ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ’ਤੇ ਯੂਪੀ ਵਿੱਚ ਸਿਆਸੀ ਹਲਚਲ ਕਿਉਂ ਤੇਜ਼ ਹੋ ਗਈ ਹੈ

ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, CHARANJEET SINGH CHANNI/FACEBOOK

ਤਸਵੀਰ ਕੈਪਸ਼ਨ, ਆਜ਼ਾਦੀ ਦੇ 74 ਸਾਲ ਬਾਅਦ ਸੂਬੇ ਵਿੱਚ ਦਲਿਤ ਭਾਈਚਾਰੇ 'ਚੋਂ ਪਹਿਲਾ ਮੁੱਖ ਮੰਤਰੀ ਬਣਿਆ ਗਿਆ ਹੈ
    • ਲੇਖਕ, ਵਾਤਸਲਿਆ ਰਾਇ
    • ਰੋਲ, ਬੀਬੀਸੀ ਪੱਤਰਕਾਰ

ਚਰਨਜੀਤ ਸਿੰਘ ਚੰਨੀ ਨੂੰ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਸਹੁੰ ਚੁੱਕੀ ਸੀ। ਉਸ ਦੇ ਕੁਝ ਮਿੰਟ ਬਾਅਦ ਹੀ ਬਹੁਜਨ ਸਮਾਜ ਪਾਰਟੀ ਪ੍ਰਮੁਖ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਮੀਡੀਆ ਨਾਲ ਚਰਚਾ ਲਈ ਆਏ।

ਮਾਇਆਵਤੀ ਨੇ ਆਪਣੀ ਗੱਲ ਦੀ ਸ਼ੁਰੂਆਤ ਤਾਂ ਚੰਨੀ ਨੂੰ ਵਧਾਈ ਦੇ ਕੇ ਕੀਤੀ ਪਰ ਅਗਲੇ ਹੀ ਮਿੰਟ ਉਨ੍ਹਾਂ ਨੇ ਕਾਂਗਰਸ 'ਤੇ ਤਾਬੜਤੋੜ ਹਮਲੇ ਸ਼ੁਰੂ ਕਰ ਦਿੱਤੇ।

ਮਾਇਆਵਤੀ ਨੇ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਨੂੰ ਕਾਂਗਰਸ ਦਾ 'ਚੋਣ ਹਥਕੰਡਾ' ਦੱਸਿਆ। ਇਸ ਫ਼ੈਸਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਕਹਿ ਚੁੱਕੀ ਹੈ ਕਿ ਦਲਿਤ ਕਾਂਗਰਸ ਲਈ 'ਸਿਆਸੀ ਮੋਹਰਾ' ਹੈ।

ਵੀਡੀਓ ਕੈਪਸ਼ਨ, ਮਾਂ ਦੀਆਂ ਕਿਹੜੀਆਂ ਗੱਲਾਂ ਦੱਸਦੇ ਚੰਨੀ ਭਾਵੁਕ ਹੋ ਗਏ...

ਫ਼ੈਸਲੇ ਦਾ ਅਸਰ ?

ਮਾਇਆਵਤਾ ਨੇ ਕਿਹਾ, "ਇਹ ਬਿਹਤਰ ਹੁੰਦਾ ਹੈ ਕਿ ਕਾਂਗਰਸ ਇਨ੍ਹਾਂ ਨੂੰ ਪਹਿਲਾਂ ਹੀ ਪੂਰੇ ਪੰਜ ਸਾਲ ਲਈ ਇੱਥੋਂ ਦਾ (ਪੰਜਾਬ ਦਾ) ਮੁੱਖ ਮੰਤਰੀ ਬਣਾ ਦਿੰਦੀ।"

"ਪਰ ਕੁਝ ਹੀ ਸਮੇਂ ਲਈ ਇਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਨਾਲ ਇਹ ਲਗਦਾ ਹੈ ਕਿ ਇਹ ਇਨ੍ਹਾਂ ਦਾ ਕੋਰਾ ਚੋਣਾਵੀਂ ਹਥਕੰਡਾ ਹੈ, ਇਸ ਦੇ ਸਿਵਾ ਕੁਝ ਨਹੀਂ ਹੈ।"

