ਕਿਸਾਨ ਅੰਦੋਲਨ : ਘਰ ਚਲਾਉਣ ਵਾਲੀਆਂ ਇਹ ਬੀਬੀਆਂ ਇਸ ਤਰ੍ਹਾਂ ਬਣੀਆਂ ਆਗੂ
- ਲੇਖਕ, ਸੁਖਚਰਨ ਪ੍ਰੀਤ
- ਰੋਲ, ਬੀਬੀਸੀ ਸਹਿਯੋਗੀ
ਖੇਤੀ ਕਾਨੂੰਨਾਂ ਖਿਲਾਫ਼ ਕਿਸਾਨੀ ਸੰਘਰਸ਼ ਆਪਣੇ ਆਖਰੀ ਪੜਾਅ ਵਿੱਚ ਦਾਖ਼ਲ ਹੋ ਚੁੱਕਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਕਿਸਾਨ ਧਿਰਾਂ ਇਸ ਨੂੰ ਆਪਣੀ ਸਪੱਸ਼ਟ ਜਿੱਤ ਵਜੋਂ ਦੇਖ ਰਹੀਆਂ ਹਨ।
ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਕਈ ਵਿਲੱਖਣ ਵਰਤਾਰੇ ਸਾਹਮਣੇ ਆਏ ਹਨ। ਕਿਸਾਨ ਸੰਘਰਸ਼ ਦਾ ਕੌਮੀ ਮੁਹਾਂਦਰਾ, ਉੱਤਰ ਭਾਰਤ ਦੇ ਕਿਸਾਨਾਂ ਦੀ ਭਰਵੀਂ ਸ਼ਮੂਲੀਅਤ ਅਤੇ ਪੰਜਾਬ ਦੇ ਕਿਸਾਨਾਂ ਦੀ ਪਹਿਲਕਦਮੀ ਇਸ ਸੰਘਰਸ਼ ਦੇ ਉੱਭਰਦੇ ਪਹਿਲੂ ਰਹੇ ਹਨ।
ਇਸ ਸੰਘਰਸ਼ ਦੀ ਇੱਕ ਹੋਰ ਵਿਲੱਖਣਤਾ ਇਸ ਵਿੱਚ ਔਰਤਾਂ ਦੀ ਭਰਵੀਂ ਸ਼ਮੂਲੀਅਤ ਰਹੀ ਹੈ।
ਪੰਜਾਬ ਦੀਆਂ ਕਿਸਾਨ ਔਰਤਾਂ ਦੀ ਸ਼ਮੂਲੀਅਤ ਸਿਰਫ਼ ਗਿਣਤੀ ਪੱਖੋਂ ਹੀ ਅਹਿਮ ਨਹੀਂ ਸੀ ਸਗੋਂ ਇਸ ਸੰਘਰਸ਼ ਵਿੱਚ ਔਰਤਾਂ ਆਗੂਆਂ ਵਜੋਂ ਵੀ ਉੱਭਰੀਆਂ ਹਨ।
ਬਰਨਾਲਾ ਦੇ ਇੱਕ ਕਿਸਾਨ ਧਰਨੇ ਵਿੱਚ ਇਸ ਦੀ ਉੱਘੜਵੀਂ ਮਿਸਾਲ ਸਾਹਮਣੇ ਆਈ ਹੈ। ਇੱਥੇ ਇੱਕ ਭਾਜਪਾ ਆਗੂ ਦੇ ਘਰ ਅੱਗੇ ਲੱਗੇ ਮੋਰਚੇ ਵਿੱਚ ਸਧਾਰਨ ਕਿਸਾਨ ਪਰਿਵਾਰਾਂ ਦੀਆਂ ਘਰੇਲੂ ਔਰਤਾਂ ਆਗੂ ਵਜੋਂ ਸਾਹਮਣੇ ਆਈਆਂ ਹਨ।
ਉਹ ਨਾ ਸਿਰਫ਼ ਸਟੇਜਾਂ ਉੱਤੇ ਗੀਤ ਗਾਉਂਦੀਆਂ ਜਾਂ ਭਾਸ਼ਣ ਦਿੰਦੀਆਂ ਹਨ ਸਗੋਂ ਹਫ਼ਤੇ ਦੇ ਦੋ ਦਿਨ ਸਿਰਫ਼ ਔਰਤਾਂ ਹੀ ਸਾਰਾ ਦਿਨ ਸਟੇਜ ਚਲਾਉਂਦੀਆਂ ਹਨ।
ਇਹ ਵੀ ਪੜ੍ਹੋ :

