ਫਿਰੋਜ਼ਪੁਰ ਵਿੱਚ ਪੀਐੱਮ ਮੋਦੀ ਦੇ ਕਾਫ਼ਲੇ ਨੂੰ ਰੋਕੇ ਜਾਣ ਦੀ ਕਹਾਣੀ ਚਸ਼ਮਦੀਦਾਂ ਦੀ ਜ਼ਬਾਨੀ - ਗਰਾਊਂਡ ਰਿਪੋਰਟ

ਤਸਵੀਰ ਸਰੋਤ, MHA
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
ਦੱਖਣੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਅਧੀਨ ਪੈਂਦੇ ਪਿੰਡ ਪਿਆਰੇਆਣਾ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਾਹੌਲ ਸੀ।
ਵੀਰਵਾਰ ਨੂੰ ਜਦੋਂ ਮੈਂ ਇਸ ਪਿੰਡ ਵਿੱਚ ਗਿਆ ਤਾਂ ਸੱਥਾਂ ਵਿੱਚ ਬੈਠੇ ਲੋਕ ਘੁਸਰ-ਮੁਸਰ ਤਾਂ ਕਰ ਰਹੇ ਸਨ ਪਰ ਖੁੱਲ੍ਹ ਕੇ ਗੱਲ ਕਰਨ ਲਈ ਕੋਈ ਵੀ ਤਿਆਰ ਨਹੀਂ ਸੀ।
ਪਿੰਡ ਦੇ ਬਾਹਰਵਾਰ ਮਿਲੇ ਵੀ ਵਿਅਕਤੀ ਨੂੰ ਜਦੋਂ ਪ੍ਰਧਾਨ ਮੰਤਰੀ ਦੇ ਕਾਫ਼ਲੇ ਸੰਬੰਧੀ ਗੱਲ ਪੁੱਛੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸੰਬੰਧੀ ਜਾਣਦੇ ਹੋਏ ਵੀ ਕੁਝ ਨਹੀਂ ਦੱਸਣਗੇ।
ਅਸਲ ਵਿਚ ਇਹ ਪਿੰਡ 5 ਜਨਵਰੀ ਨੂੰ ਉਸ ਵੇਲੇ ਚਰਚਾ ਵਿਚ ਆਇਆ ਸੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਪਿੰਡ ਤੋਂ ਵਾਪਸ ਦਿੱਲੀ ਪਰਤਣਾ ਪਿਆ ਸੀ।
ਪ੍ਰਧਾਨ ਮੰਤਰੀ ਫਿਰੋਜ਼ਪੁਰ ਵਿਖੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਲਈ ਫ਼ਿਰੋਜ਼ਪੁਰ ਜਾਣ ਵਾਲੇ ਸਨ ਪਰ ਪਿੰਡ ਪਿਆਰੇਆਣਾ ਨੇੜੇ ਲੁਧਿਆਣਾ ਫਿਰੋਜ਼ਪੁਰ ਨੈਸ਼ਨਲ ਹਾਈਵੇ ਉੱਪਰ ਕਿਸਾਨਾਂ ਦਾ ਧਰਨਾ ਹੋਣ ਕਾਰਨ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਵਾਪਸ ਪਰਤਣਾ ਪੈ ਗਿਆ ਸੀ।
ਪਿਆਰੇਆਣਾ ਫਲਾਈਓਵਰ ਤਲਵੰਡੀ ਭਾਈ ਚੌਕ ਤੋਂ ਫਿਰੋਜ਼ਪੁਰ ਵੱਲ ਜਾਂਦੇ ਹੋਏ ਸ਼ਹਿਰ ਤੋਂ 13 ਕਿੱਲੋਮੀਟਰ ਪਹਿਲਾਂ ਆਉਂਦਾ ਹੈ। ਇਹ ਥਾਂ ਭਾਜਪਾ ਦੀ ਰੈਲੀ ਵਾਲੀ ਥਾਂ ਤੋਂ ਅੱਠ ਕਿੱਲੋਮੀਟਰ ਦੂਰ ਹੈ।
ਚਸ਼ਮਦੀਦ- ‘ਮੈਂ ਤਾਂ ਘਬਰਾ ਗਿਆ’
ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਮੀਡੀਆ ਤੋਂ ਇਲਾਵਾ ਪੰਜਾਬ ਅਤੇ ਕੇਂਦਰੀ ਖੁਫ਼ੀਆ ਏਜੰਸੀਆਂ ਵੀ ਲੋਕਾਂ ਤੋਂ ਆਨੇ-ਬਹਾਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਪੁੱਛ ਰਹੀਆਂ ਸਨ।
ਪਿੰਡ ਪਿਆਰੇਆਣਾ ਦੇ ਫਲਾਈਓਵਰ ਬ੍ਰਿਜ ਉੱਪਰ ਜਦੋਂ ਪ੍ਰਧਾਨ ਮੰਤਰੀ ਦਾ ਕਾਫ਼ਲਾ ਕਿਸਾਨਾਂ ਦੇ ਧਰਨੇ ਕਾਰਨ ਵਾਪਸ ਮੁੜ ਰਿਹਾ ਸੀ ਤਾਂ ਠੀਕ ਉਸ ਵੇਲੇ ਉੱਥੇ ਮੂੰਗਫਲੀ ਦੀ ਰੇਹੜੀ ਲਗਾਉਣ ਵਾਲੇ ਇਕ ਪ੍ਰਵਾਸੀ ਮਜ਼ਦੂਰ ਨੇ ਇਸ ਦ੍ਰਿਸ਼ ਨੂੰ ਆਪਣੀ ਅੱਖੀਂ ਦੇਖਿਆ।
ਇਹ ਵੀ ਪੜ੍ਹੋ:
ਬਿਹਾਰ ਤੋਂ ਦਸ ਸਾਲ ਪਹਿਲਾਂ ਇੱਥੇ ਰੁਜ਼ਗਾਰ ਦੀ ਭਾਲ ਵਿੱਚ ਆਏ ਅਬਦੁਲ ਹਨਾਨ ਨੇ ਦੱਸਿਆ ਕਿ ਅਚਾਨਕ ਹੀ ਉਸ ਨੇ ਦੇਖਿਆ ਕਿ ਹਥਿਆਰਬੰਦ ਪੁਲਿਸ ਅਤੇ ਬਖ਼ਤਰਬੰਦ ਗੱਡੀਆਂ ਇੱਕ ਦਮ ਪੁਲ ਦੇ ਉੱਪਰੋਂ ਵਾਪਸ ਮੁੜਨ ਲੱਗੀਆਂ।
"ਇਹ ਦ੍ਰਿਸ਼ ਦੇਖ ਕੇ ਇੱਕ ਵਾਰ ਤਾਂ ਮੈਂ ਘਬਰਾ ਗਿਆ ਪਰ ਮੈਨੂੰ ਇਹ ਪਤਾ ਵੀ ਨਹੀਂ ਸੀ ਕਿ ਇਸ ਕਾਫ਼ਲੇ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਡੀ ਵੀ ਹੈ।"

ਤਸਵੀਰ ਸਰੋਤ, Surinder Maan / BBC
"ਮੈਂ ਤਾਂ ਤਿਆਰੀ ਕਰ ਰਿਹਾ ਸੀ ਕਿ ਮੈਂ ਫ਼ਿਰੋਜ਼ਪੁਰ ਜਾ ਕੇ ਪ੍ਰਧਾਨ ਮੰਤਰੀ ਦੇ ਵਿਚਾਰ ਸੁਣਾਂ ਕਿਉਂਕਿ ਪੁਲਿਸ ਨੇ ਇਸ ਨੈਸ਼ਨਲ ਹਾਈਵੇ ਉੱਪਰ ਲੱਗੀਆਂ ਸਾਰੀਆਂ ਦੁਕਾਨਾਂ ਪਹਿਲਾਂ ਹੀ ਬੰਦ ਕਰਵਾ ਦਿੱਤੀਆਂ ਸਨ। ਮੈਂ ਰੇਹੜੀ ਤਾਂ ਨਹੀਂ ਲਗਾਈ ਪਰ ਫਿਰ ਵੀ ਇਹ ਆਸ ਸੀ ਕਿ ਜਦੋਂ ਪ੍ਰਧਾਨ ਮੰਤਰੀ ਚਲੇ ਜਾਣਗੇ ਸ਼ਾਇਦ ਦੁਕਾਨ ਖੁੱਲ੍ਹ ਜਾਵੇ ਤੇ ਰਾਤ ਦੀ ਰੋਟੀ ਦਾ ਆਟਾ ਮਿਲ ਜਾਵੇ।"
"ਪਹਿਲਾਂ ਤਾਂ ਇਹ ਮੰਜ਼ਰ ਮੇਰੇ ਲਈ ਆਮ ਵਰਗਾ ਸੀ ਪਰ ਜਦੋਂ ਉੱਥੇ ਕੈਮਰਿਆਂ ਵਾਲੇ ਅਤੇ ਪੁਲਿਸ ਦੇ ਉੱਚ ਅਧਿਕਾਰੀ ਆ ਗਏ ਤਾਂ ਮੈਂ ਇੱਕ ਵਾਰ ਧੁਰ ਅੰਦਰ ਤਕ ਕੰਬ ਗਿਆ। ਮੈਨੂੰ ਦੱਸਿਆ ਗਿਆ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਜਿਹੜੀਆਂ ਵੱਡੀਆਂ ਬਖਤਰਬੰਦ ਗੱਡੀਆਂ ਵਾਪਸ ਮੁੜੀਆਂ ਸਨ ਉਨ੍ਹਾਂ ਵਿੱਚ ਪ੍ਰਧਾਨ ਮੰਤਰੀ ਸਨ।"
ਮੁਜ਼ਾਹਰਾਕਾਰੀ ਬਲਦੇਵ ਜ਼ੀਰਾ - ‘ਸਾਨੂੰ ਇਲਮ ਨਹੀਂ ਸੀ, ਮੋਦੀ ਇੱਥੋਂ ਲੰਘਣਗੇ’
ਇਸ ਮਗਰੋਂ ਮੈਂ ਉਨ੍ਹਾਂ ਕਿਸਾਨਾਂ ਨੂੰ ਲੱਭਣ ਲਈ ਚਲਾ ਗਿਆ ਜਿਹੜੇ ਪਿੰਡ ਪਿਆਰੇਆਣਾ ਦੇ ਫਲਾਈਓਵਰ ਬ੍ਰਿਜ ਉੱਪਰ ਧਰਨਾ ਦੇ ਰਹੇ ਸਨ।
ਆਖ਼ਰਕਾਰ ਮੇਰੀ ਮੁਲਾਕਾਤ ਧਰਨਾ ਦੇਣ ਵਾਲੇ ਕਿਸਾਨ ਬਲਦੇਵ ਸਿੰਘ ਜ਼ੀਰਾ ਨਾਲ ਹੋ ਗਈ।
ਬਲਦੇਵ ਸਿੰਘ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਪ੍ਰਧਾਨ ਮੰਤਰੀ ਦੇ ਕਾਫ਼ਲੇ ਦੇ ਵਾਪਸ ਮੁੜਨ ਦੇ ਮਾਮਲੇ ਵਿਚ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ, ਇਸ ਲਈ ਉਹ ਆਪਣਾ ਪੱਖ ਖੁੱਲ੍ਹ ਕੇ ਰੱਖਣਾ ਚਾਹੁੰਦੇ ਹਨ।
ਆਖ਼ਰਕਾਰ ਬਲਦੇਵ ਸਿੰਘ ਵੱਲੋਂ ਨਿਰਧਾਰਤ ਕੀਤੀ ਜਗ੍ਹਾ ਉਪਰ ਮੈਂ ਆਪਣੇ ਕੈਮਰਾ ਮੈਨ ਨਾਲ ਪਹੁੰਚ ਗਿਆ। ਮੌਸਮ ਦੀ ਖ਼ਰਾਬੀ ਕਾਰਨ ਬਲਦੇਵ ਸਿੰਘ ਨਾਲ ਗੱਲਬਾਤ ਵੀ ਉਨ੍ਹਾਂ ਦੀ ਗੱਡੀ ਵਿਚ ਹੀ ਹੋਈ।
ਬਲਦੇਵ ਸਿੰਘ ਕਹਿੰਦੇ ਹਨ, "ਮੇਰੀ ਅਗਵਾਈ ਵਿੱਚ ਡੇਢ ਸੌ ਦੇ ਕਰੀਬ ਕਿਸਾਨ ਫ਼ਿਰੋਜ਼ਪੁਰ ਜਾ ਰਹੇ ਸਨ। ਅਸੀਂ ਆਪਣੀ ਜਥੇਬੰਦੀ ਵੱਲੋਂ ਨਿਰਧਾਰਤ ਕੀਤੇ ਗਏ ਪ੍ਰੋਗਰਾਮ ਮੁਤਾਬਕ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਨਾ ਸੀ।”
“ਪਰ ਰਸਤੇ ਵਿਚ ਅਜਿਹਾ ਵਾਪਰਿਆ, ਜਿਸ ਦਾ ਸਾਨੂੰ ਇਲਮ ਨਹੀਂ ਸੀ।"

ਤਸਵੀਰ ਸਰੋਤ, Surinder Maan/BBC
"ਜਿਵੇਂ ਹੀ ਸਾਡੇ ਕਿਸਾਨਾਂ ਦਾ ਕਾਫ਼ਲਾ ਪਿੰਡ ਪਿਆਰੇਆਣਾ ਨੇੜੇ ਪੁੱਜਾ ਤਾਂ ਪੁਲਿਸ ਨੇ ਨੈਸ਼ਨਲ ਹਾਈਵੇ ਉੱਪਰ ਹੀ ਸਾਨੂੰ ਰੋਕ ਲਿਆ। ਮੈਂ ਦਿਲ ਉੱਪਰ ਹੱਥ ਰੱਖ ਕੇ ਕਹਿ ਸਕਦਾ ਹਾਂ ਕਿ ਸਾਨੂੰ ਉਸ ਬਾਰੇ ਕੋਈ ਇਲਮ ਨਹੀਂ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੜਕ ਉਪਰੋਂ ਲੰਘਣਗੇ।"
ਬਲਦੇਵ ਸਿੰਘ ਅੱਗੇ ਕਹਿੰਦੇ ਹਨ, "ਸਾਨੂੰ ਤਾਂ ਪੁਲਿਸ ਪ੍ਰਸ਼ਾਸਨ ਨੇ ਇਹੀ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਬੱਸਾਂ ਰਾਹੀਂ ਇੱਥੋਂ ਰੈਲੀ ਲਈ ਲੰਘਣ ਦਿੱਤਾ ਜਾਵੇ ਅਤੇ ਅਸੀਂ ਰਾਜ਼ੀ ਵੀ ਹੋ ਗਏ।”
“ਪਰ ਜਦੋਂ ਭਾਜਪਾ ਵਰਕਰ ਹਿੰਸਾ ਉੱਪਰ ਉਤਾਰੂ ਹੋਏ ਤਾਂ ਫਿਰ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਦੱਸ ਦਿੱਤਾ ਕਿ ਉਹ ਕਿਸੇ ਵੀ ਹਾਲਤ ਵਿੱਚ ਰਾਹ ਨਹੀਂ ਖੋਲ੍ਹਣਗੇ।"
"ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿੰਡ ਪਿਆਰੇਆਣਾ ਦੇ ਪੁਲ ਪਿੱਛੋਂ ਕਦੋਂ ਮੁੜੇ ਕਦੋਂ ਨਹੀਂ ਮੁੜੇ, ਸਾਨੂੰ ਨਹੀਂ ਪਤਾ।"
“ਹਕੀਕਤ ਇਹ ਹੈ ਕਿ ਜਦੋਂ ਪ੍ਰਧਾਨ ਮੰਤਰੀ ਪਿੰਡ ਮਿਸ਼ਰੀ ਵਾਲਾ ਦੇ ਔਰ ਫ੍ਰਾਈ ਬ੍ਰਿਜ ਉਪਰ ਪੁੱਜੇ ਤਾਂ ਉੱਥੋਂ ਹੀ ਪਤਾ ਲੱਗ ਗਿਆ ਸੀ ਕਿ ਇਸੇ ਸੜਕ ਉੱਪਰ ਕਿਸਾਨ ਧਰਨਾ ਦੇ ਰਹੇ ਹਨ।”

ਕੀ ਹੋਇਆ- ਪੰਜ ਨੁਕਤਿਆਂ ਵਿੱਚ ਸਮਝੋ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇੱਕ ਦਿਨਾਂ ਸਰਕਾਰੀ ਦੌਰੇ ’ਤੇ ਪੰਜਾਬ ਵਿੱਚ ਸਨ। ਇਸ ਦੌਰਾਨ ਉਨ੍ਹਾਂ ਨੇ ਫਿਰੋਜ਼ਪੁਰ ਵਿੱਚ ਪੀਜੀਆਈ ਦੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਾ ਸੀ।
- ਪੀਐੱਮ ਨੇ ਬਠਿੰਡੇ ਤੋਂ ਹੈਲੀਕਾਪਟਰ ਰਾਹੀਂ ਹੁਸੈਨੀਵਾਲਾ ਬਾਰਡਰ ਜਾਣਾ ਸੀ ਪਰ ਯਾਦਗਾਰ ਤੋਂ 30 ਕਿੱਲੋਮੀਟਰ ਉਰੇ ਜਦੋਂ ਪ੍ਰਧਾਨ ਮੰਤਰੀ ਦਾ ਕਾਫ਼ਲਾ ਇੱਕ ਪੁਲ ਤੇ ਪਹੁੰਚਿਆ ਤਾਂ ਪਤਾ ਲੱਗਿਆ ਕਿ ਕੁਝ ਮੁਜ਼ਾਹਾਰਾਕਾਰੀਆਂ ਵੱਲੋਂ ਸੜਕ ਜਾਮ ਕੀਤੀ ਹੋਈ ਹੈ।
- ਪੀਐਮ ਉਸ ਜਾਮ ਵਿੱਚ 15-20 ਮਿੰਟ ਫ਼ਸੇ ਰਹੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਨੂੰ ਸੁਰੱਖਿਆ ਵਿੱਚ ਕੁਤਾਹੀ ਦੱਸਿਆ। ਉੱਥੋਂ ਪੀਐਮ ਦਾ ਕਾਫ਼ਲਾ ਵਾਪਸ ਬਠਿੰਡਾ ਹਵਾਈ ਅੱਡੇ ਵੱਲ ਚੱਲ ਪਿਆ ਅਤੇ ਰੈਲੀ ਰੱਦ ਕਰ ਦਿੱਤੀ ਗਈ।
- ਬੀਜੇਪੀ ਲੀਡਰਸ਼ਿਪ ਦਾ ਇਲਜ਼ਾਮ ਹੈ ਕਿ ਪੰਜਾਬ ਦੇ ਡੀਜੀਪੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਰਸਤਾ ਸਾਫ਼ ਹੈ ਤਾਂ ਕੀ ਉਹ ਝੂਠ ਬੋਲ ਰਹੇ ਸਨ। ਪ੍ਰਧਾਨ ਮੰਤਰੀ ਪੁਲ ਉੱਪਰੋਂ ਜਾ ਰਹੇ ਹਨ, ਇਹ ਜਾਣਕਾਰੀ ਪੁਲ ਉੱਪਰ ਜਾ ਖੜ੍ਹਨ ਵਾਲੇ ਮੁ਼ਜ਼ਾਹਰਾਕਾਰੀਆਂ ਨੂੰ ਕਿਸ ਨੇ ਦਿੱਤੀ।
- ਪੰਜਾਬ ਦੇ ਮੁੱਖ ਮੰਤਰੀ ਸਮੇਤ ਕਾਂਗਰਸ ਦੀ ਲੀਡਰਸ਼ਿਪ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਗ੍ਰਹਿ ਮੰਤਰਾਲਾ ਅਤੇ ਬੀਜੇਪੀ ਲੀਡਰਸ਼ਿਪ ਦੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ।

ਕਿਸਾਨ ਆਗੂ - ‘ਇਹ ਅਚਨਚੇਤ ਹੋਈ ਘਟਨਾ ਹੈ’
ਕਿਸਾਨ ਆਗੂ ਸੁਖਵਿੰਦਰ ਕੌਰ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਪਹਿਲਾਂ ਹੀ ਜ਼ਿਲ੍ਹਾ ਹੈੱਡਕੁਆਰਟਰ 'ਤੇ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਸੀ।
ਉਨ੍ਹਾਂ ਨੇ ਕਿਹਾ," ਇਹ ਅਚਨਚੇਤ ਹੋਈ ਘਟਨਾ ਹੈ ਅਤੇ ਇਸ ਨੂੰ ਸਿਆਸੀ ਰੰਗ ਦੇਣ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।"
ਉਨ੍ਹਾਂ ਨੇ ਦੱਸਿਆ ਕਿ ਪ੍ਰਦਰਸ਼ਨ ਦਾ ਕਾਰਨ ਲਖੀਮਪੁਰ ਖੀਰੀ ਵਿਖੇ ਦੋ ਕਿਸਾਨਾਂ ਦੀ ਗ੍ਰਿਫ਼ਤਾਰੀ ਅਤੇ ਦਿੱਲੀ ਵਿਖੇ ਪ੍ਰਦਰਸ਼ਨ ਸਮਾਪਤ ਕਰਨ ਤੋਂ ਪਹਿਲਾਂ ਸਰਕਾਰ ਦੇ ਕੀਤੇ ਵਾਅਦਿਆਂ 'ਤੇ ਅਮਲ ਨਾ ਹੋਣਾ ਸੀ।
ਸੁਖਵਿੰਦਰ ਕੌਰ ਮੁਤਾਬਕ ਬਰਨਾਲਾ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਬੈਠਕ ਤੋਂ ਬਾਅਦ ਵਿਰੋਧ ਦਾ ਫ਼ੈਸਲਾ ਲਿਆ ਗਿਆ ਸੀ। ਲੋਕ ਵਿਰੋਧ ਪ੍ਰਦਰਸ਼ਨ ਲਈ ਫ਼ਿਰੋਜਪੁਰ ਆ ਰਹੇ ਸਨ ਪਰ ਪੁਲਿਸ ਨੂੰ ਲੱਗਿਆ ਕਿ ਸ਼ਾਇਦ ਉਹ ਰੈਲੀ ਵੱਲ ਜਾਣਗੇ।
ਧਰਨੇ ਦੇ ਸਬੰਧ ਵਿੱਚ ਮਹਿਲਾ ਕਿਸਾਨ ਆਗੂ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਪ੍ਰਧਾਨ ਮੰਤਰੀ ਫਿਰੋਜ਼ਪੁਰ ਜਾਣ ਲਈ ਪਿਆਰੇਆਣੇ ਵਾਲੇ ਰਸਤੇ ਦੀ ਵਰਤੋਂ ਕਰਨਗੇ।

ਤਸਵੀਰ ਸਰੋਤ, Sanjeev Kumar/Hindustan Times via Getty Images
‘ਪੁਲਿਸ ਦੇ ਜਵਾਨ ਸਾਨੂੰ ਹਟਾਉਣ ਆਏ ਸੀ...’
ਪਤਾ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਪਿੰਡ ਪਿਆਰੇਆਣਾ ਦੇ ਫਲਾਈਓਵਰ ਬ੍ਰਿਜ ਉੱਪਰ ਜਿਹੜਾ ਧਰਨਾ ਲਾਇਆ ਸੀ ਉਸ ਵਿਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਕਾਰਕੁਨ ਸ਼ਾਮਲ ਸਨ।
ਇਸ ਸਬੰਧ ਵਿੱਚ ਜਦੋਂ ਮੈਂ ਇਸ ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨਾਲ ਟੈਲੀਫ਼ੋਨ ਉੱਪਰ ਸੰਪਰਕ ਕਾਇਮ ਕੀਤਾ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਇਹ ਧਰਨਾ ਉਨ੍ਹਾਂ ਦੀ ਜਥੇਬੰਦੀ ਦਾ ਹੀ ਸੀ।
ਵੀਡੀਓ:ਪੀਐਮ ਦਾ ਸੁਰੱਖਿਆ ਪ੍ਰੋਟੋਕੋਲ, ਸਾਬਕਾ ਡੀਜੀਪੀ ਤੋਂ ਸਮਝੋ
ਇਸ ਮਗਰੋਂ ਮੈਂ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੂੰ ਮਿਲਣ ਲਈ ਪਹੁੰਚ ਗਿਆ।
ਉਨ੍ਹਾਂ ਨੇ ਆਪਣੀ ਸਥਿਤੀ ਸਾਫ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੂੰ ਕੋਈ ਇਲਮ ਨਹੀਂ ਸੀ ਕਿ ਜਿਸ ਰਸਤੇ ਉੱਪਰ ਉਨ੍ਹਾਂ ਦੀ ਜਥੇਬੰਦੀ ਦੇ ਕਾਰਕੁਨ ਧਰਨਾ ਦੇ ਰਹੇ ਹਨ ਉਥੋਂ ਪ੍ਰਧਾਨ ਮੰਤਰੀ ਨੇ ਲੰਘਣਾ ਹੈ।
"ਹਾਂ, ਇੰਨਾ ਜ਼ਰੂਰ ਹੈ ਕਿ ਜਦੋਂ ਇਸ ਨੈਸ਼ਨਲ ਹਾਈਵੇ ਉੱਪਰ ਧਰਨਾ ਦਿੱਤਾ ਜਾ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਦੇ ਕਾਫ਼ਲੇ ਵੱਲੋਂ ਵਾਪਸ ਮੁੜਨ ਦੀ ਘਟਨਾ ਤੋਂ ਚੰਦ ਕੁ ਮਿੰਟ ਪਹਿਲਾਂ ਪੁਲਿਸ ਅਧਿਕਾਰੀ ਧਰਨੇ ਵਿੱਚ ਆਏ ਸਨ।”
“ਉਨ੍ਹਾਂ ਨੇ ਧਰਨੇ ਵਿਚ ਆ ਕੇ ਇਹ ਕਿਹਾ ਕਿ ਤੁਸੀਂ ਰਸਤਾ ਛੱਡ ਦਿਓ, ਇਥੋਂ ਪ੍ਰਧਾਨ ਮੰਤਰੀ ਨੇ ਲੰਘਣਾ ਹੈ।”
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
“ਇਸ ਗੱਲ ਨੂੰ ਸਾਡੇ ਵਰਕਰ ਮਜ਼ਾਕ ਵਿਚ ਲੈ ਗਏ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਕੋਈ ਵੀਆਈਪੀ ਕਿਸੇ ਰਸਤੇ ਤੋਂ ਲੰਘਦਾ ਹੈ ਤਾਂ ਕਈ ਘੰਟੇ ਪਹਿਲਾਂ ਹੀ ਰਸਤੇ ਖਾਲੀ ਕਰਵਾ ਲਏ ਜਾਂਦੇ ਹਨ ਪਰ ਪ੍ਰਧਾਨ ਮੰਤਰੀ ਦੇ ਮਾਮਲੇ ਵਿੱਚ ਅਜਿਹਾ ਕਿਉਂ ਨਹੀਂ ਹੋਇਆ, ਅਸੀਂ ਨਹੀਂ ਜਾਣਦੇ।”
ਇੱਥੇ ਦੱਸਣਾ ਬਣਦਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰਨ ਵਾਲੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੇ ਵਿਰੋਧ ਦਾ ਸੱਦਾ ਦਿੱਤਾ ਗਿਆ ਸੀ।
ਇਹ ਗੱਲ ਵੀ ਸਪਸ਼ਟ ਕਰਨੀ ਬਹੁਤ ਜ਼ਰੂਰੀ ਹੈ ਕਿ ਸੰਯੁਕਤ ਮੋਰਚੇ ਵਿੱਚ ਸ਼ਾਮਲ 32 ਕਿਸਾਨ ਜਥੇਬੰਦੀਆਂ ਇਸ ਫੈਸਲੇ ਵਿਚ ਸ਼ਾਮਲ ਨਹੀਂ ਸਨ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਪ੍ਰਧਾਨ ਮੰਤਰੀ ਦੇ ਵਿਰੋਧ ਦੇ ਧਰਨਿਆਂ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਗਈ ਸੀ।

ਤਸਵੀਰ ਸਰੋਤ, Surinder Singh Maan/BBC
ਇਨ੍ਹਾਂ ਸੰਗਠਨਾਂ ਦੇ ਆਗੂਆਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਗੱਲ ਦਾ ਪ੍ਰਚਾਰ ਕੀਤਾ ਸੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਿਰੋਜ਼ਪੁਰ ਵਿਖੇ ਕੀਤੀ ਜਾਣ ਵਾਲੀ ਜਨਤਕ ਰੈਲੀ ਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਕਰਨਗੇ।
ਅਸੀਂ ਪੀਐੱਮ ਖਿਲਾਫ਼ ਮੁਜ਼ਾਹਰਾ ਨਹੀਂ ਕੀਤਾ - ਸੁਰਜੀਤ ਸਿੰਘ ਫੂਲ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦਾ ਇਹ ਦਾਅਵਾ ਕਥਿਤ ਤੌਰ ’ਤੇ ਗਲਤ ਹੈ ਕਿ ਕਿਸਾਨਾਂ ਕਾਰਨ ਨਰਿੰਦਰ ਮੋਦੀ ਦੇ ਕਾਫ਼ਲੇ ਨੂੰ ਵਾਪਸ ਮੁੜਨਾ ਪਿਆ ਹੈ।
"ਸਾਡੀ ਨਜ਼ਰ ਵਿਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੋਈ ਵੀ ਗੱਲ ਅਜਿਹੀ ਨਹੀਂ ਵਾਪਰੀ ਜਿਸ ਨਾਲ ਇਹ ਕਿਹਾ ਜਾ ਸਕੇ ਕਿ ਨਰਿੰਦਰ ਮੋਦੀ ਸੁਰੱਖਿਆ ਕਾਰਨਾਂ ਕਾਰਨ ਵਾਪਸ ਪਰਤੇ ਹਨ।”
“ਪ੍ਰਧਾਨ ਮੰਤਰੀ ਖ਼ਿਲਾਫ਼ ਅਸੀਂ ਕੋਈ ਵੀ ਮੁਜ਼ਾਹਰਾ ਨਹੀਂ ਕੀਤਾ ਅਤੇ ਨਾ ਹੀ ਕਿਸੇ ਕਿਸਮ ਦਾ ਕੋਈ ਹਮਲਾ ਕੀਤਾ ਹੈ, ਇਸ ਲਈ ਸਥਿਤੀ ਸਾਫ਼ ਹੈ ਕਿ ਜੋ ਵਾਪਰਿਆ ਉਹ ਅਚਨਚੇਤ ਸੀ।"

ਤਸਵੀਰ ਸਰੋਤ, Surinder Maan/BBC
ਸੁਰਜੀਤ ਸਿੰਘ ਫੂਲ ਕਹਿੰਦੇ ਹਨ, "ਅਜਿਹਾ ਨਹੀਂ ਹੈ ਕਿ ਕੇਵਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਵਰਕਰਾਂ ਨੇ ਹੀ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ ਸਗੋਂ ਇਹ ਤਾਂ ਮੌਕਾ ਮੇਲ ਸੀ ਕਿ ਅਚਾਨਕ ਹੀ ਪ੍ਰਧਾਨ ਮੰਤਰੀ ਉਸ ਜਗ੍ਹਾ ਪਹੁੰਚ ਗਏ ਜਿੱਥੇ ਸਾਡਾ ਧਰਨਾ ਪਹਿਲਾਂ ਹੀ ਚੱਲ ਰਿਹਾ ਸੀ। ਬਾਕੀ ਜਥੇਬੰਦੀਆਂ ਵੱਖ-ਵੱਖ ਥਾਵਾਂ ’ਤੇ ਧਰਨੇ ਦੇ ਰਹੀਆਂ ਸਨ।"
"ਇਹ ਗੱਲ ਵੱਖਰੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਪਰ ਇਸ ਵਿਰੁੱਧ ਸੰਘਰਸ਼ ਕਰਦਿਆਂ 700 ਤੋਂ ਵੱਧ ਕਿਸਾਨ ਭਰਾਵਾਂ ਦੀ ਮੌਤ ਹੋਈ ਹੈ।”
“ਲਖੀਮਪੁਰ ਖੀਰੀ ਵਿੱਚ ਜੋ ਵਾਪਰਿਆ ਉਸ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਹਾਲੇ ਵੀ ਮੋਦੀ ਸਰਕਾਰ ਵਿੱਚ ਬੈਠਾ ਹੈ ਤੇ ਇਸ ਗੱਲ ਦਾ ਗੁੱਸਾ ਕਰਨਾ ਕਿਸਾਨਾਂ ਵੱਲੋਂ ਜਾਇਜ਼ ਹੈ।"
ਆਲ੍ਹਾ ਮਿਆਰੀ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ਰੀਦਕੋਟ ਤੋਂ ਬਰਸਤਾ ਤਲਵੰਡੀ ਭਾਈ ਹੋ ਕੇ ਫਿਰੋਜ਼ਪੁਰ ਲਈ ਰਵਾਨਾ ਹੋਣਾ ਸੀ ਪਰ ਉਹ ਤਲਵੰਡੀ ਭਾਈ ਚੌਕ ਦੀ ਬਜਾਏ ਕਿਸੇ ਬਾਹਰ ਦੇ ਰਸਤੇ ਰਾਹੀਂ ਪਿੰਡ ਮਿਸ਼ਰੀ ਵਾਲਾ ਨੇੜੇ ਪਹੁੰਚ ਗਏ ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਰਸਤਾ ਖਾਲੀ ਨਹੀਂ ਹੈ।
ਮੈਂ ਕਈ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਪਰ ਪੁਲਿਸ ਅਧਿਕਾਰੀ ਸਿੱਧੇ ਤੌਰ ’ਤੇ ਆਧਾਰਤ ਗੱਲ ਕਰਨ ਲਈ ਤਿਆਰ ਨਹੀਂ ਹੋਏ।
ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ 9 ਦਸੰਬਰ 2020 ਨੂੰ ਜਿਹੜੀਆਂ ਮੰਗਾਂ ਉੱਪਰ ਸਹਿਮਤੀ ਬਣੀ ਸੀ ਉਸ ਸੰਦਰਭ ਵਿੱਚ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਕੇਂਦਰ ਸਰਕਾਰ ਨੇ ਕੋਈ ਵੀ ਐਕਸ਼ਨ ਪ੍ਰੋਗਰਾਮ ਨਹੀਂ ਉਲੀਕਿਆ।

ਤਸਵੀਰ ਸਰੋਤ, Surinder Maan/BBc
‘ਪ੍ਰਧਾਨ ਮੰਤਰੀ ਦੀ ਰੈਲੀ ਨੂੰ ਤਾਰਪੀਡੋ ਕਰਨ ਲਈ ਸਭ ਕੀਤਾ ਗਿਆ’
ਉੱਧਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਰੈਲੀ ਵਿਚ ਲੋਕਾਂ ਦੇ ਨਾ ਆਉਣ ਦੀ ਰਿਪੋਰਟ ਨਰਿੰਦਰ ਮੋਦੀ ਨੂੰ ਦਿੱਤੀ ਗਈ ਸੀ ਜਿਸ ਕਾਰਨ ਉਨ੍ਹਾਂ ਨੇ ਆਪਣਾ ਰੁਖ਼ ਬਦਲ ਲਿਆ।

ਤਸਵੀਰ ਸਰੋਤ, SURINDER MAAN/BBC
ਇਸ ਦਾ ਜਵਾਬ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਫ਼ਿਰੋਜ਼ਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਜਬ ਸੁਰੱਖਿਆ ਮੁਹੱਈਆ ਨਹੀਂ ਕਰਵਾ ਸਕੀ।
ਅਸ਼ਵਨੀ ਸ਼ਰਮਾ ਕਹਿੰਦੇ ਹਨ, "ਜਿਹੜੀ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਰਹੱਦੀ ਖੇਤਰ ਵਿਚ ਸੁਰੱਖਿਆ ਮੁਹੱਈਆ ਨਹੀਂ ਕਰਵਾ ਸਕਦੀ ਉਸ ਨੂੰ ਗੱਦੀ ਉੱਪਰ ਟਿਕੇ ਰਹਿਣ ਦਾ ਰੱਤੀ ਭਰ ਵੀ ਹੱਕ ਨਹੀਂ ਹੈ।”
“ਵਰਕਰਾਂ ਨਾਲ ਭਰੀਆਂ ਸਾਡੀਆਂ ਬੱਸਾਂ ਨੂੰ ਥਾਂ-ਥਾਂ ਉੱਪਰ ਰੋਕ ਦਿੱਤਾ ਗਿਆ ਅਤੇ ਇਹੀ ਕਿਹਾ ਗਿਆ ਕਿ ਰੈਲੀ ਵਿੱਚ ਕਿਸੇ ਨੂੰ ਨਹੀਂ ਜਾਣ ਦਿੱਤਾ ਜਾਵੇਗਾ। ਇਹ ਸਭ ਕੁਝ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਤਾਰਪੀਡੋ ਕਰਨ ਲਈ ਕੀਤਾ ਗਿਆ।"
ਭਾਰਤੀ ਜਨਤਾ ਪਾਰਟੀ ਨੇ ਬਕਾਇਦਾ ਤੌਰ ਤੇ ਆਪਣਾ ਪੱਖ ਰੱਖਿਆ ਤੇ ਕਿਹਾ ਕਿ ਅੰਮ੍ਰਿਤਸਰ-ਤਰਨਤਾਰਨ ਬਾਈਪਾਸ, ਕੱਥੂ ਨੰਗਲ, ਹਰੀਕੇ ਪੱਤਣ, ਸ੍ਰੀ ਮੁਕਤਸਰ ਸਾਹਿਬ, ਮੱਖੂ ਸਮੇਤ ਅਨੇਕਾਂ ਖੇਤਰਾਂ ਵਿਚ ਉਨ੍ਹਾਂ ਦੀਆਂ 3443 ਬੱਸਾਂ ਰੋਕੀਆਂ ਗਈਆਂ ਹਨ।

ਤਸਵੀਰ ਸਰੋਤ, Surinder Maan/BBC
ਕਾਫ਼ਲਾ ਵਾਪਸੀ ਵਾਲੀ ਥਾਂ ਦੇ ਨੇੜਲੇ ਪਿੰਡ ਦੇ ਸਰਪੰਚ ਦਾ ਤਰਕ
ਇਸ ਮਗਰੋਂ ਮੈਂ ਪਿੰਡਾਂ ਵਿੱਚ ਘੁੰਮਦਾ ਹੋਇਆ ਪਿੰਡ ਰੱਤਾਖੇੜਾ ਪਹੁੰਚ ਗਿਆ, ਜਿਹੜਾ ਕਿ ਉਸ ਜਗ੍ਹਾ ਦੇ ਬਿਲਕੁਲ ਨਜ਼ਦੀਕ ਹੈ ਜਿੱਥੋਂ ਪ੍ਰਧਾਨ ਮੰਤਰੀ ਦਾ ਕਾਫ਼ਲਾ ਵਾਪਸ ਹੋਇਆ।
ਇਸ ਪਿੰਡ ਦੇ ਸਰਪੰਚ ਰਾਜਦੀਪ ਸਿੰਘ ਨੇ ਕਿਹਾ ਕਿ ਇਹ ਇਕ ਬਹੁਤ ਹੀ ਵੱਡੀ ਗੱਲ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਜਮਹੂਰੀ ਮੁਲਕ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਿਸੇ ਵਿਰੋਧ ਕਾਰਨ ਵਾਪਸ ਮੁੜਨਾ ਪਿਆ।
"ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਨੂੰ ਬਹੁਤ ਵੱਡੀ ਆਸ ਸੀ ਕਿ ਪ੍ਰਧਾਨ ਮੰਤਰੀ ਸਾਡੇ ਖੇਤਰ ਲਈ ਬਹੁਤ ਵੱਡੀਆਂ ਯੋਜਨਾਵਾਂ ਦਾ ਐਲਾਨ ਕਰਨਗੇ।”

ਤਸਵੀਰ ਸਰੋਤ, Sanjeev Kumar/Hindustan Times via Getty Images
“ਇਸ ਦੇ ਨਾਲ ਹੀ ਸਾਡੇ ਜ਼ਹਿਨ ਵਿਚ ਸਵਾਲ ਇਹ ਵੀ ਉੱਠ ਰਿਹਾ ਸੀ ਕਿ ਇੱਕ ਸਾਲ ਦੇ ਕਿਸਾਨ ਸੰਘਰਸ਼ ਦੌਰਾਨ ਪੰਜਾਬੀਆਂ ਨੇ ਕੀ ਗੁਆਇਆ ਤੇ ਕੀ ਖੱਟਿਆ।”
“ਬਿਲਕੁਲ ਠੀਕ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਪਰ ਇਹ ਇੱਕ ਖਿੱਤੇ ਦੀ ਬੁਨਿਆਦੀ ਸੋਚ ਨਾਲ ਹੀ ਵਾਪਰਿਆ ਹੈ ਕਿ ਆਖਰਕਾਰ ਪ੍ਰਧਾਨ ਮੰਤਰੀ ਵੱਡੇ ਹਨ ਜਾਂ ਲੋਕਤੰਤਰ।"
'ਸਮੱਸਿਆ ਸਿਰਫ਼ ਤਕਨੀਕੀ ਹੈ'
ਅਜਿਹਾ ਹੀ ਸਵਾਲ ਮਹਿਲਾ ਕਿਸਾਨ ਸੁਖਵਿੰਦਰ ਕੌਰ ਚੁੱਕਦੇ ਹਨ ਕਿ ਆਖਿਰਕਾਰ ਜਦੋਂ ਪ੍ਰਧਾਨ ਮੰਤਰੀ ਦਾ ਦੌਰਾ ਤੈਅ ਹੋ ਗਿਆ ਸੀ ਤਾਂ ਫਿਰ ਉਨ੍ਹਾਂ ਦੀ ਆਵਾਜਾਈ ਦਾ ਰੂਟ ਤੈਅ ਕਿਉਂ ਨਹੀਂ ਹੋਇਆ।

ਤਸਵੀਰ ਸਰੋਤ, Surinder Maan/BBC
"ਇਹ ਮੇਰਾ ਸਵਾਲ ਅੱਜ ਵੀ ਹੈ ਅਤੇ ਕੱਲ੍ਹ ਵੀ ਹੈ ਪਰ ਮੈਂ ਸਾਫ਼ ਕਰਦੀ ਹਾਂ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਹਵਾਲਾ ਦੇਣਾ ਗਲਤ ਹੈ ਕਿਉਂਕਿ ਸਮੱਸਿਆ ਸਿਰਫ਼ ਤਕਨੀਕੀ ਹੈ।”
“ਪ੍ਰਧਾਨ ਮੰਤਰੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਖ਼ਰਕਾਰ ਜੇ ਪੰਜਾਬ ਵਿੱਚ ਸ਼ਾਂਤਮਈ ਢੰਗ ਨਾਲ ਅਜਿਹਾ ਹੋਇਆ ਤਾਂ ਉਸ ਦੇ ਪਿੱਛੇ ਕੀ ਕਾਰਨ ਹਨ।"
"ਹਾਂ, ਇਹ ਬਿਲਕੁਲ ਸਹੀ ਹੈ ਕਿ ਇਹ ਸਰਹੱਦੀ ਖੇਤਰ ਹੈ ਪਰ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਪ੍ਰਧਾਨ ਮੰਤਰੀ ਦੇ ਇਸ ਮਾਮਲੇ ਨਾਲ ਨਹੀਂ ਜੋੜਿਆ ਜਾ ਸਕਦਾ।”
“ਪੰਜਾਬ ਵਿੱਚ ਸ਼ਾਂਤੀ ਹੈ, ਸਦਭਾਵਨਾ ਹੈ ਅਤੇ ਅਸੀਂ ਰਲ ਮਿਲ ਕੇ ਜਿਉਂ ਰਹੇ ਹਾਂ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਹਾਂ। ਅਜਿਹੇ ਵਿੱਚ ਅੰਦਰੂਨੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋਣਾ ਕੇਵਲ ਭਾਰਤੀ ਜਨਤਾ ਪਾਰਟੀ ਦੀ ਹੀ ਸੋਚ ਹੋ ਸਕਦੀ ਹੈ ਨਾ ਕਿ ਦੇਸ਼ ਵਾਸੀਆਂ ਦੀ।"
ਇਸ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਮੈਂ ਕਈ ਪੁਲਿਸ ਅਧਿਕਾਰੀਆਂ ਨਾਲ ਟੈਲੀਫ਼ੋਨ ਉਪਰ ਗੱਲਬਾਤ ਕੀਤੀ ਪਰ ਜਵਾਬ ਇਹੀ ਮਿਲਿਆ ਕਿ ਸਭ ਠੀਕ ਹੈ, ਜਾਂਚ ਹੋ ਰਹੀ ਹੈ, ਦੇਖ ਰਹੇ ਹਾਂ, ਕਰ ਰਹੇ ਹਾਂ ਤੇ ਸਭ ਠੀਕ ਹੋ ਜਾਵੇਗਾ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2















