ਪੰਜਾਬ ਵਿਧਾਨ ਸਭਾ ਚੋਣ ਨਤੀਜੇ : ਆਮ ਆਦਮੀ ਪਾਰਟੀ ਦੇ ਵਾਅਦੇ, ਜੋ ਭਗਵੰਤ ਮਾਨ ਨੂੰ ਪੂਰੇ ਕਰਨੇ ਪੈਣਗੇ

- ਲੇਖਕ, ਖ਼ੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਦਿਨ ਤੁਹਾਨੂੰ ਇਸ ਰਿਪੋਰਟ ਰਾਹੀ ਸਿਆਸੀ ਪਾਰਟੀਆਂ ਦੇ ਵਾਅਦੇ ਯਾਦ ਕਰਵਾ ਰਹੇ ਹਾਂ, ਜੋ ਉਨ੍ਹਾਂ ਵੋਟਾਂ ਮੰਗਣ ਵੇਲੇ ਕੀਤੇ ਸਨ ਅਤੇ ਹੁਣ ਸਰਕਾਰ ਬਣਨ ਵੇਲੇ ਪੂਰੇ ਕਰਨੇ ਪੈਣਗੇ।
ਆਮ ਤੌਰ ਉੱਤੇ ਸਿਆਸੀ ਪਾਰਟੀਆਂ ਆਪਣੇ ਚੋਣ ਵਾਅਦੇ ਬਕਾਇਦਾ ਚੋਣ ਮਨੋਰਥ ਪੱਤਰ ਰਾਹੀਂ ਕਰਦੀਆਂ ਹਨ। ਪਰ ਪੰਜਾਬ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਨਵੀਂ ਪਿਰਤ ਪਾਈ ਹੈ।
ਉਨ੍ਹਾਂ ਪਿਛਲੇ 2-3 ਮਹੀਨਿਆਂ ਦੌਰਾਨ ਪੰਜਾਬ ਦੀਆਂ ਵੱਖ-ਵੱਖ ਥਾਵਾਂ ਉੱਤੇ ਜਾ ਕੇ ਜਨਤਕ ਪ੍ਰੋਗਰਾਮਾਂ ਦੌਰਾਨ ਕਈ ਚੋਣ ਵਾਅਦੇ ਕੀਤੇ। ਉਹ ਇਸ ਨੂੰ ਅਰਵਿੰਦ ਕੇਜਰੀਵਾਲ ਦੀਆਂ ਗਾਰੰਟੀਆਂ ਕਹਿ ਰਹੇ ਹਨ।
ਜਦੋਂ ਕੇਜਰੀਵਾਲ ਨੇ ਪੰਜਾਬ ਵਿੱਚ 18 ਸਾਲ ਤੋਂ ਵੱਡੀ ਹਰ ਔਰਤ ਲਈ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਕੀਤਾ ਤਾਂ ਵਿਰੋਧੀ ਪਾਰਟੀਆਂ ਨੇ ਇੰਨੇ ਪੈਸੇ ਦੇ ਸਰੋਤ ਪੁੱਛਣ ਦੇ ਨਾਲ-ਨਾਲ ਇਸ ਦੀ ਤੁਲਨਾ ''ਭੀਖ਼'' ਤੱਕ ਨਾਲ ਕਰ ਦਿੱਤੀ।
ਪਰ ਇਸ ਦੇ ਨਾਲ ਹੀ ਸੂਬੇ ਦੀਆਂ ਮੁੱਖ ਸਿਆਸੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਵੀ ਅਜਿਹੇ ਹੀ ਐਲਾਨ ਕਰਨ ਦੇ ਰਾਹ ਪੈ ਗਏ।
ਆਓ, ਅਸੀਂ ਜਾਣੀਏ ਕਿ ਪੰਜਾਬ ਵਿੱਚ ਕਿਹੜੀ ਸਿਆਸੀ ਪਾਰਟੀ ਨੇ ਹੁਣ ਤੱਕ ਕਿਹੋ ਜਿਹੇ ਵਾਅਦੇ ਜਾਂ ਐਲਾਨ ਕੀਤੇ ਹਨ।
ਕੇਜਰੀਵਾਲ ਦੀਆਂ ਗਾਰੰਟੀਆਂ
ਅਰਵਿੰਦ ਕੇਜਰੀਵਾਲ ਹਰ ਹਫ਼ਤੇ-10 ਦਿਨਾਂ ਬਾਅਦ ਪੰਜਾਬ ਆਉਂਦੇ ਹਨ ਅਤੇ ਜਨਤਕ ਸਮਾਗਮਾਂ ਰਾਹੀ ਗਾਰੰਟੀਆਂ ਦਾ ਐਲਾਨ ਕਰਦੇ ਹਨ।
ਉਨ੍ਹਾਂ ਦੇ ਐਲਾਨਾਂ ਤੋਂ ਬਾਅਦ ਮੀਡੀਆ ਤੇ ਸਿਆਸੀ ਹਲਕੇ ਚਰਚਾ ਵੀ ਕਰਦੇ ਹਨ ਅਤੇ ਇਹ ਪ੍ਰਚਾਰ ਦਾ ਕਾਫ਼ੀ ਕਾਰਗਰ ਤਰੀਕੇ ਵੀ ਨਜ਼ਰ ਆ ਰਿਹਾ ਹੈ।
ਮਿਸਾਲ ਵਜੋਂ ਜਿਹੜੇ ਨਵਜੋਤ ਸਿੰਘ ਸਿੱਧੂ ਤੇ ਸੁਖਬੀਰ ਬਾਦਲ ਕੇਜਰੀਵਾਲ ਦੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਐਲਾਨ ਦਾ ਮਜ਼ਾਕ ਉਡਾਉਂਦੇ ਸਨ, ਉਨ੍ਹਾਂ ਨੇ ਵੀ ਅਜਿਹੇ ਹੀ ਐਲਾਨ ਕਰ ਦਿੱਤੇ ਹਨ।
ਆਮ ਆਦਮੀ ਪਾਰਟੀ ਵੱਲੋਂ ਕੀਤੇ ਐਲਾਨ ਇਸ ਤਰ੍ਹਾਂ ਹਨ:-
• 24 ਘੰਟੇ ਬਿਜਲੀ ਸਪਲਾਈ, ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ, ਬਿਜਲੀ ਦੇ ਘਰੇਲੂ ਬਿੱਲ ਪੁਰਾਣੇ ਬਕਾਇਆ ਬਿੱਲ ਮਾਫ਼
• ਦਿੱਲੀ ਦੀ ਤਰਜ ਉੱਤੇ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਵਿੱਚ ਵਾਰਡ ਤੇ ਪਿੰਡ ਵਿੱਚ 16,000 ਕਲੀਨਿਕ ਖੋਲ੍ਹੇ ਜਾਣਗੇ, ਸਸਤਾ, ਵਧੀਆ ਤੇ ਮੁਫ਼ਤ ਇਲਾਜ।
• 18 ਸਾਲ ਤੋਂ ਵੱਧ ਉਮਰ ਦੀ ਹਰ ਮਹਿਲਾ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ।
• ਹਰ ਬੱਚੇ ਨੂੰ ਪਹਿਲੀ ਤੋਂ ਡਿਗਰੀ ਤੱਕ ਮੁਫ਼ਤ ਸਿੱਖਿਆ ਮਿਲੇਗੀ, ਐੱਸ ਸੀ ਭਾਈਚਾਰੇ ਦੇ ਬੱਚਿਆਂ ਲਈ ਪੇਸ਼ੇਵਰ ਕੋਰਸਾਂ ਵਿੱਚ ਦਾਖਲੇ ਲਈ ਕੋਚਿੰਗ ਫੀਸ ਸਰਕਾਰ ਭਰੇਗੀ।
• ਜੇਕਰ ਐੱਸਸੀ ਬੱਚਾ ਬੀਏ, ਐੱਮਏ ਦੀ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੇਗਾ ਤਾਂ ਸਾਰਾ ਖਰਚ ਸਰਕਾਰ ਕਰੇਗੀ।
• ਸਾਰੇ ਕੱਚੇ ਅਧਿਆਪਕ ਪੱਕੇ ਹੋਣਗੇ, ਖਾਲੀ ਅਸਾਮੀਆਂ ਭਰੀਆਂ ਜਾਣਗੀਆਂ, ਵਿਦੇਸ਼ਾਂ ਤੋਂ ਸਿਖਲਾਈ ਦੁਆਈ ਜਾਵੇਗੀ, ਸਮੇਂ ਸਿਰ ਪ੍ਰਮੋਸ਼ਨ, ਕੈਸ਼ਲੈੱਸ ਬੀਮਾ ਅਤੇ ਗੈਰ ਵਿੱਦਿਅਕ ਕੰਮ ਨਹੀਂ ਲਏ ਜਾਣਗੇ।
ਇਹ ਵੀ ਪੜ੍ਹੋ :
'ਕਾਂਗਰਸ ਦਾ ਚੋਣ ਮਨੋਰਥ'
ਸੱਤਾਧਾਰੀ ਪਾਰਟੀ ਕਾਂਗਰਸ ਨੇ ਆਪਣਾ ਚੋਣ ਮਨੋਰਥ ਪੱਤਰ 18 ਫਰਵਰੀ ਨੂੰ ਜਾਰੀ ਕੀਤਾ ਸੀ ਅਤੇ ਇਸ ਵਿਚ ਮੁਫ਼ਤ ਸਿਲੰਡਰ,ਮੁਫ਼ਤ ਸਿੱਖਿਆ ਅਤੇ ਮੁਫ਼ਤ ਸਿਹਤ ਸੇਵਾਵਾਂ ਦੇਣ ਦਾ ਵਾਅਦਾ ਕੀਤਾ ਹੈ।

ਤਸਵੀਰ ਸਰੋਤ, Punjab Congress/Fb
ਕਾਂਗਰਸ ਨੇ ਆਪਣੇ 13 ਸੂਤਰੀ ਚੋਣ ਮਨੋਰਥ ਪੱਤਰ ਵਿੱਚ ਇਹ ਵਾਅਦੇ ਕੀਤੇ ਹਨ :
- ਸਰਕਾਰ ਬਣਦੇ ਹੀ ਇੱਕ ਲੱਖ ਲੋਕਾਂ ਨੂੰ ਸਰਕਾਰੀ ਨੌਕਰੀ ਮਿਲੇਗੀ ਅਤੇ ਪੰਜ ਸਾਲਾਂ ਵਿੱਚ ਪੰਜ ਲੱਖ ਲੋਕਾਂ ਨੂੰ ਨੌਕਰੀ ਦਿੱਤੀ ਜਾਵੇ।
- ਔਰਤਾਂ ਨੂੰ ਅੱਠ ਸਿਲੰਡਰ ਸਾਲ ਦੇ ਮੁਫਤ ਮਿਲਣਗੇ। 1100 ਰੁਪਏ ਪ੍ਰਤੀ ਮਹੀਨਾ ਵੀ ਔਰਤਾਂ ਨੂੰ ਦਿੱਤੇ ਜਾਣਗੇ।
- ਕੇਬਲ ਦੀ ਮੋਨੋਪਾਲੀ ਤੋੜੀ ਜਾਵੇਗੀ ਅਤੇ ਇਸ ਦੇ ਰੇਟ ਨੂੰ 400 ਤੋਂ 200 ਪ੍ਰਤੀ ਮਹੀਨਾ 'ਤੇ ਲੈ ਕੇ ਆਵੇਗੀ।
- ਮੱਕੀ,ਤਿਲਹਨ ਅਤੇ ਦਾਲ ਦੀ ਫ਼ਸਲ ਸਰਕਾਰ ਖਰੀਦੇਗੀ।
- ਕੱਚੇ ਮਕਾਨਾਂ ਨੂੰ ਪੱਕਾ ਕੀਤਾ ਜਾਵੇਗਾ।
- ਸਿਹਤ ਨਾਲ ਸਬੰਧਿਤ ਕਈ ਸੇਵਾਵਾਂ ਮੁਫ਼ਤ ਕੀਤਾ ਜਾਵੇਗਾ।
- ਘਰੇਲੂ ਅਤੇ ਲਘੂ ਉਦਯੋਗ ਲਈ 2-12 ਲੱਖ ਤਕ ਵਿਆਜਮੁਕਤ ਕਰਜ਼ਾ ਮਿਲੇਗਾ।
ਸਿੱਧੂ ਦਾ ਪੰਜਾਬ ਮਾਡਲ
ਕਾਂਗਰਸ ਪੰਜਾਬ ਦੀ ਸੱਤਾਧਾਰੀ ਪਾਰਟੀ ਹੈ, ਇਸ ਲਈ ਚਰਨਜੀਤ ਚੰਨੀ ਦੀ ਸਰਕਾਰ ਨੇ ਰੇਤ ਸਸਤਾ ਕਰਨ, ਪੈਟਰੋਲ ਡੀਜ਼ਲ ਦੇ ਰੇਟ ਘਟਾਉਣ ਤੇ ਬਿਜਲੀ ਦਾ ਯੂਨਿਟ 3 ਰੁਪਏ ਸਸਤਾ ਕਰਨ ਵਰਗੇ ਕਈ ਲੋਕ-ਲੁਭਾਊ ਫੈਸਲੇ ਲਏ ਹਨ, ਪਰ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਹੁਣ ਚੋਣ ਐਲਾਨਾਂ ਦੇ ਮੈਦਾਨ ਵਿਚ ਨਿੱਤਰ ਆਏ ਹਨ।
ਨਵਜੋਤ ਸਿੰਘ ਸਿੱਧੂ 500 ਵਾਅਦਿਆਂ ਵਾਲੇ ਚੋਣ ਮਨੋਰਥ ਪੱਤਰ ਦੀ ਥਾਂ 13 ਨੁਕਾਤੀ ਵਾਅਦਿਆਂ ਵਾਲੇ ਪੰਜਾਬ ਮਾਡਲ ਦੀ ਗੱਲ ਕਰ ਰਹੇ ਹਨ।

ਤਸਵੀਰ ਸਰੋਤ, NAVJOT SIdhu
ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦੇ ਕੁਝ ਅਹਿਮ ਐਲਾਨ ਇਸ ਤਰ੍ਹਾਂ ਹਨ:
• ਹਰ ਸੁਆਣੀ ਨੂੰ ਪ੍ਰਤੀ ਮਹੀਨੇ 2000 ਰੁਪਏ ਅਤੇ ਹਰ ਸਾਲ 8 ਗੈਸ ਸਿਲੰਡਰ ਮੁਫ਼ਤ
• ਪੰਜਵੀਂ ਪਾਸ ਕੁੜੀ ਨੂੰ 5000, ਦਸਵੀਂ ਪਾਸ ਨੂੰ15 ਹਜ਼ਾਰ ਅਤੇ 12ਵੀਂ ਪਾਸ ਨੂੰ 20000 ਦਾ ਨਕਦ ਐਵਾਰਡ
• ਉਚੇਰੀ ਸਿੱਖਿਆ ਕਰਨ ਵਾਲੀਆਂ ਕੁੜੀਆਂ ਨੂੰ ਟੈਬਲੈਟ ਤੇ ਕਾਲਜ ਪੜ੍ਹਨ ਜਾਣ ਲਈ ਸਕੂਟੀ ਦਿੱਤੀ ਜਾਵੇਗੀ
• ਜ਼ਮੀਨ ਜਾਇਦਾਦ ਔਰਤਾਂ ਦੇ ਨਾਂ ਕਰਵਾਉਣ ਉੱਤੇ ਰਜਿਸਟਰੀ ਦਾ ਕੋਈ ਖ਼ਰਚ ਨਹੀਂ ਹੋਵੇਗਾ
• ਕਿਸਾਨਾਂ ਦੀਆਂ ਜਿਣਸਾਂ ਦੀ ਖ਼ਰੀਦ ਐੱਮਐੱਸਪੀ ਉੱਤੇ ਯਕੀਨੀ ਬਣਾਈ ਜਾਵੇਗੀ, ਦਾਲਾਂ ਤੇ ਤੇਲ ਬੀਜ਼ਾਂ ਉੱਤੇ ਐੱਮਐੱਸਪੀ ਦੀ ਲੀਗਲ ਗਾਰੰਟੀ ਲਿਆਈ ਜਾਵੇਗੀ
ਇਹ ਵੀ ਪੜ੍ਹੋ:
• ਜੇਕਰ ਤੈਅ ਐੱਮਐੱਸਪੀ ਉੱਤੇ ਫਸਲ ਨਹੀਂ ਵਿਕਦੀ ਤਾਂ ਘਾਟਾ ਸਰਕਾਰ ਪੂਰਾ ਕਰੇਗੀ
• ਸ਼ਹਿਰੀ ਰੁਜ਼ਗਾਰ ਗਾਰੰਟੀ ਸਕੀਮ - ਸ਼ਹਿਰਾਂ ਵਿੱਚ 5 ਲੱਖ ਮਜ਼ਦੂਰਾਂ ਨੂੰ ਰੁਜ਼ਗਾਰ ਨਾ ਮਿਲਿਆ ਤਾਂ ਸਿੱਧੂ ਰਾਜਨੀਤੀ ਛੱਡ ਜਾਵੇਗਾ
• ਸ਼ਰਾਬ ਦੇ ਕਾਰੋਬਾਰ ਲਈ ਸਰਕਾਰੀ ਕਾਰਪੋਰੇਸ਼ਨ ਬਣਾ ਕੇ ਸ਼ਰਾਬ ਮਾਫ਼ੀਆ ਖ਼ਤਮ ਕਰਨਾ ਅਤੇ 25000 ਕਰੋੜ ਰੁਪਏ ਪੰਜਾਬ ਖਜ਼ਾਨੇ ਵਿੱਚ ਪਾਵੇਗਾ
• ਰੇਤ ਬਜਰੀ ਉੱਤੇ ਸਟੇਟ ਕਾਰਪੋਰੇਸ਼ਨ ਬਣਾ ਕੇ 1000-1200 ਰੁਪਏ ਰੇਤ ਦੀ ਟਰਾਲੀ ਦਿੱਤੀ ਜਾਵੇਗੀ
• ਪੰਜਾਬ ਵਿੱਚ ਇੰਗਲਿਸ਼ ਮੀਡੀਅਮ ਵਾਲੇ ਸਕੂਲ ਅਤੇ ਕਾਲਜ ਚਲਾਏ ਜਾਣਗੇ

ਤਸਵੀਰ ਸਰੋਤ, Ravinder Singh Robin/ BBC
ਸੁਖਬੀਰ ਬਾਦਲ ਦੇ ਵਾਅਦੇ
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਵਲੋਂ ਅਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਲਾਨ ਕਰ ਰਹੇ ਹਨ। ਉਨ੍ਹਾਂ ਦੇ ਐਲਾਨਾਂ ਨੂੰ ਟੀਵੀ ਇਸ਼ਤਿਹਾਰਾਂ ਦੇ ਰੂਪ ਵਿੱਚ ਬਹੁਤ ਤੇਜ਼ੀ ਨਾਲ ਪ੍ਰਚਾਰਿਆ ਜਾ ਰਿਹਾ ਹੈ।
• ਨੀਲੇ ਕਾਰਡ ਧਾਰਕ ਪਰਿਵਾਰ ਦੀ ਮੁਖੀ ਮਹਿਲਾ ਦੇ ਖਾਤੇ ਵਿੱਚ ਹਰ ਮਹੀਨੇ 2000 ਰੁਪਏ ਆਰਥਿਕ ਮਦਦ ਦਿੱਤੀ ਜਾਵੇਗੀ
• ਸਾਰੇ ਵਰਗਾਂ ਨੂੰ ਰਿਹਾਇਸ਼ੀ ਘਰਾਂ ਲਈ 400 ਪਾਵਰ ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ।
• ਖੇਤੀ ਵਰਤੋਂ ਅਤੇ ਟਰੈਕਟਰਾਂ ਲਈ 10 ਰੁਪਏ ਪ੍ਰਤੀ ਲੀਟਰ ਸਸਤਾ ਡੀਜ਼ਲ ਦਿੱਤਾ ਜਾਵੇਗਾ
• ਸਿੱਖਿਆ ਤੇ ਸਿਹਤ ਨੂੰ ਆਪਣੀ ਪ੍ਰਮੁੱਖਤਾ ਦੱਸਦਿਆਂ ਸੁਖਬੀਰ ਬਾਦਲ ਨੇ ਸਾਰੇ ਪਰਿਵਾਰਾਂ ਨੂੰ 10 ਲੱਖ ਦਾ ਸਿਹਤ ਬੀਮਾ ਦੇਣ ਦਾ ਵੀ ਐਲਾਨ ਕੀਤਾ ਸੀ
• ਐੱਸ ਸੀ ਵਰਗ ਦੇ ਸਾਰੇ ਵਜੀਫਿਆਂ ਦਾ ਮੁਲਾਂਕਣ ਅਤੇ ਕਾਲਜ ਪੱਧਰ ਉੱਤੇ ਮੁਫ਼ਤ ਸਿੱਖਿਆ ਸਹੂਲਤ ਯਕੀਨੀ ਬਣਾਉਣਾ
ਹੋਰ ਪੜ੍ਹੋ:
• ਵਿਦਿਆਰਥੀ ਕਾਰਡ ਜਾਰੀ ਹੋਵੇਗਾ ਤੇ ਸਰਕਾਰੀ ਗਾਰੰਟੀ ਉੱਤੇ ਵਿਦਿਆਰਥੀਆਂ ਲਈ 10 ਲੱਖ ਕਰਜ਼ ਦੀ ਸੁਵਿਧਾ ਹੋਵੇਗੀ, ਤਿੰਨ ਸਾਲ ਲਈ ਵਿਆਜ਼ ਵੀ ਸਰਕਾਰ ਭਰੇਗੀ।
• ਫ਼ਸਲ ਖ਼ਰਾਬ ਹੋਣ ਦੀ ਸੂਰਤ ਵਿੱਚ ਮੁਆਵਜ਼ਾ ਪ੍ਰਤੀ ਏਕੜ 50, 000 ਰੁਪਏ ਦਿੱਤਾ ਜਾਵੇਗਾ।
• ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ ਲਈ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾਵੇਗੀ।
• ਛੋਟੇ ਉਦਯੋਗਾਂ ਲਈ ਵੱਖਰਾ ਮੰਤਰਾਲਾ, ਬਾਹਰੀ ਵਿਕਾਸ ਕਰ ਵਿੱਚ 50 ਫੀਸਦੀ ਦੀ ਕਟੌਤੀ , ਨਵੇਂ ਕਾਰੋਬਾਰੀਆਂ ਲਈ 5 ਲੱਖ ਤੱਕ ਦਾ ਵਿਆਜ਼ ਮੁਕਤ ਕਰਜ਼ਾ ਅਤੇ 5 ਰੁਪਏ ਪ੍ਰਤੀ ਯੂਨਿਟ ਉੱਤੇ ਬਿਜਲੀ ਸਣੇ ਸਿਹਤ ਤੇ ਜੀਵਨ ਬੀਮੇ ਦੀ ਸਹੂਲਤ
ਨੌਕਰੀਆਂ ਅਤੇ ਮਹਿਲਾ ਸੁਰੱਖਿਆ ਦੇ ਭਾਜਪਾ ਦੇ ਵਾਅਦੇ
ਭਾਰਤੀ ਜਨਤਾ ਪਾਰਟੀ,ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਪੰਜਾਬ ਲੋਕ ਕਾਂਗਰਸ ਵੱਲੋਂ ਸਾਂਝੇ ਤੌਰ 'ਤੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ।
ਭਾਰਤੀ ਜਨਤਾ ਪਾਰਟੀ ਦੇ ਵਾਅਦਿਆਂ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ,ਮਹਿਲਾ ਸੁਰੱਖਿਆ ਅਤੇ ਬੇਅਦਬੀ ਦੇ ਮੁੱਦਿਆਂ ਲਈ ਫਾਸਟ ਟਰੈਕ ਕੋਰਟ ਦਾ ਵਾਅਦਾ ਕੀਤਾ ਗਿਆ ਹੈ।

ਤਸਵੀਰ ਸਰੋਤ, Punjab BJP/Facebook
ਭਾਜਪਾ ਦੇ ਚੋਣ ਮਨੋਰਥ ਪੱਤਰ ਮੁਤਾਬਕ
- ਸੂਬੇ ਦੇ ਨੌਜਵਾਨਾਂ ਨੂੰ ਪੰਜਾਬ ਵਿੱਚ ਸਰਕਾਰੀ ਨੌਕਰੀ ਵਿੱਚ 75 ਫ਼ੀਸਦ ਰਾਖਵਾਂਕਰਨ ਮਿਲੇਗਾ। ਔਰਤਾਂ ਨੂੰ ਸਰਕਾਰੀ ਨੌਕਰੀ ਵਿੱਚ 35 ਫ਼ੀਸਦ ਰਾਖਵੇਂਕਰਨ ਦੀ ਗੱਲ ਕੀਤੀ ਗਈ ਹੈ।
- ਬੇਰੁਜ਼ਗਾਰ ਨੌਜਵਾਨਾਂ ਨੂੰ 4000 ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਕੀਤਾ ਗਿਆ। ਗ੍ਰੈਜੂਏਸ਼ਨ ਦੇ ਦੋ ਸਾਲਾਂ ਬਾਅਦ ਜੇਕਰ ਨੌਕਰੀ ਨਹੀਂ ਮਿਲਦੀ ਤਾਂ ਨੌਜਵਾਨ ਇਸ ਲਈ ਅਰਜ਼ੀ ਦੇ ਸਕਦੇ ਹਨ।
- ਵਿਦੇਸ਼ੀ ਲਾੜਿਆਂ ਵੱਲੋਂ ਛੱਡੀਆਂ ਗਈਆਂ ਔਰਤਾਂ ਨੂੰ ਇਨਸਾਫ਼ ਲਈ ਇਕ ਵਿਸ਼ੇਸ਼ ਐਕਟ ਬਣਾਇਆ ਜਾਵੇਗਾ।
- ਧਾਰਮਿਕ ਬੇਅਦਬੀ ਨਾਲ ਜੁੜੀਆਂ ਘਟਨਾਵਾਂ ਦੀ ਜਾਂਚ ਅਤੇ ਇਨਸਾਫ਼ ਲਈ ਫਾਸਟ ਟਰੈਕ ਕੋਰਟ ਬਣਾਏ ਜਾਣਗੇ। ਅਜਿਹੀਆਂ ਘਟਨਾਵਾਂ ਖ਼ਿਲਾਫ਼ ਪਾਰਟੀ ਨੇ 'ਜ਼ੀਰੋ ਟਾਲਰੈਂਸ' ਦੀ ਗੱਲ ਆਖੀ ਹੈ।
- ਪੰਜਾਬ ਇੱਕ ਸਰਹੱਦੀ ਸੂਬਾ ਹੈ। ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਸੀਸੀਟੀਵੀ ਅਤੇ ਡਰੋਨ ਰਾਹੀਂ ਨਿਗਰਾਨੀ ਨੂੰ ਵਧਾਇਆ ਜਾਵੇਗਾ।

ਰਾਜੇਵਾਲ ਦਾ ਏਜੰਡਾ
22 ਕਿਸਾਨ ਜਥੇਬੰਦੀਆਂ ਦੀ ਅਗਵਾਈ ਵਾਲਾ ਸੰਯੁਕਤ ਸਮਾਜ ਮੋਰਚੇ ਦਾ ਸਰੂਪ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਹੈ, ਪਰ ਬਲਬੀਰ ਸਿੰਘ ਰਾਜੇਵਾਲ ਵਲੋਂ ਮੀਡੀਆ ਨੂੰ ਦਿੱਤੀਆਂ ਜਾ ਰਹੀਆਂ ਇੰਟਰਵਿਊਜ਼ ਵਿੱਚ ਉਨ੍ਹਾਂ ਦੇ ਚੋਣ ਮਨੋਰਥ ਵੱਲ ਸਾਫ਼ ਇਸ਼ਾਰਾ ਕਰਦੇ ਹਨ।
ਬਲਬੀਰ ਸਿੰਘ ਰਾਜੇਵਾਲ ਦਾ ਏਜੰਡਾ ਮੁੱਖ ਤੌਰ ਉੱਤੇ ਤਿੰਨ ਨੁਕਾਤੀ ਪਹੁੰਚ ਵੱਲ ਸੰਕੇਤ ਕਰਦਾ ਹੈ।
• ਲੋਕਾਂ ਨੂੰ ਰਵਾਇਤੀ ਸਿਆਸੀ ਪਾਰਟੀਆਂ ਅਤੇ ਸਿਸਟਮ ੱਵਿਚ ਭਰੋਸਾ ਨਹੀਂ ਰਿਹਾ। ਸੰਯੁਕਤ ਸਮਾਜ ਮੋਰਚਾ ਆਮ ਬੰਦੇ ਦੀ ਅਹਿਮੀਅਤ ਵਾਲੀ ਸਿਆਸਤ ਕਰੇਗਾ ਅਤੇ ਸਿਸਟਮ ਵਿੱਚ ਭਰੋਸਾ ਪੈਦਾ ਕਰੇਗਾ।
• ਪੰਜਾਬ ਵਿੱਚ ਰੇਤ ਬਜਰੀ, ਸ਼ਰਾਬ ਮਾਫੀਆ ਰਾਹੀਂ ਕੀਤੇ ਜਾ ਰਹੇ ਸਿਆਸੀ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਕਰਜ਼ ਦੇ ਮਾਰੇ ਸੂਬੇ ਲਈ ਆਮਦਨ ਦੇ ਸਰੋਤ ਪੈਦਾ ਕੀਤੇ ਜਾਣਗੇ।
• ਸੰਯੁਕਤ ਸਮਾਜ ਮੋਰਚਾ ਸਰਕਾਰ ਬਣਨ ਉੱਤੇ ਕਿਸਾਨਾਂ ਨੂੰ ਐੱਮਐੱਸੀਪੀ ਯਕੀਨੀ ਬਣਾਏਗਾ। ਦਾਲਾਂ ਤੇ ਖਾਣ ਵਾਲੇ ਤੇਲਾਂ ਦੀਆਂ ਫ਼ਸਲਾਂ ਨੂੰ ਐੱਮਐੱਸਪੀ ਉੱਤੇ ਖਰੀਦਕੇ ਸਰਕਾਰ ਖੁਦ ਟਰੇਡਿੰਗ ਕਰੇਗੀ।

ਤਸਵੀਰ ਸਰੋਤ, Captain Amarinder Singh
ਐਲਾਨਾਂ ਦੇ ਮਾਅਨੇ
ਕਾਂਗਰਸ, ਅਕਾਲੀ ਅਤੇ 'ਆਪ' ਦੇ ਐਲਾਨਾਂ ਤੋਂ ਸਾਫ਼ ਲੱਗਦਾ ਹੈ ਕਿ ਇਹ ਪਾਰਟੀਆਂ ਜਿੱਥੇ ਪੰਜਾਬ ਦੇ ਦਲਿਤ ਵੋਟ ਬੈਂਕ ਨੂੰ ਆਪਣੇ ਹੱਕ ਵਿੱਚ ਤੋਰਨ ਦੀ ਕੋਸ਼ਿਸ਼ ਵਿੱਚ ਹਨ, ਉੱਥੇ ਔਰਤ ਵੋਟਰਾਂ ਲਈ ਵਿਸ਼ੇਸ਼ ਐਲਾਨ ਕਰਕੇ ਆਪਣਾ ਨਵਾਂ ਵੋਟ ਬੈਂਕ ਪੈਦਾ ਕਰਨਾ ਚਾਹੁੰਦੀਆਂ ਹਨ।
ਇਸ ਤੋਂ ਇਲਾਵਾਂ ਪਾਰਟੀਆਂ ਦੀ ਮੁੱਖ ਟੇਕ ਕਿਸਾਨੀ ਵੋਟਾਂ ਉੱਤੇ ਹੈ, ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਸੂਬੇ ਅੰਦਰ ਬਣੇ ਹਾਲਾਤ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਅਤੇ ਅਕਾਲੀ ਦਲ ਐੱਮਐੱਸਪੀ ਦੇਣ ਦੀ ਗੱਲ ਕਰ ਰਹੀਆਂ ਹਨ। ਸੰਯੁਕਤ ਸਮਾਜ ਮੋਰਚੇ ਦਾ ਤਾਂ ਇਹ ਮੁੱਖ ਏਜੰਡਾ ਹੈ।
ਕਾਂਗਰਸ ਦੀ ਮੁੱਖ ਟੇਕ ਰੇਤ-ਬਜਰੀ ਅਤੇ ਸ਼ਰਾਬ ਕਾਰੋਬਾਰ ਵਿੱਚੋਂ ਕਥਿਤ ਮਾਫ਼ੀਆ ਰਾਜ ਖ਼ਤਮ ਕਰਕੇ ਇਨ੍ਹਾਂ ਨੂੰ ਸਰਕਾਰੀ ਹੱਥਾਂ ਵਿੱਚ ਲੈ ਕੇ ਆਮਦਨ ਜੁਟਾਉਣ ਉੱਤੇ ਹੈ। ਉੱਥੇ ਅਕਾਲੀ ਦਲ ਵੀ ਹੁਣ ਰੇਤ ਅਤੇ ਸ਼ਰਾਬ ਮਾਫ਼ੀਆ ਰਾਜ ਖ਼ਤਮ ਕਰਨ ਦੀ ਗੱਲ ਕਰਨ ਲੱਗ ਪਿਆ ਹੈ।
ਇਹ ਵੀ ਪੜ੍ਹੋ :
ਆਮ ਆਦਮੀ ਪਾਰਟੀ ਦਿੱਲੀ ਵਿਚਲੇ ਸਕੂਲ ਅਤੇ ਹਸਪਤਾਲ ਚੰਗੇ ਬਣਾਉਣ ਤੇ ਇਮਾਨਦਾਰੀ ਨਾਲ ਟੈਕਸਾਂ ਦੇ ਪੈਸੇ ਨੂੰ ਵਰਤਣ ਦੇ ਮਾਡਲ ਤੇ ਸਿਆਸੀ ਭ੍ਰਿਸ਼ਟਾਚਾਰ ਖਤਮ ਕਰਕੇ ਸਬਸਿਡੀਆਂ ਅਤੇ ਕੈਸ਼ ਵਾਲੀਆਂ ਸਕੀਮਾਂ ਲਈ ਫੰਡ ਜੁਟਾਉਣ ਦੀ ਗੱਲ ਕਰ ਰਹੇ ਹਨ।
ਦੇਖਣਾ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਨਵਜੋਤ ਸਿੱਧੂ ਦੇ ਪੰਜਾਬ ਮਾਡਲ ਨੂੰ ਮਾਤ ਦੇਵੇਗਾ ਜਾਂ ਅਕਾਲੀ ਦਲ ਆਪਣੇ ਆਟਾ-ਦਾਲ ਸਕੀਮ ਵਰਗੇ ਏਜੰਡੇ ਨੂੰ ਅੱਗੇ ਵਧਾ ਕੇ ਲੋਕਾਂ ਦਾ ਦਿਲ ਜਿੱਤ ਸਕੇਗਾ।
ਕੈਪਟਨ ਅਮਰਿੰਦਰ, ਸੁਖਦੇਵ ਢੀਂਡਸਾ ਅਤੇ ਭਾਜਪਾ ਨੇ ਅਜੇ ਐਲਾਨ ਨਹੀਂ ਕੀਤੇ ਹਨ, ਪਰ ਉਨ੍ਹਾਂ ਕੋਲ ਦੱਸਣ ਲਈ ਮੋਦੀ ਮਾਡਲ ਹੈ। ਪਰ ਸੰਯੁਕਤ ਸਮਾਜ ਮੋਰਚਾ ਕਿਸਾਨੀ ਅੰਦੋਲਨ ਦੇ ਦਮ ਉੱਤੇ ਸਿਆਸੀ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਗੱਲ ਹੀ ਕਰ ਰਿਹਾ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












