ਬਿਕਰਮ ਮਜੀਠੀਆ ਜਮਾਨਤ ਲੈਣ ਲਈ ਨਵਜੋਤ ਸਿੱਧੂ, ਚਰਨਜੀਤ ਚੰਨੀ ਤੇ ਸੁਖਜਿੰਦਰ ਰੰਧਾਵਾ ਨੂੰ ਹੀ ਕਿਵੇਂ ਬਣਾ ਰਹੇ ਢਾਲ

ਮਜੀਠੀਆ

ਤਸਵੀਰ ਸਰੋਤ, Getty Images

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਨਸ਼ੇ ਦੇ ਮਾਮਲੇ ਵਿੱਚ ਆਪਣੇ ਖ਼ਿਲਾਫ਼ ਦਰਜ ਹੋਈ ਐੱਫਆਈਆਰ ਤੋਂ ਬਾਅਦ ਅਦਾਲਤ ਦਾ ਰੁਖ ਕੀਤਾ ਹੈ।

ਮਜੀਠੀਆ ਨੇ ਅਦਾਲਤ ਵਿੱਚ ਅਗਾਉਂ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ, ਜਿਸ ਦੀ ਸੁਣਵਾਈ ਵੀ ਅੱਜ ਹੀ ਕੀਤੀ ਜਾ ਸਕਦੀ ਹੈ।

ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਸ਼ੇ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਹੈ।

ਇਹ ਐੱਫਆਈਆਰ NDPS ਦੀ ਧਾਰਾ 25, 27 A ਤੇ 29 ਦੇ ਤਹਿਤ ਦਰਜ ਕੀਤੀ ਗਈ ਹੈ। ਪੁਲਿਸ ਸੂਤਰਾਂ ਮੁਤਾਬਕ ਇਹ ਬਹੁਤ ਗੰਭੀਰ ਮਾਮਲਾ ਹੈ ਤੇ ਇਸ ਵਿੱਚ ਮਜੀਠੀਆ ਦੀ ਗ੍ਰਿਫ਼ਤਾਰੀ ਵੀ ਸੰਭਵ ਹੈ।

ਇਹ FIR ਮੋਹਾਲੀ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਦਰਜ ਕੀਤੀ ਗਈ ਹੈ।

ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਐੱਫਆਈਆਰ ਬਾਰੇ ਕਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਜੋ ਨਸ਼ੇ ਦਾ ਕੇਸ ਦਰਜ ਕੀਤਾ ਗਿਆ ਹੈ ਉਹ ਸੂਬੇ ਦੇ ਡੀਜੀਪੀ, ਨਵਜੋਤ ਸਿੱਧੂ ਅਤੇ ਸੁਖਜਿੰਦਰ ਰੰਧਾਵਾ ਦੀ ਉਨ੍ਹਾਂ ਨਾਲ ਨਿੱਜੀ ਨਫ਼ਰਤ, ਰਾਜਨੀਤਿਕ ਰੰਜਸ਼ ਤੇ ਦੁਸ਼ਮਣੀ ਕਾਰਨ ਕੀਤੀ ਗਈ ਹੈ।

ਇਹ ਵੀ ਪੜ੍ਹੋ:-

ਆਪਣੀ ਜ਼ਮਾਨਤ ਅਰਜੀ ਵਿੱਚ ਮਜੀਠੀਆ ਨੇ ਇਸ ਐੱਫਆਈਆਰ ਨੂੰ ਬਦਲਾਖੋਰੀ ਤਹਿਤ ਦਰਜ ਕੀਤੀ ਗਈ ਦੱਸਿਆ ਹੈ।

ਮਜੀਠੀਆ ਨੇ ਆਪਣੀ ਅਰਜ਼ੀ ਵਿੱਚ ਕੀ ਕੁਝ ਕਿਹਾ ਹੈ

ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਐੱਫਆਈਆਰ ਬਾਰੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਨੇ ਸਰਕਾਰ, ਮੰਤਰੀਆਂ ਅਤੇ ਪੁਲਿਸ ਡੀਜੀਪੀ ਤੱਕ ਸਾਰਿਆਂ ਤੇ ਸਵਾਲ ਚੁੱਕੇ ਹਨ।

1. ਰਾਜ ਸਰਕਾਰ ਐਡਹਾਕ ਡੀਜੀਪੀਜ਼ ਰਾਹੀਂ ਚੱਲ ਰਹੀ

ਪੁਲਿਸ ਅਫ਼ਸਰਾਂ ਤੇ ਡੀਜੀਪੀ ਬਾਰੇ ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੇ ਤਿੰਨ ਮਹੀਨਿਆਂ ਦੇ ਅਰਸੇ ਦੌਰਾਨ ਤਿੰਨ ਡੀਜੀਪੀਜ਼ ਬਦਲੇ ਹਨ। ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਤਿੰਨ ਵਿਭਾਗੀ ਮੁਖੀਆਂ/ਨਿਰਦੇਸ਼ਕਾਂ ਨੂੰ ਵੀ ਬਦਲਿਆ ਹੈ। ਪੁਲਿਸ ਅਫ਼ਸਰਾਂ ਨੂੰ ਬਿਨੈਕਾਰ/ਪਟੀਸ਼ਨਰ ਨੂੰ ਝੂਠਾ ਫਸਾਉਣ ਜਾਂ ਤਬਾਦਲੇ, ਚਾਰਜਸ਼ੀਟ ਅਤੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ ਗਿਆ ਹੈ।

ਅਫ਼ਸਰਾਂ ਨੂੰ ਤਰੱਕੀਆਂ ਅਤੇ ਪਲਮ ਪੋਸਟਿੰਗ ਨਾਲ ਵੀ ਪ੍ਰੇਰਿਤ ਕੀਤਾ ਗਿਆ ਹੈ ਜੇਕਰ ਉਹ ਸਰਕਾਰ ਦੇ ਕਹੇ ਅਨੁਸਾਰ ਚਲਦੇ ਹਨ।

ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਵੱਲੋਂ ਐਫਆਈਆਰ ਦਰਜ ਕਰਨ ਤੋਂ ਇਨਕਾਰ ਕਰਦਿਆਂ ਆਪਣੀ ਪੱਕੀ ਰਾਏ ਦੇਣ ਦੇ ਬਾਵਜੂਦ ਇਹ ਫ਼ਾਈਲ ਅਗਲੇਰੀ ਤਫ਼ਤੀਸ਼ ਲਈ ਸੀਨੀਅਰ ਪੁਲਿਸ ਕਪਤਾਨ, ਪਟਿਆਲਾ ਨੂੰ ਭੇਜੀ ਗਈ ਸੀ, ਜਿਨ੍ਹਾਂ ਨੇ ਵੀ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ।

ਇਹੀ ਕਾਰਨ ਹੈ ਕਿ ਰਾਤੋ-ਰਾਤ ਡੀਜੀਪੀ ਨੂੰ ਬਦਲ ਦਿੱਤਾ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਪੁਰਾਣੇ ਦੁਸ਼ਮਣ ਨੂੰ ਡੀਜੀਪੀ ਪੰਜਾਬ ਵਜੋਂ ਵਾਧੂ ਚਾਰਜ ਦੇ ਦਿੱਤਾ ਗਿਆ ਸੀ, ਇਸ ਤੱਥ ਦੇ ਬਾਵਜੂਦ ਕਿ ਉਕਤ ਅਧਿਕਾਰੀ ਸੁਪਰੀਮ ਕੋਰਟ ਵਿੱਚ ਆਪਣਾ ਕੇਸ ਹਾਰ ਚੁੱਕਾ ਹੈ। ਇਸ ਤੋਂ ਬਾਅਦ ਮੌਜੂਦਾ ਡੀਜੀਪੀ ਨੇ ਬਿਨੈਕਾਰ/ਪਟੀਸ਼ਨਰ ਵਿਰੁੱਧ ਐਫਆਈਆਰ ਦਰਜ ਕਰਨ ਦੀ ਸਿਫ਼ਾਰਸ਼ ਕੀਤੀ।

ਬਿਕਰਮ ਮਜੀਠੀਆ ਨੇ ਅਰਜ਼ੀ ਵਿਚ ਇਹ ਵੀ ਕਿਹਾ ਹੈ ਕਿ ਮਜੀਠੀਆ ਨੂੰ ਝੂਠਾ ਫਸਾਉਣ ਤੋਂ ਝਿਜਕਣ ਵਾਲੇ ਪਿਛਲੇ ਕਾਰਜਕਾਰੀ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਇਸੇ ਮਹੀਨੇ 16 ਤਰੀਕ ਦੀ ਅੱਧੀ ਰਾਤ ਨੂੰ ਬਦਲ ਦਿੱਤਾ ਗਿਆ ਸੀ ਅਤੇ ਸਿਧਾਰਥ ਚਟੋਪਾਧਿਆਏ ਨੂੰ ਡੀਜੀਪੀ (ਪੁਲਿਸ ਫੋਰਸ ਦੇ ਮੁਖੀ) ਦਾ ਵਾਧੂ ਚਾਰਜ ਦਿੱਤਾ ਗਿਆ ਸੀ।

ਇਹ ਇਸ ਤੱਥ ਦੇ ਬਾਵਜੂਦ ਕੀਤਾ ਗਿਆ ਜਦੋਂ ਕਿ ਯੂਪੀਐਸਸੀ ਦੁਆਰਾ ਯੋਗ ਅਧਿਕਾਰੀਆਂ ਦਾ ਇੱਕ ਪੈਨਲ ਭੇਜਣ ਤੋਂ ਬਾਅਦ ਨਿਯਮਤ ਡੀਜੀਪੀ ਨਿਯੁਕਤ ਕੀਤਾ ਜਾਣਾ ਹੈ।

ਬਿਕਰਮ ਮਜੀਠੀਆ

ਤਸਵੀਰ ਸਰੋਤ, NARINDER NANU/AFP via Getty Images

ਤਸਵੀਰ ਕੈਪਸ਼ਨ, ਮਜੀਠੀਆ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਕਾਲੀ ਲੀਡਰ ਹੋਣ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ

ਜਦੋਂ ਤੋਂ ਉਸੇ ਸਰਕਾਰ ਵਿੱਚ ਪਿਛਲੀ ਮੁੱਖ ਮੰਤਰੀ ਭਾਵ ਕੈਪਟਨ ਅਮਰਿੰਦਰ ਸਿੰਘ ਨੇ ਅਹੁਦਾ ਛੱਡਿਆ ਸੀ, ਉਦੋਂ ਤੋਂ ਰਾਜ ਸਰਕਾਰ ਐਡਹਾਕ ਡੀਜੀਪੀਜ਼ ਰਾਹੀਂ ਚੱਲ ਰਹੀ ਹੈ, ਜਿਨ੍ਹਾਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ, ਜਿਨ੍ਹਾਂ ਕੋਲ ਯੂਪੀਐਸਸੀ. ਤੋਂ ਕੋਈ ਮਨਜ਼ੂਰੀ ਨਹੀਂ ਹੈ ਅਤੇ ਸਿਰਫ਼ ਸਰਕਾਰ ਦੇ ਰਾਜਨੀਤਿਕ ਹੁਕਮਾਂ ਦੀ ਪਾਲਨਾ ਕਰਨ ਲਈ ਨਿਯੁਕਤ ਕੀਤੇ ਗਏ ਹਨ। ਇਸ ਲਈ ਇਹ ਪੱਖਪਾਤ ਤੇ ਮਾੜੀ ਇਰਾਦੇ ਤੋਂ ਮੁਕਤ ਨਹੀਂ ਹਨ।

ਅੱਗੇ ਕਿਹਾ ਗਿਆ ਹੈ ਕਿ ਸਿਧਾਰਥ ਚਟੋਪਾਧਿਆਏ ਦੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਲੰਮੇ ਸਮੇਂ ਤੋਂ ਨਿੱਜੀ ਦੁਸ਼ਮਣੀ ਹੈ ਅਤੇ ਉਨ੍ਹਾਂ ਦੀ ਨਿਯੁਕਤੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ (ਨਵਜੋਤ ਸਿੱਧੂ) ਨੂੰ ਖ਼ੁਸ਼ ਕਰਨ ਲਈ ਕੀਤੀ ਗਈ ਹੈ।

ਨਵਜੋਤ ਸਿੰਘ ਸਿੱਧੂ, ਬਿਨੈਕਾਰ/ਪਟੀਸ਼ਨਰ ਦੇ ਕੱਟੜ ਸਿਆਸੀ ਵਿਰੋਧੀ ਹਨ। ਸਿਧਾਰਥ ਚਟੋਪਾਧਿਆਏ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਦੇ ਖ਼ਿਲਾਫ਼ ਝੂਠੇ ਕੇਸ ਦੀ ਜਾਂਚ ਲਈ ਸੁਪਰਵਾਈਜ਼ਰੀ ਅਫ਼ਸਰ ਸਨ। ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਸਪੁੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਸਾਲ 2003 'ਚ ਸਿਧਾਰਥ ਚਟੋਪਾਧਿਆਏ ਨੇ ਬਿਲਕੁਲ ਝੂਠੇ ਅਤੇ ਬੇਬੁਨਿਆਦ ਕੇਸ ਸਨ ਸਾਲ 2010 ਵਿੱਚ ਕੀਤਾ ਸੀ।

ਇਸ ਲਈ ਇਹ ਵਿਸ਼ੇਸ਼ ਅਧਿਕਾਰੀ ਮੌਜੂਦਾ ਸਰਕਾਰ ਦੇ ਸਿਆਸੀ ਹਿਤਾਂ ਨੂੰ ਅੱਗੇ ਵਧਾਉਣ ਲਈ ਇੱਕ ਸਾਧਨ ਵਜੋਂ ਕੰਮ ਕਰਨ ਲਈ ਨਿਯੁਕਤ ਕੀਤਾ ਗਿਆ ਹੈ।

2. ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਬਾਰੇ

ਨਵਜੋਤ ਸਿੰਘ ਸਿੱਧੂ, ਜੋ ਕਿ ਇੱਕ ਬਹੁਤ ਜ਼ਿਆਦਾ ਬੋਲਣ ਵਾਲੇ ਸਿਆਸਤਦਾਨ ਹਨ ਅਤੇ ਮੌਜੂਦਾ ਸਮੇਂ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਦੇ ਪ੍ਰਧਾਨ ਹਨ, ਪੰਜਾਬ ਰਾਜ ਵਿੱਚ ਨਸ਼ਿਆਂ ਦੇ ਸਵਾਲ 'ਤੇ ਮਜੀਠੀਆ ਵਿਰੁੱਧ ਗੈਰ-ਵਾਜਬ ਪ੍ਰਚਾਰ ਕਰਨ ਵਿੱਚ ਹਮਲਾਵਰ ਰੂਪ ਵਿੱਚ ਸ਼ਾਮਲ ਹਨ।

ਉਹ ਮੁੱਖ ਐਸਟੀਐਫ ਦੁਆਰਾ ਪੇਸ਼ ਕੀਤੀ ਗਈ ਰਿਪੋਰਟ ਦੀ ਸਮੱਗਰੀ ਬਾਰੇ ਜਨਤਕ ਬਿਆਨ ਦੇ ਰਿਹਾ ਹੈ ਅਤੇ ਐਲਾਨ ਕਰਦਾ ਰਿਹਾ ਹੈ ਕਿ ਉਕਤ ਰਿਪੋਰਟ ਬਿਨੈਕਾਰ/ਪਟੀਸ਼ਨਰ ਦੀ ਨਿੰਦਾ ਕਰਦੀ ਹੈ ਅਤੇ ਰਾਜ ਦੁਆਰਾ ਆਪਣੇ ਤੌਰ 'ਤੇ ਜਨਤਕ ਕੀਤੀ ਜਾਣੀ ਚਾਹੀਦੀ ਹੈ।

ਬਿਕਰਮ ਮਜੀਠੀਆ

ਤਸਵੀਰ ਸਰੋਤ, Anil Dayal/Hindustan Times via Getty Images

ਉਹ ਟਵੀਟ ਕਰਨ ਦੇ ਵੀ ਸ਼ੌਕੀਨ ਹਨ ਅਤੇ ਕੇਸ ਤੋ ਪਹਿਲਾਂ ਟਵੀਟ ਕਰਕੇ ਅਦਾਲਤ ਤੇ ਪ੍ਰਭਾਅ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਇਹ ਟਵੀਟ ਵਿਵਾਦ ਪੈਦਾ ਕਰ ਰਹੇ ਹਨ, ਅਦਾਲਤ ਦੀ ਅਪਮਾਨ ਦੀ ਹੱਦ ਨਾਲ ਜੁੜੇ ਹੋਏ ਹਨ ਅਤੇ ਇਹ ਮੁਆਫ਼ੀਯੋਗ ਨਹੀਂ ਹਨ।

3. ਸੁਖਜਿੰਦਰ ਸਿੰਘ ਰੰਧਾਵਾ ਬਾਰੇ

ਇਸੇ ਤਰ੍ਹਾਂ ਦੀ ਪੂਰਵ-ਚਿੰਤਨ ਵਾਲੀ ਮਾਨਸਿਕਤਾ ਵਾਲੇ ਸੁਖਜਿੰਦਰ ਸਿੰਘ ਰੰਧਾਵਾ, ਹੁਣ ਉਪ ਮੁੱਖ ਮੰਤਰੀ ਅਤੇ ਪੰਜਾਬ ਰਾਜ ਦੇ ਗ੍ਰਹਿ ਮੰਤਰੀ, ਹਨ ਜੋ ਕਿ ਮਜੀਠੀਆ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੋਣ ਕਾਰਨ ਉਨ੍ਹਾਂ ਦੇ ਸਿਆਸੀ ਵਿਰੋਧੀ ਹਨ ਤੇ ਉਨ੍ਹਾਂ ਲਈ ਤਿੱਖੀ ਨਫ਼ਰਤ ਦਾ ਪ੍ਰਦਰਸ਼ਨ ਕਰ ਰਹੇ ਹਨ।

ਬਿਨੈਕਾਰ ਨੂੰ ਗ੍ਰਿਫਤਾਰ ਕਰਨ ਲਈ ਉਸ ਨੂੰ ਫਸਾਉਣ ਦੀ ਯੋਜਨਾਬੱਧ ਮਾਨਸਿਕਤਾ ਦੇ ਤਹਿਤ, 25.11.2019 ਨੂੰ ਇੱਕ ਜਨਤਕ ਇੰਟਰਵਿਊ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਜੋ ਉਸ ਸਮੇਂ ਜੇਲ੍ਹ ਮੰਤਰੀ ਸਨ, ਨੇ ਆਪਣਾ ਬਦਲਾ ਲੈਣ ਦੇ ਆਪਣੇ ਇਰਾਦੇ ਬਾਰੇ ਗੱਲ ਕੀਤੀ, ਜੇਕਰ ਉਸ ਕੋਲ ਅਜਿਹਾ ਕਰਨ ਦਾ ਅਧਿਕਾਰ ਹੋਵੇ ।

ਉਨ੍ਹਾਂ ਦੇ ਇੱਕ ਕਥਿਤ ਬਿਆਨ ਬਾਰੇ ਵੀ ਬਿਕਰਮ ਮਜੀਠੀਆ ਦੀ ਅਰਜੀ ਵਿੱਚ ਲਿਖਿਆ ਗਿਆ ਹੈ,"ਡੀਜੀਪੀ, ਪੰਜਾਬ ਅਤੇ ਮੁੱਖ ਮੰਤਰੀ ਤੁਹਾਨੂੰ ਜਵਾਬ ਦੇ ਸਕਦੇ ਹਨ, ਕਿਉਂਕਿ ਉਨ੍ਹਾਂ ਕੋਲ ਗ੍ਰਹਿ ਮੰਤਰਾਲਾ ਹੈ, ਜੇਕਰ ਮੇਰੇ ਕੋਲ ਗ੍ਰਹਿ ਵਿਭਾਗ ਹੁੰਦਾ, ਤਾਂ ਉਹ ਹੁਣ ਤੱਕ ਸਲਾਖਾਂ ਪਿੱਛੇ ਹੁੰਦਾ।"

ਕੀ ਹੈ ਡਰੱਗਜ਼ ਦਾ ਮਾਮਲਾ

ਪੰਜਾਬ ਪੁਲਿਸ ਨੇ 2013 ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਸੀ। ਕਈ ਸਾਲਾਂ ਤੋਂ ਇਹ ਕੇਸ ਭੋਲਾ ਡਰੱਗ ਕੇਸ ਵਜੋਂ ਜਾਣਿਆ ਜਾਂਦਾ ਰਿਹਾ ਹੈ।

ਇਹ ਡਰੱਗ ਮਾਫ਼ੀਆ ਬਾਰੇ ਮਾਮਲਾ ਹੈ ਜੋ ਕਥਿਤ ਤੌਰ 'ਤੇ ਪੰਜਾਬ ਰਾਜ ਵਿੱਚ ਕੰਮ ਕਰ ਰਿਹਾ ਹੈ ਅਤੇ ਇਸ ਦੇ ਤਾਰ ਅੰਤਰਰਾਸ਼ਟਰੀ ਪੱਧਰ 'ਤੇ ਜੁੜੇ ਹੋਏ ਹਨ।

ਜਗਦੀਸ਼ ਭੋਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਗਦੀਸ਼ ਭੋਲਾ ਨੇ 1991 ਦੀ ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਿਆ ਸੀ

ਪਿਛਲੇ ਸਮੇਂ ਤੋਂ ਕੁਝ ਵਕੀਲ ਅਦਾਲਤ ਨੂੰ ਅਪੀਲ ਕਰਦੇ ਰਹੇ ਹਨ ਕਿ ਇਹ ਕੇਸ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਸਬੰਧਿਤ ਹੈ ਅਤੇ ਇਸ ਨਾਲ ਤੁਰੰਤ ਨਜਿੱਠਣ ਦੀ ਲੋੜ ਹੈ।

ਇਹ ਕੇਸ ਪੰਜਾਬ ਦੇ ਸਾਬਕਾ ਡੀਜੀਪੀ (ਜੇਲ੍ਹਾਂ) ਸ਼ਸ਼ੀਕਾਂਤ ਵੱਲੋਂ ਹਾਈ ਕੋਰਟ ਨੂੰ ਲਿਖੇ ਪੱਤਰ ਨਾਲ ਸਾਲ 2003 ਵਿੱਚ ਸ਼ੁਰੂ ਹੋਇਆ ਸੀ ਜਦੋਂ ਇਹ ਇੱਕ ਜਨਹਿਤ ਪਟੀਸ਼ਨ ਬਣ ਗਈ ਸੀ।

ਕਈ ਲੋਕ ਬਿਕਰਮ ਸਿੰਘ ਮਜੀਠੀਆ ਦਾ ਨਾਂ ਇਸ ਮਾਮਲੇ ਵਿੱਚ ਲਿਆਉਂਦੇ ਰਹਿੰਦੇ ਹਨ। ਹਾਲਾਂਕਿ ਬਿਕਰਮ ਸਿੰਘ ਮਜੀਠੀਆ ਨੇ ਕਈ ਆਗੂਆਂ ਖ਼ਿਲਾਫ਼ ਬੇਬੁਨਿਆਦ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੇ ਦੋਸ਼ ਲਾਏ ਸੀ।

ਐਫ਼ਆਈਆਰ ਵਿੱਚ ਕੀ ਕੁਝ ਕਿਹਾ ਗਿਆ ਹੈ?

ਇਹ ਐੱਫਆਈਆਰ ਦਰਜ ਕਰਨ ਦੇ ਹੁਕਮ ਚਾਰ ਦਿਨ ਪਹਿਲਾਂ ਹੀ ਪੰਜਾਬ ਦੇ ਡੀਜੀਪੀ ਦਾ ਅਹੁਦਾ ਸੰਭਾਲਣ ਵਾਲੇ ਐੱਸ ਚਟੋਪਾਧਿਆਏ ਨੇ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਦਿੱਤੇ ਸਨ। ਜਿਸ ਤੋਂ ਬਾਅਦ ਇਹ ਰਿਪੋਰਟ ਦਰਜ ਕੀਤੀ ਗਈ ਹੈ।

ਡੀਜੀਪੀ ਨੇ ਕਿਹਾ ਸੀ ਕਿ ਐੱਫ਼ਆਈਆਰ ਦਰਜ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਇੱਕ ਐਸਆਈਟੀ ਬਣਾਈ ਜਾਵੇਗੀ।

ਐਫ਼ਆਈਆਰ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਕਿਉਂਕਿ ਨਸ਼ੇ ਦਾ ਮਾਮਲਾ ਹਾਈ ਕੋਰਟ ਵਿੱਚ ਸੁਣਵਾਈ ਅਧੀਨ ਹੈ ਅਤੇ ਐਸਆਈਟੀ ਦੀ ਰਿਪੋਰਟ ਸੀਲ ਬੰਦ ਲਿਫ਼ਾਫ਼ੇ ਵਿੱਚ ਬੰਦ ਹੈ ਅਜਿਹੇ ਵਿੱਚ ਕੀ ਪੰਜਾਬ ਸਰਕਾਰ ਇਸ ਉੱਪਰ ਕਾਰਵਾਈ ਕਰ ਸਕਦੀ ਹੈ?

ਇਸ ਵਿਸ਼ੇ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਦੀ ਰਾਇ ਲਈ ਗਈ ਜਿਨ੍ਹਾਂ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਉੱਪਰ ਕਾਰਵਾਈ ਨਾ ਕਰਨ ਬਾਰੇ ਕੋਈ ਰੋਕ ਨਹੀਂ ਹੈ।

ਐਫ਼ਆਈਆਰ ਵਿੱਚ ਚੁੱਕੇ ਗਏ ਸਵਾਲ

ਐੱਫ਼ਆਈਆਰ ਵਿੱਚ ਜਾਂਚ ਲਈ ਹੇਠ ਲਿਖੇ ਚਾਰ ਸਵਾਲਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ-

  • ਕੀ ਬਿਕਰਮ ਸਿੰਘ ਮਜੀਠੀਆ ਦੇ ਭੋਲਾ ਡਰੱਗ ਕੇਸ ਦੇ ਮੁਲਜ਼ਮਾਂ, ਸਤਪ੍ਰੀਤ ਸਿੰਘ (ਸੱਤਾ), ਮਨਿੰਦਰ ਸਿੰਘ ਔਲਖ (ਬਿੱਟੂ ਔਲਖ) ਪਰਮਿੰਦਰ ਸਿੰਘ (ਪਿੰਡੀ),ਅਮਰਿੰਦਰ ਸਿੰਘ ਲਾਡੀ ਅਤੇ ਜਗਜੀਤ ਸਿੰਘ ਨਾਲ ਕੋਈ ਨੇੜਲੇ ਰਿਸ਼ਤੇ ਸਨ?
  • ਕੀ ਭੋਲਾ ਡਰੱਗ ਕੇਸ ਦੇ ਮੁਲਜ਼ਮ ਸਤਪ੍ਰੀਤ ਸਿੰਘ (ਸੱਤਾ), ਜਗਜੀਤ ਸਿੰਘ, ਮਨਿੰਦਰ ਸਿੰਘ ਔਲਖ (ਬਿੱਟੂ ਔਲਖ), ਪਰਮਿੰਦਰ ਸਿੰਘ (ਪਿੰਡੀ) ਅਤੇ ਅਮਰਿੰਦਰ ਸਿੰਘ ਲਾਡੀ ਨਸ਼ੇ ਦੇ ਕਾਰੋਬਾਰ ਵਿੱਚ ਲੱਗੇ ਹੋਏ ਸਨ?
  • ਕੀ ਬਿਕਰਮ ਸਿੰਘ ਮਜੀਠੀਆ ਨੇ ਸਤਪ੍ਰੀਤ ਸਿੰਘ (ਸੱਤਾ) ਨੂੰ ਸੂਡੋਇਫ਼ਡਰੀਨ (ਸਿੰਥੈਟਿਕ ਡਰੱਗ ਵਾਲਾ ਰਸਾਇਣ) ਪਹੁੰਚਾਉਣ ਵਿੱਚ ਕੋਈ ਭੂਮਿਕਾ ਨਿਭਾਈ ਸੀ?
  • ਕੀ ਮਜੀਠੀਆ ਅਤੇ ਇਨ੍ਹਾਂ ਮੁਲਜ਼ਮਾਂ ਵਿਚਕਾਰ ਕੋਈ ਪੈਸੇ ਦਾ ਲੈਣ-ਦੇਣ ਵੀ ਸੀ ਜਾਂ ਨਹੀਂ?

ਅਖੀਰ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਨਣ ਲਈ ਜਾਂਚ ਦੀ ਲੋੜ ਹੈ ਅਤੇ ਇਸ ਲਈ ਐਫ਼ਆਈਆਰ ਦਰਜ ਕਰਨੀ ਬਣਦੀ ਹੈ।

ਮਜੀਠੀਆ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਲਗਾਤਾਰ ਇਨਕਾਰ ਕਰਦੇ ਆਏ ਹਨ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਬਿਕਰਮ ਮਜੀਠੀਆ ਖ਼ਿਲਾਫ਼ ਐੱਫ਼ਆਈਆਰ ਵਿੱਚ ਭੋਲਾ ਡਰੱਗ ਕੇਸ ਦੀ ਜਾਂਚ ਕਰ ਰਹੀ ਐਸਆਈਟੀ ਦੇ ਸਾਹਮਣੇ ਵੱਖੋ-ਵੱਖ ਗਵਾਹਾਂ ਦੇ ਬਿਆਨਾਂ ਨੂੰ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਨ ਦਾ ਅਧਾਰ ਬਣਾਇਆ ਗਿਆ ਹੈ।

ਐੱਫ਼ਆਈਆਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਿਰੰਜਨ ਸਿੰਘ ਡਿਪਟੀ ਡਾਇਰੈਕਟਰ, ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਜਾਂਚ ਦੌਰਾਨ ਕੁਝ ਲੋਕਾਂ ਦੇ ਬਿਆਨ ਦਰਜ ਕੀਤੇ ਸਨ, ਜਿਨ੍ਹਾਂ ਤੋਂ ਬਿਕਰਮ ਮਜੀਠੀਆ ਦੇ ਨਸ਼ੇ ਦੇ ਵਪਾਰ ਵਿੱਚ ਸ਼ਾਮਲ ਹੋਣ ਦੇ ਸੰਕੇਤ ਮਿਲਦੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)