ਸਕੂਲ ਵਰਦੀ ਵਿੱਚ ਪੈਂਟ ਪਾਉਣ ਦੀ ਖੁੱਲ੍ਹ ਤੋਂ ਕੁੜੀਆਂ ਖੁਸ਼ ਤਾਂ ਕਿਉਂ ਹੋ ਰਹੇ ਮੁਜ਼ਾਹਰੇ

ਸਕੂਲ

ਤਸਵੀਰ ਸਰੋਤ, Binuraj TP

ਦੱਖਣੀ ਭਾਰਤ ਦੇ ਕੇਰਲ ਸੂਬੇ ਵਿੱਚ ਇੱਕ ਸਰਕਾਰੀ ਸਕੂਲ ਦੁਆਰਾ ਨੌਜਵਾਨ ਵਿਦਿਆਰਥਣਾਂ ਨੂੰ ਪੈਂਟ ਪਹਿਨਣ ਦੀ ਇਜਾਜ਼ਤ ਦੇਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ।

ਦਿੱਲੀ ਵਿੱਚ ਬੀਬੀਸੀ ਦੇ ਗੀਤਾ ਪਾਂਡੇ ਅਤੇ ਕੇਰਲ ਵਿੱਚ ਅਸ਼ਰਫ਼ ਪਡੰਨਾ ਨੇ ਕੱਪੜਿਆਂ ਨੂੰ ਲੈ ਕੇ ਹੋਏ ਵਿਵਾਦ ਬਾਰੇ ਜਾਣਕਾਰੀ ਇਕੱਠਾ ਕੀਤੀ ਹੈ।

'ਮੈਂ ਬਹੁਤ ਸਮਾਰਟ ਦਿੱਸ ਰਹੀ ਸੀ'

ਬੁੱਧਵਾਰ ਦੀ ਸਵੇਰ, ਜਦੋਂ ਸਰਿੰਗੀ ਸੀਕੇ ਆਪਣੀ ਬਿਲਕੁਲ ਨਵੀਂ ਵਰਦੀ ਵਿੱਚ ਸਕੂਲ ਜਾਣ ਲਈ ਬੱਸ ਦੇ ਇੰਤਜ਼ਾਰ ਵਿੱਚ ਬੱਸ ਸਟਾਪ 'ਤੇ ਖੜ੍ਹੇ ਸਨ, ਤਾਂ ਇੱਕ ਅਣਜਾਣ ਔਰਤ ਦੀ ਤਾਰੀਫ਼ ਨੇ ਉਨ੍ਹਾਂ ਨੂੰ ਕੁਝ ਖਾਸ ਮਹਿਸੂਸ ਕਰਵਾਇਆ।

ਬਲੂਸੇਰੀ ਕਸਬੇ ਦੇ ਗਵਰਨਮੈਂਟ ਗਰਲਜ਼ ਹਾਇਰ ਸੈਕੰਡਰੀ ਸਕੂਲ ਵਿੱਚ 11ਵੀਂ ਜਮਾਤ ਵਿੱਚ ਪੜ੍ਹਦੇ 17 ਸਾਲਾ ਸਰਿੰਗੀ ਨੇ ਬੀਬੀਸੀ ਨੂੰ ਦੱਸਿਆ, "ਇਸ ਔਰਤ ਨੇ ਮੈਨੂੰ ਕਿਹਾ ਕਿ ਮੈਂ ਬਹੁਤ ਸਮਾਰਟ ਦਿੱਸ ਰਹੀ ਸੀ ਅਤੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ।"

ਪਰ ਇੱਕ ਵਾਰ ਜਦੋਂ ਸਰਿੰਗੀ ਸਕੂਲ ਪਹੁੰਚੀ, ਤਾਂ ਉੱਥੇ ਮੁਜ਼ਾਹਰਾਕਾਰੀਆਂ ਦੀ ਵੱਡੀ ਭੀੜ ਜਮ੍ਹਾਂ ਸੀ ਅਤੇ ਦਰਜਨਾਂ ਪੁਲਿਸ ਵਾਲੇ ਨਿਗਰਾਨੀ ਕਰਨ 'ਤੇ ਲੱਗੇ ਹੋਏ ਸਨ।

ਮੁਜ਼ਾਹਰਾਕਾਰੀ ਇਸ ਗੱਲ ਤੋਂ ਨਾਖੁਸ਼ ਸਨ ਕਿ ਕੁੜੀਆਂ ਹੁਣ ਮੁੰਡਿਆਂ ਵਾਂਗ ਪੈਂਟਾਂ ਅਤੇ ਕਮੀਜ਼ਾਂ ਪਾ ਸਕਦੀਆਂ ਹਨ। ਸਰਿੰਗੀ ਨੂੰ ਇਨ੍ਹਾਂ ਮੁਜ਼ਾਹਰਾਕਾਰੀਆਂ ਦੀ ਭੀੜ ਵਿੱਚੋਂ ਲੰਘ ਕੇ ਅੰਦਰ ਜਾਣਾ ਪਿਆ।

ਇਹ ਵੀ ਪੜ੍ਹੋ:

ਕੁੜੀਆਂ ਨੇ ਆਪ ਦਿੱਤਾ ਵਰਦੀ ਬਦਲਣ ਦਾ ਸੁਝਾਅ

ਇਸ ਬਦਲਾਅ ਤੋਂ ਪਹਿਲਾਂ ਤੱਕ ਵਿਦਿਆਰਥਣਾਂ ਰਵਾਇਤੀ ਲੰਬੇ ਟਿਊਨਿਕ, ਢਿੱਲੀ ਫਿਟਿੰਗ ਵਾਲੀਆਂ ਪੈਂਟਾਂ ਅਤੇ ਵੇਸਟਕੋਟ ਪਹਿਨਦੀਆਂ ਸਨ।

ਸਕੂਲ ਦੇ ਪ੍ਰਿੰਸੀਪਲ ਇੰਦੂ ਆਰ ਨੇ ਬੀਬੀਸੀ ਨੂੰ ਦੱਸਿਆ ਕਿ ਜੋ ਕੁੜੀਆਂ ਹੁਣ 12ਵੀਂ ਜਮਾਤ ਵਿੱਚ ਹਨ, ਉਨ੍ਹਾਂ ਨੇ ਪਿਛਲੇ ਸਾਲ ਸੁਝਾਅ ਦਿੱਤਾ ਸੀ ਕਿ ਉਨ੍ਹਾਂ ਨੂੰ ਵੀ ਮੁੰਡਿਆਂ ਵਾਂਗ ਹੀ ਵਰਦੀ ਪਹਿਨਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੁੜੀਆਂ ਦਾ ਪ੍ਰਸਤਾਵ ਸਹੀ ਜਾਪਿਆ ਕਿਉਂਕਿ "ਸਾਡੇ ਜ਼ਿਆਦਾਤਰ ਵਿਦਿਆਰਥੀ ਬਾਹਰ ਜੀਨਸ ਅਤੇ ਟਾਪ ਪਹਿਨਦੇ ਹਨ ।

ਜਿਵੇਂ ਕਿ ਦੁਨੀਆ ਵਿੱਚ ਕਿਤੇ ਵੀ ਹੋਰ ਨੌਜਵਾਨ ਕੁੜੀਆਂ ਪਹਿਨਦੀਆਂ ਹਨ" ਅਤੇ ਕੇਰਲ ਦੇ ਨਮੀ ਵਾਲੇ ਮੌਸਮ ਲਈ ਵੇਸਟਕੋਟ ਅਨੁਕੂਲ ਨਹੀਂ ਸਨ।

'ਸਹਿਮਤੀ ਨਾਲ ਕੀਤਾ ਗਿਆ ਬਦਲਾਅ'

ਪ੍ਰਿੰਸੀਪਲ ਨੇ ਕਿਹਾ, "ਇਸ ਲਈ ਅਸੀਂ ਸਟਾਫ ਨਾਲ ਇਸ ਬਾਰੇ ਗੱਲਬਾਤ ਕੀਤੀ ਅਤੇ ਫਿਰ ਪੇਰੈਂਟ ਟੀਚਰ ਐਸੋਸੀਏਸ਼ਨ (ਪੀਟੀਏ) ਦੀ ਮੀਟਿੰਗ ਬੁਲਾਈ। ਬਹੁਮਤ ਇਸ ਲਈ ਸਹਿਮਤ ਹੋ ਗਿਆ ਅਤੇ ਅਸੀਂ ਇਹ ਬਦਲਾਅ ਕਰਨ ਦਾ ਫੈਸਲਾ ਕਰ ਲਿਆ।''

ਸਕੂਲ ਦੇ ਵਿਦਿਆਰਥੀ

ਤਸਵੀਰ ਸਰੋਤ, Binuraj TP

ਤਸਵੀਰ ਕੈਪਸ਼ਨ, ਪਹਿਲਾਂ ਸਕੂ ਵਿੱਚ ਕੁੜੀਆਂ ਅਤੇ ਮੁੰਡਿਆਂ ਲਈ ਵੱਖੋ-ਵੱਖਰੀਆਂ ਵਰਦੀਆਂ ਸਨ

"ਸਿਰਫ਼ ਇੱਕ ਜਾਂ ਦੋ ਮਾਪਿਆਂ ਨੇ ਜੈਂਡਰ ਨਿਊਟਰਲ ਯੂਨੀਫਾਰਮ ਬਾਰੇ ਚਿੰਤਾ ਜ਼ਾਹਰ ਕੀਤੀ ਅਤੇ ਅਸੀਂ ਉਨ੍ਹਾਂ ਨੂੰ ਕਿਹਾ ਕਿ ਕੁੜੀਆਂ ਪੂਰੀਆਂ ਬਾਹਾਂ ਵਾਲੀਆਂ ਲੰਬੀਆਂ ਕਮੀਜ਼ਾਂ ਪਹਿਨ ਸਕਦੀਆਂ ਹਨ।

, ਉਹ ਸਿਰ 'ਤੇ ਸਕਾਰਫ਼ ਬੰਨ੍ਹ ਸਕਦੀਆਂ ਹਨ ਅਤੇ ਇੱਥੋਂ ਤੱਕ ਕਿ ਜੇ ਚਾਹੁਣ ਤਾਂ ਵੇਸਟਕੋਟ ਵੀ ਪਹਿਨ ਸਕਦੀਆਂ ਹਨ।''

ਉਨ੍ਹਾਂ ਅੱਗੇ ਕਿਹਾ, "ਪਰ ਬਹੁਤ ਘੱਟ ਕੁੜੀਆਂ ਨੇ ਉਨ੍ਹਾਂ ਨੂੰ ਚੁਣਿਆ ਹੈ।''

ਕੁੜੀਆਂ ਖੁਸ਼ ਹਨ

ਇੰਦੂ ਆਰ ਨੇ ਬੀਬੀਸੀ ਨੂੰ ਨਵੀਂ ਵਰਦੀ ਵਿੱਚ ਵਿਦਿਆਰਥੀਆਂ ਦੇ ਇੱਕ ਸਮੂਹ ਦੀਆਂ ਫੋਟੋਆਂ ਭੇਜੀਆਂ ਜਿਨ੍ਹਾਂ ਵਿੱਚ ਉਹ ਸੈਲਫੀ ਲੈਂਦਿਆਂ, ਇੱਕ-ਦੂਜੇ ਨੂੰ ਮਿਲਦੀਆਂ, ਹੱਸਦੀਆਂ ਹੋਈਆਂ ਅਤੇ ਵਾਕਈ ਖੁਸ਼ੀ ਵਿੱਚ ਉਛਲਦੀਆਂ ਦਿਖਾਈ ਦਿੰਦੀਆਂ ਹਨ।

ਸਿਰੰਗੀ ਵੀ ਇਸ ਸਮੂਹ ਦਾ ਹਿੱਸਾ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੀ ਨਵੀਂ ਵਰਦੀ ਬਹੁਤ ਪਸੰਦ ਹੈ ਕਿਉਂਕਿ ਇਹ "ਬਹੁਤ ਆਰਾਮਦਾਇਕ" ਹੈ ਅਤੇ ਉਨ੍ਹਾਂ ਨੂੰ "ਬਹੁਤ ਸਹਿਜ" ਰਹਿਣ ਦਿੰਦੀ ਹੈ।

ਵੀਡੀਓ ਕੈਪਸ਼ਨ, ਦੇਖੋ ਧਰਮ ਕਿਵੇਂ ਸੋਸ਼ਲ ਮੀਡੀਆ ਦਾ ਹਾਣੀ ਬਣ ਰਿਹਾ ਹੈ

ਉਹ ਅੱਗੇ ਕਹਿੰਦੇ ਹਨ, "ਸਾਡਾ ਸਕੂਲ ਪਹਿਲਾ ਸਰਕਾਰੀ ਹਾਇਰ ਸੈਕੰਡਰੀ ਸਕੂਲ ਹੈ ਜਿਸ ਨੇ ਯੂਨੀਸੈਕਸ ਵਰਦੀ ਨੂੰ ਚੁਣਿਆ ਹੈ। ਮੈਨੂੰ ਲੱਗਦਾ ਹੈ ਜਿਵੇਂ ਮੈਂ ਇੱਕ ਕ੍ਰਾਂਤੀ ਦਾ ਹਿੱਸਾ ਹਾਂ।"

ਸਰਕਾਰ ਦਾ ਸਮਰਥਨ

ਵਰਦੀ ਦੀ ਇਸ ਤਬਦੀਲੀ ਨੂੰ ਕੇਰਲ ਸਰਕਾਰ ਦਾ ਵੀ ਸਮਰਥਨ ਪ੍ਰਾਪਤ ਹੈ।

ਸਿੱਖਿਆ ਮੰਤਰੀ ਵੀ ਸਿਵਨਕੁਟੀ ਨੇ ਬੀਬੀਸੀ ਨੂੰ ਕਿਹਾ, "ਵਰਦੀ ਅਤੇ ਸਕੂਲ ਦੀ ਪੂਰੀ ਪ੍ਰਣਾਲੀ ਨੂੰ ਸਮੇਂ ਦੇ ਨਾਲ ਬਦਲਣਾ ਚਾਹੀਦਾ ਹੈ। ਸਾਨੂੰ ਉਮੀਦ ਹੈ ਕਿ ਹੋਰ ਸਕੂਲ ਵੀ ਨੌਜਵਾਨ ਵਿਦਿਆਰਥੀਆਂ ਵਿੱਚ ਲਿੰਗ ਭੇਦਭਾਵ ਦੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੀ ਪਹਿਲਕਦਮੀ ਵਿੱਚ ਸ਼ਾਮਲ ਹੋਣਗੇ।"

ਕਿਉਂ ਹੋ ਰਿਹਾ ਵਿਰੋਧ

ਪਰ ਰੂੜ੍ਹੀਵਾਦੀ ਮੁਸਲਮਾਨ ਸਮੂਹ ਇਸ ਨਵੀਂ ਵਰਦੀ ਨੂੰ ਚੰਗਾ ਨਹੀਂ ਮੰਨ ਰਹੇ ਅਤੇ ਕਹਿ ਰਹੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਇਹ ਨਵੇਂ ਕੱਪੜੇ ਪਹਿਨਣ ਲਈ "ਮਜਬੂਰ" ਕੀਤਾ ਜਾ ਰਿਹਾ ਹੈ।

ਵਿਰੋਧ

ਤਸਵੀਰ ਸਰੋਤ, Binuraj TP

ਤਸਵੀਰ ਕੈਪਸ਼ਨ, ਵਿਰੋਧ ਕਰਨ ਵਾਲੇ ਸਮੂਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਇਹ ਵਰਦੀ ਪਹਿਨਣ ਲਈ ਮਜਬੂਰ ਕੀਤਾ ਜਾ ਰਿਹਾ ਹੈ

ਨਵੀਂ ਵਰਦੀ ਦਾ ਵਿਰੋਧ ਕਰ ਰਹੀ ਮੁਸਲਿਮ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਮੁਜਾਹਿਦ ਬਲੂਸੇਰੀ ਨੇ ਕਿਹਾ, "ਇਹ ਫੈਸਲਾ ਪੀਟੀਏ ਦੀ ਜਨਰਲ ਬਾਡੀ ਦੀ ਮੀਟਿੰਗ ਬੁਲਾਏ ਬਿਨਾਂ ਲਿਆ ਗਿਆ ਸੀ ਅਤੇ ਹੁਣ ਸਾਡੀਆਂ ਕੁੜੀਆਂ ਨੂੰ ਮੁੰਡਿਆਂ ਵਾਂਗ ਪੈਂਟਾਂ ਅਤੇ ਕਮੀਜ਼ਾਂ ਪਹਿਨਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਗਰੀਬ ਪਰਿਵਾਰਾਂ 'ਤੇ ਵੀ ਵੱਡਾ ਵਿੱਤੀ ਬੋਝ ਹੈ।"

ਪਰ ਬਾਲੂਸੇਰੀ ਦੀ ਇੱਕ ਵੱਡੀ ਚਿੰਤਾ ਹੈ ਉਨ੍ਹਾਂ ਦਾ ਇਹ ਵਿਸ਼ਵਾਸ ਕਿ ਵਰਦੀ ਵਿੱਚ ਇਹ ਬਦਲਾਅ ਸੂਬੇ ਦੀ ਕਮਿਊਨਿਸਟ ਸਰਕਾਰ ਦੇ "ਬੱਚਿਆਂ 'ਤੇ ਆਪਣੀ ਨਾਸਤਿਕ ਵਿਚਾਰਧਾਰਾ ਨੂੰ ਥੋਪਣ ਦੇ ਏਜੰਡੇ ਦਾ ਹਿੱਸਾ ਹੈ", ਅਤੇ ਉਨ੍ਹਾਂ ਅਨੁਸਾਰ ਉਹ ਬੱਚਿਆਂ ਨੂੰ ਗੁਮਰਾਹ ਕਰੇਗਾ।

ਉਹ ਕਹਿੰਦੇ ਹਨ, "ਅਸੀਂ ਆਪਣੇ ਵਿਸ਼ਵਾਸ ਨਾਲ ਸਮਝੌਤਾ ਨਹੀਂ ਕਰ ਸਕਦੇ। ਕੁੜੀਆਂ ਅਤੇ ਮੁੰਡਿਆਂ ਨੂੰ ਆਪਣੀ ਵੱਖਰੀ ਪਛਾਣ ਰੱਖਣੀ ਚਾਹੀਦੀ ਹੈ। ਕੁੜੀਆਂ ਨੂੰ ਮੁੰਡਿਆਂ ਵਾਂਗ ਪਹਿਰਾਵੇ ਦੀ ਇਜਾਜ਼ਤ ਦੇਣਾ ਉਨ੍ਹਾਂ ਨੂੰ ਫ੍ਰੀ ਸੈਕਸ ਦੀ ਸ਼ੁਰੂਆਤ ਕਰਨ ਵਰਗਾ ਹੈ। ਇਹ ਲਿੰਗ ਭਿੰਨਤਾ ਨੂੰ ਖ਼ਤਮ ਕਰਕੇ ਜਿਨਸੀ ਮੁਕਤੀ ਵੱਲ ਲੈ ਜਾਵੇਗਾ।"

ਕੁੜੀਆਂ ਤੇ ਮੁੰਡਿਆਂ 'ਚ ਫਰਕ ਕਿਉਂ

ਪਿਛਲੇ ਹਫ਼ਤੇ ਦੌਰਾਨ ਕਈ ਹੋਰ ਮੁਸਲਿਮ ਧਾਰਮਿਕ ਸਮੂਹਾਂ ਵੱਲੋਂ ਅਜਿਹੀਆਂ ਹੀ ਟਿੱਪਣੀਆਂ ਕੀਤੀਆਂ ਗਈਆਂ ਜਿਨ੍ਹਾਂ 'ਤੇ ਕੇਰਲ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਸਖ਼ਤ ਆਲੋਚਨਾ ਵੀ ਸਾਹਮਣੇ ਆਈ।

ਆਲੋਚਕਾਂ ਦਾ ਕਹਿਣਾ ਹੈ ਕਿ ਇਹ ਕੱਟੜਪੰਥੀ ਸਮੂਹਾਂ ਦੁਆਰਾ ਕੁੜੀਆਂ 'ਤੇ ਪਾਬੰਦੀਆਂ ਲਗਾਉਣ ਦੀ ਕੋਸ਼ਿਸ਼ ਹੈ।

ਕੇਰਲ ਨੂੰ ਅਕਸਰ ਭਾਰਤ ਦਾ ਸਭ ਤੋਂ ਵੱਧ ਪੜ੍ਹਿਆ-ਲਿਖਿਆ ਅਤੇ ਪ੍ਰਗਤੀਸ਼ੀਲ ਸੂਬਾ ਦੱਸਿਆ ਜਾਂਦਾ ਹੈ, ਜਿਸਨੇ 100% ਸਾਖਰਤਾ ਪ੍ਰਾਪਤ ਕੀਤੀ ਹੈ।

ਸਕੂਲਾਂ ਵਿੱਚ ਵਿਦਿਆਰਥੀਆਂ ਦੇ ਕੁੱਲ ਦਾਖਲੇ ਦਾ 48.96% ਕੁੜੀਆਂ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਯੂਨੀਵਰਸਿਟੀਆਂ ਤੋਂ ਡਿਗਰੀਆਂ ਹਾਸਲ ਕਰਨ ਲਈ ਅੱਗੇ ਤੱਕ ਪੜ੍ਹਦੀਆਂ ਹਨ।

ਵੀਡੀਓ ਕੈਪਸ਼ਨ, ਕਿਉਂ ਇਸ ਕੁੜੀ ਨੂੰ ਨਾ ਮੁੰਡਿਆਂ ਵੱਲ ਆਕਰਸ਼ਨ ਹੈ ਅਤੇ ਨਾ ਹੀ ਕੁੜੀਆਂ ਵੱਲ

ਪਰ ਆਲੋਚਕਾਂ ਦਾ ਕਹਿਣਾ ਹੈ ਕਿ ਮਾੜੀ ਪ੍ਰਥਾ ਦੀਆਂ ਡੂੰਘੀਆਂ ਜੜ੍ਹਾਂ ਕੇਰਲ ਨੂੰ ਬਾਕੀ ਭਾਰਤ ਵਾਂਗ ਪਿਤਾ-ਪੁਰਖੀ ਬਣਾਉਂਦੀ ਹੈ।

ਪ੍ਰਿੰਸੀਪਲ ਇੰਦੂ ਕਹਿੰਦੇ ਹਨ ਕਿ ਨਵੀਂ ਵਰਦੀ ਨੂੰ ਲੈ ਕੇ ਹੰਗਾਮਾ ਖਾਸ ਤੌਰ 'ਤੇ ਹੈਰਾਨੀਜਨਕ ਹੈ ਕਿਉਂਕਿ ਕੇਰਲ ਦੇ ਕਈ ਨਿੱਜੀ ਸਕੂਲਾਂ ਵਿੱਚ ਵਿਦਿਆਰਥਣਾਂ ਪਹਿਲਾਂ ਹੀ ਪੈਂਟਾਂ ਪਹਿਨਦੀਆਂ ਹਨ ਅਤੇ ਇੱਕ ਸਰਕਾਰੀ ਜੂਨੀਅਰ ਸਕੂਲ ਨੇ ਸਾਲ 2018 ਵਿੱਚ ਛੋਟੇ ਬੱਚਿਆਂ ਲਈ ਯੂਨੀਸੈਕਸ ਯੂਨੀਫਾਰਮ ਨੂੰ ਚੁਣਿਆ ਸੀ।

ਉਹ ਕਹਿੰਦੇ ਹਨ ਕਿ ਨਵੀਂ ਵਰਦੀ ਪਿੱਛੇ ਵਿਚਾਰ ਸਿਰਫ "ਲਿੰਗ ਨਿਰਪੱਖਤਾ" ਹੈ।

"ਜਦੋਂ ਬੱਚੇ ਪੈਦਾ ਹੁੰਦੇ ਹਨ, ਅਸੀਂ ਉਦੋਂ ਤੋਂ ਹੀ ਮੁੰਡਿਆਂ ਅਤੇ ਕੁੜੀਆਂ ਵਿੱਚ ਫਰਕ ਕਰਦੇ ਹਾਂ - ਅਸੀਂ ਉਨ੍ਹਾਂ ਲਈ ਵੱਖੋ-ਵੱਖਰੇ ਖਿਡੌਣੇ ਖਰੀਦਦੇ ਹਾਂ, ਮੁੰਡਿਆਂ ਨੂੰ ਬੰਦੂਕਾਂ ਅਤੇ ਕਾਰਾਂ ਮਿਲਦੀਆਂ ਹਨ ਜਦਕਿ ਕੁੜੀਆਂ ਨੂੰ ਗੁੱਡੀਆਂ ਮਿਲਦੀਆਂ ਹਨ, ਮੁੰਡਿਆਂ ਨੂੰ ਨੀਲੇ ਕੱਪੜੇ ਪਹਿਨਾਏ ਜਾਂਦੇ ਹਨ ਜਦਕਿ ਕੁੜੀਆਂ ਗੁਲਾਬੀ ਪਹਿਨਦੀਆਂ ਹਨ, ਅਤੇ ਜਿਵੇਂ ਉਹ ਵੱਡੇ ਹੁੰਦੇ ਹਨ, ਉਨ੍ਹਾਂ ਦੇ ਜੁੱਤੇ ਅਤੇ ਕੱਪੜੇ ਵੱਖਰੇ ਵੀ ਹੋ ਜਾਂਦੇ ਹਨ।''

"ਪਰ ਮੈਨੂੰ ਲੱਗਦਾ ਹੈ ਕਿ ਜੇਕਰ ਕੁੜੀਆਂ ਪੈਂਟਾਂ ਅਤੇ ਕਮੀਜ਼ਾਂ ਵਿੱਚ ਵਧੇਰੇ ਆਰਾਮ ਅਤੇ ਆਤਮ-ਵਿਸ਼ਵਾਸ ਮਹਿਸੂਸ ਕਰਦੀਆਂ ਹਨ, ਤਾਂ ਉਨ੍ਹਾਂ ਨੂੰ ਇਹ ਪਹਿਨਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ ਸਾਰੇ ਬੱਚਿਆਂ ਨੂੰ ਇੱਕੋ ਜਿਹੀ ਆਜ਼ਾਦੀ ਅਤੇ ਇੱਕੋ ਜਿਹੇ ਮੌਕੇ ਦਿੱਤੇ ਜਾਣੇ ਚਾਹੀਦੇ ਹਨ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)