ਕਿਵੇਂ ਮਾਹਿਰ ਆਗੂ ਬਣ ਰਹੀਆਂ ਔਰਤਾਂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਔਰਤ ਵਿੰਗ ਦੀ ਜ਼ਿਲ੍ਹਾ ਆਗੂ ਕਮਲਜੀਤ ਕੌਰ ਦੱਸਦੇ ਹਨ, "ਹਰ ਹਫ਼ਤੇ ਸੋਮਵਾਰ ਅਤੇ ਸ਼ਨੀਵਾਰ ਕਿਸਾਨ ਔਰਤਾਂ ਹੀ ਸਟੇਜ ਦਾ ਸੰਚਾਲਨ ਕਰਦੀਆਂ ਹਨ ਅਤੇ ਬੁਲਾਰੇ ਵੀ ਸਿਰਫ਼ ਔਰਤਾਂ ਹੀ ਹੁੰਦੀਆਂ ਹਨ।”
“ਇਸ ਸੰਘਰਸ਼ ਤੋਂ ਪਹਿਲਾਂ ਵੀ ਸਾਡੇ ਕੋਲ ਕਿਸਾਨ ਔਰਤਾਂ, ਆਗੂਆਂ ਦੇ ਰੂਪ ਵਿੱਚ ਮੌਜੂਦ ਸਨ ਪਰ ਇਸ ਸੰਘਰਸ਼ ਵਿੱਚ ਇਨ੍ਹਾਂ ਦੀ ਗਿਣਤੀ ਵਿੱਚ ਬਹੁਤ ਸਿਫ਼ਤੀ ਵਾਧਾ ਹੋਇਆ ਹੈ। ਚੁੱਲੇ ਚੌਂਕੇ ਦੇ ਕੰਮ ਤੱਕ ਸੀਮਤ ਰੱਖੀਆਂ ਗਈਆਂ ਔਰਤਾਂ ਹੁਣ ਮਾਹਰ ਆਗੂਆਂ ਵਿੱਚ ਤਬਦੀਲ ਹੋ ਰਹੀਆਂ ਹਨ।”
“ਇਨ੍ਹਾਂ ਔਰਤਾਂ ਨੇ ਸਟੇਜਾਂ ਤੋਂ ਭਾਸ਼ਣ ਸੁਣ-ਸੁਣ ਕੇ ਹੀ ਸਭ ਕੁਝ ਸਿੱਖਿਆ ਹੈ ਅਤੇ ਹੁਣ ਉਹ ਭਾਸ਼ਣ ਵੀ ਦਿੰਦੀਆਂ ਹਨ, ਆਪ ਹੀ ਲਿਖ ਕੇ ਗੀਤ ਵੀ ਗਾਉਂਦੀਆਂ ਹਨ।”
ਉਨ੍ਹਾਂ ਦੱਸਿਆ ਕਿ ਘਰ ਦੇ ਕੰਮਾਂ ਦੇ ਨਾਲ-ਨਾਲ ਉਹ ਔਰਤਾਂ ਨੂੰ ਜਥੇਬੰਦ ਕਰਨ ਦਾ ਰੋਲ ਵੀ ਨਿਭਾ ਰਹੀਆਂ ਹਨ।
ਹੋਰ ਕਿਸਾਨ ਮੋਰਚਿਆਂ ਉੱਤੇ ਵੀ ਔਰਤਾਂ ਸਟੇਜਾਂ ’ਤੇ ਸੰਬੋਧਨ ਕਰਦੀਆਂ ਹਨ ਪਰ ਪਿਛਲੇ 6 ਮਹੀਨਿਆਂ ਤੋਂ ਅਸੀਂ ਇਸ ਮੋਰਚੇ ਉੱਤੇ ਇਸ ਨੂੰ ਲਗਾਤਾਰਤਾ ਵਿੱਚ ਲਾਗੂ ਕਰਨ ਵਿੱਚ ਕਾਮਯਾਬ ਹੋਏ ਹਾਂ।
ਉਨ੍ਹਾਂ ਕਿਹਾ, “ਔਰਤਾਂ ਨੂੰ ਜਦੋਂ ਆਪਣੇ ਹੱਕਾਂ ਬਾਰੇ ਚੇਤਨਤਾ ਆ ਰਹੀ ਹੈ ਤਾਂ ਉਨ੍ਹਾਂ ਆਪਣੀ ਸੀਮਤਾਈ ਨੂੰ ਹੀ ਆਪਣਾ ਹਥਿਆਰ ਬਣਾ ਲਿਆ ਹੈ। ਮਿਸਾਲ ਦੇ ਤੌਰ ’ਤੇ ਉਨ੍ਹਾਂ ਦੇ ਗੀਤਾਂ ਵਿੱਚ ਵੇਲਣਾ, ਤਵਾ ਆਦਿ ਸ਼ਬਦ ਸੰਘਰਸ਼ ਦੇ ਗੀਤਾਂ ਵਿੱਚ ਪ੍ਰਤੀਕ ਵਜੋਂ ਵਰਤਦੀਆਂ ਹਨ।”
ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਔਰਤਾਂ ਅੱਖਰ ਗਿਆਨ ਤੋਂ ਕੋਰੀਆਂ ਹੋਣ ਦੇ ਬਾਵਜੂਦ ਉਹ ਗੀਤ ਅਤੇ ਭਾਸ਼ਣ ਘਰ ਦੇ ਕੰਮ ਕਰਦੀਆਂ ਹੋਈਆਂ ਹੀ ਯਾਦ ਕਰਕੇ ਸਟੇਜ ਤੋਂ ਬੋਲਦੀਆਂ ਹਨ।
“ਕਿਸਾਨ ਸੰਘਰਸ਼ ਦੀ ਇਹ ਅਹਿਮ ਪ੍ਰਾਪਤੀ ਹੈ ਕਿ ਘਰ ਦੀ ਚਾਰਦੀਵਾਰੀ ਤੱਕ ਸੀਮਤ ਔਰਤਾਂ ਸੰਘਰਸ਼ ਦੀ ਸ਼ਕਤੀ ਬਣ ਗਈਆਂ ਹਨ।"
ਪਿੰਡ ਕਾਲਾਬੂਲਾ ਦੀ ਸਰਬਜੀਤ ਕੌਰ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਵਿੱਚ ਮੁੱਢ ਤੋਂ ਹੀ ਸ਼ਾਮਲ ਹੋ ਰਹੇ ਹਨ।
ਕਿਸਾਨ ਕਾਰਕੁੰਨ ਵਜੋਂ ਸੰਘਰਸ਼ ਵਿੱਚ ਸ਼ਾਮਲ ਹੋਏ ਸਰਬਜੀਤ ਕੌਰ ਹੁਣ ਇਸ ਮੋਰਚੇ ਵਿੱਚ ਆਗੂ ਭੂਮਿਕਾ ਨਿਭਾ ਰਹੇ ਹਨ।
ਸਰਬਜੀਤ ਕੌਰ ਆਪਣੇ ਤਜਰਬੇ ਬਾਰੇ ਦੱਸਦੇ ਹਨ, "ਸਭ ਤੋਂ ਪਹਿਲਾ ਤਜਰਬਾ ਸਾਡਾ ਇਹ ਹੋਇਆ ਹੈ ਕਿ ਸਾਡੀ ਘਰਾਂ ਵਿੱਚ ਕਦਰ ਵਧੀ ਹੈ। ਸਾਡੇ ਮਰਦ ਦਿੱਲੀ ਵਿੱਚ ਮੋਰਚੇ ਵਿੱਚ ਸਨ ਤਾਂ ਪਿੱਛੋਂ ਅਸੀਂ ਨਾ ਸਿਰਫ ਬੱਚੇ ਸੰਭਾਲੇ ਸਗੋਂ ਆਪਣੇ ਘਰ ਅਤੇ ਖੇਤ ਵੀ ਸੰਭਾਲੇ ਹਨ।”
“ਸਾਨੂੰ ਸਾਡੇ ਨਾਲ ਦੀਆਂ ਔਰਤਾਂ ਅਤੇ ਕਿਸਾਨ ਆਗੂਆਂ ਤੋਂ ਮੋਰਚੇ ਸੰਭਾਲਣ ਦੀ ਜਾਂਚ ਆਈ ਹੈ। ਪਹਿਲਾਂ ਅਸੀਂ ਸੰਘਰਸ਼ਾਂ ਬਾਰੇ ਕੁਝ ਵੀ ਨਹੀਂ ਜਾਣਦੀਆਂ ਸੀ ਪਰ ਹੁਣ ਅਸੀਂ ਪਿੰਡਾਂ ਵਿਚਲੇ ਮੋਰਚੇ ਵੀ ਸੰਭਾਲਦੀਆਂ ਹਾਂ ਅਤੇ ਸ਼ਹਿਰਾਂ ਦੀਆਂ ਸਟੇਜਾਂ ਵੀ ਸੰਭਾਲਦੀਆਂ ਹਾਂ।”
ਉਨ੍ਹਾਂ ਕਿਹਾ, “ਅਸੀਂ ਸਭ ਕੁਝ ਇੱਥੋਂ ਹੀ ਸਿੱਖਿਆ ਹੈ। ਔਰਤਾਂ ਨੂੰ ਤਾਂ ਪੈਰ ਦੀ ਜੁੱਤੀ ਹੀ ਸਮਝਿਆ ਜਾਂਦਾ ਸੀ ਪਰ ਸਾਡੇ ਆਗੂਆਂ ਨੇ ਸਾਨੂੰ ਸਟੇਜਾਂ ਦਿੱਤੀਆਂ ਹਨ ਤਾਂ ਸਾਨੂੰ ਆਪਣੇ ਹੱਕਾਂ ਦੀ ਸੋਝੀ ਆਈ ਹੈ।”
