ਕੋਰੋਨਾਵਾਇਰਸ: WHO ਦੀ ਚੇਤਾਵਨੀ - ਓਮੀਕਰੋਨ ਨੂੰ ਡੈਲਟਾ ਵਰਗਾ ਖ਼ਤਰਨਾਕ ਨਾ ਸਮਝਣਾ ਭੁੱਲ ਹੈ - ਪ੍ਰੈੱਸ ਰੀਵਿਊ

ਤਸਵੀਰ ਸਰੋਤ, Getty Images
ਵਿਸ਼ਵ ਸਿਹਤ ਸੰਗਠਨ ਨੇ ਵੀਰਵਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਕੋਵਿਡ-19 ਦਾ ਓਮੀਕਰੋਨ ਰੂਪ ਦੁਨੀਆਂ ਭਰ ਦੇ ਲੋਕਾਂ ਨੂੰ ਮਾਰ ਰਿਹਾ ਹੈ ਅਤੇ ਇਸ ਨੂੰ ਹਲਕਾ ਸਮਝ ਕੇ ਖਾਰਜ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਡਬਲਿਯੂਐੱਚਓ ਦੇ ਮੁਖੀ ਟੇਡਰੋਸ ਅਡਨੋਮ ਨੇ ਕਿਹਾ ਕਿ ਵੱਡੀ ਗਿਣਤੀ 'ਚ ਲੋਕ ਨਵੇਂ ਵੇਰੀਐਂਟ ਦੀ ਚਪੇਟ 'ਚ ਆ ਰਹੇ ਹਨ, ਜੋ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਪਹਿਲਾਂ ਤੋਂ ਪ੍ਰਭਾਵੀ ਡੈਲਟਾ ਵੇਰੀਐਂਟ ਨੂੰ ਵੀ ਤੇਜ਼ੀ ਨਾਲ ਪਿੱਛੇ ਛੱਡ ਰਿਹਾ ਹੈ ਅਤੇ ਜਿਸ ਦਾ ਮਤਲਬ ਹੈ ਕਿ ਹਸਪਤਾਲਾਂ 'ਤੇ ਦਬਾਅ ਪੈ ਰਿਹਾ ਹੈ।
ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਟੇਡਰੋਸ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਹਾਲਾਂਕਿ ਓਮੀਕਰੋਨ ਡੈਲਟਾ ਦੇ ਮੁਕਾਬਲੇ ਘੱਟ ਗੰਭੀਰ ਲੱਗਦਾ ਹੈ, ਖਾਸ ਤੌਰ 'ਤੇ ਟੀਕੇ ਲਗਾਏ ਗਏ ਲੋਕਾਂ ਵਿੱਚ, ਇਸਦਾ ਮਤਲਬ ਇਹ ਨਹੀਂ ਹੈ ਕਿ ਇਸਨੂੰ ਹਲਕੇ ਵਿੱਚ ਲਿਆ ਜਾਵੇ।"

ਤਸਵੀਰ ਸਰੋਤ, Twitter/who
ਉਨ੍ਹਾਂ ਸਮਝਾਉਂਦੇ ਹੋਏ ਕਿਹਾ, "ਪਿਛਲੇ ਵੇਰੀਐਂਟਾਂ ਵਾਂਗ, ਓਮੀਕਰੋਨ ਲੋਕਾਂ ਨੂੰ ਹਸਪਤਾਲ ਭੇਜ ਰਿਹਾ ਹੈ ਅਤੇ ਇਹ ਲੋਕਾਂ ਨੂੰ ਮਾਰ ਰਿਹਾ ਹੈ।"
"ਬਲਕਿ, ਇਸ ਦੇ ਮਾਮਲਿਆਂ ਦੀ ਸੁਨਾਮੀ ਇੰਨੀ ਵੱਡੀ ਅਤੇ ਤੇਜ਼ ਹੈ ਕਿ ਇਹ ਦੁਨੀਆਂ ਭਰ ਦੀਆਂ ਸਿਹਤ ਪ੍ਰਣਾਲੀਆਂ 'ਤੇ ਹਾਵੀ ਹੋ ਰਿਹਾ ਹੈ।"
ਇਸ ਦੇ ਨਾਲ ਹੀ ਉਨ੍ਹਾਂ ਨੇ ਕੋਵਿਡ -19 ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ, ਦੁਨੀਆਂ ਭਰ ਦੇ ਦੇਸ਼ਾਂ ਨੂੰ ਅਪੀਲ ਕੀਤੀ ਕਿ 2022 ਵਿੱਚ ਵੈਕਸੀਨ ਦੀਆਂ ਖੁਰਾਕਾਂ ਨੂੰ ਵਧੇਰੇ ਨਿਰਪੱਖਤਾ ਨਾਲ ਸਾਂਝਾ ਕੀਤਾ ਜਾਵੇ।
ਇਹ ਵੀ ਪੜ੍ਹੋ:
ਚੀਨ ਦੀਆਂ ਤਾਜ਼ਾ ਕਾਰਵਾਈਆਂ 'ਤੇ ਭਾਰਤ ਦੀ ਸਖ਼ਤ ਪ੍ਰਤੀਕਿਰਿਆ, ਕਿਹਾ 'ਹਾਸੋਹੀਣਾ'
ਭਾਰਤ ਨੇ ਵੀਰਵਾਰ ਨੂੰ ਚੀਨ ਦੀਆਂ ਤਾਜ਼ਾ ਕਾਰਵਾਈਆਂ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ, ਅਰੁਣਾਚਲ ਪ੍ਰਦੇਸ਼ ਵਿੱਚ ਥਾਵਾਂ ਦੇ ਨਾਮ ਦੇਣ ਦੀ ਕਾਰਵਾਈ ਨੂੰ "ਅਸਥਿਰ ਦਾਅਵਿਆਂ" ਦਾ ਸਮਰਥਨ ਕਰਨ ਦਾ ਇੱਕ "ਹਾਸੋਹੀਣਾ ਕੋਸ਼ਿਸ਼" ਕਿਹਾ ਹੈ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਇਹ ਟਿੱਪਣੀਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੀਰਵਾਰ ਨੂੰ ਇੱਕ ਵਰਚੁਅਲ ਬ੍ਰੀਫਿੰਗ ਦੌਰਾਨ ਕੀਤੀਆਂ।
ਉਨ੍ਹਾਂ ਕਿਹਾ, "ਟੂਟਿੰਗ ਨੂੰ "ਡੌਡੇਂਗ" ਜਾਂ ਸਿਓਮ ਨਦੀ ਨੂੰ "ਜ਼ੀਯੂਏਮੂ" ਜਾਂ ਕਿਬਿਥੂ ਨੂੰ "ਡਾਬਾ" ਕਹਿਣਾ ਇਸ ਤੱਥ ਨੂੰ ਨਹੀਂ ਬਦਲਦਾ ਕਿ ਅਰੁਣਾਚਲ ਪ੍ਰਦੇਸ਼ ਹਮੇਸ਼ਾ ਭਾਰਤ ਦਾ ਇੱਕ ਅਟੁੱਟ ਹਿੱਸਾ ਰਿਹਾ ਹੈ ਅਤੇ ਰਹੇਗਾ।”

ਤਸਵੀਰ ਸਰੋਤ, Getty Images
