You’re viewing a text-only version of this website that uses less data. View the main version of the website including all images and videos.
ਪਾਵਰ ਕੱਟ: ਪੰਜਾਬ ਵਿੱਚ ਕਿਉਂ ਲਗ ਰਹੇ ਹਨ ਬਿਜਲੀ ਦੇ ਕੱਟ - 3 ਨੁਕਤਿਆਂ ਵਿੱਚ ਸਮਝੋ
- ਲੇਖਕ, ਅਰਸ਼ਦੀਪ ਕੌਰ ਅਤੇ ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਕਦੇ 'ਪਾਵਰ ਸਰਪਲੱਸ ਸਟੇਟ' ਦੇ ਦਾਅਵਿਆਂ ਕਾਰਨ ਚਰਚਾ ਵਿੱਚ ਰਹੇ ਪੰਜਾਬ ਵਿੱਚ ਇਨ੍ਹੀਂ ਦਿਨੀਂ ਬਿਜਲੀ ਦੇ ਅਣਐਲਾਨੇ ਲੰਬੇ ਕੱਟ ਲੱਗ ਰਹੇ ਹਨ।
ਬਿਜਲੀ ਦੇ ਇਨ੍ਹਾਂ ਕੱਟਾਂ ਦਾ ਅਸਰ ਘਰੇਲੂ, ਸਨਅਤ ਅਤੇ ਖੇਤੀਬਾੜੀ ਸੈਕਟਰ ਉੱਤੇ ਪੈ ਰਿਹਾ ਹੈ। ਝੋਨੇ ਦੀ ਲਵਾਈ ਦੀ ਰੁੱਤ ਦੌਰਾਨ ਬਿਜਲੀ ਦੇ ਲੰਬੇ ਕੱਟ ਕਿਸਾਨਾਂ ਨੂੰ ਸੜਕਾਂ ਤੇ ਲੈ ਆਏ ਹਨ ਅਤੇ ਕਈ ਜਗ੍ਹਾ ਧਰਨਾ ਪ੍ਰਦਰਸ਼ਨ ਵੀ ਹੋ ਰਹੇ ਹਨ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਦੋ ਦਿਨ ਲਈ ਜਲੰਧਰ ਅਤੇ ਲੁਧਿਆਣਾ ਸੈਂਟਰਲ ਦੇ ਕਈ ਸਨਅਤੀ ਅਦਾਰਿਆਂ ਨੂੰ ਬੰਦ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
1. ਤਲਵੰਡੀ ਸਾਬੋ ਪਾਵਰ ਲਿਮਟਿਡ ਦੀ ਇੱਕ ਯੂਨਿਟ ਖਰਾਬ
ਬਿਜਲੀ ਦਾ ਉਤਪਾਦਨ ਘੱਟ ਅਤੇ ਖਪਤ ਜ਼ਿਆਦਾ ਹੋਣ ਕਰਕੇ ਇਹ ਕੱਟ ਲਗਾਏ ਜਾ ਰਹੇ ਹਨ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਅਣਐਲਾਨੇ ਕੱਟ ਦਾ ਇੱਕ ਕਾਰਨ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਇੱਕ ਯੂਨਿਟ ਵਿੱਚ ਆਈ ਖਰਾਬੀ ਹੈ।
1980 ਮੈਗਾਵਾਟ ਬਿਜਲੀ ਦੇ ਉਤਪਾਦਨ ਦੀ ਸਮਰੱਥਾ ਰੱਖਣ ਵਾਲੇ ਇਸ ਥਰਮਲ ਪਲਾਂਟ ਦਾ 660 ਮੈਗਾਵਾਟ ਵਾਲਾ ਇੱਕ ਯੂਨਿਟ ਖ਼ਰਾਬ ਹੈ। ਇਸ ਯੂਨਿਟ ਦੀ ਖ਼ਰਾਬੀ ਕਾਰਨ ਬਿਜਲੀ ਦੇ ਉਤਪਾਦਨ ਉੱਪਰ ਅਸਰ ਪਿਆ ਹੈ।
ਪੀਐਸਪੀਸੀਐਲ ਦੇ ਸੀਐਮਡੀ ਏ ਵੇਨੂ ਪ੍ਰਸਾਦ ਨੇ ਕਿਹਾ ਕਿ ਭਾਖੜਾ ਭੰਡਾਰ ਦੇ ਪਾਣੀ ਦਾ ਪੱਧਰ ਪਿਛਲੇ ਸਾਲਾਂ ਵਿੱਚ ਉਪਲੱਬਧ ਪਾਣੀ ਦੀ ਤੁਲਨਾ ਵਿੱਚ ਘੱਟ ਹੈ। ਬੀਬੀਐਮਬੀ ਖੇਤੀਬਾੜੀ ਸੈਕਟਰ ਦੀਆਂ ਬਿਜਲੀ ਮੰਗਾਂ ਪੂਰੀਆਂ ਕਰਨ ਲਈ ਪੂਰੀ ਸ਼ਕਤੀ ਦੇ ਨਾਲ ਬਿਜਲੀ ਪੈਦਾ ਨਹੀਂ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਬੀਬੀਐਮਬੀ ਦਾ ਮੌਜੂਦਾ ਸਮੇਂ ਵਿੱਚ ਭੰਡਾਰਨ ਪੱਧਰ ਪਿਛਲੇ ਸਾਲ ਦੇ 1581.50 ਫੁੱਟ ਦੇ ਮੁਕਾਬਲੇ 1524.60 ਫੁੱਟ ਹੈ। ਇਸੇ ਤਰ੍ਹਾਂ ਪੌਂਗ ਡੈਮ ਵਿਚ ਇਹ ਪਿਛਲੇ ਸਾਲ ਦੇ 1335 ਫੁੱਟ ਦੇ ਪੱਧਰ ਦੇ ਮੁਕਾਬਲੇ 1281 ਫੁੱਟ ਹੈ। ਇਸ ਸਮੇਂ ਬੀਬੀਐਮਬੀ ਦੁਆਰਾ 194 ਲੱਖ ਯੂਨਿਟ ਬਿਜਲੀ ਸਪਲਾਈ ਕੀਤੀ ਜਾਂਦੀ ਹੈ ਜਿਸ ਵਿੱਚੋਂ 80 ਲੱਖ ਯੂਨਿਟ ਪੰਜਾਬ ਦੇ ਹਿੱਸੇ ਹੈ।
ਇਸ ਤੋਂ ਇਲਾਵਾ ਝੋਨੇ ਦੀ ਲੁਆਈ ਅਤੇ ਗਰਮੀ ਦੀ ਰੁੱਤ ਕਾਰਨ ਵੀ ਬਿਜਲੀ ਦੀ ਖਪਤ ਵਧ ਗਈ ਹੈ। ਮੌਨਸੂਨ ਵਿੱਚ ਦੇਰੀ ਕਾਰਨ ਵੀ ਬਿਜਲੀ ਦੀ ਸਮੱਸਿਆ ਪੈਦਾ ਹੋਈ ਹੈ।
2. ਪੰਜਾਬ ਵਿੱਚ ਇਸ ਵੇਲੇ ਬਿਜਲੀ ਦੀ ਕਿੰਨੀ ਕਮੀ ਹੈ?
ਮੌਜੂਦਾ ਹਾਲਾਤਾਂ ਵਿੱਚ ਪੰਜਾਬ ਨੂੰ ਘਰੇਲੂ,ਸਨਅਤੀ ਅਤੇ ਖੇਤੀਬਾੜੀ ਸੈਕਟਰ ਦੀ ਪੂਰਤੀ ਲਈ 14500 ਮੈਗਾਵਾਟ ਤੋਂ ਵੱਧ ਬਿਜਲੀ ਦੀ ਜ਼ਰੂਰਤ ਹੈ। ਆਪਣੇ ਸਾਰੇ ਸਰੋਤਾਂ ਤੋਂ ਮਿਲਦੀ ਬਿਜਲੀ ਨੂੰ ਜੋੜ ਕੇ ਪੰਜਾਬ ਇਸ ਵੇਲੇ 12810 ਮੈਗਾਵਾਟ ਬਿਜਲੀ ਦਾ ਉਤਪਾਦਨ ਕਰ ਰਿਹਾ ਹੈ।
ਇਸ ਵਿਚ ਕੇਂਦਰੀ ਸੈਕਟਰ,ਖਰੀਦ, ਬੈਂਕਿੰਗ, ਸੋਲਰ, ਬਾਇਓਮਾਸ,ਮੁਕੇਰੀਆ, ਤਲਵੰਡੀ ਸਾਬੋ ਪਾਵਰ ਲਿਮਟਿਡ ਆਦਿ ਸਰੋਤ ਸ਼ਾਮਿਲ ਹਨ।
ਵੇਨੂ ਪ੍ਰਸਾਦ ਨੇ ਦੱਸਿਆ ਕਿ ਪੰਜਾਬ ਹਰ ਰੋਜ਼ 1000 ਮੈਗਾਵਾਟ ਬਿਜਲੀ ਖਰੀਦ ਰਿਹਾ ਹੈ।
ਸੂਬੇ ਵਿੱਚ ਬਿਜਲੀ ਦੀ ਕਮੀ ਦੇ ਮੱਦੇਨਜ਼ਰ ਪੀਐੱਸਪੀਸੀਐੱਲ ਨੇ 1 ਜੁਲਾਈ ਸ਼ਾਮ ਚਾਰ ਵਜੇ ਤੋਂ 3 ਜੁਲਾਈ ਸ਼ਾਮ ਚਾਰ ਵਜੇ ਤਕ ਲੁਧਿਆਣਾ ਅਤੇ ਜਲੰਧਰ ਦੇ ਸਨਅਤੀ ਖੇਤਰਾਂ ਵਿੱਚ ਬਿਜਲੀ ਦੀ ਸਪਲਾਈ ਨੂੰ ਰੋਕਿਆ ਹੈ। ਜ਼ਰੂਰੀ ਸਨਅਤੀ ਅਦਾਰਿਆਂ ਵਿੱਚ ਬਿਜਲੀ ਦੀ ਸਪਲਾਈ ਜਾਰੀ ਰਹੇਗੀ।
ਪੀਐੱਸਪੀਸੀਐਲ ਦੇ ਡਾਇਰੈਕਟਰ (ਡਿਸਟ੍ਰੀਬਿਊਸ਼ਨ) ਇੰਜਨੀਅਰ ਡੀ ਪੀ ਐਸ ਗਰੇਵਾਲ ਨੇ ਪੰਜਾਬ ਸਰਕਾਰ ਦੇ ਦਫਤਰਾਂ ਨੂੰ 3 ਜੁਲਾਈ ਤੱਕ ਏਅਰਕੰਡੀਸ਼ਨਰ ਨਾ ਵਰਤਣ ਦੀ ਅਪੀਲ ਵੀ ਕੀਤੀ ਹੈ ਤਾਂ ਜੋ ਬਿਜਲੀ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ।
3. ਮੁਲਾਜ਼ਮਾਂ ਅਤੇ ਸਰੋਤਾਂ ਦੀ ਕਮੀ
ਬਿਜਲੀ ਦੀ ਨਿਰਵਿਘਨ ਸਪਲਾਈ ਲਈ ਲੋੜੀਂਦੇ ਸਾਮਾਨ ਅਤੇ ਮੁਲਾਜ਼ਮਾਂ ਦੀ ਵੀ ਪੀਐਸਪੀਸੀਐਲ ਕੋਲ ਘਾਟ ਹੈ।
ਆਲ ਇੰਡੀਆ ਪਾਵਰ ਇੰਜਨੀਅਰ ਫੈਡਰੇਸ਼ਨ ਦੇ ਬੁਲਾਰੇ ਵੀ ਕੇ ਗੁਪਤਾ ਨੇ ਬੀਬੀਸੀ ਨੂੰ ਦੱਸਿਆ ਕਿ ਪੀਐਸਪੀਸੀਐਲ ਵਿੱਚ 50 ਪ੍ਰਤੀਸ਼ਤ ਤੋਂ ਵੱਧ ਪੋਸਟਾਂ ਖਾਲੀ ਹਨ।
ਲਹਿਰਾ ਮੁਹੱਬਤ ਅਤੇ ਰੋਪੜ ਥਰਮਲ ਵਿੱਚ ਕੇਵਲ ਦੋ ਯੂਨਿਟ ਚਲਾਉਣ ਲਈ ਸਟਾਫ ਹੈ ਜੋ ਚਾਰ ਯੂਨਿਟ ਚਲਾਉਣ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੰਜਨੀਅਰ ਸਟਾਫ ਨੇ ਪੀਐੱਸਪੀਸੀਐਲ ਮੈਨੇਜਮੈਂਟ ਨੂੰ ਇਸ ਬਾਰੇ ਜਾਣੂ ਕਰਵਾਇਆ ਸੀ ਅਤੇ ਆਖਿਆ ਸੀ ਕਿ ਕਿਸੇ ਦੁਰਘਟਨਾ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ।
21 ਮਈ ਨੂੰ ਖਾਲੀ ਪੋਸਟਾਂ ਬਾਰੇ ਜਾਰੀ ਬਿਆਨ ਅਨੁਸਾਰ ਰੋਪੜ ਥਰਮਲ ਵਿੱਚ ਅਜਿਹੀਆਂ 32 ਪੋਸਟਾਂ ਖਾਲੀ ਹਨ ਜੋ ਪਲਾਂਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਰੂਰੀ ਹਨ। ਵਿਭਾਗ ਨੇ ਝੋਨੇ ਦੀ ਲੁਆਈ ਦੌਰਾਨ ਪੰਜ ਰਿਟਾਇਰਡ ਇੰਜਨੀਅਰ ਐਡਹਾਕ ਤੇ ਕੰਮ ਕਾਜ ਦੇਖਣ ਲਈ ਭਰਤੀ ਕੀਤੇ ਹਨ।
ਵੀ ਕੇ ਗੁਪਤਾ ਨੇ ਦੱਸਿਆ ਕਿ ਇਸ ਦੇ ਨਾਲ ਹੀ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ, ਇਨਸੂਲੇਟਰ ਕੇਬਲ ਅਤੇ ਕੇਬਲ ਬਾਕਸ ਦੀ ਵੀ ਕਮੀ ਹੈ। ਮੁਲਾਜ਼ਮਾਂ ਅਤੇ ਜ਼ਰੂਰੀ ਸਾਮਾਨ ਦੀ ਕਮੀ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਹੈ। ਗੁਪਤਾ ਨੇ ਕਿਹਾ ਕਿ ਨਾ ਪੀਐਸਪੀਸੀਐਲ ਕੋਲ ਫੁੱਲ ਟਾਈਮ ਸੀਐਮਡੀ ਹੈ ਅਤੇ ਨਾ ਹੀ ਪਾਵਰ ਮੰਤਰਾਲੇ ਲਈ ਵੱਖਰਾ ਕੈਬਨਿਟ ਮੰਤਰੀ ਹੈ।
ਜ਼ਿਕਰਯੋਗ ਹੈ ਕਿ ਕੈਬਨਿਟ ਵਿਚ ਬਦਲਾਅ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਇਹ ਮਹਿਕਮਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਇਹ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੈ।
ਕਿਸਾਨਾਂ ਨੇ ਕੀਤਾ ਵਿਰੋਧ, ਕਈ ਜਗ੍ਹਾ ਧਰਨੇ
ਝੋਨੇ ਦੀ ਲੁਆਈ ਸਮੇਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਹਰ ਅੱਠ ਘੰਟੇ ਬਿਜਲੀ ਦੀ ਸਪਲਾਈ ਦਾ ਵਾਅਦਾ ਕੀਤਾ ਗਿਆ ਹੈ। ਸੂਬੇ ਵਿੱਚ ਬਿਜਲੀ ਦੀ ਕਮੀ ਕਰਕੇ ਕਿਸਾਨਾਂ ਨੂੰ ਬਿਜਲੀ ਕੇਵਲ ਚਾਰ ਤੋਂ ਪੰਜ ਘੰਟੇ ਬਿਜਲੀ ਮਿਲ ਰਹੀ ਹੈ।
ਇਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ ਤਰਨਤਾਰਨ, ਫਗਵਾੜਾ, ਬਰਨਾਲਾ ,ਮਲੇਰਕੋਟਲਾ, ਕੋਟਕਪੂਰਾ,ਪਠਾਨਕੋਟ, ਬਠਿੰਡਾ ਆਦਿ ਸਮੇਤ ਕਈ ਜਗ੍ਹਾ ਧਰਨਾ ਪ੍ਰਦਰਸ਼ਨ ਵੀ ਕੀਤਾ। ਕਈ ਜਗ੍ਹਾ ਰੋਡ ਜਾਮ ਅਤੇ ਕਈ ਜਗ੍ਹਾ ਪੀਐਸਪੀਸੀਐਲ ਦੇ ਦਫ਼ਤਰ ਦਾ ਘਿਰਾਓ ਵੀ ਕੀਤਾ ਗਿਆ।
ਕੋਟਕਪੂਰਾ ਵਿਖੇ ਪੀਐੱਸਪੀਸੀਐੱਲ ਦੇ ਮੁਲਾਜ਼ਮਾਂ ਨੇ ਕਿਸਾਨਾਂ ਵੱਲੋਂ ਦਫ਼ਤਰ ਦੇ ਘਿਰਾਓ ਦੇ ਵਿਰੋਧ ਵਿੱਚ ਧਰਨਾ ਦੇ ਕੇ ਆਪਣੀ ਨਾਰਾਜ਼ਗੀ ਜਤਾਈ।
ਫਗਵਾੜਾ ਵਿਖੇ ਕਿਸਾਨਾਂ ਵੱਲੋਂ ਕਈ ਘੰਟੇ ਰਾਸ਼ਟਰੀ ਰਾਜਮਾਰਗ ਜਾਮ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂ ਗੁਰਪਾਲ ਸਿੰਘ ਮੌਲੀ,ਜੋ ਇਸ ਧਰਨੇ ਵਿੱਚ ਸ਼ਾਮਿਲ ਸਨ, ਨੇ ਬੀਬੀਸੀ ਨੂੰ ਦੱਸਿਆ,"ਸਰਕਾਰ ਵੱਲੋਂ ਅੱਠ ਘੰਟੇ ਬਿਜਲੀ ਦੀ ਸਪਲਾਈ ਦਾ ਵਾਅਦਾ ਕੀਤਾ ਗਿਆ ਹੈ ਪਰ ਕੇਵਲ ਚਾਰ ਤੋਂ ਪੰਜ ਘੰਟੇ ਬਿਜਲੀ ਮਿਲ ਰਹੀ ਹੈ।"
"ਝੋਨੇ ਦੀ ਫਸਲ ਨੂੰ ਬਚਾਉਣ ਲਈ ਜੇਕਰ ਕਿਸਾਨ ਜੈਨਰੇਟਰ ਚਲਾਉਂਦਾ ਹੈ ਤਾਂ ਹਰ ਰੋਜ਼ ਡੀਜ਼ਲ ਲਈ ਹਜ਼ਾਰਾਂ ਰੁਪਏ ਦਾ ਖਰਚਾ ਹੋ ਜਾਂਦਾ ਹੈ। ਠੇਕੇ ਉੱਪਰ ਲਈਆਂ ਮਹਿੰਗੀਆਂ ਜ਼ਮੀਨਾਂ ਦਾ ਖਰਚਾ ਜੇਬ ਵਿੱਚੋਂ ਕਰਨਾ ਪੈਂਦਾ ਹੈ ਅਤੇ ਕਰਜ਼ਾ ਹੋਰ ਵਧ ਜਾਂਦਾ ਹੈ।"
ਰਾਜਨੀਤਕ ਪਾਰਟੀਆਂ ਨੇ ਵੀ ਘੇਰੀ ਪੰਜਾਬ ਸਰਕਾਰ
ਬਿਜਲੀ ਦੇ ਕੱਟ ਦਾ ਮੁੱਦਾ ਹੁਣ ਰਾਜਨੀਤਕ ਰੰਗ ਵੀ ਲੈ ਚੁੱਕਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਰਾਹੀਂ ਕੈਪਟਨ ਅਮਰਿੰਦਰ ਸਿੰਘ ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੇ ਕੱਟ ਰਾਹੀਂ ਸਰਕਾਰ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਪਲਾਈ ਉੱਪਰ ਜਾਣਬੁੱਝ ਕੇ ਰੋਕ ਲਗਾ ਰਹੀ ਹੈ।
ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੌਕੇ ਪੰਜਾਬ ਇੱਕ ਪਾਵਰ ਸਰਪਲੱਸ ਸੂਬਾ ਸੀ।
ਬਿਜਲੀ ਕੱਟ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਧਰਨਾ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ ਹੈ। ਪਾਰਟੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਰ ਹਲਕੇ ਵਿੱਚ ਬਿਜਲੀ ਬੋਰਡ ਦੇ ਦਫਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਜਾਵੇਗਾ।
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਨੇ ਵੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਬਿਜਲੀ ਦੇ ਮੁੱਦੇ ਉਪਰ ਜ਼ੋਰ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਕੇਜਰੀਵਾਲ ਨੇ ਤਿੰਨ ਸੌ ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਜਲੀ ਦੀ ਕਮੀ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਸਰਕਾਰ ਦੇ ਵਿਰੋਧ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਿਜਲੀ ਦਾ ਮੁੱਦਾ ਚੋਣਾਂ ਲਈ ਇਕ ਅਹਿਮ ਮੁੱਦਾ ਬਣ ਕੇ ਉੱਭਰ ਰਿਹਾ ਹੈ।
ਇਹ ਵੀ ਪੜ੍ਹੋ: