ਬਿਕਰਮ ਮਜੀਠੀਆ ਉੱਤੇ ਦਰਜ ਐੱਫ਼ਆਈਆਰ ਮਾਮਲੇ ਵਿਚ ਜੋ 4 ਮੁੱਖ ਇਲਜ਼ਾਮ ਲਾਏ ਗਏ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਸ਼ੇ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ।
ਇਹ ਐੱਫਆਈਆਰ ਮੁਹਾਲੀ ਵਿੱਚ ਦਰਜ ਕੀਤੀ ਗਈ ਹੈ।
ਇਹ ਐੱਫ਼ਆਈਆਰ NDPS ਦੀ ਧਾਰਾ 25, 27 A ਤੇ 29 ਦੇ ਤਹਿਤ ਦਰਜ ਕੀਤੀ ਗਈ ਹੈ। ਪੁਲਿਸ ਸੂਤਰਾਂ ਮੁਤਾਬਕ ਇਹ ਬਹੁਤ ਗੰਭੀਰ ਮਾਮਲਾ ਹੈ ਤੇ ਇਹ ਵੀ ਸੰਭਵ ਹੈ ਕਿ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਇਹ FIR ਮੋਹਾਲੀ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਦਰਜ ਕੀਤੀ ਗਈ ਹੈ। ਇਸ ਮਾਮਲੇ ਦੇ ਦਰਜ ਹੋਣ ਤੋਂ ਬਾਅਦ ਸੂਬੇ ਦੀ ਸਿਆਸਤ ਤੇਜ਼ ਹੋ ਗਈ ਹੈ।
ਮਜੀਠੀਆ ਖ਼ਿਲਾਫ਼ ਐੱਫ਼ਆਈਆਰ ਦਰਜ ਹੋਣ ਤੋਂ ਬਾਅਦ ਉਨ੍ਹਾਂ ਦਾ ਨਿੱਜੀ ਪ੍ਰਤੀਕਰਮ ਨਹੀਂ ਆਇਆ ਹੈ। ਹਾਲਾਂਕਿ ਉਹ ਪਹਿਲਾਂ ਅਜਿਹੇ ਇਲਜ਼ਮਾਂ ਨੂੰ ਰੱਦ ਕਰਦੇ ਆਏ ਹਨ ਤੇ ਉਨ੍ਹਾਂ ਦੀ ਪਾਰਟੀ ਨੇ ਵੀ ਇਸ ਮਾਮਲੇ ਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ।
ਮੁੱਖ ਮੰਤਰੀ ਦੀ ਪੰਜਾਬੀਆਂ ਨੂੰ ਸਾਥ ਲਈ ਅਪੀਲ
ਬਿਕਰਮ ਮਜੀਠੀਆ ਉੱਪਰ ਐਫ਼ਆਈਆਰ ਦਰਜ ਹੋਣ ਤੋਂ ਬਾਰੇ ਪੰਜਾਬ ਦੇ ਮੁੱਖ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਅਪੀਲ ਕੀਤੀ।
ਬਿਕਰਮ ਮਜੀਠੀਆ 'ਤੇ ਐਫਆਈਆਰ: ਦੇਖੋ ਕੌਣ ਕੀ ਬੋਲਿਆ (ਵੀਡੀਓ 21/12/21
ਆਪਣੇ ਫੇਸਬੁੱਕ ਪੇਜ ਉੱਪਰ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਸਾਂਝੇ ਕੀਤੇ ਆਪਣੇ ਬਿਆਨ ਵਿੱਚ ਉਨ੍ਹਾਂ ਨੇ ਕਿਹਾ,
"ਜਿਨ੍ਹਾਂ ਮਾਵਾਂ ਦੇ ਪੁੱਤਰ ਨਸ਼ੇ ਦੀ ਭੇਟ ਚੜ੍ਹ ਗਏ
ਜਿਨ੍ਹਾਂ ਨੌਜਵਾਨਾਂ ਦੀਆਂ ਨਸ਼ਿਆਂ ਨਾਲ਼ ਜ਼ਿੰਦਗੀਆਂ ਗਲ ਗਈਆਂ
ਜਿਹੜੇ ਪਰਿਵਾਰ ਨਸ਼ਿਆਂ ਨਾਲ ਬਰਬਾਦ ਹੋ ਗਏ
ਗੁਰੂਆਂ ਪੀਰਾਂ, ਫ਼ਕੀਰਾਂ ਦੀ ਧਰਤੀ ਪੰਜਾਬ ਵਿੱਚ ਨਸ਼ੇ ਫ਼ੈਲਾਏ ਗਏ
ਅੱਜ ਉੱਨ੍ਹਾਂ ਮਾਵਾਂ, ਨੌਜਵਾਨਾਂ, ਪਰਿਵਾਰਾਂ ਅਤੇ ਪੰਜਾਬ ਨੂੰ ਬਰਬਾਦੀ ਦੀ ਰਾਹ ਤੇ ਤੋਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਸ਼ੁਰੂਆਤ ਹੋਈ ਹੈ।
ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਤਿਆਰ ਹੋਈ ਐਸਟੀਐਫ਼ ਦੀ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਰਿਪੋਰਟ ਮਜੀਠੀਆ ਖਿਲਾਫ਼ ਐਫਆਈਆਰ ਕ੍ਰਾਈਮ ਬ੍ਰਾਂਚ ਮੋਹਾਲੀ ਵਿੱਚ ਦਰਜ ਕੀਤੀ ਗਈ ਹੈ।
ਪੰਜਾਬ ਸਰਕਾਰ ਨਸ਼ੇ ਫ਼ੈਲਾਉਣ ਵਾਲੇ ਨਸ਼ਿਆਂ ਦੇ ਸੌਦਾਗਰਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਪੰਜਾਬੀਆਂ ਨੂੰ ਇਨਸਾਫ਼ ਦਵਾਉਣ ਲਈ ਵਚਨਬੱਧ ਹੈ।
ਇਹ ਬਹੁਤ ਵੱਡੀ ਲੜਾਈ ਹੈ ਅਤੇ ਮੈਂ ਇਸ ਵਿੱਚ ਸਮੂਹ ਪੰਜਾਬੀਆਂ ਨੂੰ ਸਾਥ ਦੇਣ ਦੀ ਅਪੀਲ ਕਰਦਾ ਹਾਂ।"
ਰੰਧਾਵਾ ਨੇ ਕਿਹਾ ਜੇ ਲੋੜ ਹੋਈ ਤਾਂ ਮਜੀਠੀਆ ਦੀ ਹੋਵੇਗੀ ਗ੍ਰਿਫ਼ਤਾਰੀ
ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮਸਲੇ ਉੱਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਇਹ ਕੋਈ ਬਦਲਾਖੋਰੀ ਦੀ ਭਾਵਨਾ ਨਹੀਂ ਹੈ।

ਤਸਵੀਰ ਸਰੋਤ, BBC/Ravinder Singh Robin
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅਸੀਂ ਕਾਨੂੰਨੀ ਤੌਰ ਉੱਤੇ ਕਾਰਵਾਈ ਕਰ ਰਹੇ ਹਾਂ ਅਤੇ ਜੇ ਜ਼ਰੂਰਤ ਹੋਈ ਤਾਂ ਗ੍ਰਿਫ਼ਤਾਰੀ ਵੀ ਹੋਵੇਗੀ।
ਉਨ੍ਹਾਂ ਅੱਗੇ ਕਿਹਾ, ''ਇਸ ਮਾਮਲੇ ਵਿੱਚ ਕਾਲੀਆਂ ਭੇਡਾਂ ਖਿਲਾਫ਼ ਵੀ ਕਾਰਵਾਈ ਹੋਵੇਗੀ ਅਤੇ ਨਾਲ ਹੀ ਅਸਥਾਨਾ ਦੀ ਚਿੱਠੀ ਕਿਵੇਂ ਲੀਕ ਹੋਈ, ਇਸ ਦੀ ਵੀ ਜਾਂਚ ਹੋਵੇਗੀ।''
ਇਹ ਵੀ ਪੜ੍ਹੋ:
ਸਿੱਧੂ ਨੇ ਕਿਹਾ ਇਹ ਤਾਂ ਪਹਿਲਾ ਕਦਮ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਲੰਬੇ ਸਮੇਂ ਤੋਂ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਖਿਲਾਫ਼ ਜਾਂਚ ਲਈ ਦਬਾਅ ਬਣਾ ਰਹੇ ਸੀ।
ਉਧਰ ਇਸ ਮਾਮਲੇ ਦੇ ਦਰਜ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਆਪਣੀ ਗੱਲ ਰੱਖੀ ਹੈ।
ਉਨ੍ਹਾਂ ਲਿਖਿਆ, ''ਬਾਦਲ ਪਰਿਵਾਰ ਅਤੇ ਕੈਪਟਨ ਵੱਲੋਂ ਚਲਾਏ ਜਾਂਦੇ ਭ੍ਰਿਸ਼ਟ ਸਿਸਟਮ ਖ਼ਿਲਾਫ਼ ਲੜਾਈ ਦੇ ਸਾਢੇ 5 ਸਾਲ ਬਾਅਦ ਅਤੇ ਮਜੀਠੀਆ ਖਿਲਾਫ਼ ਈਡੀ ਤੇ ਐੱਸਟੀਐੱਫ਼ ਦੀਆਂ ਰਿਪੋਰਟਾਂ ਉੱਤੇ ਐਕਸ਼ਨ ਲਏ ਬਗੈਰ ਹੋਈ ਦੇਰੀ। ਆਖ਼ਿਰਕਾਰ ਹੁਣ ਭਰੋਸੇਯੋਗ ਅਫ਼ਸਰਾਂ ਦੇ ਆਉਣ ਨਾਲ ਪਹਿਲਾ ਕਦਮ ਪੁੱਟਿਆ ਗਿਆ ਹੈ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਉਨ੍ਹਾਂ ਅੱਗੇ ਲਿਖਿਆ ਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ ਵਿੱਚ ਨਸ਼ੇ ਦੇ ਵਪਾਰ ਦੇ ਮੁੱਖ ਸਾਜ਼ਿਸ਼ਕਰਤਾਵਾਂ ਖ਼ਿਲਾਫ਼ ਐੱਫ਼ਆਈਆਰ ਦਰਜ ਹੋਈ ਹੈ ਅਤੇ ਇਸ ਦਾ ਆਧਾਰ ਫਰਵਰੀ 2018 ਦੀ ਐੱਸਟੀਐੱਫ਼ ਰਿਪੋਰਟ ਹੈ। ਮੈਂ ਇਸ ਦੀ ਡਿਮਾਂਡ ਚਾਰ ਸਾਲ ਪਹਿਲਾਂ ਕੀਤੀ ਸੀ - ਇਹ ਉਨ੍ਹਾਂ ਪਾਵਰਫੁੱਲ ਲੋਕਾਂ ਦੇ ਮੂੰਹ ਉੱਤੇ ਚਪੇੜ ਹੈ ਜੋ ਸਾਲਾਂ ਤੱਕ ਇਸ ਮਸਲੇ ਉੱਤੇ ਸੁੱਤੇ ਰਹੇ।''
''ਇਨਸਾਫ਼ ਉਦੋਂ ਤੱਕ ਨਹੀਂ ਮਿਲੇਗਾ ਜਦੋਂ ਤੱਕ ਡਰੱਗ ਮਾਫ਼ੀਆ ਦੇ ਮੁੱਖ ਮੁਲਜ਼ਮਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ, ਇਹ ਸਿਰਫ਼ ਪਹਿਲਾ ਕਦਮ ਹੈ।''
ਅਕਾਲੀ ਦਲ ਦਾ ਪ੍ਰਤੀਕਰਮ
ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਿਕਰਮ ਮਜੀਠਿਆ ਖਿਲਾਫ਼ ਦਰਜ ਹੋਏ ਮਾਮਲੇ ਬਾਰੇ ਕਿਹਾ ਕਿ ਸਾਨੂੰ ਇਸ ਗੱਲ ਦਾ ਪਤਾ ਸੀ।

ਉਨ੍ਹਾਂ ਕਿਹਾ, ''ਇਨ੍ਹਾਂ ਨੇ ਪਿਛਲੇ ਦਿਨਾਂ ਵਿੱਚ ਤਿੰਨ ਡੀਜੀਪੀ ਬਦਲੇ ਹਨ, ਸਿਰਫ਼ ਇਸ ਕਰਕੇ ਕਿ ਬਾਦਲਾਂ ਤੇ ਮਜੀਠੀਏ ਨੂੰ ਫੜ੍ਹ ਕੇ ਅੰਦਰ ਕਰੋ। ਇਸ ਤਰ੍ਹਾਂ ਦੀ ਬਦਲਾਖੋਰੀ ਦੀ ਨੀਤੀ ਜੋ ਸਰਕਾਰ ਕਰਦੀ ਹੈ ਉਸ ਨੂੰ ਖਾਮਿਆਜ਼ਾ ਭੁਗਤਣਾ ਪੈਂਦਾ ਹੈ।''
ਉਧਰ ਅੰਮ੍ਰਿਤਸਰ ਪਹੁੰਚੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, ''ਮੁੱਖ ਮੰਤਰੀ, ਗ੍ਰਹਿ ਮੰਤਰੀ ਅਤੇ ਡੀਜੀਪੀ ਨੇ ਬਿਕਰਮ ਮਜੀਠੀਆ ਖਿਲਾਫ਼ ਝੂਠਾ ਕੇਸ ਬਣਾਇਆ ਹੈ।''
ਪਿਛਲੇ ਕਈ ਦਿਨਾਂ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਗਾਤਾਰ ਇਹ ਕਹਿ ਰਹੇ ਸੀ ਕਿ ਕਾਂਗਰਸ ਪਾਰਟੀ ਮਜੀਠੀਆ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਖ਼ਾਸ ਤੌਰ 'ਤੇ ਪਿਛਲੇ ਦਿਨੀਂ ਸਿਧਾਰਥ ਚਟੋਪਾਧਿਆਇ ਦੇ ਡੀਜੀਪੀ ਬਣਨ ਤੋਂ ਬਾਅਦ ਅਕਾਲੀ ਦਲ ਨੇ ਇਹ ਖ਼ਦਸ਼ਾ ਜਤਾਇਆ ਸੀ।
ਉਧਰ ਕਾਂਗਰਸ ਦੇ ਕਈ ਮੰਤਰੀ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਇਸ ਕਾਰਨ ਨਾਰਾਜ਼ ਸੀ ਕਿ ਉਹ ਅਕਾਲੀ ਦਲ ਦੇ ਆਗੂਆਂ ਉੱਤੇ ਨਾ ਤਾਂ ਨਸ਼ਿਆਂ ਦੇ ਮਾਮਲੇ ਵਿੱਚ ਅਤੇ ਨਾ ਹੀ ਬੇਅਦਬੀ ਦੇ ਮਾਮਲੇ ਵਿੱਚ ਕਾਰਵਾਈ ਕਰ ਰਹੇ ਹਨ।
ਉਨ੍ਹਾਂ ਨੇ ਕੈਪਟਨ 'ਤੇ ਅਕਾਲੀਆਂ ਨਾਲ ਮਿਲੇ ਹੋਣ ਦੇ ਦੇਸ਼ ਵੀ ਲਾਏ ਸੀ ਹਾਲਾਂਕਿ ਅਮਰਿੰਦਰ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਨੂੰ ਖ਼ਾਰਜ ਕੀਤਾ ਸੀ ਤੇ ਕਿਹਾ ਸੀ ਕਿ ਦੋਵੇਂ ਮਾਮਲਿਆਂ ਵਿਚ ਕਾਨੂੰਨੀ ਪ੍ਰਕਿਰਿਆ ਜਾਰੀ ਹੈ।
ਕੀ ਹੈ ਡਰੱਗਜ਼ ਦਾ ਮਾਮਲਾ
ਪੰਜਾਬ ਪੁਲਿਸ ਨੇ 2013 ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਸੀ। ਕਈ ਸਾਲਾਂ ਤੋਂ ਇਹ ਕੇਸ ਭੋਲਾ ਡਰੱਗ ਕੇਸ ਵਜੋਂ ਜਾਣਿਆ ਜਾਂਦਾ ਰਿਹਾ ਹੈ।
ਇਹ ਡਰੱਗ ਮਾਫ਼ੀਆ ਬਾਰੇ ਮਾਮਲਾ ਹੈ ਜੋ ਕਥਿਤ ਤੌਰ 'ਤੇ ਪੰਜਾਬ ਰਾਜ ਵਿੱਚ ਕੰਮ ਕਰ ਰਿਹਾ ਹੈ ਅਤੇ ਇਸ ਦੇ ਤਾਰ ਅੰਤਰਰਾਸ਼ਟਰੀ ਪੱਧਰ 'ਤੇ ਜੁੜੇ ਹੋਏ ਹਨ।

ਤਸਵੀਰ ਸਰੋਤ, Getty Images
ਪਿਛਲੇ ਸਮੇਂ ਤੋਂ ਕੁਝ ਵਕੀਲ ਅਦਾਲਤ ਨੂੰ ਅਪੀਲ ਕਰਦੇ ਰਹੇ ਹਨ ਕਿ ਇਹ ਕੇਸ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਸਬੰਧਿਤ ਹੈ ਅਤੇ ਇਸ ਨਾਲ ਤੁਰੰਤ ਨਜਿੱਠਣ ਦੀ ਲੋੜ ਹੈ।
ਇਹ ਕੇਸ ਪੰਜਾਬ ਦੇ ਸਾਬਕਾ ਡੀਜੀਪੀ (ਜੇਲ੍ਹਾਂ) ਸ਼ਸ਼ੀਕਾਂਤ ਵੱਲੋਂ ਹਾਈ ਕੋਰਟ ਨੂੰ ਲਿਖੇ ਪੱਤਰ ਨਾਲ ਸਾਲ 2003 ਵਿੱਚ ਸ਼ੁਰੂ ਹੋਇਆ ਸੀ ਜਦੋਂ ਇਹ ਇੱਕ ਜਨਹਿਤ ਪਟੀਸ਼ਨ ਬਣ ਗਈ ਸੀ।
ਕਈ ਲੋਕ ਬਿਕਰਮ ਸਿੰਘ ਮਜੀਠੀਆ ਦਾ ਨਾਂ ਇਸ ਮਾਮਲੇ ਵਿਚ ਲਿਆਉਂਦੇ ਰਹਿੰਦੇ ਹਨ। ਹਾਲਾਂਕਿ ਬਿਕਰਮ ਸਿੰਘ ਮਜੀਠੀਆ ਨੇ ਕਈ ਆਗੂਆਂ ਖ਼ਿਲਾਫ਼ ਬੇਬੁਨਿਆਦ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੇ ਦੋਸ਼ ਲਾਏ ਸੀ।
ਐਫ਼ਆਈਆਰ ਵਿੱਚ ਕੀ ਕੁਝ ਕਿਹਾ ਗਿਆ ਹੈ?
ਇਹ ਐੱਫਆਈਆਰ ਦਰਜ ਕਰਨ ਦੇ ਹੁਕਮ ਚਾਰ ਦਿਨ ਪਹਿਲਾਂ ਹੀ ਪੰਜਾਬ ਦੇ ਡੀਜੀਪੀ ਦਾ ਅਹੁਦਾ ਸੰਭਾਲਣ ਵਾਲੇ ਉਪਾਧਿਆਏ ਨੇ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਦਿੱਤੇ ਸਨ। ਜਿਸ ਤੋਂ ਬਾਅਦ ਇਹ ਰਿਪੋਰਟ ਦਰਜ ਕੀਤੀ ਗਈ ਹੈ।
ਡੀਜੀਪੀ ਨੇ ਕਿਹਾ ਸੀ ਕਿ ਐੱਫ਼ਆਈਆਰ ਦਰਜ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਇੱਕ ਐਸਆਈਟੀ ਬਣਾਈ ਜਾਵੇਗੀ।
ਐਫ਼ਆਈਆਰ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਕਿਉਂਕਿ ਨਸ਼ੇ ਦਾ ਮਾਮਲਾ ਹਾਈ ਕੋਰਟ ਵਿੱਚ ਸੁਣਵਾਈ ਅਧੀਨ ਹੈ ਅਤੇ ਐਸਆਈਟੀ ਦੀ ਰਿਪੋਰਟ ਸੀਲ ਬੰਦ ਲਿਫ਼ਾਫ਼ੇ ਵਿੱਚ ਬੰਦ ਹੈ। ਅਜਿਹੇ ਵਿੱਚ ਕੀ ਪੰਜਾਬ ਸਰਕਾਰ ਇਸ ਉੱਪਰ ਕਾਰਵਾਈ ਕਰ ਸਕਦੀ ਹੈ?
ਇਸ ਵਿਸ਼ੇ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਦੀ ਰਾਇ ਲਈ ਗਈ ਜਿਨ੍ਹਾਂ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਉੱਪਰ ਕਾਰਵਾਈ ਨਾ ਕਰਨ ਬਾਰੇ ਕੋਈ ਰੋਕ ਨਹੀਂ ਹੈ।
ਐਫ਼ਆਈਆਰ ਵਿੱਚ ਚੁੱਕੇ ਗਏ ਸਵਾਲ
ਐੱਫ਼ਆਈਆਰ ਵਿੱਚ ਜਾਂਚ ਲਈ ਹੇਠ ਲਿਖੇ ਚਾਰ ਸਵਾਲਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ-
- ਕੀ ਬਿਕਰਮ ਸਿੰਘ ਮਜੀਠੀਆ ਦੇ ਭੋਲਾ ਡਰੱਗ ਕੇਸ ਦੇ ਮੁਲਜ਼ਮਾਂ, ਸਤਪ੍ਰੀਤ ਸਿੰਘ (ਸੱਤਾ), ਮਨਿੰਦਰ ਸਿੰਘ ਔਲਖ (ਬਿੱਟੂ ਔਲਖ) ਪਰਮਿੰਦਰ ਸਿੰਘ (ਪਿੰਡੀ),ਅਮਰਿੰਦਰ ਸਿੰਘ ਲਾਡੀ ਅਤੇ ਜਗਜੀਤ ਸਿੰਘ ਨਾਲ ਕੋਈ ਨੇੜਲੇ ਰਿਸ਼ਤੇ ਸਨ?
- ਕੀ ਭੋਲਾ ਡਰੱਗ ਕੇਸ ਦੇ ਮੁਲਜ਼ਮ ਸਤਪ੍ਰੀਤ ਸਿੰਘ (ਸੱਤਾ), ਜਗਜੀਤ ਸਿੰਘ, ਮਨਿੰਦਰ ਸਿੰਘ ਔਲਖ (ਬਿੱਟੂ ਔਲਖ), ਪਰਮਿੰਦਰ ਸਿੰਘ (ਪਿੰਡੀ) ਅਤੇ ਅਮਰਿੰਦਰ ਸਿੰਘ ਲਾਡੀ ਨਸ਼ੇ ਦੇ ਕਾਰੋਬਾਰ ਵਿੱਚ ਲੱਗੇ ਹੋਏ ਸਨ?
- ਕੀ ਬਿਕਰਮ ਸਿੰਘ ਮਜੀਠੀਆ ਨੇ ਸਤਪ੍ਰੀਤ ਸਿੰਘ (ਸੱਤਾ) ਨੂੰ ਸੂਡੋਇਫ਼ਡਰੀਨ (ਸਿੰਥੈਟਿਕ ਡਰੱਗ ਵਾਲਾ ਰਸਾਇਣ) ਪਹੁੰਚਾਉਣ ਵਿੱਚ ਕੋਈ ਭੂਮਿਕਾ ਨਿਭਾਈ ਸੀ?
- ਕੀ ਮਜੀਠੀਆ ਅਤੇ ਇਨ੍ਹਾਂ ਮੁਲਜ਼ਮਾਂ ਵਿਚਕਾਰ ਕੋਈ ਪੈਸੇ ਦਾ ਲੈਣ-ਦੇਣ ਵੀ ਸੀ ਜਾਂ ਨਹੀਂ?
ਅਖੀਰ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਨਣ ਲਈ ਜਾਂਚ ਦੀ ਲੋੜ ਹੈ ਅਤੇ ਇਸ ਲਈ ਐਫ਼ਆਈਆਰ ਦਰਜ ਕਰਨੀ ਬਣਦੀ ਹੈ।
ਮਜੀਠੀਆ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਲਗਾਤਾਰ ਇਨਕਾਰ ਕਰਦੇ ਆਏ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਬਿਕਰਮ ਮਜੀਠੀਆ ਖ਼ਿਲਾਫ਼ ਐੱਫ਼ਆਈਆਰ ਵਿੱਚ ਭੋਲਾ ਡਰੱਗ ਕੇਸ ਦੀ ਜਾਂਚ ਕਰ ਰਹੀ ਐਸਆਈਟੀ ਦੇ ਸਾਹਮਣੇ ਵੱਖੋ-ਵੱਖ ਗਵਾਹਾਂ ਦੇ ਬਿਆਨਾਂ ਨੂੰ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਨ ਦਾ ਅਧਾਰ ਬਣਾਇਆ ਗਿਆ ਹੈ।
ਐੱਫ਼ਆਈਆਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਿਰੰਜਨ ਸਿੰਘ ਡਿਪਟੀ ਡਾਇਰੈਕਟਰ, ਇਨਫ਼ੋਸਰਮੈਂਟ ਡਾਇਰੈਕਟੋਰੇਟ ਨੇ ਜਾਂਚ ਦੌਰਾਨ ਕੁਝ ਲੋਕਾਂ ਦੇ ਬਿਆਨ ਦਰਜ ਕੀਤੇ ਸਨ, ਜਿਨ੍ਹਾਂ ਤੋਂ ਬਿਕਰਮ ਮਜੀਠੀਆ ਦੇ ਨਸ਼ੇ ਦੇ ਵਪਾਰ ਵਿੱਚ ਸ਼ਾਮਲ ਹੋਣ ਦੇ ਸੰਕੇਤ ਮਿਲਦੇ ਹਨ।
ਐੱਫ਼ਆਈਆਰ ਦੇ ਦਾਅਵੇ
- ਕੌਮਾਂਤਰੀ ਡਰੱਗ ਮਾਫ਼ੀਆ ਸਤਪ੍ਰੀਤ ਸਿੰਘ (ਸੱਤਾ), ਪਰਮਿੰਦਰ ਸਿੰਘ (ਪਿੰਡੀ) ਅਤੇ ਅਮਰਿੰਦਰ ਸਿੰਘ ਲਾਡੀ ਜਦੋਂ ਵਿਦੇਸ਼ ਤੋਂ ਆਉਂਦੇ ਤਾਂ ਬਿਕਰਮ ਮਜੀਠੀਆ ਦੀ ਰਹਾਇਸ਼ ਵਿੱਚ ਰਹਿੰਦੇ ਅਤੇ ਉਨ੍ਹਾਂ ਦੀਆਂ ਦਫ਼ਤਰੀ ਗੱਡੀਆਂ ਵਿੱਚ ਸਫ਼ਰ ਕਰਦੇ ਸਨ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਹਾਸਲ ਸਰਕਾਰੀ ਗੰਨਮੈਨਾਂ ਦੀ ਸੁਰੱਖਿਆ ਦਾ ਅਨੰਦ ਮਾਣਦੇ। (ਪੰਨਾ-14)
- ਬਿਕਰਮਜੀਤ ਸਿੰਘ ਮਜੀਠੀਆ ਉਸ ਸਮੇਂ ਪੰਜਾਬ ਦੇ ਰੈਵਨਿਊ ਮੰਤਰੀ ਸਨ। ਉਨ੍ਹਾਂ ਦੇ ਜੀਜਾ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਉੱਪ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਦੀ ਭੈਣ ਹਰਸਿਮਰਤ ਕੌਰ ਬਾਦਲ ਕੇਂਦਰ ਵਿੱਚ ਰਾਜ ਮੰਤਰੀ ਸਨ। ਇਸ ਲਈ ਪੰਜਾਬ ਪੁਲਿਸ ਨੇ ਜਗਜੀਤ ਸਿੰਘ ਚਾਹਲ, ਜਗਦੀਸ਼ ਸਿੰਘ ਭੋਲਾ ਅਤੇ ਮਨਜਿੰਦਰ ਸਿੰਘ ਔਲਖ ਦੇ ਇਕਬਾਲੀਆ ਬਿਆਨਾਂ ਦਾ ਕੋਈ ਨੋਟਿਸ ਨਹੀਂ ਲਿਆ। (ਪੰਨਾ-15)
- ਜਗਜੀਤ ਸਿੰਘ ਚਾਹਲ ਨੇ ਇਨਫ਼ੋਸਰਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਬਿਆਨ ਵਿੱਚ ਕਿਹਾ ਕਿ ਸਤਪ੍ਰੀਤ ਸਿੰਘ ਸੱਤਾ ਕੈਨੇਡੀਅਨ ਨਾਗਰਿਕ ਹੈ। ਉਹ ਜਦੋਂ ਵੀ ਭਾਰਤ ਆਉਂਦਾ ਦਾ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਵਿੱਚਲੇ ਘਰ ਵਿੱਚ ਰਹਿੰਦਾ ਸੀ।
- ਮਨਿੰਦਰ ਸਿੰਘ ਔਲਖ ਨੇ ਕਿਹਾ ਕਿ ਉਹ ਸੱਤੇ ਨੂੰ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਵਿੱਚਲੀ ਰਿਹਾਇਸ਼ ਉੱਪਰ ਅਕਸਰ ਮਿਲਦੇ ਹੁੰਦੇ ਸਨ। (ਪੰਨਾ-23)
- ਬਿਕਰਮ ਸਿੰਘ ਮਜੀਠੀਆ ਨੇ ਇਨਫ਼ੋਸਰਮੈਂਟ ਡਾਇਰੈਕਟੋਰੇਟ ਨੂੰ ਆਪਣੇ ਇੱਕ ਜਵਾਬ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਸਤਪ੍ਰੀਤ ਸਿੰਘ ਸੱਤਾ ਨਾਲ ਕੈਨੇਡੀਅਨ ਮੰਤਰੀਆਂ ਅਤੇ ਸਾਂਸਦਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਸੀ।
- ਬਿਕਰਮ ਸਿੰਘ ਮਜੀਠੀਆ ਨੇ ਪਰਮਿੰਦਰ ਸਿੰਘ ਪਿੰਡੀ ਅਤੇ ਅਮਰਿੰਦਰ ਸਿੰਘ ਲਾਡੀ ਨੂੰ ਜਾਨਣ ਤੋਂ ਇਨਫ਼ੋਸਰਮੈਂਟ ਡਾਇਰੈਕਟੋਰੇਟ ਕੋਲ ਇਨਕਾਰ ਕੀਤਾ। (ਪੰਨਾ-27)
ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਮਾਰਚ 2017 ਵਿੱਚ ਬਣੀ ਸੀ ਜਿਸ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਨੇ ਸੂਬੇ ਵਿੱਚ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਸਪੈਸ਼ਲ ਟਾਸਕ ਫ਼ੋਰਸ ਦਾ ਗਠਨ ਕੀਤਾ।
ਟਾਸਕ ਫ਼ੋਰਸ ਉਸ ਸਮੇਂ ਤੋਂ ਹੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਨਸ਼ੇ ਦੇ ਤਸਕਰਾਂ ਦਾ ਨੈਕਸਸ ਨੂੰ ਤੋੜਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।
ਐਫ਼ਆਈਆਰ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਮਸ਼ੀਨਰੀ, ਗੱਡੀਆਂ, ਸੁਰੱਖਿਆ ਮੁਲਜ਼ਮਾਂ ਅਤੇ ਹੋਰ ਸਰਕਾਰੀ ਸਹੂਲਤਾਂ ਦੀ ਨਸ਼ੇ ਦੀ ਤਸਕਰੀ ਅਤੇ ਹੋਰ ਗੈਰਕਾਨੂੰਨੀ ਗਤੀਵਿਧੀਆਂ ਲਈ ਜਾਬੁੱਝ ਕੇ ਵਰਤੋਂ ਕਰਨਾ ਇੱਕ ਅਪਰਾਧ ਹੈ।
ਮਜੀਠੀਆ ਦਾ ਪ੍ਰਤੀਕਰਮ
ਬਿਕਰਮ ਮਜੀਠੀਆ ਅਤੇ ਉਨ੍ਹਾਂ ਦੀ ਪਾਰਟੀ ਦੇ ਮੁਖੀ ਸੁਖਬੀਰ ਸਿੰਘ ਬਾਦਲ ਮਜੀਠੀਆ ਉੱਤੇ ਲੱਗੇ ਨਸ਼ਾ ਕਾਰੋਬਾਰ ਦੇ ਇਲਜ਼ਾਮਾਂ ਨੂੰ ਸਿਆਸੀ ਬਦਲਾਖੋਰੀ ਕਹਿ ਕੇ ਰੱਦ ਕਰ ਰਹੇ ਹਨ।
ਪੰਜਾਬ ਵਿਧਾਨ ਸਭਾ ਵਿੱਚ ਬੋਲਦਿਆਂ ਬਿਕਰਮ ਸਿੰਘ ਮਜੀਠੀਆ ਨੇ ਕੁਝ ਮਹੀਨੇ ਪਹਿਲਾਂ ਇੱਕ ਦਾਅਵਾ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਿਸ ਭੋਲਾ ਡਰੱਗ ਕੇਸ ਨਾਲ ਉਨ੍ਹਾਂ ਦਾ ਨਾਮ ਜੋੜ ਕੇ ਸਿਆਸੀ ਵਿਰੋਧੀ ਉਨ੍ਹਾਂ ਨੂੰ ਬਦਨਾਮ ਕਰਦੇ ਹਨ, ਉਸ ਮਾਮਲੇ ਵਿੱਚ ਨਾ ਕਿਸੇ ਏਜੰਸੀ ਅਤੇ ਨਾ ਹੀ ਕਿਸੇ ਅਦਾਲਤ ਵੱਲੋਂ ਉਨ੍ਹਾਂ ਨੂੰ ਤਲਬ ਕੀਤਾ ਗਿਆ ਹੈ।
ਮਜੀਠੀਆ ਖ਼ਿਲਾਫ਼ ਐੱਫ਼ਆਈਆਰ ਦਰਜ ਹੋਣ ਤੋਂ ਬਾਅਦ ਭਾਵੇਂ ਉਨ੍ਹਾਂ ਦਾ ਨਿੱਜੀ ਪ੍ਰਤੀਕਰਮ ਨਹੀਂ ਆਇਆ ਹੈ। ਹਾਲਾਂਕਿ ਉਨ੍ਹਾਂ ਦੀ ਪਾਰਟੀ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਇਸ ਮਾਮਲੇ ਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ।
ਅਕਾਲੀ ਦਲ ਦੇ ਅਗੂਆਂ ਨੇ ਦਾਅਵਾ ਕੀਤਾ ਕਿ ਜਿਹੜੇ ਕੇਸ ਵਿੱਚ ਮਜੀਠੀਆ ਨੂੰ ''ਝੂਠਾ ਫ਼ਸਾਇਆ ਜਾ ਰਿਹਾ ਹੈ'' ਉਸ ਮਾਮਲੇ ਦੇ ਸਾਰੇ ਮੁਲਜ਼ਮਾਂ ਨੂੰ ਸਜ਼ਾ ਹੋ ਚੁੱਕੀ ਹੈ ਅਤੇ ਪੂਰੀ ਅਦਾਲਤੀ ਪ੍ਰਕਿਰਿਆ ਦੌਰਾਨ ਬਿਕਰਮ ਮਜੀਠੀਆ ਨੂੰ ਕਿਸੇ ਪੱਧਰ ਤੇ ਵੀ ਤਲਬ ਨਹੀਂ ਕੀਤਾ ਗਿਆ।
ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਅਜਿਹੇ ਝੂਠੇ ਮੁਕੱਦਮਿਆਂ ਤੋਂ ਨਹੀਂ ਡਰਦਾ ਅਤੇ ਅਕਾਲੀ ਦਲ ਇਨ੍ਹਾਂ ਖ਼ਿਲਾਫ਼ ਜ਼ਮੀਨੀ ਪੱਧਰ ਤੇ ਅਤੇ ਅਦਾਲਤਾਂ ਵਿੱਚ ਕਾਨੂੰਨੀ ਲੜਾਈ ਲੜੇਗਾ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














