿਕਵੈਸਟ ਫਾਰ ਪਰਪੋਜ਼ਲ (ਆਰਐੱਫ਼ਪੀ) ਜਾਰੀ ਕੀਤਾ ਹੈ।
ਇਸ ਦੇ ਲਈ ਸਰਕਾਰ ਇੱਕ ਅਜਿਹੀ ਏਜੰਸੀ ਦੀ ਚੋਣ ਕਰਨਾ ਚਾਹੁੰਦੀ ਹੈ ਜਿਹੜੀ ਇਨ੍ਹਾਂ ਈ-ਪਾਸਪੋਰਟਸ ਲਈ ਜ਼ਰੂਰੀ ਬੁਨਿਆਦੀ ਢਾਂਚਾ ਖੜ੍ਹਾ ਕਰ ਸਕੇ।
ਸਰਕਾਰ ਨੇ ਇਸ ਦਾ ਪਾਇਲਟ ਪ੍ਰੋਜੈਕਟ ਵੀ ਸ਼ੁਰੂ ਕਰ ਦਿੱਤਾ ਹੈ। ਅੰਗਰੇਜ਼ੀ ਅਖ਼ਬਾਰ ਇਕਨਾਮਿਕ ਟਾਈਮਜ਼ ਦੇ ਮੁਤਾਬਕ ਸਰਕਾਰ 20,000 ਸਰਕਾਰੀ ਅਤੇ ਡਿਪਲੋਮੈਟਿਕ ਈ-ਪਾਸਪੋਰਟ ਤਜ਼ਰਬਾਤੀ ਅਧਾਰ 'ਤੇ ਜਾਰੀ ਵੀ ਕਰ ਚੁੱਕੀ ਹੈ
ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਤੋਂ ਇਹ ਨਵੇਂ ਪਾਸਪੋਰਟ ਆਮ ਲੋਕਾਂ ਨੂੰ ਵੀ ਜਾਰੀ ਕੀਤੇ ਜਾਣਗੇ। ਅਜਿਹੇ ਵਿੱਚ ਜੇ ਤੁਸੀਂ ਅਗਲੇ ਸਾਲ ਨਵੇਂ ਪਾਸਪੋਰਟ ਲਈ ਅਪਲਾਈ ਕਰਨਾ ਹੈ ਜਾਂ ਆਪਣਾ ਪੁਰਾਣਾ ਪਾਸਪੋਰਟ ਰਿਨਿਊ ਕਰਵਾਉਂਦੇ ਹੋ ਤਾਂ, ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਤੁਹਾਨੂੰ ਈ-ਪਾਸਪੋਰਟ ਹੀ ਜਾਰੀ ਕੀਤਾ ਜਾਵੇ।
ਖ਼ਬਰਾਂ ਦੇ ਮੁਤਾਬਕ, ਚੁਣੀ ਗਈ ਏਜੰਸੀ ਇੱਕ ਡੈਡੀਕੇਟਟ ਇਕਾਈ ਦੀ ਸਥਾਪਨਾ ਕਰੇਗੀ ਤਾਂ ਕਿ ਹਰ ਘੰਟੇ 10,000 ਤੋਂ 20,000 ਈ-ਪਾਸਪੋਰਟ ਜਾਰੀ ਕੀਤੇ ਜਾ ਸਕਣ। ਇਸ ਲਈ ਦਿੱਲੀ ਅਤੇ ਚੇਨੰਈ ਵਿੱਚ ਆਈਟੀ ਸਿਸਟਮ ਸਥਾਪਿਤ ਕੀਤੇ ਜਾਣਗੇ।
ਆਖ਼ਰ ਇਹ ਈ-ਪਾਸਪੋਰਟ ਹੁੰਦਾ ਕੀ ਹੈ?
ਈ-ਪਾਸਪੋਰਟ ਇੱਕ ਅਜਿਹਾ ਪਾਸਪੋਰਟ ਹੁੰਦਾ ਹੈ ਜਿਸ ਵਿੱਚ ਇਲੈਕਟਰੌਨਿਕ ਮਾਈਕ੍ਰੋਪ੍ਰੋਸੈਰ ਚਿੱਪ ਲੱਗੀ ਹੁੰਦੀ ਹੈ।
ਫ਼ਿਲਹਾਲ ਭਾਰਤੀ ਨਾਗਰਿਕਾਂ ਨੂੰ ਜਿਹੜੇ ਪਾਸਪੋਰਟ ਜਾਰੀ ਕੀਤੇ ਜਾਂਦੇ ਹਨ, ਉਹ ਵਿਅਕਤੀ ਲਈ ਖ਼ਾਸ ਤੌਰ 'ਤੇ ਬਣਾਏ ਜਾਂਦੇ ਹਨ ਅਤੇ ਇੱਕ ਕਿਤਾਬਚੇ ਦੇ ਰੂਪ ਵਿੱਚ ਛਪੇ ਹੁੰਦੇ ਹਨ।
ਸਧਾਰਣ ਅਤੇ ਈ-ਪਾਸਪੋਰਟ ਵਿੱਚ ਕੀ ਫ਼ਰਕ ਹੁੰਦਾ ਹੈ?
ਐਰੋਸਪੇਸ, ਡਿਫ਼ੈਂਸ, ਟਰਾਂਸਪੋਰਟੇਸ਼ਨ ਅਤੇ ਸੁਰੱਖਿਆ ਮਾਰਿਕਟਸ ਲਈ ਇਲੈਕਟਰੌਨਿਕ ਸਿਸਟਮ ਬਣਾਉਣ ਵਾਲੇ ਅਤੇ ਸੇਵਾਵਾਂ ਮੁਹਈਆ ਕਰਵਾਉਣ ਵਾਲੇ ਥਾਲਿਸ ਗੁਰੱਪ ਦੇ ਮੁਤਾਬਕ, "ਇਲੈਕਟਰੌਨਿਕ ਪਾਸਪੋਰਟ ਜਾਂ ਈ-ਪਾਸਪੋਰਟ ਰਵਾਇਤੀ ਪਾਸਪੋਰਟ ਵਰਗੇ ਹੀ ਹੁੰਦੇ ਹਨ। ਬਸ ਇੱਨ੍ਹਾਂ ਵਿੱਚ ਇੱਕ ਛੋਟਾ ਜਿਹਾ ਇੰਟੀਗ੍ਰੇਟਡ ਸਰਕਟ (ਚਿੱਪ) ਲੱਗਿਆ ਹੁੰਦਾ ਹੈ। ਇਹ ਚਿੱਪ ਪਾਸਪੋਰਟ ਦੇ ਕਵਰ ਜਾਂ ਇਸ ਦੇ ਸਫ਼ਿਆਂ ਵਿੱਚ ਲਾਈ ਜਾਂਦੀ ਹੈ।"
ਆਮ ਪਾਸਪੋਰਟ ਨਾਲੋਂ ਜ਼ਿਆਦਾ ਸੁਰੱਖਿਅਤ
ਇਸ ਚਿੱਪ ਕਾਰਨ ਪਾਸਪੋਰਟ ਨੂੰ ਵਧੇਰੇ ਡਿਜੀਟਲ ਸੁਰੱਖਿਆ ਹਾਸਲ ਹੋ ਜਾਂਦੀ ਹੈ। ਇਸ ਚਿੱਪ ਵਿੱਚ ਧਾਰਕ ਦੇ ਬਾਇਓਮੀਟ੍ਰਿਕਸ ਵੀ ਸ਼ਾਮਲ ਹੁੰਦੇ ਹਨ।
ਇਸ ਦੇ ਨਾਲ ਹੀ ਚਿੱਪ ਪਾਸਪੋਰਟ ਦੀ ਵੈਧਤਾ ਨੂੰ ਸਾਬਤ ਕਰਨ ਵਿੱਚ ਵੀ ਸਹਾਈ ਹੁੰਦੀ ਹੈ। ਇਸ ਵਿੱਚ ਦਰਜ ਜਾਣਕਾਰੀ ਬਦਲੀ ਨਹੀਂ ਜਾ ਸਕਦੀ। ਜਾਅਲਸਾਜ਼ੀ ਮੁਸ਼ਕਲ ਹੈ।
ਵਾਰ-ਵਾਰ ਕੌਮਾਂਤਰੀ ਸਫ਼ਰ ਕਰਨ ਵਾਲਿਆਂ ਲਈ ਵੀ ਲਾਹੇਵੰਦ ਹੈ। ਇਮੀਗ੍ਰੇਸ਼ਨ ਅਫ਼ਸਰਾਂ ਨੂੰ ਧਾਰਕ ਬਾਰੇ ਜ਼ਿਆਦਾ ਠੋਸ ਜਾਣਕਾਰੀ ਮਿਲਦੀ ਹੈ।
ਸਾਈਬਰ ਸੁਰੱਖਿਆ ਦੇ ਮਾਹਰ ਰਕਸ਼ਿਤ ਟੰਡਨ ਮੁਤਾਬਕ, "ਜੇ ਸੁਰੱਖਿਆ ਦੇ ਪੱਖ ਤੋਂ ਦੇਖੀਏ ਤਾਂ ਈ-ਪਾਸਪੋਰਟ ਵਿੱਚ ਯੂਜ਼ਰ ਦੀ ਡਿਜੀਟਲ ਪਛਾਣ ਵੈਰੀਫਾਈ ਹੁੰਦੀ ਹੈ। ਫਿਜ਼ੀਕਲ ਪਾਸਪੋਰਟ ਵਿੱਚ ਡੇਟਾ ਨੂੰ ਸਕੈਨ ਕਰ ਕੇ ਰੱਖਣਾ ਤੇ ਫਿਰ ਇਸ ਡਾਟਾ ਨੂੰ ਮੁੜ ਹਾਸਲ ਕਰਨਾ ਬੜਾ ਮੁਸ਼ਕਲ ਕੰਮ ਹੁੰਦਾ ਸੀ।"
ਮੁਜਰਮਾਂ ਦੇ ਦੇਸ਼ ਛੱਡ ਕੇ ਜਾਣ 'ਤੇ ਰੋਕ ਲੱਗ ਸਕੇਗੀ
ਇਸ ਬਾਰੇ ਰਕਸ਼ਿਤ ਦਾ ਕਹਿਣਾ ਹੈ ਕਿ ਕਈ ਵਾਰ ਮੁਜਰਮ ਦੇਸ਼ ਛੱਡ ਕੇ ਭੱਜਣ ਵਿੱਚ ਇਸ ਲਈ ਸਫ਼ਲ ਹੋ ਜਾਂਦੇ ਹਨ ਕਿਉਂਕਿ ਜਦੋਂ ਤੱਕ ਪੁਲਿਸ ਉਨ੍ਹਾਂ ਨੂੰ ਏਅਰਪੋਰਟ ਤੋਂ ਬਾਹਰ ਜਾਣ ਤੋਂ ਰੋਕਣ ਦੀ ਲੰਬੀ ਕਾਰਵਾਈ ਕਰਦੀ ਹੈ, ਉਸ ਸਮੇਂ ਤੱਕ ਉਹ ਫਰਾਰ ਹੋ ਚੁੱਕੇ ਹੁੰਦੇ ਹਨ।
"ਜਦੋਂ ਈ-ਪਾਸਪੋਰਟ ਆ ਗਏ ਤਾਂ ਕਿਸੇ ਨੂੰ ਦੇਸ਼ ਛੱਡਣ ਤੋਂ ਰੋਕਣਾ ਬੱਸ ਇੱਕ ਬਟਨ ਦੱਬਣ ਜਿੰਨਾ ਮੁਸ਼ਕਲ ਰਹਿ ਜਾਵੇਗਾ। ਲੋਕ ਇੱਕ ਤੋਂ ਦੂਜੇ ਦੇਸ਼ ਵਿੱਚ ਚੋਰੀ ਛਿਪੇ ਵੀ ਨਹੀਂ ਜਾ ਸਕਣਗੇ।"
ਈ-ਪਾਸਪੋਰਟ ਜਾਅਲੀ ਪਾਸਪੋਰਟਾਂ ਨੂੰ ਰੋਕਣ ਦੀ ਦਿਸ਼ਾ ਵਿੱਚ ਵੀ ਚੰਗਾ ਕਦਮ ਹੈ।
ਮਾਨਕੀਕਰਣ
ਪਾਸਪੋਰਟਸ ਨੂੰ ਸਟੈਂਡਰਡਾਈਜ਼ ਕਰਨ ਦਾ ਕੰਮ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ ਕਰਦੀ ਹੈ। ਹਾਲਾਂਕਿ ਦੇਸ਼ ਆਪਣੇ ਹਿਸਾਬ ਨਾਲ ਵੀ ਇਨ੍ਹਾਂ ਮਾਨਕਾਂ ਵਿੱਚ ਫੇਰ-ਬਦਲ ਕਰ ਸਕਦੇ ਹਨ।
ਸਾਲ 2016 ਵਿੱਚ ਤੈਅ ਕੀਤਾ ਗਿਆ ਸੀ ਕਿ ਹੁਣ ਤੋਂ ਸਾਰੇ ਪਾਸਪੋਰਟ ਮਸ਼ੀਨ ਨਾਲ ਪੜ੍ਹੇ ਜਾਣ ਦੇ ਯੋਗ ਹੋਣੇ ਚਾਹੀਦੇ ਹਨ। ਇਸ ਲਈ ਮਸ਼ੀਨ ਰੀਡੇਬਲ ਟਰੈਵਲ ਡਾਕਿਊਮੈਂਟ ਸ਼ਬਦ ਦੀ ਵਰਤੋਂ ਕੀਤੀ ਗਈ।
ਇਸ ਦਾ ਮਤਲਬ ਹੈ ਕਿ ਪਾਸਪੋਰਟ ਦੇ ਪਹਿਲੇ ਸਫ਼ੇ ਉੱਪਰ ਦੋ ਪੰਕਤੀਆਂ ਵਿੱਚ ਨਾਂਅ, ਪੁੱਗਣ ਦੀ ਮਿਤੀ, ਜਾਰੀ ਕਰਨ ਵਾਲਾ ਦੇਸ਼ ਆਦਿ ਲਿਖਿਆ ਹੋਵੇ।
ਆਰਗੇਨਾਈਜ਼ੇਸ਼ਨ ਦੇ ਮਾਨਕਾਂ ਵਿੱਚ ਹਾਲਾਂਕਿ ਹਾਲੇ ਚਿੱਪ ਸ਼ਾਮਲ ਨਹੀਂ ਹੈ ਪਰ ਕਈ ਦੇਸ਼ ਇਸ ਤਕਨੀਕ ਦੀ ਵਰਤੋਂ ਕਰ ਰਹੇ ਹਨ। ਇਸ ਨਾਲ ਪਾਸਪੋਰਟ ਦੀ ਕੀਮਤ ਵੀ ਸੁਧਰਦੀ ਹੈ।
ਆਰਗੇਨਾਈਜ਼ੇਸ਼ਨ ਮੁਤਾਬਕ ਦੁਨੀਆਂ ਦੇ 100 ਤੋਂ ਵਧੇਰੇ ਦੇਸ਼ ਜਾਂ ਗੈਰ-ਰਾਸ਼ਟਰੀ ਇਕਾਈਆਂ ਇਹ ਚਿੱਪ ਲੱਗੇ ਪਾਸਪੋਰਟ ਜਾਰੀ ਕਰਦੇ ਹਨ।
ਇੱਕ ਅੰਦਾਜ਼ੇ ਮੁਤਾਬਕ ਦੁਨੀਆਂ ਵਿੱਚ ਇਸ ਸਮੇਂ ਕਰੀਬ 49 ਕਰੋੜ ਈ-ਪਾਸਪੋਰਟ ਵਰਤੋਂ ਵਿੱਚ ਹਨ। ਯੂਰਪ ਦੇ ਜ਼ਿਆਦਾਤਕ ਦੇਸ਼ਾਂ ਵਿੱਚ ਇਸ ਤਰ੍ਹਾਂ ਦੇ ਈ-ਪਾਸਪੋਰਟ ਵਰਤੋਂ ਵਿੱਚ ਹਨ।