ਉਨ੍ਹਾਂ ਦਾ ਕਹਿਣਾ ਹੈ, “ਪਹਿਲਾਂ ਅਸੀਂ ਆਪਣੇ ਮਰਦ ਸਾਥੀਆਂ ਦੇ ਮਗਰ ਹੀ ਚਲਦੀਆਂ ਸੀ। ਹੁਣ ਅਸੀਂ ਆਪਣ ਹੀ ਲਿਖਦੀਆਂ ਹਾਂ, ਆਪ ਹੀ ਬੋਲਦੀਆਂ ਹਾਂ। ਹੁਣ ਸਾਨੂੰ ਘਰਦੇ ਵੀ ਨਹੀਂ ਰੋਕਦੇ।"

‘ਇਹ ਧਰਨੇ ਸਾਡੇ ਲਈ ਸਕੂਲ ਬਣ ਗਏ ਹਨ’
ਸਰਬਜੀਤ ਕੌਰ (43 ਸਾਲ) ਨੂੰ ਲੱਗਦਾ ਹੈ ਕਿ ਹੁਣ ਜਦੋਂ ਉਨ੍ਹਾਂ ਨੂੰ ਆਪਣੇ ਹੱਕਾਂ ਅਤੇ ਸੰਘਰਸ਼ ਦੀ ਮਹੱਤਤਾ ਬਾਰੇ ਪਤਾ ਹੈ ਤਾਂ ਉਹ ਭਵਿੱਖ ਵਿੱਚ ਵੀ ਕਿਸੇ ਵੀ ਕਿਸਾਨੀ ਸੰਘਰਸ਼ ਨਾਲ ਇਸੇ ਤਰਾਂ ਜੁੜੀਆਂ ਰਹਿਣਗੀਆਂ।
ਧਰਨੇ ਵਿੱਚ ਆਗੂ ਦੀ ਭੂਮਿਕਾ ਨਿਭਾ ਰਹੀ ਪਿੰਡ ਖੇੜੀ ਕਲਾਂ ਦੀ ਚਰਨਜੀਤ ਕੌਰ (52 ਸਾਲ) ਨਾਂ ਦੀ ਬਜੁਰਗ ਕਿਸਾਨ ਔਰਤ ਵੀ ‘ਅਨਪੜ੍ਹ’ ਕਹੀਆਂ ਜਾਣ ਵਾਲੀਆਂ ਔਰਤਾਂ ਵਿੱਚੋਂ ਹੀ ਆਉਂਦੀ ਹੈ।
ਚਰਨਜੀਤ ਕੌਰ ਨੂੰ ਕਰੋਨਾ ਪਾਬੰਦੀਆਂ ਲਾਗੂ ਹੋਣ ਤੋਂ ਲੈ ਕੇ ਖੇਤੀ ਆਰਡੀਨੈਂਸ ਜਾਰੀ ਹੋਣ ਸਮੇਤ ਕਿਸਾਨ ਸੰਘਰਸ਼ ਦੀ ਹਰ ਮਹੱਤਵਪੂਰਨ ਘਟਨਾ ਤਰੀਖ ਸਮੇਤ ਯਾਦ ਹੈ।
ਚਰਨਜੀਤ ਕੌਰ ਦੱਸਦੇ ਹਨ, "ਇਹ ਧਰਨੇ ਸਾਡੇ ਲਈ ਸਕੂਲ ਬਣ ਗਏ ਹਨ। ਸਾਡੇ ਲਈ ਕੀ ਸਹੀ ਹੈ ਕੀ ਗਲਤ ਹੈ, ਅਸੀਂ ਇੱਥੋਂ ਹੀ ਸਿੱਖਿਆ ਹੈ। ਪਹਿਲਾਂ ਅਸੀਂ ਇੱਕ ਦੋ ਮਿੰਟ ਹੀ ਸਟੇਜ ਉੱਤੇ ਬੋਲ ਪਾਉਂਦੀਆਂ ਸੀ। ਹੁਣ ਅਸੀਂ ਸਾਰਾ ਦਿਨ ਸਟੇਜ ਚਾਲਉਂਦੀਆਂ ਹਾਂ।”
ਉਨ੍ਹਾਂ ਕਿਹਾ, “ਅਸੀਂ ਆਪ ਹੀ ਆਪਣਾ ਭਾਸ਼ਣ ਜਾਂ ਗੀਤ ਤਿਆਰ ਕਰਦੀਆਂ ਹਾਂ। ਜੇ ਕੋਈ ਕਮੀ ਰਹਿ ਜਾਂਦੀ ਹੈ ਤਾਂ ਸਾਡੇ ਆਗੂ ਉਸ ਨੂੰ ਦਰੁਸਤ ਕਰਵਾ ਦਿੰਦੇ ਹਨ।”