ਇੱਤੇਫਾਕ ਇਹ ਵੀ ਹੈ ਕਿ ਸੋਮਵਾਰ ਨੂੰ ਉੱਤਰ ਪ੍ਰਦੇਸ਼ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ ਜਿਨ੍ਹਾਂ ਵਿੱਚ ਕੇਂਦਰ ਅਤੇ ਪ੍ਰਦੇਸ਼ ਦੀ ਭਾਜਪਾ ਸਰਕਾਰਾਂ ਦੇ 'ਦਲਿਤਾਂ ਦੇ ਹਿਤ' ਵਿੱਚ ਕੀਤੇ ਕੰਮ ਗਿਣਵਾਏ ਗਏ।

ਇਹ ਵੀ ਪੜ੍ਹੋ-

ਯੋਗੀ ਆਦਿਤਿਆਨਾਥ ਐਤਵਾਰ ਨੂੰ ਵਾਰਾਣਸੀ ਵਿੱਚ ਭਾਜਪਾ ਦੇ ਅਨੁਸੂਚਿਤ ਜਾਤੀ ਮੋਰਚਾ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਵਿੱਚ ਸ਼ਾਮਿਲ ਹੋਏ ਸਨ।

ਐਤਵਾਰ ਨੂੰ ਹੀ ਇਸ ਦਾ ਵੀਡੀਓ ਵੀ ਟਵਿੱਟਰ 'ਤੇ ਪੋਸਟ ਕੀਤਾ ਗਿਆ ਸੀ ਪਰ ਸੋਮਵਾਰ ਨੂੰ ਜਿਸ ਵੇਲੇ ਚੰਨੀ ਸਹੁੰ ਲੈ ਰਹੇ ਸੀ, ਯੋਗੀ ਆਦਿਤਿਆਨਾਥ ਨੇ ਕਰੀਬ ਉਦੋਂ ਟਵਿੱਟਰ 'ਤੇ ਕਈ ਟਵੀਟ ਕੀਤੇ।

ਮਾਇਆਵਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮਾਇਆਵਤੀ ਦੀ ਬਸਪਾ ਨੇ ਪੰਜਾਬ ਵਿੱਚ ਅਕਾਲੀ ਦਲ ਨਾਲ ਗਠਜੋੜ ਕੀਤਾ ਹੈ

ਹਾਲਾਂਕਿ, ਇਨ੍ਹਾਂ ਵਿੱਚ ਚੰਨੀ, ਪੰਜਾਬ ਜਾਂ ਕਾਂਗਰਸ ਦਾ ਕੋਈ ਜ਼ਿਕਰ ਨਹੀਂ ਸੀ, ਪਰ ਭਾਜਪਾ ਆਈਟੀ ਸੈੱਲ ਦੇ ਕੌਮੀ ਇੰਚਾਰਜ ਅਮਿਤ ਮਾਲਵੀਆ ਨੇ ਚੰਨੀ ਦੇ ਚੋਣ ਦਾ ਜ਼ਿਕਰ ਕਰਦਿਆਂ ਕਾਂਗਰਸ 'ਤੇ ਨਿਸ਼ਾਨਾ ਲਾਇਆ।

ਪੰਜਾਬ ਦੇ ਪਹਿਲੇ ਦਲਿਤ ਭਾਈਚਾਰੇ ’ਚੋਂ ਮੁੱਖ ਮੰਤਰੀ

ਚੰਨੀ ਦਲਿਤ ਭਾਈਚਾਰੇ ਨਾਲ ਸਬੰਧਿਤ ਹਨ। ਕਾਂਗਰਸ ਦੇ ਆਗੂਆਂ ਮੁਤਾਬਕ ਉਨ੍ਹਾਂ ਦਾ 'ਦਲਿਤ ਹੋਣਾ, ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਦੀ ਸਭ ਤੋਂ ਵੱਡਾ ਕਾਰਨ ਸਾਬਿਤ ਹੋਇਆ।'

ਪੰਜਾਬ ਵਿੱਚ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਚੋਣਾਂ ਹੋਣ ਵਾਲੀਆਂ ਹਨ। ਅਜਿਹੇ ਵਿੱਚ ਚੰਨੀ ਦਾ ਮੌਜੂਦਾ ਕਾਰਜਕਾਲ ਕੁਝ ਹੀ ਮਹੀਨਿਆਂ ਦਾ ਰਹੇਗਾ।

ਪਰ ਫਿਰ ਵੀ ਉਹ ਇੱਕ ਇਤਿਹਾਸ ਰਚਣ ਵਿੱਚ ਸਫ਼ਲ ਰਹੇ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਅਹਦੇ ਤੋ ਅਸਤੀਫਾ ਦਿੱਤਾ, ਉਦੋਂ ਜਿਨ੍ਹਾਂ ਕਾਂਗਰਸੀ ਨੇਤਾਵਾਂ ਦੇ ਨਾਮ ਸੰਭਾਵੀ ਮੁੱਖ ਮੰਤਰੀ ਵਜੋਂ ਚਰਚਾ ਵਿੱਚ ਸਨ, ਉਨ੍ਹਾਂ ਵਿੱਚ ਚੰਨੀ ਦਾ ਨਾਮ ਸ਼ਾਮਿਲ ਨਹੀਂ ਸੀ। ਐਤਵਾਰ ਦੁਪਹਿਰ ਤੱਕ ਉਨ੍ਹਾਂ ਦੇ ਨੇਤਾ ਚੁਣੇ ਜਾਣ ਬਾਰੇ ਕੋਈ ਚਰਚਾ ਨਹੀਂ ਸੀ।

ਪਰ, ਚੰਨੀ ਦੇ ਨਾਮ ਦਾ ਐਲਾਨ ਹੋਇਆ ਤਾਂ ਕਾਂਗਰਸ ਦੇ ਨੇਤਾ ਜ਼ੋਰ-ਸ਼ੋਰ ਨਾਲ ਇਹ ਦੱਸਣ ਲੱਗੇ ਕਿ ਉਹ ਪੰਜਾਬ ਦੇ ਪਹਿਲੇ 'ਦਲਿਤ ਭਾਈਚਾਰੇ ’ਚੋਂ ਮੁੱਖ ਮੰਤਰੀ' ਹੋਣਗੇ।

ਕਾਂਗਰਸ ਦੇ ਸੀਨੀਅਰ ਨੇਤਾ ਮਨਪ੍ਰੀਤ ਸਿੰਘ ਬਾਦਲ ਨੇ ਐਤਵਾਰ ਨੂੰ ਮੀਡੀਆ ਨੂੰ ਕਿਹਾ, "ਪੰਜਾਬ ਵਿੱਚ ਐੱਸਸੀ ਪੋਪੂਲੇਸ਼ਨ (ਦਲਿਤ ਆਬਾਦੀ) ਹਿੰਦੁਸਤਾਨ ਵਿੱਚ ਸਭ ਤੋਂ ਵੱਧ ਹੈ।"

ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਮੁੱਖ ਮੰਤਰੀ ਬਣਨ ਮਗਰੋਂ ਚਰਨਜੀਤ ਚੰਨੀ ਨੇ ਭਾਵੁਕ ਭਾਸ਼ਣ ਵਿੱਚ ਆਪਣੇ ਔਖੇ ਵੇਲੇ ਨੂੰ ਯਾਦ ਕੀਤਾ ਸੀ

"ਕਰੀਬ 33 ਫੀਸਦ, ਜਦੋਂ ਤੋਂ ਹਿੰਦੁਸਤਾਨ ਆਜ਼ਾਦ ਹੋਇਆ ਹੈ, ਜੰਮੂ-ਕਸ਼ਮੀਰ, ਹਿਮਾਚਲ, ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿੱਚ ਅੱਜ ਤੱਕ ਕੋਈ ਦਲਿਤ ਮੁੱਖ ਮੰਤਰੀ ਨਹੀਂ ਬਣਿਆ ਹੈ।"

ਮਾਇਆਤੀ ਨੇ ਕੀ ਕਿਹਾ?

ਉੱਤਰ ਪ੍ਰਦੇਸ਼ ਦੀ ਚਾਰ ਵਾਰ ਮੁੱਖ ਮੰਤਰੀ ਰਹਿ ਚੁੱਕੀ ਮਾਇਆਵਤੀ ਦਲਿਤ ਭਾਈਚਾਰੇ ਨਾਲ ਸਬੰਧਿਤ ਹਨ ਅਤੇ ਉਨ੍ਹਾਂ ਦੀ ਗਿਣਤੀ ਦੇਸ਼ ਦੇ ਸਭ ਤੋਂ ਵੱਡੇ ਦਲਿਤ ਆਗੂਆਂ ਵਿੱਚ ਹੁੰਦੀ ਹੈ।

ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਦ ਨਜ਼ਰ ਪੰਜਾਬ ਦੇ ਦਲਿਤ ਵੋਟ ਬੈਂਕ 'ਤੇ ਵੀ ਹੈ।

ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮਾਇਆਵਤੀ ਦੀ ਬਸਪਾ ਨੇ ਪੰਜਾਬ ਵਿੱਚ ਅਕਾਲੀ ਦਲ ਨਾਲ ਗਠਜੋੜ ਕੀਤਾ ਹੈ।

ਮਾਇਆਵਤੀ ਦੇ ਦਾਅਵਾ ਕੀਤਾ ਹੈ ਕਿ ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਬਸਪਾ ਅਤੇ ਅਕਾਲੀ ਦਲ ਦੇ ਗਠਜੋੜ ਕਰਕੇ ਹੋਈ ਚਿੰਤਾ ਕਾਰਨ ਬਣਾਇਆ ਹੈ।

ਮਾਇਆਵਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਦਿਆਂ ਹੀ ਮਾਇਆਵਤੀ ਨੇ ਕਾਂਗਰਸ ’ਤੇ ਹਮਲੇ ਸ਼ੁਰੂ ਕਰ ਦਿੱਤੇ ਸਨ

ਉਨ੍ਹਾਂ ਨੇ ਕਿਹਾ, "ਇਹ ਵੀ ਸਪੱਸ਼ਟ ਹੈ ਕਿ ਕਾਂਗਰਸ ਪਾਰਟੀ ਇੱਥੋਂ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਤੋਂ ਕਾਫੀ ਜ਼ਿਆਦਾ ਘਬਰਾਈ ਹੋਈ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਪੰਜਾਬ ਦੇ ਦਲਿਤ ਵਰਗ ਦੇ ਲੋਕ ਵੀ ਇਨ੍ਹਾਂ ਦੇ ਹਥਕੰਡੇ ਦੇ ਬਹਿਕਾਵੇ ਵਿੱਚ ਬਿਲਕੁਲ ਨਹੀਂ ਆਉਣ ਵਾਲੇ ਹਨ।"

ਸਿਆਸੀ ਸਮੀਕਰਨ

ਪੰਜਾਬ ਵਿੱਚ ਅਕਾਲੀ-ਬਸਪਾ ਗਠਜੋੜ ਦੀ ਸਫ਼ਲਤਾ ਲਈ ਦਲਿਤ ਵੋਟਾਂ ਨੂੰ ਹੀ ਸਭ ਤੋਂ ਅਹਿਮ ਮੰਨਿਆ ਜਾ ਰਿਹਾ ਹੈ।

ਪਰ ਮਾਇਆਵਤੀ ਦੀ ਪਾਰਟੀ ਦਾ ਅਸਲ ਦਾਅ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਲੱਗਾ ਹੋਵੇਗਾ, ਜਿੱਥੇ ਬੀਤੇ ਕਰੀਬ ਤਿੰਨ ਦਹਾਕੇ ਤੋਂ ਦਲਿਤਾਂ ਦੀ ਸਭ ਤੋਂ ਜ਼ਿਆਦਾ ਵੋਟ ਉਨ੍ਹਾਂ ਦੀ ਪਾਰਟੀ ਬਸਪਾ ਨੂੰ ਹਾਸਿਲ ਹੁੰਦੀ ਰਹੀ ਹੈ।

ਇਸ ਵਾਰ ਪ੍ਰਬੁਧ (ਬ੍ਰਾਹਮਣ) ਸੰਮੇਲਨ ਰਾਹੀਂ ਬਸਪਾ ਬ੍ਰਾਹਮਣ ਅਤੇ ਦਲਿਤ ਵੋਟ ਬੈਂਕ ਨੂੰ ਨਾਲ ਲੈ ਕੇ ਤੁਰਨ ਦਾ ਹੀ ਫਾਰਮੂਲਾ ਆਜਮਾਉਣ ਦੀ ਕੋਸ਼ਿਸ਼ ਵਿੱਚ ਹੈ, ਜਿਸ ਨੇ ਸਾਲ 2007 ਵਿੱਚ ਮਾਇਆਵਤੀ ਦੀ ਪਾਰਟੀ ਨੂੰ ਪਹਿਲੀ ਵਾਰ ਆਪਣੇ ਦਮ 'ਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਹਾਸਿਲ ਕਰਵਾਇਆ ਸੀ।

ਇਹ ਵੀ ਪੜ੍ਹੋ-

ਕਿਸੇ ਵੇਲੇ ਇਹੀ ਸਮੀਕਰਨ ਕਾਂਗਰਸ ਲਈ ਸੱਤਾ ਦਾ ਰਸਤਾ ਤਿਆਰ ਕਰਦਾ ਸੀ, ਇਸ ਵਾਰ ਵੀ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਅੱਗੇ ਕਰਦਿਆਂ ਹੋਇਆਂ ਕਾਂਗਰਸ ਉੱਤਰ ਪ੍ਰਦੇਸ਼ ਵਿੱਚ ਪੁਰਾਣੇ ਫਾਰਮੂਲੇ ਨੂੰ ਅਜਮਾਉਣ ਦੀ ਕੋਸ਼ਿਸ਼ ਵਿੱਚ ਹੈ।

ਪ੍ਰਿਅੰਕਾ ਗਾਂਧੀ ਵਾਡਰਾ ਨੇ 2019 ਦੀਆਂ ਲੋਕਸਭਾ ਚੋਣਾਂ ਵਿੱਚ ਵੀ ਇਹ ਸਮੀਕਰਨ ਸਾਧਣ ਦੀ ਕੋਸ਼ਿਸ਼ ਕੀਤੀ ਸੀ।

ਭੀਮ ਆਰਮੀ ਦੇ ਚੰਦਰਸ਼ੇਖ਼ਰ ਆਜ਼ਾਦ ਰਾਵਣ ਨਾਲ ਉਨ੍ਹਾਂ ਦੀ ਮੁਲਾਕਾਤ ਨੂੰ ਇਸੇ ਕੋਸ਼ਿਸ਼ ਦਾ ਹਿੱਸਾ ਮੰਨਿਆ ਗਿਆ ਸੀ। ਹਾਲਾਕਿ, ਉਦੋਂ ਕਾਂਗਰਸ ਕੋਈ ਕਮਾਲ ਕਰਨ ਵਿੱਚ ਸਫ਼ਲ ਨਹੀਂ ਰਹੀ ਸੀ।

ਵੀਡੀਓ ਕੈਪਸ਼ਨ, ਨਵਜੋਤ ਸਿੰਘ ਸਿੱਧੂ ਬੋਲੇ, 'ਅੱਜ ਪਤਾ ਲੱਗਾ ਮੁੱਖ ਮੰਤਰੀ ਕਿਹੋ ਜਿਹਾ ਹੁੰਦਾ'

ਉੱਤਰ ਪ੍ਰਦੇਸ਼ ਵਿੱਚ ਵਿਰੋਧੀ ਦਲ ਕਾਂਗਰਸ ਨੂੰ ਹੁਣ ਤੱਕ ਗੰਭੀਰਤਾ ਨਾਲ ਨਹੀਂ ਲੈ ਰਹੇ ਸਨ ਪਰ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਸਰਕਾਰ ਦਾ ਮੁਖੀ ਬਣਾ ਕੇ ਕਾਂਗਰਸ ਨੇ ਦੋਵਾਂ ਪ੍ਰਦੇਸ਼ਾਂ (ਪੰਜਾਬ ਅਤੇ ਉੱਤਰ ਪ੍ਰਦੇਸ਼) ਵਿੱਚ ਸਿਆਸੀ ਬਹਿਸ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ।

ਜਾਣਕਾਰਾਂ ਦੀ ਰਾਇ ਵਿੱਚ ਆਂਤਰਿਕ ਗੁਟਬਾਜ਼ੀ ਤੋਂ ਬਾਅਦ ਵੀ ਕਾਂਗਰਸ ਫਿਲਹਾਲ ਪੰਜਾਬ ਵਿੱਚ ਸਭ ਤੋਂ ਵੱਡੀ ਤਾਕਤ ਵਜੋਂ ਦੇਖੀ ਜਾ ਰਹੀ ਹੈ।

ਜੇਕਰ ਚੰਨੀ ਦੇ ਹਿੱਸੇ ਥੋੜ੍ਹੀ ਵੀ ਸਫ਼ਲਤਾ ਆਈ ਤਾਂ ਉਹ ਦਲਿਤ ਜਿਹਰੇ ਵਜੋਂ ਦੂਜੇ ਸੂਬਿਆਂ ਵਿੱਚ ਵੀ ਪਾਰਟੀ ਦਾ ਗਰਾਫ ਉੱਚਾ ਕਰ ਸਕਦੇ ਹਨ।

ਕਾਂਗਰਸ ਨੇਤਾ ਜਿਵੇਂ ਐਤਵਾਰ ਸ਼ਾਮੀਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਤੋਂ ਜ਼ਿਆਦਾ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦਲਿਤ ਭਾਈਚਾਰੇ ਨਾਲ ਜੁੜੀਆਂ ਹੋਣ ਦੀਆਂ ਚਰਚਾਵਾਂ ਕਰ ਰਹੇ ਹਨ, ਉਸ ਤੋਂ ਇਹੀ ਸੰਕੇਤ ਮਿਲ ਰਿਹਾ ਹੈ।

