You’re viewing a text-only version of this website that uses less data. View the main version of the website including all images and videos.
ਭਾਰਤ ’ਚ ਕਿਹੜਾ ਕੈਂਸਰ ਤੇਜ਼ੀ ਨਾਲ ਫ਼ੈਲ ਰਿਹਾ ਤੇ ਜ਼ਿਆਦਾ ਨੌਜਵਾਨ ਕਿਉਂ ਹੋ ਰਹੇ ਬਿਮਾਰੀ ਦਾ ਸ਼ਿਕਾਰ
- ਲੇਖਕ, ਅਨੰਤ ਪ੍ਰਕਾਸ਼
- ਰੋਲ, ਬੀਬੀਸੀ ਪੱਤਰਕਾਰ
ਇੰਡੀਅਨ ਕਾਉਂਸਿਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਬੀਤੇ ਮੰਗਲਵਾਰ ਨੂੰ ਭਾਰਤ ਵਿੱਚ ਕੈਂਸਰ ਦੇ ਵੱਧ ਰਹੇ ਮਾਮਲਿਆਂ ਬਾਰੇ ਆਪਣੀ ਰਿਪੋਰਟ ਜਾਰੀ ਕੀਤੀ ਹੈ।
ਰਿਪੋਰਟ ਅਨੁਸਾਰ ਅਗਲੇ ਪੰਜ ਸਾਲਾਂ ਵਿੱਚ ਭਾਰਤ ਵਿੱਚ ਕੈਂਸਰ ਦੇ ਮਾਮਲਿਆਂ ਦੀ ਗਿਣਤੀ ਵਿੱਚ 12 ਫੀਸਦ ਵਾਧਾ ਹੋਵੇਗਾ।
ਇਸਦਾ ਮਤਲਬ ਹੈ ਕਿ 2025 ਤੱਕ ਭਾਰਤ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ 15.69 ਲੱਖ ਨੂੰ ਪਾਰ ਕਰ ਜਾਏਗੀ, ਜੋ ਕਿ ਇਸ ਸਮੇਂ 14 ਲੱਖ ਤੋਂ ਵੀ ਘੱਟ ਹੈ।
ਬੀਤੇ ਕੁਝ ਸਾਲਾਂ ਵਿੱਚ ਦਿੱਲੀ ਵਰਗੇ ਮਹਾਨਗਰਾਂ ਵਿੱਚ ਘੱਟ ਉਮਰ ਦੇ ਲੋਕਾਂ ਵਿੱਚ ਸਟੇਜ ਫੋਰ ਕੈਂਸਰ ਦੀ ਪੁਸ਼ਟੀ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਇਸ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦਿੱਲੀ ਵਿੱਚ ਬੱਚਿਆਂ ਵਿੱਚ ਕੈਂਸਰ ਦੇ ਕੇਸਾਂ ਦੀ ਗਿਣਤੀ ਵਧੀ ਹੈ।
ਅਜਿਹੀ ਸਥਿਤੀ ਵਿੱਚ ਆਈਸੀਐੱਮਆਰ ਦੀ ਇਹ ਰਿਪੋਰਟ ਆਉਣ ਤੋਂ ਬਾਅਦ ਮੈਡੀਕਲ ਖੇਤਰ ਦੇ ਮਾਹਰਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ ਕਿਉਂਕਿ ਇਹ ਰਿਪੋਰਟ ਉਨ੍ਹਾਂ ਸਾਰੇ ਖਦਸ਼ਿਆਂ ਦੀ ਪੁਸ਼ਟੀ ਕਰਦੀ ਜੋ ਮੈਡੀਕਲ ਖੇਤਰ ਦੇ ਮਾਹਰ ਬੀਤੇ ਕੁਝ ਸਮੇਂ ਲਈ ਕਰ ਰਹੇ ਸਨ।
ਇਹ ਵੀ ਪੜ੍ਹੋ:
ਫੇਫੜਿਆਂ ਦੇ ਕੈਂਸਰ ਦੇ ਮਾਹਰ ਡਾ. ਅਰਵਿੰਦ ਕੁਮਾਰ ਮੰਨਦੇ ਹਨ, "ਇਹ ਰਿਪੋਰਟ ਹੈਰਾਨ ਕਰਨ ਵਾਲੀ ਨਹੀਂ ਹੈ ਕਿਉਂਕਿ ਇਸ ਵਿੱਚ ਉਹ ਸਭ ਕੁਝ ਸ਼ਾਮਲ ਹੈ ਜੋ ਅਸੀਂ ਪਿਛਲੇ ਪੰਜ-ਛੇ ਸਾਲਾਂ ਤੋਂ ਗਰਾਊਂਡ 'ਤੇ ਦੇਖ ਰਹੇ ਹਾਂ। ਅਸੀਂ ਜਿਹੜੇ ਬਦਲਾਅ ਦੇਖ ਰਹੇ ਹਾਂ, ਇਹ ਉਸੇ ਦੇ ਹੀ ਭਵਿੱਖ ਦੇ ਅਨੁਮਾਨ ਹਨ ਅਤੇ ਇਹ ਰਿਪੋਰਟ ਦਰਅਸਲ ਜ਼ਮੀਨੀ ਹਾਲਾਤ ਦਿਖਾ ਰਹੀ ਹੈ।"
ਤੰਬਾਕੂ ਕੈਂਸਰ ਦਾ ਵੱਡਾ ਕਾਰਨ ਬਣ ਗਿਆ
ਇਸ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਸਾਲ 2020 ਵਿੱਚ ਤੰਬਾਕੂ ਕਾਰਨ ਕੈਂਸਰ ਤੋਂ ਪੀੜਤ ਲੋਕਾਂ ਦੀ ਗਿਣਤੀ 3.7 ਲੱਖ ਹੈ ਜੋ ਕਿ ਕੈਂਸਰ ਦੇ ਕੁੱਲ ਮਰੀਜ਼ਾਂ ਦਾ 27.1 ਫੀਸਦ ਹੈ।
ਅਜਿਹੀ ਸਥਿਤੀ ਵਿੱਚ ਤੰਬਾਕੂ ਸਭ ਤੋਂ ਵੱਡੇ ਕਾਰਨ ਵਜੋਂ ਸਾਹਮਣੇ ਆਇਆ ਹੈ, ਜਿਸ ਕਾਰਨ ਲੋਕ ਵੱਖ-ਵੱਖ ਕਿਸਮਾਂ ਦੇ ਕੈਂਸਰ ਦਾ ਸਾਹਮਣਾ ਕਰ ਰਹੇ ਹਨ।
ਭਾਰਤ ਵਿੱਚ ਆਈਜ਼ੋਲ ਇੱਕ ਅਜਿਹੇ ਜ਼ਿਲ੍ਹੇ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ ਜਿੱਥੇ ਕੈਂਸਰ ਦੇ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ।
ਇਸਦੇ ਨਾਲ ਹੀ ਪੂਰੇ ਏਸ਼ੀਆ ਵਿੱਚ ਔਰਤਾਂ ਵਿੱਚ ਫੇਫੜਿਆਂ ਦੇ ਕੈਂਸਰ ਦੇ ਸਭ ਤੋਂ ਵੱਧ ਮਾਮਲੇ ਵੀ ਆਈਜ਼ੋਲ ਵਿੱਚ ਹੀ ਦੇਖੇ ਗਏ ਹਨ।
