'ਦਲਿਤ' ਸ਼ਬਦ ਕਿਵੇਂ ਹੋਂਦ ਵਿਚ ਆਇਆ - ਜਾਣੋ ਇਸ ਨਾਲ ਜੁੜੇ ਤੁਹਾਡੇ 4 ਸਵਾਲਾਂ ਦੇ ਜਵਾਬ

ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, Hindustan times

ਪੰਜਾਬ ਐੱਸੀ ਕਮਿਸ਼ਨ ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਨਾਲ ਮੀਡੀਆ ਅਦਾਰਿਆਂ ਵੱਲੋਂ 'ਦਲਿਤ' ਸ਼ਬਦ ਵਰਤੇ ਜਾਣ ਉੱਤੇ ਇਤਰਾਜ਼ ਜਾਹਰ ਕੀਤਾ ਹੈ ਅਤੇ ਕਿਹਾ ਕਿ ਇਸ ਤੋਂ ਗੁਰੇਜ਼ ਕੀਤਾ ਜਾਵੇ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਤੇਜਿੰਦਰ ਕੌਰ ਨੇ ਕਿਹਾ ਕਿ ਦਲਿਤ ਸ਼ਬਦ ਦੀ ਵਰਤੋਂ ਨਾ ਤਾਂ ਸੰਵਿਧਾਨ ਵਿੱਚ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਕਾਨੂੰਨ ਵਿੱਚ ਇਹ ਲਿਖਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਕੇਂਦਰੀ ਸਮਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਇਸ ਬਾਰੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਹਦਾਇਤਾਂ ਜਾਰੀ ਕਰ ਚੁੱਕਿਆ ਹੈ।

ਤੇਜਿੰਦਰ ਕੌਰ ਨੇ ਇਸ ਮੌਕੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਸਾਲ 2018 ਦੇ ਇੱਕ ਫੈਸਲੇ ਦਾ ਹਵਾਲਾ ਦਿੱਤਾ। ਜਿਸ ਵਿੱਚ ਅਦਾਲਤ ਨੇ ਐੱਸੀ ਅਤੇ ਐੱਸਟੀ ਵਰਗ ਦੇ ਲੋਕਾਂ ਲਈ ਦਲਿਤ ਸ਼ਬਦ ਵਰਤਣ ਤੋਂ ਕੇਂਦਰ, ਸੂਬਾ ਸਰਕਾਰਾਂ ਤੇ ਉਨ੍ਹਾਂ ਦੇ ਇੰਤਜਾਮੀਆਂ ਨੂੰ ਗੁਰੇਜ਼ ਕਰਨ ਨੂੰ ਕਿਹਾ ਸੀ।

ਕਮਿਸ਼ਨ ਦੀ ਟਿੱਪਣੀ ਨੇ ਪੰਜਾਬ ਵਿੱਚ 'ਦਲਿਤ' ਸ਼ਬਦ ਅਤੇ ਦਲਿਤ ਪਛਾਣ ਨੂੰ ਮੁੜ ਚਰਚਾ ਵਿੱਚ ਲਿਆਂਦਾ ਹੈ।

ਇਹ ਵੀ ਪੜ੍ਹੋ:

ਜਾਨਣ ਦੀ ਕੋਸ਼ਿਸ਼ ਕਰਦੇ ਹਾਂ ‘ਦਲਿਤ’ ਸ਼ਬਦ ਦੇ ਵੱਖ-ਵੱਖ ਪਹਿਲੂਆਂ ਬਾਰੇ-

ਦਲਿਤ ਸ਼ਬਦ ਦਾ ਮੁੱਢ ਤੇ ਵਿਕਾਸ

ਜੋਤੀ ਰਾਓ ਫੂਲੇ ਆਪਣੇ ਪੁੱਤਰ ਯਸ਼ਵੰਤ ਨਾਲ

ਤਸਵੀਰ ਸਰੋਤ, Maharashtra Government

ਤਸਵੀਰ ਕੈਪਸ਼ਨ, ਜੋਤੀ ਰਾਓ ਫੂਲੇ ਆਪਣੇ ਪੁੱਤਰ ਯਸ਼ਵੰਤ ਨਾਲ

ਅਜੋਕੇ ਐੱਸਸੀ ਭਾਈਚਾਰੇ ਲਈ ਸਮੇਂ ਸਮੇਂ 'ਤੇ ਵੱਖ-ਵੱਖ ਸ਼ਬਦ ਵਰਤੇ ਜਾਂਦੇ ਰਹੇ, ਜਿਵੇਂ ਕਿ- ਅਨਤਿਆਜਸ, ਦਮਿਤ ਵਰਗ, ਪਰਿਹਾਸ, ਦਲਿਤ, ਹਰੀਜਨ, ਅਤੀ ਸ਼ੂਦਰ ਅਤੇ ਆਦਿ ਦਰਾਵਿੜ, ਆਦਿ।

ਦਲਿਤ ਸ਼ਬਦ ਦੀ ਪਹਿਲੀ ਵਾਰ ਵਰਤੋਂ ਮਹਾਰਸ਼ਟਰ ਦੇ ਸਮਾਜ ਸੁਧਾਰਕ ਜੋਤੀਰਾਓ ਫੂਲੇ ਨੇ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਦਲਿਤ ਉਹ ਵਰਗ ਹੈ, ਜਿਸ ਨੂੰ ਦਲਿਆ ਗਿਆ ਹੈ ਅਤੇ ਫੂਲੇ ਨੇ ਕਿਹਾ ਕਿ ਅਸੀਂ 'ਦਲਿਤ' ਹਾਂ।

ਦਲਿਤ ਸ਼ਬਦ ਹਿੰਦੀ ਸ਼ਬਦ ਦਲਨ ਤੋਂ ਬਣਿਆ ਹੈ। ਜਿਸ ਦਾ ਅਰਥ ਹੈ, ਜਿਸ ਨੂੰ ਦੋ ਪੁੜਾਂ ਵਿਚਕਾਰ ਦਲਿਆ ਜਾਂਦਾ ਹੈ, ਤੋੜਿਆ ਜਾਂਦਾ ਹੈ।

ਜਦਕਿ ਐੱਸੀਸੀ ਸ਼ਬਦ ਦੀ ਪਹਿਲੀ ਵਾਰ ਵਰਤੋਂ 1935 ਦੇ ਗਵਰਨਮੈਂਟ ਆਫ਼ ਇੰਡੀਆ ਐਕਟ ਵਿੱਚ ਕੀਤੀ ਗਈ।

ਇਹੀ ਕਾਨੂੰਨ ਸੀ, ਜਿੱਥੇ ਸਭ ਤੋਂ ਪਹਿਲਾਂ ਭਾਰਤ ਦੀ ਜਾਤੀਵਾਦੀ ਵਿਵਸਥਾ ਵਿੱਚ ਪਿਸ ਰਹੇ ਲੋਕਾਂ ਦੀਆਂ ਜਾਂਤਾਂ ਦੀ ਇੱਕ ਸੂਚੀ ਬਣਾਈ ਗਈ।

ਗਾਂਧੀ ਤੇ ਅੰਬੇਦਕਰ

ਤਸਵੀਰ ਸਰੋਤ, Getty Images

ਡਾ ਅੰਬੇਦਕਰ ਜੋ ਕਿ ਇਸ ਵਰਗ ਲਈ ਪਹਿਲਾਂ ਅੰਗਰੇਜੀ "ਡਿਪਰੈਸਡ ਕਲਾਲਸਿਜ਼" ਜਾਂ "ਬਰੋਕਨ ਮਿਨ" ਵਰਤਣ ਦੇ ਹਮਾਇਤੀ ਸਨ, ਜਿਸ ਦਾ ਅਨੁਵਾਦ ਦਲਿਤ ਹੀ ਹੁੰਦਾ ਹੈ।

ਪਰ ਬਾਅਦ ਵਿੱਚ ਜਦੋਂ ਮਹਾਮਤਮਾ ਗਾਂਧੀ ਨੇ ਦਲਿਤ ਸ਼ਬਦ ਲਈ ਹਰੀਜਨ ਸ਼ਬਦ ਨੂੰ ਪ੍ਰਚਲਿੱਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੰਬੇਦਕਰ ਨੇ ਦਲਿਤ ਸ਼ਬਦ ਦੀ ਵਰਤੋਂ ਉੱਪਰ ਪਹਿਲਾਂ ਨਾਲੋਂ ਜ਼ਿਆਦਾ ਜੋਰ ਦੇਣਾ ਸ਼ੁਰੂ ਕਰ ਦਿੱਤਾ।

ਅੰਬੇਦਕਰ ਦਲਿਤ ਵਰਗ ਲਈ ਵੱਖਰੇ ਇਲੈਕਟੋਰੇਟ ਦੀ ਮੰਗ ਕਰ ਰਹੇ ਸਨ ਜਦਕਿ ਗਾਂਧੀ ਦਾ ਕਹਿਣਾ ਸੀ ਕਿ ਇਸ ਵਰਗ ਨੂੰ ਜ਼ਿਆਦਾ ਨੁਮਾਇੰਦਗੀ ਦਿੱਤੀ ਜਾ ਸਕਦੀ ਹੈ ਪਰ ਉਹ ਵਡੇਰੇ ਹਿੰਦੂ ਸਮਾਜ ਦਾ ਹੀ ਅੰਗ ਬਣੇ ਰਹਿਣ। ਇਸ ਤੋਂ ਬਾਅਦ 1932 ਵਿੱਚ ਗਾਂਧੀ ਨੇ ਦਲਿਤ ਵਰਗ ਲਈ ਹਰੀਜਨ ਸ਼ਬਦ ਦੀ ਵਰਤੋਂ ਕੀਤੀ।

ਇਹ ਵੀ ਪੜ੍ਹੋ:

ਐੱਸਸੀ ਵਰਗ ਲਈ ‘ਦਲਿਤ’ ਹੋਣ ਦੇ ਮਾਅਨੇ

ਦਲਿਤ

ਤਸਵੀਰ ਸਰੋਤ, AFP

ਸਾਲ 2018 ਦੇ ਮੱਧ ਮਹਾਰਾਸ਼ਟਰ ਦੇ ਸਮਾਜਿਕ ਕਾਰਕੁਨ ਪੰਕਜ ਮਹੇਸ਼ਰਾਮ ਨੇ ਬੰਬਈ ਹਾਈ ਕੋਰਟ ਵਿੱਚ ਇੱਕ ਲੋਕ ਹਿੱਤ ਪਟੀਸ਼ਨ ਪਾਈ ਸੀ।

ਉਨ੍ਹਾਂ ਮੰਗ ਕੀਤੀ ਕਿ ਸਮਾਜਿਕ ਸੰਵਾਦ ਵਿੱਚ ਦਲਿਤ ਸ਼ਬਦ ਨੂੰ ਖ਼ਤਮ ਕੀਤਾ ਜਾਵੇ ਅਤੇ ਇਸ ਦੀ ਥਾਂ ਸੰਵਿਧਾਨਿਕ ਸ਼ਬਦ 'ਅਨੁਸੂਚਿਤ ਜਾਤੀ' ਸ਼ਬਦ ਵਰਤਿਆ ਜਾਵੇ।

ਅਦਾਲਤ ਦਾ ਫੈਸਲਾ ਮਹੇਸ਼ਰਾਮ ਦੇ ਹੱਕ ਵਿੱਚ ਆਉਣ ਤੋਂ ਬਾਅਦ ਸਤੰਬਰ 2018 ਵਿੱਚ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਦੇਸ਼ ਦੇ ਮੀਡੀਆ ਅਦਾਰਿਆਂ ਨੂੰ ਇੱਕ ਪੱਤਰ ਲਿਖ ਕੇ 'ਦਲਿਤ' ਵਰਤਣ ਤੋਂ ਗੁਰੇਜ਼ ਕਰਨ ਲਈ ਕਿਹਾ।

ਦਲਿਤ ਕਾਰਕੁਨਾਂ ਮੁਤਾਬਕ ਦਲਿਤ ਸ਼ਬਦ ਐੱਸਸੀ ਭਾਈਚਾਰੇ ਦੇ ਨੌਜਵਾਨਾਂ ਵਿੱਚ ਹੀਣ ਭਾਵਨਾ ਦਾ ਸੰਚਾਰ ਕਰਦਾ ਹੈ।

ਇਸ ਦੇ ਪਿੱਛੇ ਇੱਕ ਹੋਰ ਤੱਥ ਇਹ ਵੀ ਹੈ ਕਿ ਜਿੱਥੇ ਐੱਸੀ ਵਰਗ ਨਾਲ ਜੁੜੇ ਲੋਕ ਆਪਣੇ ਆਪ ਨੂੰ ਦਲਿਤ ਕਹਿੰਦੇ ਹਨ ਤਾਂ ਉਹ ਆਪਣੀ ਵੱਖਰੀ ਪਛਾਣ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਹਨ (ਚਮਾਰ ਦਾ ਪੁੱਤਰ) ਜੋ ਸਮਾਜਿਕ ਨਿਆਂ ਲਈ ਸੰਘਰਸ਼ੀਲ ਹੈ।

ਦਲਿਤ ਸ਼ਬਦ ਨੂੰ ਸਿਆਹਫਾਮ ਲੋਕਾਂ ਦੀ ਹੱਕਾਂ ਦੀ ਲਹਿਰ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਹੈ। ਉਸ ਸਥਿਤੀ ਵਿੱਚ ਦਲਿਤ ਸ਼ਬਦ ਬਲੈਕ ਦਾ ਸਮਾਨਅਰਥੀ ਹੋ ਨਿਬੜਦਾ ਹੈ।

ਜੂਨ 1872 ਵਿੱਚ ਮਹਾਰਸ਼ਟਰ ਦੇ ਕੁਝ ਪੜ੍ਹੇ ਲਿਖੇ ਦਲਿਤ ਨੌਜਵਾਨਾਂ ਨੇ ਦਲਿਤ ਪੈਂਥਰ ਮੂਵਮੈਂਟ ਦਾ ਮੁੱਢ ਬੰਨ੍ਹਿਆ।

ਇਸ ਲਹਿਰ ਦੇ ਪ੍ਰੇਰਣਾ ਸਰੋਤ ਡਾ ਅੰਬੇਦਕਰ ਅਤੇ ਅਮਰੀਕਾ ਦੀ ਬਲੈਕ ਪੈਂਥਰ ਮੂਵਮੈਂਟ ਸੀ।

ਦਲਿਤ ਪੈਂਥਰ ਲਹਿਰ ਨੇ ਅੰਬੇਦਕਰ ਦੀ ਵਿਚਾਰਧਾਰਾ ਦਾ ਮੇਲ ਅਮਰੀਕਾ ਦੀ ਬਲੈਕ ਪੈਂਥਰ ਨਾਲ ਕੀਤਾ।

ਇਹ ਲੋਕ ਦਲਿਤ ਲੋਕਾਂ ਉੱਪਰ ਹੋਣ ਵਾਲੇ ਅਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਸਵੈ-ਰੱਖਿਆ ਦਾ ਸਹਾਰਾ ਲੈਂਦੇ ਸਨ।

ਇਨ੍ਹਾਂ ਦਾ ਕ੍ਰਾਂਤੀਕਾਰੀ ਸਾਹਿਤ ਵਿਰੋਧ ਨਾਮ ਦੇ ਰਸਾਲੇ ਵਿੱਚ ਛਪਦਾ, ਜੋ ਕਿ ਦਲਿਤਾਂ ਨੂੰ ਦਬਾਏ ਜਾਣ ਜਾ ਯਥਾਰਥਵਾਦੀ ਵੇਰਵਾ ਪੇਸ਼ ਕਰਦਾ ਸੀ।

ਇਨ੍ਹਾਂ ਨੇ ਕਾਂਗਰਸ ਪਾਰਟੀ ਦੇ ਬਾਈਕਾਟ ਅਤੇ ਜਾਤੀਵਾਦ ਦਾ ਵਿਰੋਧ ਕਰਨ ਲਈ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਵਗੈਰਾ ਦਾ ਵੀ ਵਿਰੋਧ ਕੀਤਾ।

ਵੱਖੋ-ਵੱਖ ਸ਼ਬਦਾਂ ਦਾ ਪ੍ਰਚੱਲਣ ਰਿਹਾ

ਦਲਿਤ ਸ਼ਬਦ ਦੀ ਵਰਤੋਂ ਭਾਰਤ ਵਿੱਚ ਕਈ ਅਰਥਾਂ ਵਿੱਚ ਹੁੰਦੀ ਹੈ। ਇਸ ਸ਼ਬਦ ਨੂੰ ਅੰਗਰੇਜੀ ਦੇ ਡਿਪਰੈਸਡ ਕਲਾਸ ਦਾ ਅਨੁਵਾਦ ਵੀ ਮੰਨਿਆ ਜਾਂਦਾ, ਜਿਨ੍ਹਾਂ ਲਈ ਸੰਵਿਧਾਨ ਵਿੱਚ "ਅਨੁਸੂਚਿਤ ਜਾਤੀ" ਸ਼ਬਦ ਵਰਤਿਆ ਗਿਆ ਹੈ।

ਇਸ ਅਰਥ ਵਿੱਚ ਦੇਖੀਏ ਤਾਂ ਭਾਰਤ ਦੇ ਹਰ ਧਰਮ ਵਿੱਚ ਦਲਿਤ ਮੌਜੂਦ ਹਨ। ਮੌਜੂਦਾ ਸਮੇਂ ਵਿੱਚ ਜਿਨ੍ਹਾਂ ਨੂੰ ਦਲਿਤ ਮੰਨਿਆ/ਕਿਹਾ ਜਾਂਦਾ ਹੈ। ਅਤੀਤ ਵਿੱਚ ਉਨ੍ਹਾਂ ਨੂੰ ਅਛੂਤ ਵੀ ਮੰਨਿਆ ਜਾਂਦਾ ਰਿਹਾ ਹੈ।

ਪੰਜਾਬ ਵਿੱਚ ਚਮਾਰ (ਜਿਨ੍ਹਾਂ ਦਾ ਮੁੱਖ ਕਿੱਤਾ ਚਮੜੇ ਨਾਲ ਜੁੜਿਆ ਹੋਇਆ ਸੀ) ਦੇ ਦੋ ਵਰਗ ਹਨ। ਇੱਕ ਜੋ ਸਿੱਖ ਧਰਮ ਦੇ ਮੰਨਣ ਵਾਲੇ ਹਨ ਅਤੇ ਇੱਕ ਜੋ 15ਵੀ ਸਦੀ ਦੇ ਭਗਤ ਰਵੀਦਾਸ (ਜਿਨ੍ਹਾਂ ਦਾ ਕਿੱਤਾ ਜੁੱਤੀਆਂ ਬਣਾਉਣਾ ਸੀ) ਦੀਆਂ ਸਿੱਖਿਆਵਾਂ ਵਿੱਚ ਯਕੀਨ ਰੱਖਦੇ ਹਨ, ਇਨ੍ਹਾਂ ਦੋਵਾਂ ਨੂੰ ਕ੍ਰਮਵਾਰ ‘ਰਾਮਦਾਸੀਏ’ ਅਤੇ ‘ਰਵੀਦਾਸੀਏ’ ਕਿਹਾ ਜਾਂਦਾ ਹੈ।

ਮਹਾਤਮਾ ਗਾਂਧੀ ਨੇ ਦਲਿਤ ਸ਼ਬਦ ਦੀ ਥਾਂ ਹਰੀਜਨ (ਰੱਬ ਦੇ ਬੰਦੇ) ਸ਼ਬਦ ਦੀ ਵਰਤੋਂ ਸ਼ੁਰੂ ਕੀਤੀ ਪਰ ਸਮੇਂ ਦੇ ਨਾਲ ਇਹ ਵੀ ਦਲਿਤ ਸ਼ਬਦ ਦਾ ਹੀ ਇੱਕ ਹੋਰ ਸਮਾਨ ਅਰਥੀ ਸ਼ਬਦ ਬਣ ਗਿਆ।

ਡਾ. ਬੀਆਰ ਅੰਬੇਦਕਰ ਆਪਣੇ ਭਾਸ਼ਣਾਂ ਅਤੇ ਲਿਖਤਾਂ ਵਿੱਚ ਜੋ ਕਿ ਜਿਆਦਾਤਰ ਅੰਗਰੇਜੀ ਵਿੱਚ ਹਨ। ਐੱਸਸੀ ਭਾਈਚਾਰੇ ਲਈ ਡਿਪਰੈਸਡ ਕਲਾਸਿਜ਼ ਸ਼ਬਦ ਦੀ ਵਰਤੋਂ ਕਰਦੇ ਸਨ।

ਬ੍ਰਿਟਿਸ਼ ਸਰਕਾਰ ਦੌਰਾਨ ਵੀ ਐੱਸਸੀ ਭਾਈਚਾਰੇ ਲਈ ਡਿਪਰੈਸਡ/ਔਪਰੈਸਡ/ਡਿਪਰਾਈਵਡ ਸੈਕਸ਼ਨ ਸ਼ਬਦ ਵਰਤੋਂ ਵਿੱਚ ਸਨ।

ਇਨ੍ਹਾਂ ਸ਼ਬਦਾਂ ਤੋਂ ਭਾਵ ਉਨ੍ਹਾਂ ਲੋਕਾਂ ਤੋਂ ਸੀ ਜੋ ਸਮਾਜਿਕ ਤੌਰ ਤੇ ਦਬਾਏ ਗਏ ਜਾਂ ਜਿਨ੍ਹਾਂ ਨੂੰ ਸਮਾਜਿਕ ਵਸੀਲਿਆਂ ਤੇ ਤਰੱਕੀ ਤੋਂ ਵਾਂਝੇ ਰੱਖਿਆ ਗਿਆ।

