1971 ਦੀ ਭਾਰਤ-ਪਾਕ ਜੰਗ: ਜਦੋਂ ਭਾਰਤ ਨੇ ਮਿਜ਼ਾਇਲ ਨਾਲ ਕਰਾਚੀ 'ਤੇ ਹਮਲਾ ਕੀਤਾ

ਤਸਵੀਰ ਸਰੋਤ, Indian Navy
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਸਾਲ 1971 ਦੀ ਜੰਗ ਤੋਂ ਪਹਿਲਾਂ ਭਾਰਤ ਦੀ ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਐੱਸ ਐੱਮ ਨੰਦਾ ਨੇ ਬਲਿਟਜ਼ ਅਖਬਾਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਸਮੁੰਦਰੀ ਫੌਜ ਦੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਾਚੀ ਤੋਂ ਕੀਤੀ ਸੀ।
ਇਸ ਲਈ ਉਨ੍ਹਾਂ ਨੂੰ ਕਰਾਚੀ ਬੰਦਰਗਾਹ ਦੇ ਲੇਆਊਟ ਦਾ ਪੂਰਾ ਅੰਦਾਜ਼ਾ ਹੈ। ਜੇ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਕਰਾਚੀ ਬੰਦਰਗਾਹ 'ਚ ਅੱਗ ਲਗਾਉਣ ਤੋਂ ਪਿੱਛੇ ਨਹੀਂ ਹਟਣਗੇ।
ਇਸ ਵਿਚਾਲੇ ਭਾਰਤੀ ਸਮੁੰਦਰੀ ਫੌਜ ਨੇ ਆਪਣੇ ਟਿਕਾਣਿਆਂ ਦੀ ਸੁਰੱਖਿਆ ਲਈ ਸੋਵੀਅਤ ਸੰਘ ਤੋਂ ਕੁਝ ਮਿਜ਼ਾਇਲ ਬੇੜੇ ਖਰੀਦਣ ਦਾ ਫੈਸਲਾ ਕੀਤਾ। ਕੈਪਟਨ ਕੇ ਕੇ ਨਈਅਰ ਦੀ ਅਗਵਾਈ ਵਿੱਚ ਭਾਰਤੀ ਸਮੁੰਦਰੀ ਫੌਜ ਅਧਿਕਾਰੀਆਂ ਦਾ ਦਲ ਸੋਵੀਅਤ ਸੰਘ ਭੇਜਿਆ ਗਿਆ ਤਾਂ ਜੋ ਉਹ ਸੋਵੀਅਤ ਮਾਹਰਾਂ ਤੋਂ ਇਸ ਮਿਜ਼ਾਇਲ ਬੇੜੇ ਨੂੰ ਚਲਾਉਣ ਦੀ ਸਿਖਲਾਈ ਲੈ ਸਕਣ।
ਇਸ ਦਲ ਨੇ ਸੋਵੀਅਤ ਨਗਰ ਵਲਾਡੀਵੋਸਟਕ ਵਿੱਚ ਨਾ ਸਿਰਫ ਇਨ੍ਹਾਂ ਮਿਜ਼ਾਇਲ ਬੇੜਿਆਂ ਨੂੰ ਚਲਾਉਣ ਦੀ ਟ੍ਰੇਨਿੰਗ ਲਈ ਸਗੋਂ ਰੂਸੀ ਭਾਸ਼ਾ 'ਚ ਵੀ ਮੁਹਾਰਤ ਹਾਸਿਲ ਕਰ ਲਈ।
ਜਦੋਂ ਭਾਰਤ ਦੇ ਸਮੁੰਦਰੀ ਫੌਜੀ ਸੋਵੀਅਤ ਸੰਘ 'ਚ ਸਿਖਲਾਈ ਲੈ ਰਹੇ ਸਨ ਤਾਂ ਕੈਪਟਨ ਨਈਅਰ ਨੇ ਆਪਣੀ ਟੀਮ ਨੂੰ ਸਵਾਲ ਕੀਤਾ ਕਿ - ਕੀ ਇਨ੍ਹਾਂ ਮਿਜ਼ਾਇਲ ਬੇੜਿਆਂ ਦਾ ਇਸਤੇਮਾਲ ਰੱਖਿਆ ਦੀ ਥਾਂ ਹਮਲੇ ਵਿੱਚ ਵੀ ਕੀਤਾ ਜਾ ਸਕਦਾ ਹੈ?

ਤਸਵੀਰ ਸਰੋਤ, Penguin Books
ਮੇਜਰ ਜਨਰਲ ਇਆਨ ਕਾਰਡੋਜ਼ੋ ਨੇ ਆਪਣੀ ਕਿਤਾਬ '1971 ਸਟੋਰੀਜ਼ ਆਫ ਗ੍ਰਿਟ ਐਂਡ ਗਲੋਰੀ ਫ੍ਰੋਮ ਇੰਡੀਆ ਪਾਕਿਸਤਾਨ ਵਾਰ' ਵਿੱਚ ਲਿਖਿਆ ਹੈ, ''ਇਨ੍ਹਾਂ ਬੇੜਿਆਂ 'ਚ ਰਫ਼ਤਾਰ ਤਾਂ ਸੀ ਪਰ ਉਹ ਖੁੱਲ੍ਹੇ ਸਮੁੰਦਰ 'ਚ ਲੰਮੀ ਦੂਰੀ ਤੱਕ ਜਾਣ ਲਈ ਡਿਜ਼ਾਈਨ ਨਹੀਂ ਕੀਤੇ ਗਏ ਸਨ।''
''ਰਫ਼ਤਾਰ ਤੇਜ਼ ਰੱਖਣ ਕਰਕੇ ਉਹ ਬਹੁਤ ਤੇਜ਼ੀ ਨਾਲ ਬਾਲਣ (ਇੰਧਨ) ਪੀ ਜਾਂਦੇ ਸਨ ਅਤੇ ਕਿਸੇ ਵੀ ਸਥਿਤੀ 'ਚ 500 ਨੌਟਿਕਲ ਮੀਲ ਤੋਂ ਅੱਗੇ ਨਹੀਂ ਜਾ ਸਕਦੇ ਸਨ। ਇਸ ਤੋਂ ਇਲਾਵਾ, ਇਹ ਬੋਟ ਨੀਵੀਆਂ ਵੀ ਸਨ, ਜਿਸ ਕਾਰਨ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਇਨ੍ਹਾਂ ਉੱਪਰੋਂ ਲੰਘ ਸਕਦੀਆਂ ਸਨ।''
ਇਹ ਵੀ ਪੜ੍ਹੋ:
ਮਿਜ਼ਾਇਲ ਬੇੜਿਆਂ ਨੂੰ ਕੋਲਕਾਤਾ 'ਚ ਉਤਾਰਿਆ ਗਿਆ
ਇਨ੍ਹਾਂ ਮਿਜ਼ਾਇਲ ਬੇੜਿਆਂ ਦਾ ਹਮਲਾਵਰ ਇਸਤੇਮਾਲ ਕਰਨ ਬਾਰੇ 'ਚ ਸਮੁੰਦਰੀ ਫੌਜ ਦੇ ਗਿਣੇ-ਚੁਣੇ ਅਧਿਕਾਰੀਆਂ ਵਿਚਕਾਰ ਸਲਾਹ ਹੋਈ ਅਤੇ ਕਮਾਂਡਰ ਵਿਜੈ ਜੈਰਥ ਨੂੰ ਇਸ ਬਾਬਤ ਇੱਕ ਪੇਪਰ ਲਿਖਣ ਲਈ ਕਿਹਾ ਗਿਆ।
ਕੈਪਟਨ ਨਈਅਰ ਵੱਲੋਂ ਦੇਖ ਲਏ ਜਾਣ ਤੋਂ ਬਾਅਦ ਇਸ ਨੂੰ ਦਿੱਲੀ ਵਿੱਚ ਸਮੁੰਦਰੀ ਫੌਜ ਦੇ ਮੁੱਖ ਦਫਤਰ 'ਚ ਨੇਵੇਲ ਔਪਸ ਐਂਡ ਪਲਾਂਜ਼ ਨੂੰ ਭੇਜਿਆ ਗਿਆ।
ਜਨਵਰੀ 1971 'ਚ ਇਨ੍ਹਾਂ ਮਿਜ਼ਾਇਲ ਬੇੜਿਆਂ ਨੂੰ ਸੋਵੀਅਤ ਸੰਘ ਤੋਂ ਭਾਰਤ ਲਿਆਇਆ ਗਿਆ। ਹਰੇਕ ਮਿਜ਼ਾਇਲ ਬੇੜੇ ਦਾ ਭਾਰ ਲਗਭਗ 180 ਟਨ ਸੀ। ਪਤਾ ਲੱਗਾ ਕਿ ਮੁੰਬਈ ਬੰਦਰਗਾਹ 'ਚ ਵੱਡੇ ਜਹਾਜ਼ ਨਾਲ ਇਨ੍ਹਾਂ ਬੇੜਿਆਂ ਨੂੰ ਉਤਾਰਨ ਲਈ ਲੋੜੀਂਦੀ ਕ੍ਰੇਨ ਉਪਲਭਧ ਨਹੀਂ ਸੀ। ਉਸ ਵੇਲੇ ਇਨ੍ਹਾਂ ਨੂੰ ਕੋਲਕਾਤਾ ਲਿਜਾਇਆ ਗਿਆ।

ਹੁਣ ਪਰੇਸ਼ਾਨੀ ਇਹ ਆਈ ਕਿ ਇਨ੍ਹਾਂ ਨੂੰ ਮੁੰਬਈ ਕਿਵੇਂ ਲੈ ਕੇ ਜਾਇਆ ਜਾਵੇ? ਕਈ ਕੋਸ਼ਿਸ਼ਾਂ ਤੋਂ ਬਾਅਦ ਲੈਫਟੀਨੈਂਟ ਕਮਾਂਡਰ ਕਵਾਤਰਾ ਨੇ ਇੱਕ ਟੋਇੰਗ ਗੈਜੇਟ (ਟੋਚਣ ਵਾਲਾ ਯੰਤਰ) ਬਣਾਇਆ, ਜਿਸ ਦੀ ਮਦਦ ਨਾਲ ਇਨ੍ਹਾਂ 8 ਮਿਜ਼ਾਇਲ ਬੇੜਿਆਂ ਨੂੰ 8 ਸਮੁੰਦਰੀ ਫੌਜ ਦੇ ਜਹਾਜ਼ਾਂ ਰਾਹੀਂ ਟੋਅ ਕਰਕੇ ਕੋਲਕਾਤਾ ਤੋਂ ਮੁੰਬਈ ਲਿਆਇਆ ਗਿਆ। ਦੂਰ ਦੇ ਟੀਚੇ ਨੂੰ ਬਰਬਾਦ ਕਰਨ ਲਈ ਇਨ੍ਹਾਂ ਮਿਜ਼ਾਇਲ ਬੇੜਿਆਂ ਨਾਲ ਕਈ ਅਭਿਆਸ ਕੀਤੇ ਗਏ।
ਸਮੁੰਦਰੀ ਫੌਜ ਅਧਿਕਾਰੀ ਇਨ੍ਹਾਂ ਮਿਜ਼ਾਇਲ ਬੇੜਿਆਂ ਦੀ ਰਡਾਰ ਰੇਂਜ ਅਤੇ ਉਨ੍ਹਾਂ ਦੀਆਂ ਮਿਜ਼ਾਈਲਾਂ ਦਾ ਸਟੀਕ ਨਿਸ਼ਾਨਾ ਵੇਖ ਕੇ ਹੈਰਾਨ ਰਹਿ ਗਏ ਸਨ। ਇਹ ਤੈਅ ਕੀਤਾ ਗਿਆ ਜੇ ਭਾਰਤ-ਪਾਕ ਜੰਗ ਲੱਗਦੀ ਹੈ ਤਾਂ ਇਨ੍ਹਾਂ ਮਿਜ਼ਾਇਲ ਬੇੜਿਆਂ ਦਾ ਇਸਤੇਮਾਲ ਕਰਾਚੀ 'ਤੇ ਹਮਲੇ ਲਈ ਕੀਤਾ ਜਾਵੇਗਾ।
ਨਿਪਾਤ, ਨਿਰਘਟ ਅਤੇ ਵੀਰ ਨੇ ਕੀਤਾ ਕਰਾਚੀ 'ਤੇ ਹਮਲਾ
4 ਦਸੰਬਰ, 1971 ਦੀ ਰਾਤ ਤਿੰਨ ਮਿਜ਼ਾਇਲ ਬੇੜੇ ਨਿਪਾਤ, ਨਿਰਘਟ ਅਤੇ ਵੀਰ ਕਰਾਚੀ ਲਈ ਰਵਾਨਾ ਹੋਏ। ਉਨ੍ਹਾਂ ਨੂੰ ਦੋ ਪੇਟਿਆ ਕਲਾਸ ਫ਼੍ਰਿਗੇਟ ਕਿਲਟਨ ਅਤੇ ਕਛਾਲ ਟੋਅ ਕਰਕੇ ਲਿਜਾ ਰਹੇ ਸਨ।

ਤਸਵੀਰ ਸਰੋਤ, AFP
1971 ਦੇ ਯੁੱਧ ਦੌਰਾਨ ਭਾਰਤ ਦੇ ਸਮੁੰਦਰੀ ਫੌਜ ਮੁਖੀ ਰਹੇ ਐਡਮਿਰਲ ਐਸਐਮ ਨੰਦਾ ਆਪਣੀ ਸਵੈਜੀਵਨੀ 'ਦਿ ਮੈਨ ਹੂ ਬੋਮਡ ਕਰਾਚੀ' ਵਿੱਚ ਲਿਖਦੇ ਹਨ, ''ਇਸ ਗੱਲ ਦਾ ਖਦਸ਼ਾ ਸੀ ਕਿ ਦਿਨ ਦੌਰਾਨ ਕਰਾਚੀ ਦੇ ਤੱਟ 'ਤੇ ਲੱਗੇ ਰਡਾਰ ਇਨ੍ਹਾਂ ਮਿਜ਼ਾਇਲ ਬੇੜਿਆਂ ਦੀ ਹਰਕਤ ਨੂੰ ਫੜ੍ਹ ਸਕਦੇ ਸਨ ਅਤੇ ਉਨ੍ਹਾਂ ਉੱਤੇ ਹਵਾਈ ਹਮਲੇ ਦਾ ਖਤਰਾ ਬਣ ਸਕਦਾ ਸੀ।''
''ਇਸ ਲਈ ਤੈਅ ਕੀਤਾ ਗਿਆ ਕਿ ਹਮਲਾ ਰਾਤ ਨੂੰ ਕੀਤਾ ਜਾਵੇਗਾ। ਸੂਰਜ ਡੁੱਬਣ ਤੋਂ ਪਹਿਲਾਂ ਤੱਕ ਇਹ ਮਿਜ਼ਾਇਲ ਬੇੜੇ ਕਰਾਚੀ 'ਚ ਮੌਜੂਦ ਲੜਾਕੂ ਜਹਾਜ਼ਾਂ ਦੀ ਪਹੁੰਚ ਤੋਂ ਬਾਹਰ ਰਹਿਣਗੇ। ਰਾਤ ਨੂੰ ਉਹ ਤੇਜ਼ੀ ਨਾਲ ਆਪਣਾ ਕੰਮ ਕਰਕੇ, ਸਵੇਰ ਹੁੰਦਿਆਂ-ਹੁੰਦਿਆਂ ਮੁੜ ਪਾਕਿਸਤਾਨੀ ਹਵਾਈ ਫੌਜ ਦੀ ਪਹੁੰਚ ਤੋਂ ਬਾਹਰ ਨਿੱਕਲ ਜਾਣਗੇ।''
ਖ਼ੈਬਰ ਨੂੰ ਪਹਿਲਾਂ ਡੋਬਿਆ ਗਿਆ
ਪਾਕਿਸਤਾਨੀ ਸਮੁੰਦਰੀ ਫੌਜ ਦਾ ਸਮੁੰਦਰੀ ਜੰਗੀ ਜਹਾਜ਼ ਪੋਤ ਪੀਐਨਐਸ ਖ਼ੈਬਰ ਕਰਾਚੀ ਤੋਂ ਦੱਖਣ-ਪੱਛਮ 'ਚ ਗਸ਼ਤ ਲਗਾ ਰਿਹਾ ਸੀ। ਇਹ ਉਹੀ ਜਹਾਜ਼ ਸੀ ਜਿਸ ਨੇ 1965 ਦੇ ਯੁੱਧ ਦੌਰਾਨ ਭਾਰਤ ਦੇ ਦਵਾਰਕਾ ਸਮੁੰਦਰੀ ਫੌਜੀ ਟਿਕਾਣੇ 'ਤੇ ਹਮਲਾ ਬੋਲਿਆ ਸੀ।

ਤਸਵੀਰ ਸਰੋਤ, Harper Collins India
ਇੰਡੀਅਨ ਡਿਵੈਂਸ ਰੀਵਿਊ ਦੇ ਜੁਲਾਈ, 1990 ਦੇ ਅੰਕ 'ਚ ਟਾਸਕ ਸਮੂਹ ਦੇ ਕਮਾਂਡਰ ਕੇ ਪੀ ਗੋਪਾਲ ਰਾਓ ਨੇ ਇੱਕ ਲੇਖ 'ਚ ਇਸ ਮੁਹਿੰਮ ਬਾਰੇ ਲਿਖਿਆ ਹੈ, ''ਖ਼ੈਬਰ ਨੂੰ ਰਾਤ 10 ਵੱਜ ਕੇ 15 ਮਿੰਟ 'ਤੇ ਪਤਾ ਚੱਲ ਸਕਿਆ ਕਿ ਭਾਰਤ ਦੇ ਜੰਗੀ ਬੇੜੇ ਕਰਾਚੀ ਵੱਲ ਵਧ ਰਹੇ ਹਨ।”
“ਉਸ ਨੇ ਆਪਣਾ ਰਸਤਾ ਬਦਲ ਕੇ ਸਾਨੂੰ ਫੜ੍ਹਨ ਲਈ ਆਪਣੀ ਰਫ਼ਤਾਰ ਤੇਜ਼ ਕਰ ਦਿੱਤੀ। 10 ਵੱਜ ਕੇ 40 ਮਿੰਟ 'ਤੇ ਜਦੋਂ ਖ਼ੈਬਰ ਸਾਡੀ ਰੇਂਜ 'ਚ ਆ ਗਿਆ, ਨਿਰਘਟ ਨੇ ਉਸ 'ਤੇ ਪਹਿਲੀ ਮਿਜ਼ਾਇਲ ਦਾਗੀ।''
