'ਜੈ ਭੀਮ' ਦਾ ਨਾਅਰਾ ਕਿਸ ਨੇ ਦਿੱਤਾ ਤੇ ਇਸ ਨੂੰ ਕਹਿਣ ਦੀ ਸ਼ੁਰੂਆਤ ਕਦੋਂ ਹੋਈ

- ਲੇਖਕ, ਤੁਸ਼ਾਰ ਕੁਲਕਰਨੀ
- ਰੋਲ, ਬੀਬੀਸੀ ਮਰਾਠੀ
ਤਮਿਲ ਫ਼ਿਲਮ 'ਜੈ ਭੀਮ' ਦੀ ਇਸ ਸਮੇਂ ਹਰ ਥਾਂ ਚਰਚਾ ਹੋ ਰਹੀ ਹੈ। ਤਮਿਲ ਫਿਲਮਾਂ ਦੇ ਸੁਪਰ ਸਟਾਰ ਸੂਰਿਆ ਦੀ ਇਹ ਫਿਲਮ ਇਨਸਾਫ਼ ਲਈ ਇੱਕ ਆਦਿਵਾਸੀ ਦਲਿਤ ਔਰਤ ਦੇ ਸੰਘਰਸ਼ ਨੂੰ ਦਰਸਾਉਂਦੀ ਹੈ।
ਮਹਾਰਾਸ਼ਟਰ ਵਿੱਚ ਅੰਬੇਦਕਰ ਅੰਦੋਲਨਾਂ ਨੇ ਲੱਖਾਂ ਵਰਕਰ ਅਤੇ ਅੰਬੇਦਕਰ ਦੇ ਨਾਲ ਭਾਵਨਾਤਮਕ ਸਾਂਝ ਰੱਖਣ ਵਾਲੇ ਇੱਕ ਦੂਜੇ ਨਾਲ ਮਿਲਣ ਵੇਲੇ 'ਜੈ ਭੀਮ' ਕਹਿੰਦੇ ਹਨ।
ਮਹਾਰਸ਼ਟਰ ਦੇ ਕੋਨੇ-ਕੋਨੇ ਵਿੱਚ 'ਜੈ ਭੀਮ' ਸ਼ਬਦ 'ਤੇ ਹਜ਼ਾਰਾਂ ਨਹੀਂ ਸਗੋਂ ਲੱਖਾਂ ਗੀਤ ਗਾਏ ਜਾਂਦੇ ਹਨ।
ਹਾਲਾਂਕਿ, ਤਮਿਲਨਾਡੂ ਵਿੱਚ ਇਹ ਇੱਕ ਸ਼ਬਦ ਫਿਲਹਾਲ ਲੋਕਾਂ ਨੂੰ ਦੀਵਾਨਾ ਬਣਾ ਰਿਹਾ ਹੈ।
ਬਾਬਾ ਸਾਹੇਬ ਅੰਬੇਦਕਰ ਦਾ ਮੂਲ ਨਾਮ ਡਾ. ਭੀਮਰਾਓ ਰਾਮ ਜੀ ਅੰਬੇਦਕਰ ਸੀ। ਅੰਬੇਦਕਰ ਅੰਦੋਲਨ ਲਈ ਵਚਨਬੱਧ ਲੋਕ ਉਨ੍ਹਾਂ ਨੂੰ ਸਨਮਾਨ ਵਿੱਚ 'ਬਾਬਾ ਸਾਹਿਬ' ਕਹਿੰਦੇ ਹਨ।
ਜੈ ਭੀਮ ਸਿਰਫ਼ ਮਿਲਣ ਵੇਲੇ ਕਿਹਾ ਜਾਣ ਵਾਲਾ ਸ਼ਬਦ ਨਹੀਂ ਸਗੋਂ ਅੱਜ ਇਹ ਅੰਬੇਦਕਰ ਅੰਦੋਲਨ ਦਾ ਨਾਅਰਾ ਬਣ ਗਿਆ ਹੈ।
ਅੰਬੇਦਕਰਵਾਦੀ ਅੰਦੋਲਨ ਦੇ ਵਰਕਰ ਇਸ ਸ਼ਬਦ ਨੂੰ ਅੰਦੋਲਨ ਦੀ ਸੰਜੀਵਨੀ ਕਹਿੰਦੇ ਹਨ।

ਤਸਵੀਰ ਸਰੋਤ, Getty Images
ਮਿਲਣ ਵੇਲੇ ਸਨਮਾਨ ਦਾ ਸ਼ਬਦ ਕਿਵੇਂ ਕ੍ਰਾਂਤੀ ਦਾ ਪ੍ਰਤੀਕ ਬਣਿਆ, ਇਸ ਦਾ ਸਫ਼ਰ ਵੀ ਦਿਲਚਸਪ ਹੈ।
ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ 'ਜੈ ਭੀਮ' ਸ਼ਬਦ ਕਦੋਂ ਮਸ਼ਹੂਰ ਹੋਇਆ ਅਤੇ ਇਹ ਸ਼ਬਦ ਮਹਾਰਾਸ਼ਟਰ ਵਿੱਚ ਕਿਵੇਂ ਪੈਦਾ ਹੋਇਆ ਅਤੇ ਕਿਵੇਂ ਪੂਰੇ ਭਾਰਤ ਵਿੱਚ ਫੈਲ ਗਿਆ।
'ਜੈ ਭੀਮ' ਦਾ ਨਾਅਰਾ ਕਿਸ ਨੇ ਦਿੱਤਾ?
