You’re viewing a text-only version of this website that uses less data. View the main version of the website including all images and videos.
ਹਰਿਆਣਾ ਖੋਰੀ ਪਿੰਡ ਵਿੱਚ ਮਹਾਂਪੰਚਾਇਤ ਤੋਂ ਪਹਿਲਾਂ ਪੁਲਿਸ ਦਾ ਲਾਠੀਚਾਰਜ ਤੇ ਲੋਕਾਂ ਵੱਲੋਂ ਪਥਰਾਅ - ਅਹਿਮ ਖ਼ਬਰਾਂ
ਇਸ ਪੰਨੇ ਰਾਹੀ ਅਸੀਂ ਅੱਜ ਦੇ ਅਹਿਮ ਘਟਨਾਕ੍ਰਮਾਂ ਨਾਲ ਜੁੜੀਆਂ ਖ਼ਬਰਾਂ ਸਾਂਝੀਆਂ ਕਰ ਰਹੇ ਹਾਂ।
ਹਰਿਆਣਾ ਤੋਂ ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ ਫਰੀਦਾਬਾਦ ਦੇ ਖੋਰੀ ਪਿੰਡ ਵਿਚ ਬੁੱਧਵਾਰ ਨੂੰ ਘਰਾਂ ਦੀ ਭੰਨਤੋੜ ਦਾ ਵਿਰੋਧ ਕਰ ਰਹੇ ਲੋਕਾਂ ਉੱਤੇ ਪੁਲਿਸ ਨੇ ਲਾਠੀਚਾਰਜ ਕੀਤਾ ਹੈ।
ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਖੋਰੀ ਪਿੰਡ ਵਿੱਚ ਪ੍ਰਸ਼ਾਸਨ ਪਿਛਲੇ ਕੁਝ ਦਿਨਾਂ ਤੋਂ ਭੰਨਤੋੜ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ:
ਕੀ ਹੈ ਪੂਰਾ ਮਾਮਲਾ
ਪ੍ਰਸ਼ਾਸਨ ਦੀ ਵਧ ਰਹੀ ਸਰਗਮੀ ਦੇ ਮੱਦੇ-ਨਜ਼ਰ ਪਿੰਡ ਵਾਸੀਆਂ ਨੇ ਮਹਾਂਪੰਚਾਇਤ ਕੀਤੀ। ਪ੍ਰਸ਼ਾਸਨ ਨੇ ਵੀ ਮਹਾਪੰਚਾਇਤ ਨੂੰ ਧਿਆਨ ਵਿੱਚ ਰੱਖਦਿਆਂ ਭਾਰੀ ਪੁਲਿਸ ਫੋਰਸ ਤੈਨਾਅ ਕੀਤੀ ਸੀ। ਇਸ ਦੌਰਾਨ ਪਿੰਡ ਵਾਸੀਆਂ ਨੇ ਪੁਲਿਸ ਉੱਪਰ ਪਥਰਾਅ ਅਤੇ ਨਾਅਰੇਬਾਜ਼ੀ ਕੀਤੀ।
ਹਜੂਮ ਨੂੰ ਹਿੰਸਕ ਹੁੰਦਿਆਂ ਦੇਖ ਕੇ ਪੁਲਿਸ ਨੇ ਪੇਂਡੂਆਂ ਉੱਪਰ ਲਾਠੀਚਾਰਜ ਕੀਤਾ। ਇਸ ਤਰ੍ਹਾਂ ਪਿੰਡ ਵਿੱਚ ਸਥਿਤੀ ਤਣਾਅਪੂਰਨ ਹੋ ਗਈ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਕਿਸਾਨ ਆਗੂ ਗੁਰਨਾਮ ਸਿੰਘ ਚੰਢੂਨੀ ਵੀ ਖੋਰੀ ਪਿੰਡ ਪਹੁੰਚੇ ਪਰ ਉਨ੍ਹਾਂ ਨੂੰ ਬਾਹਰ ਹੀ ਰੋਕ ਲਿਆ ਗਿਆ।
ਚੰਢੂਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਪਿੰਡ ਅੰਦਰ ਦਾਖਲ ਨਹੀਂ ਹੋ ਦਿੱਤਾ ਜਾ ਰਿਹਾ ਹੈ, ਪਿੰਡ ਦੀ ਸਾਰੀ ਅਬਾਦੀ ਦਾ ਪਾਣੀ ਕੱਟ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪਿੰਡ ਦੀ ਇੱਕ ਲੱਖ ਅਬਾਦੀ ਦਾ ਪਾਣੀ ਬੰਦ ਕਰ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਵਿੱਚ ਸਰਕਾਰ ਦੀ ਇਨਸਾਨੀਅਤ ਖ਼ਤਮ ਹੋ ਚੁੱਕੀ ਹੈ ਅਤੇ ਲੋਕ ਅੰਦੋਲਨ ਦਾ ਸਾਥ ਦੇਣ।
ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖਟੱਰ ਤੋਂ ਸਵਾਲ ਪੁੱਛਿਆ ਕਿ ਉਹ ਦੱਸਣ ਕਿ ਚਾਲੀ ਸਾਲਾਂ ਤੋਂ ਇੱਥੇ ਰਹਿ ਰਹੇ ਰਹੇ ਲੋਕ ਕਿੱਥੇ ਜਾਣ ਅਤੇ ਜੇ ਇਸ ਥਾਂ ਦੀ ਲੋੜ ਹੈ ਤਾਂ ਪਹਿਲਾਂ ਇਨ੍ਹਾਂ ਲੋਕਾਂ ਦਾ ਪੁਨਰਵਾਸ ਕਰਵਾਇਆ ਜਾਵੇ।
ਚੰਢੂਨੀ ਨੇ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਇਹ ਲੋਕ ਗੈਰਕਾਨੂੰਨੀ ਵਸੇ ਹਨ ਤਾਂ ਪਹਿਲਾਂ ਉਨ੍ਹਾਂ ਸਾਰੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਵੇ ਜਿੰਨ੍ਹਾਂ ਨੇ ਇਨ੍ਹਾਂ ਨੂੰ ਇੱਥੇ ਵਸਾਇਆ ਸੀ।
ਸਤ ਸਿੰਘ ਮੁਤਾਬਕ ਖ਼ਬਰ ਲਿਖੇ ਜਾਣ ਤੱਕ ਇਸ ਮਾਮਲੇ ਉੱਪਰ ਪੁਲਿਸ ਵੱਲੋਂ ਅਜੇ ਕੋਈ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ ਗਈ ਸੀ।
ਪੁਲਿਸ ਨੇ ਕਈ ਪਿੰਡ ਵਾਲੇ ਚੁੱਕੇ
ਭਗਤ ਸਿੰਘ ਏਕਤਾ ਚੇਤਨਾ ਮਾਰਚ ਵੱਲੋਂ ਕਿਹਾ ਗਿਆ ਹੈ ਕਿ ਮਹਾਪੰਚਾਇਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਤੈਅ ਸਥਾਨ ਖੋਰੀ ਪਿੰਡ ਦੇ ਅੰਬੇਦਕਰ ਪਾਰਕ ਦਾ ਰਾਹ ਬੰਦ ਕਰ ਦਿੱਤਾ ਗਿਆ ਸੀ।
ਰਵਿੰਦਰ, ਰਾਜਵੀਰ ਕੌਰ ਅਤੇ ਕਈਆਂ ਨੂੰ ਪੁਲਿਸ ਦੇ ਮੇਲ ਸਟਾਫ਼ ਵੱਲੋਂ ਪਿੰਡ ਦੀਆਂ ਔਰਤਾਂ ਨਾਲ ਬੁਰਾ ਸਲੂਕ ਕੀਤਾ ਗਿਆ।
ਬਾਅਦ ਵਿੱਚ ਇਨ੍ਹਾਂ ਸਾਰਿਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲਿਸ ਵੱਲੋਂ ਉਨ੍ਹਾਂ ਦੀ ਸਥਿਤੀ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ।
ਮੁੱਖ ਮੰਤਰੀ ਨੇ ਕੀ ਕਿਹਾ?
ਰਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖਟੱਰ ਨੇ ਇਸ ਬਾਰੇ ਪ੍ਰੈੱਸ ਕਾਨਫ਼ਰੰਸ ਵਿੱਚ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ-
"ਉਨ੍ਹਾਂ ਦਾ ਸਰਵੇਖਣ ਹੋ ਗਿਆ ਹੈ ਅਤੇ 34 ਸੌ ਵਿਅਕਤੀ ਅਜਿਹੇ ਹਨ ਜੋ ਹਰਿਆਣਾ ਦੇ ਵੋਟਰ ਹਨ। ਪਰਿਵਾਰ ਲਗਭਗ 14 ਸੌ ਹਨ।"
"ਇਨ੍ਹਾਂ ਪਰਿਵਾਰਾਂ ਲਈ ਸਾਡੇ ਕੋਲ ਫਲੈਟ ਵੀ ਬਣੇ ਹੋਏ ਹਨ। ਉਨ੍ਹਾਂ ਦੇ ਰੇਟ ਵੀ ਤੈਅ ਹਨ ਕੁਝ ਪੈਸਾ ਉਨ੍ਹਾਂ ਤੋਂ ਪਹਿਲਾਂ ਲਿਆ ਜਾਵੇਗਾ, ਕਿਸ਼ਤਾਂ ਤੈਅ ਕੀਤੀਆਂ ਜਾਣਗੀਆਂ।"
"ਉਨ੍ਹਾਂ 14 ਸੌ ਪਰਿਵਾਰਾਂ ਦਾ ਅਸੀਂ ਤੈਅ ਕਰ ਲਿਆ ਹੈ। ਬਾਕੀ ਵੋਟਰ ਦਿੱਲੀ ਦੇ ਹਨ, ਕੋਈ ਕਿਤੋਂ ਦਾ ਵੀ ਵੋਟਰ ਨਹੀਂ ਹੋਵੇਗਾ। ਬਾਅਦ ਵਿੱਚ ਆ ਕੇ ਬੈਠਿਆ ਹੋਵੇਗਾ। ਜੋ ਯੋਜਨਾ ਹੋਵੇਗੀ ਉਸ ਮੁਤਾਬਕ ਹੋਵੇਗਾ।"
ਉਨ੍ਹਾਂ ਨੇ ਦੱਸਿਆ ਕਿ ਨੇੜਲੀ ਡਬੂਆ ਕਲੌਨੀ ਵਿੱਚ ਪਹਿਲਾਂ ਤੋਂ ਫਲੈਟ ਬਣੇ ਹੋਏ ਹਨ।
ਜੱਗੀ ਜੌਹਲ ਬਾਰੇ ਬਰਤਾਨੀਆ ਦੇ ਹਾਊਸ ਆਫ ਕਾਮਨ ਵਿੱਚ ਬਹਿਸ ਅੱਜ
ਬਰਤਾਨੀਆ ਦੇ ਮੈਂਬਰ ਪਾਰਲੀਮੈਂਟ ਜੱਗੀ ਜੌਹਲ ਨੂੰ ਲੈ ਕੇ ਅੱਜ 4.30 ਵਜੇ (ਸਥਾਨਕ ਸਮੇਂ ਮੁਤਾਬਕ) ਬਹਿਸ ਕਰਨ ਜਾ ਰਹੇ ਹਨ।
ਐੱਮਪੀ ਮਾਰਟਿਨ ਡੌਚਰਟੀ ਹਿਊਜ ਨੇ ਟਵੀਟ ਕਰਦਿਆਂ ਦੱਸਿਆ, "ਹਿਰਾਸਤ ਵਿੱਚ ਲਏ ਗਏ ਜੱਗੀ ਜੌਹਲ ਨੂੰ ਲੈ ਕੇ ਮੇਰੇ ਵੱਲੋਂ ਕੀਤੀ ਬਹਿਸ ਦੀ ਅਪੀਲ ਨੂੰ ਮਨਜ਼ੂਰੀ ਮਿਲ ਗਈ ਹੈ।"
ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ , "ਮੰਨਿਆ ਜਾ ਰਿਹਾ ਹੈ ਕਿ ਇੱਕ ਸਕੌਟਿਸ਼ ਸਿੱਖ ਨੂੰ ਭਾਰਤ ਵਿੱਚ ਕਰੀਬ 4 ਸਾਲਾਂ ਤੋਂ ਬਿਨਾਂ ਕਿਸੇ ਕੇਸ ਦੇ ਜੇਲ੍ਹ ਵਿੱਚ ਰੱਖਿਆ ਗਿਆ ਹੈ, ਉਸ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।"
"ਬੋਰਿਸ ਸਰਕਾਰ ਫਿਰ ਵੀ ਹਰ ਮੋੜ 'ਤੇ ਪਰਿਵਾਰ ਦੀ ਅਣਦੇਖੀ ਕਰ ਰਹੀ ਹੈ। ਜਗਤਾਰ ਸਿੰਘ ਜੌਹਲ ਦੀ ਇਸ ਤਰ੍ਹਾਂ ਮਨਮਰਜ਼ੀ ਨਾਲ ਲਈ ਗਈ ਹਿਰਾਸਤ 'ਤੇ ਯੂਕੇ ਸਰਕਾਰ ਕਦੋਂ ਕਾਰਵਾਈ ਕਰੇਗੀ।"
ਕੀ ਹੈ ਮਾਮਲਾ
ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਜੌਹਲ ਨੂੰ ਭਾਰਤ ਦੇ ਅੱਤਵਾਦ ਵਿਰੋਧੀ ਕਾਨੂੰਨਾਂ ਤਹਿਤ ਹਿਰਾਸਤ ਵਿੱਚ ਰੱਖਿਆ ਗਿਆ ਹੈ। ਉਨ੍ਹਾਂ 'ਤੇ ਸੱਜੇਪੱਖੀ ਹਿੰਦੂ ਆਗੂਆਂ ਦੇ ਕਤਲ ਦੀ ਸਾਜ਼ਿਸ਼ ਘੜਨ ਦਾ ਇਲਜ਼ਾਮ ਹੈ।
ਡੰਬਰਟਨ ਵਾਸੀ ਜਗਤਾਰ ਸਿੰਘ ਜੌਹਲ ਜੋ ਕਿ ਅਪਰਾਧ ਸਾਬਤ ਹੋਏ ਬਿਨਾਂ ਹੀ ਭਾਰਤੀ ਜੇਲ੍ਹ 'ਚ ਬੰਦ ਹੈ, ਨੇ ਆਪਣੇ ਵਕੀਲ ਜ਼ਰੀਏ ਬੀਬੀਸੀ ਨੂੰ ਦੱਸਿਆ ਸੀ ਕਿ ਉਸ ਤੋਂ ਕੋਰੇ ਹਲਫੀਆਂ ਬਿਆਨ ਵਾਲੇ ਕਾਗਜ਼ ਉੱਤੇ ਹਸਤਾਖ਼ਰ ਕਰਵਾਉਣ ਲਈ ਤਸ਼ੱਦਦ ਢਾਹੇ ਗਏ।
ਅਦਾਲਤੀ ਦਸਤਾਵੇਜ਼ ਵਿੱਚ ਇਲਜ਼ਾਮ ਹੈ ਕਿ ਉਨ੍ਹਾਂ ਨੇ ਇਸ ਅਪਰਾਧ ਨੂੰ ਅੰਜਾਮ ਦੇਣ ਲਈ ਪੈਸਿਆਂ ਦੀ ਮਦਦ ਕੀਤੀ ਅਤੇ ਮੰਨਿਆ ਕਿ ਉਹ 'ਦਹਿਸ਼ਤਗਰਦੀ ਗਿਹੋਰ' ਦੇ ਮੈਂਬਰ ਸਨ।
ਇਹ ਵੀ ਪੜ੍ਹੋ: