ਅਕਾਲੀ ਦਲ ਦੇ 100 ਸਾਲ: ਕੀ ਕਾਲੇ ਕਾਨੂੰਨ ਲਿਆਉਣ ਵਾਲੀ ਭਾਜਪਾ ਤੁਹਾਡੇ ਲਈ ਲੜ ਸਕਦੀ ਹੈ – ਸੁਖਬੀਰ ਬਾਦਲ

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, Getty Images

ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਸਥਾਪਨਾ ਦੇ 100 ਵਰ੍ਹੇ ਪੂਰੇ ਹੋਣ ਮੌਕੇ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਤੇ ਪੰਥ ਦੀ ਪਾਰਟੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ।

ਸੁਖਬੀਰ ਬਾਦਲ ਨੇ ਕਿਹਾ, "ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ ਪਰ ਭਾਜਪਾ ਉੱਥੇ ਕਮੇਟੀ ਦਾ ਪ੍ਰਧਾਨ ਨਹੀਂ ਲਗਾਉਣ ਦੇ ਰਹੀ ਹੈ। ਉਹ ਉੱਥੇ ਆਪਣਾ ਬੰਦਾ ਪ੍ਰਧਾਨ ਬਣਾਉਣਾ ਚਾਹੁੰਦੇ ਹਨ। ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।"

ਅਕਾਲੀ ਦਲ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਮੌਕੇ ਅਕਾਲੀ ਦਲ ਵੱਲੋਂ ਮੋਗਾ ਵਿੱਚ ਰੈਲੀ ਰੱਖੀ ਗਈ ਸੀ। ਇਸ ਰੈਲੀ ਨੂੰ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ ਦੱਸਿਆ ਜਾ ਰਿਹਾ ਹੈ।

ਇਸ ਰੈਲੀ ਵਿੱਚ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਕਾਲੀ ਦਲ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਹੋਰ ਆਗੂ ਮੌਜੂਦ ਹਨ।

ਅਕਾਲੀ ਦਲ ਦੀ ਲੀਡਰਸ਼ਿਪ ਤੋਂ ਇਲਾਵਾ ਬਸਪਾ ਦੇ ਆਗੂ ਵੀ ਮੰਚ ਉੱਤੇ ਮੌਜੂਦ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ।

ਪ੍ਰਕਾਸ਼ ਸਿੰਘ ਬਾਦਲ ਦੇ ਭਾਸ਼ਣ ਦੀਆਂ ਮੁੱਖ ਗੱਲਾਂ

  • ਮੈਨੂੰ ਦੁੱਖ ਹੁੰਦਾ ਹੈ, ਜਿਹੜੀਆਂ ਤੁਹਾਡੀਆਂ ਦੁਸ਼ਮਣ ਪਾਰਟੀਆਂ ਹਨ, ਉਨ੍ਹਾਂ ਨੂੰ ਕੀ ਤੁਸੀਂ ਮੁਆਫ਼ੀ ਦੇ ਸਕਦੇ ਹੋ।
  • ਪਾਰਟੀ ਵੱਲੋਂ ਜਿਹੜੀ ਵੀ ਡਿਊਟੀ ਲਗਾਈ ਜਾਵੇਗੀ, ਮੈਂ ਉਸ ਨੂੰ ਨਿਭਾਉਂਗਾ।
ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, Shiromani akali dal/twitter

  • ਇੱਕ ਗੱਲ ਹੋਰ ਆਖਦਾ ਹਾਂ ਕਿ ਕਈ ਐਵੇਂ ਮਗਰਮੱਛ ਦੇ ਹੰਝੂ ਵਹਾਉਂਦੇ ਹਨ, ਪਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਕਰਕੇ, ਕੇਂਦਰ ਦੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ, ਕੋਈ ਚੌਕੀਦਾਰੀ ਤੋਂ ਅਸਤੀਫ਼ਾ ਨਹੀਂ ਦਿੱਤਾ।
  • ਕਾਲੇ ਕਾਨੂੰਨਾਂ ਖ਼ਿਲਾਫ਼ ਸਿਰਫ਼ ਦੋ ਵੋਟਾਂ ਪਈਆਂ ਸਨ, ਇੱਕ ਹਰਸਿਮਰਤ ਦੀ ਤੇ ਦੂਜੀ ਸੁਖਬੀਰ ਬਾਦਲ ਦੀ ਪਈ ਸੀ ਬਾਕੀ ਤਾਂ ਐਵੇਂ ਵੀ ਬਾਹਰ ਨਿਕਲ ਗਏ ਸਨ।

ਰੈਲੀ ਨੂੰ ਸੰਬੋਧਨ ਕਰਦਿਆਂ ਸਿਕੰਦਰ ਸਿੰਘ ਮਲੂਕਾ, ਅਨਿਲ ਜੋਸ਼ੀ, ਸੁੱਚਾ ਸਿੰਘ ਛੋਟੇਪੁਰ ਨੇ ਜਿੱਥੇ ਅਕਾਲੀ ਦਲ ਦੀ ਵਡਿਆਈ ਕੀਤੀ ਤਾਂ ਉੱਥੇ ਹੀ ਕਾਂਗਰਸ ਸਣੇ ਹੋਰ ਵਿਰੋਧੀਆਂ ਪਾਰਟੀਆਂ ਉੱਤੇ ਨਿਸ਼ਾਨਾ ਸਾਧਿਆ।

ਇਨ੍ਹਾਂ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਰੈਲੀ ਨੂੰ ਇਤਿਹਾਸਕ ਇਕੱਠ ਦੱਸਿਆ ਅਤੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਕਹਿ ਕੇ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਨ ਕੀਤਾ।

ਸੁਖਬੀਰ ਸਿੰਘ ਬਾਦਲ ਦੇ ਭਾਸ਼ਣ ਦੀਆਂ ਮੁੱਖ ਗੱਲਾਂ

  • ਪੰਜਾਬ ਵਿੱਚ ਸਾਰੇ ਪਰਿਵਾਰਾਂ ਲਈ ਬਿਜਲੀ ਦੀਆਂ 400 ਯੂਨਿਟ ਮੁਫ਼ਤ ਹੋਣਗੀਆਂ ਜਿਸ ਨਾਲ ਕਰੀਬ 80 ਫੀਸਦ ਲੋਕਾਂ ਨੂੰ ਫਾਇਦਾ ਹੋਵੇਗਾ।
  • ਮੈਂ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ, ਇਸ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ।
  • ਅਸੀਂ ਆਪਣੇ 13 ਨੁਕਾਤੀ ਪ੍ਰੋਗਰਾਮ ਲੈ ਕੇ ਆਏ ਹਾਂ, ਇਹ ਸਿਰਫ਼ ਵੋਟਾਂ ਕਰਕੇ ਨਹੀਂ ਸਾਨੂੰ ਪਤਾ ਹੈ ਕਿ ਇਨ੍ਹਾਂ ਦੀ ਲੋੜ ਹੈ।
ਸ਼੍ਰੋਮਣੀ ਅਕਾਲੀ ਦਲ

ਤਸਵੀਰ ਸਰੋਤ, Ani

  • ਜਿਹੜਾ ਨੌਜਵਾਨ ਬੱਚਾ-ਬੱਚੀ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਚਾਹੁੰਦਾ ਹੈ, ਉਸ ਨੂੰ ਬਿਨਾਂ 5 ਲੱਖ ਰੁਪਏ ਤੱਕ ਲੋਨ ਦਿੱਤਾ ਜਾਵੇਗਾ।
  • 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਾਰਡ ਬਣਾਇਆ ਜਾਵੇਗਾ, ਜਿਸ ਦਾ ਪ੍ਰੀਮੀਅਮ ਪੰਜਾਬ ਸਰਕਾਰ ਭਰੇਗੀ
  • ਪੰਜਾਬ ਦੇ ਸਾਰੇ ਕਾਲਜਾਂ ਵਿੱਚ 33 ਫੀਸਦ ਸੀਟਾਂ ਸਰਕਾਰੀ ਸਕੂਲਾਂ ਦੇ ਪੜ੍ਹੇ ਬੱਚਿਆਂ ਦੀ ਰਾਂਖਵੀਆਂ ਰੱਖੀਆਂ ਜਾਣਗੀਆਂ
  • ਛੋਟੇ ਵਪਾਰੀਆਂ ਲਈ 10 ਲੱਖ ਰੁਪਏ ਦਾ ਜਾਨ ਦਾ ਬੀਮਾ ਕਰਵਾਇਆ ਜਾਵੇਗਾ, ਅਤੇ ਨਾਲ ਹੀ ਉਸ ਦੀ ਦੁਕਾਨ ਦਾ ਵੀ ਬੀਮਾ ਕਰਵਾਇਆ ਜਾਵੇਗਾ।
  • ਜਦੋਂ ਸਰਕਾਰ ਬਣੀ ਤਾਂ 50 ਹਜ਼ਾਰ ਰੁਪਏ ਪ੍ਰਤੀ ਏਕੜ ਫਸਲਾਂ ਦਾ ਬੀਮਾ ਕਰਵਾਇਆ ਜਾਵੇਗਾ
ਸ਼੍ਰੋਮਣੀ ਅਕਾਲੀ ਦਲ

ਤਸਵੀਰ ਸਰੋਤ, Ani

  • 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੈਨਸ਼ਨ ਸਕੀਮ ਲਿਆਂਦੀ ਜਾਵੇਗੀ।
  • ਪੰਜਾਬ ਦੇ ਧਾਰਮਿਕ ਸਥਾਨ (ਸਾਰਿਆਂ ਧਰਮਾਂ ਦੇ) ਵਿੱਚ ਬਿਜਲੀ ਮੁਫ਼ਤ ਦਿੱਤੀ ਜਾਵੇਗੀ।
  • ਮੁਸਲਮਾਨ ਭਾਈਚਾਰੇ ਜਿੱਥੇ ਵੀ ਰਹਿੰਦੇ ਹਨ, ਉੱਥੇ ਉਨ੍ਹਾਂ ਲਈ ਕਬਰਿਸਤਾਨ ਬਣਾਏ ਜਾਣਗੇ।
  • ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ, ਕੋਈ ਵੀ ਕਾਂਗਰਸ, ਭਾਜਪਾ ਜਾਂ ਆਮ ਆਦਮੀ ਪਾਰਟੀ ਨੂੰ ਕਿਸਾਨਾਂ ਤੇ ਗਰੀਬਾਂ ਦੀ ਪਾਰਟੀ ਨਹੀਂ ਕਹਿੰਦਾ।
  • ਪ੍ਰਕਾਸ਼ ਸਿੰਘ ਬਾਦਲ ਦੇਸ ਵਿੱਚ ਕਿਸਾਨਾਂ ਦੇ ਕੁਝ ਚੋਣਵੇਂ ਕਿਸਾਨ ਆਗੂਆਂ ਵਿੱਚੋਂ ਹਨ।
  • ਪ੍ਰਕਾਸ਼ ਸਿੰਘ ਬਾਦਲ ਨੇ ਗਰੀਬਾਂ ਵਾਸਤੇ ਆਟਾ ਦਾਲ ਸਕੀਮ, ਪੈਨਸ਼ਨ ਸਕੀਮ ਤੇ ਹੋਰ ਕਈ ਸਕੀਮਾਂ ਚਲਾਈਆਂ।
  • ਰੈਲੀ ਵਿੱਚ ਸ਼ਾਮਲ ਇਨ੍ਹਾਂ ਆਗੂਆਂ ਨੇ ਅਕਾਲੀ ਦਲ ਦੀਆਂ ਕੁਰਬਾਨੀਆਂ ਦਾ ਜਿਕਰ ਕੀਤਾ ਅਤੇ ਕਿਹਾ ਕਿ ਪੰਜਾਬ ਲਈ ਇੱਕੋ ਪਾਰਟੀ ਨੂੰ ਦਰਦ ਅਤੇ ਲਗਾਅ ਹੈ ਅਤੇ ਇਹ ਸ਼੍ਰੋਮਣੀ ਅਕਾਲੀ ਦਲ ਹੈ।
  • ਅਨਿਲ ਜੋਸ਼ੀ ਨੇ ਕਿਹਾ ਕਿ, ''ਸਾਨੂੰ ਅਜਿਹੀ ਪਾਰਟੀ ਚਾਹੀਦੀ ਹੈ ਜੋ ਸਾਰੇ ਧਰਮਾਂ ਦਾ ਸਤਿਕਾਰ ਕਰੇ, ਸਾਨੂੰ ਡਰਾਮੇਬਾਜ਼ ਨਹੀਂ ਚਾਹੀਦੇ।''

‘ਅਕਾਲੀ ਦਲ ਮੂਵਮੈਂਟ ਤੋਂ ਨਿਕਲੀ ਪਾਰਟੀ ਹੈ’

ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਪਾਰਟੀ ਵਿੱਚੋਂ ਇੱਕ ਅਕਾਲੀ ਦਲ ਅੱਜ ਮੌਜੂਦਾ ਦੌਰ ਵਿੱਚ ਕਿੱਥੇ ਖੜ੍ਹੀ ਹੈ, ਇਸ ਬਾਰੇ ਬੀਬੀਸੀ ਦੇ ਪੱਤਰਕਾਰ ਸਰਬਜੀਤ ਧਾਲੀਵਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਅਕਾਲੀ ਦਲ ਦੀ ਸਥਾਪਨਾ ਬਾਰੇ ਜਗਤਾਰ ਸਿੰਘ ਨੇ ਕਿਹਾ, "ਅਕਾਲੀ ਦਲ ਹਿੰਦੁਸਤਾਨ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ, ਪਹਿਲੀ ਕਾਂਗਰਸ ਸੀ। ਕਾਂਗਰਸ ਅੰਗਰੇਜ਼ਾਂ ਨੇ ਆਪ ਬਣਾਈ ਸੀ ਪਰ ਅਕਾਲੀ ਦਲ ਦਾ ਜਨਮ ਸੰਘਰਸ਼ ਵਿੱਚੋਂ ਹੋਇਆ।"

