ਭਾਰਤ -ਪਾਕਿਸਤਾਨ ਜੰਗ 1971: ਬਾਂਹ ਤੇ ਗਰਦਨ ਨੇੜੇ ਗੋਲੀ ਲੱਗਣ ਦੇ ਬਾਵਜੂਦ ਏੱਕਾ ਨੇ ਕੂਹਣੀਆਂ ਭਾਰ ਰਿੜ ਕੇ ਜੰਗ ਦਾ ਪਾਸਾ ਪਲਟਿਆ - ਨਜ਼ਰੀਆ

ਤਸਵੀਰ ਸਰੋਤ, Bharatrakshak.com
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
2-3 ਦਸੰਬਰ, 1971 ਦੀ ਰਾਤ ਦੋ ਵਜੇ 14 ਗਾਰਡ ਦੀ ਅਲਫ਼ਾ ਅਤੇ ਬ੍ਰੇਵੋ ਕੰਪਨੀਆਂ ਨੇ ਪੂਰਬੀ ਪਾਕਿਸਤਾਨ 'ਚ ਗੰਗਾਸਾਗਰ ਵਿੱਚ ਪਾਕਿਸਤਾਨੀ ਕੰਟਰੋਲ ਵਾਲੇ ਇਲਾਕੇ ਵਿੱਚ ਮਾਰਚ ਕਰਨਾ ਸ਼ੁਰੂ ਕੀਤਾ।
ਇਹ ਥਾਂ ਅਖੌਰਾ ਰੇਲਵੇ ਸਟੇਸ਼ਨ ਤੋਂ ਚਾਰ ਕਿਲੋਮੀਟਰ ਦੂਰ ਸੀ ਅਤੇ ਬ੍ਰਾਹਮਣ ਬਰਿਆ, ਭੈਰਵ ਬਾਜ਼ਾਰ ਅਤੇ ਕਮਾਲਪੁਰ ਦੇ ਵਿਚਕਾਰ ਸੀ।
ਉਹ ਇਲਾਕਾ ਦਲਦਲੀ ਸੀ ਅਤੇ ਉੱਥੇ ਤੁਰਨ ਵਾਲੇ ਫੌਜੀਆਂ ਦੇ ਗੋਡੇ ਤੱਕ ਧਸਦੇ ਜਾ ਰਹੇ ਸਨ। ਇਸ ਲਈ ਉਨ੍ਹਾਂ ਨੂੰ ਰੇਲਵੇ ਪਟੜੀ ਦੇ ਨਾਲ-ਨਾਲ ਇੱਕ ਕਤਾਰ ਵਿੱਚ ਚੱਲਣ ਲਈ ਕਿਹਾ ਗਿਆ ਸੀ।
ਇਹ ਰੇਲ ਟਰੈਕ ਜ਼ਮੀਨ ਤੋਂ 8-10 ਫੁੱਟ ਦੀ ਉਚਾਈ 'ਤੇ ਬਣਾਇਆ ਗਿਆ ਸੀ। ਅਲਫ਼ਾ ਕੰਪਨੀ ਰੇਲਵੇ ਟਰੈਕ ਦੇ ਸੱਜੇ ਪਾਸੇ ਅਤੇ ਬ੍ਰੇਵੋ ਕੰਪਨੀ ਇਸ ਦੇ ਖੱਬੇ ਪਾਸੇ ਚੱਲ ਰਹੀ ਸੀ।
ਲਾਂਸ ਨਾਇਕ ਗੁਲਾਬ ਸਿੰਘ ਅਤੇ ਅਲਬਰਟ ਏੱਕਾ ਨੂੰ ਸਭ ਤੋਂ ਅੱਗੇ ਚੱਲਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਨ੍ਹਾਂ ਨੂੰ ਹੁਕਮ ਸਨ ਕਿ ਜਿਵੇਂ ਹੀ ਉਨ੍ਹਾਂ ਨੂੰ ਪਾਕਿਸਤਾਨੀ ਫੌਜੀ ਦਿਖਾਈ ਦੇਣ, ਉਹ ਉਨ੍ਹਾਂ 'ਤੇ ਹਮਲਾ ਬੋਲ ਦੇਣ।
ਇਸ ਇਲਾਕੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ 12 ਫਰੰਟੀਅਰਜ਼ ਫੋਰਸ ਦੀਆਂ ਤਿੰਨ ਕੰਪਨੀਆਂ ਨੂੰ ਦਿੱਤੀ ਗਈ ਸੀ।

ਮੇਜਰ ਜਨਰਲ ਇਆਨ ਕਾਰਡੋਜ਼ੋ ਆਪਣੀ ਕਿਤਾਬ 'ਪਰਮਵੀਰ ਅਵਰ ਹੀਰੋਜ਼ ਇਨ ਬੈਟਲ' ਵਿੱਚ ਲਿਖਦੇ ਹਨ, ''ਗਸ਼ਤ ਦੌਰਾਨ 14 ਗਾਰਡਜ਼ ਦੇ ਜਵਾਨਾਂ ਨੇ ਧਿਆਨ ਦਿੱਤਾ ਕਿ ਪਾਕਿਸਤਾਨੀ ਫੌਜੀ ਰੇਲਵੇ ਪੱਟੜੀ ਦੇ ਨੇੜੇ-ਤੇੜੇ ਬਿਨਾਂ ਕਿਸੇ ਫਿਕਰ ਦੇ ਘੁੰਮ ਰਹੇ ਹਨ।''
''ਉਨ੍ਹਾਂ ਨੇ ਇਸ ਨਾਲ ਅੰਦਾਜ਼ਾ ਲਗਾਇਆ ਕਿ ਉੱਥੇ ਬਾਰੂਦੀ ਸੁਰੰਗਾਂ ਨਹੀਂ ਵਿਛਾਈਆਂ ਗਈਆਂ ਹਨ। ਇਸ ਲਈ ਭਾਰਤੀ ਫੌਜੀਆਂ ਨੂੰ ਕਿਹਾ ਗਿਆ ਕਿ ਉਹ ਰੇਲਵੇ ਪਟੜੀ ਦੇ ਨਾਲ-ਨਾਲ ਹੀ ਤੁਰਨ।''
40 ਫੁੱਟ ਦੀ ਦੂਰੀ 'ਤੇ ਪਾਕਿਸਤਾਨੀਆਂ ਨੂੰ ਭਾਰਤੀ ਹਮਲੇ ਬਾਰੇ ਪਤਾ ਲੱਗਿਆ
ਬੀ ਕੰਪਨੀ ਦੇ ਕਮਾਂਡਰ ਮੇਜਰ ਓ ਪੀ ਕੋਹਲੀ ਪਟੜੀ ਦੇ ਖੱਬੇ ਪਾਸੇ, ਉਸ ਤੋਂ ਥੋੜ੍ਹਾ ਹੇਠਾਂ ਵੱਲ ਨੂੰ ਚੱਲ ਰਹੇ ਸਨ।
ਕਰਨਲ ਓ ਪੀ ਕੋਹਲੀ ਯਾਦ ਕਰਦੇ ਹਨ, ''ਸਾਰਾ ਕੁਝ ਠੀਕ ਚੱਲ ਰਿਹਾ ਸੀ ਪਰ ਉਸੇ ਵੇਲੇ ਇੱਕ ਫੌਜੀ ਦਾ ਪੈਰ ਰੇਲਵੇ ਪੱਟੜੀ 'ਤੇ ਪਾਕਿਸਤਾਨੀਆਂ ਵੱਲੋਂ ਵਿਛਾਈ ਗਈ ਟ੍ਰਿਪ ਪਲੇਅਰ ਵਾਇਰ 'ਤੇ ਪੈ ਗਿਆ।''
''ਨਤੀਜਾ ਇਹ ਹੋਇਆ ਕਿ ਅਚਾਨਕ ਹਵਾ 'ਚ ਆਤਿਸ਼ਬਾਜ਼ੀ ਜਿਹੀ ਹੋਈ ਅਤੇ ਚਾਰੇ ਪਾਸੇ ਇੰਝ ਚਾਨਣ ਪਸਰ ਗਿਆ ਜਿਵੇਂ ਦਿਨ ਚੜ੍ਹ ਆਇਆ ਹੋਵੇ।''

ਤਸਵੀਰ ਸਰੋਤ, Bharatrakshak.com
ਜਿੱਥੇ ਏੱਕਾ ਖੜ੍ਹੇ ਸਨ ਉੱਥੋਂ ਲਗਭਗ 40 ਫੁੱਟ ਦੀ ਦੂਰੀ 'ਤੇ ਪਾਕਿਸਤਾਨੀਆਂ ਦਾ ਬੰਕਰ ਸੀ, ਜਿੱਥੇ ਇੱਕ ਸੰਤਰੀ ਡਿਊਟੀ 'ਤੇ ਤਾਇਨਾਤ ਸੀ।
ਰੌਸ਼ਨੀ ਅਤੇ ਰੌਲੇ ਨਾਲ ਹੈਰਾਨ ਹੁੰਦਿਆਂ ਉਸ ਪਾਕਿਸਤਾਨੀ ਫੌਜੀ ਨੇ ਚੀਕ ਕੇ ਪੁੱਛਿਆ, 'ਕੌਣ ਹੈ ਉੱਥੇ?' ਏੱਕਾ ਨੇ ਵੀ ਉਸੇ ਤਰ੍ਹਾਂ ਗਰਜਦੀ ਹੋਈ ਆਵਾਜ਼ 'ਚ ਜਵਾਬ ਦਿੱਤਾ 'ਤੇਰਾ ਬਾਪ।'
ਇਹ ਕਹਿੰਦਿਆਂ ਹੀ ਉਨ੍ਹਾਂ ਨੇ ਭੱਜਦੇ ਹੋਏ ਉਸ ਪਾਕਿਸਤਾਨੀ ਫੌਜੀ ਦੇ ਢਿੱਡ 'ਚ ਆਪਣਾ ਬਰਛਾ ਮਾਰਿਆ।
ਅਲਬਰਟ ਏੱਕਾ ਦੀ ਬਾਂਹ ਅਤੇ ਧੌਣ 'ਚ ਵੱਜੀ ਗੋਲੀ
ਉਸ ਪਹਿਲੇ ਬੰਕਰ ਵਿੱਚ ਇੱਕ ਲਾਈਟ ਮਸ਼ੀਨ ਗਨ ਅਤੇ ਇੱਕ ਰਿਕਾਇਲੇਸ ਨਾਲ ਚਾਰ ਪਾਕਿਸਤਾਨੀ ਫੌਜੀ ਤਾਇਨਾਤ ਸਨ। ਏੱਕਾ ਦੀ ਬਾਂਹ 'ਚ ਗੋਲ਼ੀ ਵੱਜੀ ਪਰ ਉਸ ਬੰਕਰ 'ਤੇ ਭਾਰਤੀ ਫੌਜੀਆਂ ਦਾ ਕੰਟਰੋਲ ਹੋ ਗਿਆ। ਉਸ ਤੋਂ ਬਾਅਦ ਤਾਂ ਤਬਾਹੀ ਮਚ ਗਈ।
ਪਾਕਿਸਤਾਨੀ ਫੌਜੀਆਂ ਨੇ ਰੌਸ਼ਨੀ ਕਰਨ ਵਾਲੇ ਗੋਲੇ ਚਲਾ ਕੇ ਪੂਰੇ ਇਲਾਕੇ ਵਿੱਚ ਚਾਨਣ ਕਰ ਦਿੱਤਾ ਅਤੇ ਉਹ ਹਮਲਾ ਕਰਨ ਵਾਲੀਆਂ ਦੋਵੇਂ ਭਾਰਤੀ ਕੰਪਨੀਆਂ 'ਤੇ ਟੁੱਟ ਪਏ। ਇੱਥੋਂ 120 ਫੌਜੀਆਂ ਵਾਲੀਆਂ ਦੋਵੇਂ ਕੰਪਨੀਆਂ ਵੱਖੋ-ਵੱਖਰੀਆਂ ਹੋ ਗਈਆਂ।
ਏ ਕੰਪਨੀ ਅੱਗੇ ਵਧਦੀ ਗਈ ਅਤੇ ਬੀ ਕੰਪਨੀ ਤਲਾਬ ਵੱਲ ਮੁੜ ਕੇ ਇੱਕ-ਇੱਕ ਕਰਕੇ ਪਾਕਿਸਤਾਨੀਆਂ ਦੇ ਬੰਕਰਾਂ ਨੂੰ ਤਬਾਹ ਕਰਨ ਲੱਗ ਪਈ।
ਬਾਂਹ ਵਿੱਚ ਗੋਲੀ ਲੱਗਣ ਦੇ ਬਾਵਜੂਦ ਵੀ ਏੱਕਾ ਸ਼ੇਰ ਵਾਂਗ ਹਮਲਾ ਕਰ ਰਹੇ ਸਨ। ਉਹ ਮੇਜਰ ਕੋਹਲੀ ਦੇ ਨਾਲ ਤੁਰ ਰਹੇ ਸਨ ਕਿ ਉਸੇ ਵੇਲੇ ਇੱਕ ਗੋਲ਼ੀ ਉਨ੍ਹਾਂ ਦੀ ਧੌਣ ਨੂੰ ਛਿੱਲਦੇ ਹੋਏ ਨਿੱਕਲ ਗਈ।

ਕਰਨਲ ਕੋਹਲੀ ਯਾਦ ਕਰਦੇ ਹਨ, ''ਗੋਲ਼ੀ ਲੱਗਦੇ ਹੀ ਏੱਕਾ ਜ਼ਮੀਨ 'ਤੇ ਡਿੱਗ ਪਏ। ਪਰ ਤੁਰੰਤ ਹੀ ਉੱਠ ਖੜ੍ਹੇ ਹੋਏ ਅਤੇ ਮੇਰੇ ਨਾਲ-ਨਾਲ ਚੱਲਣ ਲੱਗ ਪਏ।''
''ਉਦੋਂ ਤੱਕ ਸਾਡੇ ਲੋਕ ਉਸ ਰੇਲਵੇ ਸਿਗਨਲ ਬਿਲਡਿੰਗ ਤੱਕ ਪਹੁੰਚ ਗਏ ਸਨ ਜਿੱਥੋਂ ਪਾਕਿਸਤਾਨੀ ਫੌਜੀ ਐਮਐਮਜੀ ਨਾਲ ਲਗਾਤਾਰ ਸਾਡੇ ਉੱਪਰ ਫਾਇਰਿੰਗ ਕਰ ਰਹੇ ਸਨ।''
''ਉਸ ਸਮੇਂ ਸਭ ਤੋਂ ਵੱਡੀ ਜ਼ਰੂਰਤ ਸੀ ਉਸ ਮਸ਼ੀਨ ਗਨ ਨੂੰ ਤੁਰੰਤ ਸ਼ਾਂਤ ਕਰਨਾ। ਇਸ ਥਾਂ 'ਤੇ ਹੀ ਏੱਕਾ ਨੇ ਬਹਾਦੁਰੀ ਦਾ ਨਵਾਂ ਮਾਪਦੰਡ ਸਥਾਪਿਤ ਕੀਤਾ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਏੱਕਾ ਰੇਂਗਦੇ ਹੋਏ ਰੇਲਵੇ ਸਿਗਨਲ ਬਿਲਡਿੰਗ ਤੱਕ ਪਹੁੰਚੇ
ਦ੍ਰਿਸ਼ ਨੰਬਰ ਦੋ: ਜ਼ਮੀਨ 'ਤੇ ਇੱਕ ਵਿਅਕਤੀ ਬਿਨਾਂ ਕਿਸੇ ਹਰਕਤ ਦੇ ਪਿਆ ਹੈ। ਉਸ ਦੇ ਬੂਟ ਸੁੱਕੇ ਚਿੱਕੜ ਨਾਲ ਲਿੱਬੜੇ ਹੋਏ ਹਨ ਅਤੇ ਉਹ ਮਹਿਸੂਸ ਕਰ ਸਕਦਾ ਹੈ ਕਿ ਉਸ ਦੇ ਖੱਬੇ ਪੈਰ 'ਤੇ ਇੱਕ ਕੀੜੀ ਚੱਲ ਰਹੀ ਹੈ।
ਉਹ ਇੱਕ ਇੰਚ ਵੀ ਨਹੀਂ ਹਿੱਲਦਾ। ਕੀੜੀ ਨਾਲ ਉਸ ਨੂੰ ਜ਼ਰਾ ਵੀ ਦਿੱਕਤ ਨਹੀਂ ਹੈ। ਉਸ ਦਾ ਹੱਥ ਆਪਣੀ ਧੌਣ 'ਤੇ ਜਾਂਦਾ ਹੈ।
ਉਸ ਨੂੰ ਲੱਗਦਾ ਹੈ ਕਿ ਉਸ ਉੱਪਰ ਲੱਗੀ ਕੋਈ ਚਿਪਚਿਪੀ ਜਿਹੀ ਚੀਜ਼ ਪਸੀਨਾ ਨਹੀਂ ਹੋ ਸਕਦੀ। ਰਾਤ ਦੇ ਹਨੇਰੇ ਵਿੱਚ ਲਾਂਸ ਨਾਇਕ ਅਲਬਰਟ ਏੱਕਾ ਵੇਖ ਨਹੀਂ ਸਕਦੇ ਪਰ ਸੁੰਘ ਜ਼ਰੂਰ ਸਕਦੇ ਹਨ ਕਿ ਉਨ੍ਹਾਂ ਦੀ ਧੌਣ 'ਤੇ ਲੱਗੀ ਚਿਪਚਿਪੀ ਚੀਜ਼ ਉਨ੍ਹਾਂ ਦਾ ਆਪਣਾ ਖੂਨ ਹੈ।
ਖੂਨ ਨਾਲ ਲਿੱਬੜੀ ਆਪਣੇ ਹੱਥ ਨੂੰ ਆਪਣੀ ਪੈਂਟ ਨਾਲ ਪੂੰਝਦੇ ਹੋਏ ਆਪਣੀ ਗਨ 'ਤੇ ਉਨ੍ਹਾਂ ਦੀ ਪਕੜ ਹੋਰ ਮਜ਼ਬੂਤ ਹੋ ਜਾਂਦੀ ਹੈ। ਥੋੜ੍ਹੇ ਹੀ ਸਮੇਂ ਵਿੱਚ ਸੂਰਜ ਦੀ ਪਹਿਲੀ ਕਿਰਨ ਫੁੱਟਣ ਵਾਲੀ ਹੈ। ਉਹ ਗੋਡਿਆਂ ਭਾਰ ਬੈਠਦੇ ਹਨ ਅਤੇ ਫਿਰ ਸੱਪ ਵਾਂਗ ਰੇਂਗਦੇ ਹੋਏ ਅੱਗੇ ਵਧਣਾ ਸ਼ੁਰੂ ਕਰਦੇ ਹਨ।
ਉਨ੍ਹਾਂ ਦੇ ਹੱਥ ਵਿੱਚ ਉਨ੍ਹਾਂ ਦੀ 7.62 ਰਾਈਫਲ ਹੈ। ਉਨ੍ਹਾਂ ਦੀ ਬਾਂਹ ਵਿੱਚ ਲੱਗੀ ਗੋਲ਼ੀ ਉਨ੍ਹਾਂ ਦੇ ਪੂਰੇ ਸ਼ਰੀਰ 'ਚ ਦਰਦ ਦੀ ਲਹਿਰ ਪੈਦਾ ਕਰ ਦਿੰਦੀ ਹੈ।
ਉਨ੍ਹਾਂ ਦੀ ਧੌਣ ਵਿੱਚ ਵੀ ਇੱਕ ਗੋਲ਼ੀ ਲੱਗ ਚੁੱਕੀ ਹੈ। ਪਰ ਉਹ ਦੰਦਾਂ ਨੂੰ ਘੁੱਟਦੇ ਹੋਏ ਅੱਗੇ ਵਧਦੇ ਜਾਂਦੇ ਹਨ। ਉਨ੍ਹਾਂ ਦੀ ਧੌਣ 'ਚ ਗੋਲ਼ੀ ਨਾਲ ਹੋਏ ਜ਼ਖਮ ਤੋਂ ਵਗਦਾ ਹੋਇਆ ਖੂਨ ਉਨ੍ਹਾਂ ਦੇ ਕਾਲਰ ਨੂੰ ਗਿੱਲਾ ਕਰ ਚੁੱਕਿਆ ਹੈ।
ਏੱਕਾ ਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਜਿਵੇਂ-ਜਿਵੇਂ ਉਨ੍ਹਾਂ ਦਾ ਖੂਨ ਬਾਹਰ ਨਿਕਲੇਗਾ, ਰਾਈਫਲ 'ਤੇ ਉਨ੍ਹਾਂ ਦੀ ਪਕੜ ਕਮਜ਼ੋਰ ਹੁੰਦੀ ਜਾਵੇਗੀ।
ਇਨ੍ਹਾਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਉਹ ਆਪਣਾ ਸਾਰਾ ਜ਼ੋਰ ਆਪਣੀਆਂ ਕੂਹਣੀਆਂ 'ਤੇ ਲਗਾਉਂਦੇ ਹਨ ਅਤੇ ਹਨੇਰੇ ਵਿੱਚ ਰੇਂਗਦੇ ਹੋਏ ਉਸ ਦੋ ਮੰਜ਼ਿਲਾ ਰੇਲਵੇ ਸਿਗਨਲ ਇਮਾਰਤ ਵੱਲ ਵਧਦੇ ਜਾਂਦੇ ਹਨ, ਜਿੱਥੋਂ ਪਾਕਿਸਤਾਨੀ ਫੌਜੀਆਂ ਦਾ ਜ਼ਬਰਦਸਤ ਫਾਇਰ ਉਨ੍ਹਾਂ ਵੱਲ ਆ ਰਿਹਾ ਹੈ।
ਏੱਕਾ ਨੇ ਪਾਕਿਸਤਾਨੀ ਬੰਕਰ ਵਿੱਚ ਸੁੱਟਿਆ ਹੈਂਡ ਗ੍ਰੇਨੇਡ
ਏੱਕਾ ਦੇ ਆਪਣੇ ਸਾਥੀਆਂ ਦੀਆਂ ਰਾਈਫਲਾਂ ਪਾਕਿਸਤਾਨੀ ਮਸ਼ੀਨ ਗਨਾਂ ਦੇ ਸਾਹਮਣੇ ਮੁਸ਼ਕਲ ਨਾਲ ਹੀ ਟਿਕ ਰਹੀਆਂ ਸਨ। ਇਸ ਲਈ ਇਹ ਜ਼ਰੂਰੀ ਸੀ ਕਿ ਜੇ ਆਪਰੇਸ਼ਨ ਸਫ਼ਲ ਹੋਣਾ ਹੈ ਤਾਂ ਉਨ੍ਹਾਂ ਮਸ਼ੀਨ ਗਨਾਂ ਨੂੰ ਹਮੇਸ਼ਾ ਲਈ ਚੁੱਪ ਕਰਾਉਣਾ ਪਏਗਾ।

ਤਸਵੀਰ ਸਰੋਤ, India Post
ਆਪਣੀ ਰਾਈਫਲ ਨੂੰ ਪਿੱਠ 'ਤੇ ਲਟਕਾਏ ਹੋਏ ਏੱਕਾ ਦਾ ਹੱਥ ਆਪਣੀ ਬੈਲਟ 'ਚ ਲਟਕੇ ਹੋਏ ਹੈਂਡ ਗ੍ਰੇਨੇਡ 'ਤੇ ਜਾਂਦਾ ਹੈ। ਆਪਣੇ ਦੰਦਾਂ ਨਾਲ ਉਸ ਦੀ ਪਿੰਨ ਕੱਢ ਕੇ ਏੱਕਾ ਉਸ ਗ੍ਰੇਨੇਡ ਨੂੰ ਉਸ ਇਮਾਰਤ ਦੇ ਅੰਦਰ ਇੱਕ ਛੇਕ ਰਾਹੀਂ ਹੌਲੀ ਜਿਹੇ ਸੁੱਟ ਦਿੰਦੇ ਹਨ।
ਇਸ ਤੋਂ ਪਹਿਲਾਂ ਕਿ ਪਾਕਿਸਤਾਨੀ ਫੌਜੀ ਕੁਝ ਸਮਝ ਸਕਣ, ਇੱਕ ਧਮਾਕਾ ਹੁੰਦਾ ਹੈ। ਇਸ ਵਿਸਫੋਟ ਨਾਲ ਉੱਡੇ ਮਲਬੇ ਦੇ ਟੁਕੜੇ ਏੱਕਾ ਦੀ ਛਾਤੀ ਨਾਲ ਟਕਰਾਉਂਦੇ ਹਨ ਪਰ ਪਾਕਿਸਤਾਨੀ ਫੌਜੀ ਉਸ ਦੇ ਅਸਰ ਨਾਲ ਇੰਨੀ ਜ਼ੋਰ ਨਾਲ ਟਕਰਾਉਂਦਾ ਹੈ ਕਿ ਉਸ ਦੇ ਪਰਖੱਚੇ ਉੱਡ ਜਾਂਦੇ ਹਨ। ਦੂਸਰੇ ਫੌਜੀ ਨੂੰ ਕੋਈ ਸੱਟ ਨਹੀਂ ਲੱਗਦੀ।
ਬਰਛੇ ਨਾਲ ਪਾਕਿਸਤਾਨੀ ਫੌਜੀ ਉੱਤੇ ਹਮਲਾ
ਫੌਜ ਇਤਿਹਾਸਕਾਰ ਰਚਨਾ ਬਿਸ਼ਟ ਰਾਵਤ ਆਪਣੀ ਕਿਤਾਬ 'ਦ ਬ੍ਰੇਵ ਪਰਮਵੀਰ ਚੱਕਰ ਸਟੋਰੀਜ਼' ਵਿੱਚ ਲਿਖਦੇ ਹਨ, ''ਏੱਕਾ ਪੁਰਾਣੀ ਜੰਗ ਲੱਗੀ ਪੌੜੀ ਉੱਤੇ ਚੜ੍ਹ ਕੇ ਉਸ ਭਵਨ ਵਿੱਚ ਲੰਗੜਾਉਂਦੇ ਹੋਏ ਦਾਖਲ ਹੋਏ ਅਤੇ ਬਾਰੀ ਰਾਹੀਂ ਉੱਥੇ ਕੁੱਦ ਗਏ ,ਜਿਸ ਵਿੱਚ ਉਨ੍ਹਾਂ ਨੇ ਹੈਂਡ ਗ੍ਰੇਨੇਡ ਸੁੱਟਿਆ ਸੀ।''
''ਉਨ੍ਹਾਂ ਨੇ ਮੋਢੇ ਤੋਂ ਆਪਣੀ ਰਾਈਫਲ ਉਤਾਰੀ ਅਤੇ ਉਸ ਦੇ ਚਮਕਦੇ ਹੋਏ ਬਰਛੇ ਤੋਂ ਜ਼ਿੰਦਾ ਬਚੇ ਪਾਕਿਸਤਾਨੀ ਫੌਜੀ ਉੱਤੇ ਹਮਲਾ ਬੋਲ ਦਿੱਤਾ। ਉਨ੍ਹਾਂ ਨੂੰ ਆਪਣੇ ਉਸਤਾਦ ਦੀ ਦਿੱਤਾ ਹੋਇਆ ਸਬਕ ਚੰਗੀ ਤਰ੍ਹਾਂ ਯਾਦ ਸੀ, ''ਘੋਪ ਨਿਕਾਲ, ਘੋਪ ਨਿਕਾਲ (ਮਾਰ ਤੇ ਕੱਢ, ਮਾਰ ਤੇ ਕੱਢ)।''

ਤਸਵੀਰ ਸਰੋਤ, Bharatrakshak.com
''ਜਦੋਂ ਪਾਕਿਸਤਾਨੀ ਫੌਜੀ ਡਿੱਗਿਆ ਤਾਂ ਉਸ ਦੀ ਮਸ਼ੀਨ ਗਨ ਤੋਂ ਧੂੰਆਂ ਨਿਕਲ ਰਿਹਾ ਸੀ। ਮਰੇ ਹੋਏ ਪਾਕਿਸਤਾਨੀ ਫੌਜੀ ਦੇ ਖੂਨ ਦੇ ਛਿੱਟੇ ਏੱਕਾ ਦੇ ਚਿਹਰੇ 'ਤੇ ਪਏ। ਉਨ੍ਹਾਂ ਨੇ ਉਸ ਨੂੰ ਆਪਣੀ ਵਰਦੀ ਦੇ ਨਾਲ ਪੂੰਝਿਆ। ਉਨ੍ਹਾਂ ਦੀਆਂ ਅੱਖਾਂ ਵਿੱਚ ਸਫ਼ਲਤਾ ਦਾ ਸੰਤੋਖ ਸਾਫ਼ ਪੜ੍ਹਿਆ ਜਾ ਸਕਦਾ ਸੀ।''
ਪੌੜੀਆਂ ਤੋਂ ਹੇਠਾਂ ਡਿੱਗੇ ਏੱਕਾ
ਅਲਬਰਟ ਏੱਕਾ ਦੇ ਇਸ ਕਾਰਨਾਮੇ ਨੇ ਲੜਾਈ ਦਾ ਰੁਖ਼ ਭਾਰਤੀ ਫੌਜੀਆਂ ਦੇ ਪੱਖ ਵਿੱਚ ਕਰ ਦਿੱਤਾ। ਬ੍ਰੇਵੋ ਕੰਪਨੀ ਦੇ ਕਮਾਂਡਰ ਮੇਜਰ ਓ ਪੀ ਕੋਹਲੀ 10 ਫੁੱਟ ਦੀ ਦੂਰੀ ਤੋਂ ਏੱਕਾ ਦੀ ਬਹਾਦਰੀ ਦਾ ਇਹ ਦ੍ਰਿਸ਼ ਦੇਖ ਰਹੇ ਸਨ। ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹੀ ਏੱਕਾ ਗ੍ਰੇਨੇਡ ਸੁੱਟ ਕੇ ਪੌੜੀਆਂ ਤੋਂ ਉੱਤੇ ਚੜ੍ਹੇ ਸਨ।

ਕੋਹਲੀ ਦੱਸਦੇ ਹਨ, ''ਇਹ ਸਾਰਾ ਦ੍ਰਿਸ਼ ਦੇਖ ਕੇ ਮੇਰੀ ਛਾਤੀ ਮਾਣ ਨਾਲ ਭਰ ਗਈ। ਮੈਂ ਹੇਠਾਂ ਏੱਕਾ ਦੇ ਉਸ ਭਵਨ ਤੋਂ ਬਾਹਰ ਨਿਕਲਣ ਦਾ ਇੰਤਜ਼ਾਰ ਕਰ ਰਿਹਾ ਸੀ।''
''ਮੇਰੀ ਨਜ਼ਰ ਵੀ ਪਈ ਕਿ ਇੱਕ ਪਤਲਾ ਜਿਹਾ ਸ਼ਖ਼ਸ ਪੌੜੀ ਤੋਂ ਹੇਠਾਂ ਉੱਤਰ ਰਿਹਾ ਹੈ। ਰੁਕੇ ਹੋਏ ਸਾਹਾਂ ਨਾਲ ਮੈਂ ਉਸ ਨੂੰ ਹੇਠਾਂ ਆਉਂਦੇ ਦੇਖ ਰਿਹਾ ਸੀ। ਉਦੋਂ ਅਚਾਨਕ ਹੀ ਏੱਕਾ ਦਾ ਸਰੀਰ ਢਿੱਲਾ ਪੈ ਗਿਆ ਅਤੇ ਉਹ ਪੌੜੀ ਤੋਂ ਹੇਠਾਂ ਜ਼ਮੀਨ ਉੱਤੇ ਡਿੱਗ ਗਏ।''
ਘੱਟ ਬੋਲਣ ਵਾਲੇ ਨਿਮਰ ਇਨਸਾਨ
ਲਾਂਸ ਨਾਇਕ ਅਲਬਰਟ ਏੱਕਾ ਹੁਣ ਇਸ ਦੁਨੀਆ ਵਿੱਚ ਨਹੀਂ ਹਨ ਪਰ ਉਨ੍ਹਾਂ ਨੇ ਆਪਣਾ ਮਿਸ਼ਨ ਪੂਰੀ ਕਰ ਕੇ ਦਿਖਾਇਆ ਸੀ।
ਜਦੋਂ ਬ੍ਰੇਵੋ ਕੰਪਨੀ ਦੇ ਜਵਾਨ ਬੰਕਰਾਂ ਨਾਲ ਉਨ੍ਹਾਂ ਐਮਐਸਜੀ ਨੂੰ ਕੱਢ ਰਹੇ ਸਨ ਜੋ ਥੋੜ੍ਹੀ ਦੇਰ ਪਹਿਲਾਂ ਉਨ੍ਹਾਂ ਉੱਤੇ ਕਹਿਰ ਬਰਸਾ ਰਹੀ ਸੀ, ਲਾਂਸ ਨਾਇਕ ਅਲਬਰਟ ਏੱਕਾ ਉਨ੍ਹਾਂ ਪੌੜੀਆਂ ਦੇ ਕੋਲ ਹੇਠਾਂ ਆਪਣੇ ਸਵਾਸ ਤਿਆਗ ਚੁੱਕੇ ਸਨ, ਜੋ ਉਨ੍ਹਾਂ ਫੌਜੀਆਂ ਨੂੰ ਬੰਕਰ ਤੱਕ ਲੈ ਜਾਂਦੀ ਸੀ।

ਕਰਨਲ ਓ ਪੀ ਕੋਹਲੀ ਨੂੰ ਯਾਦ ਹੈ ਕਿ ਜਦੋਂ ਉਹ ਕੋਟਾ ਤੋਂ 30 ਕਿਲੋਮੀਟਰ ਦੂਰ ਚੰਬਲ ਨਦੀ ਦੇ ਕੰਢੇ ਅਬਰੇਰਾ ਕੈਂਪ ਵਿੱਚ ਤਾਇਨਾਤ ਸਨ ਤਾਂ ਉਨ੍ਹਾਂ ਦੇ ਸਾਹਮਣੇ ਇੱਕ ਪਤਲੇ ਸਾਂਵਲੇ ਰੰਗ ਦੇ ਮੁੰਡੇ ਅਲਬਰਟ ਏੱਕਾ ਨੂੰ ਮਾਰਚ ਕਰਾ ਕੇ ਲਾਇਆ ਗਿਆ ਸੀ।
ਏੱਕਾ ਨੇ ਆਪਣਾ ਬੈਟਲ ਫ਼ਿਜ਼ਿਕਲ ਏਫਿਸ਼ਿਏਂਸੀ ਟੈਸਟ ਪਾਸ ਕੀਤਾ ਸੀ ਪਰ ਉਹ ਆਪਣੇ ਕਮਾਂਡਰ ਤੋਂ ਆਪਣੀ ਅੱਖਾਂ ਨਹੀਂ ਮਿਲਾ ਪਾ ਰਹੇ ਸੀ।
ਕੋਹਲੀ ਚੇਤੇ ਕਰਦੇ ਹਨ, ''ਏੱਕਾ ਮੇਰੇ ਕੋਲ ਬਿਹਾਰ ਰੇਜੀਮੇਂਟ ਤੋਂ ਆਏ ਸਨ। ਸੱਚ ਦੱਸਾਂ ਤਾਂ ਮੈਂ ਉਨ੍ਹਾਂ ਤੋਂ ਬਿਲਕੁਲ ਪ੍ਰਭਾਵਿਤ ਨਹੀਂ ਹੋਇਆ ਸੀ।''
''ਉਹ ਬਹੁਤ ਹੀ ਘੱਟ ਬੋਲਣ ਵਾਲੇ ਨਿਮਰ ਸ਼ਖ਼ਸ ਸਨ। ਪਰ ਉਹ ਆਦੀਵਾਸੀ ਸਨ ਇਸ ਲਈ ਮੈਨੂੰ ਅੰਦਾਜ਼ਾ ਸੀ ਕਿ ਉਹ ਸਰੀਰਕ ਰੂਪ ਤੋਂ ਫਿੱਟ ਹੋਣਗੇ ਅਤੇ ਸਾਨੂੰ ਇਸ ਦੀ ਲੋੜ ਵੀ ਸੀ।''
ਬਿਨਾਂ ਨਾਪ ਤੋਂ ਢਿੱਲੇ ਕੱਪੜੇ ਪਹਿਨਣ ਦੇ ਆਦੀ
ਏੱਕਾ ਦੀ ਪਲਟਨ ਨੂੰ ਮਈ, 1968 ਵਿੱਚ ਮਿਜ਼ੋਰਮ 'ਚ ਤਾਇਨਾਤ ਕਰ ਦਿੱਤਾ ਗਿਆ ਸੀ। ਉਹ ਆਪਣੇ ਅਧੀਨ ਕੰਮ ਕਰਨ ਵਾਲਿਆਂ ਨਾਲ ਬਹੁਤ ਚੰਗਾ ਵਿਵਹਾਰ ਕਰਦੇ ਸਨ, ਇਸ ਲਈ ਉਹ ਉਨ੍ਹਾਂ ਦਾ ਸਤਿਕਾਰ ਵੀ ਕਰਦੇ ਸਨ।
ਉਹ ਖ਼ੁਦ ਬਹੁਤ ਸੰਕੋਚੀ ਸਨ ਅਤੇ ਆਪਣੇ ਸਾਥੀ ਫੌਜੀਆਂ ਜਾਂ ਅਫ਼ਸਰਾਂ ਨਾਲ ਬਹੁਤਾ ਘੁਲ-ਮਿਲ ਨਹੀਂ ਪਾਉਂਦੇ ਸਨ।

ਤਸਵੀਰ ਸਰੋਤ, Penguin Books
ਕਰਨਲ ਓ ਪੀ ਕੋਹਲੀ ਯਾਦ ਕਰਦੇ ਹਨ, ''ਅਲਬਰਟ ਨੂੰ ਇਸ ਗੱਲ ਦੀ ਫਿਕਰ ਨਹੀਂ ਸੀ ਕਿ ਉਹ ਦਿਖਦੇ ਕਿਵੇਂ ਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਆਪਣੀ ਵਰਦੀ ਦਾ ਧਿਆਨ ਰਹਿੰਦਾ ਸੀ।''
''ਉਹ ਕਿਸੇ ਵੀ ਸਾਈਜ਼ ਦੀ ਵਰਦੀ ਪਹਿਨ ਲੈਂਦੇ ਸਨ ਅਤੇ ਉਸ ਨੂੰ ਠੀਕ ਕਰਵਾਉਣ ਲਈ ਦਰਜੀ ਦੇ ਕੋਲ ਵੀ ਨਹੀਂ ਜਾਂਦੇ ਸਨ।''
''ਨਤੀਜਾ ਇਹ ਹੁੰਦਾ ਸੀ ਕਿ ਉਨ੍ਹਾਂ ਦੇ ਪਤਲੇ ਸਰੀਰ ਉੱਤੇ ਉਨ੍ਹਾਂ ਦੇ ਕੱਪੜੇ ਲਟਕਦੇ ਰਹਿੰਦੇ ਸਨ। ਮੈਂ ਕਿਉਂਕਿ ਸਮਾਰਟ ਟਰਨ ਆਊਟ ਉੱਤੇ ਬਹੁਤ ਜ਼ੋਰ ਦਿੰਦਾ ਸੀ, ਇਸ ਲਈ ਕਦੇ-ਕਦੇ ਉਨ੍ਹਾਂ ਉੱਤੇ ਨਾਰਾਜ਼ ਵੀ ਹੋ ਜਾਂਦਾ ਸੀ।''
''ਮੈਂ ਅਕਸਰ ਉਨ੍ਹਾਂ ਦੀ ਕਮਰ ਉੱਤੇ ਬੰਨ੍ਹੀ ਢਿੱਲੀ ਬੈਲਟ ਨੂੰ ਲਾਹ ਕੇ ਉਸ ਨੂੰ ਢੰਗ ਨਾਲ ਪਹਿਨਣ ਲਈ ਉਨ੍ਹਾਂ ਨੂੰ ਝਿੜਕਦਾ ਸੀ।
ਜਦੋਂ ਉਹ ਗਸ਼ਤ ਉੱਤੇ ਜਾਂਦੇ ਸਨ ਤਾਂ ਕਈ ਵਾਰ ਨਾਲਿਆਂ ਤੋਂ ਕੇਕੜੇ ਫੜ੍ਹ ਲਿਆਉਂਦੇ ਸਨ ਅਤੇ ਉਨ੍ਹਾਂ ਨੂੰ ਅੱਗ ਵਿੱਚ ਭੁੰਨ ਕੇ ਨਮਕ ਮਿਰਚ ਲਗਾ ਕੇ ਖਾਂਦੇ ਸਨ। ਉਨ੍ਹਾਂ ਦਾ ਨਿਸ਼ਾਨਾ ਗਜ਼ਬ ਸੀ ਅਤੇ ਉਹ ਬਹੁਤ ਚੰਗੀ ਹਾਕੀ ਖੇਡਦੇ ਸਨ।''
ਪਰਮਵੀਰ ਚੱਕਰ ਨਾਲ ਸਨਮਾਨਿਤ
ਗੰਗਾਸਾਗਰ ਦੀ ਲੜਾਈ ਵਿੱਚ ਏੱਕਾ ਸਣੇ 11 ਭਾਰਤੀ ਫੌਜੀਆਂ ਨੇ ਆਪਣੀ ਜਾਨ ਦੇ ਦਿੱਤੀ ਸੀ ਜਦੋਂ ਇੱਕ ਅਫ਼ਸਰ, ਤਿੰਨ ਜੂਨੀਅਰ ਕਮਿਸ਼ਨਡ ਅਫ਼ਸਰ ਅਤੇ 55 ਹੋਰ ਫੌਜੀ ਗੰਭੀਰ ਰੂਪ ਤੋਂ ਜ਼ਖਮੀ ਹੋਏ।
ਪਾਕਿਸਤਾਨ ਦੇ 25 ਫੌਜੀ ਮਾਰੇ ਗਏ ਅਤੇ 6 ਫੌਜੀਆਂ ਨੂੰ ਜੰਗੀ ਕੈਦੀ ਬਣਾਇਆ ਗਿਆ।
ਅਲਬਰਟ ਏੱਕਾ ਨੂੰ ਉਨ੍ਹਾਂ ਦੀ ਇਸ ਬਹਾਦਰੀ ਦੇ ਲਈ ਭਾਰਤ ਦਾ ਸਰਬਉੱਚ ਬਹਾਦਰੀ ਸਨਮਾਨ ਪਰਮਵੀਰ ਚੱਕਰ ਦਿੱਤਾ ਗਿਆ।
ਇਹ ਸਨਮਾਨ ਇਸ ਲਈ ਅਹਿਮ ਸੀ ਕਿ ਪਹਿਲੀ ਵਾਰ ਬਿਹਾਰ (ਹੁਣ ਝਾਰਖੰਡ) ਅਤੇ ਬ੍ਰਿਗੇਡ ਆਫ਼ ਗਾਰਡਜ਼ ਦੇ ਕਿਸੇ ਫੌਜੀ ਨੂੰ ਇਸ ਨਾਲ ਸਨਮਾਨਤ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਪੂਰਬੀ ਸੈਕਟਰ ਵਿੱਚ ਦਿੱਤਾ ਜਾਣ ਵਾਲਾ ਇਹ ਇਕੱਲਾ ਪਰਮਵੀਰ ਚੱਕਰ ਵੀ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












