ਗੁਜਰਾਤ 'ਚ ਦਲਿਤ ਲਾੜੇ ਦੇ ਘੋੜੀ ਚੜ੍ਹਨ 'ਤੇ ਹੰਗਾਮਾ, ਪੁਲਿਸ ਸੁਰੱਖਿਆ 'ਚ ਹੋਇਆ ਵਿਆਹ

ਤਸਵੀਰ ਸਰੋਤ, BHARGAV PARIKH/BBC
- ਲੇਖਕ, ਭਾਰਗਵ ਪਾਰਿਖ
- ਰੋਲ, ਬੀਬੀਸੀ ਲਈ
ਗੁਜਰਾਤ ਵਿੱਚ ਦਲਿਤਾਂ ਨਾਲ ਹੋ ਰਹੇ ਵਿਤਕਰੇ ਵਿੱਚ ਹੋਰ ਘਟਨਾ ਜੁੜ ਗਈ ਹੈ। ਮਾਮਲਾ ਗਾਂਧੀਨਗਰ ਦੇ ਮਾਣਸਾ ਦਾ ਹੈ।
ਮਾਣਸਾ ਤਹਿਸੀਲ ਦੇ ਪਾਰਸਾ ਪਿੰਡ ਵਿੱਚ ਬਾਰਾਤ ਲੈ ਕੇ ਪਹੁੰਚੇ ਦਲਿਤ ਨੌਜਵਾਨ ਨੂੰ ਕਥਿਤ ਤੌਰ ਉੱਤੇ ਵੱਡੀ ਜਾਤੀ ਦੇ ਲੋਕਾਂ ਨੇ ਘੋੜੀ ਤੋਂ ਹੇਠਾਂ ਉਤਾਰ ਦਿੱਤਾ।
ਪਾਰਸਾ ਪਿੰਡ ਦੀ ਦਰਬਾਰ ਜਾਤੀ ਦੇ ਕੁਝ ਲੋਕਾਂ ਨੇ ਇਸ ਬਾਰਾਤ ਨੂੰ ਰੋਕਿਆ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸੱਦਣਾ ਪਿਆ।
ਹਾਲਾਤ ਇੰਨੇ ਖਰਾਬ ਹੋ ਗਏ ਸਨ ਕਿ ਪੂਰੇ ਵਿਆਹ ਦੌਰਾਨ ਪੁਲਿਸ ਤੈਨਾਤ ਕਰਨੀ ਪਈ ਸੀ।
ਸਾਰਾ ਕੇਸ ਕੀ ਸੀ?
ਮਹਿਸਾਣਾ ਜ਼ਿਲ੍ਹੇ ਦੇ ਬੋਰਿਆਵੀ ਪਿੰਡ ਦੇ ਪ੍ਰਸ਼ਾਂਤ ਸੋਲੰਕੀ ਬਾਰਾਤ ਲੈ ਕੇ ਪਾਰਸਾ ਜਾ ਰਹੇ ਸਨ। ਜਿਵੇਂ ਹੀ ਪਾਰਸਾ ਪਿੰਡ ਦੀ ਸਰਹੱਦ ਤੋਂ ਉਨ੍ਹਾਂ ਦੀ ਬਾਰਾਤ ਨਿਕਲੀ ਉਦੋਂ ਦਰਬਾਰ ਜਾਤ ਦੇ ਕੁਝ ਲੋਕਾਂ ਨੇ ਆ ਕੇ ਉਨ੍ਹਾਂ ਨੂੰ ਰੋਕ ਦਿੱਤਾ।

ਤਸਵੀਰ ਸਰੋਤ, BHARGAV PARIKH/BBC
ਪ੍ਰਸ਼ਾਂਤ ਸੋਲੰਕੀ ਨੇ ਬੀਬੀਸੀ ਗੁਜਰਾਤੀ ਨੂੰ ਕਿਹਾ, "ਜਦੋਂ ਮੈਂ ਘੋੜੀ 'ਤੇ ਬੈਠਣ ਜਾ ਰਿਹਾ ਸੀ ਤਾਂ ਕੁਝ ਲੋਕਾਂ ਨੇ ਆ ਕੇ ਮੈਨੂੰ ਰੋਕਿਆ ਅਤੇ ਧਮਕਾਉਣ ਲੱਗੇ ਕਿ ਘੋੜੀ 'ਤੇ ਕਿਉਂ ਚੜ੍ਹ ਰਹੇ ਹੋ।"
ਪ੍ਰਸ਼ਾਂਤ ਦੇ ਸਾਲੇ ਰਿਤੇਸ਼ ਪਰਮਾਰ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਅਸੀਂ ਉਨ੍ਹਾਂ ਦੇ ਸਵਾਗਤ ਦੀ ਤਿਆਰੀ ਕਰ ਹੀ ਰਹੇ ਸੀ ਕਿ ਪਤਾ ਲੱਗਿਆ ਕਿ ਪਿੰਡ ਦੇ ਕੁਝ ਦਰਬਾਰ ਜਾਤੀ ਦੇ ਲੋਕਾਂ ਨੇ ਮੇਰੇ ਜੀਜਾ ਪ੍ਰਸ਼ਾਂਤ ਨੂੰ ਧਮਕੀ ਦਿੱਤੀ ਹੈ ਕਿ ਘੋੜੀ 'ਤੇ ਬਾਰਾਤ ਨਹੀਂ ਨਿਕਲਣੀ ਚਾਹੀਦੀ।
"ਦਰਬਾਰਾਂ ਨੇ ਘੋੜੀ ਵਾਲਿਆਂ ਨੂੰ ਵੀ ਧਮਕਾਇਆ ਜਿਸ ਤੋਂ ਬਾਅਦ ਉਹ ਘੋੜੀ ਲੈ ਕੇ ਪਿੰਡ ਤੋਂ ਚਲਾ ਗਿਆ। ਇਸ ਤੋਂ ਬਾਅਦ ਅਸੀਂ ਪੁਲਿਸ ਨੂੰ ਦੱਸਿਆ। ਪੁਲਿਸ ਅਤੇ ਸਰਪੰਚ ਨੇ ਆ ਕੇ ਹਾਲਾਤ ਨੂੰ ਸੰਭਾਲਿਆ। ਸਰਪੰਚ ਨੇ ਇੱਕ ਹੋਰ ਘੋੜੀ ਦਾ ਪ੍ਰਬੰਧ ਕੀਤਾ। ਉਦੋਂ ਜਾ ਕੇ ਘੋੜੀ 'ਤੇ ਬਾਰਾਤ ਆਈ। ਫਿਰ ਵਿਆਹ ਪੂਰਾ ਹੋਇਆ।"
ਵਿਆਹ ਤੈਅ ਸਮੇਂ ਤੋਂ ਦੋ-ਤਿੰਨ ਘੰਟੇ ਬਾਅਦ ਹੋਇਆ
ਪ੍ਰਸ਼ਾਂਤ ਨੇ ਕਿਹਾ ਕਿ ਪੁਲਿਸ ਵਿਆਹ ਦੇ ਦੌਰਾਨ ਵੀ ਉੱਥੇ ਹੀ ਸੀ ਅਤੇ ਉਨ੍ਹਾਂ ਦੀ ਸੁਰੱਖਿਆ ਵਿੱਚ ਹੀ ਵਿਆਹ ਹੋਇਆ।

ਤਸਵੀਰ ਸਰੋਤ, BHARGAV PARIKH/BBC
ਗਾਂਧੀਨਗਰ ਦੇ ਡੀਐੱਸਪੀ ਆਰਜੀ ਭਾਵਸਾਰ ਨੇ ਦੱਸਿਆ ਕਿ ਕੋਈ ਦਲਿਤ ਘੋੜੀ 'ਤੇ ਬੈਠ ਕੇ ਬਾਰਾਤ ਕੱਢੇ ਉਸ ਨਾਲ ਕੁਝ ਖਾਸ ਜਾਤੀ ਦੇ ਲੋਕਾਂ ਨੂੰ ਇਤਰਾਜ਼ ਸੀ।
ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿੱਚ ਪੂਰੀ ਸੁਰੱਖਿਆ ਦਿੱਤੀ। ਜਿਸ ਤੋਂ ਬਾਅਦ ਘੋੜੀ 'ਤੇ ਹੀ ਬਾਰਾਤ ਵੀ ਆਈ ਅਤੇ ਵਿਆਹ ਵੀ ਹੋਇਆ।
ਹੱਲ ਕੱਢਣ ਦੀ ਕੋਸ਼ਿਸ਼
ਦੋਹਾਂ ਜਾਤੀਆਂ ਵਿਚਾਲੇ ਟਕਰਾਅ ਨੂੰ ਸ਼ਾਂਤ ਕਰਨ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ। ਪਾਰਸਾ ਪਿੰਡ ਦੇ ਸਰਪੰਚ ਨੇ ਬੀਬੀਸੀ ਗੁਜਰਾਤੀ ਨੂੰ ਕਿਹਾ ਕਿ ਹੁਣ ਸਭ ਸ਼ਾਂਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਦੌਰਾਨ ਦਰਬਾਰ ਜਾਤੀ ਦੇ ਕੁਝ ਬਜ਼ੁਰਗਾਂ ਨੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।

ਤਸਵੀਰ ਸਰੋਤ, BHARGAV PARIKH/BBC
"ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਹੋਵੇ ਇਸ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ਨਾ ਹੋਵੇ ਅਤੇ ਗੱਲ ਅੱਗੇ ਨਾ ਵਧੇ ਇਸ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।"
ਗੁਜਰਾਤ ਵਿੱਚ ਦਲਿਤਾਂ ਦੇ ਮਾਮਲੇ ਵਿੱਚ ਕੀ ਕਰ ਰਹੀ ਹੈ ਸਰਕਾਰ?
ਗੁਜਰਾਤ ਵਿੱਚ ਦਲਿਤਾਂ ਦੇ ਨਾਲ ਤਸ਼ੱਦਦ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਊਨਾ ਕਾਂਡ ਤੋਂ ਬਾਅਦ ਦੇਸ ਭਰ ਵਿੱਚ ਇਸ ਦੀ ਚਰਚਾ ਵੀ ਹੋਈ।
ਇਸ ਮਾਮਲੇ 'ਤੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਦੇ ਮੰਤਰੀ ਈਸ਼ਵਰ ਪਰਮਾਰ ਨਾਲ ਬੀਬੀਸੀ ਗੁਜਰਾਤੀ ਨੇ ਗੱਲਬਾਤ ਕੀਤੀ।
ਉਨ੍ਹਾਂ ਦਾ ਕਹਿਣਾ ਹੈ ਕਿ ਗੁਜਰਾਤ ਵਿੱਚ ਵਧਦੇ ਦਲਿਤ ਤਸ਼ਦੱਦ ਦੇ ਮਾਮਲੇ 'ਤੇ ਸਰਕਾਰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਹਰ ਪਿੰਡ ਦੇ ਸਰਪੰਚ ਨੂੰ ਬੁਲਾ ਕੇ ਭਾਈਚਾਰਾ ਬਣਾਈ ਰੱਖਣ ਵਾਲੇ ਹਾਲਾਤ ਕਾਇਮ ਕਰਨ ਦੀ ਗੱਲ ਕੀਤੀ ਜਾਵੇਗੀ।
ਉਨ੍ਹਾਂ ਨੇ ਗੁਜਰਾਤ ਵਿੱਚ ਜਾਤੀਆਂ ਵਿਚਾਲੇ ਵੱਧ ਰਹੇ ਫਰਕ ਕਾਰਨ ਫਿਕਰ ਜ਼ਾਹਿਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪਾਰਸਾ ਪਿੰਡ ਦੇ ਸਰਪੰਚ ਨੇ ਦੋ ਦਲਾਂ ਵਿਚਾਲੇ ਲੜਾਈ ਨੂੰ ਰੋਕ ਕੇ ਮਿਸਾਲ ਪੇਸ਼ ਕੀਤੀ ਹੈ। ਇਸ ਤਰ੍ਹਾਂ ਹੋਰ ਪਿੰਡਾਂ ਦੇ ਸਰਪੰਚ ਨੂੰ ਵੀ ਅਜਿਹਾ ਰਵੱਈਆ ਅਪਨਾਉਣਾ ਚਾਹੀਦਾ ਹੈ।
ਗੁਜਰਾਤ ਵਿੱਚ ਦਲਿਤਾਂ ਦੀ ਹਾਲਤ
- ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ ਸਾਲ 2016 ਵਿੱਚ ਐੱਸਸੀ ਲੋਕਾਂ 'ਤੇ ਤਸ਼ੱਦਦ ਦੇ 1322 ਮਾਮਲੇ ਦਰਜ ਕੀਤੇ ਗਏ। 2015 ਵਿੱਚ ਇਹ ਅੰਕੜਾ 1010 ਦਾ ਸੀ।
- ਦਲਿਤਾਂ 'ਤੇ ਤਸ਼ੱਦਦ ਦੇ ਮਾਮਲਿਆਂ ਵਿੱਚ ਗੁਜਰਾਤ ਪੰਜ ਸਭ ਤੋਂ ਮਾੜੇ ਸੂਬਿਆਂ ਵਿੱਚੋਂ ਇੱਕ ਹੈ। ਆਰਟੀਆਈ ਕਾਰਕੁੰਨ ਕੌਸ਼ਿਕ ਪਰਮਾਰ ਦੀ ਪਟੀਸ਼ਨ ਤੋਂ ਗੁਜਰਾਤ ਵਿੱਚ ਦਲਿਤ ਭਾਈਚਾਰੇ ਦੇ ਅੰਕੜੇ ਸਾਹਮਣੇ ਆਏ ਹਨ।
- ਇਸ ਪਟੀਸ਼ਨ ਮੁਤਾਬਕ ਗੁਜਰਾਤ ਵਿੱਚ 2017 ਵਿੱਚ 'ਪ੍ਰਿਵੈਂਸ਼ਨ ਆਫ਼ ਅਟ੍ਰਾਸਿਟੀ ਐਕਟ' ਵਿੱਚ 1515 ਮਾਮਲੇ ਦਰਜ ਹੋਏ।
- 2017 ਵਿੱਚ ਦਲਿਤਾਂ 'ਤੇ ਹੋਏ ਤਸ਼ੱਦਦ ਦੀ ਘਟਨਾ ਵਿੱਚ 25 ਕਤਲ, 71 ਹਮਲੇ ਅਤੇ 103 ਰੇਪ ਦੇ ਮਾਮਲੇ ਦਰਜ ਹੋਏ ਹਨ।

ਤਸਵੀਰ ਸਰੋਤ, Getty Images
ਸੀਨੀਅਰ ਪੱਤਰਕਾਰ ਪ੍ਰਕਾਸ ਸ਼ਾਹ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਦਲਿਤਾਂ ਦੇ ਵਿਰੋਧ ਵਿੱਚ ਤਸ਼ੱਦਦ ਗੁਜਰਾਤ ਵਿੱਚ ਹੁੰਦੇ ਰਹੇ ਹਨ ਪਰ ਭਾਜਪਾ ਦੀ ਸਰਕਾਰ ਵਿੱਚ ਅਜਿਹੇ ਮਾਮਲੇ ਵਧੇ ਰਹੇ ਹਨ।
"ਇਸ ਵੇਲੇ ਹੋ ਰਹੇ ਤਸ਼ੱਦਦ ਵਿੱਚ ਵੱਖਰੀ ਗੱਲ ਇਹ ਹੈ ਕਿ ਇਸ ਵਿੱਚ ਉੱਚੀ ਜਾਤੀ ਦੀ ਮਾਨਸਿਕਤਾ ਦਾ ਮਾਣ ਝਲਕ ਰਿਹਾ ਹੈ। ਭਾਜਪਾ ਦੀ ਸਰਕਾਰ ਅਤੇ ਹਿੰਦੂਤਵ ਦੀ ਵਿਚਾਰਧਾਰਾ ਕਾਰਨ ਵੀ ਦਲਿਤ ਵਿਰੋਧੀ ਮਾਨਸਿਕਤਾ ਵਿੱਚ ਉਛਾਲ ਆਇਆ ਹੈ।"












