ਨਜ਼ਰੀਆ: ਸ਼ਹੀਦੀ ਸਮਾਗਮਾਂ 'ਤੇ ਅਕਾਲੀ ਦਲ, ਕਾਂਗਰਸ ਤੇ ਆਪ ਕਿਉਂ ਹੋਏ ਇੱਕ-ਸੁਰ?

ਤਸਵੀਰ ਸਰੋਤ, Getty Images
- ਲੇਖਕ, ਜਗਤਾਰ ਸਿੰਘ
- ਰੋਲ, ਸੀਨੀਅਰ ਪੱਤਰਕਾਰ
ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਤਿੰਨ ਅਹਿਮ ਪਾਰਟੀਆਂ ਨੇ ਸਿਆਸੀ ਕਾਨਫਰੰਸਾਂ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਫ਼ੈਸਲਾ ਕੁਝ ਸਿੱਖ ਜਥੇਬੰਦੀਆਂ ਤੇ ਲੋਕਾਂ ਵੱਲੋਂ ਵਿਰੋਧ ਪ੍ਰਗਟਾਏ ਜਾਣ ਤੋਂ ਬਾਅਦ ਲਿਆ ਗਿਆ ਹੈ, ਜੋ ਮੰਨਦੇ ਹਨ ਕਿ ਸਿਆਸੀ ਕਾਨਫਰੰਸਾਂ ਸ਼ਹੀਦੀ ਜੋੜ ਮੇਲ ਦੀ ਅਹਿਮੀਅਤ ਘਟਾ ਦਿੰਦੀਆਂ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਧਾਰਮਿਕ-ਸਿਆਸੀ ਮਹੌਲ ਵਿੱਚ ਸਿੱਖ ਧਰਮ ਦੀ ਸਭ ਤੋਂ ਵੱਡੀ ਤਰਾਸਦੀ ਦੀ ਗੰਭੀਰਤਾ ਨੂੰ ਬਰਕਾਰ ਰੱਖਣ ਦੀ ਅਪੀਲ ਕੀਤੀ ਹੈ।
ਦੂਜੇ ਪਾਸੇ ਇਹ ਧਾਰਮਿਕ ਉਤਸ਼ਾਹ ਦੇ ਮੁੜ ਸੁਰਜੀਤ ਹੋਣ ਦਾ ਸੰਕੇਤ ਹੋ ਸਕਦਾ ਹੈ, ਜਦੋਂ ਮੌਜੂਦਾ ਪੀੜ੍ਹੀ ਧਰਮ ਤੋਂ ਵਿਸਰ ਰਹੀ ਹੈ।
ਇਸ ਮਸਲੇ ਦਾ ਇੱਕ ਅਹਿਮ ਮੁੱਦਾ ਹੈ ਸਿਆਸਤ ਤੇ ਧਰਮ ਦਾ ਸੁਮੇਲ। ਸਿੱਖ ਧਰਮ ਧਾਰਮਿਕ ਤੇ ਸਿਆਸੀ ਹੋਂਦ ਦਾ ਪ੍ਰਤੀਕ ਹੈ।

ਤਸਵੀਰ ਸਰੋਤ, Getty Images
ਅਜਿਹੇ ਦੌਰ ਵਿੱਚ ਪੰਜਾਬ ਸਰਕਾਰ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿੱਚ ਹੈ ਕਿਉਂਕਿ ਸੂਬਾ ਸਰਕਾਰ ਕਈ ਸਾਲਾਂ ਤੋਂ ਧਾਰਮਿਕ ਪ੍ਰੋਗਰਾਮ ਕਰਵਾਉਂਦੀ ਆ ਰਹੀ ਹੈ।
ਜਦੋਂ ਜ਼ਿੰਦਾ ਚਿਣਵਾਏ ਗਏ ਸਾਹਿਬਜ਼ਾਦੇ
- 9 ਸਾਲ ਦੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ 7 ਸਾਲ ਦੇ ਸਾਹਿਬਜ਼ਾਦੇ ਫਤਹਿ ਸਿੰਘ ਨੂੰ ਮੁਗਲ ਫੌਜਾਂ ਨੇ ਦਾਦੀ ਮਾਤਾ ਗੁਜਰੀ ਸਣੇ ਬੰਦੀ ਬਣਾ ਲਿਆ ਸੀ।
- ਅਨੰਦਪੁਰ ਸਾਹਿਬ ਤੋਂ ਪਿੱਛੇ ਹਟਣ ਤੋਂ ਬਾਅਦ ਇਹ ਤਿੰਨੋਂ ਉਸ ਸਿੱਖ ਫੌਜ ਤੋਂ ਵਿੱਛੜ ਗਏ ਸਨ, ਜਿਸ ਦੀ ਅਗਵਾਈ ਗੁਰੂ ਗੋਬਿੰਦ ਸਿੰਘ ਜੀ ਕਰ ਰਹੇ ਸਨ।
- ਸਰਹਿੰਦ ਦੇ ਗਵਰਨਰ ਵਜ਼ੀਰ ਖਾਨ ਲਈ ਇਹ ਵੱਡੀ ਕਾਮਯਾਬੀ ਸੀ। ਦੋਵੇਂ ਸਾਹਿਬਜ਼ਾਦਿਆਂ ਨੂੰ ਅਗਲੇ ਦਿਨ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਉਸ ਨੇ ਧਰਮ ਬਦਲਣ ਲਈ ਕਿਹਾ।
- ਸਾਹਿਬਜ਼ਾਦਿਆਂ ਨੇ ਇਨਕਾਰ ਕਰ ਦਿੱਤਾ। ਉਸ ਨੇ ਸਾਹਿਬਜ਼ਾਦਿਆਂ ਨੂੰ ਕੰਧ ਵਿੱਚ ਜ਼ਿੰਦਾ ਚਿਣਵਾਉਣ ਤੇ ਤਸ਼ਦੱਦ ਕਰਨ ਦੇ ਹੁਕਮ ਦੇ ਦਿੱਤੇ।
- ਜਦੋਂ ਉਹ ਬੇਹੋਸ਼ ਹੋ ਗਏ ਤਾਂ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ। ਇਸੇ ਤਰ੍ਹਾਂ ਹੀ ਅਗਲੇ ਦਿਨ ਵੀ ਕੀਤਾ ਗਿਆ। ਫਿਰ ਵਜ਼ੀਰ ਖਾਨ ਨੇ ਦੋਹਾਂ ਨੂੰ ਫਾਂਸੀ ਦਾ ਹੁਕਮ ਦੇ ਦਿੱਤਾ। ਉਨ੍ਹਾਂ ਦੀ ਦਾਦੀ ਸਦਮੇ ਵਿੱਚ ਅਕਾਲ ਚਲਾਣਾ ਕਰ ਗਏ।
- ਇਹ ਘਟਨਾ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਚਮਕੌਰ ਸਾਹਿਬ ਦੀ ਲੜਾਈ ਵਿੱਚ ਸ਼ਹਾਦਤ ਤੋਂ ਇੱਕ ਹਫ਼ਤੇ ਦੇ ਅੰਦਰ ਵਾਪਰੀ। ਚਾਰੋ ਭਰਾ ਇੱਕ ਹਫ਼ਤੇ ਵਿੱਚ ਹੀ ਸ਼ਹੀਦ ਹੋ ਗਏ।
- ਇੰਨੀ ਛੋਟੀ ਉਮਰ ਵਿੱਚ ਕਿਸੇ ਸਿਆਸੀ ਤੇ ਧਾਰਮਿਕ ਸਖ਼ਸ਼ੀਅਤ ਨੂੰ ਕੋਹ-ਕੋਹ ਕੇ ਸ਼ਹੀਦ ਕਰਨ ਦੀ ਇਤਿਹਾਸ ਵਿੱਚ ਇਸ ਦੇ ਬਰਾਬਰ ਮਿਸਾਲ ਨਹੀਂ ਮਿਲਦੀ, ਜਿੰਨੀ ਉਮਰ ਵਿੱਚ ਕਹਿਰ ਦੇ ਤਸ਼ੱਦਦ ਨਾਲ ਦੋਵਾਂ ਛੋਟੇ ਸਾਹਿਬਜਾਦਿਆਂ ਨੂੰ ਸ਼ਹੀਦ ਕੀਤਾ ਗਿਆ।

ਤਸਵੀਰ ਸਰੋਤ, NARINDER NANU/Getty Images
ਵਜ਼ੀਰ ਖਾਨ ਨੇ ਉਨ੍ਹਾਂ ਦੇ ਸਸਕਾਰ ਲਈ ਵੀ ਜ਼ਮੀਨ ਦੇਣ ਤੋਂ ਮਨ੍ਹਾ ਕਰ ਦਿੱਤਾ।
ਫਿਰ ਟੋਡਰ ਮੱਲ ਨਾਂ ਦੇ ਇੱਕ ਹਿੰਦੂ ਵਪਾਰੀ ਨੇ ਸਸਕਾਰ ਲਈ ਲੋੜੀਦੀ ਜ਼ਮੀਨ 'ਤੇ ਸੋਨੇ ਦੀਆਂ ਮੋਹਰਾ ਵਿਛਾ ਕੇ ਜ਼ਮੀਨ ਖਰੀਦੀ।
ਇਹ ਹਫ਼ਤਾ ਸਿੱਖ ਇਤਿਹਾਸ ਦਾ ਸਭ ਤੋਂ ਤਰਾਸਦੀ ਵਾਲੇ ਹਫ਼ਤੇ ਵਜੋਂ ਮਨਾਇਆ ਜਾਂਦਾ ਹੈ।
ਫਤਹਿਗੜ੍ਹ ਸਾਹਿਬ ਵਿੱਚ ਮਨਾਇਆ ਜਾਣ ਵਾਲਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਉਸ ਵੇਲੇ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਸੀ।
ਪੰਥਕ ਤੋਂ ਸਿਆਸੀ ਮੰਚ ਬਣਿਆ
ਪਹਿਲਾਂ ਇੱਥੇ ਸਿਰਫ਼ ਪੰਥਕ ਇਕੱਠ ਸ਼ਹੀਦੀ ਸਭਾ ਦੇ ਰੂਪ ਵਿੱਚ ਹੁੰਦੇ ਰਹੇ ਪਰ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਵੱਲੋਂ ਇਨ੍ਹਾਂ ਸਮਾਗਮਾਂ ਨੂੰ ਕਰਵਾਇਆ ਜਾਣ ਲੱਗ ਪਿਆ।
ਇਸ ਦੌਰਾਨ ਲੋਕ ਤਿੰਨ ਦਿਨ ਜ਼ਮੀਨ 'ਤੇ ਸੌਂਦੇ ਸਨ। ਕਿਸੇ ਤਰ੍ਹਾਂ ਦਾ ਕੋਈ ਸਮਾਗਮ ਨਹੀਂ ਹੁੰਦੇ ਸਨ। ਬਿਲਕੁਲ ਸਾਦਾ ਖਾਣਾ ਹੁੰਦਾ ਸੀ।
ਫਿਰ ਹਾਲਾਤ ਬਦਲਣੇ ਸ਼ੁਰੂ ਹੋਏ। ਲੱਡੂਆਂ ਤੇ ਜਲੇਬੀਆਂ ਦਾ ਲੰਗਰ ਵਰਤਾਇਆ ਜਾਣ ਲੱਗਾ।
ਕਾਂਗਰਸ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੇ ਸੱਤਾ ਵਿੱਚ ਆਉਣ ਦੇ ਕਈ ਸਾਲਾਂ ਬਾਅਦ ਫਰਵਰੀ 1992 ਵਿੱਚ ਕਾਂਗਰਸ ਲਈ ਮੰਚ ਸਜਾਇਆ।
ਸਿਆਸੀ ਕਾਨਫਰੰਸਾਂ ਨੇ ਪੰਥਕ ਸਮਾਗਮਾਂ ਦਾ ਸੁਭਾਅ ਹੀ ਬਦਲ ਦਿੱਤਾ ਅਤੇ ਸ਼ਹੀਦੀ ਜੋੜ ਮੇਲ ਦੀ ਗੰਭੀਰਤਾ ਘੱਟ ਹੁੰਦੀ ਗਈ।

ਤਸਵੀਰ ਸਰੋਤ, Getty Images
ਭੀੜ ਨੂੰ ਭੜਕਾਉਣ ਲਈ ਸਿਆਸੀ ਕਾਨਫਰੰਸਾਂ ਸਜਾਈਆਂ ਜਾਂਦੀਆਂ, ਇਹੀ ਇਨ੍ਹਾਂ ਸਿਆਸੀ ਸਟੇਜਾਂ ਦਾ ਮੰਤਵ ਸੀ, ਨਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨਾ।
ਇਹ ਵੀ ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਵੇਲੇ ਅਕਾਲੀ ਦਲ ਦਾ ਮੰਚ ਵੀ ਸਿਆਸੀ ਰੂਪ ਧਾਰ ਗਿਆ।
ਹਾਲਾਂਕਿ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਟਕਸਾਲੀ ਪੰਥਕ ਆਗੂ ਗੁਰਚਰਨ ਸਿੰਘ ਟੌਹੜਾ ਸਨ, ਜਿਹੜੇ ਕਿ ਬਾਅਦ ਵਿੱਚ ਥੋੜੇ ਨਰਮ ਵੀ ਪੈ ਗਏ।
ਮੌਜੂਦਾ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਥਕ ਮੂਲ ਤੋਂ ਵਿਸਰੇ ਹੋਏ ਹਨ।
ਜਥੇਦਾਰ ਨੂੰ ਕਿਉਂ ਦੇਣਾ ਪਿਆ ਦਖ਼ਲ?
ਹਾਲਾਂਕਿ ਧਾਰਮਿਕ-ਸਿਆਸੀ ਗਲਿਆਰਿਆਂ ਵਿੱਚ ਧਰਮ ਨੂੰ ਮੰਨਣ ਦੀ ਬਜਾਏ ਇਸ ਦਾ ਇਸਤੇਮਾਲ ਸਿਆਸੀ ਲਾਹੇ ਲਈ ਕੀਤਾ ਜਾਂਦਾ ਹੈ।
ਅਜਿਹੇ ਹਾਲਾਤਾਂ ਕਰਕੇ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉੱਤੇ ਮਾਮਲੇ ਵਿੱਚ ਦਖਲ ਦੇਣ ਦਾ ਦਬਾਅ ਵਧਿਆ।

ਤਸਵੀਰ ਸਰੋਤ, Getty Images
ਪੰਜਾਬ ਸਰਕਾਰ ਧਾਰਮਿਕ ਸਮਾਗਮਾਂ ਖਾਸ ਕਰਕੇ ਸਿੱਖ ਧਰਮ ਨਾਲ ਸਬੰਧਤ ਸਮਾਗਮਾਂ ਦਾ ਪ੍ਰਬੰਧ ਕਰਦਾ ਆਇਆ ਹੈ।
ਅਮਰਿੰਦਰ ਸਰਕਾਰ ਦੇ ਏਜੰਡੇ ਉੱਤੇ ਅਗਲਾ ਪ੍ਰੋਗਰਾਮ ਹੈ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਅਨੰਦਪੁਰ ਸਾਹਿਬ ਵਿੱਚ 24 ਦਸੰਬਰ ਨੂੰ ਪ੍ਰਬੰਧਿਤ ਕੀਤਾ ਜਾਣ ਵਾਲਾ ਸਮਾਗਮ।
ਹਾਲਾਂਕਿ ਸਰਕਾਰ ਦੇ ਵਤੀਰੇ 'ਤੇ ਸਮੇਂ-ਸਮੇਂ 'ਤੇ ਸ਼ੰਕੇ ਜਤਾਏ ਗਏ ਹਨ, ਪਰ ਇਹ ਸਿੱਖ ਧਰਮ ਦੀ ਪਰੰਪਰਾ ਰਹੀ ਹੈ। ਸਿੱਖ ਧਰਮ ਧਾਰਮਿਕ-ਸਿਆਸੀ ਸੁਮੇਲ ਹੈ ਅਤੇ ਖਾਲਸਾ ਸੰਤ-ਸਿਪਾਹੀਆਂ ਦਾ ਹੀ ਰੂਪ ਹੈ।
ਪਿਛਲੇ ਸਾਲ ਵੀ ਉੱਠਿਆ ਸੀ ਮੁੱਦਾ
ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪਿਛਲੇ ਸਾਲ ਲੋਕਾਂ ਦੀ ਲਾਮਬੰਦੀ ਲਈ 7 ਪੰਨਿਆਂ ਦਾ ਪਰਚਾ ਤਿਆਰ ਕੀਤਾ ਸੀ, ਜਿਸ ਵਿੱਚ ਅਜਿਹੇ ਸਮਾਗਮਾਂ ਦੀ ਗੰਭੀਰਤਾ ਤੇ ਪਵਿੱਤਰਤਾ ਬਰਕਰਾਰ ਰੱਖਣ ਦੀ ਗੱਲ ਕਹੀ ਗਈ ਸੀ।
ਇਹ ਮੁਹਿੰਮ ਇਸ ਸਾਲ ਸਤਕਾਰ ਕਮੇਟੀ ਨੇ ਭਖਾ ਦਿੱਤੀ, ਜਿਨ੍ਹਾਂ ਨੇ ਧਰਨੇ ਦੇ ਕੇ ਮੰਗ ਕੀਤੀ ਕਿ ਕੋਈ ਵੀ ਸਿਆਸੀ ਕਾਨਫਰੰਸ ਨਾ ਕੀਤੀ ਜਾਵੇ।
ਅਕਾਲ ਤਖ਼ਤ ਦੇ ਨਿਰਦੇਸ਼
ਲੋਕਾਂ ਦੀ ਮੰਗ ਨੂੰ ਸਮਝਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦਖ਼ਲ ਦਿੰਦਿਆਂ ਕਿਹਾ, "ਇਹ ਮੌਕਾ ਹੈ ਗੁਰੂ ਜੀ ਦੇ ਸਾਹਿਬਜਾਦਿਆਂ ਦੀ ਸਿੱਖ ਧਰਮ ਲਈ ਦਿੱਤੀ ਕੁਰਬਾਨੀ ਨੂੰ ਸ਼ਰਧਾਂਜਲੀ ਦੇਣ ਦਾ ਅਤੇ ਸਿਰਫ਼ 'ਗੁਰੂ ਇਤਿਹਾਸ' ਨਾਲ ਸਬੰਧਤ ਸਮਾਗਮ ਹੀ ਹੋਣੇ ਚਾਹੀਦੇ ਹਨ। ਇਸ ਨੂੰ ਸਿਆਸੀ ਅਖਾੜਾ ਬਣਾਉਣ ਨਾਲ ਇਸ ਦੀ ਅਹਿਮੀਅਤ ਘੱਟ ਜਾਵੇਗੀ। ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਿਰਦੇਸ਼ ਦਿੰਦਾ ਹਾਂ ਕਿ ਉਹ ਇੱਕ ਦੂਜੇ 'ਤੇ ਇਲਜ਼ਾਮ ਲਾਉਣ ਤੋਂ ਗੁਰੇਜ਼ ਕਰਨ।"

ਤਸਵੀਰ ਸਰੋਤ, BBC/Ranjodh Singh
ਅਕਾਲੀ ਦਲ ਨੂੰ ਇਸ ਲਈ ਮੋਹਰੀ ਹੋਣਾ ਚਾਹੀਦਾ ਸੀ, ਪਰ ਪਹਿਲਾ ਐਲਾਨ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਮੁਖੀ ਭਗਵੰਤ ਮਾਨ ਵੱਲੋਂ।
ਇਸ ਤੋਂ ਬਾਅਦ ਕਾਂਗਰਸ ਨੇ ਵੀ ਸਿਆਸੀ ਕਾਨਫਰੰਸ ਕਰਨ ਤੋਂ ਇਨਕਾਰ ਕਰ ਦਿੱਤਾ।
ਨਵੀਂ ਸਿੱਖ ਪੀੜ੍ਹੀ ਨੇ ਅਜਿਹੇ ਮੁੱਦਿਆਂ 'ਤੇ ਪ੍ਰਤੀਕਰਮ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਲੱਗ ਰਿਹਾ ਕਿ ਕਦਰਾਂ-ਕੀਮਤਾਂ ਮੁੜ ਸੁਰਜੀਤ ਹੋ ਰਹੀਆਂ ਹਨ।
ਜ਼ਿਆਦਾਤਰ ਲੋਕ ਡੇਰਿਆਂ 'ਤੇ ਜਾਣ ਲੱਗ ਪਏ ਹਨ ਤੇ ਸਿੱਖ ਨੌਜਵਾਨ ਕਿਸੇ ਬਾਹਰੀ ਧਾਰਮਿਕ ਚਿੰਨ੍ਹਾਂ ਉੱਤੇ ਭਰੋਸਾ ਜਤਾਉਣ ਤੋਂ ਪਰਹੇਜ਼ ਕਰ ਰਹੇ ਹਨ।
ਨੌਜਵਾਨ ਸਿੱਖਾਂ ਵੱਲੋਂ ਫਤਹਿਗੜ੍ਹ ਸਾਹਿਬ ਵਿੱਚ ਤਿੰਨ ਰੋਜ਼ਾ ਜੋੜ ਮੇਲ ਦੀ ਗੰਭੀਰਤਾ ਨੂੰ ਬਹਾਲ ਕਰਨ ਲਈ ਚਲਾਈ ਗਈ ਮੁਹਿੰਮ ਇਸ ਗੱਲ ਦੀ ਗਵਾਹੀ ਦਿੰਦੀ ਹੈ।













