ਕੈਨੇਡਾ ਚੋਣਾਂ 2021: ਸੰਸਦ ਵਿਚ ਪਹੁੰਚਣ ਵਾਲੇ 5 ਪ੍ਰਮੁੱਖ ਪੰਜਾਬੀ ਮਹਿਲਾ ਚਿਹਰੇ
ਕੈਨੇਡਾ ਵਿੱਚ ਮੱਧਵਰਤੀ ਫੈਡਰਲ ਚੋਣਾਂ ਵਿਚ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ, ਪਰ ਉਹ ਬਹੁਮਤ ਤੋਂ ਥੋੜੇ ਜਿਹੇ ਫਰਕ ਨਾਲ ਮੁੜ ਖੁੰਢ ਗਈ।
ਤਾਜ਼ਾ ਜਾਣਕਾਰੀ ਮੁਤਾਬਕ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਅਤੇ ਐਰਨ ਟੂਲ ਦੀ ਕੰਜ਼ਰਵੇਟਿਵ ਪਾਰਟੀ ਵਿੱਚ ਸਖ਼ਤ ਮੁਕਾਬਲਾ ਸੀ।
ਜਸਟਿਨ ਟਰੂਡੋ ਸੱਤਾ ਵਿਚ ਰਹਿ ਸਕਦੇ ਹਨ ਪਰ ਉਨ੍ਹਾਂ ਦੀ ਪਾਰਟੀ ਬਹੁਮਤ ਤੋਂ ਦੂਰ ਹੈ ਅਤੇ ਸਰਕਾਰ ਬਣਾਉਣ ਲਈ ਉਨ੍ਹਾਂ ਨੂੰ ਪਿਛਲੇ ਕਾਰਜਕਾਲ ਵਾਂਗ ਜਗਮੀਤ ਸਿੰਘ ਦੀ ਅਗਵਾਈ ਵਾਲੀ ਐੱਨਡੀਪੀ ਦੇ ਸਮਰਥਨ ਉੱਤੇ ਨਿਰਭਰ ਰਹਿਣਾ ਪਵੇਗਾ।
ਸੰਸਦ ਵਿਚ ਸਰਕਾਰ ਬਣਾਉਣ ਲਈ 170 ਸੀਟਾਂ ਦੀ ਲੋੜ ਸੀ ਪਰ ਲਿਬਰਲ ਨੂੰ 158 ਸੀਟਾਂ ਮਿਲੀਆਂ । ਕੰਜ਼ਰਵੇਟਿਵ ਪਾਰਟੀ ਨੂੰ 119 ਸੀਟਾਂ ਉੱਤੇ ਸਬਰ ਕਰਨਾ ਪਿਆ। ਜਗਮੀਤ ਦੀ ਐੱਨਡੀਪੀ ਹਿੱਸੇ 25 ਅਤੇ ਬਲੋਕ ਕਿਉਬੈਕ ਪਾਰਟੀ ਨੂੰ 34 ਸੀਟਾਂ ਹਾਸਲ ਹੋਈਆਂ।
ਲਿਬਰਲ ਪਾਰਟੀ ਵਿਚ ਪੰਜਾਬੀ ਮੂਲ ਦੇ ਲੋਕਾਂ ਦਾ ਖਾਸਾ ਦਬਦਬਾ ਰਿਹਾ ਹੈ। ਇਸ ਵਾਰ ਵੀ ਕਈ ਪੰਜਾਬੀ ਚੋਣ ਜਿੱਤੇ ਹਨ, ਜਿੰਨ੍ਹਾਂ ਵਿਚੋਂ ਅਸੀਂ ਇੱਥੇ ਮੁੱਖ ਮਹਿਲਾ ਪੰਜਾਬੀ ਐੱਮਪੀ ਦਾ ਜ਼ਿਕਰ ਕਰ ਰਹੇ ਹਾਂ।
ਇਹ ਵੀ ਪੜ੍ਹੋ-
ਸੋਨੀਆ ਸਿੱਧੂ
ਨੌਰਥ ਬਰੈਂਪਟਨ ਸਾਊਥ ਤੋਂ ਲਿਬਰਲ ਪਾਰਟੀ ਦੀ ਸੋਨੀਆ ਸਿੱਧੂ ਨੇ ਜਿੱਤ ਹਾਸਿਲ ਕੀਤੀ ਹੈ। ਉਨ੍ਹਾਂ ਕੋਲ ਰਾਜਨੀਤੀ ਸ਼ਾਸ਼ਤਰ ਵਿੱਚ ਗਰੈਜੂਏਸ਼ਨ ਦੀ ਡਿਗਰੀ ਹੈ।
ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ 18 ਸਾਲ ਇੱਕ ਸਿਹਤ ਵਲੰਟੀਅਰ ਵਜੋਂ ਕੰਮ ਕੀਤਾ।
ਉਨ੍ਹਾਂ ਦੇ ਇਸ ਅਨੁਭਵ ਨੇ ਉਨ੍ਹਾਂ ਨੂੰ ਦੇਸ ਦੀ ਜਨਤਾ ਦੀਆਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਸਮਝਣ ਵਿੱਚ ਮਦਦ ਕੀਤੀ।
ਸੋਨੀਆ ਬ੍ਰੈਂਪਟਨ ਵਿੱਚ ਆਪਣੇ ਪਤੀ ਤੇ ਦੋ ਜੌੜੀਆਂ ਧੀਆਂ ਤੇ ਇੱਕ ਪੁੱਤਰ ਨਾਲ ਰਹਿੰਦੇ ਹਨ।
ਰੂਬੀ ਸਹੋਤਾ
ਸੀਬੀਸੀ ਨਿਊਜ਼ ਮੁਤਾਬਕ ਬਰੈਂਪਟਨ ਨੌਰਥ ਤੋਂ ਰੂਬੀ ਸਹੋਤਾ ਨੇ ਜਿੱਤ ਹਾਸਿਲ ਕੀਤੀ ਹੈ। ਰੂਬੀ ਸਹੋਤਾ ਬ੍ਰੈਂਪਟਨ ਨੌਰਥ ਤੋਂ ਲਿਬਰਲ ਪਾਰਟੀ ਦੇ ਐੱਮਪੀ ਹਨ।

ਤਸਵੀਰ ਸਰੋਤ, Getty Images
ਰੂਬੀ ਦਾ ਜਨਮ ਟੋਰਾਂਟੋ ਵਿੱਚ ਅਤੇ ਪਾਲਣ-ਪੋਸ਼ਣ ਬ੍ਰੈਂਪਟਨ ਵਿੱਚ ਹੋਇਆ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਵਕੀਲ ਸਨ।
ਇੱਕ ਵਕੀਲ ਵਜੋਂ ਉਨ੍ਹਾਂ ਨੇ ਸਰਕਾਰੀ ਤੇ ਨਿੱਜੀ ਖੇਤਰ ਦੇ ਕਈ ਵਿਵਾਦਾਂ ਨੂੰ ਸੁਲਝਾਉਣ ਵਿੱਚ ਭੂਮਿਕਾ ਨਿਭਾਈ।
ਰੂਬੀ ਰਾਜਨੀਤੀ ਸ਼ਾਸ਼ਤਰ ਅਤੇ ਪੀਸ ਸਟਡੀਜ਼ ਵਿੱਚ ਬੀਏ ਹਨ ਅਤੇ ਉਹ ਇੱਕ ਛੇ ਸਾਲਾ ਬੱਚੇ ਦੀ ਮਾਂ ਹਨ।
ਕਮਲ ਖਹਿਰਾ
ਬਰੈਂਪਟਨ ਵੈਸਟ ਤੋਂ ਕਮਲ ਖਹਿਰਾ ਨੇ 12000 ਤੋਂ ਵੱਧ ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ।

ਤਸਵੀਰ ਸਰੋਤ, KamalKheraLiberal/FB
ਕਮਲ ਖਹਿਰਾ ਦੀ ਵੈਬਸਾਈਟ ਮੁਤਾਬਕ, 2015 ਤੋਂ ਬਰੈਂਪਟਨ ਵੈਸਟ ਦੀ ਸੰਸਦ ਮੈਂਬਰ ਵਜੋਂ ਨੁਮਾਇੰਦਗੀ ਕਰ ਰਹੇ ਹਨ। ਕਮਲ ਨੇ ਸਰਕਾਰ ਦੇ ਕਈ ਅਹੁਦਿਆਂ 'ਤੇ ਕੰਮ ਕੀਤਾ ਹੈ।
ਉਹ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਕੌਮਾਂਤਰੀ ਵਿਕਾਸ ਮੰਤਰੀ ਅਤੇ ਕੌਮੀ ਰੈਵੇਨਿਊ ਮੰਤਰੀ ਵਜੋਂ ਵੀ ਕੰਮ ਚੁੱਕੇ ਹਨ।
ਅਨੀਤਾ ਆਨੰਦ
ਲਿਬਰਲ ਪਾਰਟੀ ਦੀ ਆਗੂ ਅਨੀਤਾ ਆਨੰਦ ਓਕਵਿਲੇ ਤੋਂ ਸੰਸਦ ਮੈਂਬਰ ਚੁਣੇ ਗਏ ਹਨ।

ਤਸਵੀਰ ਸਰੋਤ, Anita Anad/twitter
ਲਿਬਰਲ ਪਾਰਟੀ ਦੀ ਵੈਬਸਾਈਟ ਮੁਤਾਬਕ ਅਨੀਤਾ ਆਨੰਦ ਇਸ ਵੇਲੇ ਯੂਨੀਵਰਸਿਟੀ ਆਫ਼ ਟੋਰਾਂਟੋ ਵਿੱਚ ਲਾਅ ਦੀ ਪ੍ਰੋਫ਼ੈਸਰ ਹਨ। ਉਨ੍ਹਾਂ ਦੇ ਚਾਰ ਬੱਚੇ ਹਨ।
ਅਨੀਤਾ ਆਨੰਦ ਦਾ ਜਨਮ ਨੋਵਾ ਸਕੋਟੀਆ ਵਿੱਚ ਹੋਇਆ ਤੇ 1985 ਵਿੱਚ ਉਹ ਓਂਟਾਰੀਓ ਆ ਗਏ ਸਨ।
ਸਾਲ 2015 ਵਿੱਚ ਓਂਟਾਰੀਓ ਦੇ ਉਸ ਵੇਲੇ ਦੇ ਵਿੱਤ ਮੰਤਰੀ ਚਾਰਲਜ਼ ਸੌਸਾ ਨੇ ਅਨੀਤਾ ਨੂੰ ਸਰਕਾਰ ਦੀ ਵਿੱਤੀ ਯੋਜਨਾਵਾਂ ਨਾਲ ਜੁੜੀ ਮਾਹਿਰਾਂ ਦੀ ਇੱਕ ਕਮੇਟੀ ਵਿੱਚ ਸ਼ਾਮਿਲ ਕੀਤਾ ਸੀ।
ਬਰਦਿਸ਼ ਚੱਗਰ
ਸੀਬੀਸੀ ਨਿਊਜ਼ ਮੁਤਾਬਕ ਬਰਦੀਸ਼ ਚੱਗਰ ਇੱਕ ਵਾਰ ਫਿਰ ਤੋਂ ਵਾਟਰਲੂ ਤੋਂ ਮੁੜ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ।

ਤਸਵੀਰ ਸਰੋਤ, Getty Images
ਬਰਦੀਸ਼ ਚਗਰ ਹਾਊਸ ਆਫ਼ ਕਾਮਨਜ਼ ਵਿਚ ਸਰਕਾਰੀ ਧਿਰ ਦੀ ਸਦਨ ਦੀ ਆਗੂ ਵੀ ਰਹੇ ਹਨ।
ਲਿਬਰਲ ਪਾਰਟੀ ਦੇ ਕਾਰਕੁਨ ਗੁਰਮਿੰਦਰ ਸਿੰਘ ਗੋਗੀ ਦੀ ਧੀ ਬਰਦੀਸ਼ ਇਸ ਤੋਂ ਪਹਿਲਾਂ ਕੈਨੇਡਾ ਦੀ ਸਮਾਲ ਬਿਜ਼ਨਸ ਤੇ ਟੂਰਿਜ਼ਮ ਮੰਤਰੀ ਰਹਿ ਚੁੱਕੇ ਹਨ।
6 ਅਪ੍ਰੈਲ 1980 ਨੂੰ ਜਨਮੀ ਬਰਦੀਸ਼, ਟਰੂਡੋ ਸਰਕਾਰ ਵੱਲੋਂ ਸਦਨ ਦੀ ਆਗੂ ਬਣਾਈ ਗਈ ਪਹਿਲੀ ਔਰਤ ਸਿਆਸਤਦਾਨ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













