ਦਲਿਤ ਨੌਜਵਾਨਾਂ ਦੀ ਖੁਦਕੁਸ਼ੀ ਦੀ ਕੋਸ਼ਿਸ਼ ਤੇ ਵਾਲ ਕਟਾਉਣ ਨੂੰ ਲੈ ਕੇ ਹੋਈ ਕੁੱਟਮਾਰ ਦਾ ਕੀ ਹੈ ਮਾਮਲਾ

ਹਨੂਮੰਤਾ

ਤਸਵੀਰ ਸਰੋਤ, HANUMANTHA

    • ਲੇਖਕ, ਇਮਾਰਨ ਕੁਰੈਸ਼ੀ
    • ਰੋਲ, ਬੈਂਗਲੂਰੂ ਤੋਂ ਬੀਬੀਸੀ ਲਈ

"ਉਨ੍ਹਾਂ ਨੇ ਸਾਨੂੰ ਕਿਹਾ ਤੁਸੀਂ ਭਾਵੇਂ ਜਿੱਥੇ ਵੀ ਹੋ ਅਸੀਂ ਤੁਹਾਨੂੰ ਜ਼ਿੰਦਾ ਸਾੜ ਦੇਵਾਂਗੇ। ਅਸੀਂ ਭਾਵੇਂ ਜਿੱਥੇ ਮਰਜ਼ੀ ਰਹੀਏ, ਭਾਵੇਂ ਕੁਝ ਵੀ ਕਰੀਏ, ਸਾਡੇ 'ਤੇ ਲਗਾਤਾਰ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ, ਇਸ ਲਈ ਮੈਂ ਖ਼ੁਦਕੁਸ਼ੀ ਕਰਨ ਦਾ ਫ਼ੈਸਲਾ ਕੀਤਾ।"

ਪਿਛਲੇ ਸੋਮਵਾਰ ਨੂੰ ਕਰਨਾਟਕ ਦੇ ਇੱਕ ਪਿੰਡ ਵਿੱਚ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕਰਨ ਵਾਲੇ ਹਨੂਮੰਥਾ ਦੱਸ ਰਹੇ ਹਨ ਕਿ ਆਖ਼ਰ ਉਨ੍ਹਾਂ ਨੇ ਖ਼ੁਦਕੁਸ਼ੀ ਕਰਨ ਬਾਰੇ ਕਿਉਂ ਸੋਚਿਆ।

27 ਸਾਲਾਂ ਹਨੂਮੰਤਾ ਦੇ ਨਾਲ ਉਨ੍ਹਾਂ ਦੇ 22 ਸਾਲਾਂ ਭਤੀਜੇ ਬਸਵਾ ਰਾਜੂ ਨੇ ਵੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਦੋਵਾਂ ਦੀ ਜਾਨ ਬਚਾ ਲਈ ਗਈ।

ਪੁਲਿਸ ਮੁਤਾਬਕ ਜਿਸ ਵਿਵਾਦ ਕਾਰਨ ਉਨ੍ਹਾਂ ਨੇ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਉਸ ਦੀ ਸ਼ੁਰੂਆਤ ਵਾਲ ਕਟਵਾਉਣ ਤੋਂ ਹੋਈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ:

ਇਹ ਘਟਨਾ ਕਰਨਾਟਕ ਦੇ ਕੋਪਲ ਜ਼ਿਲ੍ਹੇ ਦੇ ਹੋਸਾਹੱਲੀ ਪਿੰਡ ਦੀ ਹੈ। ਉਸ ਦਿਨ ਐਤਵਾਰ ਸੀ।

ਸਭ ਤੋਂ ਪਹਿਲਾਂ ਵਾਲ ਕੱਟਣ ਵਾਲੇ ਨੇ ਉਨ੍ਹਾਂ ਨੂੰ ਪੁੱਛਿਆ ਕਿ ''ਤੁਸੀਂ ਇੱਥੇ ਕਿਉਂ ਆਏ ਹੋ? ਅਸੀਂ ਸਿਰਫ਼ ਲਿੰਗਾਇਤ (ਉੱਚੀ ਅਤੇ ਦਬੰਗ ਮੰਨੀ ਜਾਣ ਵਾਲੀ ਜਾਤ) ਦੇ ਵਾਲ ਕੱਟਦੇ ਹਾਂ। ਇਹ ਥਾਂ ਹੋਲਿਆਂ (ਦਲਿਤ ਭਾਈਚਾਰਾ) ਲਈ ਨਹੀਂ ਹੈ।"

ਇਸ ਤੋਂ ਬਾਅਦ ਪਿੰਡ ਵਾਸੀ ਘਰਾਂ ਤੋਂ ਬਾਹਰ ਆ ਗਏ। ਹਨੂਮੰਥਾ ਨੇ ਦੱਸਿਆ,"ਉਹ ਸਾਡੇ ਉੱਤੇ ਚੀਕਣ ਲੱਗੇ-ਤੁਸੀਂ ਇੱਥੇ ਕਿਉਂ ਆਏ ਹੋ? ਇਹ ਸਾਡੀ ਜਗ੍ਹਾ ਹੈ। ਸਾਡੀ ਨਿੱਜੀ ਥਾਂ ਹੈ। ਜਦੋਂ ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਅਸੀਂ ਵਾਲ ਕਿਉਂ ਨਹੀਂ ਕਟਾ ਸਕਦੇ ਤਾਂ ਉਹ ਸਾਨੂੰ ਧੱਕੇ ਮਾਰਨ ਲੱਗੇ ਅਤੇ ਫਿਰ ਸਾਨੂੰ ਕੁੱਟਿਆ।"

ਉਨ੍ਹਾਂ ਨੇ ਦੱਸਿਆ ਉਹ ਗਿਣਤੀ ਵਿੱਚ ਸਾਥੋਂ ਕਾਫ਼ੀ ਜ਼ਿਆਦਾ ਸੀ। ਉਹ 20 ਤੋਂ ਜ਼ਿਆਦਾ ਜਣੇ ਸਨ। ਅਸੀਂ ਸਿਰਫ਼ ਦੋ ਜਣੇ ਸੀ। ਜਦੋਂ ਅਸੀਂ ਕਿਹਾ ਕਿ ਅਸੀਂ ਸ਼ਿਕਾਇਤ ਕਰਾਂਗੇ ਤਾਂ ਉਹ ਕਹਿੰਦੇ ਜੋ ਕਰਨਾ ਹੈ ਕਰ ਲਓ।"

ਹਨੂਮੰਥਾ ਦੇ ਕਹੇ ਦੀ ਪੁਸ਼ਟੀ ਘਟਨਾ ਦੀ ਵੀਡੀਓ ਤੋਂ ਵੀ ਹੁੰਦੀ ਹੈ। ਜੋ ਕਿ ਹੁਣ ਵਾਇਰਲ ਵੀ ਹੋ ਚੁੱਕਿਆ ਹੈ।

ਹਨੂਮੰਥਾ ਨੇ ਬੀਬੀਸੀ ਨੂੰ ਦੱਸਿਆ ਕਿ ਸਾਡੇ ਇੱਕ ਮੁੰਡੇ ਨੇ ਘਟਨਾ ਦਾ ਕੁਝ ਹਿੱਸਾ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਿਆ ਸੀ।

ਦਲਿਤਾਂ ਦੇ ਸਿਰਫ਼ 20 ਅਤੇ ਲਿੰਗਾਇਤਾਂ ਦੇ 500 ਘਰ

ਵਾਇਰਲ ਵੀਡੀਓ ਦਾ ਦ੍ਰਿਸ਼

ਤਸਵੀਰ ਸਰੋਤ, HANUMANTHA

ਤਸਵੀਰ ਕੈਪਸ਼ਨ, ਵਾਇਰਲ ਵੀਡੀਓ ਦਾ ਦ੍ਰਿਸ਼

ਹਨੂਮੰਥਾ ਅਤੇ ਬਸਵਾ ਰਾਜੂ ਇੱਕ ਹੀ ਪਿੰਡ ਦੇ ਵਾਸੀ ਹਨ। ਹਨੂਮੰਥਾ ਦਸਦੇ ਹਨ ਕਿ ਉਹ ਦਲਿਤ ਕਾਲੌਨੀ ਵਿੱਚ ਰਹਿੰਦੇ ਹਨ।

ਜਿੱਥੇ ਸਿਰਫ਼ ਵੀਹ ਘਰ ਹਨ ਜਦਕਿ ਲਿੰਗਾਇਤਾਂ ਦੇ 500 ਮਕਾਨ ਹਨ। ਪਿੰਡ ਵਿੱਚ ਮੁਸਲਮਾਨ ਵੀ ਰਹਿੰਦੇ ਹਨ, ਪਰ ਉਨ੍ਹਾਂ ਦੀ ਅਬਾਦੀ ਥੋੜ੍ਹੀ ਹੈ ਅਤੇ ਉਹ ਕਿਸੇ ਮਸਲੇ ਵਿੱਚ ਦਖ਼ਲ ਨਹੀਂ ਦਿੰਦੇ ਹਨ।

ਵਾਲ ਕਟਾਉਣ ਲਈ ਹਨੂਮੰਤਾ ਅਤੇ ਬਸਵਾ ਰਾਜੂ ਪਹਿਲਾਂ ਗੁਆਂਢੀ ਪਿੰਡ ਪਹੁੰਚੇ ਪਰ ਉੱਥੇ ਲੌਕਡਾਊਨ ਕਾਰਨ ਸਭ ਕੁਝ ਬੰਦ ਸੀ। ਜਦੋਂ ਉਹ ਪਿੰਡ ਵਾਪਸ ਆਏ ਤਾਂ ਉਹ ਇੱਕ ਵੱਡੇ ਘਰ ਦੇ ਬਾਹਰ ਵਾਲ ਕੱਟ ਰਹੇ ਵਿਅਕਤੀ ਦੇ ਕੋਲ ਗਏ।

ਕੋਪੱਲ ਦੇ ਐੱਸਪੀ ਟੀ ਸ਼੍ਰੀਧਰ ਨੇ ਬੀਬੀਸੀ ਨੂੰ ਦੱਸਿਆ,"ਇਹ ਦੋਵੋਂ ਨੌਜਵਾਨ ਵਾਲ ਕਟਵਾਉਣਾ ਚਾਹੁੰਦੇ ਸਨ ਅਤੇ ਇਸ ਕਾਰਨ ਬਹਿਸ ਹੋ ਗਈ। ਮਕਾਨ ਮਾਲਕ ਨੇ ਕਿਹਾ ਕਿ ਜਿੱਥੇ ਵਾਲ ਕੱਟਣ ਵਾਲੇ ਕੰਮ ਕਰ ਰਹੇ ਹਨ ਉਹ ਉਨ੍ਹਾਂ ਦੀ ਨਿੱਜੀ ਜਗ੍ਹਾ ਹੈ ਅਤੇ ਉੱਥੇ ਉਨ੍ਹਾਂ ਦਾ ਕੋਈ ਕੰਮ ਨਹੀਂ ਹੈ।"

ਗ੍ਰਾਫਿਕਸ

ਵਾਲ ਕਟਾਉਣ ਦਾ ਮਸਲਾ ਭਾਵੇਂ ਕਿੰਨਾ ਹੀ ਮਾਮੂਲੀ ਕਿਉਂ ਨਾ ਲੱਗੇ ਪਰ ਅਜਿਹਾ ਹੈ ਨਹੀਂ।

ਮਸਲਾ ਛੋਟਾ ਨਹੀਂ ਹੈ

ਦਲਿਤ ਸੰਘ ਰਾਏਚੂਰ ਦੇ ਐੱਮਆਰ ਭੇਰੀ ਨੇ ਬੀਬੀਸੀ ਨੂੰ ਦੱਸਿਆ,"ਪਿੰਡ ਵਿੱਚ ਦਲਿਤਾਂ ਦੇ ਵਾਲ ਕੱਟਣਾ ਇੱਕ ਆਮ ਗੱਲ ਰਿਹਾ ਹੈ।''

''ਪਿਛੜੀਆਂ ਜਾਤਾਂ ਤੋਂ ਆਉਣ ਵਾਲੇ ਨਾਈ ਇਸ ਬਾਰੇ ਅਕਸਰ ਫਿਕਰਮੰਦ ਰਹਿੰਦੇ ਹਨ ਕਿ ਜੇ ਪਤਾ ਲੱਗ ਗਿਆ ਕਿ ਉਹ ਦਲਿਤਾਂ ਦੇ ਵਾਲ ਕੱਟਦੇ ਹਨ ਤਾਂ ਉਨ੍ਹਾਂ ਕੋਲ ਦੂਜੇ ਗਾਹਕ ਨਹੀਂ ਆਉਣਗੇ।"

ਭੇਰੀ ਯਾਦ ਦਵਾਉਂਦੇ ਹਨ ਕਿ ਇੱਕ ਸਮੇਂ 'ਤੇ ਖੂਹ ਤੋਂ ਪਾਣੀ ਲੈਣ ਲਈ ਲੜਾਈ ਹੋ ਜਾਂਦੀ ਸੀ। ਉਹ ਕਹਿੰਦੇ ਹਨ,"ਜਦੋਂ ਪਾਈਪ ਨਾਲ ਪਾਣੀ ਆਉਣਾ ਸ਼ੁਰੂ ਹੋਇਆ ਤਾਂ ਇਹ ਦਿੱਕਤ ਘੱਟ ਹੋਈ।''

''ਪਰ ਜੇ ਤੁਸੀਂ ਗੌਰ ਕਰੋਗੇ ਤਾਂ ਦੇਖੋਗੇ ਕਿ ਜ਼ਿਆਦਤਰ ਪੇਂਡੂ ਇਲਾਕਿਆਂ ਵਿੱਚ ਕਿਸੇ ਵੀ ਹੋਟਲ 'ਚ ਅੱਜ ਵੀ ਦਲਿਤਾਂ ਨੂੰ ਪਾਣੀ ਜਾਂ ਚਾਹ ਪਲਾਸਟਿਕ ਦੇ ਕੱਪ ਵਿੱਚ ਦਿੱਤੀ ਜਾਂਦੀ ਹੈ। ਜਦਕਿ ਉੱਚੀਆਂ ਜਾਤੀਆਂ ਦੇ ਲੋਕਾਂ ਨਾਲ ਅਜਿਹਾ ਨਹੀਂ ਹੁੰਦਾ ਹੈ।"

ਵਾਲ ਕੱਟਣ ਵਾਲਿਆਂ ਵਾਂਗ ਹੀ ਕਈ ਦੂਜੀਆਂ ਪਿਛੜੀਆਂ ਜਾਤਾਂ ਦੇ ਲੋਕ ਅਤੇ ਮੁਸਲਮਾਨ ਜਾਂ ਤਾਂ ਪਿੰਡ ਦੇ ਉੱਚੀਆਂ ਜਾਤਾਂ ਦੇ ਲੋਕਾਂ ਦੀ ਹਮਾਇਤ ਕਰਦੇ ਹਨ ਜਾਂ ਫਿਰ ਮੂਕ ਦਰਸ਼ਕ ਬਣੇ ਰਹਿੰਦੇ ਹਨ।

ਪਹਿਲਾਂ ਵੀ ਹੋ ਚੁੱਕੀਆਂ ਹਨ ਅਜਿਹੀਆਂ ਘਟਨਾਵਾਂ

ਦਲਿਤ ਸੰਘ ਦੇ ਵਰਕਰ ਕਹਿੰਦੇ ਹਨ ਕਿ ਅਜਿਹੀਆਂ ਹੀ ਘਟਨਾਵਾਂ ਰਾਇਚੂਰ ਜ਼ਿਲ੍ਹੇ ਦੇ ਮਾਨਵੀ ਤਾਲੁਕਾ, ਬਗਲਕੋਟ ਜ਼ਿਲ੍ਹੇ ਦੇ ਹੁੰਗੁੰਡ ਤਾਲੁਕਾ ਅਤੇ ਹੋਰਨਾਂ ਥਾਵਾਂ 'ਤੇ ਵੀ ਹੋ ਚੁੱਕੀਆਂ ਹਨ।

ਦਸੰਬਰ 2020 ਵਿੱਚ ਮੈਸੂਰ ਜ਼ਿਲ੍ਹੇ ਦੇ ਨਾਂਜਗੁੜ ਤਾਲੁਕਾ ਵਿੱਚ ਨਾਇਕ ਭਾਈਚਾਰੇ ਦੇ ਲੋਕਾਂ ਨੇ ਇਸੇ ਤਰ੍ਹਾਂ ਦਾ ਇਤਰਾਜ਼ ਕੀਤਾ ਸੀ।

ਨਾਇਕ ਘੱਟ ਗਿਣਤੀ ਭਾਈਚਾਰਾ ਹੈ ਪਰ ਮੈਸੂਰ ਜ਼ਿਲ੍ਹੇ ਵਿੱਚ ਇਹ ਇੱਕ ਦਬਦਬੇ ਵਾਲਾ ਯਾਨਿ ਦਬੰਗ ਭਾਈਚਾਰਾ ਹੈ।

ਪਿੰਡ ਦੀਆਂ ਹੋਰ ਪੱਛੜੀਆਂ ਜਾਤਾਂ ਦੇ ਲੋਕਾਂ ਨੇ ਨਾਇਕ ਭਾਈਚਾਰੇ ਦੇ ਲੋਕਾਂ ਦਾ ਸਮਰਥਨ ਕੀਤਾ ਸੀ।

ਦਲਿਤ

ਤਸਵੀਰ ਸਰੋਤ, Getty Images

ਭੇਰੀ ਕਹਿੰਦੇ ਹਨ, "ਇਸ ਲਈ ਦਲਿਤ ਭਾਈਚਾਰੇ ਦੇ ਨੌਜਵਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸ਼ਹਿਰ ਜਾ ਕੇ ਆਪਣੇ ਵਾਲ ਕਟਵਾਉਣ। ਉਹ ਕੋਈ ਭੇਦਭਾਵ ਨਹੀਂ ਹੈ ਪਰ ਦਲਿਤ ਨੌਜਵਾਨਾਂ ਵਿੱਚ ਆ ਰਹੀ ਜਾਗਰੂਕਤਾ ਕਾਰਨ ਉਹ ਪੁਰਾਣੀਆਂ ਪ੍ਰਥਾਵਾਂ 'ਤੇ ਸਵਾਲ ਚੁੱਕਦੇ ਹਨ।''

ਹਨੂਮੰਥਾ ਅਤੇ ਭਤੀਜੇ ਨਾਲ ਹੋਈ ਮਾਰਕੁੱਟ ਦੇ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਘੱਟ ਗਿਣਤੀ ਭਾਈਚਾਰਿਆਂ 'ਤੇ ਜ਼ੁਲਮ ਰੋਕਣ ਲਈ ਬਣੇ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪਰ ਜ਼ਮੀਨ 'ਤੇ ਜੋ ਹਕੀਕਤ ਹੈ, ਉਸ ਨੂੰ ਬਿਆਨ ਕਰਦੇ ਹੋਏ ਹਨੂਮੰਥਾ ਕਹਿੰਦੇ ਹਨ, "ਅੱਜ, ਦਲਿਤ ਪਿੰਡ ਵਿੱਚ ਇੱਧਰ-ਉੱਧਰ ਨਹੀਂ ਜਾ ਸਕਦੇ। ਦੂਜੇ ਭਾਈਚਾਰੇ ਦੇ ਲੋਕ ਸਾਡੇ ਨਾਲ ਗੱਲਬਾਤ ਨਹੀਂ ਕਰ ਰਹੇ ਹਨ।''

''ਅਸੀਂ ਖੇਤ ਮਜ਼ਦੂਰ ਹਾਂ। ਕਮਾਈ ਲਈ ਸਾਡੇ ਭਾਈਚਾਰੇ ਦੇ ਲੋਕ ਆਲੇ-ਦੁਆਲੇ ਦੇ ਪਿੰਡਾਂ ਵਿੱਚ ਜਾ ਰਹੇ ਹਨ।'

ਨੋਟ: ਕਿਸੇ ਦਵਾਈ ਅਤੇ ਥੈਰਿਪੀ ਦੇ ਰਾਹੀਂ ਮਾਨਸਿਕ ਬੀਮਾਰੀਆ ਦਾ ਇਲਾਜ ਸੰਭਵ ਹੈ। ਇਸ ਲਈ ਤੁਹਾਨੂੰ ਕਿਸੇ ਮਨੋਚਕਿਤਸਕ ਦੀ ਮਦਦ ਲੈਣੀ ਚਾਹੀਦੀ ਹੈ। ਜੇ ਤੁਹਾਡੇ ਵਿੱਚ ਜਾਂ ਤੁਹਾਡੇ ਕਿਸੇ ਨਜ਼ਦੀਕੀ ਵਿੱਚ ਕਿਸੇ ਤਰ੍ਹਾਂ ਦੀ ਮਾਨਸਿਕ ਤਕਲੀਫ਼ ਦੇ ਲੱਛਣ ਹਨ ਤਾਂ ਇਨ੍ਹਾਂ ਹੈਲਪਲਾਈਨ ਨੰਬਰਾਂ ਉੱਪਰ ਫ਼ੋਨ ਕਰ ਕੇ ਮਦਦ ਹਾਸਲ ਕੀਤੀ ਜਾ ਸਕਦੀ ਹੈ।

  • ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ-1800-599-0019
  • ਇੰਸਟੀਚਿਊਟ ਆਫ਼ ਹਿਊਮਨ ਬਿਹੇਰਵੀਅਰ ਐਂਡ ਅਲਾਈਡ ਸਾਇੰਸਿਜ਼-9868396824, 9868396841, 011-22574820
  • ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼-080 - 26995000
  • ਵਿਦਿਆਸਾਗਰ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਅਲਾਈਡ ਸਾਇੰਸਿਜ਼-011 2980 2980

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)