ਜਦੋਂ ਸਿੱਖ ਰੈਜੀਮੈਂਟ ਨੂੰ ਨਿਸ਼ਾਨਾ ਬਣਾਉਂਦੇ ਪਾਕਿਸਤਾਨੀ ਜਹਾਜ਼ਾਂ ਦੀ ਹਿੰਦੁਸਤਾਨੀ ਜਹਾਜ਼ਾਂ ਨਾਲ ਮੁਠਭੇੜ ਹੋਈ - ਵਿਵੇਚਨਾ

ਤਸਵੀਰ ਸਰੋਤ, h s panag/bharatrakshak.com
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਇਹ ਕਿੱਸਾ 21 ਨਵੰਬਰ 1971 ਦਾ ਹੈ, ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੀ ਰਸਮੀ ਸ਼ੁਰੂਆਤ ਨੂੰ ਅਜੇ 11 ਦਿਨ ਬਾਕੀ ਸਨ। ਦੋ ਦਿਨ ਪਹਿਲਾਂ ਹੀ '4 ਸਿੱਖ ਰੈਜੀਮੈਂਟ' ਦੇ ਫੌਜੀ ਕੁਝ ਟੈਂਕਾਂ ਦੇ ਨਾਲ ਪੂਰਬੀ ਪਾਕਿਸਤਾਨ ਦੇ ਚੌਗਾਚਾ ਕਸਬੇ ਵੱਲ ਵਧੇ ਸਨ।
ਇੱਕ ਕੰਪਨੀ ਟੈਂਕਾਂ 'ਤੇ ਸਵਾਰ ਸੀ ਅਤੇ ਤਿੰਨ ਕੰਪਨੀਆਂ ਪੈਦਲ ਚੱਲ ਰਹੀਆਂ ਸਨ। ਪਾਕਿਸਤਾਨ ਦੀ '107 ਇਨਫੈਂਟਰੀ ਬ੍ਰਿਗੇਡ' ਦੇ ਫ਼ੌਜੀ ਭਾਰਤੀ ਫੌਜ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਸਨ।
ਪਰ ਭਾਰਤੀ ਜਵਾਨ ਤਾਂ ਪੂਰੇ ਜ਼ੋਸ਼ 'ਚ ਸਨ। ਸਥਾਨਕ ਲੋਕ ਉਨ੍ਹਾਂ ਦਾ ਸਵਾਗਤ 'ਜੈ ਬੰਗਲਾ' ਦੇ ਨਾਅਰੇ ਲਗਾ ਕੇ ਕਰ ਰਹੇ ਸਨ ਅਤੇ ਨਾਲ ਹੀ 4 ਸਿੱਖ ਰੈਜੀਮੈਂਟ ਦਾ ਨਾਅਰਾ 'ਜੋ ਬੋਲੇ ਸੋ ਨਿਹਾਲ' ਦੀ ਗੂੰਝ ਵੀ ਕੰਨ੍ਹਾਂ 'ਚ ਪੈ ਰਹੀ ਸੀ।
ਇਹ ਵੀ ਪੜ੍ਹੋ:
ਕਹਿ ਸਕਦੇ ਹਾਂ ਕਿ ਇਹ ਪੂਰਾ ਨਜ਼ਾਰਾ ਹੌਲੀਵੁੱਡ ਦੀ ਫ਼ਿਲਮ 'ਬੈਟਲ ਆਫ਼ ਦ ਬਲਜ' ਵਰਗਾ ਵਿਖਾਈ ਪੈ ਰਿਹਾ ਸੀ। ਸ਼ਾਮ ਹੋਣ ਤੱਕ ਭਾਰਤੀ ਜਵਾਨ ਚੌਗਾਚਾ 'ਚ ਕਬਾਡਕ ਨਦੀ ਦੇ ਕੰਢੇ 'ਤੇ ਪਹੁੰਚ ਗਏ ਸਨ।
4 ਸਿੱਖ ਰੈਜੀਮੈਂਟ ਦੇ ਟੈਂਕਾਂ ਨਾਲ ਚੱਲ ਰਹੀ ਡੀ-ਕੰਪਨੀ ਨੇ ਪੁੱਲ ਤੱਕ ਪਹੁੰਚਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਪਾਕਿਸਤਾਨੀ ਫੌਜ ਨੇ ਉਹ ਪੁੱਲ ਉਡਾ ਦਿੱਤਾ ਸੀ।
ਇੱਕ ਭਾਰਤੀ ਟੈਂਕ ਪੁੱਲ ਦੇ ਪੱਛਮ ਵੱਲ ਰੇਤ 'ਚ ਫਸ ਗਿਆ ਅਤੇ ਉਸ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਬੇਕਾਰ ਹੀ ਰਹੀਆਂ ਸਨ।
ਚਾਰ ਸੇਬਰ ਜੈੱਟਾਂ ਨੇ ਕੀਤਾ ਹਮਲਾ
4 ਸਿੱਖ ਰੈਜੀਮੈਂਟ ਦੇ ਐਡਜੁਟੌਂਟ ਕੈਪਟਨ ਐੱਚ ਐੱਸ ਪਨਾਗ ਭਾਰਤੀ ਫੌਜ 'ਚ ਲੈਫਟੀਨੈਂਟ ਜਨਰਲ ਵੱਜੋਂ ਸੇਵਾ ਮੁਕਤ ਹੋਏ ਹਨ।

ਤਸਵੀਰ ਸਰੋਤ, asad saeed khan
ਉਨ੍ਹਾਂ ਨੇ ਹਾਲ 'ਚ ਪ੍ਰਕਾਸ਼ਿਤ ਹੋਈ ਆਪਣੀ ਕਿਤਾਬ 'ਦ ਇੰਡੀਅਨ ਆਰਮੀ, ਰੇਮੀਨਿਸੈਂਸੇਸ, ਰਿਫਾਰਮਸ ਐਂਡ ਰੋਮਾਂਸ' 'ਚ ਲਿਖਿਆ ਹੈ ਕਿ "22 ਨਵੰਬਰ ਨੂੰ ਜਿਵੇਂ ਹੀ ਧੁੰਦ ਦਾ ਪਰਦਾ ਹਟਿਆ, ਪਾਕ ਹਵਾਈ ਫੌਜ ਦੇ ਚਾਰ ਸੇਬਰ ਲੜਾਕੂ ਜਹਾਜ਼ਾਂ ਨੇ 4 ਸਿੱਖ ਰੈਜੀਮੈਂਟ ਦੇ ਠਿਕਾਣਿਆਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾ ਮਕਸਦ ਸੀ ਕਿ ਪੁੱਲ ਦੇ ਨੇੜੇ ਫਸੇ ਭਾਰਤੀ ਟੈਂਕਾਂ ਨੂੰ ਨਸ਼ਟ ਕੀਤਾ ਜਾਵੇ।"
"ਅਸੀਂ ਵਾਰ-ਵਾਰ ਆਪਣੀ ਹਵਾਈ ਫੌਜ ਤੋਂ ਏਅਰ ਕਵਰ ਦੀ ਮੰਗ ਕਰ ਰਹੇ ਸੀ, ਪਰ ਸਾਡੀ ਇਹ ਮੰਗ ਇਸ ਲਈ ਨਹੀਂ ਮੰਨੀ ਜਾ ਰਹੀ ਸੀ, ਕਿਉਂਕਿ ਅਜੇ ਜੰਗ ਦਾ ਰਸਮੀ ਐਲਾਨ ਨਹੀਂ ਹੋਇਆ ਸੀ।''

ਤਸਵੀਰ ਸਰੋਤ, westland
''ਅਸੀਂ ਆਪਣੇ ਬਚਾਅ ਲਈ ਸਿਰਫ਼ ਹਲਕੇ ਹਥਿਆਰਾਂ, ਜਿਵੇਂ ਮਸ਼ੀਨਗਨ ਅਤੇ ਹਲਕੀ ਮਸ਼ੀਨ ਗਨ ਆਦਿ ਨਾਲ ਹੀ ਲੜਾਕੂ ਜਹਾਜ਼ਾਂ ਨੂੰ ਨਿਸ਼ਾਨੇ 'ਤੇ ਲੈਣ ਦਾ ਯਤਨ ਕਰ ਰਹੇ ਸੀ।"
ਕੁਝ ਹੀ ਸਮੇਂ 'ਚ ਸੇਬਰ ਲੜਾਕੂ ਜਹਾਜ਼ਾਂ ਨੂੰ ਟੱਕਰ ਦੇਣ ਲਈ ਨੈਟ ਹਵਾਈ ਜਹਾਜ਼ਾਂ ਨੇ ਮੋਰਚਾ ਸੰਭਾਲਿਆ
ਉਸ ਵੇਲੇ ਦਮਦਮ ਹਵਾਈ ਠਿਕਾਣੇ 'ਤੇ ਫਲਾਇੰਗ ਅਫ਼ਸਰ ਡਾਨ ਲਜ਼ਾਰੁਸ ਅਤੇ ਫਲਾਇੰਗ ਅਫ਼ਸਰ ਸੁਨੀਥ ਸੁਆਰੇਸ ਦੋਵੇਂ ਹੀ ਸਕ੍ਰੈਬਲ ਖੇਡ ਰਹੇ ਸਨ।
ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
2 ਵੱਜ ਕੇ 27 ਮਿੰਟ 'ਤੇ ਦਮਦਮ ਹਵਾਈ ਏਅਰਬੇਸ ਦਾ ਸਾਇਰਨ ਵੱਜਿਆ। ਲਜ਼ਾਰੁਸ ਅਤੇ ਸੁਨੀਥ ਨੇ ਆਪਣੀ ਸਕ੍ਰੈਬਲ ਦੀ ਖੇਡ ਵਿਚਾਲੇ ਹੀ ਛੱਡੀ ਅਤੇ ਆਪਣੇ ਨੈਟ ਲੜਾਕੂ ਜਹਾਜ਼ਾਂ ਵੱਲ ਦੌੜ ਪਏ।
ਦੂਜੇ ਪਾਸੇ ਫਲਾਈਟ ਲੈਫ਼ਟੀਨੈਂਟ ਰਾਏ ਮੈਸੀ ਅਤੇ ਐਮ ਏ ਗਣਪਤੀ ਵੀ ਆਪਣੇ ਜਹਾਜ਼ਾਂ ਵੱਲ ਭੱਜੇ।

ਤਸਵੀਰ ਸਰੋਤ, bharatrakshak.com
ਜਿਸ ਇਲਾਕੇ 'ਚ 4 ਸਿੱਖ ਰੈਜੀਮੈਂਟ 'ਤੇ ਪਾਕਿਸਤਾਨੀ ਲੜਾਕੂ ਜਹਾਜ਼ ਹਮਲਾ ਕਰ ਰਹੇ ਸਨ, ਉਹ ਖੇਤਰ ਦਮਦਮ ਏਅਰਬੇਸ ਤੋਂ ਲਗਭਗ 50 ਮੀਲ ਉੱਤਰ-ਪੂਰਬ ਵੱਲ ਸੀ।
ਇੰਨ੍ਹਾਂ ਚਾਰਾਂ ਨੈਟ ਜਹਾਜ਼ਾਂ ਨੂੰ ਉੱਥੇ ਪਹੁੰਚਣ 'ਚ 8 ਤੋਂ 9 ਮਿੰਟ ਦਾ ਸਮਾਂ ਲੱਗਿਆ। ਉਸ ਸਮੇਂ ਕੈਪਟਨ ਪਨਾਗ ਆਪਣੇ ਠਿਕਾਨਿਆਂ 'ਤੇ ਰਸਦ ਦਾ ਮੁਆਇਨਾ ਕਰਕੇ ਆਪਣੀ ਜੀਪ ਰਾਹੀਂ ਵਾਪਸ ਪਰਤ ਰਹੇ ਸਨ।
ਪਨਾਗ ਉਸ ਦਿਨ ਨੂੰ ਯਾਦ ਕਰਦੇ ਹੋਏ ਦੱਸਦੇ ਹਨ, "ਮੈਂ ਵੇਖਿਆ ਕਿ ਤਕਰੀਬਨ 3 ਵਜੇ ਤਿੰਨ ਸੇਬਰਸ ਲੜਾਕੂ ਜਹਾਜ਼ ਪਹਿਲਾਂ 1800 ਫੁੱਟ ਦੀ ਉਚਾਈ 'ਤੇ ਗਏ ਅਤੇ ਫਿਰ ਬੰਬ ਸੁੱਟਣ ਦੇ ਮਕਸਦ ਨਾਲ 500 ਫੁੱਟ ਹੇਠਾਂ ਵੱਲ ਨੂੰ ਆਏ।"
"ਫਿਰ ਮੇਰਾ ਧਿਆਨ ਉਨ੍ਹਾਂ ਚਾਰ ਜਹਾਜ਼ਾਂ ਵੱਲ ਗਿਆ ਜੋ ਪੂਰਬ ਵੱਲੋਂ ਆਏ ਸੀ ਤੇ ਸਿਰਫ਼ ਦਰਖ਼ਤ ਦੀ ਉਚਾਈ 'ਤੇ ਉੱਡਦੇ ਹੋਏ ਮੇਰੇ ਉਪਰੋਂ ਦੀ ਲੰਘ ਗਏ। ਉਹ ਇੰਨ੍ਹੀ ਤੇਜ਼ੀ ਨਾਲ ਮੇਰੇ ਕੋਲੋਂ ਦੀ ਨਿਕਲੇ ਕੇ ਮੇਰੀ ਜੀਪ ਵੀ ਹਿੱਲ ਗਈ ਸੀ।"

ਤਸਵੀਰ ਸਰੋਤ, bharatrakshak.com
"ਪਹਿਲਾਂ ਤਾਂ ਮੈਨੂੰ ਲੱਗਿਆ ਕਿ ਕਿਤੇ ਪਾਕਿਸਤਾਨ ਦੀ ਹਵਾਈ ਫੌਜ ਨੇ ਸਾਨੂੰ ਰੋਕਣ ਲਈ ਆਪਣੀ ਪੂਰੀ ਸਕੁਐਡਨ ਸਾਡੇ 'ਤੇ ਹੀ ਤਾਂ ਨਹੀਂ ਲਗਾ ਦਿੱਤੀ। ਪਰ ਮੈਂ ਵੇਖਿਆ ਕਿ ਉਹ ਚਾਰੇ ਹੀ ਜਹਾਜ਼ ਇੱਕ ਪੈਟਰਨ 'ਚ ਵੱਖੋ-ਵੱਖ ਹੋ ਗਏ ਅਤੇ ਇੱਕ-ਇੱਕ ਸੇਬਰ ਜਹਾਜ਼ ਦੇ ਪਿੱਛੇ ਲੱਗ ਗਏ ਸਨ।"
"ਸੇਬਰਸ ਨੂੰ ਪਤਾ ਹੀ ਨਹੀਂ ਲੱਗਿਆ ਸੀ ਕਿ ਨੈਟ ਲੜਾਕੂ ਜਹਾਜ਼ ਵੀ ਜੰਗ ਦੇ ਮੈਦਾਨ 'ਚ ਉਤਰ ਆਏ ਹਨ। ਪਰ ਮੈਨੂੰ ਇਸ ਦਾ ਅੰਦਾਜ਼ਾ ਹੋ ਗਿਆ ਸੀ ਅਤੇ ਮੈਂ ਆਪਣੀ ਜੀਪ ਰੋਕ ਕੇ ਇਹ ਹਵਾਈ ਲੜਾਈ ਵੇਖਣ ਲੱਗ ਪਿਆ।"
ਮੈਸੀ ਨੇ ਪਹਿਲਾ ਬਰਸਟ ਫਾਇਰ ਕੀਤਾ
ਹਵਾਈ ਫੌਜ ਦੇ ਮਸ਼ਹੂਰ ਇਤਿਹਾਸਕਾਰ ਪੀ ਵੀ ਐਸ ਜਗਮੋਹਨ ਅਤੇ ਸਮੀਰ ਚੋਪੜਾ ਨੇ ਆਪਣੀ ਕਿਤਾਬ 'ਈਗਲਜ਼ ਓਵਰ ਬੰਗਲਾਦੇਸ਼' 'ਚ ਲਿਖਿਆ, "ਸਭ ਤੋਂ ਪਹਿਲਾਂ ਸੇਬਰਸ 'ਤੇ ਸੁਆਰੇਸ ਦੀ ਨਜ਼ਰ ਪਈ ਸੀ, ਜੋ ਕਿ ਉਨ੍ਹਾਂ ਤੋਂ ਸਭ ਤੋਂ ਦੂਰ ਸਨ। ਮੈਸੀ ਅਤੇ ਗਣਪਤੀ ਉਨ੍ਹਾਂ ਤੋਂ ਡੇਢ ਕਿਮੀ. ਦੀ ਦੂਰੀ 'ਤੇ ਫਾਈਟਿੰਗ ਪੋਜ਼ੀਸ਼ਨ 'ਚ ਉੱਡ ਰਹੇ ਸਨ।"
"ਸੁਆਰੇਸ ਰੇਡਿਓ 'ਤੇ ਜ਼ੋਰ ਨਾਲ ਬੋਲੇ 'ਕਨਟੈਕਟ' ਅਤੇ ਫਿਰ ਕੋਡਵਰਡ 'ਚ ਬੋਲੇ 'ਗਾਨਾ ਡਾਨੀ' ਮਤਲਬ ਕਿ ਸੇਬਰ ਤੁਹਾਡੇ ਸੱਜੇ ਪਾਸੇ 4 ਹਜ਼ਾਰ ਫੁੱਟ ਦੀ ਉੱਚਾਈ 'ਤੇ ਹੈ, ਪਰ ਗਣਪਤੀ ਨੂੰ ਫਿਰ ਵੀ ਸੇਬਰ ਨਾ ਵਿਖਾਈ ਦਿੱਤਾ। ਸੁਆਰੇਸ ਫਿਰ ਆਪਣੇ ਰੇਡਿਓ 'ਤੇ ਜ਼ੋਰ ਨਾਲ ਬੋਲੇ, 'ਏਅਰਕ੍ਰਾਫਟ ਐਟ ਟੂ ਓ ਕਲਾਕ, ਮੂਵਿੰਗ ਟੂ ਵਨ ਓ ਕਲਾਕ, 3 ਕਿਮੀ. ਅਹੈੱਡ।"

ਤਸਵੀਰ ਸਰੋਤ, harper collins
ਇਸ ਦੌਰਾਨ ਮੈਸੀ ਨੇ ਸੇਬਰ ਨੂੰ ਵੇਖ ਲਿਆ ਅਤੇ ਉਸ ਨੇ 800 ਗਜ਼ ਦੀ ਦੂਰੀ ਤੋਂ ਸੇਬਰ 'ਤੇ ਆਪਣੀ ਕੈਨਨ ਨਾਲ ਪਹਿਲਾ ਬਰਸਟ ਫ਼ਾਇਰ ਕੀਤਾ।
ਲਜ਼ਾਰੁਸ ਨੇ 150 ਗਜ਼ ਦੀ ਦੂਰੀ ਤੋਂ ਸੇਬਰ ਨੂੰ ਨਿਸ਼ਾਨੇ 'ਤੇ ਲਿਆ
ਭਾਰਤੀ ਚਾਰ ਨੈਟ ਜਹਾਜ਼ਾਂ 'ਚੋਂ ਇੱਕ ਦੇ ਚਾਲਕ ਫਲਾਇੰਗ ਅਫ਼ਸਰ ਲਜ਼ਾਰੁਸ, ਜੋ ਕਿ ਮੌਜੂਦਾ ਸਮੇਂ ਮਲੇਸ਼ੀਆ 'ਚ ਹਨ, ਉਨ੍ਹਾਂ ਨੂੰ ਅੱਜ ਵੀ ਉਹ ਜੰਗ ਚੰਗੀ ਤਰ੍ਹਾਂ ਨਾਲ ਯਾਦ ਹੈ।
ਇਹ ਵੀ ਪੜ੍ਹੋ:
ਉਹ ਦੱਸਦੇ ਹਨ, "ਫਿਰ ਮੇਰੀ ਨਜ਼ਰ ਤੀਜੇ ਸੇਬਰ 'ਤੇ ਪਈ ਅਤੇ ਮੈਂ ਉਸ ਦੇ ਪਿੱਛੇ ਆਪਣਾ ਨੈਟ ਲਗਾ ਦਿੱਤਾ। 150 ਗਜ਼ ਦੀ ਦੂਰੀ ਤੋਂ ਮੈਂ ਉਸ 'ਤੇ ਨਿਸ਼ਾਨਾ ਸਾਧਿਆ। ਇਹ ਛੋਟਾ ਬਰਸਟ/ਧਮਾਕਾ ਸੀ। ਮੇਰੀ ਕੈਨਨ 'ਚੋਂ ਸਿਰਫ 12 ਹੀ ਗੋਲੀਆਂ ਨਿਕਲੀਆਂ ਸਨ ਕਿ ਸੇਬਰ ਨੂੰ ਅੱਗ ਲੱਗ ਗਈ।"
"ਮੈਂ ਰੇਡਿਓ 'ਤੇ ਬੋਲਿਆ 'ਆਈ ਗਾਟ ਹਿਮ, ਆਈ ਗਾਟ ਹਿਮ'। ਮੇਰੇ ਜਹਾਜ਼ ਦੇ ਬਿਲਕੁੱਲ ਨਜ਼ਦੀਕ ਹੀ ਸੇਬਰ 'ਚ ਧਮਾਕਾ ਹੋਇਆ ਸੀ। ਜਿਸ ਕਰਕੇ ਸੇਬਰ ਦੇ ਮਲਬੇ ਦਾ ਕੁਝ ਹਿੱਸਾ ਮੇਰੇ ਜਹਾਜ਼ ਦੀ 'ਨੋਜ਼ ਕੋਨ' ਅਤੇ 'ਡ੍ਰਾਪ ਟੈਂਕਸ' ਨਾਲ ਜੁੜ ਗਿਆ ਸੀ।"

ਤਸਵੀਰ ਸਰੋਤ, don lazarus
ਦੂਜੇ ਪਾਸੇ ਜਦੋਂ ਮੈਸੀ ਨੇ ਆਪਣਾ ਦੂਜਾ ਹਮਲਾ ਕੀਤਾ ਤਾਂ ਉਨ੍ਹਾਂ ਦੀ ਕੈਨਨ ਜਾਮ ਹੋ ਗਈ। ਪਰ ਉਨ੍ਹਾਂ ਦਾ ਤੀਜਾ ਬਰਸਟ ਸੇਬਰ ਦੇ 'ਪੋਰਟ ਵਿੰਗ' 'ਚ ਜਾ ਕੇ ਲੱਗਿਆ ਅਤੇ ਉਸ 'ਚ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਮੈਸੀ ਨੇ ਰੇਡਿਓ 'ਤੇ ਜਹਾਜ਼ ਨਸ਼ਟ ਕਰਨ ਦਾ ਕੋਡ ਵਰਡ ਕਿਹਾ, 'ਮਰਡਰ, ਮਰਡਰ'।
ਪਨਾਗ ਨੇ ਪਾਕਿਸਤਾਨੀ ਪਾਇਲਟ ਨੂੰ ਮਾਰ ਤੋਂ ਬਚਾਇਆ
ਇਸ ਪੂਰੇ ਨਜ਼ਾਰੇ ਨੂੰ ਕੈਪਟਨ ਪਨਾਗ ਜ਼ਮੀਨ ਤੋਂ ਵੇਖ ਰਹੇ ਸਨ। ਉਨ੍ਹਾਂ ਵੇਖਿਆ ਕਿ ਦੋ ਸੇਬਰ ਜੈੱਟ ਹੇਠਾਂ ਧਰਤੀ ਵੱਲ ਡਿੱਗ ਰਹੇ ਹਨ ਅਤੇ ਦੋ ਪੈਰਾਸ਼ੂਟ ਖੁੱਲ੍ਹੇ ਹਨ ਤੇ ਉਹ ਉਨ੍ਹਾਂ ਦੇ ਫੌਜੀਆਂ ਵੱਲ ਆ ਰਹੇ ਹਨ।

ਤਸਵੀਰ ਸਰੋਤ, bharatrakshak.com
ਪਨਾਗ ਦੱਸਦੇ ਹਨ, "ਸਾਡੇ ਜਵਾਨ ਆਪੋ ਆਪਣੇ ਬੰਕਰਾਂ 'ਚੋਂ ਬਾਹਰ ਆ ਗਏ ਅਤੇ ਡਿੱਗ ਰਹੇ ਪੈਰਾਸ਼ੂਟਾਂ ਵੱਲ ਭੱਜੇ। ਮੈਨੂੰ ਮਹਿਸੂਸ ਹੋਇਆ ਕਿ ਲੜਾਈ ਦੇ ਜੋਸ਼ 'ਚ ਸਾਡੇ ਜਵਾਨ ਪਾਕਿਸਤਾਨੀ ਪਾਇਲਟਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।"
"ਪਹਿਲਾਂ ਮੈਂ ਆਪਣੀ ਜੀਪ ਉਸ ਪਾਸੇ ਵੱਲ ਨੂੰ ਭਜਾਈ ਅਤੇ ਫਿਰ ਜੀਪ ਰੋਕ ਕੇ ਤੇਜ਼ੀ ਨਾਲ ਉਧਰ ਵੱਲ ਨੂੰ ਦੋੜ੍ਹਿਆ। ਮੈਂ ਜਦੋਂ ਉਨ੍ਹਾਂ ਤੋਂ ਮਹਿਜ਼ 50 ਗਜ਼ ਹੀ ਦੂਰ ਸੀ ਤਾਂ ਮੈਂ ਵੇਖਿਆ ਕਿ ਸਾਡੇ ਜਵਾਨਾਂ ਨੇ ਪਾਇਲਟ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਸੀ। ਮੈਂ ਜ਼ੋਰ ਨਾਲ ਆਵਾਜ਼ ਦਿੱਤੀ ਅਤੇ ਆਪਣੇ ਫੌਜੀਆਂ ਨੂੰ ਰੁਕਣ ਲਈ ਕਿਹਾ। ਜਵਾਨਾਂ ਦੇ ਗੁੱਸੇ ਤੋਂ ਮੈਂ ਉਸ ਨੂੰ ਬਚਾਇਆ ਸੀ।"
ਬਟੂਏ 'ਚ ਪਤਨੀ ਦੀ ਤਸਵੀਰ
ਉਸ ਪਾਇਲਟ ਨੂੰ ਮਾਰਚ ਕਰਵਾ ਕੇ ਬਟਾਲੀਅਨ ਦੇ ਹੈੱਡਕੁਆਰਟਰ ਤੱਕ ਲਿਆਂਦਾ ਗਿਆ।
ਪਨਾਗ ਦੱਸਦੇ ਹਨ, "ਪਹਿਲਾਂ ਤਾਂ ਮੈਂ ਪਾਇਲਟ ਦੇ ਮੱਥੇ 'ਤੇ ਲੱਗੀ ਸੱਟ ਦੀ ਮਰਹਮ ਪੱਟੀ ਕਰਵਾਈ ਅਤੇ ਫਿਰ ਉਸ ਲਈ ਚਾਹ ਮੰਗਵਾਈ। ਉਸ ਪਾਇਲਟ ਦਾ ਨਾਂਅ ਫਲਾਈਟ ਲੈਫਟੀਨੈਂਟ ਪਰਵੇਜ਼ ਮੇਂਹਦੀ ਕੁਰੈਸ਼ੀ ਸੀ।"
"ਉਨ੍ਹਾਂ ਦਾ ਕਦ ਕਾਠ ਲੰਬਾ ਅਤੇ ਉਹ ਸੋਹਣੇ ਸੁਨੱਖੇ ਸਨ। ਉਹ ਪਹਿਲਾਂ ਕੁਝ ਘਬਰਾਏ ਹੋਏ ਸੀ ਕਿਉਂਕਿ ਉਨ੍ਹਾਂ ਨਾਲ ਥੋੜ੍ਹੀ ਕੁੱਟ-ਮਾਰ ਹੋ ਗਈ ਸੀ। ਪਰ ਬਾਅਦ 'ਚ ਉਹ ਬਹੁਤ ਹੀ ਹੌਂਸਲੇ ਨਾਲ ਪੇਸ਼ ਆਏ।"
"ਉਹ ਢਾਕਾ ਸਥਿਤ ਪਾਕਿਸਤਾਨੀ ਹਵਾਈ ਫੌਜ ਦੀ 14ਵੀਂ ਸਕੁਐਡਰਨ ਦੇ ਸਕੁਐਡਰਨ ਕਮਾਂਡਰ ਸਨ। ਉਨ੍ਹਾਂ ਨੂੰ ਪਾਕਿਸਤਾਨ ਏਅਰਫੋਰਸ ਅਕਾਦਮੀ ਵੱਲੋਂ 'ਸਵਾਰਡ ਆਫ਼ ਆਨਰ' ਮਤਲਬ ਸਰਬੋਤਮ ਏਅਰ ਸੈਨਿਕ ਹੋਣ ਦਾ ਖ਼ਿਤਾਬ ਹਾਸਲ ਹੋਇਆ ਸੀ।"

"ਮੈਂ ਉਨ੍ਹਾਂ ਦੇ ਬਟੂਏ ਦੀ ਤਲਾਸ਼ੀ ਲਈ, ਉਸ 'ਚ ਉਨ੍ਹਾਂ ਦੀ ਪਤਨੀ ਦੀ ਤਸਵੀਰ ਸੀ। ਮੈਂ ਉਨ੍ਹਾਂ ਨੂੰ ਉਹ ਤਸਵੀਰ ਵਾਪਸ ਦੇ ਦਿੱਤੀ ਅਤੇ ਉਨ੍ਹਾਂ ਤੋਂ ਹਾਸਲ ਬਾਕੀ ਸਮਾਨ ਦੀ ਸੂਚੀ ਬਣਾਈ। ਜਿਸ 'ਚ ਇੱਕ ਘੜੀ, 9 ਐਮਐਮ ਦੀ ਪਿਸਤੌਲ, 20 ਰਾਊਂਡ ਗੋਲੀਆਂ ਅਤੇ ਉਨ੍ਹਾਂ ਦੀ ਸਰਵਾਈਵਲ ਕਿੱਟ ਸ਼ਾਮਲ ਸੀ।"
"ਫਿਰ ਮੈਂ ਉਨ੍ਹਾਂ ਨੂੰ ਕਿਹਾ ਕਿ ਹੁਣ ਤੁਸੀਂ ਜੰਗੀ ਕੈਦੀ ਹੋ ਅਤੇ ਤੁਹਾਡੇ ਨਾਲ ਜਨੇਵਾ ਸੰਧੀ ਦੇ ਤਹਿਤ ਹੀ ਵਿਵਹਾਰ ਕੀਤਾ ਜਾਵੇਗਾ। ਜਦੋਂ ਉਨ੍ਹਾਂ ਨੂੰ ਸਾਡੇ ਬ੍ਰਿਗੇਡ ਮੁੱਖ ਦਫ਼ਤਰ ਤੋਂ ਲਿਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਇੱਕ ਵੀ ਸ਼ਬਦ ਨਹੀਂ ਕਿਹਾ, ਪਰ ਮੈਂ ਉਨ੍ਹਾਂ ਦੀਆਂ ਨਮ ਅੱਖਾਂ ਪੜ੍ਹ ਲਈਆਂ ਸਨ, ਜਿਵੇਂ ਉਹ ਮੈਨੂੰ ਧੰਨਵਾਦ ਕਹਿਣਾ ਚਾਹੁੰਦੇ ਸਨ।"
ਇਸ ਘਟਨਾ ਤੋਂ ਅਗਲੇ ਹੀ ਦਿਨ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜਨਰਲ ਯਾਹੀਆ ਖ਼ਾਨ ਨੇ ਪਾਕਿਸਤਾਨ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ।
ਫਿਰ ਉਨ੍ਹਾਂ ਨੇ ਦੋ ਦਿਨ ਬਾਅਦ ਹੀ 25 ਨਵੰਬਰ ਨੂੰ ਬਿਆਨ ਦਿੱਤਾ, "ਦੱਸ ਦਿਨਾਂ ਦੇ ਅੰਦਰ-ਅੰਦਰ ਸਾਡੀਆਂ ਫੌਜਾਂ ਭਾਰਤ ਖ਼ਿਲਾਫ ਜੰਗ ਦੇ ਮੈਦਾਨ 'ਚ ਹੋਣਗੀਆਂ।"
ਦਮਦਮ ਏਅਰਬੇਸ 'ਤੇ ਪਾਇਲਟਾਂ ਦਾ ਬੇਮਿਸਾਲ ਸਵਾਗਤ
ਇਹ ਪੂਰੀ ਹਵਾਈ ਲੜਾਈ ਸਿਰਫ 2-3 ਮਿੰਟਾਂ 'ਚ ਖ਼ਤਮ ਹੋ ਗਈ ਸੀ। ਜਦੋਂ ਭਾਰਤੀ ਨੈਟ ਲੜਾਕੂ ਜਹਾਜ਼ ਦਮਦਮ ਏਅਰਬੇਸ 'ਤੇ ਪਹੁੰਚੇ ਤਾਂ ਉਨ੍ਹਾਂ ਦੇ ਸਵਾਗਤ 'ਚ ਪੂਰਾ ਏਅਰ ਬੇਸ ਉੱਥੇ ਮੌਜੂਦ ਸੀ।
ਲਜ਼ਾਰੁਸ ਯਾਦ ਕਰਦੇ ਹਨ, "ਸਾਡੇ ਫਾਰਮੇਸ਼ਨ ਦਾ ਕਾਲ ਸਾਈਨ 'ਕਾਕਟੇਲ' ਸੀ। ਉਨ੍ਹਾਂ ਨੇ ਪੁੱਛਿਆ 'ਕਾਕਟੇਲ 1'? ਉਨ੍ਹਾਂ ਨੇ ਕਿਹਾ 'ਮਰਡਰ, ਮਰਡਰ', ਜਿਸ ਦਾ ਮਤਲਬ ਸੀ ਕਿ ਉਨ੍ਹਾਂ ਨੇ ਇੱਕ ਜਹਾਜ਼ ਨਿਸ਼ਾਨੇ 'ਤੇ ਲੈ ਲਿਆ ਹੈ। ਕਾਕਟੇਲ 2 ਨੇ ਕਿਹਾ 'ਨੈਗੇਟਿਵ' ਅਤੇ ਕਾਕਟੇਲ 3 ਨੇ ਕਿਹਾ 'ਮਰਡਰ ਮਰਡਰ' ਅਤੇ ਮੈਂ ਵੀ ਕਿਹਾ ਸੀ 'ਮਰਡਰ, ਮਰਡਰ'। ਇਹ ਜਾਣਕਾਰੀ ਸਾਡੇ ਬੇਸ 'ਤੇ ਉਤਰਨ ਤੋਂ ਪਹਿਲਾਂ ਹੀ ਉੱਥੇ ਪਹੁੰਚ ਗਈ ਸੀ।"
"ਜਦੋਂ ਅਸੀਂ ਬੇਸ 'ਤੇ ਉਤਰੇ ਤਾਂ ਲੋਕਾਂ ਨੇ ਸਾਡੇ ਜਹਾਜ਼ਾਂ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਸੀ। ਵੈਸੇ ਤਾਂ ਪਾਇਲਟ ਜਹਾਜ਼ ਤੋਂ ਬਾਹਰ ਆਉਣ ਲਈ ਪੌੜੀ ਦੀ ਵਰਤੋਂ ਕਰਦਾ ਹੈ ਪਰ ਨੈਟ ਲੜਾਕੂ ਜਹਾਜ਼ ਬਹੁਤ ਛੋਟੇ ਹੁੰਦੇ ਹਨ ਅਤੇ ਅਸੀਂ ਕੁੱਦ ਕੇ ਹੀ ਬਾਹਰ ਆ ਜਾਂਦੇ ਹਾਂ, ਪਰ ਉਸ ਦਿਨ ਤਾਂ ਸਾਨੂੰ ਥੱਲ੍ਹੇ ਉਤਰਨ ਹੀ ਨਹੀਂ ਦਿੱਤਾ ਗਿਆ ਸੀ। ਸਾਡੇ ਸਾਥੀਆਂ ਨੇ ਸਾਨੂੰ ਆਪਣੇ ਮੋਢਿਆ 'ਤੇ ਚੁੱਕ ਕੇ ਹੇਠਾਂ ਲਾਇਆ ਸੀ।"

ਤਸਵੀਰ ਸਰੋਤ, don lazarus
ਫਿਰ ਉਹ ਪਾਇਲਟ ਸਾਰਿਆਂ ਦੇ ਨਾਇਕ ਬਣ ਗਏ ਅਤੇ ਜਿੱਥੇ ਵੀ ਉਹ ਜਾਂਦੇ ਲੋਕ ਉਨ੍ਹਾਂ ਨੂੰ ਘੇਰ ਲੈਂਦੇ। ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਪੀਸੀ ਲਾਲ ਇੰਨ੍ਹਾਂ ਹਵਾਈ ਜਵਾਨਾਂ ਨੂੰ ਵਧਾਈ ਦੇਣ ਲਈ ਖਾਸ ਤੌਰ 'ਤੇ ਕੋਲਕਾਤਾ ਗਏ ਸਨ।
ਉਨ੍ਹਾਂ ਕਿਹਾ, "ਅਸੀਂ ਰਸਮੀ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਵਾਈ ਲੜਾਈ ਫ਼ਤਿਹ ਕਰ ਲਈ ਹੈ।"
ਕੁਝ ਦਿਨਾਂ ਬਾਅਦ, ਰੱਖਿਆ ਮੰਤਰੀ ਜਗਜੀਵਨ ਰਾਮ ਅਤੇ ਪੂਰਬੀ ਹਵਾਈ ਫੌਜ ਕਮਾਂਡ ਦੇ ਮੁਖੀ ਏਅਰ ਮਾਰਸ਼ਲ ਦੇਵਾਨ ਵੀ ਇੰਨ੍ਹਾਂ ਚਾਰਾਂ ਪਾਇਲਟਾਂ, ਫਲਾਈਟ ਕੰਟਰੋਲਰ ਦੇ ਬੀ ਬਾਗਚੀ ਅਤੇ ਉਨ੍ਹਾਂ ਦੇ ਕਮਾਂਡਿੰਗ ਅਫ਼ਸਰ ਨੂੰ ਵਧਾਈ ਦੇਣ ਲਈ ਖਾਸ ਤੌਰ 'ਤੇ ਦਮਦਮ ਏਅਰਬੇਸ 'ਤੇ ਪਹੁੰਚੇ ਸਨ।

ਤਸਵੀਰ ਸਰੋਤ, BHARATRAKSHAK.COM
ਉਨ੍ਹਾਂ ਨੇ ਫੁੱਲਾਂ ਦੇ ਹਾਰਾਂ ਨਾਲ ਇੰਨ੍ਹਾਂ ਦਾ ਸਵਾਗਤ ਕੀਤਾ ਅਤੇ ਨੈਟ ਜਹਾਜ਼ 'ਤੇ ਚੜ੍ਹ ਕੇ ਉਨ੍ਹਾਂ ਨਾਲ ਤਸਵੀਰ ਵੀ ਖਿਚਵਾਈ।
ਪਰਵੇਜ਼ ਕੁਰੈਸ਼ੀ ਮੇਂਹਦੀ ਪਾਕਿਸਤਾਨ ਹਵਾਈ ਫੌਜ ਦੇ ਮੁਖੀ ਬਣੇ
ਇਸ ਲੜਾਈ 'ਚ ਹਿੱਸਾ ਲੈਣ ਵਾਲੇ ਪਾਇਲਟ ਮੈਸੀ, ਗਣਪਤੀ ਅਤੇ ਲਜ਼ਾਰੁਸ ਅਤੇ ਫਲਾਈਟ ਕੰਟਰੋਲਰ ਬਾਗਚੀ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਪਰਵੇਜ਼ ਕੁਰੈਸ਼ੀ ਮੇਂਹਦੀ ਤਕਰੀਬਨ ਡੇਢ ਸਾਲ ਤੱਕ ਗਵਾਲੀਅਰ ਦੀ ਜੇਲ੍ਹ 'ਚ ਜੰਗੀ ਕੈਦੀ ਵਜੋਂ ਰਹੇ।
ਸਾਲ 1997 'ਚ ਪਰਵੇਜ਼ ਕੁਰੈਸ਼ੀ ਮੇਂਹਦੀ ਨੂੰ ਪਾਕਿਸਤਾਨ ਹਵਾਈ ਫੌਜ ਦਾ ਮੁਖੀ ਬਣਾਇਆ ਗਿਆ।
ਇਸ ਅਹੁਦੇ 'ਤੇ ਉਨ੍ਹਾਂ ਨੇ ਤਿੰਨ ਸਾਲ ਤੱਕ ਸੇਵਾਵਾਂ ਨਿਭਾਈਆਂ। ਜਦੋਂ ਸਾਲ 1999 ਵਿੱਚ ਅਟਲ ਬਿਹਾਰੀ ਵਾਜਪਾਈ ਪਾਕਿਸਤਾਨ ਦੌਰੇ 'ਤੇ ਸਨ, ਉਸ ਸਮੇਂ ਤਤਕਾਲੀ ਪਾਕਿਸਤਾਨੀ ਵਜ਼ੀਰੇ-ਏ-ਆਜ਼ਮ ਨਵਾਜ਼ ਸ਼ਰੀਫ ਨੇ ਮੇਂਹਦੀ ਨੂੰ ਵਾਜਪਾਈ ਨਾਲ ਮਿਲਾਇਆ ਸੀ।

ਤਸਵੀਰ ਸਰੋਤ, pakistan air force
ਬਾਅਦ 'ਚ ਖ਼ਬਰਾਂ ਆਈਆਂ ਸਨ ਕਿ ਕਾਰਗਿਲ ਜੰਗ ਦੇ ਮੁੱਦੇ 'ਤੇ ਮੇਂਹਦੀ ਦੇ ਤਤਕਾਲੀ ਥਲ ਸੈਨਾ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਨਾਲ ਮਤਭੇਦ ਪੈਦਾ ਹੋ ਗਏ ਸਨ ਅਤੇ ਉਨ੍ਹਾਂ ਨੇ ਕਾਰਗਿਲ ਜੰਗ 'ਚ ਪਾਕਿਸਤਾਨੀ ਹਵਾਈ ਫੌਜ ਨੂੰ ਸ਼ਾਮਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।
ਏਅਰ ਮਾਰਸ਼ਲ ਮੇਂਹਦੀ ਦੀ ਕਾਕਪਿਟ ਸੀਟ, ਉਨ੍ਹਾਂ ਦਾ ਪੈਰਾਸ਼ੂਟ ਅਤੇ ਸੇਬਰ ਲੜਾਕੂ ਜਹਾਜ਼ ਦੇ ਮਲਬੇ ਦੇ ਕੁਝ ਹਿੱਸੇ ਅੱਜ ਵੀ 4 ਸਿੱਖ ਰੈਜੀਮੈਂਟ ਦੇ ਹੈੱਡਕੁਆਟਰ 'ਚ ਯਾਦਗਾਰ ਵਜੋਂ ਮੌਜੂਦ ਹਨ।
ਮੇਂਹਦੀ 1971 ਦੀ ਜੰਗ ਤੋਂ ਪਹਿਲਾਂ ਦੇ ਜੰਗੀ ਕੈਦੀ ਸਨ ਅਤੇ 4 ਸਿੱਖ ਰੈਜੀਮੈਂਟ ਦੇ ਕੈਪਟਨ ਐੱਚ ਐੱਸ ਪਨਾਗ ਨੇ ਉਨ੍ਹਾਂ ਨੂੰ ਜੰਗੀ ਕੈਦੀ ਬਣਾਇਆ ਸੀ।
ਕੈਪਟਨ ਪਨਾਗ ਭਾਰਤੀ ਫੌਜ 'ਚ ਲੈਫਟੀਨੈਂਟ ਜਨਰਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਇਸ ਤੋਂ ਪਹਿਲਾਂ ਉਹ ਉੱਤਰੀ ਅਤੇ ਮੱਧ ਕਮਾਂਡ ਦੇ ਜਨਰਲ ਅਫ਼ਸਰ ਕਮਾਂਡਿੰਗ ਇਨ ਚੀਫ਼ ਵੀ ਰਹੇ ਹਨ।
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












