ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਦਾ ਕਾਫ਼ਲਾ ਰੋਕਣ ਨਾਲ ਜੁੜੇ ਸਵਾਲ ਜਿਨ੍ਹਾਂ ਦੇ ਜਵਾਬ ਮਿਲੇ ਹਨ ਤੇ ਜਿਨ੍ਹਾਂ ਦਾ ਜਵਾਬ ਮਿਲਣਾ ਬਾਕੀ ਹੈ

ਉਹ ਪੁਲ ਜਿੱਥੇ ਪ੍ਰਧਾਨ ਮੰਤਰੀ ਦਾ ਕਾਫ਼ਲਾ ਰੁਕਿਆ

ਤਸਵੀਰ ਸਰੋਤ, SURINDER MANN/BBC

ਤਸਵੀਰ ਕੈਪਸ਼ਨ, ਉਹ ਪੁਲ ਜਿੱਥੇ ਪ੍ਰਧਾਨ ਮੰਤਰੀ ਦਾ ਕਾਫ਼ਲਾ ਰੁਕਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਵਿਖੇ ਰੈਲੀ ਤੋਂ ਪਹਿਲਾਂ ਸੁਰੱਖਿਆ ਵਿੱਚ ਹੋਈ ਅਣਗਹਿਲੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਇਸ ਦੀ ਜਾਂਚ ਲਈ ਕਮੇਟੀਆਂ ਬਣਾਈਆਂ ਗਈਆਂ ਸਨ। ਸੁਪਰੀਮ ਕੋਰਟ ਨੇ ਫਿਲਹਾਲ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਜਾਂਚ ਕਰਨ ਤੋਂ ਰੋਕਿਆ ਹੈ।

5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪੰਜਾਬ ਫੇਰੀ ਦੌਰਾਨ ਫਿਰੋਜ਼ਪੁਰ ਵਿਖੇ ਰੈਲੀ ਅਤੇ ਹੁਸੈਨੀਵਾਲਾ ਵਿਖੇ ਨਤਮਸਤਕ ਹੋਣਾ ਸੀ। ਪੰਜਾਬ ਲਈ ਕਈ ਯੋਜਨਾਵਾਂ ਦੀ ਸ਼ੁਰੂਆਤ ਵੀ ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਨੇ ਕਰਨੀ ਸੀ।

ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਪੰਜਾਬ ਦੌਰਾ ਅਤੇ ਭਾਜਪਾ ਦਾ ਵੱਡਾ ਸਿਆਸੀ ਪ੍ਰੋਗਰਾਮ ਸੀ।

ਇਹ ਵੀ ਪੜ੍ਹੋ:

ਵੀਡੀਓ: ਪੀਐੱਮ ਮੋਦੀ ਦਾ ਕਾਫ਼ਲਾ ਫਿਰੋਜ਼ਪੁਰ ਫਲਾਈਓਵਰ 'ਤੇ ਪਹੁੰਚਣ ਸਮੇਂ ਚਸ਼ਮਦੀਦਾਂ ਨੇ ਕੀ ਵੇਖਿਆ

ਵੀਡੀਓ ਕੈਪਸ਼ਨ, ਪੀਐਮ ਮੋਦੀ ਦੀ ਰੈਲੀ

ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦੌਰਾਨ ਬਠਿੰਡਾ ਤੋਂ ਫ਼ਿਰੋਜ਼ਪੁਰ ਦਾ ਸਫਰ ਐਮਆਈ-17 ਹੈਲੀਕਾਪਟਰ ਰਾਹੀਂ ਕੀਤਾ ਜਾਣਾ ਸੀ। ਮੌਸਮ ਵਿੱਚ ਤਬਦੀਲੀ ਕਰਕੇ ਇਹ ਸਫ਼ਰ ਹੈਲੀਕਾਪਟਰ ਦੀ ਥਾਂ ਸੜਕ ਰਾਹੀਂ ਤੈਅ ਕਰਨ ਦਾ ਫੈਸਲਾ ਹੋਇਆ।

ਪ੍ਰਧਾਨ ਮੰਤਰੀ ਨੇ ਸੜਕ ਰਾਹੀਂ ਬਠਿੰਡਾ ਤੋਂ ਸਫ਼ਰ ਕੀਤਾ। ਇਸ ਦੌਰਾਨ ਫਿਰੋਜ਼ਪੁਰ ਦੇ ਪਿੰਡ ਪਿਆਰੇਆਣਾ ਨੇੜੇ ਸੜਕ ਉੱਤੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ 15-20 ਮਿੰਟਾਂ ਤੱਕ ਰੁਕਿਆ। ਉਸ ਮਗਰੋਂ ਇਹ ਕਾਫ਼ਲਾ ਵਾਪਸ ਦਿੱਲੀ ਵੱਲ ਰਵਾਨਾ ਹੋ ਗਿਆ।

ਫਿਰੋਜ਼ਪੁਰ ਕੋਲ ਪ੍ਰਧਾਨ ਮੰਤਰੀ ਦਾ ਕਾਫਿਲਾ ਰੁਕਣ ਦੀ ਇਸ ਘਟਨਾ ਨੂੰ ਸੁਰੱਖਿਆ ਵਿੱਚ ਅਣਗਹਿਲੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਅਸੀਂ ਇਸ ਰਿਪੋਰਟ ਵਿੱਚ ਉਨ੍ਹਾਂ ਸਵਾਲਾਂ ਦੇ ਜਵਾਬ ਦੇ ਰਹੇ ਹਾਂ ਜੋ ਮਹੱਤਵਪੂਰਨ ਹਨ। ਇਸ ਤੋਂ ਇਲਾਵਾ ਉਹ ਸਵਾਲ ਚੁੱਕ ਰਹੇ ਹਾਂ ਜਿਨ੍ਹਾਂ ਦਾ ਜਵਾਬ ਮਿਲਣਾ ਅਜੇ ਬਾਕੀ ਹੈ।

ਸਵਾਲ ਜਿਨ੍ਹਾਂ ਦੇ ਜਵਾਬ ਸਾਡੇ ਕੋਲ ਹਨ

1. ਕੌਣ ਸਨ ਪ੍ਰਦਰਸ਼ਨਕਾਰੀ ਅਤੇ ਕਿਉਂ ਵਿਰੋਧ ਕਰ ਰਹੇ ਸਨ?

ਇਹ ਪ੍ਰਦਰਸ਼ਨਕਾਰੀ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਸਨ।

ਸੰਯੁਕਤ ਕਿਸਾਨ ਮੋਰਚਾ ਵੱਲੋਂ 6 ਜਨਵਰੀ ਨੂੰ ਜਾਰੀ ਕੀਤੇ ਬਿਆਨ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ 10 ਕਿਸਾਨ ਸੰਗਠਨਾਂ ਵੱਲੋਂ ਪ੍ਰਧਾਨ ਮੰਤਰੀ ਦੀ ਰੈਲੀ ਦੇ ਸੰਕੇਤਕ ਵਿਰੋਧ ਦਾ ਐਲਾਨ ਕੀਤਾ ਗਿਆ ਸੀ।

ਵਿਰੋਧ ਦਾ ਕਾਰਨ ਲਖੀਮਪੁਰ ਖੀਰੀ ਮਾਮਲੇ ਵਿੱਚ ਅਜੇ ਮਿਸ਼ਰਾ ਟੇਨੀ ਦੀ ਗ੍ਰਿਫ਼ਤਾਰੀ ਦੀ ਮੰਗ ਅਤੇ ਕਿਸਾਨਾਂ ਦੀਆਂ ਬਕਾਇਆ ਮੰਗਾਂ ਸੀ।

ਇਨ੍ਹਾਂ ਵਿੱਚ ਐੱਮਐੱਸਪੀ ਅਤੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਉੱਪਰ ਹੋਏ ਪੁਲਿਸ ਕੇਸ ਵਾਪਿਸ ਲੈਣ ਦੀ ਮੰਗ ਸ਼ਾਮਿਲ ਸੀ।

ਬੁੱਧਵਾਰ ਨੂੰ ਫਿਰੋਜ਼ਪੁਰ ਜਾਂਦੇ ਸਮੇਂ ਰਸਤੇ ਵਿੱਚ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ ਸੀ।

ਤਸਵੀਰ ਸਰੋਤ, MHA

ਤਸਵੀਰ ਕੈਪਸ਼ਨ, ਬੁੱਧਵਾਰ ਨੂੰ ਫਿਰੋਜ਼ਪੁਰ ਜਾਂਦੇ ਸਮੇਂ ਰਸਤੇ ਵਿੱਚ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ ਸੀ।

2. ਕੀ ਮੁਜ਼ਾਹਰੇ ਵਿੱਚ ਮੌਜੂਦ ਲੋਕਾਂ ਨੂੰ ਕਾਫਲੇ ਵਿੱਚ ਪੀਐੱਮ ਮੋਦੀ ਦੇ ਹੋਣ ਬਾਰੇ ਪਤਾ ਸੀ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿਸ ਸੜਕ ਉੱਤੇ ਰੋਕਿਆ ਹੈ ਉੱਥੇ ਧਰਨੇ 'ਤੇ ਬੈਠੇ ਕਿਸਾਨ ਆਗੂ ਬਲਦੇਵ ਸਿੰਘ ਨੇ ਬੀਬੀਸੀ ਨੂੰ ਦੱਸਿਆ, ਮੇਰੀ ਅਗਵਾਈ ਵਿੱਚ ਡੇਢ ਸੌ ਦੇ ਕਰੀਬ ਕਿਸਾਨ ਫ਼ਿਰੋਜ਼ਪੁਰ ਜਾ ਰਹੇ ਸਨ।"

"ਅਸੀਂ ਆਪਣੀ ਜਥੇਬੰਦੀ ਵੱਲੋਂ ਨਿਰਧਾਰਤ ਕੀਤੇ ਗਏ ਪ੍ਰੋਗਰਾਮ ਮੁਤਾਬਕ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਨਾ ਸੀ।"

"ਪਰ ਰਸਤੇ ਵਿਚ ਅਜਿਹਾ ਵਾਪਰਿਆ, ਜਿਸ ਦਾ ਸਾਨੂੰ ਇਲਮ ਨਹੀਂ ਸੀ।"

"ਜਿਵੇਂ ਹੀ ਸਾਡੇ ਕਿਸਾਨਾਂ ਦਾ ਕਾਫ਼ਲਾ ਪਿੰਡ ਪਿਆਰੇਆਣਾ ਨੇੜੇ ਪੁੱਜਾ ਤਾਂ ਪੁਲਿਸ ਨੇ ਨੈਸ਼ਨਲ ਹਾਈਵੇ ਉੱਪਰ ਹੀ ਸਾਨੂੰ ਰੋਕ ਲਿਆ। ਮੈਂ ਦਿਲ ਉੱਪਰ ਹੱਥ ਰੱਖ ਕੇ ਕਹਿ ਸਕਦਾ ਹਾਂ ਕਿ ਸਾਨੂੰ ਉਸ ਬਾਰੇ ਕੋਈ ਇਲਮ ਨਹੀਂ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੜਕ ਉਪਰੋਂ ਲੰਘਣਗੇ।"

ਬਲਦੇਵ ਸਿੰਘ ਅੱਗੇ ਕਹਿੰਦੇ ਹਨ, "ਸਾਨੂੰ ਤਾਂ ਪੁਲਿਸ ਪ੍ਰਸ਼ਾਸਨ ਨੇ ਇਹੀ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਬੱਸਾਂ ਰਾਹੀਂ ਇੱਥੋਂ ਰੈਲੀ ਲਈ ਲੰਘਣ ਦਿੱਤਾ ਜਾਵੇ ਅਤੇ ਅਸੀਂ ਰਾਜ਼ੀ ਵੀ ਹੋ ਗਏ।"

"ਪਰ ਜਦੋਂ ਭਾਜਪਾ ਵਰਕਰ ਹਿੰਸਾ ਉੱਪਰ ਉਤਾਰੂ ਹੋਏ ਤਾਂ ਫਿਰ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਦੱਸ ਦਿੱਤਾ ਕਿ ਉਹ ਕਿਸੇ ਵੀ ਹਾਲਤ ਵਿੱਚ ਰਾਹ ਨਹੀਂ ਖੋਲ੍ਹਣਗੇ।"

ਵੀਡੀਓ: ਮੋਦੀ ਦਾ ਕਾਫ਼ਲਾ ਰੁਕਣ ਤੋਂ ਲੈਕੇ ਫਿਰੋਜ਼ਪੁਰ ਰੈਲੀ ਰੱਦ ਹੋਣ ਤੱਕ ਦੀ ਪੂਰੀ ਕਹਾਣੀ

ਵੀਡੀਓ ਕੈਪਸ਼ਨ, ਪੀਐਮ ਮੋਦੀ ਦੀ ਰੈਲੀ

3. ਕੀ ਇਹ ਪ੍ਰਦਰਸ਼ਨਕਾਰੀ ਕਿਸੇ ਵੱਲੋਂ ਭੇਜੇ ਗਏ ਸਨ ਜਾਂ ਆਪ ਹੀ ਵਿਰੋਧ ਕਰਨ ਆਏ ਸਨ?

ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਸੰਕੇਤਕ ਵਿਰੋਧ ਬਾਰੇ ਪਹਿਲਾਂ ਹੀ ਤੈਅ ਹੋ ਚੁੱਕਿਆ ਸੀ ਅਤੇ ਇਹ ਪ੍ਰਦਰਸ਼ਨਕਾਰੀ ਕਿਸਾਨ ਆਪ ਹੀ ਵਿਰੋਧ ਕਰਨ ਲਈ ਪਹੁੰਚੇ ਸਨ।

ਵਿਰੋਧ ਵਜੋਂ 2 ਜਨਵਰੀ ਨੂੰ ਪੂਰੇ ਪੰਜਾਬ ਵਿੱਚ ਪਿੰਡ ਪੱਧਰ 'ਤੇ ਅਤੇ 5 ਜਨਵਰੀ ਨੂੰ ਜ਼ਿਲ੍ਹਾ ਅਤੇ ਤਹਿਸੀਲ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਐਲਾਨੇ ਗਏ ਸਨ।

ਸੰਯੁਕਤ ਕਿਸਾਨ ਮੋਰਚੇ ਮੁਤਾਬਕ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਰੋਕਣ ਜਾਂ ਉਨ੍ਹਾਂ ਦੇ ਰੈਲੀ ਵਿੱਚ ਅੜਚਨ ਪਾਉਣ ਦਾ ਕੋਈ ਪ੍ਰੋਗਰਾਮ ਇਨ੍ਹਾਂ ਸੰਗਠਨਾਂ ਦਾ ਨਹੀਂ ਸੀ।

ਲਾਈਨ

ਕੀ ਹੋਇਆ- ਪੰਜ ਨੁਕਤਿਆਂ ਵਿੱਚ ਸਮਝੋ

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇੱਕ ਦਿਨਾਂ ਸਰਕਾਰੀ ਦੌਰੇ ’ਤੇ ਪੰਜਾਬ ਵਿੱਚ ਸਨ। ਇਸ ਦੌਰਾਨ ਉਨ੍ਹਾਂ ਨੇ ਫਿਰੋਜ਼ਪੁਰ ਵਿੱਚ ਪੀਜੀਆਈ ਦੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਾ ਸੀ।
  • ਪੀਐੱਮ ਨੇ ਬਠਿੰਡੇ ਤੋਂ ਹੈਲੀਕਾਪਟਰ ਰਾਹੀਂ ਹੁਸੈਨੀਵਾਲਾ ਬਾਰਡਰ ਜਾਣਾ ਸੀ ਪਰ ਯਾਦਗਾਰ ਤੋਂ 30 ਕਿੱਲੋਮੀਟਰ ਉਰੇ ਜਦੋਂ ਪ੍ਰਧਾਨ ਮੰਤਰੀ ਦਾ ਕਾਫ਼ਲਾ ਇੱਕ ਪੁਲ ਤੇ ਪਹੁੰਚਿਆ ਤਾਂ ਪਤਾ ਲੱਗਿਆ ਕਿ ਕੁਝ ਮੁਜ਼ਾਹਾਰਾਕਾਰੀਆਂ ਵੱਲੋਂ ਸੜਕ ਜਾਮ ਕੀਤੀ ਹੋਈ ਹੈ।
  • ਪੀਐਮ ਉਸ ਜਾਮ ਵਿੱਚ 15-20 ਮਿੰਟ ਫ਼ਸੇ ਰਹੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਨੂੰ ਸੁਰੱਖਿਆ ਵਿੱਚ ਕੁਤਾਹੀ ਦੱਸਿਆ। ਉੱਥੋਂ ਪੀਐਮ ਦਾ ਕਾਫ਼ਲਾ ਵਾਪਸ ਬਠਿੰਡਾ ਹਵਾਈ ਅੱਡੇ ਵੱਲ ਚੱਲ ਪਿਆ ਅਤੇ ਰੈਲੀ ਰੱਦ ਕਰ ਦਿੱਤੀ ਗਈ।
  • ਬੀਜੇਪੀ ਲੀਡਰਸ਼ਿਪ ਦਾ ਇਲਜ਼ਾਮ ਹੈ ਕਿ ਪੰਜਾਬ ਦੇ ਡੀਜੀਪੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਰਸਤਾ ਸਾਫ਼ ਹੈ ਤਾਂ ਕੀ ਉਹ ਝੂਠ ਬੋਲ ਰਹੇ ਸਨ। ਪ੍ਰਧਾਨ ਮੰਤਰੀ ਪੁਲ ਉੱਪਰੋਂ ਜਾ ਰਹੇ ਹਨ, ਇਹ ਜਾਣਕਾਰੀ ਪੁਲ ਉੱਪਰ ਜਾ ਖੜ੍ਹਨ ਵਾਲੇ ਮੁ਼ਜ਼ਾਹਰਾਕਾਰੀਆਂ ਨੂੰ ਕਿਸ ਨੇ ਦਿੱਤੀ।
  • ਪੰਜਾਬ ਦੇ ਮੁੱਖ ਮੰਤਰੀ ਸਮੇਤ ਕਾਂਗਰਸ ਦੀ ਲੀਡਰਸ਼ਿਪ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਗ੍ਰਹਿ ਮੰਤਰਾਲਾ ਅਤੇ ਬੀਜੇਪੀ ਲੀਡਰਸ਼ਿਪ ਦੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ।
ਲਾਈਨ

4. ਕੀ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਭਾਜਪਾ ਸਮਰਥਕਾਂ ਨੂੰ ਰੋਕਿਆ ਗਿਆ?

ਕਈ ਜਗ੍ਹਾ ਤੋਂ ਅਜਿਹੀਆਂ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਏ ਸਨ ਜਿਸ ਵਿੱਚ ਕਿਸਾਨ ਪ੍ਰਦਰਸ਼ਨਕਾਰੀਆਂ ਵੱਲੋਂ ਭਾਜਪਾ ਸਮਰਥਕਾਂ ਦੇ ਵਾਹਨਾਂ ਨੂੰ ਫਿਰੋਜ਼ਪੁਰ ਰੈਲੀ ਵੱਲ ਜਾਣ ਤੋਂ ਰੋਕਿਆ ਗਿਆ।

ਕੁਝ ਕਿਸਾਨ ਜਥੇਬੰਦੀਆਂ ਵੱਲੋਂ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ, ਤਰਨਤਾਰਨ-ਫਿਰੋਜ਼ਪੁਰ ਅਤੇ ਜ਼ੀਰਾ-ਫ਼ਿਰੋਜ਼ਪੁਰ ਰੋਡ 'ਤੇ ਬੈਠ ਕੇ ਪ੍ਰਦਰਸ਼ਨ ਕੀਤੇ ਗਏ।

ਕੁਝ ਕਿਸਾਨ ਜਥੇਬੰਦੀਆਂ ਵੱਲੋਂ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ,ਤਰਨਤਾਰਨ-ਫਿਰੋਜ਼ਪੁਰ ਅਤੇ ਜ਼ੀਰਾ-ਫ਼ਿਰੋਜ਼ਪੁਰ ਰੋਡ' ਤੇ ਬੈਠ ਕੇ ਪ੍ਰਦਰਸ਼ਨ ਕੀਤੇ ਗਏ।

ਤਸਵੀਰ ਸਰੋਤ, SURINDER MANN/BBC

ਤਸਵੀਰ ਕੈਪਸ਼ਨ, ਕੁਝ ਕਿਸਾਨ ਜਥੇਬੰਦੀਆਂ ਵੱਲੋਂ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ,ਤਰਨਤਾਰਨ-ਫਿਰੋਜ਼ਪੁਰ ਅਤੇ ਜ਼ੀਰਾ-ਫ਼ਿਰੋਜ਼ਪੁਰ ਰੋਡ' ਤੇ ਬੈਠ ਕੇ ਪ੍ਰਦਰਸ਼ਨ ਕੀਤੇ ਗਏ।

ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ ਨਾਲ ਗੱਲਬਾਤ ਅਤੇ ਅਪੀਲ ਵੀ ਕੀਤੀ ਗਈ ਕਿ ਫ਼ਾਜ਼ਿਲਕਾ, ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੋਰ ਜ਼ਿਲ੍ਹਿਆਂ ਤੋਂ ਆ ਰਹੇ ਭਾਜਪਾ ਸਮਰਥਕਾਂ ਨੂੰ ਆਉਣ ਦਿੱਤਾ ਜਾਵੇ ਅਤੇ ਸੜਕ ਤੋਂ ਧਰਨਾ ਪ੍ਰਦਰਸ਼ਨ ਚੁੱਕ ਦਿੱਤੇ ਜਾਣ।

ਫਾਜ਼ਿਲਕਾ ਰੋਡ ਰਾਹੀਂ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਕੁਝ ਭਾਜਪਾ ਸਮਰਥਕ ਪਹੁੰਚ ਰਹੇ ਸਨ।

ਵੀਡੀਓ: ਪ੍ਰਧਾਨ ਮੰਤਰੀ ਦਾ ਸੁਰੱਖਿਆ ਪ੍ਰੋਟੋਕੋਲ ਕੀ ਹੁੰਦਾ ਹੈ, ਮਾਹਿਰਾਂ ਤੋਂ ਸਮਝੋ

ਵੀਡੀਓ ਕੈਪਸ਼ਨ, ਪ੍ਰਧਾਨ ਮੰਤਰੀ ਦਾ ਸੁਰੱਖਿਆ ਪ੍ਰੋਟੋਕੋਲ ਕੀ ਹੁੰਦਾ ਹੈ, ਸਾਬਕਾ ਡੀਜੀਪੀ ਤੋਂ ਸਮਝੋ ਪ੍ਰਕਿਰਿਆ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਆਖਿਆ ਗਿਆ ਸੀ ਕਿ ਜੇਕਰ ਸਰਕਾਰ ਲਿਖਤੀ ਤੌਰ ’ਤੇ ਉਨ੍ਹਾਂ ਦੀਆਂ ਬਾਕੀ ਮੰਗਾਂ ਮੰਨਦੀ ਹੈ ਤਾਂ ਉਹ ਸੜਕ ਤੋਂ ਧਰਨਾ ਚੁੱਕ ਦੇਣਗੇ ਅਤੇ ਸ਼ੇਰਸ਼ਾਹਵਾਲੀ ਇਲਾਕੇ ਕੋਲ ਆਪਣੀ ਰੈਲੀ ਕਰਨਗੇ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਖਿਆ ਗਿਆ ਸੀ ਕਿ ਉਹ ਪ੍ਰਧਾਨ ਮੰਤਰੀ ਦੀ ਰੈਲੀ ਵੱਲ ਨਹੀਂ ਜਾਣਗੇ।

ਪ੍ਰਧਾਨ ਮੰਤਰੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਆਗੂਆਂ ਨਾਲ ਬੈਠਕ ਕਰਨ ਬਾਰੇ ਭਾਜਪਾ ਨੇਤਾਵਾਂ ਵੱਲੋਂ ਮਿਲੇ ਭਰੋਸੇ ਮਗਰੋਂ ਬੁੱਧਵਾਰ ਸਵੇਰੇ ਕੁਝ ਹੱਦ ਤੱਕ ਸੜਕਾਂ ਨੂੰ ਖੋਲ੍ਹਿਆ ਗਿਆ ਸੀ।

5. ਕਿਸਾਨ ਕਿੰਨੀ ਦੇਰ ਤੱਕ ਪੀਐੱਮ ਦੇ ਕਾਫ਼ਲੇ ਵਾਲੀ ਸੜਕ ’ਤੇ ਰਹੇ?

ਪ੍ਰਧਾਨ ਮੰਤਰੀ ਦੀ ਰੈਲੀ ਤੋਂ ਇੱਕ ਦਿਨ ਪਹਿਲਾਂ ਹੀ ਕਿਸਾਨਾਂ ਵੱਲੋਂ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ।

ਉਸ ਤੋਂ ਬਾਅਦ ਲਗਭਗ ਬਾਰਾਂ ਘੰਟੇ ਸੜਕਾਂ ਰੋਕਣ ਤੋਂ ਬਾਅਦ ਫ਼ਿਰੋਜ਼ਪੁਰ ਦੇ ਕੁਲਗੜ੍ਹੀ ਇਲਾਕੇ ਵਿੱਚ ਕਿਸਾਨ ਯੂਨੀਅਨ ਦੇ ਮੈਂਬਰ ਇਕੱਠੇ ਹੋਏ। ਪ੍ਰਧਾਨ ਮੰਤਰੀ ਦੇ ਕਾਫਲੇ ਦੇ ਵਾਪਸ ਮੁੜਨ ਦੇ ਕੁਝ ਘੰਟਿਆਂ ਮਗਰੋਂ ਕਿਸਾਨ ਧਰਨੇ ਤੋਂ ਉੱਠ ਗਏ।

ਫਿਰੋਜ਼ਪੁਰ ਵਿੱਚ ਕਈ ਥਾਂ ਕਿਸਾਨ ਸੜਕਾਂ ਉੱਤੇ ਬੈਠੇ ਸਨ

ਤਸਵੀਰ ਸਰੋਤ, SURINDER MAAN/BBC

ਤਸਵੀਰ ਕੈਪਸ਼ਨ, ਫਿਰੋਜ਼ਪੁਰ ਵਿੱਚ ਕਈ ਥਾਂ ਕਿਸਾਨ ਸੜਕਾਂ ਉੱਤੇ ਬੈਠੇ ਸਨ

ਉਹ ਸਵਾਲ ਜਿਨ੍ਹਾਂ ਦੇ ਜਵਾਬ ਮਿਲਣੇ ਹਨ ਬਾਕੀ

  • ਕੀ ਪੰਜਾਬ ਸਰਕਾਰ, ਡੀਜੀਪੀ ਅਤੇ ਮੁੱਖ ਸਕੱਤਰ ਵੱਲੋਂ ਬਦਲਾਅ ਦੀ ਸੂਰਤ ਵਿੱਚ ਵੈਕਲਪਿਕ ਰਾਹ ਨਹੀਂ ਬਣਾਇਆ ਗਿਆ ਸੀ?
  • ਕੀ ਪੰਜਾਬ ਪੁਲਿਸ ਨੂੰ ਸਮੇਂ ਸਿਰ ਪ੍ਰਧਾਨ ਮੰਤਰੀ ਦੇ ਸੜਕ ਰਾਹੀਂ ਸਫ਼ਰ ਕਰਨ ਦੀ ਜਾਣਕਾਰੀ ਮਿਲੀ ਸੀ?
  • ਪ੍ਰਧਾਨ ਮੰਤਰੀ ਦੇ ਸੜਕ ਰਾਹੀਂ ਸਫ਼ਰ ਕਰਨ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਸੜਕ ਤੋਂ ਲੋਕਾਂ ਨੂੰ ਹਟਾਉਣ ਵਿੱਚ ਨਾਕਾਮ ਕਿਉਂ ਰਹੀ?
  • ਕੀ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਅਜਿਹੇ ਮੌਸਮ ਵਿੱਚ ਉਡਾਣ ਨਹੀਂ ਭਰ ਸਕਦਾ?
  • ਭਾਜਪਾ ਦੇ ਝੰਡੇ ਚੁੱਕੀ ਲੋਕ ਪ੍ਰਧਾਨ ਮੰਤਰੀ ਦੀ ਗੱਡੀ ਦੇ ਕਰੀਬ ਕਿਵੇਂ ਪਹੁੰਚੇ?

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)