ਹਾਲਾਂਕਿ, ਵਿਰੋਧੀ ਦਲਾਂ ਦੇ ਨੇਤਾ ਇਨ੍ਹਾਂ ਸੰਕੇਤਾਂ ਤੋਂ ਅੱਗੇ ਵੀ ਦੇਖ ਰਹੇ ਹਨ ਅਤੇ ਕਾਂਗਰਸ ਦੀ ਦੁਖਦੀ ਰਗ ਦਬਾਉਣ ਦੀ ਕੋਸ਼ਿਸ਼ ਵਿੱਚ ਹਨ।

ਸਿਰਫ਼ ਵੋਟ ਬੈਂਕ?

ਮਾਇਆਵਤੀ ਨੇ ਵੀ ਸੋਮਵਾਰ ਨੂੰ ਕਾਂਗਰਸ 'ਤੇ ਨਿਸ਼ਾਨਾ ਸਾਧਣ ਲਈ ਪਾਰਟੀ ਦੇ ਪੰਜਾਬ ਇੰਚਾਰਜ਼ ਹਰੀਸ਼ ਰਾਵਤ ਦੇ ਬਿਆਨ ਦਾ ਹਵਾਲਾ ਦਿੱਤਾ।

ਚੰਦਰਸ਼ੇਖਰ ਆਜ਼ਾਦ ਨੂੰ ਹਸਪਤਾਲ ਮਿਲਣ ਪਹੁੰਚੀ ਪ੍ਰਿਅੰਕਾ ਗਾਂਧੀ ਵਾਡਰਾ

ਤਸਵੀਰ ਸਰੋਤ, RIYAZ HASHMI

ਤਸਵੀਰ ਕੈਪਸ਼ਨ, ਚੰਦਰਸ਼ੇਖਰ ਆਜ਼ਾਦ ਨੂੰ ਹਸਪਤਾਲ ਮਿਲਣ ਪਹੁੰਚੀ ਪ੍ਰਿਅੰਕਾ ਗਾਂਧੀ ਵਾਡਰਾ

ਮੀਡੀਆ ਰਿਪੋਰਟਾਂ ਮੁਤਾਬਕ ਚੰਨੀ ਦੇ ਨੇਤਾ ਚੁਣੇ ਜਾਣ ਤੋਂ ਬਾਅਦ ਹਰੀਸ਼ ਰਾਵਤ ਨੇ ਕਿਹਾ, ਅਗਲੀਆਂ ਵਿਧਾਨ ਸਭਾ ਚੋਣਾਂ "ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ, ਸਿੱਧੂ ਬੇਹੱਦ ਲੋਕਪ੍ਰਿਯ ਹਨ।"

ਇਸ ਬਿਆਨ 'ਤੇ ਕਾਂਗਰਸ ਵਿੱਚ ਵੀ ਸਵਾਲ ਉੱਠੇ। ਮੁੱਖ ਮੰਤਰੀ ਅਹੁਦੇ ਦੀ ਰੇਸ ਵਿੱਚ ਸ਼ਾਮਿਲ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖ਼ੜ ਨੇ ਟਵਿੱਟਰ 'ਤੇ ਲਿਖਿਆ ਕਿ ਇਹ ਬਿਆਨ 'ਸੀਐੱਮ ਦੀ ਤਾਕਤ ਨੂੰ ਘੱਟ ਦਰਸਾਉਣ ਵਾਲਾ ਹੈ।'

ਮਾਇਆਵਤੀ ਨੇ ਵੀ ਸਵਾਲ ਚੁੱਕਣ ਵਿੱਚ ਦੇਰੀ ਨਹੀਂ ਕੀਤੀ। ਉਨ੍ਹਾਂ ਨੇ ਕਿਹਾ, "ਮੀਡੀਆ ਰਾਹੀਂ ਅੱਜ ਹੀ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਇਨ੍ਹਾਂ ਦੀ ਅਗਵਾਈ ਵਿੱਚ ਨਹੀਂ ਬਲਕਿ ਗ਼ੈਰ-ਦਲਿਤ ਆਗੂ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ।"

"ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਪਾਰਟੀ ਦਾ ਦਲਿਤਾਂ 'ਤੇ ਅਜੇ ਤੱਕ ਪੂਰਾ ਭਰੋਸਾ ਨਹੀਂ ਬਣਿਆ ਹੈ।"

ਯੋਗੀ ਆਦਿਤਿਆਨਾਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਸ ਵੇਲੇ ਚੰਨੀ ਸਹੁੰ ਲੈ ਰਹੇ ਸੀ, ਯੋਗੀ ਆਦਿਤਿਆਨਾਥ ਨੇ ਕਰੀਬ ਉਦੋਂ ਟਵਿੱਟਰ 'ਤੇ ਕਈ ਟਵੀਟ ਕੀਤੇ

ਉੱਥੇ ਭਾਜਪਾ ਨੇਤਾ ਅਮਿਤ ਮਾਲਵੀਆ ਨੇ ਟਵਿੱਟਰ 'ਤੇ ਲਿਖਿਆ, "ਕਾਂਗਰਸ ਦੀ ਚਲਾਕੀ ਵਾਲੀ ਸਿਆਸਤ ਵਿੱਚ ਦਲਿਤ ਹੁਣ ਸਿਰਫ਼ ਸਿਆਸੀ ਮੋਹਰੇ ਹਨ। ਉਹ ਦਾਅਵਾ ਕਰਦੇ ਹਨ ਉਨ੍ਹਾਂ ਨੇ ਦਲਿਤ ਨੂੰ ਮੁੱਖ ਮੰਤਰੀ ਬਣਾਇਆ ਹੈ।"

"ਉਨ੍ਹਾਂ ਨੂੰ ਸਿਰਫ਼ ਨਾਈਟਵਾਚਮੈਨ ਵਾਂਗ ਉਤਾਰਿਆ ਗਿਆ ਹੈ, ਜਦੋਂ ਤੱਕ ਗਾਂਧੀ ਪਰਿਵਾਰ ਦੇ ਵਫ਼ਾਦਾਰ ਸਿੱਧੂ ਸੱਤਾ ਨਾ ਸਾਂਭ ਲੈਣ। ਇਸ ਦੇ ਨਾਲ ਹੀ ਉਹ ਰਾਜਸਥਾਨ ਵਿੱਚ ਦਲਿਤ ਨੌਜਵਾਨ ਦੀ ਲੀਚਿੰਗ 'ਤੇ ਡੂੰਘੀ ਚੁੱਪੀ ਸਾਧੇ ਹੋਏ ਹਨ।"

ਸਾਲ 2014 ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਲਿਤਾਂ ਨੂੰ ਨਾਲ ਲੈ ਕੇ ਆਉਣ ਲਈ ਵਧੇਰੇ ਕੋਸ਼ਿਸ਼ ਕਰਦੀ ਦਿਖਾਈ ਦਿੰਦੀ ਹੈ। ਪਾਰਟੀ ਨੂੰ ਇਸ ਦਾ ਫਾਇਦਾ ਵੀ ਮਿਲ ਰਿਹਾ ਹੈ।

ਜਿੱਤ ਦਾ ਸਮੀਕਰਨ

ਸੈਂਟਰ ਫਾਰ ਦਿ ਸਟੱਡੀ ਡੈਵਲਪਿੰਗ ਸੁਸਾਇਟੀਜ (ਸੀਐੱਸਡੀਐੱਸ) ਦੇ ਪ੍ਰੋਫੇਸਰ ਅਤੇ ਸਿਆਸੀ ਵਿਸ਼ਲੇਸ਼ਕ ਸੰਜੇ ਕੁਮਾਰ ਮੁਤਾਬਕ, "ਸਾਲ 2009 ਤੋਂ ਪਹਿਲਾਂ ਭਾਜਪਾ ਕੋਲ ਦਲਿਤ ਵੋਟ 10-12 ਫੀਸਦ ਸਨ, ਸਾਲ 2014 ਵਿੱਚ ਭਾਜਪਾ ਕੋਲ ਦਲਿਤ ਵੋਟ 24 ਫੀਸਦ ਹੋ ਗਏ।"

"ਯਾਨਿ ਦੁਗਣੇ। ਸਾਲ 2019 ਵਿੱਚ ਭਾਜਪਾ ਦੇ ਖ਼ਾਤੇ ਵਿੱਚ 34 ਫੀਸਦ ਦਲਿਤੀ ਵੋਟ ਆਏ।"

ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਂਗਰਸ ਨੇ ਪੰਜਾਬ ਨੂੰ ਚਰਨਜੀਤ ਸਿੰਘ ਚੰਨੀ ਦੇ ਰੂਪ ਵਿੱਚ ਦਲਿਤ ਭਾਈਚਾਰੇ ਵਿਚੋਂ ਪਹਿਲਾ ਮੁੱਖ ਮੰਤਰੀ ਦਿੱਤਾ ਹੈ

ਇਸੇ ਵਿਚਾਲੇ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਥ ਨੇ ਐਤਵਾਰ ਨੂੰ ਆਪਣੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕੰਮਕਾਜ ਦਾ ਬਿਓਰਾ ਪੇਸ਼ ਕੀਤਾ ਅਤੇ ਦਾਅਵਾ ਕੀਤਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ 'ਭਾਜਪਾ ਨੂੰ 350 ਤੋਂ ਵੱਧ ਸੀਟਾਂ ਮਿਲਣਗੀਆਂ।"

"ਭਾਰਤੀ ਜਨਤਾ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਦੇਸ਼ ਦੀਆਂ 403 ਵਿੱਚੋਂ 312 ਸੀਟਾਂ ਹਾਸਿਲ ਕੀਤੀਆਂ ਸਨ।"

ਇਸ ਨਤੀਜੇ ਨੂੰ ਦੁਹਰਾਉਣ ਲਈ ਭਾਜਪਾ ਦੀ ਨਜ਼ਰ ਦਲਿਤ ਵੋਟਾਂ 'ਤੇ ਹੈ ਅਤੇ ਸੋਮਵਾਰ ਨੂੰ ਜਦੋਂ ਪੰਜਾਬ ਵਿੱਚ ਕਾਂਗਰਸ ਨੇਤਾ ਸੂਬੇ ਦੇ ਪਹਿਲੇ ਦਲਿਤ ਮੁੱਖ ਮੰਤਰੀ ਨੂੰ ਵਧਾਈ ਦੇ ਰਹੇ ਸਨ ਤਾਂ ਉਦੋਂ ਯੋਗੀ ਆਦਿਤਿਆਨਾਥ ਟਵਿੱਟਰ 'ਤੇ ਬਾਬਾ ਸਾਹਬ ਅੰਬੇਡਕਰ ਨੂੰ ਯਾਦ ਕਰ ਰਹੇ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਯੋਗੀ ਆਦਿਤਿਆਨਾਥ ਨੇ ਲਿਖਿਆ, "ਬਾਬਾ ਸਾਹਬ ਭਾਮਰਾਓ ਅੰਬੇਡਕਰ ਨੇ ਆਪਣੀ ਮਿਹਨਤ ਅਤੇ ਬੁੱਧੀ ਨਾਲ ਭਾਰਤ ਨੂੰ ਦੁਨੀਆਂ ਦਾ ਸਭ ਤੋਂ ਬਿਹਤਰੀਨ ਸੰਵਿਧਾਨ ਦਿੱਤਾ ਹੈ।"

"ਉਨ੍ਹਾਂ ਦਾ ਤਿਆਗ ਭਰਿਆ ਜੀਵਨ ਸਾਨੂੰ ਆਤਮਵਿਸਮਰਿਤੀ (ਆਪਣੀਆਂ ਰੁਕਵਟਾਂ ਤੋਂ ਉੱਪਰ ਉੱਠ ਕੇ) ਆਪਣੇ ਮਾਣ ਵਾਲੇ ਅਤੀਤ ਨਾਲ ਮੁੜ ਜੁੜਨ ਲਈ ਪ੍ਰੇਰਿਤ ਕਰਦਾ ਹੈ।"

ਹਾਲਾਂਕਿ, ਮਾਇਆਵਤੀ ਨੇ ਕਾਂਗਰਸ ਦੇ ਨਾਲ ਭਾਜਪਾ 'ਤੇ ਨਿਸ਼ਾਨਾ ਸਾਧਿਆ।

ਉਨ੍ਹਾਂ ਨੇ ਕਿਹਾ, "ਸੱਚਾਈ ਇਹ ਹੈ ਕਿ ਇਨ੍ਹਾਂ ਨੂੰ ਮੁਸੀਬਤ ਵਿੱਚ ਜਾਂ ਮਜਬੂਰੀ ਵਿੱਚ ਹੀ ਦਲਿਤ ਵਰਗ ਦੇ ਲੋਕ ਯਾਦ ਆਉਂਦੇ ਹਨ। ਹੁਣ ਯੂਪੀ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਿੱਚ ਕੁਝ ਸਮਾਂ ਬਚਿਆ ਹੈ ਤਾਂ ਇੱਥੇ ਭਾਜਪਾ ਵੀ ਇਸੇ ਕੋਸ਼ਿਸ਼ ਵਿੱਚ ਲੱਗੀ ਹੋਈ ਹੈ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)