ਪੰਜਾਬ ਵਿੱਚ ਬਿਜਲੀ ਸੰਕਟ ਨਾਲ ਜੁੜੇ 4 ਸਵਾਲਾਂ ਦੇ ਜਵਾਬ : ਤੁਹਾਨੂੰ ਕਿੰਨਾ ਚਿੰਤਤ ਹੋਣ ਦੀ ਲੋੜ

ਪੰਜਾਬ ਗੰਭੀਰ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਮੰਗ ਵਧਣ ਦੀ ਸੰਭਾਵਨਾ ਹੈ।

ਇਸ ਸਥਿਤੀ ਦੇ ਕਾਰਨ ਕਿਸਾਨਾਂ ਤੇ ਉਦਯੋਗ ਸਮੇਤ ਸਾਰੇ ਵਸਨੀਕ ਪ੍ਰਭਾਵਿਤ ਹੋਏ ਹਨ। ਸਰਕਾਰ ਨੇ ਵੱਖ -ਵੱਖ ਜ਼ਿਲ੍ਹਿਆਂ ਵਿੱਚ ਬਿਜਲੀ ਕੱਟ ਲਾਉਣੇ ਸ਼ੁਰੂ ਕੀਤੇ ਹਨ।

ਅਜਿਹੇ ਸਮੇਂ ਦੌਰਾਨ ਕਈ ਸਵਾਲ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ। ਅਧਿਕਾਰੀਆਂ ਅਤੇ ਮਾਹਰਾਂ ਨਾਲ ਗੱਲ ਕਰ ਕੇ ਅਸੀਂ ਕੁੱਝ ਸਵਾਲਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਹੈ-

ਪੰਜਾਬ ਬਿਜਲੀ ਸੰਕਟ ਦਾ ਕਾਰਨ ?

ਪੰਜਾਬ ਆਪਣੇ ਪੰਜ ਥਰਮਲ ਪਲਾਂਟਾਂ 'ਚ ਕੋਲੇ ਦੇ ਉਪਲੱਬਧ ਸਟਾਕ ਤੇਜ਼ੀ ਨਾਲ ਖ਼ਤਮ ਹੋਣ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਤਿੰਨ ਪ੍ਰਾਈਵੇਟ ਪਲਾਂਟ ਵਿੱਚ ਤਾਂ ਕੋਲੇ ਦਾ ਸਟਾਕ ਦੋ ਦਿਨਾਂ ਤੱਕ ਚੱਲਣ ਦੀ ਉਮੀਦ ਨਹੀਂ ਹੈ।

ਪੰਜਾਬ ਵਿੱਚ ਬਿਜਲੀ ਸੰਕਟ ਕਿੰਨਾ ਡੂੰਘਾ ਹੈ?

ਵਰਤਮਾਨ ਵਿੱਚ, ਸੂਬੇ ਦੇ ਸਾਰੇ ਪ੍ਰਾਈਵੇਟ ਕੋਲਾ ਆਧਾਰਤ ਪਲਾਂਟਾਂ ਵਿੱਚ ਲਗਭਗ ਡੇਢ ਦਿਨ ਦਾ ਕੋਲਾ ਸਟਾਕ ਹੈ ਜਦੋਂ ਕਿ ਸਰਕਾਰੀ ਪਲਾਂਟਾਂ ਵਿੱਚ ਲਗਭਗ 4 ਦਿਨਾਂ ਦੇ ਕੋਲੇ ਦਾ ਸਟਾਕ ਹੈ।

ਸ਼ਨੀਵਾਰ ਨੂੰ ਕੋਲੇ ਦੇ 22 ਰੈਕਾਂ ਦੀ ਕੁੱਲ ਜ਼ਰੂਰਤ ਦੇ ਮੁਕਾਬਲੇ ਪੰਜਾਬ ਨੂੰ 11 ਰੈਕ ਹੀ ਮਿਲੇ ਸਨ।

ਖ਼ਰਾਬ ਕੋਲੇ ਦੇ ਭੰਡਾਰ ਦੇ ਕਾਰਨ, ਇਹ ਪਲਾਂਟ ਆਪਣੀ ਉਤਪਾਦਨ ਸਮਰੱਥਾ ਦੇ 50% ਤੋਂ ਘੱਟ ਤੇ ਕੰਮ ਕਰ ਰਹੇ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਝੋਨੇ ਦੀ ਬਿਜਾਈ ਵਿੱਚ ਦੇਰੀ ਅਤੇ ਝੋਨੇ ਦੀਆਂ ਕੁਝ ਕਿਸਮਾਂ ਲਈ ਪਾਣੀ ਲਈ ਸਪਲਾਈ ਦੀ ਲੋੜ ਹੋਣ ਕਾਰਨ ਖੇਤੀਬਾੜੀ ਖੇਤਰ ਦੀ ਮੰਗ ਅਜੇ ਵੀ ਕਾਇਮ ਹੈ।

ਬਿਜਲੀ ਉਤਪਾਦਨ ਦੀ 5,620 ਮੈਗਾਵਾਟ ਦੀ ਸਥਾਪਤ ਸਮਰੱਥਾ ਹੈ ਪਰ ਸਿਰਫ਼ 2,800 ਮੈਗਾਵਾਟ ਹੀ ਪੈਦਾ ਕੀਤੀ ਜਾ ਰਹੀ ਹੈ।

ਰੋਪੜ ਪਲਾਂਟ ਦੇ ਦੋ ਯੂਨਿਟ ਬੰਦ ਕਰਨੇ ਪਏ ਸੀ ਜਦੋਂ ਕਿ ਤਲਵੰਡੀ ਸਾਬੋ ਅਤੇ ਲਹਿਰਾ ਮੁਹੱਬਤ ਦਾ ਇੱਕ -ਇੱਕ ਯੂਨਿਟ ਬੰਦ ਰਿਹਾ। ਬਾਕੀ ਪਲਾਂਟ ਵੀ ਕੋਲੇ ਦੀ ਸੰਭਾਲ ਲਈ ਆਪਣੀ ਸਥਾਪਤ ਸਮਰੱਥਾ ਦੇ ਅੱਧੇ ਤੇ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ:

ਪੰਜਾਬ ਬਿਜਲੀ ਹਾਸਲ ਕਰਨ ਲਈ ਕੀ ਕਰ ਰਿਹਾ ਹੈ?

ਪੀਐਸਪੀਸੀਐਲ ਦੇ ਸੀਐੱਮਡੀ ਏ.ਵੇਣੂ ਪ੍ਰਸਾਦ ਨੇ ਕਿਹਾ ਕਿ ਪੀਐਸਪੀਸੀਐਲ ਵਾਧੂ ਦਰਾਂ ਉੱਤੇ ਵੀ ਬਾਜ਼ਾਰ ਤੋਂ ਬਿਜਲੀ ਖ਼ਰੀਦ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਖੇਤੀਬਾੜੀ ਸੈਕਟਰ ਸਮੇਤ ਰਾਜ ਦੇ ਖਪਤਕਾਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਇਹ ਕੀਤਾ ਜਾ ਰਿਹਾ ਹੈ। ਪੀਐਸਪੀਸੀਐਲ ਨੇ 9 ਅਕਤੂਬਰ ਨੂੰ 8788 ਮੈਗਾਵਾਟ ਪੰਜਾਬ ਦੀ ਵੱਧ ਤੋਂ ਵੱਧ ਮੰਗ ਪੂਰੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਐਤਵਾਰ, ਯਾਨੀ 10 ਅਕਤੂਬਰ ਨੂੰ ਐਕਸਚੇਂਜ ਤੋਂ 11.60 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਲਗਭਗ 1800 ਮੈਗਾਵਾਟ ਬਿਜਲੀ ਖਰੀਦੀ ਗਈ ਸੀ।

ਉਨ੍ਹਾਂ ਅੱਗੇ ਕਿਹਾ ਕਿ ਬਿਜਲੀ ਦੀ ਅਜਿਹੀ ਖਰੀਦ ਦੇ ਬਾਵਜੂਦ, ਪੀਐਸਪੀਸੀਐਲ ਮੰਗ ਅਤੇ ਸਪਲਾਈ ਦੇ ਵਿੱਚਲੇ ਪਾੜੇ ਨੂੰ ਦੂਰ ਕਰਨ ਲਈ ਖਪਤਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ 'ਤੇ ਰਾਜ ਭਰ ਵਿੱਚ ਲੋਡ ਸ਼ੇਡਿੰਗ ਕਰ ਰਹੀ ਹੈ।

ਕੀ ਪੰਜਾਬ ਵਿਚ ਬਿਜਲੀ ਬਿਲਕੁਲ ਬੰਦ ਹੋ ਜਾਵੇਗੀ?

ਬਿਜਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੁੱਧਵਾਰ ਤੱਕ ਹਰ ਰੋਜ਼ ਲਗਭਗ 2 ਤੋਂ 3 ਘੰਟੇ ਬਿਜਲੀ ਕੱਟ ਲੱਗਣਗੇ।

ਏ.ਵੇਣੂ ਪ੍ਰਸਾਦ ਨੇ ਦਾਅਵਾ ਕੀਤਾ ਕਿ ਕੋਲੇ ਦੀ ਮੰਗ ਵਿੱਚ ਗਿਰਾਵਟ ਅਤੇ ਕੋਲੇ ਦੀ ਸਪਲਾਈ ਵਧਣ ਨਾਲ 15 ਅਕਤੂਬਰ ਤੋਂ ਬਾਅਦ ਸਥਿਤੀ ਅਸਾਨ ਹੋ ਜਾਵੇਗੀ।

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਉਹ ਸੂਬੇ ਵਿਚ ਬਲੈਕਆਉਟ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਸਿਰਫ਼ ਪੰਜਾਬ ਹੀ ਨਹੀਂ ਬਲਕਿ ਸਾਰਾ ਦੇਸ਼ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਸੂਬਾ ਸਰਕਾਰ ਨੇ ਕੇਂਦਰ ਨੂੰ ਛੇਤੀ ਤੋਂ ਛੇਤੀ ਕੋਲੇ ਸੀ ਹੋਰ ਸਪਲਾਈ ਭੇਜਣ ਲਈ ਲਿਖਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)