ਅਮਰੀਕਾ ਦੇ ਹਿੰਦੂ ਮੰਦਰ 'ਚ ਦਲਿਤ ਮਜ਼ਦੂਰਾਂ ਨੂੰ ''ਬੰਧੂਆ'' ਬਣਾਉਣ ਦਾ ਕੀ ਹੈ ਪੂਰਾ ਮਾਮਲਾ

ਸਵਾਮੀਨਾਰਾਇਣ ਮੰਦਰ

ਤਸਵੀਰ ਸਰੋਤ, Salim Rizvi/BBC

    • ਲੇਖਕ, ਸਲੀਮ ਰਿਜ਼ਵੀ
    • ਰੋਲ, ਨਿਊ ਯਾਰਕ ਤੋਂ, ਬੀਬੀਸੀ ਲਈ

ਨਿਊਜਰਸੀ ਦੇ ਮੰਦਰ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਅਮਰੀਕਾ ਵਿੱਚ ਬਹੁਤ ਸਾਰੇ ਸ਼ਾਨਦਾਰ ਮੰਦਰਾਂ ਦੀ ਉਸਾਰੀ ਕਰਨ ਵਾਲੀ ਸੰਸਥਾ ਬੋਚਸੰਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ ਜਾਂ ਬੈਪਸ ਦੇ ਖਿਲਾਫ਼ ਕੇਸ ਦਰਜ ਕਰਵਾਇਆ ਹੈ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਤੋਂ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਸਹੀ ਮਜ਼ਦੂਰੀ ਵੀ ਨਹੀਂ ਦਿੱਤੀ ਗਈ ਸੀ।

11 ਮਈ ਨੂੰ ਜਿਸ ਦਿਨ ਮੁਕੱਦਮਾ ਕੀਤਾ ਗਿਆ, ਉਸੇ ਦਿਨ ਅਮਰੀਕਾ ਦੀ ਜਾਂਚ ਏਜੰਸੀ ਐੱਫ਼ਬੀਆਈ ਨੇ ਰੌਬਿਨਸਵੀਲ ਖੇਤਰ ਵਿੱਚ 159 ਏਕੜ ਜ਼ਮੀਨ ਵਿੱਚ ਸਥਿਤ ਬੈਪਸ ਮੰਦਰ ਉੱਤੇ ਛਾਪਾ ਵੀ ਮਾਰਿਆ ਸੀ।

ਇਸ ਛਾਪੇ ਵਿੱਚ ਅਮਰੀਕਾ ਦੇ ਹੋਮਲੈਂਡ ਸਿਕਿਓਰਿਟੀ ਅਤੇ ਲੇਬਰ ਵਿਭਾਗ ਦੇ ਏਜੰਟ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ:

ਖ਼ਬਰਾਂ ਅਨੁਸਾਰ, ਛਾਪੇਮਾਰੀ ਤੋਂ ਬਾਅਦ ਐੱਫ਼ਬੀਆਈ ਮੰਦਰ ਕੰਪਲੈਕਸ ਤੋਂ ਲਗਭਗ 90 ਮਜ਼ਦੂਰਾਂ ਨੂੰ ਬੱਸਾਂ ਵਿੱਚ ਲੈ ਗਈ। ਹੁਣ ਉਹ ਮਜ਼ਦੂਰ ਪੁਲਿਸ ਦੀ ਸੁਰੱਖਿਆ ਹੇਠ ਹਨ।

ਨਿਊਜਰਸੀ ਦੀ ਅਮਰੀਕੀ ਸੰਘੀ ਅਦਾਲਤ ਵਿੱਚ ਬੈਪਸ ਟਰਸਟ ਦੇ 200 ਤੋਂ ਵੱਧ ਮਜ਼ਦੂਰਾਂ ਖ਼ਿਲਾਫ਼ ਦਾਇਰ ਕੀਤੇ ਮੁਕੱਦਮੇ ਵਿੱਚ ਅਮਰੀਕੀ ਲੇਬਰ ਕਾਨੂੰਨ ਦੀ ਸਖ਼ਤ ਉਲੰਘਣਾ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ।

ਮਜ਼ਦੂਰਾਂ ਤੋਂ ਲਏ ਪਾਸਪੋਰਟ

ਮਜ਼ਦੂਰਾਂ ਵੱਲੋਂ ਦਾਇਰ ਕੀਤੇ ਮੁਕੱਦਮੇ ਦੇ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਸਵਾਮੀਨਾਰਾਇਣ ਸੰਸਥਾ ਜਾਂ ਬੈਪਸ ਦੇ ਅਧਿਕਾਰੀਆਂ ਨੇ ਮਜ਼ਦੂਰਾਂ ਨੂੰ ਭਾਰਤ ਤੋਂ ਅਮਰੀਕਾ ਲਿਆਉਣ ਲਈ ਵੀਜ਼ਾ ਅਧਿਕਾਰੀਆਂ ਤੋਂ ਵੀ ਸੱਚਾਈ ਨੂੰ ਲੁਕਾਇਆ ਅਤੇ ਮਜ਼ਦੂਰਾਂ ਨੂੰ ਵਲੰਟੀਅਰਜ਼ ਵਜੋਂ ਪੇਸ਼ ਕੀਤਾ।

ਜਦੋਂ ਉਹ ਅਮਰੀਕਾ ਪਹੁੰਚੇ ਤਾਂ ਉਨ੍ਹਾਂ ਨੇ ਮਜ਼ਦੂਰਾਂ ਤੋਂ ਉਨ੍ਹਾਂ ਦੇ ਪਾਸਪੋਰਟ ਵੀ ਲੈ ਲਏ।

ਸਵਾਮੀਨਾਰਾਇਣ ਮੰਦਰ

ਤਸਵੀਰ ਸਰੋਤ, Salim Rizvi/BBC

ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਹੀ ਭੋਜਨ ਵੀ ਨਹੀਂ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਸਿਰਫ਼ ਦਾਲ ਅਤੇ ਆਲੂ ਖਾਣ ਲਈ ਦਿੱਤੇ ਜਾਂਦੇ ਸਨ। ਉਨ੍ਹਾਂ ਨੂੰ ਟ੍ਰੇਲਰ ਵਿੱਚ ਰਹਿਣ ਲਈ ਜਗ੍ਹਾ ਦਿੱਤੀ ਗਈ ਸੀ ਉਨ੍ਹਾਂ ਮੁਤਾਬਕ ਜਿੱਥੇ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਨੂੰ ਮੰਦਰ ਕੰਪਲੈਕਸ ਤੋਂ ਬਾਹਰ ਜਾਣ ਜਾਂ ਕਿਸੇ ਬਾਹਰੀ ਵਿਅਕਤੀ ਨਾਲ ਗੱਲ ਕਰਨ ਦੀ ਇਜਾਜ਼ਤ ਵੀ ਨਹੀਂ ਸੀ। ਮਜ਼ਦੂਰਾਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਭਾਰਤ ਭੇਜ ਦਿੱਤਾ ਜਾਵੇਗਾ।

ਅਦਾਲਤ ਦੇ ਦਸਤਾਵੇਜ਼ਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2018 ਤੋਂ 2020 ਦੌਰਾਨ ਮਜ਼ਦੂਰਾਂ ਤੋਂ ਰੋਜ਼ਾਨਾ 12 ਘੰਟੇ ਤੋਂ ਵੱਧ ਕੰਮ ਕਰਵਾਇਆ ਜਾਂਦਾ ਸੀ, ਜਿਸ ਵਿੱਚ ਪੱਥਰ ਤੋੜਨਾ, ਭਾਰੀ ਮਸ਼ੀਨਾਂ ਚਲਾਉਣਾ, ਸੜਕਾਂ ਬਣਾਉਣ, ਸੀਵਰੇਜ ਲਾਈਨਾਂ ਆਦਿ ਸ਼ਾਮਲ ਸਨ।

ਬਿਮਾਰੀ ਤੋਂ ਬਾਅਦ ਇੱਕ ਮਜ਼ਦੂਰ ਦੀ ਮੌਤ

ਮਜ਼ਦੂਰਾਂ ਦਾ ਕਹਿਣਾ ਹੈ ਕਿ ਅਜਿਹੀ ਸਖ਼ਤ ਮਿਹਨਤ ਤੋਂ ਬਾਅਦ ਉਨ੍ਹਾਂ ਨੂੰ ਮਹੀਨੇ ਵਿੱਚ ਸਿਰਫ਼ 450 ਡਾਲਰ ਜਾਂ 35 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਇੱਕ ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾਂਦਾ ਸੀ, ਜੋ ਕਿ ਨਿਊਜਰਸੀ ਦੇ ਸਰਕਾਰੀ ਕਾਨੂੰਨ ਅਨੁਸਾਰ, ਘੱਟੋ ਘੱਟ 12 ਡਾਲਰ ਪ੍ਰਤੀ ਘੰਟਾ ਹੋਣਾ ਚਾਹੀਦਾ ਹੈ।

ਸਮਾਵੀਨਾਰਾਇਣ ਮੰਦਰ

ਤਸਵੀਰ ਸਰੋਤ, Salim Rizvi/BBC

ਅਦਾਲਤ ਦੇ ਦਸਤਾਵੇਜ਼ਾਂ ਵਿੱਚ ਮਜ਼ਦੂਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਚੰਗੀ ਨੌਕਰੀ ਦੇ ਲਾਲਚ ਵਿੱਚ ਭਾਰਤ ਤੋਂ ਅਮਰੀਕਾ ਲਿਆਂਦਾ ਗਿਆ ਸੀ ਪਰ ਉਨ੍ਹਾਂ ਨੂੰ ਅਮਰੀਕਾ ਵਿਚ ਬੰਧੂਆ ਮਜ਼ਦੂਰਾਂ ਵਾਂਗ ਰੱਖਿਆ ਗਿਆ। ਇਨ੍ਹਾਂ ਹਾਲਾਤਾਂ ਵਿੱਚ ਬੀਮਾਰੀ ਤੋਂ ਬਾਅਦ ਘੱਟੋ-ਘੱਟ ਇੱਕ ਮਜ਼ਦੂਰ ਦੀ ਮੌਤ ਹੋ ਗਈ ਸੀ।

ਮਜ਼ਦੂਰਾਂ ਅਨੁਸਾਰ ਇਸ ਘਟਨਾ ਤੋਂ ਬਾਅਦ ਮੁਕੇਸ਼ ਕੁਮਾਰ ਨਾਮ ਦੇ ਇੱਕ ਮਜ਼ਦੂਰ ਨੇ ਮਦਦ ਲਈ ਇੱਕ ਵਕੀਲ ਨਾਲ ਸੰਪਰਕ ਕੀਤਾ ਅਤੇ ਅਦਾਲਤ ਜਾਣ ਦਾ ਫ਼ੈਸਲਾ ਕੀਤਾ। 37 ਸਾਲਾ ਮੁਕੇਸ਼ ਕੁਮਾਰ ਹੁਣ ਭਾਰਤ ਪਰਤ ਆਏ ਹਨ।

ਇਨ੍ਹਾਂ ਮਜ਼ਦੂਰਾਂ ਦੀ ਮਦਦ ਕਰਨ ਵਾਲੀ ਭਾਰਤੀ ਮੂਲ ਦੀ ਨਿਊਜਰਸੀ ਦੀ ਇੱਕ ਵਕੀਲ ਸਵਾਤੀ ਸਾਵੰਤ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਮਜ਼ਦੂਰਾਂ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ ਸੀ।

ਸਵਾਤੀ ਸਾਵੰਤ ਨੇ ਕਿਹਾ, "ਮਜ਼ਦੂਰ ਸਮਝਦੇ ਸਨ ਕਿ ਅਮਰੀਕਾ ਵਿੱਚ ਉਨ੍ਹਾਂ ਨੂੰ ਚੰਗੀ ਨੌਕਰੀ ਮਿਲੇਗੀ ਅਤੇ ਘੁੰਮ-ਫਿਰ ਸਕਣਗੇ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨਾਲ ਪਸ਼ੂਆਂ ਵਰਗਾ ਵਿਵਹਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਮਸ਼ੀਨ ਸਮਝਿਆ ਜਾਵੇਗਾ ਜਿਨ੍ਹਾਂ ਨੂੰ ਕਦੇ ਵੀ ਛੁੱਟੀ ਦੀ ਲੋੜ ਨਹੀਂ ਹੁੰਦੀ।"

ਸਵਾਮੀਨਾਰਾਇਣ ਸੰਸਥਾ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ

ਇਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤ ਦੀ ਅਨੁਸੂਚਿਤ ਜਾਤੀ ਨਾਲ ਸਬੰਧਤ ਦੱਸੇ ਜਾਂਦੇ ਹਨ।

ਅਦਾਲਤ ਦੇ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਬੈਪਸ ਅਧਿਕਾਰੀਆਂ ਨੇ ਮਜ਼ਦੂਰਾਂ ਵੱਲੋਂ ਅੰਗਰੇਜ਼ੀ ਵਿੱਚ ਲਿਖੇ ਕਈ ਦਸਤਾਵੇਜ਼ਾਂ 'ਤੇ ਦਸਤਖ਼ਤ ਕਰਵਾਏ ਸਨ ਅਤੇ ਇਨ੍ਹਾਂ ਮਜ਼ਦੂਰਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਵਿੱਚ ਕੀ ਲਿਖਿਆ ਹੋਇਆ ਹੈ।

ਸਵਾਮੀਨਾਰਾਇਣ ਮੰਦਰ

ਤਸਵੀਰ ਸਰੋਤ, Salim Rizvi/BBC

ਤਸਵੀਰ ਕੈਪਸ਼ਨ, ਮਜ਼ਦੂਰਾਂ ਵੱਲੋਂ ਦਾਇਰ ਕੀਤੇ ਗਏ ਕੇਸ ਨਾਲ ਜੁੜੇ ਦਸਤਾਵੇਜ਼ ਦੀ ਇੱਕ ਤਸਵੀਰ

ਅਦਾਲਤ ਵਿੱਚ ਇਨ੍ਹਾਂ ਮਜ਼ਦੂਰਾਂ ਦਾ ਕੇਸ ਲੜਨ ਵਾਲੇ ਇੱਕ ਵਕੀਲ ਡੈਨੀਅਲ ਵਰਨਰ ਨੇ ਕਿਹਾ, "ਇਹ ਮਜ਼ਦੂਰਾਂ ਦੇ ਤਸ਼ਦੱਦ ਦਾ ਇੱਕ ਭਿਆਨਕ ਮਾਮਲਾ ਹੈ। ਅਤੇ ਇਹ ਵਧੇਰੇ ਚਿੰਤਾ ਵਾਲਾ ਇਸ ਲਈ ਹੈ ਕਿਉਂਕਿ ਤਸ਼ਦਦ ਇੱਕ ਮੰਦਿਰ ਦੇ ਕੰਪਲੈਕਸ ਵਿੱਚ ਕਈ ਸਾਲਾਂ ਤੋਂ ਜਾਰੀ ਸੀ। ਇਨ੍ਹਾਂ ਮਜ਼ਦੂਰਾਂ ਨੂੰ ਝੂਠ ਬੋਲ ਕੇ ਭਾਰਤ ਤੋਂ ਅਮਰੀਕਾ ਲਿਆਂਦਾ ਗਿਆ ਅਤੇ ਉਨ੍ਹਾਂ ਨੂੰ ਬੰਧੂਆ ਮਜ਼ਦੂਰਾਂ ਵਾਂਗ ਰੱਖਿਆ ਗਿਆ।"

ਉੱਧਰ ਸਵਾਮੀਨਾਰਾਇਣ ਸੰਸਥਾ ਜਾਂ ਬੈਪਸ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਅਮਰੀਕੀ ਅਖਬਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਇੱਕ ਬੁਲਾਰੇ ਲੇਲਿਨ ਜੋਸ਼ੀ ਨੇ ਕਿਹਾ ਕਿ ਮੰਦਰ ਦੇ ਪੱਥਰਾਂ ਨੂੰ ਖ਼ਾਸ ਤਰ੍ਹਾਂ ਨਾਲ ਤਰਾਸ਼ਨ ਲਈ ਇਨ੍ਹਾਂ ਮਜ਼ਦੂਰਾਂ ਦੀ ਵਿਸ਼ੇਸ਼ ਮੁਹਾਰਤ ਵਜੋਂ ਸਪੈਸ਼ਲਾਈਜ਼ਡ ਆਰਟੀਜੰਸ ਦੇ ਵਰਗ ਦਾ ਵੀਜ਼ਾ ਲਿਆ ਗਿਆ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸ਼ਰਧਾਲੂਆਂ ਦਾ ਕੀ ਕਹਿਣਾ ਹੈ