ਭਾਰਤ ਵਿੱਚ ਕੈਂਸਰ ਦਾ ਇਲਾਜ ਕਰਨ ਵਾਲੇ ਡਾਕਟਰ ਅਤੇ ਮਾਹਰ ਬੀਤੇ ਕਾਫ਼ੀ ਸਮੇਂ ਤੋਂ ਇਹ ਦੱਸਦੇ ਆ ਰਹੇ ਹਨ ਕਿ ਕੈਂਸਰ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਜਾ ਰਿਹਾ ਹੈ ਅਤੇ ਇਸ ਦੇ ਪਿੱਛੇ ਤੰਬਾਕੂ ਇੱਕ ਵੱਡੇ ਕਾਰਨ ਵਜੋਂ ਉਭਰ ਰਿਹਾ ਹੈ।
ਫੇਫੜੇ ਦੇ ਕੈਂਸਰ ਦੀ ਸਮੱਸਿਆ
ਹਾਲ ਹੀ ਵਿੱਚ ਏਮਜ਼ ਦੇ ਸਰਜੀਕਲ ਓਨਕੋਲੋਜੀ ਵਿਭਾਗ ਵਿੱਚ ਪ੍ਰੋਫੈੱਸਰ ਡਾ. ਐੱਸਵੀਐੱਸ ਦੇਵ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਤੰਬਾਕੂ, ਕੈਂਸਰ ਲਈ ਜ਼ਿੰਮੇਵਾਰ ਕਾਰਨਾਂ ਵਿੱਚ ਸਭ ਤੋਂ ਅਹਿਮ ਹੈ।
ਉਨ੍ਹਾਂ ਨੇ ਕਿਹਾ ਸੀ ਕਿ 40 ਫ਼ੀਸਦ ਅਜਿਹੇ ਮਾਮਲੇ ਹਨ ਜੋ ਕਿ ਟੋਬੈਕੋ ਰਿਲੇਟਡ ਕੈਂਸਰ (ਟੀਆਰਸੀ) ਯਾਨਿ ਕਿ ਤੰਬਾਕੂ ਕਾਰਨ ਹੁੰਦੇ ਹਨ ਅਤੇ ਹੁਣ 20-25 ਸਾਲਾਂ ਦੇ ਨੌਜਵਾਨਾਂ ਵਿੱਚ ਇਹ ਬੀਮਾਰੀ ਦੇਖੀ ਜਾ ਰਹੀ ਹੈ।
ਡਾਕਟਰ ਐੱਸਵੀਐੱਸ ਦੇਵ ਨੇ ਕਿਹਾ ਸੀ, "ਤੰਬਾਕੂ ਖਾਣ ਵਾਲੇ ਲੋਕਾਂ ਵਿੱਚ ਇਸ ਦਾ ਇਸਤੇਮਾਲ ਸ਼ੁਰੂ ਕਰਨ ਦੇ 10-20 ਸਾਲਾਂ ਬਾਅਦ ਹੀ ਕੈਂਸਰ ਦਾ ਪਤਾ ਚੱਲਦਾ ਹੈ। ਸਾਡੇ ਕੋਲ ਅਜਿਹੇ ਪਿੰਡਾਂ ਦੇ ਨੌਜਵਾਨ ਆ ਰਹੇ ਹਨ ਜੋ ਕਿ ਸਮੋਕਲੈਸ ਤੰਬਾਕੂ ਵਰਤਦੇ ਹਨ, ਜਿਵੇਂ ਕਿ ਪਾਨ, ਤੰਬਾਕੂ, ਖੈਨੀ, ਗੁਟਕਾ ਆਦਿ।”
“ਇਹ ਨੌਜਵਾਨ ਬਹੁਤ ਘੱਟ ਉਮਰ ਵਿੱਚ ਹੀ ਬਿਨਾ ਨੁਕਸਾਨ ਜਾਣੇ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦੇ ਹਨ। ਅਜਿਹੇ ਵਿੱਚ 22-25 ਸਾਲ ਦੇ ਨੌਜਵਾਨ ਕੈਂਸਰ ਦੇ ਕੇਸਾਂ ਦੇ ਇਲਾਜ ਲਈ ਸਾਡੇ ਕੋਲ ਆ ਰਹੇ ਹਨ।"
ਇਸ ਦੇ ਨਾਲ ਹੀ ਫੇਫੜਿਆਂ ਦੇ ਕੈਂਸਰ ਦੇ ਖੇਤਰ ਵਿੱਚ ਸੀਨੀਅਰ ਡਾਕਟਰ ਅਰਵਿੰਦ ਕੁਮਾਰ ਵੀ ਮੰਨਦੇ ਹਨ ਕਿ ਤੰਬਾਕੂ 'ਤੇ ਸਮੇਂ ਸਿਰ ਕਾਬੂ ਪਾਉਣ ਦੀ ਲੋੜ ਹੈ ਕਿਉਂਕਿ ਜੇ ਅਜਿਹਾ ਨਹੀਂ ਹੁੰਦਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਫੇਫੜਿਆਂ ਦੇ ਕੈਂਸਰ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਹੈ।
ਉਹ ਕਹਿੰਦੇ ਹਨ, "ਪਿਛਲੇ ਦਸ ਸਾਲਾਂ ਵਿੱਚ ਅਸੀਂ ਕੈਂਸਰ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਹੈ ਪਰ ਇਸ ਦੇ ਨਾਲ ਹੀ ਅਸੀਂ ਘੱਟ ਉਮਰ ਦੇ ਲੋਕਾਂ ਨੂੰ ਕੈਂਸਰ ਤੋਂ ਪੀੜਤ ਹੁੰਦਾ ਦੇਖ ਰਹੇ ਹਾਂ। ਤੰਬਾਕੂ ਅਤੇ ਹਵਾ ਪ੍ਰਦੂਸ਼ਣ ਨਾਲ ਸਬੰਧਤ ਬੀਮਾਰੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ।"
ਕੈਂਸਰ ਨਾਲ ਜੁੜੀਆਂ ਹੋਰ ਖ਼ਬਰਾਂ ਪੜ੍ਹੋ:
ਫੇਫੜਿਆਂ ਦੇ ਕੈਂਸਰ ਬਾਰੇ ਗੱਲ ਕਰਦਿਆਂ ਡਾ. ਅਰਵਿੰਦ ਕਹਿੰਦੇ ਹਨ, "ਇਸ ਰਿਪੋਰਟ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਇਸ ਸਮੇਂ ਸਾਡੇ ਦੇਸ ਵਿੱਚ ਮਰਦਾਂ ਵਿੱਚ ਫੇਫੜਿਆਂ ਦਾ ਕੈਂਸਰ ਨੰਬਰ 1 ਕੈਂਸਰ ਬਣ ਗਿਆ ਹੈ। ਇਹ ਇੱਕ ਬਹੁਤ ਹੀ ਮੰਦਭਾਗੀ ਗੱਲ ਹੈ ਜੋ ਕਿ ਅਸੀਂ ਵੀ ਦੇਖ ਰਹੇ ਹਾਂ। ਇਸ ਰਿਪੋਰਟ ਵਿੱਚ ਇਹ ਵੀ ਆਇਆ ਹੈ ਕਿ ਜ਼ਿਆਦਾਤਰ ਫੇਫੜੇ ਦੇ ਕੈਂਸਰ ਦੇ ਮਾਮਲਿਆਂ ਵਿੱਚ ਜਦੋਂ ਉਨ੍ਹਾਂ ਬਾਰੇ ਪਤਾ ਲਗਦਾ ਹੈ ਤਾਂ ਉਦੋਂ ਤੱਕ ਉਹ ਸਟੇਜ 4 'ਤੇ ਪਹੁੰਚ ਗਏ ਹੁੰਦੇ ਹਨ।"
ਔਰਤਾਂ ਵਿੱਚ ਕੈਂਸਰ
'ਦਿ ਗਲੋਬਲ ਬਰਡਨ ਆਫ਼ ਡਿਜ਼ੀਜ਼ ਸਟੱਡੀ' (1990-2016) ਅਨੁਸਾਰ ਭਾਰਤ ਵਿੱਚ ਔਰਤਾਂ ਵਿੱਚ ਸਭ ਤੋਂ ਵੱਧ ਬ੍ਰੈਸਟ ਕੈਂਸਰ ਦੇ ਮਾਮਲੇ ਸਾਹਮਣੇ ਆਏ ਹਨ।