"ਸਾਨੂੰ ਉਮੀਦ ਹੈ ਕਿ ਅਜਿਹੀਆਂ ਹਰਕਤਾਂ ਵਿੱਚ ਸ਼ਾਮਲ ਹੋਣ ਦੀ ਬਜਾਏ ਚੀਨ, ਭਾਰਤ-ਚੀਨ ਸਰਹੱਦੀ ਖੇਤਰਾਂ ਵਿੱਚ ਐਲਏਸੀ ਦੇ ਪੱਛਮੀ ਸੈਕਟਰ ਵਿੱਚ ਮੁੱਦੇ ਹੱਲ ਕਰਨ ਲਈ ਸਾਡੇ ਨਾਲ ਰਚਨਾਤਮਕ ਢੰਗ ਨਾਲ ਕੰਮ ਕਰੇਗਾ।"
ਲੰਘੇ ਮਹੀਨੇ, ਚੀਨ ਨੇ ਅਰੁਣਾਚਲ ਪ੍ਰਦੇਸ਼ ਵਿੱਚ 15 ਸਥਾਨਾਂ ਲਈ ਚੀਨੀ ਅੱਖਰਾਂ ਅਤੇ ਤਿੱਬਤੀ ਤੇ ਰੋਮਨ ਅੱਖਰਾਂ ਵਿੱਚ ਨਾਮਾਂ ਦਾ ਐਲਾਨ ਕੀਤਾ ਸੀ। ਚੀਨ ਇਸ ਖੇਤਰ ਦੇ "ਦੱਖਣੀ ਤਿੱਬਤ" ਹੋਣ ਦਾ ਦਾਅਵਾ ਕਰਦਾ ਹੈ।
ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਨੇ ਘੋਸ਼ਣਾ ਕੀਤੀ ਸੀ ਕਿ ਉਨ੍ਹਾਂ ਨੇ ਜ਼ੰਗਨਾਨ (ਅਰੁਣਾਚਲ ਪ੍ਰਦੇਸ਼ ਲਈ ਚੀਨੀ ਨਾਮ) ਵਿੱਚ 15 ਸਥਾਨਾਂ ਦੇ ਨਾਮ "ਪ੍ਰਮਾਣਿਕ" ਕੀਤੇ ਹਨ।
ਭਾਰਤ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਸਥਾਨਾਂ ਨੂੰ ''ਕਾਢ ਕੱਢੇ ਹੋਏ ਨਾਮ ਦੇਣਾ'' ਇਸ ਤੱਥ ਨੂੰ ਨਹੀਂ ਬਦਲਦਾ।
ਇਸ ਤੋਂ ਪਹਿਲਾਂ ਸਾਲ 2017 'ਚ ਵੀ ਚੀਨ ਅਜਿਹੇ ਨਾਵਾਂ ਦੀ ਇੱਕ ਸੂਚੀ ਜਾਰੀ ਕਰ ਚੁੱਕਾ ਹੈ।
ਪਾਕਿਸਤਾਨ ਨੂੰ ਮਿਲ ਸਕਦੀ ਹੈ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ
ਪਾਕਿਸਤਾਨ ਨੂੰ ਸੁਪਰੀਮ ਕੋਰਟ ਦੀ ਆਪਣੀ ਪਹਿਲੀ ਮਹਿਲਾ ਜੱਜ ਮਿਲ ਸਕਦੀ ਹੈ। ਇਸ ਦੇ ਲਈ ਲਾਹੌਰ ਹਾਈ ਕੋਰਟ ਦੀ ਮਹਿਲਾ ਜੱਜ ਆਇਸ਼ਾ ਮਲਿਕ ਦਾ ਨਾਮ ਚੁਣਿਆ ਗਿਆ ਹੈ।

ਤਸਵੀਰ ਸਰੋਤ, Getty Images
ਇੰਡਿਆ ਟੁਡੇ ਦੀ ਖ਼ਬਰ ਮੁਤਾਬਕ, ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਦੀ ਅਗਵਾਈ ਵਾਲੇ ਦਿ ਜਿਊਡੀਸ਼ਿਅਲ ਕਮਿਸ਼ਨ ਆਫ਼ ਪਾਕਿਸਤਾਨ (ਜੇਸੀਪੀ) ਨੇ ਵੀਰਵਾਰ ਨੂੰ ਜਸਟਿਸ ਆਇਸ਼ਾ ਮਲਿਕ ਦੇ ਨਾਮ ਨੂੰ ਚਾਰ ਦੇ ਮੁਕਾਬਲੇ ਪੰਜ ਵੋਟਾਂ ਦੇ ਬਹੁਮਤ ਨਾਲ ਮਨਜ਼ੂਰੀ ਦਿੱਤੀ।
ਇਹ ਦੂਜੀ ਵਾਰ ਸੀ ਜਦੋਂ ਜੇਸੀਪੀ ਨੇ ਜਸਟਿਸ ਆਇਸ਼ਾ ਮਲਿਕ ਦੀ ਤਰੱਕੀ 'ਤੇ ਫੈਸਲਾ ਕਰਨ ਲਈ ਬੈਠਕ ਕੀਤੀ ਸੀ। ਪਿਛਲੇ ਸਾਲ 9 ਸਤੰਬਰ ਨੂੰ ਵੀ ਉਨ੍ਹਾਂ ਦੇ ਨਾਮ 'ਤੇ ਚਰਚਾ ਹੋਈ ਸੀ ਪਰ ਉਸ ਸਮੇਂ ਵਿਚਾਰੇ ਗਏ ਦੋਵਾਂ ਨਾਮਾਂ 'ਤੇ ਚਾਰ-ਚਾਰ ਵੋਟ ਮਿਲੇ ਸਨ ਅਤੇ ਮੁਕਾਬਲਾ ਬਰਾਬਰੀ ਦਾ ਹੋਣ ਕਾਰਨ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ।
ਦੂਜੇ ਪਾਸੇ, ਵੀਰਵਾਰ ਨੂੰ ਪਾਕਿਸਤਾਨ ਬਾਰ ਕੌਂਸਲ (ਪੀਬੀਸੀ) ਨੇ ਧਮਕੀ ਦਿੱਤੀ ਹੈ ਕਿ ਜੇਕਰ ਜੇਪੀਸੀ ਨੇ ਜਸਟਿਸ ਆਇਸ਼ਾ ਮਲਿਕ ਦੇ ਨਾਮ ਨੂੰ ਤਰੱਕੀ ਲਈ ਮਨਜ਼ੂਰੀ ਦਿੱਤੀ ਤਾਂ ਅਦਾਲਤਾਂ ਦਾ ਬਾਈਕਾਟ ਕੀਤਾ ਜਾਵੇਗਾ।
ਆਇਸ਼ਾ ਮਲਿਕ ਹਾਰਵਰਡ ਲਾਅ ਸਕੂਲ ਤੋਂ ਐੱਲਐੱਲਐੱਮ ਸਨਾਤਕ ਹਨ ਅਤੇ ਸਾਲ 2012 ਤੋਂ ਲਾਹੌਰ ਹਾਈ ਕੋਰਟ ਵਿੱਚ ਜੱਜ ਵਜੋਂ ਸੇਵਾਵਾਂ ਦੇ ਰਹੇ ਹਨ। ਇਸ ਤੋਂ ਪਹਿਲਾਂ ਉਹ ਇੱਕ ਪ੍ਰਮੁੱਖ ਕਾਰਪੋਰੇਟ ਅਤੇ ਵਪਾਰਕ ਲਾਅ ਫਰਮ ਵਿੱਚ ਹਿੱਸੇਦਾਰ ਸਨ।
ਵਰਤਮਾਨ ਵਿੱਚ ਆਇਸ਼ਾ ਮਲਿਕ ਲਾਹੌਰ ਹਾਈ ਕੋਰਟ ਵਿੱਚ ਚੌਥੇ ਸਭ ਤੋਂ ਸੀਨੀਅਰ ਜੱਜ ਹਨ। ਉਨ੍ਹਾਂ ਨੂੰ ਆਪਣੇ ਅਨੁਸ਼ਾਸਨ ਅਤੇ ਇਮਾਨਦਾਰੀ ਲਈ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਕਈ ਮੁੱਖ ਸੰਵਿਧਾਨਕ ਮੁੱਦਿਆਂ 'ਤੇ ਫੈਸਲਾ ਸੁਣਾਇਆ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