''ਖ਼ੈਬਰ ਨੇ ਵੀ ਆਪਣੀਆਂ ਤੋਪਾਂ ਨਾਲ ਗੋਲੇ ਚਲਾਉਣੇ ਸ਼ੁਰੂ ਕਰ ਦਿੱਤੇ, ਪਰ ਉਹ ਮਿਜ਼ਾਈਲ ਨੂੰ ਖ਼ੁਦ ਨੂੰ ਲੱਗਣ ਤੋਂ ਰੋਕ ਨਹੀਂ ਸਕਿਆ। ਉਸ ਦੇ ਬਾਇਲਰ ਰੂਮ ਵਿੱਚ ਅੱਗ ਲੱਗ ਗਈ।”
“ਉਸੇ ਵੇਲੇ ਮੈਂ ਉਸ ਉੱਤੇ ਦੂਜੀ ਮਿਜ਼ਾਈਲ ਦਾਗਣ ਦਾ ਹੁਕਮ ਦਿੱਤਾ। ਦੂਜੀ ਮਿਜ਼ਾਈਲ ਲੱਗਦੇ ਹੀ ਉਸ ਦੀ ਰਫ਼ਤਾਰ ਸਿਫ਼ਰ ਹੋ ਗਈ ਅਤੇ ਪੋਤ ਤੋਂ ਧੂੰਆਂ ਨਿਕਲਣ ਲੱਗਿਆ। 45 ਮਿੰਟ ਬਾਅਦ ਪੀਐਨਸ ਖ਼ੈਬਰ ਕਰਾਚੀ ਤੋਂ 35 ਮੀਲ ਦੱਖਣ ਪੱਛਮ ਵੱਲ ਡੁੱਬ ਗਿਆ।''
'ਦਿ ਸਟੋਰੀ ਆਫ਼ ਦਿ ਪਾਕਿਸਤਾਨ ਨੇਵੀ' ਵਿੱਚ ਇਸ ਹਮਲੇ ਦਾ ਜ਼ਿਕਰ ਕਰਦਿਆਂ ਲਿਖਿਆ ਗਿਆ ਹੈ, ''ਸ਼ੁਰੂ 'ਚ ਖ਼ੈਬਰ ਦੇ ਕਮਾਂਡਿਗ ਅਫ਼ਸਰ ਨੇ ਸਮਝਿਆ ਕਿ ਚਮਕਦਾਰ ਸਫ਼ੈਦ ਰੌਸ਼ਨੀ ਭਾਰਤੀ ਜਹਾਜ਼ ਵੱਲੋਂ ਸੁੱਟੀ ਗਈ ਫਲੇਅਰ ਹੈ। ਪਰ ਜਿਸ ਰਫ਼ਤਾਰ ਨਾਲ ਉਹ ਰੌਸ਼ਨੀ ਅੱਗੇ ਵੱਧ ਰਹੀ ਸੀ, ਉਸ ਤੋਂ ਇਹ ਅੰਦਾਜ਼ਾ ਹੋਇਆ ਕਿ ਉਹ ਸ਼ਾਇਦ ਇੱਕ ਭਾਰਤੀ ਜਹਾਜ਼ ਹੈ।”
“ਉਸ ਮਿਜ਼ਾਈਲ ਨੇ ਖ਼ੈਬਰ ਦੀ ਇਲੈਕਟ੍ਰੀਸ਼ਿਅੰਸ ਮੇਸ ਡੇਕ ਉੱਤੇ ਹਿੱਟ ਕੀਤਾ। ਤੁਰੰਤ ਹੀ ਖ਼ੈਬਰ ਦੇ ਇੰਜਨ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਪੂਰੇ ਪੋਤ ਦੀ ਬਿਜਲੀ ਚਲੀ ਗਈ।''
''ਉਸੇ ਹਨੇਰੇ ਵਿੱਚ ਪੋਤ ਤੋਂ ਫੌਜ ਦੇ ਮੁੱਖ ਦਫ਼ਤਰ ਨੂੰ ਸੁਨੇਹਾ ਭੇਜਿਆ ਗਿਆ, 'ਏਨਿਮੀ ਏਅਰਕ੍ਰਾਫਟ ਅਟੈਕਡ ਸ਼ਿਪ ਨੰਬਰ ਏਕ ਬਾਇਲਰ ਹਿੱਟ, ਸ਼ਿਪ ਸਟੌਪਡ।' 11 ਵੱਜ ਕੇ 15 ਮਿੰਟ ਉੱਤੇ ਸਾਰੇ ਗੋਤਾਖੋਰਾਂ ਨੂੰ ਡੁੱਬਦੇ ਹੋਏ ਪੋਤ ਨੂੰ ਛੱਡ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਗਏ। 11 ਵੱਜ ਕੇ 20 ਮਿੰਟ 'ਤੇ ਪੋਤ ਨੇ ਜਲ ਸਮਾਧੀ ਲੈ ਲਈ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰੋਇਡ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਵੀਨਸ ਚੈਲੇਂਜਰ ਵੀ ਡੋਬਿਆ ਗਿਆ
ਦੂਜੇ ਪਾਸੇ ਰਾਤ ਲਗਭਗ 11 ਵਜੇ ਨਿਪਾਤ ਦਾ ਸਾਹਮਣਾ ਅਣਜਾਣ ਪੋਤ ਨਾਲ ਹੋਇਆ। ਉਸ ਵੱਲੋਂ ਪੋਤ 'ਤੇ ਦਾਗੀ ਗਈ ਮਿਜ਼ਾਈਲ ਦਾ ਨਿਸ਼ਾਨਾ ਛੁੱਟਿਆ ਨਹੀਂ। ਜਦੋਂ ਉਸ 'ਤੇ ਦੂਜੀ ਮਿਜ਼ਾਈਲ ਲੱਗੀ ਤਾਂ ਉਸ ਤੋਂ ਧੂੰਆਂ ਨਿਕਲਣ ਲੱਗਿਆ।

ਤਸਵੀਰ ਸਰੋਤ, Indian Navy
ਕੇ ਪੀ ਗੋਪਾਲ ਰਾਓ ਲਿਖਦੇ ਹਨ, ''ਮੇਰਾ ਮੰਨਣਾ ਹੈ ਕਿ ਉਸ ਮਿਜ਼ਾਈਲ ਨਾਲ ਪੋਤ ਵਿੱਚ ਰੱਖੇ ਹਥਿਆਰਾਂ 'ਚ ਅੱਗ ਲੱਗ ਗਈ। ਅਸੀਂ ਰਡਾਰ ਵਿੱਚ ਦੇਖਿਆ ਕਿ ਜਹਾਜ਼ ਦੇ ਦੋ ਟੁੱਕੜੇ ਹੋ ਗਏ ਹਨ। ਉਹ ਪੋਤ 8 ਮਿੰਟ ਦੇ ਅੰਦਰ ਕਰਾਚੀ ਤੋਂ 26 ਮੀਲ ਦੱਖਣ ਵਿੱਚ ਡੁੱਬ ਗਿਆ। ਯੁੱਧ ਤੋਂ ਬਾਅਦ ਪਤਾ ਲੱਗਿਆ ਕਿ ਇਹ ਪੋਤ ਸੈਗੋਨ ਤੋਂ ਪਾਕ ਫੌਜ ਅਤੇ ਹਵਾਈ ਫੌਜ ਦੇ ਲਈ ਅਮਰੀਕੀ ਹਥਿਆਰ ਲੈ ਕੇ ਜਾ ਰਿਹਾ ਸੀ।
''ਲੰਡਨ ਦੇ ਰਾਇਲ ਰਜਿਸਟਰ ਆਫ਼ ਸ਼ਿਪਿੰਗ ਤੋਂ ਪਤਾ ਲੱਗਿਆ ਕਿ ਇਸ ਪੋਤ ਦਾ ਨਾਮ ਐਮਵੀ ਵੀਨਸ ਚੈਲੇਂਜਰ ਸੀ, ਜਿਸ ਨੂੰ ਪਾਕਿਸਤਾਨ ਸਰਕਾਰ ਨੇ ਚਾਰਟਰ ਕੀਤਾ ਸੀ।”
”ਇਸ ਨੇ 5 ਦਸੰਬਰ, 1971 ਨੂੰ ਦੁਪਹਿਰ ਡੇਢ ਵਜੇ ਕਰਾਚੀ ਪਹੁੰਚਣਾ ਸੀ। ਤੀਜੀ ਮਿਜ਼ਾਈਲ ਬੋਟ ਵੀਰ ਨੇ 11 ਵੱਜ ਕੇ 20 ਮਿੰਟ 'ਤੇ ਇੱਕ ਹੋਰ ਪਾਕਿਸਤਾਨੀ ਪੋਤ ਪੀਐਨਐਸ ਮੁਹਾਫ਼ਿਜ਼ ਨੂੰ ਆਪਣੀ ਮਿਜ਼ਾਈਲ ਦਾ ਨਿਸ਼ਾਨਾ ਬਣਾਇਆ। ਇਹ ਪੋਤ 70 ਮਿੰਟ ਤੱਕ ਅੱਗ ਦੀਆਂ ਲਪਟਾਂ ਨਾਲ ਘਿਰਿਆ ਰਿਹਾ ਅਤੇ ਫ਼ਿਰ ਕਰਾਚੀ ਤੋਂ 19 ਮੀਲ ਦੱਖਣ ਵਿੱਚ ਡੁੱਬ ਗਿਆ।''
ਆਈਐਨਐਸ ਵਿਨਾਸ਼ ਦਾ ਦੂਜਾ ਹਮਲਾ
ਇਨ੍ਹਾਂ ਮਿਜ਼ਾਈਲ ਬੇੜਿਆਂ (ਬੋਟਸ) ਨੂੰ ਹੁਕਮ ਸੀ ਕਿ ਕਰਾਚੀ ਵੱਲ ਜਿੰਨਾ ਸੰਭਵ ਹੋ ਸਕੇ, ਉਨੀਆਂ ਮਿਜ਼ਾਈਲਾਂ ਦਾਗੀਆਂ ਜਾਣ। ਆਈਐਨਐਸ ਨਿਪਟ ਨੂੰ ਆਪਣੇ ਰਡਾਰ 'ਤੇ ਕੀਮਾਰੀ ਤੇਲ ਟੈਂਕ ਦਿਖਣ ਲੱਗੇ। ਜਦੋਂ ਉਨ੍ਹਾਂ ਦੀ ਰੇਂਜ ਸਿਰਫ਼ 18 ਮੀਲ ਰਹਿ ਗਈ ਤਾਂ ਨਿਪਾਤ ਨੇ ਉਨ੍ਹਾਂ ਤੇਲ ਟੈਂਕਾਂ ਉੱਤੇ ਵੀ ਇੱਕ ਮਿਜ਼ਾਈਲ ਦਾਗ ਦਿੱਤੀ।
ਕਰਾਚੀ 'ਤੇ 6 ਦਸੰਬਰ ਨੂੰ ਵੀ 'ਆਪਰੇਸ਼ਨ ਪਾਇਥਨ' ਕੋਡਨੇਮ ਨਾਲ ਇੱਕ ਹੋਰ ਹਮਲਾ ਕੀਤਾ ਜਾਣਾ ਸੀ, ਪਰ ਉਸ ਨੂੰ ਖ਼ਰਾਬ ਮੌਸਮ ਅਤੇ ਖ਼ਰਾਬ ਸਮੁੰਦਰ ਕਾਰਨ ਟਾਲ ਦਿੱਤਾ ਗਿਆ।

ਤਸਵੀਰ ਸਰੋਤ, Indian Navy
ਦੋ ਦਿਨਾਂ ਬਾਅਦ 8 ਦਸੰਬਰ ਨੂੰ ਇੱਕ ਦੂਜੀ ਮਿਜ਼ਾਈਲ ਬੋਟ ਆਈਐਨਐਸ ਵਿਨਾਸ਼ ਨੇ ਉਹ ਹਮਲਾ ਕੀਤਾ। ਉਸ ਦੇ ਨਾਲ ਭਾਰਤੀ ਸਮੁੰਦਰੀ ਫੌਜ ਦੇ ਦੋ ਫ੍ਰਿਗੇਟ ਤ੍ਰਿਸ਼ੂਲ ਅਤੇ ਤਲਵਾਰ ਵੀ ਗਏ। ਇਸ ਮਿਜ਼ਾਈਲ ਬੋਟ ਦੀ ਕਮਾਨ ਲੈਫ਼ਟੀਨੇਟ ਕਮਾਂਡਰ ਵਿਜੈ ਜੈਰਥ ਦੇ ਹੱਥਾਂ ਵਿੱਚ ਸੀ।
ਹਾਲੇ ਵਿਨਾਸ਼ ਦੇ 30 ਸਮੁੰਦਰੀ ਫੌਜੀ ਕਰਾਚੀ ਉੱਤੇ ਦੂਜਾ ਹਮਲਾ ਕਰਨ ਦੀ ਤਿਆਰੀ ਕਰ ਰਹੇ ਸਨ ਕਿ ਬੋਟ ਦੀ ਬਿਜਲੀ ਫੇਲ੍ਹ ਹੋ ਗਈ ਅਤੇ ਕੰਟਰੋਲ ਆਟੋ ਪਾਇਲਟ ਉੱਤੇ ਚਲਾ ਗਿਆ।
ਉਹ ਅਜੇ ਵੀ ਬੈਟਰੀ ਨਾਲ ਮਿਜ਼ਾਈਲ ਚਲਾ ਸਕਦੇ ਸਨ, ਪਰ ਉਹ ਆਪਣੇ ਟੀਚੇ ਨੂੰ ਰਡਾਰ ਨਾਲ ਦੇਖ ਨਹੀਂ ਸਕਦੇ ਸੀ। ਉਹ ਆਪਣੇ ਆਪ ਨੂੰ ਇਸ ਸੰਭਾਵਨਾ ਲਈ ਤਿਆਰ ਕਰ ਹੀ ਰਹੇ ਸੀ ਕਿ ਕਰੀਬ 11 ਵਜੇ ਬੋਟ ਦੀ ਬਿਜਲੀ ਵਾਪਸ ਆ ਗਈ।
ਕੀਮਾਰੀ ਤੇਲ ਡਿਪੋ ਉੱਤੇ ਦੂਜਾ ਹਮਲਾ
ਜੈਰਥ ਨੇ ਬੀਬੀਸੀ ਨੂੰ ਦੱਸਿਆ, ''ਮੈਂ ਰਡਾਰ ਵੱਲ ਦੇਖਿਆ। ਇੱਕ ਪੋਤ ਹੌਲੀ-ਹੌਲੀ ਕਰਾਚੀ ਬੰਦਰਗਾਹ ਤੋਂ ਨਿਕਲ ਰਿਹਾ ਸੀ। ਮੈਂ ਪੋਤ ਦੀ ਪੋਜ਼ੀਸ਼ਨ ਦੇਖ ਰਿਹਾ ਸੀ ਕਿ ਮੇਰੀ ਨਜ਼ਰ ਕੀਮਾਰੀ ਤੇਲ ਡਿਪੋ ਵੱਲ ਗਈ। ਮਿ਼ਜ਼ਾਈਲ ਨੂੰ ਜਾਂਚ-ਪਰਖ ਲੈਣ ਤੋਂ ਬਾਅਦ ਮੈਂ ਮਿਜ਼ਾਈਲ ਰੇਂਜ ਨੂੰ ਮੈਨੂਅਲ ਅਤੇ ਮੈਕਸਿਮਮ ਉੱਤੇ ਸੈੱਟ ਕੀਤਾ ਅਤੇ ਮਿਜ਼ਾਇਲ ਫ਼ਾਇਰ ਕਰ ਦਿੱਤੀ।''
''ਮਿਜ਼ਾਈਲ ਨੇ ਜਿਵੇਂ ਹੀ ਟੈਂਕਰਾਂ ਨੂੰ ਹਿੱਟ ਕੀਤਾ, ਉੱਥੇ ਜਿਵੇਂ ਕਿਆਮਤ ਆ ਗਈ। ਮੈਂ ਦੂਜੀ ਮਿਜ਼ਾਈਲ ਦੇ ਪੋਤਾਂ ਦੇ ਗਰੁੱਪ ਨੂੰ ਨਿਸ਼ਾਨਾ ਬਣਾਇਆ। ਉੱਥੇ ਖੜ੍ਹੇ ਇੱਕ ਬ੍ਰਿਟਿਸ਼ ਜਹਾਜ਼ ਐਸਐਸ ਹਰਮਟਨ ਵਿੱਚ ਅੱਗ ਲੱਗ ਗਈ ਅਤੇ ਪਨਾਮਾ ਦਾ ਪੋਤ ਗਲਫ਼ਸਟਾਰ ਬਰਬਾਦ ਹੋ ਕੇ ਡੁੱਬ ਗਿਆ।''

ਤਸਵੀਰ ਸਰੋਤ, Indian Navy
ਚੌਥੀ ਮਿਜ਼ਾਈਲ ਪੀਐਨਐਸ ਢਾਕਾ ਉੱਤੇ ਦਾਗੀ ਗਈ ਪਰ ਉਸ ਦੇ ਕਮਾਂਡਰ ਨੇ ਕੌਸ਼ਲ ਅਤੇ ਸਮਝ ਦਾ ਉਦਾਹਰਣ ਦਿੰਦਿਆਂ ਆਪਣੇ ਪੋਤ ਨੂੰ ਬਚਾ ਲਿਆ। ਪਰ ਕੀਮਾਰੀ ਤੇਲ ਡਿਪੋ ਵਿੱਚ ਲੱਗੀ ਅੱਗ ਨੂੰ 60 ਮੀਲ ਦੀ ਦੂਰੀ ਤੋਂ ਵੀ ਦੇਖਿਆ ਜਾ ਸਕਦਾ ਸੀ।
ਆਪਰੇਸ਼ਨ ਖ਼ਤਮ ਹੁੰਦੇ ਹੀ ਜੈਰਥ ਨੇ ਰੋਡੀਓ ਉੱਤੇ ਸੁਨੇਹਾ ਭੇਜਿਆ, 'ਫੋਰ ਪਿਜੰਸ ਹੈਪੀ ਇਨ ਦਿ ਨੈਸਟ ਰਿਜਵਾਇਨਿੰਗ।' ਉਨ੍ਹਾਂ ਨੂੰ ਅੱਗੋਂ ਜਵਾਬ ਮਿਲਿਆ, 'ਐਫ 15 ਤੋਂ ਵਿਨਾਸ਼ ਲਈ ਇਸ ਤੋਂ ਚੰਗੀ ਦਿਵਾਲੀ ਅਸੀਂ ਅੱਜ ਤੱਕ ਨਹੀਂ ਦੇਖੀ।'
ਕਰਾਚੀ ਦੇ ਤੇਲ ਡਿਪੋ ਵਿੱਚ ਲੱਗੀ ਅੱਗ ਨੂੰ ਸੱਤ ਦਿਨਾਂ ਤੱਕ ਨਹੀਂ ਬੁਝਾਇਆ ਜਾ ਸਕਿਆ। ਅਗਲੇ ਦਿਨ ਜਦੋਂ ਭਾਰਤੀ ਹਵਾਈ ਫੌਜ ਦੇ ਜਹਾਜ਼ ਚਾਲਕ ਕਰਾਚੀ ਉੱਤੇ ਬੰਬਾਰੀ ਕਰਨ ਗਏ ਤਾਂ ਉਨ੍ਹਾਂ ਰਿਪੋਰਟ ਦਿੱਤੀ, ਇਹ ਏਸ਼ੀਆ ਦਾ ਸਭ ਤੋਂ ਵੱਡਾ ਬੋਨਫ਼ਾਇਰ ਸੀ।
ਕਰਾਚੀ ਦੇ ਉੱਤੋਂ ਇੰਨਾਂ ਧੂੰਆਂ ਸੀ ਕਿ ਤਿਨ ਦਿਨਾਂ ਤੱਕ ਉੱਥੇ ਸੂਰਜ ਦੀ ਰੌਸ਼ਨੀ ਨਹੀਂ ਪਹੁੰਚ ਸਕੀ। ਪਾਕਿਸਤਾਨ ਦੀ ਸਮੁੰਦਰੀ ਫੌਜ ਨੂੰ ਇਸ ਤੋਂ ਇੰਨਾ ਧੱਕਾ ਲੱਗਿਆ ਕਿ ਉਸ ਨੇ ਆਪਣੇ ਸਾਰੇ ਪੋਤਾਂ ਨੂੰ ਕਰਾਚੀ ਬੰਦਰਗਾਹ ਦੇ ਅੰਦਰੂਨੀ ਇਲਾਕੇ ਵਿੱਚ ਬੁਲਾ ਲਿਆ।
ਭਾਰਤੀ ਸਮੁੰਦਰੀ ਫੌਜ ਨੇ ਕੀਤੀ ਕਰਾਚੀ ਬੰਦਰਗਾਹ ਦੀ ਨਾਕੇਬੰਦੀ
ਜਨਰਲ ਇਆਨ ਕਾਰਡੋਜ਼ੋ ਲਿਖਦੇ ਹਨ, ''ਪਾਕਿਸਤਾਨੀ ਸਮੁੰਦਰੀ ਫੌਜ ਦੀ ਇਹ ਬਦਕਿਸਮਤੀ ਰਹੀ ਹੈ ਕਿ ਪਾਕਿਸਤਾਨੀ ਹਵਾਈ ਫੌਜ ਉਨ੍ਹਾਂ ਦੀ ਮਦਦ ਲਈ ਸਾਹਮਣੇ ਨਹੀਂ ਆਈ ਅਤੇ ਕਰਾਚੀ ਦੇ ਆਲੇ-ਦੁਆਲੇ ਨਾ ਤਾਂ ਭਾਰਤੀ ਸਮੁੰਦਰੀ ਫੌਜ ਦੀ ਮਿਜ਼ਾਈਲ ਬੇੜੇ ਅਤੇ ਨਾ ਹੀ ਹਵਾਈ ਫੌਜ ਦੇ ਜਹਾਜ਼ਾਂ ਨੂੰ ਚੁਣੌਤੀ ਦਿੱਤਾ ਜਾ ਸਕੀ।''

ਤਸਵੀਰ ਸਰੋਤ, Lancer Publication
''ਭਾਰਤੀ ਸਮੁੰਦਰੀ ਫੌਜ ਦਾ ਅਰਬ ਸਾਗਰ ਉੱਤੇ ਪੂਰਾ ਕਬਜ਼ਾ ਹੋ ਚੁੱਕਿਆ ਸੀ। ਕਰਾਚੀ ਦੀ ਸਮੁੰਦਰੀ ਸਰਹੱਦ ਤੋਂ ਭਾਰਤ ਸਰਕਾਰ ਦੀ ਇਜਾਜ਼ਤ ਬਿਨਾਂ ਨਾ ਤੋਂ ਕਿਸੇ ਜਲ ਪੋਤ ਨੂੰ ਅੰਦਰ ਆਉਣ ਦਿੱਤਾ ਗਿਆ ਅਤੇ ਨਾ ਹੀ ਬਾਹਰ ਨਿਕਲਣ ਦਿੱਤਾ ਗਿਆ।''
ਐਡਮਿਰਲ ਗੋਰਸ਼ਕਾਵ ਨੇ ਕੀਤੀ ਸ਼ਲਾਘਾ
ਉਧਰ ਸੋਵੀਅਤ ਉੱਪਗ੍ਰਹਿ ਜ਼ਰੀਏ ਕਰਾਚੀ ਦੇ ਆਲੇ-ਦੁਆਲੇ ਲੜੀ ਜਾਣ ਵਾਲੀ ਇਸ ਸਮੁੰਦਰੀ ਫੌਜੀਆਂ ਦੀ ਲੜਾਈ ਦੇ ਦ੍ਰਿਸ਼ ਸੋਵੀਅਤ ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਗੋਰਸ਼ਕਾਵ ਦੇ ਕੋਲ ਪਹੁੰਚ ਰਹੇ ਸਨ।
ਐਡਮਿਰਲ ਗੋਰਸ਼ਕਾਵ ਨੂੰ ਆਪਣੀਆਂ ਅੱਖਾਂ ਉੱਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਜਿਹੜੀਆਂ ਮਿਜ਼ਾਈਲ ਬੋਟਾਂ ਨੂੰ ਉਨ੍ਹਾਂ ਨੇ ਭਾਰਤ ਨੂੰ ਉਸ ਦੇ ਸਮੁੰਦਰੀ ਫੌਜੀ ਟਿਕਾਣਿਆਂ ਦੀ ਰੱਖਿਆ ਲਈ ਦਿੱਤਾ ਸੀ, ਉਹੀ ਮਿਜ਼ਾਈਲ ਬੋਟਸ ਕਰਾਚੀ ਉੱਤੇ ਹਮਲਾ ਕਰਨ ਲਈ ਵਰਤੀਆਂ ਜਾ ਰਹੀਆਂ ਸਨ।

ਤਸਵੀਰ ਸਰੋਤ, Getty Images
ਗੋਰਸ਼ਕਾਰਵ ਇਸ ਦ੍ਰਿਸ਼ ਨੂੰ ਦੇਖ ਕੇ ਇੰਨੇ ਖ਼ੁਸ਼ ਹੋਏ ਕਿ ਉਨ੍ਹਾਂ ਨੇ ਉੱਥੇ ਮੌਜੂਦ ਆਪਣੇ ਸਾਥੀਆਂ ਨੂੰ ਗਲੇ ਲਗਾ ਲਿਆ। ਲੜਾਈ ਦੇ ਕੁਝ ਦਿਨਾਂ ਬਾਅਦ ਐਡਮਿਰਲ ਗੋਰਸ਼ਕਾਵ ਆਪਣੇ ਬੇੜੇ ਦੇ ਨਾਲ ਮੁੰਬਈ ਪਹੁੰਚੇ।
ਮੇਜਰ ਜਨਰਲ ਕਾਰਡੋਜ਼ੋ ਲਿਖਦੇ ਹਨ, ''ਗੋਰਸ਼ਕਾਵ ਨੇ ਭਾਰਤ ਦੇ ਸਮੁੰਦਰੀ ਫੌਜ ਮੁਖੀ ਐਡਮਿਰਲ ਨੰਦਾ ਨੂੰ ਕਿਹਾ ਕਿ ਉਹ ਉਨ੍ਹਾਂ ਸਮੁੰਦਰੀ ਫੌਜੀਆਂ ਨੂੰ ਮਿਲਣਾ ਚਾਹੁੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਮਿਜ਼ਾਈਲਾਂ ਬੋਟਸ ਨੂੰ ਕਰਾਚੀ ਉੱਤੇ ਹਮਲਾ ਕਰਦੇ ਵਰਤਿਆ ਸੀ।
''ਉਸ ਸਮੇਂ ਐਡਮਿਰਲ ਗੋਰਸ਼ਕਾਵ ਨੂੰ ਭਾਰਤੀ ਜਹਾਜ਼ ਪੋਤ ਆਈਐਨਐਸ ਵਿਕਰਾਂਤ ਉੱਤੇ ਰਾਤ ਦਾ ਖਾਣਾ ਦਿੱਤਾ ਜਾ ਰਿਹਾ ਸੀ। ਸਾਰੇ ਸੋਵੀਅਤ ਅਤੇ ਭਾਰਤੀ ਮਹਿਮਾਨਾਂ ਨੇ ਆਪਣੀ ਰਸਮੀ ਮੇਸ ਡ੍ਰੈੱਸ ਪਹਿਨੀ ਹੋਈ ਸੀ।”
”ਪਰ ਮਿਜ਼ਾਈਲ ਬੋਟ ਦੇ ਕਮਾਂਡਰ ਆਪਣੀ ਯੁੱਧ ਵਾਲੀ ਵਰਦੀ ਵਿੱਚ ਸਨ। ਸੋਵੀਅਤ ਐਡਮਿਰਲ ਨੂੰ ਦੱਸਿਆ ਗਿਆ ਕਿ ਮਿਜ਼ਾਈਲ ਬੋਟ ਦੇ ਕਮਾਂਡਰ ਉਨ੍ਹਾਂ ਨੂੰ ਦਿੱਤੇ ਗਏ ਡਿੰਨਰ ਵਿੱਚ ਹਿੱਸਾ ਨਹੀਂ ਲੈ ਸਕਣਗੇ, ਕਿਉਂਕਿ ਉਨ੍ਹਾਂ ਦੇ ਕੋਲ ਉਸ ਵਿੱਚ ਸ਼ਾਮਲ ਹੋਣ ਲਈ ਸਹੀ ਕੱਪੜੇ ਨਹੀਂ ਹਨ।''
ਪਰ ਐਡਮਿਰਲ ਗੋਰਸ਼ਕਾਵ ਨੇ ਐਡਮਿਰਲ ਨੰਦਾ ਨੂੰ ਗੁਜ਼ਾਰਿਸ਼ ਕੀਤੀ ਕਿ ਇਨ੍ਹਾਂ ਕਮਾਂਡਰਾਂ ਨੂੰ ਉਸੇ ਡ੍ਰੈੱਸ ਵਿੱਚ ਰਾਤ ਦੇ ਖਾਣੇ ਲਈ ਆਉਣ ਦਿੱਤਾ ਜਾਵੇ। ਐਡਮਿਰਲ ਨੰਦਾ ਨੇ ਉਨ੍ਹਾਂ ਦੀ ਇਸ ਗੁਜ਼ਾਰਿਸ਼ ਨੂੰ ਮੰਨ ਲਿਆ।
ਖਾਣੇ ਤੋਂ ਬਾਅਦ ਦਿੱਤੇ ਗਏ ਭਾਸ਼ਣ ਵਿੱਚ ਐਡਮਿਰਲ ਗੋਰਸ਼ਕਾਵ ਨੇ ਕਿਹਾ, ''ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਸ ਲੜਾਈ ਵਿੱਚ ਤੁਸੀਂ ਇਕੱਲੇ ਨਹੀਂ ਸੀ। ਅਸੀਂ ਅਮਰੀਕਾ ਦੇ ਸੱਤਵੇਂ ਬੇੜੇ ਦੀਆਂ ਗਤੀਵਿਧੀਆਂ ਉੱਤੇ ਪੂਰੀ ਨਜ਼ਰ ਰੱਖੀ ਹੋਈ ਸੀ।”
”ਜੇ ਜ਼ਰੂਰੀ ਹੁੰਦਾ ਤਾਂ ਅਸੀਂ ਦਖ਼ਲ ਵੀ ਦਿੰਦੇ। ਪਰ ਤੁਸੀਂ ਜਿਸ ਤਰ੍ਹਾਂ ਸਾਡੀਆਂ ਮਿਜ਼ਾਈਲ ਬੋਟਸ ਦਾ ਇਸਤੇਮਾਲ ਕੀਤਾ, ਉਸ ਦੀ ਅਸੀਂ ਸੁਪਨੇ ਵਿੱਚ ਵੀ ਕਲਪਨਾ ਨਹੀਂ ਕਰ ਸਕਦੇ, ਤੁਹਾਨੂੰ ਬਹੁਤ ਵਧਾਈ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