ਅਧਿਐਨ ਅਨੁਸਾਰ ਔਰਤਾਂ ਵਿੱਚ ਛਾਤੀ ਦੇ ਕੈਂਸਰ ਤੋਂ ਬਾਅਦ ਸਰਵਾਈਕਲ ਕੈਂਸਰ, ਢਿੱਡ ਦਾ ਕੈਂਸਰ, ਕੋਲੋਨ ਐਂਡ ਰੈਕਟਮ ਅਤੇ ਲਿਪ ਐਂਡ ਕੈਵਿਟੀ ਕੈਂਸਰ ਦੇ ਮਾਮਲੇ ਸਭ ਤੋਂ ਵੱਧ ਸਾਹਮਣੇ ਆ ਰਹੇ ਹਨ।
ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਵਿੱਚ ਫੇਫੜਿਆਂ ਅਤੇ ਬ੍ਰੈਸਟ ਰੈਡੀਏਸ਼ਨ ਸੇਵਾਵਾਂ ਦੇ ਮੁਖੀ ਡਾ. ਕੁੰਦਨ ਸਿੰਘ ਚੁਫਾਲ ਨੇ ਹਾਲ ਹੀ ਵਿੱਚ ਬੀਬੀਸੀ ਨਾਲ ਇਸ ਬਾਰੇ ਗੱਲ ਕੀਤੀ ਸੀ।
ਉਨ੍ਹਾਂ ਨੇ ਕਿਹਾ ਸੀ, "ਜੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਤੁਲਨਾ ਕੀਤੀ ਜਾਵੇ ਤਾਂ ਪਿੰਡਾਂ ਤੋਂ ਸਰਵਾਈਕਲ ਅਤੇ ਸ਼ਹਿਰਾਂ ਤੋਂ ਛਾਤੀ ਦੇ ਕੈਂਸਰ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਹਨ। ਪਰ ਭਾਰਤ ਵਿੱਚ ਔਰਤਾਂ ਵਿੱਚ ਛਾਤੀ ਦਾ ਕੈਂਸਰ ਸਭ ਤੋਂ ਪਹਿਲੇ ਨੰਬਰ ’ਤੇ ਹੈ। ਇਸ ਦੇ ਮੁੱਖ ਕਾਰਨ ਦੇਰ ਨਾਲ ਵਿਆਹ ਹੋਣਾ, ਗਰਭਵਤੀ ਹੋਣ ਵਿੱਚ ਦੇਰੀ, ਦੁੱਧ ਘੱਟ ਚੁੰਘਾਉਣਾ, ਤਣਾਅ ਵੱਧਣਾ, ਜੀਵਨ ਸ਼ੈਲੀ ਅਤੇ ਮੋਟਾਪਾ ਹੈ।
ਡਾ. ਚੁਫਾਲ ਦਾ ਮੁਲਾਂਕਣ ਹੁਣ ਰਿਪੋਰਟ ਵਿਚਲੇ ਅੰਕੜਿਆਂ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ।
ਇਸ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰ ਜਿੱਥੇ ਛਾਤੀ ਦੇ ਕੈਂਸਰ ਦੇ ਮਾਮਲਿਆਂ ਦੀ ਗਿਣਤੀ 3,77,830 ਹੈ, ਉਹੀ ਸਾਲ 2025 ਤੱਕ ਵੱਧ ਕੇ 4,27,273 ਹੋ ਜਾਵੇਗੀ। ਇਸ ਸਮੇਂ ਭਾਰਤ ਵਿੱਚ ਕੈਂਸਰ ਦੇ ਕੁੱਲ ਮਾਮਲਿਆਂ ਵਿੱਚੋਂ ਛਾਤੀ ਦੇ ਮਾਮਲੇ 14 ਫੀਸਦ ਹਨ।