"ਜਦੋਂ ਗੁਰਦੁਆਰਾ ਲਿਬਰੇਸ਼ਨ ਮੂਵਮੈਂਟ ਚੱਲਦੀ ਹੈ ਤਾਂ ਇਹ ਪਾਰਟੀ ਉਸ ਵਿੱਚੋਂ ਜਨਮ ਲੈਂਦੀ ਹੈ। ਇਸ ਦਾ ਬੜਾ ਹੀ ਕਮਾਲ ਦਾ ਇਤਿਹਾਸ ਹੈ।"

"ਇਸ ਨੇ ਲਗਾਤਾਰ ਸੰਘਰਸ਼ ਕੀਤਾ ਹੈ ਅਤੇ ਵੰਡ ਤੋਂ ਬਾਅਦ ਵੀ ਉਹੀ ਇਤਿਹਾਸ ਰਿਹਾ ਹੈ। ਮੈਂ ਅਕਾਲੀ ਦਲ ਨੂੰ ਉਹ ਪਾਰਟੀ ਮੰਨਦਾ ਹੈ, ਜਿਸ ਨੂੰ ਹਿੰਦੁਸਤਾਨੀ ਲੋਕਾਂ ਲਈ ਲੋਕਾਂ ਨੇ ਆਪ ਬਣਾਇਆ।"

‘ਅੱਜ ਦੀ ਵਿਚਾਰਧਾਰਾ ’ਚ ਮੋੜ ਨਜ਼ਰ ਨਹੀਂ ਆਇਆ’

ਮੌਜੂਦਾ ਵਕਤ ਵਿੱਚ ਪਾਰਟੀ ਦੇ ਮੁੱਦਿਆਂ ਬਾਰੇ ਗੱਲ ਕਰਦਿਆਂ ਜਗਤਾਰ ਸਿੰਘ ਨੇ ਕਿਹਾ, "ਮੋਗੇ ਦਾ ਪਿੰਡ ਕਿੱਲੀ ਚਾਹਲਾਂ ਵਿੱਚ ਅੱਜ ਇੱਕ ਰੈਲੀ ਹੋਈ ਅਤੇ ਇਸ ਤੋਂ ਪਹਿਲਾਂ 75ਵੀਂ ਵਰ੍ਹੇਗੰਢ ਮੌਕੇ ਇੱਕ ਰੈਲੀ ਮੋਗਾ ਸ਼ਹਿਰ ਵਿੱਚ 1996 ਵਿੱਚ ਹੋਈ ਸੀ।"

"ਉੱਥੇ ਪਾਰਟੀ ਵਿੱਚ ਇੱਕ ਮੋੜ ਪਾਰਟੀ ਆਇਆ ਸੀ, ਪਹਿਲੀ ਵਾਰ ਜ਼ੋਰ-ਸ਼ੋਰ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕੀਤੀ ਗਈ ਸੀ।"

"ਪਰ ਅੱਜ ਪਾਰਟੀ ਦੀ ਵਿਚਾਰਧਾਰਾ ਵਿੱਚ ਉਸ ਤਰ੍ਹਾਂ ਦਾ ਕੋਈ ਮੋੜ ਨਜ਼ਰ ਨਹੀਂ ਆਇਆ, ਹੁਣ ਦਾ ਫੋਕਸ ਸਿਰਫ਼ ਅਗਲੀ ਚੋਣ 'ਤੇ ਸੀ।"

"ਜਿਹੜੀ ਪਾਰਟੀ ਪੰਜਾਬ ਦੇ ਲੋਕਾਂ ਦੀ ਹੋਵੇਗੀ, ਮੁੱਦੇ ਨਾਲ ਜੁੜੀ ਹੋਵੇ ਮੈਨੂੰ ਉਸ ਕੋਲੋਂ ਆਸ ਸੀ ਕਿ ਇਸ ਰੈਲੀ ਵਿੱਚ ਕੁਝ ਥੋੜ੍ਹਾ-ਬਹੁਤ ਹੋਰ ਨਿਕਲਦਾ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)