ਉਨ੍ਹਾਂ ਕਿਹਾ, “ਸ਼ੁਰੂ ਵਿੱਚ ਤਾਂ ਨਾਅਰੇ ਮਾਰਨ ਲੱਗਿਆਂ ਵੀ ਸੰਗ ਆਉਂਦੀ ਸੀ। ਸਰਕਾਰ ਜਦੋਂ ਸਾਡੇ ਹੱਥਾਂ ਵਿਚਲੀ ਰੋਟੀ ਖੋਹਣਾ ਚਾਹੁੰਦੀ ਹੈ ਤਾਂ ਔਰਤਾਂ ਕਿਵੇਂ ਚੁੱਪ ਰਹਿ ਸਕਦੀਆਂ ਹਨ। ਅਸੀਂ ਦਿੱਲੀ ਵਿੱਚ ਵੀ ਮਹੀਨਾ-ਮਹੀਨਾ ਰਹਿਕੇ ਆਏ ਹਾਂ।ਕਿਸਾਨ ਕੋਲ ਜਮੀਨ ਤੋਂ ਬਿਨਾ ਹੋਰ ਕੀ ਹੈ।"
ਇਸ ਸੰਘਰਸ਼ ਨੇ ਪਿੰਡਾਂ ਵਿੱਚ ਜਾਤ-ਪਾਤ ਦਾ ਵਖਰੇਵਾਂ ਵੀ ਘਟਾਇਆ ਹੈ।
ਚਰਨਜੀਤ ਕੌਰ ਕਹਿੰਦੇ ਹਨ, "ਇਸ ਸੰਘਰਸ਼ ਨੇ ਸਾਡਾ ਭਾਈਚਾਰਾ ਵੀ ਵਧਾਇਆ ਹੈ। ਮਜ਼ਦੂਰ ਵੀ ਸਾਡੇ ਨਾਲ ਸੰਘਰਸ਼ ਕਰਦੇ ਹਨ। ਸਾਨੂੰ ਪਤਾ ਲੱਗ ਗਿਆ ਹੈ ਕਿ ਇਹ ਵੀ ਸਾਡੇ ਸਾਥੀ ਨੇ। ਸੰਘਰਸ਼ ਖਤਮ ਹੋਣ ਤੋਂ ਬਾਅਦ ਅਸੀਂ ਪਿੰਡਾਂ ਵਿੱਚ ਰਲ ਮਿਲ ਕੇ ਰਹਾਂਗੇ।"

‘ਸੰਘਰਸ਼ ਸਾਡੀ ਲੋੜ ਬਣ ਗਿਆ ਹੈ’
ਪਿੰਡ ਮਾਹਮਦਪੁਰ ਦੀ ਚਰਨਜੀਤ ਕੌਰ (60 ਸਾਲ) ਵੀ ਉਨ੍ਹਾਂ ਔਰਤਾਂ ਵਿੱਚੋਂ ਹਨ ਜੋ ਇਸ ਸੰਘਰਸ਼ ਵਿੱਚ ਆਗੂ ਵਜੋਂ ਉੱਭਰੀਆਂ ਹਨ। ਚਰਨਜੀਤ ਕੌਰ ਨੇ ਸ਼ੁਰੂ ਵਿੱਚ ਆਪਣੇ ਪਿੰਡ ਨੇੜਲੇ ਕਿਸਾਨ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਸੀ।
ਚਰਨਜੀਤ ਕੌਰ ਦੱਸਦੇ ਹਨ, "ਪਹਿਲਾਂ ਅਸੀਂ ਸ਼ੇਰਪੁਰ ਪੈਟਰੋਲ ਪੰਪ ਦੇ ਧਰਨੇ ਵਿੱਚ ਸ਼ਾਮਲ ਹੋਈਆਂ ਸੀ। ਅਸੀਂ ਪਿੰਡ ਵਿੱਚੋਂ ਕੁੱਲ ਚਾਰ ਔਰਤਾਂ ਗਈਆਂ ਸੀ। ਧਰਨੇ ਵਿੱਚ ਜਾ ਕੇ ਸਾਨੂੰ ਇਸ ਦੀ ਮਹੱਤਤਾ ਸਮਝ ਆਈ ਤਾਂ ਅਸੀਂ ਹੋਰ ਔਰਤਾਂ ਨੂੰ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ।”
ਉਨ੍ਹਾਂ ਦੱਸਿਆ ਕਿ ਹੁਣ ਸਾਡੇ ਪਿੰਡ ਸਾਡੀ ਜਥੇਬੰਦੀ ਦੀ ਔਰਤਾਂ ਦੀ ਵੱਖਰੀ ਇਕਾਈ ਹੈ।
“ਮੈਂ ਆਪਣੇ ਪਿੰਡ ਦੀ ਇਕਾਈ ਦੀ ਪ੍ਰਧਾਨ ਹਾਂ। ਅਸੀਂ ਟਰਾਲੀਆਂ ਭਰ ਕੇ ਇੱਥੇ ਵੀ ਆਉਂਦੀਆਂ ਹਾਂ ਅਤੇ ਦਿੱਲੀ ਮੋਰਚੇ ਵਿੱਚ ਵੀ ਸ਼ਮੂਲੀਅਤ ਕਰਦੀਆਂ ਹਾਂ। ਸਾਨੂੰ ਇਹ ਸਮਝ ਲੱਗ ਚੁੱਕੀ ਹੈ ਕਿ ਸਰਕਾਰ ਜਦੋਂ ਉਨ੍ਹਾਂ ਦੇ ਬੱਚਿਆਂ ਦੇ ਰੁਜ਼ਗਾਰ ਨੂੰ ਹੀ ਖਤਮ ਕਰਨਾਂ ਚਾਹੁੰਦੀ ਹੈ ਤਾਂ ਸੰਘਰਸ਼ ਸਾਡੀ ਲੋੜ ਬਣ ਗਿਆ ਹੈ।”
“ਸਾਡੇ ਬੱਚੇ ਹੁਣ ਸਾਨੂੰ ਆਪ ਤੋਰਦੇ ਹਨ। ਅਸੀਂ ਤਾਂ ਘਰੇ ਚੁੱਲੇ ਦੀਆਂ ਮਾਲਕਣਾ ਸੀ ਅਸੀਂ ਕਦੋਂ ਬਾਹਰ ਨਿਕਲਣਾ ਸੀ।”
ਉਨ੍ਹਾਂ ਕਿਹਾ, “ਇਹ ਤਾਂ ਸਰਕਾਰ ਨੇ ਸਾਡੀ ਮਜਬੂਰੀ ਬਣਾ ਦਿੱਤੀ ਤਾਂ ਅਸੀਂ ਇਹ ਸਭ ਕੁੱਝ ਸਿੱਖ ਲਿਆ ਹੈ। ਹੁਣ ਅਸੀਂ ਅਨਪੜ੍ਹ ਹੋਣ ਦੇ ਬਾਵਜੂਦ ਵੀ ਪੜਿਆਂ-ਲਿਖਿਆਂ ਦਾ ਮੁਕਾਬਲਾ ਕਰਦੀਆਂ ਹਾਂ।"
ਇਹ ਵੀ ਪੜ੍ਹੋ :
- ਕਿਸਾਨ ਅੰਦੋਲਨ: 26 ਨਵੰਬਰ ਤੋਂ 26 ਜਨਵਰੀ ਤੱਕ ਦੇ ਅੰਦੋਲਨ ਦੇ ਅਹਿਮ ਪਹਿਲੂ
- ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ
- ਕਿਸਾਨ ਟਰੈਕਟਰ ਪਰੇਡ ਦੌਰਾਨ ਹੋਏ ਹੰਗਾਮੇ ਨੂੰ ਵਿਦੇਸ਼ੀ ਪ੍ਰੈੱਸ ਨੇ ਕਿਵੇਂ ਰਿਪੋਰਟ ਕੀਤਾ
- ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲੇ ’ਤੇ ਹੰਗਾਮੇ ਮਗਰੋਂ ਕਿਸਾਨ ਆਗੂਆਂ ਲਈ 4 ਚੁਣੌਤੀਆਂ
- ਸ਼ੰਭੂ ਬਾਰਡਰ ’ਤੇ ਕਿਸਾਨੀ ਲਈ ਸਟੇਜ ਲਾਉਣ ਵਾਲੇ ਦੀਪ ਸਿੱਧੂ ਦਾ ਟਰੈਕਟਰ ਪਰੇਡ ’ਚ ਲਾਲ ਕਿਲੇ ਤੱਕ ਦਾ ਸਫ਼ਰ

‘ਹੁਣ ਮੈਂ ਸਟੇਜ ’ਤੇ ਗੀਤ ਵੀ ਗਾਉਂਦੀ ਹਾਂ ਤੇ ਬੋਲ ਵੀ ਲੈਂਦੀ ਹਾਂ’
ਪਿੰਡ ਖੇੜੀ ਕਲਾਂ ਦੀ ਜਸਮੇਲ ਕੌਰ (35 ਸਾਲ) ਵੀ ਇਸ ਸੰਘਰਸ਼ ਦੌਰਾਨ ਹੀ ਕਿਸਾਨ ਜਥੇਬੰਦੀ ਨਾਲ ਜੁੜੇ ਹਨ। ਜਸਮੇਲ ਕੌਰ ਲਈ ਇਹ ਧਰਨੇ ਸੰਘਰਸ਼ ਤੋਂ ਵੱਧ ਕੇ ਹਨ।
ਜਸਮੇਲ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦਾ ਪੁੱਤ ਨਸ਼ਿਆਂ ਦੀ ਲੱਤ ਕਾਰਨ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਹੈ। ਜਸਮੇਲ ਕੌਰ ਆਪਣੀ ਥੋੜੀ ਬਚੀ ਜਮੀਨ ਨੂੰ ਬਚਾਉਣ ਲਈ ਇਸ ਸੰਘਰਸ਼ ਦਾ ਹਿੱਸਾ ਬਣੇ ਹਨ।।
ਜਸਮੇਲ ਕੌਰ ਦੱਸਦੇ ਹਨ, "ਮੇਰੀ ਜ਼ਿੰਦਗੀ ਵਿੱਚ ਪਹਿਲਾਂ ਹੀ ਇੰਨੀਆਂ ਔਕੜਾਂ ਹਨ, ਪਤੀ ਦੀ ਢਾਈ ਸਾਲ ਪਹਿਲਾਂ ਮੌਤ ਹੋ ਗਈ ਸੀ। ਮੁੰਡਾ ਨਸ਼ਿਆਂ ਵਿੱਚ ਪੈ ਗਿਆ। ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਘਰ ਵਿੱਚ ਮੈਂ ਹੀ ਬਚੀ ਸੀ।”
ਉਨ੍ਹਾਂ ਕਿਹਾ, “ਮੇਰੇ ਕੋਲ ਥੋੜੀ ਜਿਹੀ ਹੀ ਜ਼ਮੀਨ ਹੈ, ਜਿਸ ਨੂੰ ਬਚਾਉਣ ਲਈ ਮੈਂ ਇਸ ਸੰਘਰਸ਼ ਵਿੱਚ ਆਉਣਾ ਸ਼ੁਰੂ ਕੀਤਾ ਸੀ। ਜਮੀਨ ਘੱਟ ਹੋਣ ਕਰਕੇ ਮੈਨੂੰ ਘਰ ਚਲਾਉਣ ਲਈ ਨਾਲ ਫੈਕਟਰੀ ਵਿੱਚ ਨੌਕਰੀ ਵੀ ਕਰਨੀ ਪੈ ਰਹੀ ਹੈ।”
“ਮੈ ਛੁੱਟੀ ਵਾਲੇ ਦਿਨ ਜਾਂ ਡਿਊਟੀ ਤੋਂ ਬਾਅਦ ਸੰਘਰਸ਼ ਵਿੱਚ ਸ਼ਾਮਲ ਹੁੰਦੀ ਹਾਂ। ਇਸ ਸੰਘਰਸ਼ ਤੋਂ ਪਹਿਲਾਂ ਕਦੇ ਕਿਸਾਨ ਧਰਨਿਆਂ ਵਿੱਚ ਨਹੀਂ ਗਈ ਸੀ ਪਰ ਹੁਣ ਮੈਂ ਸਟੇਜ ਉੱਤੇ ਗੀਤ ਵੀ ਗਾਉਂਦੀ ਹਾਂ। ਬੋਲ ਵੀ ਲੈਂਦੀ ਹਾਂ।”
ਉਨ੍ਹਾਂ ਦੱਸਿਆ, “ਇੱਥੇ ਆ ਕੇ ਮੈਨੂੰ ਅਪਣੱਤ ਦਾ ਅਹਿਸਾਸ ਹੁੰਦਾ ਹੈ। ਜਿੰਨੀ ਮੇਰੀ ਨਿੱਜੀ ਜਿੰਦਗੀ ਔਖੀ ਹੈ ਉਨ੍ਹਾਂ ਹੀ ਇੱਥੇ ਮੈਨੂੰ ਮਾਣ ਸਨਮਾਨ ਮਿਲਦਾ ਹੈ, ਇੱਜਤ ਮਿਲਦੀ ਹੈ। ਹੁਣ ਇਹ ਮੇਰੇ ਲਈ ਪਰਿਵਾਰ ਬਣ ਗਿਆ ਹੈ। ਇਸ ਪਰਿਵਾਰ ਤੋਂ ਮੈਂ ਕਦੇ ਵੀ ਵੱਖ ਨਹੀਂ ਹੋਣਾ ਚਾਹਾਂਗੀ। ਮੈਨੂੰ ਇੱਥੋਂ ਲੜਨ ਦੀ ਤਾਕਤ ਮਿਲਦੀ ਹੈ।"

‘ਔਰਤਾਂ ਆਗੂ ਬਣ ਰਹੀਆਂ ਹਨ’
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (ਇਸਤਰੀ ਵਿੰਗ) ਦੇ ਸੂਬਾ ਪ੍ਰਧਾਨ ਹਰਿੰਦਰ ਬਿੰਦੂ ਕਹਿੰਦੇ ਹਨ, "ਇਸ ਸੰਘਰਸ਼ ਤੋਂ ਪਹਿਲਾਂ ਸਾਡੀ ਜਥੇਬੰਦੀ ਵਿੱਚ ਦੋ ਦਰਜਨ ਦੇ ਕਰੀਬ ਔਰਤ ਆਗੂ ਸਨ।ਪਿੰਡ ਇਕਾਈਆਂ ਤੋਂ ਲੈ ਕੇ ਸੂਬਾ ਪੱਧਰ ਤੱਕ ਹੁਣ ਆਗੂ ਔਰਤਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ।”
ਉਨ੍ਹਾਂ ਦੱਸਿਆ ਕਿ ਬਰਨਾਲੇ ਤੋਂ ਇਲਾਵਾ ਪਟਿਆਲਾ, ਸੁਨਾਮ, ਲਹਿਰਾ-ਗਾਗਾ, ਬਠਿੰਡਾ ਅਤੇ ਜੀਦਾ ਵਿੱਚ ਵੀ ਔਰਤਾਂ ਆਪਣੇ ਬਲਬੂਤੇ ਸਟੇਜਾਂ ਚਲਾਉਂਦੀਆਂ ਹਨ। ਬਾਕੀ ਥਾਵਾਂ ਉੱਤੇ ਵੀ ਔਰਤਾਂ ਭਾਵੇਂ ਇਕੱਲੀਆਂ ਸਟੇਜ ਨਹੀਂ ਚਲਾਉਂਦੀਆਂ ਪਰ ਉਨ੍ਹਾਂ ਦੀ ਆਗੂਆਂ ਵਜੋਂ ਭੂਮਿਕਾ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਵਧੀ ਹੈ।
ਇਸ ਸੰਘਰਸ਼ ਵਿੱਚ ਜਿੱਥੇ ਔਰਤਾਂ ਦੀ ਭਰਵੀਂ ਸ਼ਮੂਲੀਅਤ ਨੇ ਸੰਘਰਸ਼ ਨੂੰ ਬਲ ਬਖਸ਼ਿਆ ਹੈ ਓਥੇ ਔਰਤਾਂ ਨੂੰ ਸਿੱਖਿਅਤ ਕਰਨ ਵਿੱਚ ਵੀ ਇਸ ਸੰਘਰਸ਼ ਦਾ ਵੱਡਾ ਯੋਗਦਾਨ ਹੈ। ਔਰਤਾਂ ਦੇ ਇਸ ਯੋਗਦਾਨ ਨੂੰ ਮਰਦ ਸਾਥੀਆਂ ਨੇ ਵੀ ਸਮਝਿਆ ਹੈ ਅਤੇ ਉਹ ਉਨ੍ਹਾਂ ਨਾਲ ਸਹਿਯੋਗ ਵੀ ਕਰਦੇ ਹਨ।
ਉਨ੍ਹਾਂ ਕਿਹਾ, “ਖੇਤੀ ਕਾਨੂੰਨਾਂ ਖਿਲਾਫ਼ ਇਹ ਸੰਘਰਸ਼ ਖੇਤੀ ਨਾਲ ਜੁੜੇ ਲੋਕਾਂ ਦੀ ਰੋਜੀ ਰੋਟੀ ਬਚਾਉਣ ਦਾ ਸੰਘਰਸ਼ ਹੈ, ਔਰਤਾਂ ਇਸ ਗੱਲ ਨੂੰ ਭਲੀ-ਭਾਂਤ ਸਮਝ ਗਈਆਂ ਹਨ। ਔਰਤਾਂ ਲਗਭਗ ਬਰਾਬਰ ਦੀ ਗਿਣਤੀ ਵਿੱਚ ਹੀ ਸੰਘਰਸ਼ ਵਿੱਚ ਸ਼ਾਮਲ ਹੋ ਰਹੀਆਂ ਹਨ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














