You’re viewing a text-only version of this website that uses less data. View the main version of the website including all images and videos.
ਕੋਰੋਨਾ ਕਾਲ 'ਚ ਦਿਨ-ਰਾਤ ਇੱਕ ਕਰਦੇ ਡਾਕਟਰਾਂ 'ਤੇ ਕਿਉਂ ਹੋ ਰਹੇ ਹਨ ਹਮਲੇ
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਡਾ਼ ਸੇਊਜ ਕੁਮਾਰ ਸੇਨਾਪਤੀ ਨੂੰ ਉਹ ਦੁਪਹਿਰ ਚੰਗੀ ਤਰ੍ਹਾਂ ਯਾਦ ਹੈ। ਜਦੋਂ ਉਨ੍ਹਾਂ ਨੂੰ ਲੱਗਿਆ ਸੀ ਕਿ ਉਹ ਹੁਣ ਸ਼ਾਇਦ ਜ਼ਿੰਦਾ ਨਹੀਂ ਬਚਣਗੇ।
ਅਸਾਮ ਦੇ ਹੋਜਾਈ ਜ਼ਿਲ੍ਹੇ ਦੇ ਕੋਵਿਡ ਸੈਂਟਰ ਵਿੱਚ ਉਹ ਉਨ੍ਹਾਂ ਦੀ ਪਹਿਲੀ ਨੌਕਰੀ ਦਾ ਦੂਜਾ ਦਿਨ ਸੀ।
ਉਨ੍ਹਾਂ ਨੂੰ ਸਵੇਰੇ ਹੀ ਭਰਤੀ ਹੋਏ ਇੱਕ ਮਰੀਜ਼ ਨੂੰ ਦੇਖਣ ਲਈ ਕਿਹਾ ਗਿਆ। ਜਦੋਂ ਉਨ੍ਹਾਂ ਨੇ ਚੈੱਕ ਕੀਤਾ ਤਾਂ ਮਰੀਜ਼ ਵਿੱਚ ਕੋਈ ਹਿਲਜੁਲ ਨਹੀਂ ਹੋ ਰਹੀ ਸੀ।
ਇਹ ਵੀ ਪੜ੍ਹੋ:
ਜਦੋਂ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਤਾਂ ਉਹ ਗੁੱਸੇ ਵਿੱਚ ਆ ਗਏ।
ਡਾ਼ ਸੇਨਾਪਤੀ ਦੱਸਦੇ ਹਨ ਕਿ ਕੁਝ ਹੀ ਪਲਾਂ ਵਿੱਚ ਹਾਏਦੁਹਾਈ ਮੱਚ ਗਈ ਉਨ੍ਹਾਂ ਨੇ ਸਟਾਫ਼ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਕੁਰਸੀਆਂ ਸੁੱਟੀਆਂ ਅਤੇ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ।
ਡਾ਼ ਸੇਨਾਪਤੀ ਲੁਕਣ ਨੂੰ ਭੱਜੇ ਪਰ ਉਨ੍ਹਾਂ ਨੂੰ ਲੱਭ ਲਿਆ ਗਿਆ। ਹਮਲੇ ਦੀ ਵੀਡੀਓ ਵਿੱਚ ਪੁਰਸ਼ਾਂ ਦਾ ਇੱਕ ਹਜੂਮ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਦਾ ਦੇਖਿਆ ਜਾ ਸਕਦਾ ਹੈ। ਉਹ ਉਨ੍ਹਾਂ ਨੂੰ ਹਸਪਤਾਲ ਤੋਂ ਬਾਹਰ ਲੈ ਜਾਂਦੇ ਹਨ ਅਤੇ ਲੱਤਾਂ ਤੇ ਘਸੁੰਨਾਂ ਨਾਲ ਮਾਰਦੇ ਰਹਿੰਦੇ ਹਨ।
ਡਾ਼ ਸੇਨਾਪਤੀ ਦੇ ਕੱਪੜੇ ਲੀਰੋ-ਲੀਰ ਹੋ ਗਏ ਹਨ, ਲਹੂ ਵਗ ਰਿਹਾ ਹੈ ਪਰ ਦਰਦ ਨਾਲ ਭਰੀਆਂ ਉਨ੍ਹਾਂ ਦੀਆਂ ਚੀਕਾਂ ਦਾ ਹਜੂਮ ਉੱਪਰ ਕੋਈ ਅਸਰ ਨਹੀਂ ਹੁੰਦਾ।
ਉਹ ਕਹਿੰਦੇ ਹਨ,"ਮੈਨੂੰ ਲੱਗਿਆ ਸੀ ਕਿ ਮੈਂ ਜ਼ਿੰਦਾ ਨਹੀਂ ਬਚਾਂਗਾ।"
ਪਿਛਲੇ ਸਾਲ ਮਹਾਮਾਰੀ ਦੀ ਸ਼ੁਰੂਆਤ ਵਿੱਚ ਕਈ ਡਾਕਟਰਾਂ ਉੱਪਰ ਕੋਵਿਡ ਪੀੜਤ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੇ ਹਮਲੇ ਕੀਤੇ ਸਨ।
ਸਬੰਧੀਆਂ ਦੀ ਸ਼ਿਕਾਇਤ ਇਹੀ ਹੁੰਦੀ ਹੈ ਕਿ ਉਨ੍ਹਾਂ ਦੇ ਮਰੀਜ਼ ਦਾ ਇਲਜ ਠੀਕ ਨਹੀਂ ਹੋਇਆ, ਸਮੇਂ ਸਿਰ ਆਈਸੀਯੂ ਬੈੱਡ ਨਹੀਂ ਮਿਲਿਆ ਜਾਂ ਉਹ ਸਭ ਕੁਝ ਨਹੀਂ ਕੀਤਾ ਗਿਆ ਜੋ ਮਰੀਜ਼ ਦੀ ਜਾਨ ਬਚਾਉਣ ਲਈ ਜ਼ਰੂਰੀ ਸੀ।
ਇਹ ਗੁੱਸਾ ਉਸ ਸਮੇਂ ਹੋਰ ਵੀ ਤਿੱਖਾ ਹੋ ਜਾਂਦਾ ਹੈ ਜਦੋਂ ਹਸਪਤਾਲਾਂ ਵਿੱਚ ਇਸ ਬਾਰੇ ਕੋਈ ਤਿਆਰੀ ਨਹੀਂ ਹੁੰਦੀ।
ਜਦੋਂ ਡਾ਼ ਸੇਨਾਪਤੀ ਉੱਪਰ ਹਮਲਾ ਹੋਇਆ, ਕੋਈ ਉਨ੍ਹਾਂ ਨੂੰ ਬਚਾਉਣ ਨਹੀਂ ਆਇਆ ਕਿਉਂਕਿ ਸਾਰਾ ਸਟਾਫ਼ ਵੀ ਤਾਂ ਹਮਲੇ ਦਾ ਸ਼ਿਕਾਰ ਸੀ ਅਤੇ ਲੁਕਿਆ ਹੋਇਆ ਸੀ। ਭੀੜ ਦੇ ਸਾਹਮਣੇ ਇਕੱਲਾ ਗਾਰਡ ਵੀ ਕੁਝ ਨਹੀਂ ਕਰ ਸਕਿਆ।
ਡਾ਼ ਸੇਨਾਪਤੀ ਨੇ ਕਿਹਾ,"ਉਨ੍ਹਾਂ ਨੇ ਮੇਰੇ ਕੱਪੜੇ ਪਾੜ ਦਿੱਤੇ, ਸੋਨੇ ਦੀ ਚੈਨ ਖਿੱਚ ਲਈ, ਐਨਕ ਅਤੇ ਮੋਬਾਈਲ ਫ਼ੋਨ ਤੋੜ ਦਿੱਤਾ। ਕਰੀਬ ਵੀਹ ਮਿੰਟਾਂ ਬਾਅਦ ਹੀ ਮੈਂ ਕਿਸੇ ਤਰ੍ਹਾਂ ਉੱਥੋਂ ਭੱਜ ਸਕਿਆ।"
ਉਹ ਸਿੱਧਾ ਲੋਕਲ ਥਾਣੇ ਗਏ ਅਤੇ ਰਿਪੋਰਟ ਦਰਜ ਕਰਵਾਈ। ਹਮਲੇ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਸ਼ੇਅਰ ਹੋਇਆ ਅਤੇ ਸੂਬਾ ਸਰਕਾਰ ਨੇ ਕਾਰਵਾਈ ਕੀਤੀ। ਹੁਣ ਤਿੰਨ ਨਾਬਾਲਗਾਂ ਸਮੇਤ 36 ਜਣਿਆਂ ਉੱਪਰ ਹਮਲੇ ਦਾ ਮੁਕੱਦਮਾ ਦਰਜ ਹੋ ਗਿਆ ਹੈ।
ਹਾਲਾਂਕਿ ਅਜਿਹਾ ਕਦੇ-ਕਦਾਈਂ ਹੀ ਹੁੰਦਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕਾਨੂੰਨ
ਕੋਵਿਡ ਦੇ ਦੌਰਾਨ ਹੈਲਥ ਵਰਕਰਾਂ ਉੱਪਰ ਹਮਲੇ ਚਰਚਾ ਵਿੱਚ ਆਏ ਹਨ ਪਰ ਇਹ ਇਸ ਤੋਂ ਪਹਿਲਾਂ ਵੀ ਹੋ ਰਹੇ ਸਨ।
ਫਿਰ ਵੀ ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿੱਚ ਪੁਲਿਸ ਕੇਸ ਦਰਜ ਨਹੀਂ ਹੁੰਦਾ। ਜਦੋਂ ਹੁੰਦਾ ਵੀ ਹੈ ਤਾਂ ਮੁਲਜ਼ਮ ਜ਼ਮਾਨਤ 'ਤੇ ਰਿਹਾਅ ਹੋ ਜਾਂਦੇ ਹਨ ਜਾਂ ਸਮਝੌਤਾ ਕਰ ਲਿਆ ਜਾਂਦਾ ਹੈ।
ਇਸੇ ਸਾਲ ਅਪ੍ਰੈੱਲ ਵਿੱਚ, ਇੱਕ ਮਰੀਜ਼ ਦੀ ਕੋਵਿਡ ਨਾਲ ਮੌਤ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰ ਵਾਲਿਆਂ ਨੇ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਤੋੜਭੰਨ ਕੀਤੀ ਅਤੇ ਸਟਾਫ਼ ਨੂੰ ਕੁੱਟਿਆ।
ਇੱਕ ਵੱਡਾ ਨਿੱਜੀ ਹਸਪਤਾਲ ਹੋਣ ਦੇ ਬਾਵਜੂਦ ਉਨ੍ਹਾਂ ਨੇ ਕੋਈ ਪੁਲਿਸ ਕੇਸ ਨਹੀਂ ਕੀਤਾ। ਅਜਿਹੇ ਮਾਮਲੇ ਵਿੱਚ ਹਸਪਤਾਲ ਪ੍ਰਸ਼ਾਸਨ ਖ਼ੁਦ ਨੂੰ ਲਾਂਭੇ ਹੀ ਰਖਦਾ ਹੈ। ਜਿਸ ਕਾਰਨ ਸਿਹਤ ਵਰਕਰ ਇਕੱਲੇ ਰਹਿ ਜਾਂਦੇ ਹਨ।
ਡਾਕਟਰਾਂ ਮੁਤਾਬਕ ਉਨ੍ਹਾਂ ਖ਼ਿਲਾਫ਼ ਹਮਲਿਆਂ ਲਈ ਖ਼ਾਸ ਕਾਨੂੰਨ ਨਾ ਹੋਣਾ ਪ੍ਰੇਸ਼ਾਨੀ ਦੀ ਵਜ੍ਹਾ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ਼ ਜਏਸ਼ ਲੇਲੇ ਕਹਿੰਦੇ ਹਨ,"ਅਸੀਂ ਦੇਖਿਆ ਹੈ ਕਿ ਮੌਜੂਦਾ ਕਾਨੂੰਨ ਕਾਰਗਰ ਨਹੀਂ ਹਨ ਇਸ ਲਈ ਹਮਲਾ ਰੋਕ ਨਹੀਂ ਪਾਉਂਦੇ। ਇੱਕ ਮਜ਼ਬੂਤ ਕਾਨੂੰਨ ਦੀ ਲੋੜ ਹੈ ਤਾਂ ਕਿ ਲੋਕ ਇਹ ਸਮਝਣ ਕਿ ਡਾਕਟਰ ਨੂੰ ਕੁੱਟਣ ਦਾ ਨਤੀਜਾ ਭੁਗਤਣਾ ਪਵੇਗਾ।"
330,000 ਦੀ ਮੈਂਬਰੀ ਵਾਲੀ ਆਈਐੱਮਏ ਸਿਹਤ ਵਰਕਰਾਂ ਉੱਪਰ ਹਮਲਿਆਂ ਦੀ ਰੋਕਥਾਮ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ। ਹਾਲ ਹੀ ਵਿੱਚ ਹੋਏ ਹਮਲਿਆਂ ਤੋਂ ਬਾਅਦ ਉਨ੍ਹਾਂ ਨੇ ਇੱਕ ਦਿਨ ਦੇਸ਼ ਵਿਆਪੀ ਮੁਜ਼ਾਹਰਾ ਵੀ ਕੀਤਾ।
ਸਵਾਲ ਇਹ ਵੀ ਹੈ ਕੀ ਕਾਨੂੰਨ ਇਸ ਸਮੱਸਿਆ ਦਾ ਹੱਲ ਹੈ?
ਕਾਰਨ ਅਤੇ ਹੱਲ
ਸ਼੍ਰੇਆ ਸ਼੍ਰੀਵਾਸਤਵ ਨੇ ਅਜਿਹੇ ਹਮਲਿਆਂ ਦਾ ਵਿਰੋਧ ਕੀਤਾ ਹੈ।
ਉਹ ਕਹਿੰਦੇ ਹਨ, "ਇਹ ਹਿੰਸਾ ਵਿਉਂਤੀ ਨਹੀਂ ਗਈ ਹੁੰਦੀ। ਸਗੋਂ ਮੌਤ ਹੋਣ ਤੋਂ ਬਾਅਦ ਭਾਵੁਕਤਾ ਵਿੱਚ ਚੁੱਕਿਆ ਕਦਮ ਹੁੰਦਾ ਹੈ। ਇਸ ਲਈ ਕਾਨੂੰਨ ਦਾ ਡਰ ਇਸ ਨੂੰ ਨਹੀਂ ਰੋਕ ਸਕਦਾ।"
ਸ਼੍ਰੇਆ, ਵਿਧੀ ਸੈਂਟਰ ਫਾਰ ਲੀਗਲ ਪਾਲਿਸੀ ਦੀ ਉਸ ਰਿਸਰਚ ਟੀਮ ਦਾ ਹਿੱਸਾ ਸਨ ਜਿਸ ਨੇ ਦੇਸ਼ ਭਰ ਵਿੱਚ ਹੋ ਰਹੇ ਅਜਿਹੇ ਹਮਲਿਆਂ ਦਾ ਅਧਿਐਨ ਕਰਕੇ ਇਨ੍ਹਾਂ ਦੇ ਕਾਰਨ ਅਤੇ ਹੱਲ ਦੇ ਤਰੀਕੇ ਸਮਝਣ ਦੀ ਕੋਸ਼ਿਸ਼ ਕੀਤੀ ਸੀ।
ਅਜਿਹੇ ਹਮਲਿਆਂ ਦਾ ਕੋਈ ਡੇਟਾਬੇਸ ਨਾਲ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੇ ਅਖ਼ਬਾਰੀ ਰਿਪੋਰਟਾਂ ਨੂੰ ਅਧਾਰ ਬਣਾਇਆ ਅਤੇ ਜਨਵਰੀ 2018 ਤੋਂ ਸਤੰਬਰ 2019 ਦਰਮਿਆਨ ਹੋਏ ਹਮਲਿਆਂ ਦੀ ਜਾਣਕਾਰੀ ਇਕੱਠੀ ਕੀਤੀ।
ਸ਼੍ਰੇਆ ਨੇ ਧਿਆਨ ਦਵਾਇਆ ਕਿ ਭਾਰਤ ਸਰਕਾਰ ਨੇ ਐਪੀਡੈਮਿਕ ਐਕਟ ਵਿੱਚ ਸੋਧ ਕਰਕੇ ਕੋਵਿਡ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਸਿਹਤ ਵਰਕਰਾਂ ਉੱਪਰ ਹਮਲੇ ਲਈ ਵੱਧੋ-ਵੱਧ ਸੱਤ ਸਾਲ ਦੀ ਸਜ਼ਾ ਤਜਵੀਜ਼ ਕੀਤੀ ਹੈ। ਹਾਲਾਂਕਿ ਇਸ ਨਾਲ ਕੋਈ ਖ਼ਾਸ ਮਦਦ ਨਹੀਂ ਮਿਲ ਸਕੀ।
ਠੀਕ ਇੱਕ ਸਾਲ ਪਹਿਲਾਂ ਜੂਨ ਵਿੱਚ, ਹੈਦਰਾਬਾਦ ਦੇ ਗਾਂਧੀ ਹਸਪਤਾਲ ਵਿੱਚ ਜੂਨੀਅਰ ਡਾਕਟਰ, ਵਿਕਾਸ ਰੈਡੀ ਉੱਪਰ ਕੋਵਿਡ ਨਾਲ ਜਾਨ ਗਵਾਉਣ ਵਾਲੇ ਇੱਕ ਮਰੀਜ਼ ਦੇ ਪਰਿਵਾਰਕ ਜੀਆਂ ਨੇ ਲੋਹੇ ਅਤੇ ਪਲਾਸਟਿਕ ਦੀਆਂ ਕੁਰਸੀਆਂ ਨਾਲ ਹਮਲਾ ਕਰ ਦਿੱਤਾ ਸੀ।
ਉਹ ਬਚ ਗਏ, ਪੁਲਿਸ ਨੇ ਸ਼ਿਕਾਇਤ ਵੀ ਦਰਜ ਕੀਤੀ ਪਰ ਹਾਲੇ ਤੱਕ ਕੋਈ ਫੜਿਆ ਨਹੀਂ ਗਿਆ।
ਡਾ਼ ਰੈਡੀ ਕਹਿੰਦੇ ਹਨ,"ਕੰਮ 'ਤੇ ਵਾਪਸ ਜਾਣਾ ਬਹੁਤ ਮੁਸ਼ਕਲ ਸੀ। ਮੈਂ ਉਸੇ ਗੰਭੀਰ ਮੈਡੀਕਲ ਕੇਅਰ ਵਾਰਡ ਵਿੱਚ ਉਵੇਂ ਹੀ ਗੰਭੀਰ ਮਰੀਜ਼ਾਂ ਨੂੰ ਦੇਖ ਰਿਹਾ ਸੀ। ਮੇਰੇ ਮਨ ਵਿੱਚ ਹਮਲੇ ਦੇ ਦ੍ਰਿਸ਼ ਆਉਂਦੇ ਸਨ। ਮੈਨੂੰ ਬਸ ਇਹੀ ਡਰ ਸੀ ਕਿ ਰੁਕਣਗੇ ਜਾਂ ਨਹੀਂ।"
ਉਹ ਜਾਨਣਾ ਚਾਹੁੰਦੇ ਹਨ ਕਿ ਆਖ਼ਰ ਮਰੀਜ਼ ਦੀ ਹਾਲਤ ਜਾਂ ਬੁਰੀ ਖ਼ਬਰ ਬਾਰੇ ਕਿਵੇਂ ਦਿੱਤੀ ਜਾਵੇ ਕਿ ਹਮਲੇ ਹੋਣ ਤੋਂ ਰੋਕੇ ਜਾ ਸਕਣ।
ਉਨ੍ਹਾਂ ਨੇ ਕਿਹਾ,"ਮੈਨੂੰ ਅਹਿਸਾਸ ਹੋਇਆ ਕਿ ਸਾਨੂੰ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਮਾਂ ਬਿਤਾਉਣਾ ਹੋਵੇਗਾ ਤਾਂ ਕਿ ਇਹ ਸਮਝ ਸਕਣ ਕਿ ਅਸੀਂ ਕੀ ਕਰ ਸਕਦੇ ਹਾਂ ਅਤੇ ਕੀ ਨਹੀਂ।''
''ਜੇ ਉਹ ਅਸਹਿਮਤ ਹੋਣ ਤਾਂ ਮਰੀਜ਼ ਨੂੰ ਦੂਜੇ ਹਸਪਤਾਲ ਲੈ ਜਾਣ। ਸਾਡੇ ਕੋਲ ਉਸ ਤਰ੍ਹਾਂ ਦਾ ਸਮਾਂ ਹੀ ਨਹੀਂ ਹੁੰਦਾ। ਇੱਕ ਦਿਨ ਵਿੱਚ 20-30 ਮਰੀਜ਼ ਦੇਖਦਾ ਹਾਂ।"
ਭਾਰਤ ਵਿੱਚ ਡਾਕਟਰ ਮਰੀਜ਼ ਅਨੁਪਾਤ ਦੁਨੀਆਂ ਵਿੱਚ ਸਭ ਤੋਂ ਨੀਵਿਆਂ ਵਿੱਚੋਂ ਹੈ। ਸਾਲ 2018 ਦੇ ਵਿਸ਼ਵ ਬੈਂਕ ਦੇ ਅੰਕੜਿਆਂ ਮੁਤਾਬਕ ਇੱਥੇ ਇੱਕ ਲੱਖ ਲੋਕਾਂ ਲਈ 90 ਡਾਕਟਰ ਸਨ। ਜੋ ਕਿ ਚੀਨ ਵਿੱਚ (200), ਅਮਰੀਕਾ(260), ਰੂਸ (400) ਨਾਲੋਂ ਕਿਤੇ ਥੋੜ੍ਹੇ ਹਨ।
ਉੱਪਰੋਂ ਦੇਸ਼ ਨੂੰ ਮਹਾਮਾਰੀ ਨਾਲ ਲੜਨਾ ਪੈ ਰਿਹਾ ਹੈ।
ਸ਼੍ਰੇਆ ਦੀ ਖੋਜ ਦੇ ਮੁਤਾਬਕ ਸਿਹਤ ਵਰਕਰਾਂ ਉੱਪਰ ਜ਼ਿਆਦਾ ਹਮਲੇ ਉਸ ਸਮੇਂ ਹੋਏ ਜਦੋਂ ਮਰੀਜ਼ ਐਮਰਜੈਂਸੀ ਜਾਂ ਆਈਸੀਯੂ ਵਿੱਚ ਸਨ, ਜਾਂ ਜਦੋਂ ਉਨ੍ਹਾਂ ਨੂੰ ਕਿਸੇ ਦੂਜੇ ਹਸਪਤਾਲ ਲਿਜਾਇਆ ਜਾ ਰਿਹਾ ਸੀ, ਜਦੋਂ ਉਨ੍ਹਾਂ ਦੀ ਮੌਤ ਹੋ ਗਈ।
ਡਾ਼ ਲੇਲੇ ਦਾ ਕਹਿਣਾ ਹੈ,"ਕੋਵਿਡ ਵਾਰਡ ਵਿੱਚ ਹੋਣਾ ਲੜਾਈ ਦੇ ਮੈਦਾਨ ਵਿੱਚ ਹੋਣ ਵਰਗਾ ਹੈ।"
ਇਸ ਲਈ ਸਮੁੱਚਾ ਸਿਹਤ ਢਾਂਚਾ ਸੁਧਾਰਨ ਦੀ ਲੋੜ ਹੈ। ਨਰਸ, ਪੈਰਾ ਮੈਡੀਕਲ ਸਟਾਫ਼ ਵਧਾਉਣ ਦੀ ਲੋੜ ਹੈ।
ਭਰੋਸਾ
ਭਰੋਸੇ ਦੀ ਕਮੀ ਵੀ ਵੱਡਾ ਮਸਲਾ ਹੈ।
ਭਾਰਤ ਦੀਆਂ ਕੋਈ ਦੋ-ਤਿਹਾਈ ਹਸਪਤਾਲ ਸੇਵਾਵਾਂ ਨਿੱਜੀ ਖੇਤਰ ਪ੍ਰਦਾਨ ਕਰਦਾ ਹੈ, ਜਿਸ ਉੱਪਰ ਕੋਈ ਸਰਕਾਰੀ ਕੰਟਰੋਲ ਨਹੀਂ ਹੈ। ਇਹ ਵਸੋਂ ਦੇ ਵੱਡੇ ਹਿੱਸੇ ਦੀ ਪਹੁੰਚ ਤੋਂ ਬਾਹਰ ਹਨ।
ਸ਼੍ਰੇਆ ਦਾ ਕਹਿਣਾ ਹੈ ਕਿ ਮਹਿੰਗੇ ਇਲਾਜ ਦੇ ਬਾਵਜੂਦ ਹੋ ਰਹੀਆਂ ਮੌਤਾਂ ਨਾਲ, ਸਿਸਮਟ ਉੱਪਰ ਵਿਸ਼ਵਾਸ ਕਮਜ਼ੋਰ ਹੋ ਰਿਹਾ ਹੈ।
ਇਸ ਦੇ ਨਾਲ ਹੀ ਮੀਡੀਆ ਵਿੱਚ ਡਾਕਟਰਾਂ ਦੀਆਂ ਚੁਣੌਤੀਆਂ ਦੀ ਥਾਂ ਇਲਾਜ ਵਿੱਚ ਕੁਤਾਹੀਆਂ ਦੀਆਂ ਖ਼ਬਰਾਂ ਜ਼ਿਆਦਾ ਦਿਖਾਈਆਂ ਜਾਂਦੀਆਂ ਹਨ। ਇਹ ਸਭ ਲੋਕਾਂ ਦੇ ਮਨ ਵਿੱਚ ਸ਼ੱਕ ਪੈਦਾ ਕਰਦਾ ਹੈ।
ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਟੀਮ ਨੇ ਦੇਖਿਆ ਕਿ ਨੌਜਵਾਨ ਡਾਕਟਰਾਂ ਉੱਪਰ ਅਜਿਹੇ ਹਮਲੇ ਜ਼ਿਆਦਾ ਹੁੰਦੇ ਹਨ।
ਡਾ਼ ਸੇਨਾਪਤੀ ਅਤੇ ਡਾ਼ ਰੈੱਡੀ ਵਿੱਚ ਸਹਿਮ ਕਾਇਮ ਹੈ। ਹਾਲਾਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਕੋਲ ਜ਼ਿਆਦਾ ਬਦਲ ਨਹੀਂ ਹਨ।
ਡਾ਼ ਰੈੱਡੀ ਨੇ ਪਿਛਲੇ 10 ਸਾਲ ਡਾਕਟਰ ਦੀ ਡਿਗਰੀ ਲਈ ਪੜ੍ਹਾਈ ਕੀਤੀ ਹੈ ਅਤੇ ਹੁਣ ਵੀ ਨਵੀਆਂ ਤਕਨੀਕਾਂ ਜਾਨਣ ਲਈ ਪੜ੍ਹਦੇ ਰਹਿੰਦੇ ਹਨ।
ਉਹ ਕਹਿੰਦੇ ਹਨ,"ਸਭ ਤੋਂ ਵਧੀਆ ਕੰਮ ਤਾਂ ਅਸੀਂ ਇਹੀ ਕਰ ਸਕਦੇ ਹਾਂ ਕਿ ਮਰੀਜ਼ ਲਈ ਸਭ ਤੋਂ ਵਧੀਆ ਕਰੀਏ। ਅਸੀਂ ਹਰ ਮਰੀਜ਼ ਤੋਂ ਚੰਗੇ ਤਰੀਕੇ ਨਾਲ ਪੇਸ਼ ਆਉਣ ਦੀ ਉਮੀਦ ਨਹੀਂ ਕਰ ਸਕਦੇ।''
''ਬਸ ਇੰਨਾ ਹੀ ਕਿ ਉਹ ਸਾਡੀ ਇੱਕ ਪ੍ਰੋਫ਼ੈਸ਼ਨਲ ਵਾਂਗ ਇੱਜ਼ਤ ਕਰਨ। ਇਸ ਗੱਲ ਦੀ ਉਡੀਕ ਕਰਨ ਕਿ ਅਸੀਂ ਲੋਕਾਂ ਦੀ ਜਾਨ ਬਚਾਉਣ ਵਾਲਾ ਪੇਸ਼ਾ ਚੁਣਿਆ ਹੈ।"
(ਵਧੇਰੇ ਰਿਪੋਰਟਿੰਗ- ਦਿਲੀਪ ਸ਼ਰਮਾ, ਅਸਾਮ ਤੋਂ)
ਇਹ ਵੀ ਪੜ੍ਹੋ: