ਬਿਕਰਮ ਮਜੀਠੀਆ : ਜਦੋਂ ਬਾਦਲ ਨੇ ਕਿਹਾ ਕਿ ਸੱਤਾ ਦਾ ਵੱਧ ਫਾਇਦਾ ਮਜੀਠੀਆ ਪਰਿਵਾਰ ਲੈ ਰਿਹਾ

ਤਸਵੀਰ ਸਰੋਤ, Getty Images
- ਲੇਖਕ, ਖੁਸ਼ਹਾਲ ਲਾਲੀ/ ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਉਪਰ ਲਗਾਤਾਰ ਹਮਲੇ ਕਰਦੇ ਹਨ।
ਅਗਸਤ 2022 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦਿੱਤੀ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਸ਼ੇ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ।
ਇਹ ਐੱਫਆਈਆਰ ਮੁਹਾਲੀ ਵਿਚ ਨਸ਼ਾ ਵਿਰੋਧੀ ਕਾਨੂੰਨ ਦੀ ਧਾਰਾ 25, 27A ਤੇ 29 ਦੇ ਤਹਿਤ ਮੋਹਾਲੀ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਦਰਜ ਕੀਤੀ ਗਈ ਹੈ।
ਇਸ ਐਫਆਈਆਰ ਦੇ ਖ਼ਿਲਾਫ਼ ਬਿਕਰਮ ਸਿੰਘ ਮਜੀਠੀਆ ਸੁਪਰੀਮ ਕੋਰਟ ਗਏ ਸਨ।
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਅਦਾਲਤ ਵਿੱਚ ਆਤਮ-ਸਮਰਪਣ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਦੋ ਹਫਤੇ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ।
ਇਸ ਤੋਂ ਬਾਅਦ ਕਈ ਵਾਰ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਉੱਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਪਰ ਉਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ ਗਈ।
ਜਦੋਂ ਬਿਕਰਮ ਸਿੰਘ ਮਜੀਠੀਆ ਉਪਰ ਲੱਗੇ ਗੰਭੀਰ ਇਲਜ਼ਾਮ
6 ਜਨਵਰੀ 2014 ਦਾ ਦਿਨ ਸੀ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਪੰਜਾਬ ਦੀ ਸੱਤਾ ਵਿੱਚ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਸਨ।
ਕੁਝ ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਕਥਿਤ ਅੰਤਰਰਾਸ਼ਟਰੀ ਨਸ਼ਾ ਤਸਕਰ ਜਗਦੀਸ਼ ਸਿੰਘ ਭੋਲਾ ਨੂੰ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ।
ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਭੋਲਾ ਨੇ ਇੱਕ ਸਿਆਸੀ ਧਮਾਕਾ ਕੀਤਾ।
ਉਸ ਨੇ ਬਿਕਰਮ ਸਿੰਘ ਮਜੀਠੀਆ ਤੇ ਗੰਭੀਰ ਇਲਜਾਮ ਲਾਇਆ
ਜਗਦੀਸ਼ ਭੋਲਾ ਪੰਜਾਬ ਦਾ ਬਰਖ਼ਾਸਤ ਡੀਐੱਸਪੀ ਹੈ, ਜਿਸ ਕੋਲੋਂ ਕਰੋੜਾਂ ਰੁਪਏ ਦੇ ਸਿੰਥੈਟਿਕ ਨਸ਼ੇ ਜ਼ਬਤ ਕੀਤੇ ਗਏ ਸਨ।

ਤਸਵੀਰ ਸਰੋਤ, NARINDER NANU/getty images
ਉਸ ਨੇ ਦਾਅਵਾ ਕੀਤਾ ਸੀ ਕਿ ਮਜੀਠੀਆ ਦੇ ਪੁਲਿਸ ਨੂੰ ਫ਼ੋਨ ਕਰਨ ਤੋਂ ਤੁਰੰਤ ਬਾਅਦ ਪੁਲਿਸ ਰਿਮਾਂਡ ਵਿੱਚ ਉਸ ਦੀ ਪੁੱਛਗਿੱਛ ਬੰਦ ਕਰ ਦਿੱਤੀ ਗਈ ਸੀ।
ਬਿਕਰਮ ਸਿੰਘ ਮਜੀਠੀਆ ਭੋਲਾ ਦੇ ਇਲਜ਼ਾਮਾਂ ਤੋਂ ਇਨਕਾਰ ਕਰਦੇ ਆਏ ਹਨ ਅਤੇ ਉਨ੍ਹਾਂ ਦਾ ਨਾਮ ਇਸ ਕੇਸ ਨਾਲ ਜੋੜਨ ਵਾਲੇ ਕਈ ਵਿਅਕਤੀਆਂ ਤੇ ਮੀਡੀਆ ਅਦਾਰਿਆਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਵਾ ਚੁੱਕੇ ਹਨ। ਇਨ੍ਹਾਂ ਵਿੱਚੋਂ ਕਈਆਂ ਨੇ ਤਾਂ ਬਿਕਰਮ ਮਜੀਠੀਆ ਤੋਂ ਮਾਫ਼ੀ ਵੀ ਮੰਗੀ ਹੈ।
ਇਨ੍ਹਾਂ ਵਿੱਚੋਂ ਕਈਆਂ ਨੇ ਤਾਂ ਬਿਕਰਮ ਮਜੀਠੀਆ ਤੋਂ ਮਾਫ਼ੀ ਵੀ ਮੰਗੀ ਹੈ।
ਪਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਸਰਕਾਰ ਬਣਨ ਤੋਂ ਬਾਅਦ ਬਿਕਰਮ ਮਜੀਠੀਆ ਖ਼ਿਲਾਫ਼ ਡਰੱਗਜ਼ ਮਾਮਲੇ ਵਿੱਚ ਐੱਫ਼ਆਈਆਰ ਦਰਜ ਕਰ ਕੀਤੀ।
ਜਿਸ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਛਾਪੇਮਾਰੀ ਕੀਤੀ, ਪਰ ਹਾਈਕੋਰਟ ਨੇ ਉਨ੍ਹਾਂ ਨੂੰ ਅਗਾਊ ਆਰਜ਼ੀ ਜ਼ਮਾਨਤ ਦਿੱਤੀ ਤੇ ਕੁਝ ਦਿਨਾਂ ਬਾਅਦ ਉਹ ਵੀ ਰੱਦ ਹੋ ਗਈ।
ਮਜੀਠੀਆ ਕੋਲ ਹੁਣ ਸਿਰਫ਼ ਸੁਪਰੀਮ ਕੋਰਟ ਦਾ ਰਾਹ ਬਚਿਆ ਹੈ, ਜੇਕਰ ਉੱਥੋਂ ਰਾਹਤ ਨਾ ਮਿਲੀ ਤਾਂ ਉਨ੍ਹਾਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ।
ਪੰਜਾਬ ਦੇ ਹਿੱਤਾਂ ਲ਼ਈ ਮੋਰਚੇ ਲਾਉਣ ਵਾਲੇ ਅਕਾਲੀ ਦਲ ਦੇ 100 ਸਾਲਾ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਮਾਝੇ ਦਾ ਜਰਨੈਲ ਅਖਵਾਉਣ ਵਾਲੇ ਆਗੂ ਨੂੰ ਨਸ਼ਾ ਤਸਕਰੀ ਦੇ ਮਾਮਲੇ ਕਾਰਨ ਜੱਦੋਜਹਿਦ ਕਰਨੀ ਪੈ ਰਹੀ ਹੋਵੇ।
ਇਸ ਸਮੁੱਚੀ ਬਹਿਸ ਦੌਰਾਨ ਅਕਾਲੀ ਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਮੈਦਾਨ ਵਿੱਚ ਉਤਾਰ ਦਿੱਤਾ ਹੈ।
ਇਹ ਵੀ ਪੜ੍ਹੋ:
ਡਰੱਗਜ਼ ਕੇਸ ਉੱਤੇ ਮਜੀਠੀਆ ਦਾ ਪੱਖ
ਬਿਕਰਮ ਸਿੰਘ ਮਜੀਠੀਆ ਡਰੱਗਜ਼ ਮਾਮਲੇ ਵਿੱਚ ਆਪਣੇ ਖ਼ਿਲਾਫ਼ ਪਰਚੇ 'ਚ ਕਹਿੰਦੇ ਹਨ, ''9 ਸਾਲ ਤੋਂ ਇਹ ਇਲਜ਼ਾਮ ਹੀ ਹਨ, ਕੋਈ ਸਬੂਤ ਨਹੀਂ। ਹੁਣ ਇੱਕ ਸਾਜ਼ਿਸ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਹੈ।''
ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ 2013 ਵਿੱਚ ਡਰੱਗਜ਼ ਮਾਮਲੇ ਦਾ ਇੱਕ ਪਰਚਾ ਜਦੋਂ ਦਰਜ ਹੋਇਆ ਸੀ। ਉਦੋਂ ਅਕਾਲੀ ਦਲ ਦੀ ਸਰਕਾਰ ਸੀ।
ਉਦੋਂ ਕਾਂਗਰਸ ਦੇ ਜਗਮੀਤ ਬਰਾੜ ਜੋ ਹੁਣ ਅਕਾਲੀ ਦਲ ਵਿੱਚ ਹਨ, ਸਣੇ ਕਈ ਆਗੂ ਹਾਈਕੋਰਟ ਵਿੱਚ ਗਏ ਅਤੇ ਉਨ੍ਹਾਂ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਉਸ ਵੇਲੇ ਹਾਈਕੋਰਟ ਦੇ ਚੀਫ਼ ਜਸਟਿਸ ਸਨ, ਸੰਜੇ ਕਿਸ਼ਨ ਕੌ । ਉਨ੍ਹਾਂ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਸੀ ਕਿ ਇਹ ਗੱਲਾਂ ਤਾਂ ਸਿਆਸੀ ਲੀਡਰ ਕਰਦੇ ਹਨ।

ਤਸਵੀਰ ਸਰੋਤ, Bikram Singh Majithia
''ਉਨ੍ਹਾਂ ਕਿਹਾ ਸੀ ਕਿ ਜੇਕਰ ਸਿਆਸਤ ਕਰਨੀ ਹੈ ਤਾਂ ਬਾਹਰ ਜਾ ਕੇ ਕਰੋ ਕੋਰਟ ਵਿੱਚ ਤੱਥਾਂ ਨਾਲ ਆਇਆ ਕਰੋ। ਉਨ੍ਹਾਂ ਸੀਬੀਆਈ ਜਾਂਚ ਦੀ ਮੰਗ ਰੱਦ ਕਰ ਦਿੱਤੀ ਸੀ ਤੇ ਕਹਿ ਦਿੱਤਾ ਸੀ ਕਿ ਜੇਕਰ ਕੋਈ ਸਬੂਤ ਆਏਗਾ ਤਾਂ ਤੁਹਾਡਾ ਸਵਾਗਤ ਹੋਵੇਗਾ।''
''ਹਾਈਕੋਰਟ ਨੇ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਤੇ 10 ਚਲਾਣ ਪੇਸ਼ ਕਰਵਾਏ ਪਰ ਕਿਤੇ ਵੀ ਮੇਰਾ ਨਾਂ ਨਹੀਂ ਆਇਆ।''
''ਫੇਰ ਇਹ ਕੇਸ 6 ਸਾਲ ਲੋਅਰ ਕੋਰਟ ਵਿੱਚ ਚੱਲਿਆ ਅਤੇ 2019 'ਚ ਇਸ ਦਾ ਫੈਸਲਾ ਆਇਆ, ਅਦਾਲਤ ਨੇ ਮੈਨੂੰ ਵੀ ਕਿਸੇ ਰੂਪ ਵਿੱਚ ਸੰਮਨ ਨਹੀਂ ਕੀਤਾ।''
ਬਿਕਰਮ ਮਜੀਠੀਆ ਮੁਤਾਬਕ, ''ਅਸਲ ਵਿੱਚ ਜਗਦੀਸ਼ ਭੋਲਾ ਨੇ ਅਦਾਲਤ ਕੰਪਲੈਕਸ ਦੇ ਬਾਹਰ ਇੱਕ ਬਿਆਨ ਦਿੱਤਾ ਸੀ। ਜਿਸ ਵਿੱਚ ਉਸ ਨੇ ਮੇਰਾ ਨਾਂ ਲਿਆ, ਜਿਸ ਦੀ ਜਾਂਚ ਹਾਈਕੋਰਟ ਨੇ ਕੀਤੀ ਅਤੇ ਲੋਅਰ ਕੋਰਟ ਵਿੱਚ ਕੇਸ ਚੱਲਿਆ।
ਮਜੀਠੀਆ ਕਹਿੰਦੇ ਹਨ ਕਿ ਭੋਲਾ ਦੇ ਬਿਆਨ ਤੋਂ ਬਾਅਦ ਹੀ ਸਾਰਾ ਸਿਆਸੀ ਡਰਾਮਾਂ 9 ਸਾਲ ਤੋਂ ਚੱਲਿਆ ਆ ਰਿਹਾ ਹੈ। ਮੁਲਜ਼ਮਾਂ ਨੂੰ ਸਜ਼ਾਵਾਂ ਹੋਈਆ, ਪਰ ਮਜੀਠੀਆ ਨੂੰ ਕਿਸੇ ਵੀ ਪੱਧਰ ਉੱਤੇ ਕਿਸੇ ਏਜੰਸੀ ਨੇ ਤਲਬ ਨਹੀਂ ਕੀਤਾ।
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾਅਵਾ ਕਰਦੇ ਹਨ ਕਿ ਠੋਸ ਸਬੂਤਾਂ ਉੱਤੇ ਕਾਰਵਾਈ ਦੇ ਅਧਾਰ ਉੱਤੇ ਹੀ ਇਹ ਕੇਸ ਸ਼ੁਰੂ ਹੋਇਆ ਹੈ।
ਬਿਕਰਮ ਮਜੀਠੀਆ ਦੀ ਸਿੱਖਿਆ ਤੇ ਕਾਰੋਬਾਰ
ਬਿਕਰਮ ਮਜੀਠੀਆ ਨੇ ਡੀਏਵੀ ਸਕੂਲ ਪਟਿਆਲਾ ਤੋਂ 1991 ਵਿੱਚ ਦਸਵੀਂ ਅਤੇ ਫਿਰ 1993 ਵਿੱਚ ਬਾਲ ਭਾਰਤੀ ਸਕੂਲ ਨਵੀਂ ਦਿੱਲੀ ਤੋਂ ਬਾਰ੍ਹਵੀਂ ਕੀਤੀ।
ਸਾਲ 1996 ਵਿੱਚ ਉਨ੍ਹਾਂ ਨੇ ਦਿੱਲੀ ਦੇ ਹੀ ਸੇਂਟ ਸਟੀਫ਼ਨਜ਼ ਕਾਲਜ ਤੋਂ ਗਰੈਜੂਏਸ਼ਨ ਕੀਤੀ।
ਬਿਕਰਮ ਮਜੀਠੀਆ ਸ਼ਾਇਰੀ ਅਤੇ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹਨ, ਕਾਰ ਰੇਸਿੰਗ, ਹਾਈਕਿੰਗ ਐਂਡ ਟਰੈਕਿੰਗ ਤੇ ਨੇਚਰ ਤੇ ਵਾਇਲਡ ਲਾਇਫ਼ ਵਿੱਚ ਵੀ ਉਨ੍ਹਾਂ ਦੀ ਰੂਚੀ ਹੈ।
ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਆਪਣੇ ਪਰਿਵਾਰਕ ਕਾਰੋਬਾਰ ਵਿੱਚ ਹੀ ਲੱਗੇ ਹੋਏ ਸਨ।
ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦੇ ਵਿਆਹ ਮਗਰੋਂ ਬਿਕਰਮ ਮਜੀਠੀਆ ਨੇ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ।
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਕਾਗਜ਼ਾਂ ਮੁਤਾਬਕ ਉਨ੍ਹਾਂ ਦੀ ਕੁੱਲ ਚੱਲ-ਅਚੱਲ ਜਾਇਦਾਦ ਕਰੀਬ ਸਵਾ ਤਿੰਨ ਕਰੋੜ ਹੈ ਅਤੇ ਉਨ੍ਹਾਂ ਦੀ ਪਤਨੀ ਕੋਲ ਸਾਢੇ 8 ਕਰੋੜ ਕਰੋੜ ਦੀ ਚੱਲ-ਅਚੱਲ ਜਾਇਦਾਦ ਹੈ।
ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਪਤਨੀ ਬਾਰੇ ਲਗਭਗ ਸਾਢੇ ਨੌਂ ਲੱਖ ਦੀ ਖੇਤੀਬਾੜੀ ਤੋਂ ਆਮਦਨ ਅਤੇ ਹੋਰ ਸੋਮਿਆਂ ਤੋਂ ਲਗਭਗ 23 ਹਜ਼ਾਰ ਆਦਮਨੀ ਦੱਸੀ ਸੀ।
ਉਨ੍ਹਾਂ ਨੇ ਹਲਫੀਆ ਬਿਆਨ ਵਿੱਚ ਆਪਣੀ ਕੁੱਲ ਚੱਲ-ਅਚੱਲ ਜਾਇਦਾਦ ਗਿਆਰਾਂ ਕਰੋੜ ਦੱਸੀ ਸੀ ਅਤੇ ਆਪਣੀ ਪਤਨੀ ਬਾਰੇ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਕੋਲ ਲਗਭਗ ਢਾਈ ਕਰੋੜ ਦੀ ਚੱਲ-ਅਚੱਲ ਜਾਇਦਾਦ ਹੈ।
ਅਕਾਲੀ ਦਲ ਦੇ 'ਤੇਜ਼-ਤਰਾਰ' ਆਗੂ
ਪੰਜਾਬ ਵਿਧਾਨ ਸਭਾ ਦੀ ਵੈੱਬਸਾਇਟ ਉੱਤੇ ਮੁਹੱਈਆ ਜਾਣਕਾਰੀ ਮੁਤਾਬਕ ਬਿਕਰਮ ਸਿੰਘ ਮਜੀਠੀਆ 31 ਸਾਲ ਦੀ ਉਮਰ ਵਿੱਚ 2007 ਵਿੱਚ ਅਕਾਲੀ ਦਲ ਦੀ ਟਿਕਟ ਉੱਤੇ ਮਜੀਠਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ ਸਨ।
ਹਰਸਿਮਰਤ ਕੌਰ ਬਾਦਲ ਦੇ ਭਰਾ ਹੋਣ ਦਾ ਉਨ੍ਹਾਂ ਨੂੰ ਇਹ ਫਾਇਦਾ ਹੋਇਆ ਕਿ ਉਹ ਪਹਿਲੀ ਵਾਰ ਹੀ ਕੈਬਨਿਟ ਮੰਤਰੀ ਬਣਾ ਦਿੱਤੇ ਗਏ।
ਮਜੀਠੀਆ ਨੇ ਇਸੇ ਹਲਕੇ ਤੋਂ 2012 ਅਤੇ 2017 ਵਿੱਚ ਚੋਣ ਲੜੀ ਅਤੇ ਜਿੱਤੀ।
ਮੰਤਰੀ ਬਣਨ ਨਾਲ ਉਨ੍ਹਾਂ ਦਾ ਘੇਰਾ ਵਧ ਗਿਆ ਅਤੇ ਉਹ ਆਪਣੇ ਹਲਕੇ ਮਜੀਠਾ ਤੋਂ ਬਾਹਰ ਆਪਣਾ ਪ੍ਰਭਾਅ ਵਧਾਉਣ ਲੱਗੇ।
ਉਹ ਅਕਾਲੀ ਦਲ ਦੀ ਯੂਥ ਵਿੰਗ ਦੇ ਪ੍ਰਧਾਨ ਬਣੇ ਤੇ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਯੂਥ ਨੂੰ ਪੌਜ਼ੀਟਿਵ ਚੇਂਜ ਲਈ ਸਿਆਸਤ ਵਿੱਚ ਆਉਣ ਲਈ ਪ੍ਰੇਰਿਆ।
ਉਨ੍ਹਾਂ ਖੂਨਦਾਨ ਕੈਂਪਾਂ, ਅਪੰਗ ਲੋਕਾਂ ਲ਼ਈ ਟ੍ਰਾਈਸਾਇਕਲਾਂ ਅਤੇ ਗਰੀਬ ਕੁੜੀਆਂ ਦੇ ਵਿਆਹ ਕਰਵਾਉਣ ਵਰਗੇ ਕੰਮਾਂ ਰਾਹੀਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਅਕਾਲੀ ਦਲ ਨਾਲ ਜੋੜਿਆ।
ਉਹ ਸ੍ਰੀਨਗਰ ਹੜ੍ਹਾਂ ਦੌਰਾਨ ਮਜੀਠਾ ਹਲਕੇ ਤੋਂ ਆਪਣੇ ਸਮਰਥਕਾਂ ਨਾਲ ਉੱਥੇ ਗਏ ਅਤੇ ਆਪ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ।
ਸੁਖਬੀਰ ਸਿੰਘ ਬਾਦਲ ਮੁਤਾਬਕ ਬਿਕਰਮ ਸਿੰਘ ਮਜੀਠੀਆ ਧਾਰਮਿਕ ਬਿਰਤੀ ਦੇ ਆਗੂ ਹਨ, ਜਿਹੜੇ ਨਿਤਨੇਮੀ ਸਿੱਖ ਹਨ।
ਉਹ ਮਾਝੇ ਦੇ ਮਜੀਠੀਆ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਬਾਦਲ ਪਰਿਵਾਰ ਨਾਲ ਰਿਸ਼ਤੇਦਾਰੀ ਕਾਰਨ ਉਹ ਸੁਖਬੀਰ ਬਾਦਲ ਤੋਂ ਬਾਅਦ ਸਭ ਤੋਂ ਵੱਡੇ ਆਗੂ ਬਣਕੇ ਉੱਭਰੇ।
ਕਿਸੇ ਸਮੇਂ ਪੰਜਾਬ ਦੇ ਹੱਕਾਂ ਲਈ ਲੱਗੇ ਮੋਰਚਿਆਂ ਵਿੱਚ ਲੜਨ ਵਾਲੇ ਜਥੇਦਾਰ ਮੋਹਨ ਸਿੰਘ ਤੁੜ ਅਤੇ ਫੇਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਅਕਾਲੀ ਕਾਡਰ ਵਿੱਚ ''ਮਾਝੇ ਦਾ ਜਰਨੈਲ'' ਕਿਹਾ ਜਾਂਦਾ ਸੀ।
ਪਰ ਟਕਸਾਲੀ ਅਕਾਲੀ ਲੀਡਰਸ਼ਿਪ ਦੇ ਅਕਾਲੀ ਦਲ ਤੋਂ ਦੂਰ ਜਾਣ ਅਤੇ ਬਿਕਰਮ ਮਜੀਠੀਆ ਪਿੱਛੇ ਅਕਾਲੀ ਦਲ ਪਾਰਟੀ ਅਤੇ ਸਰਕਾਰਾਂ ਵੇਲੇ ਸੱਤਾ ਦਾ ਹੱਥ ਹੋਣ ਕਾਰਨ ਉਨ੍ਹਾਂ ਨੂੰ ਵੀ ਪਾਰਟੀ ਕਾਡਰ ਵਿੱਚ 'ਮਾਝੇ ਦਾ ਜਰਨੈਲ' ਕਿਹਾ ਜਾਣ ਲੱਗ ਪਿਆ।
ਮਜੀਠੀਆ ਦੂਜੀ ਵਾਰ 2012 ਵਿੱਚ ਫੇਰ ਬਾਦਲ ਸਰਕਾਰ ਵਿੱਚ ਕੈਬਨਿਟ ਮੰਤਰੀ ਬਣ ਗਏ ਅਤੇ ਸੱਤਾ ਤੇ ਪਾਰਟੀ ਦਾ ਹੱਥ ਨੇ ਉਨ੍ਹਾਂ ਨੂੰ "ਫਾਇਰ ਬਰਾਂਡ" ਨੇਤਾ ਵਜੋਂ ਸਥਾਪਿਤ ਹੋਣ ਦਾ ਮੌਕਾ ਮੁਹੱਈਆ ਕਰਵਾਇਆ ਅਤੇ ਉਨ੍ਹਾਂ ਇਸ ਦਾ ਪੂਰਾ ਪੂਰਾ ਲਾਹਾ ਵੀ ਲਿਆ।
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ, ''ਆਗੂ ਹੋਣਾ ਅਤੇ ਅਕਾਲੀ ਹੋਣਾ ਦੋ ਅਲੱਗ ਗੱਲਾਂ ਹਨ। ਸਿਆਸੀ ਆਗੂ ਤਾਂ ਕੋਈ ਵੀ ਹੋ ਸਕਦਾ ਹੈ, ਪਰ ਅਕਾਲੀ ਆਗੂ ਬਣਨ ਲਈ ਇੱਕ ਖਾਸ ਈਡੀਅਮ ਅਤੇ ਸਿਧਾਂਤ ਦੀ ਲੋੜ ਹੈ, ਜੋ ਮੈਨੂੰ ਮਜੀਠੀਆ ਵਿੱਚ ਨਹੀਂ ਦਿਖਦੀ।''
''ਉਨ੍ਹਾਂ ਵਿੱਚ ਲੀਡਰਸ਼ਿਪ ਵਾਲੀ ਸਮਰੱਥਾਂ ਹੈ ਅਤੇ ਅਕਾਲੀ ਦਲ ਵਿੱਚ ਬਾਦਲ ਪਰਿਵਾਰ ਦੇ ਰਿਸ਼ਤੇਦਾਰ ਹੋਣ ਕਾਰਨ ਜੋ ਉਨ੍ਹਾਂ ਨੂੰ ਸੱਤਾ ਦੀ ਸ਼ਕਤੀ ਮਿਲੀ ਉਸ ਦਾ ਉਨ੍ਹਾਂ ਫਾਇਦਾ ਚੁੱਕਿਆ।''
''ਸੱਤਾ ਦਾ ਸਭ ਤੋਂ ਵੱਧ ਲਾਹਾ ਮਜੀਠਾ ਪਰਿਵਾਰ ਨੂੰ''
ਪੰਜਾਬ ਯੁਨਿਵਿਰਸਿਟੀ ਦੇ ਪੁਲਿਟੀਕਲ ਸਾਇੰਸ ਦੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਕਹਿੰਦੇ ਹਨ,"ਮਜੀਠੀਆ ਇੱਕ ਵੱਡੇ ਰਸੂਖਦਾਰ ਰਾਜਨੀਤਿਕ ਪਰਵਾਰ ਤੋਂ ਤਾਂ ਆਉਂਦੇ ਹੀ ਹਨ ਪਰ ਨਾਲ ਹੀ ਉਹ ਆਪਣੇ ਆਪ ਵਿੱਚ ਇੱਕ ਮੰਝੇ ਹੋਏ ਆਗੂ ਹਨ।"
ਆਸ਼ੂਤੋਸ਼ ਕਹਿੰਦੇ ਹਨ,"ਉਨ੍ਹਾਂ ਦਾ ਖ਼ਾਸ ਤੌਰ 'ਤੇ ਰਸੂਖ਼ ਪਿੰਡਾਂ ਵਿੱਚ ਵੇਖਣ ਨੂੰ ਮਿਲਦਾ ਹੈ ਹਾਲਾਂਕਿ ਸ਼ਹਿਰਾਂ ਵਿੱਚ ਉਨ੍ਹਾਂ ਦਾ ਪ੍ਰਭਾਅ ਥੋੜ੍ਹਾ ਘੱਟ ਹੈ। ਨਾਲ ਹੀ ਇੱਕ ਵੱਡੇ ਜੱਟ ਆਗੂ ਹਨ ਤੇ ਚੋਣਾਂ ਵੇਲੇ ਲਗਾਤਾਰ ਅਸੀਂ ਵੇਖਦੇ ਰਹੇ ਹਾਂ ਕਿ ਉਨ੍ਹਾਂ ਨੂੰ ਲੈ ਕੇ ਰਾਜਨੀਤੀ ਗਰਮਾ ਜਾਂਦੀ ਹੈ।''
''2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਫਿਰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਇਹੀ ਕੁਝ ਹੋਇਆ ਹੈ।"
ਹਾਲਾਂਕਿ ਮਜੀਠੀਆ ਉਨ੍ਹਾਂ ਲੋਕਾਂ ਨਾਲ ਵੀ ਸਖ਼ਤੀ ਨਾਲ ਪੇਸ਼ ਆਏ, ਜਿਨ੍ਹਾਂ ਨੇ ਉਨ੍ਹਾਂ 'ਤੇ ਨਸ਼ਿਆਂ 'ਚ ਸ਼ਾਮਲ ਹੋਣ ਦੇ ਦੋਸ਼ ਲਾਏ ਸਨ ਅਤੇ ਕਈ ਨੇਤਾਵਾਂ ਨੂੰ ਉਨ੍ਹਾਂ ਨੇ ਅਦਾਲਤਾਂ 'ਚ ਵੀ ਘੜੀਸਿਆ ਸੀ।
ਇੱਥੋਂ ਤੱਕ ਕਿ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਤੇ ਹੋਰਨਾਂ ਆਗੂਆਂ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਕੀਤੀ ਸੀ ਤੇ ਕੇਜਰੀਵਾਲ ਨੇ ਮਜੀਠੀਆ ਕੋਲੋਂ ਮਾਫ਼ੀ ਮੰਗੀ ਸੀ।
ਵਿਰੋਧੀ ਧਿਰ ਵਿੱਚ ਰਹਿੰਦਿਆਂ ਵੀ ਮਜੀਠੀਆ ਪਿਛਲੇ ਚਾਰ ਸਾਲਾਂ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਸੱਤਾਧਾਰੀ ਪਾਰਟੀ ਵਿਰੁੱਧ ਕਈ ਪ੍ਰਦਰਸ਼ਨਾਂ ਦੀ ਅਗਵਾਈ ਕਰ ਚੁੱਕੇ ਹਨ।
ਪੰਜਾਬ ਯੁਨਿਵਿਰਸਿਟੀ ਦੇ ਪੁਲਿਟੀਕਲ ਸਾਇੰਸ ਦੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਕਹਿੰਦੇ ਹਨ,"ਮਜੀਠੀਆ ਇੱਕ ਵੱਡੇ ਰਸੂਖਦਾਰ ਰਾਜਨੀਤਿਕ ਪਰਿਵਾਰ ਤੋਂ ਤਾਂ ਆਉਂਦੇ ਹੀ ਹਨ ਪਰ ਨਾਲ ਹੀ ਉਹ ਆਪਣੇ ਆਪ ਵਿੱਚ ਇੱਕ ਮੰਝੇ ਹੋਏ ਆਗੂ ਹਨ।"

ਤਸਵੀਰ ਸਰੋਤ, Bikram Majithia /FB
ਆਸ਼ੂਤੋਸ਼ ਕਹਿੰਦੇ ਹਨ,"ਉਨ੍ਹਾਂ ਦਾ ਖ਼ਾਸ ਤੌਰ 'ਤੇ ਰਸੂਖ਼ ਪਿੰਡਾਂ ਵਿੱਚ ਵੇਖਣ ਨੂੰ ਮਿਲਦਾ ਹੈ ਹਾਲਾਂਕਿ ਸ਼ਹਿਰਾਂ ਵਿੱਚ ਉਨ੍ਹਾਂ ਦਾ ਪ੍ਰਭਾਅ ਥੋੜ੍ਹਾ ਘੱਟ ਹੈ। ਨਾਲ ਹੀ ਇੱਕ ਵੱਡੇ ਜੱਟ ਆਗੂ ਹਨ ਤੇ ਚੋਣਾਂ ਵੇਲੇ ਲਗਾਤਾਰ ਅਸੀਂ ਵੇਖਦੇ ਰਹੇ ਹਾਂ ਕਿ ਉਨ੍ਹਾਂ ਨੂੰ ਲੈ ਕੇ ਰਾਜਨੀਤੀ ਗਰਮਾ ਜਾਂਦੀ ਹੈ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਫਿਰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਇਹੀ ਕੁਝ ਹੋਇਆ ਹੈ।"
ਆਸ਼ੂਤੋਸ਼ ਕਹਿੰਦੇ ਹਨ ਕਿ ਮਜੀਠੀਆ ਦਾ ਉਭਾਰ ਕੁਝ ਸੀਨੀਅਰ ਅਕਾਲੀ ਨੇਤਾਵਾਂ ਨੂੰ ਬਹੁਤਾ ਪਸੰਦ ਨਹੀਂ ਆਇਆ, ਜੋ ਅਕਸਰ ਇਸ 'ਤੇ ਆਪਣੀ ਨਾਰਾਜ਼ਗੀ ਪ੍ਰਗਟ ਕਰਦੇ ਰਹੇ ਹਨ।
ਸਿਆਸੀ ਹਲਕਿਆਂ ਵਿੱਚ ਇਹ ਵੀ ਧਾਰਨਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਬਿਕਰਮ ਮਜੀਠੀਆ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ।
2015 ਵਿੱਚ ਅੰਮ੍ਰਿਤਸਰ ਵਿੱਚ ਇੱਕ ਸਮਾਗਮ ਵਿੱਚ, ਉਨ੍ਹਾਂ ਨੇ ਮਜੀਠੀਆ ਦੇ ਪਿਤਾ, ਸੱਤਿਆਜੀਤ ਸਿੰਘ ਮਜੀਠੀਆ ਨੂੰ ਸੰਬੋਧਨ ਕਰਦਿਆਂ ਕਿਹਾ, "ਸੱਤਾ ਦਾ ਵੱਧ ਤੋਂ ਵੱਧ ਲਾਭ ਮਜੀਠੀਆ ਪਰਿਵਾਰ ਨੂੰ ਦਿੱਤਾ ਗਿਆ ਹੈ।''
ਮਜੀਠੀਆ ਪਰਿਵਾਰ ਉੱਤੇ ਗੰਭੀਰ ਇਲਜ਼ਾਮ
ਮਜੀਠੀਆ ਪਰਿਵਾਰ ਦਾ ਸ਼ੁਮਾਰ ਪੰਜਾਬ ਜਗੀਰਦਾਰ ਅਤੇ ਰਜਵਾੜੇ ਪਰਿਵਾਰਾਂ ਵਿੱਚ ਰਿਹਾ ਹੈ।
ਬਿਕਰਮ ਸਿੰਘ ਮਜੀਠੀਆ ਦੇ ਪਿਤਾ ਸੱਤਿਆਜੀਤ ਸਿੰਘ ਮਜੀਠੀਆ ਖਾਲਸਾ ਕਾਲਜ ਅੰਮ੍ਰਿਤਸਰ ਦੀ ਗਵਰਨਿੰਗ ਕਾਊਂਸਿਲ ਦੇ ਪ੍ਰਧਾਨ ਹਨ।
ਉਨ੍ਹਾਂ ਦੀਆਂ ਖੰਡ ਮਿੱਲਾਂ, ਡਿਸਟਿਲਰੀ ਅਤੇ ਏਵੀਏਸ਼ਨ ਕਲੱਬ ਸਣੇ ਕਈ ਤਰ੍ਹਾਂ ਦੇ ਕਾਰੋਬਾਰ ਹਨ, ਖਾਸਕਰ ਯੂਪੀ ਵਿੱਚ ਵੱਡਾ ਕਾਰੋਬਾਰ ਸੀ।
ਬਿਕਰਮ ਦੇ ਦਾਦਾ ਸੁਰਜੀਤ ਸਿੰਘ ਮਜੀਠੀਆ ਭਾਰਤੀ ਏਅਰਫੋਰਸ ਵਿੱਚੋਂ ਵਿੰਗ ਕਮਾਂਡਰ ਸੇਵਾਮੁਕਤ ਹੋਏ ਸਨ ਅਤੇ ਉਹ ਕਾਂਗਰਸ ਵੱਲੋਂ ਲੋਕ ਸਭਾ ਸਾਂਸਦ ਵੀ ਰਹੇ।
ਬਿਕਰਮ ਦੇ ਪੜਦਾਦਾ ਸੁੰਦਰ ਸਿੰਘ ਮਜੀਠੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 1925 ਐਕਟ ਲਾਗੂ ਹੋਣ ਤੋਂ ਪਹਿਲਾਂ ਕੁਝ ਦੇਰ ਲਈ ਪਹਿਲੇ ਪ੍ਰਧਾਨ ਬਣੇ ਸਨ।
ਸੁੰਦਰ ਸਿੰਘ ਮਜੀਠੀਆ ਬਰਤਾਨਵੀਂ ਹਕੂਮਤ ਪੱਖੀ ਰਹੇ ਹਨ ਅਤੇ ਉਨ੍ਹਾਂ ਉੱਤੇ ਜੱਲ੍ਹਿਆਵਾਲਾ ਬਾਗ ਕਾਂਡ ਕਰਵਾਉਣ ਵਾਲੇ ਜਨਰਲ ਡਾਇਰ ਨਾਲ ਸਬੰਧਾਂ ਦੇ ਇਲਜ਼ਾਮ ਲੱਗਦੇ ਰਹੇ ਹਨ।

ਤਸਵੀਰ ਸਰੋਤ, Bikram majithia/FB
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਮੁਤਾਬਕ ਸੁੰਦਰ ਸਿੰਘ ਮਜੀਠੀਆ ਉਨ੍ਹਾਂ ਪ੍ਰਮੁੱਖ ਸਿੱਖ ਆਗੂਆਂ ਵਿੱਚੋਂ ਸਨ, ਜਿਨ੍ਹਾਂ ਰੋਲਟ ਐਕਟ ਵਿਰੁੱਧ ਚੱਲ ਰਹੀ ਲਹਿਰ ਦੀ ਮੁਖ਼ਾਲਫਤ ਕੀਤੀ ਸੀ। ਸੁੰਦਰ ਸਿੰਘ ਮਜੀਠੀਆ ਵਿਧਾਨ ਕੌਸਲ ਦੇ ਮੈਂਬਰ ਵੀ ਸਨ।
ਉਨ੍ਹਾਂ ਗੈਰ ਸਰਕਾਰੀ ਮੈਂਬਰਾਂ ਵਲੋਂ ਜਾਰੀ ਕੀਤੇ ਬਿਆਨ ਉੱਤੇ ਦਸਤਖ਼ਤ ਕੀਤੇ ਸਨ।
ਇਸ ਬਿਆਨ ਵਿੱਚ ਕਿਹਾ ਗਿਆ ਸੀ,'' ਭਾਵੇਂ ਕਿ ਰੋਲਟ ਬਿੱਲਾਂ ਨੂੰ ਖ਼ਤਰਨਾਕ ਅਤੇ ਗੈਰਜ਼ਰੂਰੀ ਮੰਨਦੇ ਹੋਏ ਅਸੀਂ ਇਨ੍ਹਾਂ ਦੀ ਸਖ਼ਤ ਨਿਖੇਧੀ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਇਨ੍ਹਾਂ ਨੂੰ ਖ਼ਤਮ ਕਰਵਾਉਣ ਲਈ ਵਿਰੋਧ ਕਰਨਾ ਚਾਹੀਦਾ ਹੈ।''
''ਪਰ ਅਸੀਂ ਦੇਸ ਦੇ ਉਚੇਰੇ ਹਿੱਤਾਂ ਲਈ ਅਹਿੰਸਾ ਵਿਰੋਧ ਹੋ ਰਹੇ ਮੁਜ਼ਾਹਰਿਆਂ ਤੋਂ ਆਪਣੇ ਆਪ ਨੂੰ ਵੱਖ ਕਰਦੇ ਹਾਂ, ਖਾਸ ਕਰਕੇ ਸੁਧਾਰਾਂ ਦੇ ਮੱਦੇਨਜ਼ਰ ਜੋ ਬਿੱਲਾਂ ਦੇ ਰੂਪ ਵਿੱਚ ਸੰਸਦ 'ਚ ਟੇਬਲ ਕੀਤੇ ਗਏ ਹਨ।''
ਇਸ ਬਿਆਨ ਉੱਤੇ ਦਿਨਸ਼ਾਹ ਐਡੁਲਜੀ ਵਾਚਾ, ਸੁਰੇਂਦਰ ਨਾਥ ਬੈਨਰਜੀ, ਸ੍ਰੀਨਿਵਾਸਾ ਸਾਸ਼ਤਰੀ, ਮਹਾਹਾਜਾ ਮਹਿੰਦਰ ਚੰਦਰ ਨਾਂਦੀ, ਮੀਰ ਮੁਹੰਮਦ ਸ਼ਫ਼ੀ, ਫੈਜਉਲਭੋਏ ਕਰੀਮਭੋਏ, ਸੁੰਦਰ ਸਿੰਘ ਮਜੀਠੀਆ, ਮੁੰਹ ਬਾਹ ਟੂ , ਜੀ ਐੱਮ ਚਿੰਤਨਾਵਿਸ ਅਤੇ ਰਾਏ ਸੀਤਾ ਨਾਥ ਰਾਏ ਨੇ ਦਸਤਖ਼ਤ ਕੀਤੇ ਸਨ।
ਪ੍ਰਿਸੀਪਲ ਤੇਜਾ ਸਿੰਘ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ਸਮੇਂ ਸੁੰਦਰ ਸਿੰਘ ਮਜੀਠੀਆ ਦੇ ਅੰਗਰੇਜ਼ ਸਰਕਾਰ ਪੱਖ਼ੀ ਹੋਣ ਦੇ ਇਲਜ਼ਾਮ ਲੱਗੇ ਤਾਂ ਉਨ੍ਹਾਂ ਸਪੱਸ਼ਟੀਕਰਨ ਦਿੱਤਾ ਸੀ ਕਿ ਉਹ ਕਦੇ ਵੀ ਪੰਥਕ ਹਿੱਤਾ ਦੇ ਖ਼ਿਲਾਫ਼ ਨਹੀਂ ਜਾਂਦੇ ।
ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪੰਥਕ ਹਿੱਤਾਂ ਨੂੰ ਧਿਆਨ ਵਿੱਚ ਰੱਖਕੇ ਆਪਣੀ ਸਮਰੱਥਾਂ ਅਤੇ ਸਮਝ ਨਾਲ ਫੈਸਲਾ ਲੈਂਦੇ ਹਨ, ਜਿਸ ਵਿੱਚ ਉਨ੍ਹਾਂ ਦਾ ਨਿੱਜੀ ਹਿੱਤ ਨਹੀਂ ਹੰਦਾ। ਇਸ ਤੋਂ ਬਾਅਦ ਪੰਜ ਪਿਆਰਿਆਂ ਨੇ ਉਨ੍ਹਾਂ ਦੇ ਸਪੱਸ਼ਟੀਕਰਨ ਨੂੰ ਸਵੀਕਾਰ ਕਰ ਲਿਆ ਸੀ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