ਜਾਤੀਵਾਦ ਬਾਰੇ ਸਮੇਂ ਸਮੇਂ 'ਤੇ ਕੀਤੇ ਗਏ ਯਤਨ

ਦਲਿਤ

ਤਸਵੀਰ ਸਰੋਤ, Getty Images

ਭਾਰਤ ਵਿੱਚ ਕਈ ਸਮਾਜ ਸੁਧਾਰਕਾਂ, ਧਰਮਾਂ ਅਤੇ ਸੰਵਿਧਾਨ ਤੱਕ ਨੇ ਜਾਤਪਾਤ ਦੇ ਖਾਤਮੇ ਦੀ ਗੱਲ ਕੀਤੀ ਪਰ ਅਜਿਹਾ ਨਹੀਂ ਹੋ ਸਕਿਆ।

ਅਨੁਸੂਚਿਤ ਭਾਈਚਾਰੇ ਦੇ ਲੋਕ ਜੇ ਜਾਤੀ ਪ੍ਰਥਾ ਦੇ ਜਨਕ ਹਿੰਦੂ ਮਤ ਨੂੰ ਛੱਡ ਕੇ 'ਬਰਾਬਰੀ' ਦੀ ਤਲਾਸ਼ ਵਿੱਚ ਬਾਹਰੋਂ ਆਏ ਜਾਂ ਭਾਰਤ ਵਿੱਚ ਹੀ ਪੈਦਾ ਹੋਏ ਹੋਰ ਧਰਮਾਂ ਵਿੱਚ ਬਦਲ ਕੇ ਗਏ ਤਾਂ ਵੀ ਉਹ ਆਪਣੀ ਜਾਤ ਆਪਣੇ ਨਾਲ ਲਿਜਾਂਦੇ ਰਹੇ।

ਧਰਮ ਬਦਲਣ ਦਾ ਮਤਲਬ ਉਨ੍ਹਾਂ ਲਈ ਕਦੇ ਵੀ ਜਾਤ ਤੋਂ ਮੁਕਤੀ ਨਹੀਂ ਰਿਹਾ।

ਸਿੱਖ ਧਰਮ ਵਿੱਚ ਵੀ ਹਾਲਾਂ ਕਿ ਅੰਮ੍ਰਿਤ ਸੰਸਕਾਰ ਸਮੇਂ ਕਿਹਾ ਜਾਂਦਾ ਹੈ ਕਿ ਤੁਹਾਡੀ ਪਿਛਲੀ ਕੁਲ ਕਿਰਤ ਮੇਟ ਦਿੱਤੀ ਗਈ ਹੈ ਅਤੇ ਹੁਣ ਤੋਂ ਤੁਸੀਂ ਬਰਾਬਰ ਹੋ ਪਰ ਉੱਥੇ ਵੀ ਐੱਸੀ ਭਾਈਚਾਰੇ ਨਾਲ ਵਿਤਕਰਾ ਜਾਰੀ ਰਿਹਾ।

ਸਿੱਖ ਧਰਮ ਵਿੱਚ ਵੀ ਹਿੰਦੂ ਧਰਮ ਵਾਲੀ ਜਾਤ ਪ੍ਰਥਾ ਹੀ ਮੌਜੂਦ ਹੈ ਅਤੇ ਵਿਆਹਾਂ ਸਮੇਂ ਜਾਤ ਦਾ ਵਿਚਾਰ ਆਮ ਕੀਤਾ ਜਾਂਦਾ ਹੈ।

ਪੰਜਾਬ ਵਿੱਚ ਜੱਟ ਭਾਈਚਾਰੇ ਦਾ ਦਬਦਬਾ ਹੈ,ਹਾਲਾਂਕਿ ਜੱਟ ਦਲਿਤਾਂ ਤੋਂ ਬਹੁਤੇ ਉੱਚੇ ਨਹੀਂ ਹਨ। ਪਰ ਸੂਬੇ ਵਿੱਚ ਜ਼ਮੀਨ ਦੇ ਜਿਆਦਾਤਰ ਹਿੱਸੇ ਉੱਪਰ ਕਾਬਜ਼ ਹੋਣ ਕਾਰਨ, ਉੱਚ ਵਰਗ ਦਾ ਰੁਤਬਾ ਧਾਰਨ ਕਰ ਗਏ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)