ਪਰ ਇਹ ਰਿਪੋਰਟ ਇੱਕ ਨਵੀਂ ਗੱਲ ਦੱਸਦੀ ਹੈ ਕਿ ਛਾਤੀ ਦੇ ਕੈਂਸਰ ਦੇ ਜ਼ਿਆਦਾਤਰ ਮਾਮਲੇ ਮੈਟਰੋ ਸ਼ਹਿਰਾਂ ਵਿੱਚ ਸਾਹਮਣੇ ਆ ਰਹੇ ਹਨ।
ਵੱਧ ਤੋਂ ਵੱਧ ਛਾਤੀ ਦੇ ਕੈਂਸਰ ਦੇ ਮਾਮਲਿਆਂ ਦੇ ਲਿਹਾਜ਼ ਨਾਲ ਹੈਦਰਾਬਾਦ ਪਹਿਲੇ ਨੰਬਰ 'ਤੇ ਹੈ, ਚੇਨਈ ਦੂਜੇ ਨੰਬਰ 'ਤੇ, ਬੰਗਲੁਰੂ ਤੀਜੇ ਨੰਬਰ 'ਤੇ ਅਤੇ ਦਿੱਲੀ ਚੌਥੇ ਨੰਬਰ 'ਤੇ ਆਉਂਦਾ ਹੈ।
ਕੈਂਸਰ ਤੋਂ ਬਚਾਅ ਲਈ ਕੀ ਕਰੀਏ?
ਮਾਹਿਰਾਂ ਅਨੁਸਾਰ ਕੈਂਸਰ ਤੋਂ ਬਚਣ ਲਈ ਤੰਬਾਕੂ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦੇਣੀ ਚਾਹੀਦੀ ਹੈ।
ਆਈਸੀਐੱਮਆਰ ਦੀ ਰਿਪੋਰਟ ਵਿੱਚ ਇਹ ਵੀ ਸਪਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਸਿਗਰਟ ਪੀਣਾ, ਚਬਾਉਣ ਵਾਲੇ ਤੰਬਾਕੂ ਦੀ ਵਰਤੋਂ ਅਤੇ ਸੈਕੇਂਡ ਹੈਂਡ ਸਮੋਕਿੰਗ ਯਾਨਿ ਕਿ ਸਿਗਰਟ ਪੀਂਦੇ ਹੋਏ ਵਿਅਕਤੀ ਨਾਲ ਖੜ੍ਹੇ ਹੋਣਾ ਬਹੁਤ ਖ਼ਤਰਨਾਕ ਹੈ।
ਇਹ ਵੀ ਪੜ੍ਹੋ:
ਇਸਦੇ ਨਾਲ ਹੀ ਇਹ ਰਿਪੋਰਟ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਵਧਾਉਣ ਦੀ ਸਲਾਹ ਦਿੰਦੀ ਹੈ ਅਤੇ ਲੰਬੇ ਸਮੇਂ ਤੱਕ ਇੱਕ ਹੀ ਥਾਂ ਜਗ੍ਹਾ 'ਤੇ ਬੈਠਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੰਦੀ ਹੈ।
ਇਸ ਤੋਂ ਇਲਾਵਾ ਲੋਕਾਂ ਨੂੰ ਘੱਟ ਨਮਕ, ਘੱਟ ਚੀਨੀ ਅਤੇ ਘੱਟ ਚਰਬੀ ਵਾਲੇ ਖਾਣੇ ਨੂੰ ਤਰਜੀਹ ਦੇਣੀ ਚਾਹੀਦੀ ਹੈ ਤੇ ਹਦਾਇਤ ਕਰਦੀ ਹੈ ਕਿ ਹਰੀਆਂ ਸਬਜ਼ੀਆਂ ਅਤੇ ਤਾਜ਼ੇ ਫਲ ਆਦਿ ਖਾਣੇ ਚਾਹੀਦੇ ਹਨ।
ਇਹ ਵੀ ਦੇਖੋ: