ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਨੂੰ ਦੱਸਿਆ ''ਮਿਸਗਾਇਡਿਡ ਮਿਜ਼ਾਇਲ'' ਤਾਂ ਅੱਗੋ ਕੀ ਮਿਲਿਆ ਜਵਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਖੁੱਲ੍ਹ ਕੇ ਵਿਰੋਧ ਕਰਨ ਵਾਲੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ।

ਇਸ ਸਬੰਧੀ ਉਨ੍ਹਾਂ ਨੇ ਇੱਕ ਤਸਵੀਰ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕਰਦਿਆਂ ਕਿਹਾ, "ਪ੍ਰਿਅੰਕਾ ਗਾਂਧੀ ਨਾਲ ਲੰਬੀ ਬੈਠਕ ਹੋਈ।"

ਹਾਲਾਂਕਿ ਇਸ ਤੋਂ ਪਹਿਲਾਂ ਇਹ ਦਾਅਵਾ ਸੀ ਕਿ ਨਵਜੋਤ ਸਿੰਘ ਸਿੱਧੂ 29 ਜੂਨ ਨੂੰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਬੈਠਕ ਕਰਨਗੇ।

ਪਰ ਰਾਹੁਲ ਗਾਂਧੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨਾਲ ਤਾਂ ਕੋਈ ਬੈਠਕ ਤੈਅ ਹੀ ਨਹੀਂ ਹੈ।

ਇਹ ਵੀ ਪੜ੍ਹੋ:

ਸੁਖਬੀਰ ਬਾਦਲ ਨੂੰ ਸਿੱਧੂ ਦਾ ਜਵਾਬ

ਉੱਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਏਐੱਨਆਈ ਨਾਲ ਗੱਲਬਾਤ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਗੁਮਰਾਹਕੁੰਨ ਮਿਜ਼ਾਇਲ ਕਿਹਾ ਹੈ।

ਉਨ੍ਹਾਂ ਕਿਹਾ, "ਨਵਜੋਤ ਸਿੰਘ ਸਿੱਧੂ ਇੱਕ ਗੁੰਮਰਾਹਕੁੰਨ ਮਿਜ਼ਾਈਲ ਹਨ ਜੋ ਕੰਟਰੋਲ ਵਿੱਚ ਨਹੀਂ ਹੈ। ਅੱਜ, ਪੰਜਾਬ ਨੂੰ ਉਸ ਵਿਅਕਤੀ ਦੀ ਜ਼ਰੂਰਤ ਨਹੀਂ ਹੈ ਜੋ ਅਦਾਕਾਰੀ ਕਰੇ ਪਰ ਉਸ ਵਿਅਕਤੀ ਦੀ ਲੋੜ ਹੈ ਜੋ ਸੂਬੇ ਦੇ ਵਿਕਾਸ ਬਾਰੇ ਸੋਚਦਾ ਹੈ।"

ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਸਿੰਘ ਬਾਦਲ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਟਵੀਟ ਕੀਤਾ।

ਉਨ੍ਹਾਂ ਕਿਹਾ, "ਤੁਹਾਡੇ ਕਾਰੋਬਾਰਾਂ ਨੂੰ ਨਸ਼ਟ ਕਰਨਾ ਮੇਰਾ ਮਾਰਗ ਦਰਸ਼ਨ ਅਤੇ ਟੀਚਾ ਹੈ... ਜਦੋਂ ਤੱਕ ਪੰਜਾਬ ਦੇ ਖੰਡਰਾਂ 'ਤੇ ਬਣੇ ਤੁਹਾਡੇ ਸੁਖ ਵਿਲਾਸ ਨੂੰ ਪੰਜਾਬ ਦੇ ਗਰੀਬ ਲੋਕਾਂ ਦੀ ਸੇਵਾ ਕਰਨ ਲਈ ਪਬਲਿਕ ਸਕੂਲ ਅਤੇ ਪਬਲਿਕ ਹਸਪਤਾਲ ਨਹੀਂ ਬਣਾਇਆ ਜਾਂਦਾ, ਮੈਂ ਪਿੱਛੇ ਨਹੀਂ ਹਟਾਂਗਾ!!"

ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸਿੱਧੂ ਬਾਰੇ ਕੀ ਕਿਹਾ

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਟਵੀਟ ਕਰਕੇ ਕਾਂਗਰਸ 'ਤੇ ਵਿਅੰਗ ਕੀਤਾ।

ਉਨ੍ਹਾਂ ਕਿਹਾ, "ਕਾਂਗਰਸ ਨੂੰ ਉਨ੍ਹਾਂ ਦੇ ਦਫ਼ਤਰ ਤੋਂ ਆਉਣ ਵਾਲੀਆਂ ਖ਼ਬਰਾਂ ਲਈ ਐਂਟਰਟੇਨਮੈਂਟ ਟੈਕਸ ਲਾਉਣਾ ਚਾਹੀਦਾ ਹੈ। ਕੈਪਟਨ ਪੰਜਾਬ ਵਾਪਸ ਚਲੇ ਗਏ। ਗਾਂਧੀਜ਼ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਫਿਰ ਸਿੱਧੂ ਨੇ ਐਲਾਨ ਕੀਤਾ ਕਿ ਉਹ ਉਨ੍ਹਾਂ ਨੂੰ ਮਿਲ ਰਹੇ ਹਨ। ਰਾਹੁਲ ਜੀ ਨੇ ਇਨਕਾਰ ਕਰ ਦਿੱਤਾ। ਪ੍ਰਿਅੰਕਾ ਜੀ ਦੀ ਉਨ੍ਹਾਂ ਨਾਲ ਲੰਬੀ ਬੈਠਕ ਹੁੰਦੀ ਹੈ।"

ਕੈਪਟਨ ਅਮਰਿੰਦਰ ਸਣੇ ਕਈ ਆਗੂ ਦਿੱਲੀ ਆਏ

ਬੀਤੇ ਦਿਨੀ ਕੈਪਟਨ ਅਮਰਿੰਦਰ ਸਿੰਘ ਹਾਈਕਮਾਂਡ ਵੱਲੋਂ ਬਣਾਏ ਤਿੰਨ ਮੈਂਬਰ ਪੈਨਲ ਸਾਹਮਣੇ ਪੇਸ਼ ਹੋਏ ਸਨ।

ਪਰ ਉਹ ਤਿੰਨ ਮੈਂਬਰੀ ਪੈਨਲ ਅੱਗੇ ਪੇਸ਼ ਹੋਣ ਤੋਂ ਬਾਅਦ ਰਾਹੁਲ ਤੇ ਸੋਨੀਆਂ ਨੂੰ ਬਿਨਾਂ ਮਿਲੇ ਚੰਡੀਗੜ੍ਹ ਪਰਤ ਆਏ ਸੀ।

ਦੂਜੇ ਪਾਸੇ ਕਾਂਗਰਸੀ ਵਿਧਾਇਕਾਂ, ਮੰਤਰੀਆਂ ਤੇ ਆਗੂਆਂ ਨਾਲ ਰਾਹੁਲ ਗਾਂਧੀ ਪਿਛਲੇ ਹਫ਼ਤੇ ਮੰਗਲਵਾਰ ਤੇ ਬੁੱਧਵਾਰ ਦੋ ਦਿਨ ਬੈਠਕਾਂ ਕਰਦੇ ਰਹੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਹ ਵੀ ਪੜ੍ਹੋ:

ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਬੈਠਕ ਤੋਂ ਬਾਅਦ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ 18 ਨੁਕਾਤੀ ਪ੍ਰੋਗਰਾਮ ਉੱਤੇ ਸਮਾਂਬੱਧ ਤਰੀਕੇ ਨਾਲ ਅਮਲ ਕਰਨ ਲਈ ਕਿਹਾ ਗਿਆ ਹੈ।

ਇਸ ਵਿਚ ਬਰਗਾੜੀ ਕਾਂਡ, ਡਰੱਗ ਤੇ ਸੈਂਡ ਮਾਫ਼ੀਆ ਖ਼ਿਲਾਫ਼ ਹੋਰ ਤੇਜ਼ੀ ਨਾਲ ਕਾਰਵਾਈ ਅਤੇ ਸਸਤੀ ਬਿਜਲੀ ਤੇ ਦਲਿਤ ਵਿਦਿਆਰਥੀਆਂ ਦੇ ਵਜੀਫ਼ੇ ਤੇ ਕਰਜ਼ ਮਾਫ਼ੀ ਵਰਗੇ ਮੁੱਖ ਬਿੰਦੂ ਹਨ।

ਹਾਲਾਂਕਿ ਤਿੰਨ ਮੈਂਬਰੀ ਪੈਨਲ ਦੇ ਮੁਖੀ ਮਲਿਕਾਅਰਜੁਨ ਖੜਗੇ ਨੇ ਕਿਹਾ ਸੀ ਕਿ ਸਾਰੇ ਰਾਹੁਲ ਅਤੇ ਸੋਨੀਆ ਦੀ ਅਗਵਾਈ ਵਿਚ ਅਗਲੀਆਂ ਚੋਣਾਂ ਲੜਨਗੇ।

ਰਾਹੁਲ ਗਾਂਧੀ ਨਾਲ ਪ੍ਰਤਾਪ ਸਿੰਘ ਬਾਜਵਾ ਅਤੇ ਸੁਨੀਲ ਜਾਖੜ ਵੀ ਪਿਛਲੇ ਹਫ਼ਤੇ ਮੁਲਾਕਾਤ ਕਰ ਚੁੱਕੇ ਹਨ। ਮੀਟਿੰਗ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਇੱਕ ਹਫਤੇ ਅੰਦਰ ਸਭ ਮਾਮਲੇ ਸੁਲਝ ਜਾਣਗੇ।

ਪਰ ਅਜਿਹਾ ਹਾਲੇ ਜਾਪ ਨਹੀਂ ਰਿਹਾ। ਹਾਲਾਂਕਿ ਹਾਈਕਮਾਂਡ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹੈ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)