'ਜੈ ਭੀਮ' ਦਾ ਨਾਅਰਾ ਸਭ ਤੋਂ ਪਹਿਲਾਂ ਅੰਬੇਦਕਰ ਅੰਦੋਲਨ ਦੇ ਇੱਕ ਵਰਕਰ ਬਾਬੂ ਹਰਦਾਸ ਐੱਲ.ਐੱਨ (ਲਕਸ਼ਮਣ ਨਾਗਰਲੇ) ਨੇ 1935 ਵਿੱਚ ਦਿੱਤਾ ਸੀ।
ਬਾਬੂ ਹਰਦਾਸ ਸੈਂਟ੍ਰਲ ਪ੍ਰੋਵਿੰਸ-ਬਰਾਰ ਪ੍ਰੀਸ਼ਦ ਦੇ ਵਿਧਾਇਕ ਸਨ ਅਤੇ ਬਾਬਾ ਸਾਹਿਬ ਅੰਬੇਦਕਰ ਦੇ ਵਿਚਾਰਾਂ ਦਾ ਪਾਲਣ ਕਰਨ ਵਾਲੇ ਕੱਟੜ ਵਰਕਰ ਸਨ।
ਨਾਸਿਕ ਦੇ ਕਾਲਾਰਾਮ ਮੰਦਰ ਵਿੱਚ ਲੜਾਈ, ਚਾਵਰਦਾਰ ਝੀਲ ਦੇ ਸੱਤਿਆਗ੍ਰਹਿ ਦੇ ਕਾਰਨ ਡਾ. ਅੰਬੇਦਕਰ ਦਾ ਨਾਮ ਹਰ ਘਰ ਵਿੱਚ ਪਹੁੰਚ ਗਿਆ ਸੀ।
ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ ਡਾ. ਅੰਬੇਦਕਰ ਨੇ ਜਿਨ੍ਹਾਂ ਦਲਿਤ ਆਗੂਆਂ ਨੂੰ ਅੱਗੇ ਵਧਾਇਆ, ਬਾਬੂ ਹਰਦਾਸ ਉਨ੍ਹਾਂ ਵਿੱਚੋਂ ਇੱਕ ਸਨ।

ਤਸਵੀਰ ਸਰੋਤ, Getty Images
ਰਾਮਚੰਦਰ ਸ਼ੀਰਸਾਗਰ ਦੀ ਕਿਤਾਬ 'ਦਲਿਤ ਮੂਵਮੈਂਟ ਇਨ ਇੰਡੀਆ ਐਂਡ ਇਟਸ ਲੀਡਰਜ਼' ਵਿੱਚ ਦਰਜ ਹੈ ਕਿ ਬਾਬੂ ਹਰਦਾਸ ਨੇ ਸਭ ਤੋਂ ਪਹਿਲਾਂ 'ਜੈ ਭੀਮ' ਦਾ ਨਾਅਰਾ ਦਿੱਤਾ ਸੀ।
ਗੁੰਡਾਗਰਦੀ ਕਰਨ ਵਾਲੇ ਗੈਰ-ਸਮਾਜਿਕ ਲੋਕਾਂ ਨੂੰ ਕੰਟਰੋਲ ਵਿੱਚ ਲੈ ਕੇ ਆਉਣ ਅਤੇ ਬਰਾਬਰੀ ਦੇ ਵਿਚਾਰਾਂ ਨੂੰ ਹਰ ਪਿੰਡ ਵਿੱਚ ਫੈਲਾਉਣ ਲਈ ਡਾ. ਅੰਬੇਦਕਰ ਨੇ ਸਮਤਾ ਸੈਨਿਕ ਦਲ ਦੀ ਸਥਾਪਨਾ ਕੀਤੀ ਸੀ।
ਬਾਬੂ ਹਰਦਾਸ ਸਮਤਾ ਸੈਨਿਕ ਦਲ ਦੇ ਸਕੱਤਰ ਸਨ।
'ਜੈ ਭੀਮ' ਦਾ ਨਾਅਰਾ ਹੋਂਦ ਵਿੱਚ ਕਿਵੇਂ ਆਇਆ, ਇਸ ਸਵਾਲ ਦੇ ਜਵਾਬ ਵਿੱਚ ਦਲਿਤ ਪੈਂਥਰ ਦੇ ਸਹਿ-ਸੰਸਥਾਪਕ ਜੇ.ਵੀ. ਪਵਾਰ ਕਹਿੰਦੇ ਹਨ, "ਬਾਬੂ ਹਰਦਾਸ ਨੇ ਕਮਾਠੀ ਅਤੇ ਨਾਗਪੁਰ ਖੇਤਰ ਤੋਂ ਵਰਕਰਾਂ ਦਾ ਸੰਗਠਨ ਬਣਾਇਆ ਸੀ।"
"ਉਨ੍ਹਾਂ ਨੇ ਇਸ ਬਲ ਦੇ ਸਵੈ-ਸੇਵਕਾਂ ਨੂੰ ਨਮਸਕਾਰ, ਰਾਮ-ਰਾਮ ਜਾਂ ਜੌਹਰ ਮਾਇਆਬਾਪ ਦੀ ਥਾਂ 'ਜੈ ਭੀਮ' ਕਹਿ ਕੇ ਇੱਕ-ਦੂਜੇ ਨੂੰ ਮਿਲਣ ਅਤੇ ਜਵਾਬ ਦੇਣ ਲਈ ਕਿਹਾ ਸੀ।"
ਪਵਾਰ ਦੱਸਦੇ ਹਨ, "ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਸੀ ਕਿ ਜੈ ਭੀਮ ਦੇ ਜਵਾਬ ਵਿੱਚ 'ਬਾਲ ਭੀਮ' ਕਿਹਾ ਜਾਣਾ ਚਾਹੀਦਾ ਹੈ, ਜਿਵੇਂ ਮੁਸਲਮਾਨ 'ਸਲਾਮ ਵਾਲੇਕੁਮ' ਦਾ ਜਵਾਬ ਦੇਣ ਵੇਲੇ 'ਵਾਲੇਕੁਮ ਸਲਾਮ' ਕਹਿੰਦੇ ਹਨ। ਉਨ੍ਹਾਂ ਦਾ ਬਣਾਇਆ ਰਸਤਾ ਆਦਰਸ਼ ਬਣ ਗਿਆ।"

ਤਸਵੀਰ ਸਰੋਤ, Getty Images
ਪਵਾਰ ਨੇ ਰਾਜਾ ਢੋਲ, ਨਾਮਦੇਵ ਢਸਾਲ ਦੇ ਨਾਲ ਕੰਮ ਕੀਤਾ ਹੈ ਅਤੇ ਦਲਿਤ ਪੈਂਥਰ 'ਤੇ ਉਨ੍ਹਾਂ ਦੀ ਕਿਤਾਬ ਵੀ ਪ੍ਰਕਾਸ਼ਿਤ ਹੈ।
ਉਨ੍ਹਾਂ ਨੇ ਇਹ ਵੀ ਕਿਹਾ, "1938 ਵਿੱਚ, ਔਰੰਗਾਬਾਦ ਜ਼ਿਲ੍ਹੇ ਦੇ ਕੰਨੜ ਤਾਲੁਕਾ ਦੇ ਮਕਰਾਨਪੁਰ ਵਿੱਚ ਅੰਬੇਡਕਰ ਅੰਦੋਲਨ ਦੇ ਵਰਕਰਾਂ, ਭਾਊਸਾਹਿਬ ਮੋਰੇ ਵੱਲੋਂ ਇੱਕ ਬੈਠਕ ਦਾ ਪ੍ਰਬੰਧ ਕੀਤਾ ਸੀ।"
"ਇਸ ਬੈਠਕ ਵਿੱਚ ਡਾ. ਬਾਬਾ ਸਾਹਿਬ ਅੰਬੇਦਕਰ ਵੀ ਮੌਜੂਦ ਸਨ। ਬਾਬੂ ਹਰਦਾਸ ਨੇ ਇਹ ਨਾਅਰਾ ਦਿੱਤਾ ਸੀ ਜਦ ਕਿ ਭਾਊਸਾਹਿਬ ਮੋਰੇ ਨੇ ਇਸ ਨਾਅਰੇ ਦਾ ਸਮਰਥਨ ਕੀਤਾ ਸੀ।"
ਜਦੋਂ ਬਾਬਾ ਸਾਹਿਬ ਨੂੰ ਸਿੱਧੇ 'ਜੈ ਭੀਮ' ਕਿਹਾ ਜਾਂਦਾ ਸੀ।
ਇਹ ਵੀ ਪੜ੍ਹੋ-
ਡਾ. ਅੰਬੇਦਕਰ ਦੇ ਜੀਵਨ ਕਾਲ ਵਿੱਚ ਹੀ 'ਜੈ ਭੀਮ' ਦੀ ਵਰਤੋਂ ਹੋਈ ਸੀ। ਅੰਦੋਲਨ ਦੇ ਵਰਕਰ ਇੱਕ-ਦੂਜੇ ਨੂੰ 'ਜੈ ਭੀਮ' ਕਹਿੰਦੇ ਸਨ।
ਸਾਬਕਾ ਜਸਟਿਸ ਸੁਰੇਸ਼ ਘੋਰਪੋੜੇ ਮੁਤਾਬਕ ਇੱਕ ਵਰਕਰ ਨੇ ਡਾ. ਅੰਬੇਦਕਰ ਨੂੰ ਸਿੱਧੇ 'ਜੈ ਭੀਮ' ਕਹਿ ਸੰਬੋਧਨ ਕੀਤਾ ਸੀ।
ਸੁਰੇਸ਼ ਘੋਰਪੜੇ ਸੈਸ਼ਨ ਅਦਾਲਤ ਦੇ ਸੇਵਾ ਮੁਕਤ ਜਸਟਿਸ ਤੇ ਵਿਦਰਭ ਵਿੱਚ ਦਲਿਤ ਅੰਦੋਲਨ ਦੇ ਵਿਦਵਾਨ ਹਨ। ਉਨ੍ਹਾਂ ਨੇ ਹੁਣ ਤੱਕ ਬਾਬੂ ਹਰਦਾਸ ਦੇ ਕੰਮਾਂ 'ਤੇ ਲਿਖਿਆ ਅਤੇ ਉਨ੍ਹਾਂ 'ਤੇ ਲੈਕਚਰ ਦਿੱਤੇ ਹਨ।
ਉਹ ਦੱਸਦੇ ਹਨ, "ਡਾ. ਬਾਬਾ ਸਾਹਿਬ ਅੰਬੇਦਕਰ ਵੱਲੋਂ ਪੂਰੇ ਮਹਾਰਾਸ਼ਟਰ ਵਿੱਚ ਦਲਿਤਾਂ ਦੇ ਵਿਕਾਸ ਲਈ ਸ਼ੁਰੂ ਕੀਤੇ ਗਏ ਅੰਦੋਲਨ ਵਿੱਚ ਕਈ ਨੌਜਵਾਨਾਂ ਨੇ ਸੁਭਾਵਕ ਤੌਰ 'ਤੇ ਹਿੱਸਾ ਲਿਆ ਸੀ। ਉਨ੍ਹਾਂ ਵਿੱਚੋਂ ਇੱਕ ਬਾਬੂ ਹਰਦਾਸ ਐੱਲ ਐੱਨ ਸਨ।"
'ਜੈ ਭੀਮ' ਦਾ ਨਾਅਰਾ ਦੇਣ ਵਾਲੇ ਬਾਬੂ ਹਰਦਾਸ ਐੱਲਐੱਨ
ਸੁਰੇਸ਼ ਘੋਰਪੜੇ ਨੇ ਦੱਸਿਆ, "ਬਾਬੂ ਹਰਦਾਸ ਬਾਲ ਉਮਰੇ ਹੀ ਸਮਾਜਿਕ ਕਾਰਜਾਂ ਵਿੱਚ ਰੂਚੀ ਰੱਖਦੇ ਸਨ। ਉਨ੍ਹਾਂ ਦਾ ਜਨਮ 1904 ਵਿੱਚ ਹੋਇਆ ਸੀ ਅਤੇ 1920 ਵਿੱਚ ਅਸਮਾਜਿਕ ਅੰਦੋਲਨ ਵਿੱਚ ਸ਼ਾਮਿਲ ਹੋ ਗਏ।"
"ਉਨ੍ਹਾਂ ਨਾਗਪੁਰ ਦੇ ਪਟਵਰਧਨ ਹਾਈ ਸਕੂਲ ਤੋਂ ਮੈਟ੍ਰਿਕ ਤੱਕ ਦੀ ਪੜ੍ਹਾਈ ਕੀਤੀ। ਉਨ੍ਹਾਂ ਨੂੰ 'ਜੈ ਭੀਮ ਪ੍ਰਵਰਤਕ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।"
"ਅੰਬੇਦਕਰ ਤੋਂ ਪ੍ਰੇਰਿਤ ਹੋ ਕੇ ਬਾਬੂ ਹਰਦਾਸ ਨੇ 1924 ਵਿੱਚ ਕਮਾਠੀ ਵਿੱਚ ਸੰਤ ਚੋਖਮੇਲਾ ਹੋਸਟਲ ਦੀ ਸਥਾਪਨਾ ਕੀਤੀ।"
"ਇਸ ਨਾਲ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਆਵਾਸ ਪ੍ਰਦਾਨ ਕੀਤਾ। ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਨ ਵਾਲੇ ਵਿਦਿਆਰਥੀਆਂ ਲਈ ਰਾਤ ਵੇਲੇ ਚੱਲਣ ਵਾਲੇ ਸਕੂਲ ਵੀ ਸ਼ੁਰੂ ਕੀਤੇ। ਉਨ੍ਹਾਂ ਨੇ ਅੰਗਰੇਜ਼ੀ ਪੜ੍ਹਾਉਣਾ ਸ਼ੁਰੂ ਕੀਤਾ।"

ਤਸਵੀਰ ਸਰੋਤ, @2D_ENTPVTLTD
ਘੋਰਪੋੜੇ ਦੱਸਦੇ ਹਨ, "ਉਨ੍ਹਾਂ ਨੇ 1925 ਵਿੱਚ ਬੀੜੀ ਵਰਕਰਜ਼ ਯੂਨੀਅਨ ਦੀ ਸਥਾਪਨਾ ਕੀਤੀ। ਵਿਦਰਭ ਦੇ ਦਲਿਤ ਅਤੇ ਆਦਿਵਾਸੀ ਭਾਈਚਾਰਿਆਂ ਦੇ ਲੋਕ ਤੇਂਦੂਪੱਤਾ ਇਕੱਠਾ ਕਰਦੇ ਸਨ, ਬੀੜੀ ਕਾਰਖ਼ਾਨਿਆਂ ਵਿੱਚ ਕੰਮ ਕਰਦੇ ਸਨ ਅਤੇ ਇਸ ਦੇ ਨਾਲ ਹੀ ਘਰ-ਘਰ ਵਿੱਚ ਬੀੜੀ ਬਣਾਉਂਦੇ ਸਨ।''
''ਬੀੜੀ ਨਿਰਮਾਤਾ ਅਤੇ ਠੇਕੇਦਾਰ ਮਜ਼ਦੂਰਾਂ ਦਾ ਸ਼ੋਸਣ ਕਰ ਰਹੇ ਸਨ, ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਜਿਸ ਦਾ ਜੋ ਹੱਕ ਹੈ, ਉਹ ਪੈਸਾ ਉਨ੍ਹਾਂ ਨੂੰ ਦਿਓ।"
ਬੀੜੀ ਮਜਦੂਰ ਸੰਘ ਦਾ ਕਾਰਜ ਕੇਵਲ ਵਿਦਰਭ ਤੱਕ ਹੀ ਸੀਮਤ ਨਹੀਂ ਰਿਹਾ। ਰਾਮਚੰਦਰ ਸ਼ੀਰਸਾਗਰ ਦੀ ਕਿਤਾਬ 'ਦਲਿਤ ਮੂਵਮੈਂਟ ਇਨ ਇੰਡੀਆ ਐਂਡ ਇਟਸ ਲੀਡਰਜ਼, 1857-1956' ਵਿੱਚ ਜ਼ਿਕਰ ਹੈ ਕਿ ਉਨ੍ਹਾਂ ਨੇ 1930 ਵਿੱਚ ਮੱਧ ਪ੍ਰਦੇਸ਼ ਬੀੜੀ ਮਜ਼ਦੂਰ ਸੰਘ ਦੀ ਸਥਾਪਨਾ ਕੀਤੀ।