ਨਿਊ ਯਾਰਕ ਅਤੇ ਨਿਊਜਰਸੀ ਦੇ ਖ਼ੇਤਰ ਵਿੱਚ ਕਈ ਅਜਿਹੇ ਲੋਕ ਰਹਿੰਦੇ ਹਨ ਜੋ ਰੈਗੁਲਰ ਬੈਪਸ ਦੇ ਮੰਦਰਾਂ ਵਿੱਚ ਪੂਜਾ-ਪਾਠ ਕਰਦੇ ਹਨ। ਇਨ੍ਹਾਂ ਵਿੱਚੋਂ ਕਈ ਸ਼ਰਧਾਲੂਆਂ ਖਿਲਾਫ਼ ਲੱਗੇ ਇਲਜ਼ਾਮਾਂ ਤੋਂ ਹੈਰਾਨ ਹਨ।

ਨਿਊਜਰਸੀ ਦੇ ਐਡੀਸਨ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਦੇਵ ਭਾਵੇਸ਼, ਵੀਹ ਸਾਲਾਂ ਤੋਂ ਵੱਧ ਸਮੇਂ ਤੋਂ ਬੈਪਸ ਦੇ ਮੰਦਰਾਂ ਵਿੱਚ ਪੂਜਾ ਅਤੇ ਹੋਰ ਸਮਾਗਮਾਂ ਵਿੱਚ ਹਿੱਸਾ ਲੈ ਰਹੇ ਹਨ।

ਸਮਾਵੀਨਾਰਾਇਣ ਮੰਦਰ

ਤਸਵੀਰ ਸਰੋਤ, Salim Rizvi/BBC

ਤਸਵੀਰ ਕੈਪਸ਼ਨ, ਭਾਰਤੀ ਮੂਲ ਦੇ ਦੇਵ ਭਾਵੇਸ਼ ਮੁਤਾਬਕ ਇਸ ਘਟਨਾ ਨਾਲ ਨਾ ਤਾਂ ਮੰਦਰ ਅਤੇ ਨਾ ਹੀ ਉਨ੍ਹਾਂ ਦੀ ਆਸਥਾ 'ਤੇ ਕੋਈ ਫ਼ਰਕ ਪਏਗਾ

ਉਹ ਕਹਿੰਦੇ ਹਨ, "ਜਦੋਂ ਮੈਂ ਇਨ੍ਹਾਂ ਇਲਜ਼ਾਮਾਂ ਬਾਰੇ ਸੁਣਿਆ ਤਾਂ ਮੈਨੂੰ ਬਹੁਤ ਝਟਕਾ ਲੱਗਿਆ। ਕਿਉਂਕਿ ਇਸ ਸੰਸਥਾ ਨਾਲ ਮੇਰਾ ਸਬੰਧ ਕਾਫ਼ੀ ਸਾਲਾਂ ਤੋਂ ਹੈ ਅਤੇ ਮੈਂ ਕਦੇ ਕੋਈ ਗਲਤ ਕੰਮ ਹੁੰਦਾ ਨਹੀਂ ਦੇਖਿਆ। ਮੈਨੂੰ ਨਹੀਂ ਪਤਾ ਕਿ ਇਲਜ਼ਾਮ ਕਿਉਂ ਲਾਏ ਗਏ ਪਰ ਮੈਂ ਕਹਿ ਸਕਦਾ ਹਾਂ ਕਿ ਇਸ ਨਾਲ ਨਾ ਤਾਂ ਮੰਦਰ ਦੀ ਗਰਿਮਾ ਅਤੇ ਨਾ ਹੀ ਸਾਡੀ ਆਸਥਾ ਵਿੱਚ ਫ਼ਰਕ ਪਏਗਾ।"

ਨਿਊਜਰਸੀ ਵਿੱਚ ਭਾਰਤੀ ਮੂਲ ਦੇ ਸਾਬਕਾ ਅਸੈਂਬਲੀ ਮੈਂਬਰ ਉਪੇਂਦਰ ਚਿਵੁਕੁਲਾ ਵੀ ਇਸ ਤਰ੍ਹਾਂ ਦੇ ਵਿਚਾਰ ਰਖਦੇ ਹਨ। ਉਨ੍ਹਾਂ ਨੇ ਬੈਪਸ ਬਾਰੇ ਨਿਊਯਾਰਕ ਟਾਈਮਜ਼ ਦੀ ਖ਼ਬਰ 'ਤੇ ਸਵਾਲ ਖੜ੍ਹੇ ਕੀਤੇ।

ਉਪੇਂਦਰ ਚਿਵੁਕੁਲਾ ਨੇ ਕਿਹਾ, "ਮੈਨੂੰ ਨਹੀਂ ਪਤਾ ਕਿ ਇਨ੍ਹਾਂ ਇਲਜ਼ਾਮਾਂ ਵਿੱਚ ਕਿੰਨੀ ਸੱਚਾਈ ਹੈ ਪਰ ਜਿਹੜੇ ਮਜ਼ਦੂਰਾਂ ਨੇ ਖਾਣੇ ਦੀ ਗੱਲ ਕੀਤੀ ਹੈ ਤਾਂ ਦਾਲ ਤਾਂ ਅਸੀਂ ਵੀ ਖਾਂਦੇ ਹਾਂ। ਹੁਣ ਕੀ ਮੰਦਰ ਵਿੱਚ ਚਿਕਨ ਦਿੱਤਾ ਜਾਵੇਗਾ ਖਾਣ ਲਈ। ਅਤੇ ਟ੍ਰੇਲਰ ਵਿੱਚ ਰਹਿਣ ਦੀ ਗੱਲ ਵੀ ਅਜੀਬ ਹੈ। ਬੈਪਸ ਦੇ ਸੀਈਓ ਸਾਡੇ ਦੋਸਤ ਹਨ, ਉਹ ਕਦੇ-ਕਦੇ ਟ੍ਰੇਲਰ ਵਿੱਚ ਹੀ ਰਹਿੰਦੇ ਹਨ। ਨਿਊਯਾਰਕ ਟਾਈਮਜ਼ ਨੇ ਤਾਂ ਅਜਿਹੀ ਖ਼ਬਰ ਛਾਪ ਕੇ ਸਾਰੇ ਹਿੰਦੂ ਮੰਦਰਾਂ ਨੂੰ ਹੀ ਬਦਨਾਮ ਕੀਤਾ ਹੈ।"

ਮਜ਼ਦੂਰਾਂ ਨੇ ਮੁਆਵਜ਼ੇ ਦੀ ਮੰਗ ਕੀਤੀ

ਚੀਵੁਕੁਲਾ ਦਾ ਕਹਿਣਾ ਹੈ ਕਿ ਉਸ ਦਾ ਬੈਪਸ ਟਰਸਟ ਅਤੇ ਉਸਦੇ ਸੰਤਾਂ ਅਤੇ ਅਧਿਕਾਰੀਆਂ ਨਾਲ ਦਹਾਕਿਆਂ ਪੁਰਾਣਾ ਸਬੰਧ ਹੈ। ਉਹ ਕਈ ਕਈ ਸਾਲ ਪਹਿਲਾਂ ਉਸ ਸਮੇਂ ਨੂੰ ਯਾਦ ਕਰਦੇ ਹਨ ਕਿ ਜਦੋਂ ਬੈਪਸ ਮੰਦਰ ਵਿੱਚ ਹੀ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨਾਲ ਵੀ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਚਿਵੁਕੁਲਾ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਕੁਝ ਵੀ ਹੋਣ ਵਾਲਾ ਨਹੀਂ ਹੈ।

ਉੱਧਰ ਕਈ ਹੋਰ ਸੰਸਥਾਵਾਂ ਵੀ ਇਸ ਤਰ੍ਹਾਂ ਬੈਪਸ 'ਤੇ ਛਾਪੇਮਾਰੀ ਮਾਰੇ ਜਾਣ ਤੋਂ ਪਰੇਸ਼ਾਨ ਲਗ ਰਹੀਆਂ ਹਨ।

ਸਮਾਵੀਨਾਰਾਇਣ ਮੰਦਰ

ਤਸਵੀਰ ਸਰੋਤ, Salim Rizvi/BBC

ਨਿਊਜਰਸੀ ਵਿੱਚ ਹੀ ਬੈਪਸ ਸਣੇ ਹੋਰ ਕਈ ਸੰਸਥਾਵਾਂ ਨੇ ਕਈ ਥਾਵਾਂ 'ਤੇ ਮੰਦਰ ਦੀ ਉਸਾਰੀ ਦਾ ਕੰਮ ਕਰਵਾਇਆ ਹੈ ਅਤੇ ਕੁਝ ਵਿੱਚ ਅਜੇ ਵੀ ਉਸਾਰੀ ਚੱਲ ਰਹੀ ਹੈ।

ਪਰ ਉਨ੍ਹਾਂ ਮੰਦਰਾਂ ਖਿਲਾਫ਼ ਮਜ਼ਦੂਰਾਂ ਨੂੰ ਪਰੇਸ਼ਾਨ ਕਰਨ ਅਤੇ ਘੱਟ ਤਨਖਾਹ ਲੈਣ ਦੇ ਇਲਜ਼ਾਮ ਸਾਹਮਣੇ ਆਏ ਹਨ।

ਨਿਊਜਰਸੀ ਦੇ ਐਡੀਸਨ ਖੇਤਰ ਵਿੱਚ ਸਾਈ ਦੱਤਾ ਪੀਠਮ ਮੰਦਰ ਵਿਖੇ ਉਸਾਰੀ ਦਾ ਕਾਰਜ ਜਾਰੀ ਹੈ।

ਸਾਈ ਦੱਤਾ ਪੀਠਮ ਮੰਦਰ ਦੇ ਚੇਅਰਮੈਨ ਅਤੇ ਪੁਜਾਰੀ ਰਘੂ ਸ਼ਰਮਾ ਸੰਕਰਮਾਂਚੀ ਦੱਸਦੇ ਹਨ, "ਅਸੀਂ ਭਾਰਤ ਤੋਂ ਮੰਦਰ ਲਈ ਕੁਝ ਸਮਾਨ ਲੈ ਕੇ ਆਏ ਅਤੇ ਅਮਰੀਕਾ ਵਿੱਚ ਹੀ ਮੌਜੂਦ ਕਈ ਭਾਰਤੀ ਮੂਲ ਦੇ ਇੰਜੀਨੀਅਰ ਅਤੇ ਆਰਕੀਟੈਕਟ ਮੰਦਰ ਨੂੰ ਬਣਾਉਣ ਵਿੱਚ ਮਦਦ ਕਰਦੇ ਰਹੇ ਅਤੇ ਇਹ ਸਿਲਸਿਲਾ ਦੋ ਸਾਲਾਂ ਤੋਂ ਜਾਰੀ ਹੈ। ਹੁਣ ਤਾਂ ਉਸਾਰੀ ਦਾ ਕੰਮ ਪੂਰਾ ਹੋਣ ਵਾਲਾ ਹੈ।"

ਇਸ ਮੰਦਰ ਦੇ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਮੰਦਰ ਵਿੱਚ ਸਾਰੇ ਕੰਮ ਕਾਨੂੰਨੀ ਤੌਰ 'ਤੇ ਕੀਤੇ ਜਾ ਰਹੇ ਹਨ।

ਅਦਾਲਤ ਵਿੱਚ ਮਾਮਲਾ ਲੈ ਕੇ ਜਾਣ ਵਾਲੇ ਬੈਪਸ ਮੰਦਰ ਦੇ ਮਜ਼ਦੂਰਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਹਰਜਾਨਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਕੰਮ ਦਾ ਪੂਰਾ ਭੁਗਤਾਨ ਕੀਤਾ ਜਾਵੇ। ਬੈਪਸ ਮੰਦਰ ਦੇ ਵਕੀਲਾਂ ਦੀ ਟੀਮ ਵੀ ਅਦਾਲਤ ਵਿਚ ਆਪਣੇ ਪੱਖ ਦਾ ਬਚਾਅ ਕਰਨ ਦੀ ਤਿਆਰੀ ਕਰ ਰਹੀ ਹੈ।

ਜਾਣਕਾਰਾਂ ਦਾ ਮੰਨਣਾ ਹੈ ਕਿ ਮਜ਼ਦੂਰਾਂ ਵੱਲੋਂ ਦਾਇਰ ਕੀਤਾ ਗਿਆ ਇਹ ਕੇਸ ਅਦਾਲਤ ਵਿੱਚ ਲੰਬੇ ਸਮੇਂ ਤੱਕ ਚਲ ਸਕਦਾ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)