ਪੰਜਾਬ ਵਿੱਚ ਬਿਜਲੀ ਸੰਕਟ: ਕੋਲੇ ਦੀ ਕਮੀ ਤੇ ਬਿਜਲੀ ਕੱਟਾਂ ਬਾਰੇ ਕੀ ਕਹਿ ਰਹੀ ਸੂਬਾ ਤੇ ਕੇਂਦਰ ਸਰਕਾਰ

ਭਾਰਤ 'ਚ ਕਈ ਪਾਵਰ ਪਲਾਂਟਾਂ 'ਚ ਕੋਲੇ ਦੀ ਘਾਟ ਦੱਸੀ ਜਾ ਰਹੀ ਹੈ, ਜਿਸ ਨੂੰ ਲੈ ਕੇ ਸੂਬਾ ਸਰਕਾਰਾਂ ਚਿੰਤਾ ਜ਼ਾਹਰ ਕਰ ਚੁੱਕੀਆਂ ਹਨ ਅਤੇ ਕਈ ਬਿਜਲੀ ਪਲਾਂਟ ਕੋਲੇ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ।

ਪੰਜਾਬ ਵੀ ਇਸ ਨਾਲ ਪ੍ਰਭਾਵਿਤ ਹੋਇਆ ਹੈ ਅਤੇ ਕਈ ਇਲਾਕਿਆਂ ਵਿੱਚ ਬਿਜਲੀ ਦਾ ਸੰਕਟ ਡੂੰਘਾ ਹੋ ਗਿਆ ਹੈ।

ਗੁਆਂਢੀ ਸੂਬਿਆਂ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਇਹੀ ਹਾਲ ਹੈ।

ਪੰਜਾਬ ਵਿੱਚ ਕਈ ਘੰਟਿਆਂ ਬੱਧੀ ਕੱਟ ਲੱਗ ਰਹੇ ਹਨ ਅਤੇ ਖਦਸ਼ਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ 'ਚ ਹੋਰ ਵਾਧਾ ਹੋਵੇਗਾ।

ਅਜਿਹੇ 'ਚ ਕੇਂਦਰ ਸਣੇ ਸੂਬਾ ਸਰਕਾਰ ਕੀ ਕਹਿ ਰਹੀ ਹੈ, ਆਓ ਇੱਕ ਨਜ਼ਰ ਮਾਰਦੇ ਹਾਂ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕੋਲੇ ਦੀ ਸਪਲਾਈ 'ਚ ਕਮੀ ਦਾ ਨੋਟਿਸ ਲਿਆ ਹੈ।

ਚੰਨੀ ਨੇ ਕੇਂਦਰ ਨੂੰ ਜਲਦੀ ਤੋਂ ਜਲਦੀ ਕੋਲੇ ਦੀ ਸਪਲਾਈ ਬਹਾਲ ਕਰਨ ਦੀ ਮੰਗ ਕੀਤੀ ਹੈ ਪਰ ਹਾਲਾਤ ਹਾਲੇ ਸੁਧਰਦੇ ਨਜ਼ਰ ਨਹੀਂ ਆ ਰਹੇ ਹਨ।

ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਪ੍ਰੈਸ ਨੋਟ 'ਚ ਕਿਹਾ ਗਿਆ ਹੈ ਕਿ ਕੋਲੇ ਦੀ ਸਹੀ ਸਪਲਾਈ ਨਾ ਮਿਲਣ ਕਾਰਨ ਸਾਰੇ ਥਰਮਲ ਪਲਾਂਟਾਂ ਵਿੱਚ ਪੂਰੀ ਸਮਰੱਥਾ ਨਾਲ ਬਿਜਲੀ ਪੈਦਾ ਨਹੀਂ ਹੋ ਰਹੀ।

ਹਾਲਾਂਕਿ, ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੇ ਪੱਕਣ ਤੱਕ ਜਿੱਥੇ ਵੀ ਸਿੰਚਾਈ ਲਈ ਬਿਜਲੀ ਦੀ ਲੋੜ ਹੋਵੇਗੀ, ਸਪਲਾਈ ਯਕੀਨੀ ਬਣਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਘਰੇਲੂ ਖਪਤਕਾਰਾਂ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ, ਤਾਂ ਜੋ ਖੇਤੀਬਾੜੀ ਖੇਤਰ ਨੂੰ ਸਹੀ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਸਕੇ ਅਤੇ ਗਰਿੱਡ ਅਨੁਸ਼ਾਸਨ ਕਾਇਮ ਰੱਖਿਆ ਜਾ ਸਕੇ।

ਇਹ ਵੀ ਪੜ੍ਹੋ:

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਕੀ ਕਿਹਾ ਹੈ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸੀਐੱਮਡੀ ਏ ਵੇਨੂ ਪ੍ਰਸਾਦ ਨੇ ਐਤਵਾਰ ਨੂੰ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਕਾਰਪੋਰੇਸ਼ਨ ਸੂਬੇ ਵਿੱਚ ਸਾਰੇ ਕੋਲੇ ਨਾਲ ਚੱਲਣ ਵਾਲੇ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਗੰਭੀਰ ਕਮੀ ਦਾ ਸਾਹਮਣਾ ਕਰ ਰਹੀ ਹੈ।

  • ਸੂਬੇ ਦੇ ਸਾਰੇ ਪ੍ਰਾਈਵੇਟ ਕੋਲਾ ਅਧਾਰਤ ਥਰਮਲ ਪਲਾਂਟਾਂ ਵਿੱਚ 1.5 ਦਿਨ ਦਾ ਕੋਲੇ ਦਾ ਸਟਾਕ ਹੈ, ਜਦੋਂ ਕਿ ਸਰਕਾਰੀ ਮਲਕੀਅਤ ਵਾਲੇ ਥਰਮਲ ਪਲਾਂਟਾਂ ਵਿੱਚ ਲਗਭਗ 4 ਦਿਨਾਂ ਦਾ ਕੋਲਾ ਸਟਾਕ ਹੈ।
  • ਸ਼ਨੀਵਾਰ ਨੂੰ ਕੋਲੇ ਦੇ 22 ਰੇਕਾਂ ਦੀ ਕੁੱਲ ਲੋੜ ਦੇ ਵਿਰੁੱਧ 11 ਕੋਲਾ ਰੇਕ ਪ੍ਰਾਪਤ ਹੋਏ ਸਨ। ਕੋਲੇ ਦੇ ਖਤਮ ਸਟਾਕ ਦੇ ਕਾਰਨ, ਇਹ ਪਲਾਂਟ ਆਪਣੀ ਉਤਪਾਦਨ ਸਮਰੱਥਾ ਦੇ 50% ਤੋਂ ਘੱਟ ਤੇ ਕੰਮ ਕਰ ਰਹੇ ਹਨ ।
  • ਝੋਨੇ ਦੀ ਬਿਜਾਈ ਵਿੱਚ ਦੇਰੀ ਅਤੇ ਝੋਨੇ ਦੀਆਂ ਕਿਸਮਾਂ ਲਈ ਬਿਜਲੀ ਸਪਲਾਈ ਦੀ ਲੋੜ ਹੋਣ ਕਾਰਨ ਖੇਤੀਬਾੜੀ ਖੇਤਰ ਦੀ ਮੰਗ ਅਜੇ ਵੀ ਕਾਇਮ ਹੈ।
  • ਬਿਜਲੀ ਮੰਗ ਵਿੱਚ ਗਿਰਾਵਟ ਅਤੇ ਕੋਲੇ ਦੇ ਭੰਡਾਰ ਨੂੰ ਵਧਾਉਣ ਲਈ ਲੋੜੀਂਦੀ ਮਾਤਰਾ ਵਿੱਚ ਕੋਲੇ ਦੀ ਆਮਦ ਦੇ ਨਾਲ, 15.10.21 ਤੋਂ ਬਾਅਦ ਸਥਿਤੀ ਹੋਰ ਅਸਾਨ ਹੋ ਜਾਵੇਗੀ।
  • ਏ. ਵੇਨੂ ਪ੍ਰਸਾਦ ਨੇ ਖੁਲਾਸਾ ਕੀਤਾ ਕਿ ਪੀਐਸਪੀਸੀਐਲ ਬਹੁਤ ਜ਼ਿਆਦਾ ਦਰਾਂ ਤੇ ਵੀ ਖੇਤੀਬਾੜੀ ਸੈਕਟਰ ਸਮੇਤ ਸੂਬੇ ਦੇ ਖਪਤਕਾਰਾਂ ਦੀ ਬਿਜਲੀ ਮੰਗ ਨੂੰ ਪੂਰਾ ਕਰਨ ਲਈ ਮਾਰਕੀਟ ਤੋਂ ਬਿਜਲੀ ਖਰੀਦ ਰਿਹਾ ਹੈ ।
  • ਪੀਐਸਪੀਸੀਐਲ ਨੇ 9 ਅਕਤੂਬਰ ਨੂੰ ਪੰਜਾਬ ਦੀ 8788 ਮੈਗਾਵਾਟ ਦੀ ਵੱਧ ਤੋਂ ਵੱਧ ਬਿਜਲੀ ਦੀ ਮੰਗ ਪੂਰੀ ਕੀਤੀ ਹੈ।
  • ਉਨ੍ਹਾਂ ਖੁਲਾਸਾ ਕੀਤਾ ਕਿ ਐਕਸਚੇਂਜ ਤੋਂ 11.60 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ 10.10.2021 ਲਈ ਲਗਭਗ 1800 ਮੈਗਾਵਾਟ ਬਿਜਲੀ ਖਰੀਦੀ ਗਈ।
  • ਮੰਗ ਅਤੇ ਸਪਲਾਈ ਦੇ ਵਿੱਚਲੇ ਪਾੜੇ ਨੂੰ ਦੂਰ ਕਰਨ ਲਈ ਬਿਜਲੀ ਖਪਤਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ 'ਤੇ ਰਾਜ ਭਰ ਵਿੱਚ ਲੋਡ ਸ਼ੈਡਿੰਗ ਕਰਨੀ ਪਏਗੀ।
  • ਉਨ੍ਹਾਂ ਕਿਹਾ ਕਿ ਬੁੱਧਵਾਰ ਤੱਕ ਹਰ ਰੋਜ਼ ਤਕਰੀਬਨ 2 ਤੋਂ 3 ਘੰਟੇ ਬਿਜਲੀ ਕੱਟ ਲਾਗੂ ਕਰਨੇ ਪੈਣਗੇ।

ਏ. ਵੇਨੂ ਪ੍ਰਸਾਦ ਨੇ ਪੰਜਾਬ ਦੇ ਖਪਤਕਾਰਾਂ ਨੂੰ ਬਿਜਲੀ ਦੀ ਸਮਝਦਾਰੀ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ ਹੈ।

ਕੇਂਦਰੀ ਕੋਲਾ ਮੰਤਰੀ ਨੇ ਦੇਸ ਵਿੱਚ ਕੋਲੇ ਦੀ ਸਥਿਤੀ ਬਾਰੇ ਕੀ ਕਿਹਾ?

ਕੇਂਦਰੀ ਕੋਲਾ ਅਤੇ ਖਾਣ ਮੰਤਰੀ ਪ੍ਰਹਲਾਦ ਜੋਸ਼ੀ ਨੇ ਦੇਸ਼ ਵਿੱਚ ਕੋਲੇ ਦੀ ਸਥਿਤੀ ਬਾਰੇ ਕਿਹਾ ਹੈ ਕਿ ਕੋਲ ਇੰਡੀਆ ਵੱਲੋਂ ਕੀਤੀ ਜਾ ਰਹੀ ਕੋਲੇ ਦੀ ਸਪਲਾਈ ਬਿਜਲੀ ਉਤਪਾਦਨ ਦੀ ਮੰਗ ਨੂੰ ਪੂਰਿਆਂ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਕੋਲੇ ਦੀ ਸਪਲਾਈ ਹੁਣ ਤੱਕ ਦੇ ਰਿਕਾਰਡ ਪੱਧਰ 'ਤੇ ਹੈ, ਇਸ ਲਈ ਬਿਜਲੀ ਘਰਾਂ ਦੇ ਸਟੌਕ ਵਿੱਚ ਆਉਣ ਵਾਲੇ ਦਿਨਾਂ ਵਿੱਚ ਸੁਧਾਰ ਹੋਵੇਗਾ।

ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਕਿਹਾ, "ਸਾਨੂੰ ਮਾਣ ਹੈ ਕਿ ਦੇਸ਼ ਵਿੱਚ ਕੋਲਾ ਸਪਲਾਈ ਵਿੱਚ ਵਾਧਾ ਹੋਇਆ ਹੈ।"

"ਆਤਮ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਅੱਗੇ ਵਧਦੇ ਹੋਏ ਚਾਲੂ ਮਾਲੀ ਸਾਲ ਦੀ ਪਹਿਲੀ ਛਿਮਾਹੀ ਵਿੱਚ ਘਰੇਲੂ ਕੋਲੇ 'ਤੇ ਆਧਾਰਿਤ ਬਿਜਲੀ ਉਤਪਾਦਨ ਵਿੱਚ 24 ਫੀਸਦ ਦਾ ਵਾਧਾ ਹੋਇਆ ਹੈ ਅਤੇ ਕੋਲੇ ਦੀ ਆਮਦ ਵਿੱਚ 30 ਫੀਸਦ ਦੀ ਕਮੀ ਆਈ ਹੈ।"

ਕੋਲੇ ਦਾ ਭੰਡਾਰ ਦੋ ਦਿਨਾਂ ਤੋਂ ਵੀ ਘੱਟ

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਮੁਤਾਬਕ, ਪੀਐਸਪੀਸੀਐਲ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ. ਵੇਣੂ ਪ੍ਰਸਾਦ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਦੇਸ਼ ਭਰ ਵਿੱਚ ਥਰਮਲ ਪਲਾਂਟ ਕੋਲੇ ਦੀ ਘਾਟ ਅਤੇ ਕੋਲੇ ਦੀ ਸਪਲਾਈ ਦੀ ਸਮੱਸਿਆ ਵਿੱਚੋਂ ਲੰਘ ਰਹੇ ਹਨ।

ਉਨ੍ਹਾਂ ਕਿਹਾ ਕਿ ਰਾਜ ਵਿੱਚ ਪ੍ਰਾਈਵੇਟ ਬਿਜਲੀ ਉਤਪਾਦਕਾਂ (ਆਈਪੀਪੀਜ਼) ਕੋਲ ਕੋਲੇ ਦਾ ਭੰਡਾਰ ਦੋ ਦਿਨਾਂ ਤੋਂ ਵੀ ਘੱਟ ਹੈ, ਜਿਸ ਵਿੱਚ ਨਾਭਾ ਪਾਵਰ ਪਲਾਂਟ (1.9 ਦਿਨ), ਤਲਵੰਡੀ ਸਾਬੋ ਪਲਾਂਟ (1.3 ਦਿਨ), ਜੀ.ਵੀ.ਕੇ. (0.6 ਦਿਨ) ਅਤੇ ਇਹ ਲਗਾਤਾਰ ਘਟ ਰਿਹਾ ਹੈ ਕਿਉਂਕਿ ਕੋਲ ਇੰਡੀਆ ਲਿਮਟਿਡ ਨੇ ਲੋੜ ਅਨੁਸਾਰ ਕੋਲੇ ਦੀ ਸਪਲਾਈ ਨਹੀਂ ਕੀਤੀ।

"ਪੀਐਸਪੀਸੀਐਲ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੋਪੜ ਅਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ, ਲਹਿਰਾ ਮੁਹੱਬਤ ਦੇ ਪੌਦਿਆਂ ਵਿੱਚ ਸਿਰਫ ਦੋ ਦਿਨਾਂ ਦਾ ਸਟਾਕ ਹੈ ਅਤੇ ਇਹ ਰੋਜ਼ਾਨਾ ਘਟ ਰਹੇ ਹਨ।"

"ਇਨ੍ਹਾਂ ਸਾਰੇ ਪਲਾਂਟਾਂ ਨੂੰ ਭਾਰਤ ਦੀਆਂ ਸਹਾਇਕ ਕੰਪਨੀਆਂ ਦੁਆਰਾ ਉਨ੍ਹਾਂ ਨਾਲ ਬਾਲਣ ਸਪਲਾਈ ਸਮਝੌਤਿਆਂ ਦੇ ਅਧੀਨ ਕੋਲਾ ਸਪਲਾਈ ਕੀਤਾ ਜਾਂਦਾ ਹੈ, ਪਰ ਇਸ ਵੇਲੇ ਸਪਲਾਈ ਲੋੜੀਂਦੇ ਪੱਧਰ ਤੋਂ ਬਹੁਤ ਘੱਟ ਹੈ।"

'ਸੋਲਰ ਐਨਰਜੀ 'ਤੇ ਵੱਡੇ ਪੱਧਰ 'ਤੇ ਹੋਵੇ ਕੰਮ'

ਇਹ ਵੀ ਪੜ੍ਹੋ:

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਕਿਹਾ, "ਪੰਜਾਬ ਨੂੰ ਇਸ ਸੰਕਟ ਨੂੰ ਰੋਕਣ ਲਈ ਪਹਿਲਾਂ ਹੀ ਤਿਆਰ ਰਹਿਣਾ ਪਵੇਗਾ। ਪ੍ਰਾਈਵੇਟ ਥਰਮਲ ਪਲਾਂਟ ਨਿਯਮਾਂ ਦੀ ਉਲੰਘਨਾ ਕਰ ਰਹੇ ਹਨ।"

ਉਨ੍ਹਾਂ ਅੱਗੇ ਕਿਹਾ, "30 ਦਿਨਾਂ ਤੋਂ ਵੱਧ ਦਾ ਸਟਾਕ ਰੱਖਣ ਵਾਲਿਆਂ 'ਤੇ ਕਾਰਵਾਈ ਨਾ ਕਰਕੇ ਇਸ ਦਾ ਖਾਮਿਆਜ਼ਾ ਖਰੇਲੂ ਖਪਤਕਾਰਾਂ ਨੂੰ ਭੁਗਤਣਾ ਪੈ ਰਿਹਾ ਹੈ।"

ਉਨ੍ਹਾਂ ਕਿਹਾ ਕਿ ਇਹ ਸਮਾਂ ਹੈ ਕਿ ਅਸੀਂ ਸੋਲਰ ਐਨਰਜੀ 'ਤੇ ਵੱਡੇ ਪੱਧਰ 'ਤੇ ਕੰਮ ਕਰੀਏ।

ਇਸ ਬਾਬਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਦਿਆਂ ਕਿਹਾ ਕਿ ਦਿੱਲੀ ਨੂੰ ਵੱਡੇ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਨ੍ਹਾਂ ਕਿਹਾ, "ਮੈਂ ਹਾਲਾਤਾਂ 'ਤੇ ਨਜ਼ਰ ਬਣਾਈ ਹੋਈ ਹੈ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਸੰਕਟ ਤੋਂ ਬਚਿਆ ਜਾ ਸਕੇ।"

ਵਾਰੋ-ਵਾਰੀ ਲੱਗ ਰਹੇ ਬਿਜਲੀ ਦੇ ਕੱਟ

ਬੀਬੀਸੀ ਨਿਊਜ਼ ਪੰਜਾਬੀ ਦੇ ਸਹਿਯੋਗੀ ਸੁਰਿੰਦਰ ਮਾਨ ਨੇ ਦੱਸਿਆ ਕਿ ਪੰਜਾਬ ਵਿੱਚ ਰੋਪੜ ਦੇ ਥਰਮਲ ਪਲਾਂਟ ਨਾਲ ਸਬੰਧਤ ਦੋ ਯੂਨਿਟ ਅਤੇ ਤਲਵੰਡੀ ਸਾਬੋ ਦੇ ਯੂਨਿਟ ਬੰਦ ਹੋਣ ਮਗਰੋਂ ਇਸ ਖਿੱਤੇ ਵਿੱਚ ਬਿਜਲੀ ਦਾ ਸੰਕਟ ਪੈਦਾ ਹੋ ਗਿਆ ਹੈ।

ਬਠਿੰਡਾ ਜ਼ੋਨ ਨਾਲ ਸਬੰਧਤ ਜ਼ਿਲ੍ਹਿਆਂ ਬਠਿੰਡਾ, ਫ਼ਰੀਦਕੋਟ, ਫਿਰੋਜ਼ਪੁਰ ਅਤੇ ਮੋਗਾ ਵਿੱਚ 4 ਤੋਂ ਲੈ ਕੇ 5 ਘੰਟੇ ਦੇ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ।

ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸ਼ਨਿੱਚਰਵਾਰ ਨੂੰ ਪੰਜਾਬ ਵਿੱਚ ਕਰੀਬ 8500 ਮੈਗਾਵਾਟ ਬਿਜਲੀ ਦੀ ਜ਼ਰੂਰਤ ਸੀ ਜਦੋਂਕਿ ਉਤਪਾਦਨ ਵਿੱਚ ਕਮੀ ਹੋਣ ਕਾਰਨ ਬਿਜਲੀ ਕੱਟ ਲਗਾਏ ਜਾ ਰਹੇ ਹਨ।

ਵਿਭਾਗ ਦਾ ਕਹਿਣਾ ਹੈ ਕਿ ਝੋਨੇ ਦੀ ਫ਼ਸਲ ਨੂੰ ਆਖ਼ਰੀ ਪਾਣੀ ਲੱਗਣ ਦਾ ਵੇਲਾ ਹੋਣ ਕਾਰਨ ਖੇਤੀ ਸੈਕਟਰ ਵਿੱਚ ਵੀ ਬਿਜਲੀ ਕੱਟ ਲਾਏ ਜਾ ਰਹੇ ਹਨ ਅਤੇ ਖੇਤੀ ਸੈਕਟਰ ਵਿੱਚ ਬਿਜਲੀ ਦੀ ਪੂਰਤੀ ਵੱਖ ਵੱਖ ਜ਼ਿਲ੍ਹਿਆਂ ਵਿੱਚ ਵਾਰੋ ਵਾਰੀ ਕੱਟ ਲਗਾ ਕੇ ਕੀਤੀ ਜਾ ਰਹੀ ਹੈ ।

ਪੇਂਡੂ ਖੇਤਰਾਂ ਵਿੱਚ 4 ਘੰਟੇ ਦਾ ਬਿਜਲੀ ਕੱਟ ਲਾਇਆ ਜਾ ਰਿਹਾ ਹੈ ਅਤੇ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਘੱਟ ਹੋਰ ਲੰਮੇ ਹੋ ਸਕਦੇ ਹਨ।

ਸਰਹੱਦੀ ਜ਼ਿਲਿਆਂ ਦੀ ਸਥਿਤੀ

ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਵੱਲੋਂ ਡਿਪਟੀ ਚੀਫ਼ ਇੰਜਿਨਿਰ ਪੀਐਸਸੀਐਲ (ਬਾਰਡਰ ਜ਼ੋਨ ਅੰਮ੍ਰਿਤਸਰ) ਅਰਵਿੰਦਰਜਿੱਤ ਸਿੰਘ ਕੋਲੋਂ ਫੋਨ 'ਤੇ ਲਈ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਬਾਰਡਰ ਜ਼ੋਨ 'ਚ ਹੁਣ ਤੱਕ ਕੋਈ ਵਿਸ਼ੇਸ ਬਿਜਲੀ ਕੱਟ ਨਹੀਂ ਲਗਾਇਆ ਗਿਆ ਹੈ | ਅਰਵਿੰਦਰਜਿੱਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਜ਼ੋਨ ਅਧੀਨ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਆਉਂਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਇਹਨਾਂ ਜ਼ਿਲ੍ਹਿਆਂ 'ਚ ਜੋ ਬਿਜਲੀ ਸਪਲਾਈ ਦੀ ਡਿਮਾਂਡ ਕੱਲ ਸੀ ਅਤੇ ਅੱਜ ਹੈ ਉਸ ਅਨੁਸਾਰ ਕੋਈ ਵੀ ਕੱਟ ਨਹੀਂ ਹੈ ਕਿਉਂਕਿ ਇਸ ਵੇਲੇ ਡਿਮਾਂਡ ਘੱਟ ਹੈ ਅਤੇ ਉਹਨਾਂ ਵਲੋਂ ਇਹਨਾਂ ਸਭ ਜ਼ਿਲ੍ਹਿਆਂ 'ਚ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਇੰਡਸਟਰੀ ਦੀ ਵੀ ਸਪਲਾਈ ਜਾਰੀ ਹੈ ਅਤੇ ਉਸਦੇ ਨਾਲ ਹੀ ਪਿੰਡਾਂ 'ਚ 8 ਘੰਟੇ ਖੇਤੀ ਸੈਕਟਰ ਨੂੰ ਬਿਜਲੀ ਸਪਲਾਈ ਹੈ ਲੇਕਿਨ ਆਉਣ ਵਾਲੇ ਸਮੇ ’ਚ ਜਿਵੇ ਸਪਲਾਈ ਦੀ ਡਿਮਾਂਡ ਵਧਦੀ ਹੈ ਤਾਂ ਕੱਟ ਲਾਉਣ ਬਾਰੇ ਪਟਿਆਲਾ ਦਫਤਰ ਤੋਂ ਹੀ ਆਦੇਸ਼ ਜਾਰੀ ਹੁੰਦੇ ਹਨ।

ਜਦਕਿ ਦੋ ਦਿਨ ਪਹਿਲਾਂ ਜ਼ਰੂਰ ਸਪਲਾਈ ’ਚ ਡਿਮਾਂਡ ਵੱਧ ਹੋਣ ਦੇ ਚਲਦੇ ਕਟ ਲਗਾਇਆ ਗਿਆ ਸੀ ਲੇਕਿਨ ਹੁਣ ਤੱਕ ਡਿਮਾਂਡ ਅਨੁਸਾਰ ਸਪਲਾਈ ਸਹੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)