ਘੋਰਪੋੜੇ ਨੇ ਦੱਸਿਆ, "ਡਿਪ੍ਰੈਸਡ ਕਲਾਸ ਮਿਸ਼ਨ ਦਾ ਦੂਜਾ ਸੈਸ਼ਨ 1932 ਵਿੱਚ ਕਮਾਠੀ ਵਿੱਚ ਪ੍ਰਬੰਧਿਤ ਕੀਤਾ ਗਿਆ ਸੀ। ਬਾਬੂ ਹਰਦਾਸ ਸੁਆਗਤ ਕਮੇਟੀ ਦੇ ਪ੍ਰਧਾਨ ਸਨ। ਉਨ੍ਹਾਂ ਨੇ ਡਾ. ਬਾਬਾ ਸਾਹਿਬ ਅੰਬੇਦਕਰ ਦਾ ਨਿੱਘਾ ਸੁਵਾਗਤ ਕੀਤਾ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਵਸੰਤ ਮੂਨ ਵੱਲੋਂ ਲਿਖੀ ਗਈ ਕਿਤਾਬ 'ਵਸਤੀ' ਵਿੱਚ ਜ਼ਿਕਰ ਹੈ ਕਿ 1927 ਵਿੱਚ ਉਨ੍ਹਾਂ 'ਮਹਾਰਥ' ਨਾਮ ਦੀ ਕਿਤਾਬ ਦੀ ਸ਼ੁਰੂਆਤ ਕੀਤੀ ਸੀ।
ਇਸ ਕਿਤਾਬ ਦਾ ਅੰਗਰੇਜ਼ੀ ਤਰਜਮਾ ਵੀ ਉਪਲੱਬਧ ਹੈ। ਗੇਲ ਓਮਵੇਟ ਨੇ ਬਸਤੀ ਦਾ ਤਰਜਮਾ 'ਅਛੂਤ ਦੇ ਰੂਪ ਵਿੱਚ ਬੜਨਾ' ਵਜੋਂ ਕੀਤਾ। ਵਸੰਤ ਮੂਨ ਨੇ ਲਿਖਿਆ, "ਬਾਬੂ ਹਰਦਾਸ ਕਵੀ ਅਤੇ ਲੇਖਕ ਸਨ।"
'ਮੈਂ ਅੰਬੇਦਕਰ ਦੀ ਪਾਰਟੀ ਨਾਲ ਹਾਂ'
1937 ਦੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਅੰਬੇਦਕਰ ਦੀ ਇੰਡੀਪੈਂਡੈਂਟ ਲੇਬਰ ਪਾਰਟੀ ਨੇ ਉਮੀਦਵਾਰ ਬਣਾਇਆ ਸੀ।
ਇੱਕ ਅਮੀਰ ਵਿਅਕਤੀ ਉਨ੍ਹਾਂ ਦੇ ਵਿਰੁੱਧ ਖੜ੍ਹਾ ਹੋ ਗਿਆ। ਇਸ ਵਿਅਕਤੀ ਨੂੰ ਵਸੰਤ ਮੂਨ ਨੇ 'ਲਾਲਾ' ਕਿਹਾ।
ਇੱਕ ਵਰਕਰ ਨੇ ਹਰਦਾਸ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਉਮੀਦਵਾਰੀ ਵਾਪਸ ਲੈਣ ਨੂੰ ਕਿਹਾ। ਉਨ੍ਹਾਂ ਨੂੰ ਇਸ ਲਈ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ ਪਰ ਹਰਦਾਸ ਨੇ ਇਸ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਲਿਖਿਆ, "ਮੈਂ ਅੰਬੇਦਕਰ ਦੇ ਪੱਖ ਵਿੱਚ ਖੜ੍ਹਾ ਹਾਂ। ਅਸੀਂ ਕਦੇ ਭੀਖ ਮੰਗਣਾ ਨਹੀਂ ਛੱਡਿਆ। ਹੁਣ ਸਾਨੂੰ ਸਾਡਾ ਹੱਕ ਮਿਲੇਗਾ।"
ਵਸੰਤ ਮੂਨ ਦੀ ਕਿਤਾਬ ਵਿੱਚ ਇਹ ਕਹਾਣੀ ਇੱਥੇ ਖ਼ਤਮ ਨਹੀਂ ਹੁੰਦੀ ਹੈ। ਲਾਲਾ ਨੇ ਉਦੋਂ ਬੱਬੂ ਉਸਤਾਦ ਨਾਮ ਇੱਕ ਪਹਿਲਵਾਨ ਨੂੰ ਬਾਬੂ ਹਰਦਾਸ ਦੇ ਕੋਲ ਭੇਜਿਆ।

ਉਨ੍ਹਾਂ ਬਾਬੂ ਹਰਦਾਸ ਨੂੰ ਕਿਹਾ, "ਸੇਠ ਜੀ ਨੇ ਤੁਹਾਡੀ ਉਮੀਦਵਾਰੀ ਵਾਪਸ ਲੈਣ ਲਈ ਦੱਸ ਹਜ਼ਾਰ ਰੁਪਏ ਭੇਜੇ ਹਨ। ਜੇ ਤੁਸੀਂ ਇਸ ਨੂੰ ਨਹੀਂ ਲੈਂਦੇ ਹੋ ਤਾਂ ਉਹ ਤੁਹਾਨੂੰ ਮਾਰ ਦੇਣਗੇ।"
ਇਸ 'ਤੇ ਹਰਦਾਸ ਨੇ ਕਿਹਾ, "ਮੈਂ ਜਾਣਦਾ ਹਾਂ ਕਿ ਜੇ ਮੇਰੇ ਨਾਲ ਕੁਝ ਬੁਰਾ ਹੋ ਗਿਆ ਤਾਂ ਉਹ ਨਹੀਂ ਬਚਣਗੇ। ਇਸ 'ਤੇ ਬੱਬੂ ਉਸਤਾਦ ਨੇ ਕਿਹਾ ਕਿ ਇਹ ਅਗਲੀ ਗੱਲ ਹੋਵੇਗੀ ਪਰ ਤੁਹਾਡੇ ਮਰਨ ਤੋਂ ਬਾਅਦ ਇਸ ਦਾ ਕੀ ਫਾਇਦਾ।"
"'ਹਰਦਾਸ ਇਸ ਨਾਲ ਵੀ ਪਿੱਛੇ ਨਹੀਂ ਹਟੇ।' ਅੱਗੇ ਦੇਖਦੇ ਹਾਂ ਕਿ ਕੀ ਹੋਵੇਗਾ।" ਇੰਨਾ ਕਹਿ ਕੇ ਬੱਬੂ ਉਸਤਾਦ ਚਲੇ ਗਏ।
ਸੇਠ ਦੇ ਪੈਸੇ ਅਤੇ ਤਾਕਤ ਦੇ ਬਾਵਜੂਦ ਬਾਬੂ ਹਰਦਾਸ ਚੋਣ ਜਿੱਤ ਗਏ ਅਤੇ ਸੈਂਟ੍ਰਲ ਪ੍ਰੋਵਿੰਸ-ਬਰਾਰ ਦੀ ਪ੍ਰੀਸ਼ਦ ਵਿੱਚ ਮੈਂਬਰ ਬਣੇ।
1939 ਵਿੱਚ ਤਪੈਦਿਕ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਦਲਿਤਾਂ ਅਤੇ ਮਜ਼ਦੂਰਾਂ ਦੀ ਭੀੜ ਜਮਾ ਹੋ ਗਈ ਸੀ।

ਤਸਵੀਰ ਸਰੋਤ, Getty Images
ਕਮਾਠੀ ਅਤੇ ਨਾਗਪੁਰ ਖੇਤਰ ਵਿੱਚ ਦਲਿਤ ਆਏ ਸਨ। ਇਸ ਦੇ ਨਾਲ ਭੰਡਾਰਾ ਅਤੇ ਚੰਦਰਪੁਰ ਖੇਤਰ ਵਿੱਚ ਬੀੜੀ ਮਜ਼ਦੂਰ ਵੀ ਅੰਤਿਮ ਦਰਸ਼ਨ ਦੇਣ ਕਮਾਠੀ ਆਏ।
ਰਿਟਾਇਰਡ ਜਸਟਿਸ ਘੋਰਪੋੜੇ ਕਹਿੰਦੇ ਹਨ, "ਉਨ੍ਹਾਂ ਦੀ ਮੌਤ ਤੋਂ ਬਾਅਦ ਡਾ. ਬਾਬਾ ਸਾਹਿਬ ਨੇ ਕਿਹਾ ਸੀ, 'ਮੇਰਾ ਸੱਜਾ ਹੱਥ ਚਲਾ ਗਿਆ।'"
ਕਮਾਠੀ ਕਰਹਨ ਨਦੀ ਦੇ ਤਟ 'ਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਕਮਾਠੀ ਵਿੱਚ ਹੀ ਉਨ੍ਹਾਂ ਦਾ ਸਮਾਰਕ ਬਣਾਇਆ ਗਿਆ ਹੈ।
ਮੂਨ ਨੇ ਲਿਖਿਆ ਹੈ, "ਹਰਦਾਸ ਇੱਕ ਤਾਰੇ ਵਾਂਗ ਆਕਾਸ਼ ਵਿੱਚ ਚਮਕ ਰਹੇ ਸਨ, ਉਨ੍ਹਾਂ ਦੀ ਰੌਸ਼ਨੀ ਨਾਲ ਦੂਜਿਆਂ ਨੂੰ ਰਸਤਾ ਮਿਲ ਰਿਹਾ ਸੀ ਪਰ ਇੱਕ ਪਲ ਵਿੱਚ ਉਹ ਗਾਇਬ ਹੋ ਗਏ।"
ਸੁਬੋਧ ਨਾਗਦੇਵ ਦੀ ਮਰਾਠੀ ਫਿਲਮ 'ਬੋਲੇ ਇੰਡੀਆ ਜੈ ਭੀਮ' ਵੀ ਬਾਬੂ ਹਰਦਾਸ ਦੇ ਜੀਵਨ 'ਤੇ ਆਧਾਰਿਤ ਹੈ।
'ਜੈ ਭੀਮ' ਕਿਉਂ ਕਿਹਾ ਜਾਂਦਾ ਹੈ?
ਲੇਖਕ ਨਰਿੰਦਰ ਜਾਧਵ ਦੱਸਦੇ ਹਨ, "ਬਾਬਾ ਸਾਹਿਬ ਅੰਬੇਦਕਰ ਦਾ ਨਾਮ ਭੀਮਰਾਓ ਰਾਮਜੀ ਅੰਬੇਦਕਰ ਸੀ। ਉਨ੍ਹਾਂ ਦੇ ਨਾਮ ਨੂੰ ਸੰਖੇਪ ਰੂਪ ਵਿੱਚ ਜਪਣ ਦੀ ਪ੍ਰਥਾ ਸ਼ੁਰੂ ਵਿੱਚ ਮਹਾਰਾਸ਼ਟਰ ਦੇ ਵਿੱਚ ਆਮ ਸੀ ਅਤੇ ਹੌਲੀ-ਹੌਲੀ ਇਸ ਨੂੰ ਪੂਰੇ ਭਾਰਤ ਵਿੱਚ ਜੈ ਭੀਮ ਕਿਹਾ ਜਾਣ ਲੱਗਾ।"

ਤਸਵੀਰ ਸਰੋਤ, OTHER
ਡਾ. ਜਾਧਵ ਨੇ 'ਅੰਬੇਦਕਰ-ਅਵੇਕਨਿੰਗ ਇੰਡੀਆਜ਼ ਸੋਸ਼ਲ ਕਾਨਸ਼ੀਐਂਸ' ਨਾਮ ਦੀ ਕਿਤਾਬ ਲਿਖੀ ਹੈ। ਇਸ ਕਿਤਾਬ ਨੂੰ 'ਅੰਬੇਦਕਰ ਦਾ ਵਿਚਾਰਿਕ ਚਰਿੱਤਰ' ਕਿਹਾ ਜਾਂਦਾ ਹੈ।
ਡਾ. ਜਾਧਵ ਕਹਿੰਦੇ ਹਨ, "ਜੈ ਭੀਮ ਦਾ ਨਾਅਰਾ ਬਾਬੂ ਹਰਦਾਸ ਨੇ ਦਿੱਤਾ ਸੀ। ਇਹ ਸਾਰੇ ਦਲਿਤਾਂ ਲਈ ਕਿਸੇ ਜਿੱਤ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੇ ਲੋਕਾਂ ਦੇ ਸਵਾਭੀਮਾਨ ਨੂੰ ਜਗਾਇਆ, ਉਨ੍ਹਾਂ ਮਨੁੱਖ ਵਜੋਂ ਜੀਣ ਦਾ ਅਧਿਕਾਰ ਅਤੇ ਮਾਰਗ ਦਿੱਤਾ।"
'ਜੈ ਭੀਮ ਹੈ ਸਮੁੱਚੀ ਪਛਾਣ'
ਸੀਨੀਅਰ ਪੱਤਰਕਾਰ ਅਤੇ ਲੇਖਕ ਉੱਤਮ ਕਾਂਬਲੇ ਨੇ ਕਿਹਾ ਕਿ 'ਜੈ ਭੀਮ' ਦਾ ਨਾਅਰਾ ਇੱਕ ਪਛਾਣ ਬਣ ਗਿਆ ਹੈ।
"ਜੈ ਭੀਮ ਸਿਰਫ਼ ਮਿਲਣ ਵੇਲੇ ਬੋਲੇ ਜਾਣ ਵਾਲੇ ਸ਼ਬਦ ਨਹੀਂ ਹਨ, ਇਹ ਇੱਕ ਸਮੁੱਚੀ ਪਛਾਣ ਬਣ ਗਿਆ ਹੈ। ਇਸ ਪਛਾਣ ਦੇ ਵੱਖ-ਵੱਖ ਪੱਧਰ ਹਨ।"
"'ਜੈ ਭੀਮ ਸੰਘਰਸ਼ ਦਾ ਪ੍ਰਤੀਕ ਬਣਿਆ, ਇਹ ਸੱਭਿਆਚਾਰਕ ਪਛਾਣ ਦੇ ਨਾਲ-ਨਾਲ ਇੱਕ ਸਿਆਸੀ ਪਛਾਣ ਵੀ ਬਣ ਗਿਆ ਹੈ। ਮੈਨੂੰ ਲਗਦਾ ਹੈ ਕਿ ਇਹ ਕ੍ਰਾਂਤੀ ਦੀ ਸਮੁੱਚੀ ਪਛਾਣ ਬਣ ਗਿਆ ਹੈ।"
"ਇਸ ਦੇ ਨਾਲ ਹੀ 'ਜੈ ਭੀਮ' ਅੰਦੋਲਨ ਦਾ ਪ੍ਰਤੀਕ ਬਣ ਗਿਆ ਹੈ। ਜੇ ਤੁਸੀਂ ਸੂਰਿਆ ਦੀ ਫਿਲਮ ਦੇਖਦੇ ਹੋ ਤਾਂ ਤੁਸੀਂ ਦੇਖੋਗੇ ਕਿ 'ਜੈ ਭੀਮ' ਸ਼ਬਦ ਦੀ ਵਰਤੋਂ ਸਿੱਧੇ ਤੌਰ 'ਤੇ ਨਹੀਂ ਕੀਤੀ ਗਈ ਹੈ। ਬਲਕਿ ਜੈ ਭੀਮ ਨੂੰ ਕ੍ਰਾਂਤੀ ਦੇ ਪ੍ਰਤੀਕ ਵਜੋਂ ਇਸਤੇਮਾਲ ਕੀਤਾ ਗਿਆ ਹੈ।"
ਉੱਥੇ ਸੀਨੀਅਰ ਪੱਤਰਕਾਰ ਮਧੂ ਕਾਂਬਲੇ ਕਹਿੰਦੇ ਹਨ ਕਿ 'ਜੈ ਭੀਮ' ਸ਼ਬਦ ਅੰਬੇਦਕਰ ਅੰਦੋਲਨ ਵਿੱਚ ਇੱਛਾ ਦਾ ਪ੍ਰਤੀਕ ਹੈ।
ਉਨ੍ਹਾਂ ਨੇ ਕਿਹਾ, "ਜੈ ਭੀਮ ਕਹਿਣਾ ਸਿਰਫ਼ ਨਮਸਕਾਰ, ਨਮਸਤੇ ਵਾਂਗ ਨਹੀਂ ਹੈ, ਇਹ ਸੌਖਾ ਨਹੀਂ ਹੈ, ਬਲਕਿ ਇਸ ਦਾ ਮਤਲਬ ਹੈ ਕਿ ਉਹ ਅੰਬੇਦਕਰਵਾਦੀ ਵਿਚਾਰਧਾਰਾ ਦੇ ਕਰੀਬ ਹੈ। ਇਹ ਸ਼ਬਦ ਦੱਸਦਾ ਹੈ ਕਿ ਜਿੱਥੇ ਵੀ ਲੜਾਈ ਦੀ ਲੋੜ ਹੋਵੇਗੀ ਮੈਂ ਤਿਆਰ ਹਾਂ।"
ਮਹਾਰਾਸ਼ਟਰ ਤੋਂ ਬਾਹਰ 'ਜੈ ਭੀਮ' ਬੋਲਣਾ ਕਦੋਂ ਸ਼ੁਰੂ ਹੋਇਆ?
'ਜੈ ਭੀਮ' ਦਾ ਨਾਅਰਾ ਹਿੰਦੀ ਭਾਸ਼ਾਈ ਸੂਬਿਆਂ ਜਿਵੇਂ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਆਸਾਨੀ ਨਾਲ ਸੁਣਿਆ ਜਾ ਸਕਦਾ ਹੈ।
ਅੰਬੇਦਕਰ ਦੇ ਵਿਚਾਰ ਪੰਜਾਬ ਵਿੱਚ ਵੀ ਫੈਲੇ ਹੋਏ ਹਨ। ਇਸ ਥਾਂ ਉੱਤੇ ਸਿਰਫ਼ ਨਾਅਰੇ ਨਹੀਂ ਸਗੋਂ ਮਸ਼ਹੂਰ ਗਾਇਕਾ ਗਿੰਨੀ ਮਾਹੀ ਨੇ ਵੀ ਨੌ ਵਾਰ ਸਾੜੀ ਬਦਲ ਕੇ 'ਜੈ ਭੀਮ-ਜੈ ਭੀਮ, ਬੋਲੋ ਜੈ ਭੀਮ' ਗਾਇਆ ਹੈ।
ਉੱਤਰ ਪ੍ਰਦੇਸ਼ ਵਿੱਚ ਚੰਦਰਸ਼ੇਖ਼ਰ ਆਜ਼ਾਦ 'ਰਾਵਣ' ਨੇ ਆਪਣੇ ਸੰਗਠਨ ਦਾ ਨਾਮ 'ਭੀਮ ਆਰਮੀ' ਰੱਖਿਆ ਹੈ।
ਜਦੋਂ ਦਿੱਲੀ ਵਿੱਚ ਨਾਗਿਰਕਤਾ ਸੋਧ ਕਾਨੂੰਨ ਯਾਨਿ ਸੀਏਏ ਦੇ ਖ਼ਿਲਾਫ਼ ਪ੍ਰਦਰਸ਼ਨ ਹੋਇਆ ਤਾਂ ਮੁਸਲਮਾਨ ਭਾਈਚਾਰੇ ਦੇ ਪ੍ਰਦਰਸ਼ਕਾਰੀਆਂ ਨੇ ਡਾ. ਅੰਬੇਦਕਰ ਦੀਆਂ ਤਸਵੀਰਾਂ ਲਹਿਰਾਈਆਂ।
ਇਹ ਸੰਕੇਤ ਹੈ ਕਿ 'ਜੈ ਭੀਮ' ਦਾ ਨਾਅਰਾ ਕਿਸੇ ਇੱਕ ਭਾਈਚਾਰੇ ਅਤੇ ਭੂਗੌਲਿਕ ਸੀਮਾਵਾਂ ਤੱਕ ਸੀਮਤ ਨਹੀਂ ਹੈ।
ਇਹ ਪੁੱਛੇ ਜਾਣ 'ਤੇ ਕਿ ਇਹ ਬਦਲਾਅ ਕਿਵੇਂ ਹੋਇਆ ਤਾਂ ਡਾ. ਨਰਿੰਦਰ ਜਾਧਵ ਕਹਿੰਦੇ ਹਨ, "ਜਿਵੇਂ-ਜਿਵੇਂ ਬਾਬਾ ਸਾਹਿਬ ਦਾ ਮਹੱਤਵ ਅਤੇ ਵਿਚਾਰਾਂ ਦਾ ਪ੍ਰਸਾਰ ਵਧਦਾ ਗਿਆ, ਇਹ ਨਾਅਰਾ ਸਰਬਵਿਆਪੀ ਹੁੰਦਾ ਗਿਆ।"
"ਮੰਡਲ ਕਮਿਸ਼ਨ ਤੋਂ ਬਾਅਦ ਦੇਸ਼ ਵਿੱਚ ਵਿਚਾਰਕ ਉਥਲ-ਪੁਥਲ ਮਚ ਗਈ, ਨਾ ਕੇਵਲ ਦਲਿਤਾਂ ਵਿੱਚ ਬਲਕਿ ਹੋਰਨਾਂ ਅਣਗੌਲੀਆਂ ਜਾਤੀਆਂ ਵਿੱਚ ਵੀ ਚੇਤਨਾ ਪੈਦਾ ਹੋਈ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
















