ਕੈਨੇਡਾ 'ਚ ਗਰਮੀ ਦੇ ਟੁੱਟੇ ਰਿਕਾਰਡ, ਪਾਰਾ 49.6 ਡਿਗਰੀ ਤੱਕ ਪਹੁੰਚਿਆ, ਦਰਜਨਾਂ ਮੌਤਾਂ

ਕੈਨੇਡਾ ਵਿਚ ਦਰਜਨਾਂ ਲੋਕਾਂ ਦੀ ਗਰਮੀ ਕਾਰਨ ਮੌਤ ਹੋ ਗਈ ਹੈ। ਦੇਸ਼ ਵਿੱਚ ਪਾਰੇ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਪਹਿਲੀ ਵਾਰ ਪਿਛਲੇ ਤਿੰਨ ਦਿਨਾਂ ਦੌਰਾਨ ਪਾਰਾ 49.6 ਡਿਗਰੀ ਤੱਕ ਪਹੁੰਚ ਰਿਹਾ ਹੈ।

ਵੈਨਕੂਵਰ ਇਲਾਕੇ ਦੀ ਪੁਲਿਸ ਅਨੁਸਾਰ ਸ਼ੁੱਕਰਵਾਰ ਤੋਂ ਹੁਣ ਤੱਕ ਤੋਂ 130 ਵੱਧ ਮੌਤਾਂ ਹੋ ਚੁੱਕੀਆਂ ਹਨ। ਇਹ ਮ੍ਰਿਤਕ ਜਾਂ ਤਾਂ ਬਜ਼ੁਰਗ ਸਨ ਜਾਂ ਕਿਸੇ ਹੋਰ ਬਿਮਾਰੀ ਤੋਂ ਪੀੜਤ ਸਨ।

ਮੰਗਲਵਾਰ ਨੂੰ ਕੈਨੇਡਾ ਵਿੱਚ ਲਗਾਤਾਰ ਤੀਸਰੇ ਦਿਨ ਸਭ ਤੋਂ ਵੱਧ ਗਰਮੀ ਦੇ ਅੰਕੜੇ ਸਾਹਮਣੇ ਆਏ।

ਇਹ ਵੀ ਪੜ੍ਹੋ-

ਬ੍ਰਿਟਿਸ਼ ਕੋਲੰਬੀਆ ਦੇ ਲਾਈਟਨ ਵਿੱਚ ਇਹ 49.5 ਡਿਗਰੀ ਸੀ। ਇਸ ਤੋਂ ਪਹਿਲਾਂ ਕੈਨੇਡਾ ਵਿੱਚ ਪਾਰਾ ਕਦੇ 45 ਡਿਗਰੀ ਤੋਂ ਵੱਧ ਨਹੀਂ ਰਿਹਾ।

ਕੈਨੇਡਾ ਵਿਚ ਇਸ ਭਿਆਨਕ ਗਰਮੀ ਦੀ ਲਹਿਰ ਦਾ ਕਾਰਨ ਉੱਤਰ ਦੱਖਣੀ ਅਮਰੀਕਾ ਤੇ ਕੈਨੇਡਾ ਉੱਪਰ ਬਣੇ ਹਾਈ ਪ੍ਰੈਸ਼ਰ ਡੋਮ ਨੂੰ ਮੰਨਿਆ ਜਾ ਰਿਹਾ ਹੈ।

ਪੁਲੀਸ ਅਨੁਸਾਰ ਵੈਨਕੂਵਰ ਵਿੱਚ 65 ਮੌਤਾਂ ਵਿੱਚ ਗਰਮੀ ਇੱਕ ਮੁੱਖ ਕਾਰਨ ਹੈ।

ਸਰੀ ਇਲਾਕੇ ਵਿੱਚ 38 ਅਤੇ ਬਰਨਬੀ ਵਿੱਚ 34 ਮੌਤਾਂ ਦੀ ਪੁਸ਼ਟੀ ਹੋਈ ਹੈ।

ਪੁਲਿਸ ਅਧਿਕਾਰੀ ਸਟੀਵ ਐਡੀਸਨ ਅਨੁਸਾਰ, "ਵੈਨਕੂਵਰ ਵਿੱਚ ਕਦੇ ਇਸ ਤਰ੍ਹਾਂ ਦੀ ਗਰਮੀ ਨਹੀਂ ਪਈ ਅਤੇ ਇਹ ਅਫਸੋਸਜਨਕ ਹੈ ਕਿ ਇਸ ਨਾਲ ਦਰਜਨਾਂ ਲੋਕਾਂ ਦੀ ਮੌਤ ਹੋ ਰਹੀ ਹੈ।"

"ਸਾਡੇ ਅਫ਼ਸਰ ਕੋਸ਼ਿਸ਼ ਕਰ ਰਹੇ ਹਨ ਕਿ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾਵੇ।"

ਐਡੀਸਨ ਨੇ ਨਾਲ ਹੀ ਦੱਸਿਆ ਕਿ ਅਚਾਨਕ ਹੋਣ ਵਾਲੀਆਂ ਮੌਤਾਂ ਤੋਂ ਬਾਅਦ ਫੋਨ ਕਾਲ ਤਿੰਨ ਗੁਣਾ ਵਧ ਗਏ ਹਨ।

ਬਹੁਤੇ ਘਰਾਂ ਵਿੱਚ ਏਸੀ ਨਹੀਂ ਹਨ

ਵੈਨਕੂਵਰ ਤੋਂ 250 ਕਿਲੋਮੀਟਰ ਦੂਰ ਲਾਈਟਨ ਦੀ ਵਸਨੀਕ ਮੇਗਨ ਫੈੱਡਰਿੱਚ ਨੇ ਦੱਸਿਆ ਕਿ ਬਾਹਰ ਨਿਕਲਣਾ "ਲਗਪਗ ਅਸੰਭਵ" ਹੋ ਗਿਆ ਹੈ।

ਗਲੋਬ ਅਤੇ ਮੇਲ ਅਖ਼ਬਾਰ ਅਨੁਸਾਰ ਮੇਗਨ ਨੇ ਕਿਹਾ ਕਿ ਇਹ "ਬਰਦਾਸ਼ਤ ਤੋਂ ਬਾਹਰ ਹੈ।"

"ਅਸੀਂ ਜਿੰਨਾ ਹੋ ਸਕੇ ਘਰਾਂ ਵਿੱਚ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਗਰਮੀ ਦੀ ਆਦਤ ਹੈ ਪਰ 47 ਡਿਗਰੀ 30 ਡਿਗਰੀ ਤੋਂ ਬਹੁਤ ਵੱਖ ਹੈ।"

ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਘਰਾਂ ਵਿਚ ਏਅਰ ਕੰਡੀਸ਼ਨਿੰਗ ਨਹੀਂ ਹੈ ਕਿਉਂਕਿ ਗਰਮੀਆਂ ਇੰਨੀਆਂ ਭਿਆਨਕ ਨਹੀਂ ਹੁੰਦੀਆਂ।

ਵੈਨਕੂਵਰ ਵਿੱਚ ਗਰਮੀ ਨਾਲ ਨਜਿੱਠਣ ਲਈ ਆਰਜ਼ੀ ਫੁਹਾਰੇ ਅਤੇ ਕੂਲਿੰਗ ਸੈਂਟਰ ਬਣਾਏ ਗਏ ਹਨ।

ਸ਼ਹਿਰ ਵਿੱਚ ਦਰਜਨਾਂ ਪੁਲੀਸ ਅਫ਼ਸਰ ਡਿਊਟੀ ਤੇ ਲਗਾਏ ਗਏ ਹਨ ਅਤੇ ਐਮਰਜੈਂਸੀ 911 ਉੱਪਰ ਲਗਾਤਾਰ ਫੋਨ ਕਾਲ ਕਾਰਨ ਪੁਲਿਸ ਕੋਲ ਮਦਦ ਲਈ ਸਰੋਤ ਘਟ ਰਹੇ ਹਨ ਅਤੇ ਕੰਮ ਵਧ ਰਿਹਾ ਹੈ।

ਕੈਨੇਡਾ ਦੇ ਮੌਸਮ ਵਿਭਾਗ, ਇਨਵਾਇਰਮੈਂਟ ਕੈਨੇਡਾ ਨੇ ਗਰਮੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ।

ਇਹ ਚਿਤਾਵਨੀ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੈਨੀਟੋਬਾ ਅਤੇ ਉੱਤਰ ਦੱਖਣੀ ਇਲਾਕਿਆਂ ਲਈ ਹੈ।

ਵਿਭਾਗ ਦੇ ਸੀਨੀਅਰ ਮੌਸਮ ਮਾਹਿਰ ਡੇਵਿਡ ਫਿਲਿਪਸ ਦਾ ਕਹਿਣਾ ਹੈ, "ਸਾਡਾ ਦੇਸ਼ ਦੁਨੀਆਂ ਦਾ ਦੂਸਰਾ ਸਭ ਤੋਂ ਠੰਢਾ ਮੁਲਕ ਹੈ ਅਤੇ ਸਭ ਤੋਂ ਵੱਧ ਬਰਫ਼ੀਲਾ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

"ਅਸੀਂ ਅਕਸਰ ਸ਼ੀਤ ਲਹਿਰ ਅਤੇ ਬਰਫ਼ੀਲੇ ਤੂਫ਼ਾਨ ਦੇਖਦੇ ਹਾਂ ਪਰ ਅਜਿਹੀ ਗਰਮੀ ਬਾਰੇ ਚਰਚਾ ਆਮ ਗੱਲ ਨਹੀਂ ਹੈ।.... ਜੋ ਅਸੀਂ ਅਨੁਭਵ ਕਰ ਰਹੇ ਹਾਂ ਉਸ ਤੋਂ ਤਾਂ ਦੁਬਈ ਵੀ ਠੰਢੀ ਹੋਵੇਗੀ।"

ਮਾਹਿਰਾਂ ਅਨੁਸਾਰ ਜਲਵਾਯੂ ਵਿੱਚ ਤਬਦੀਲੀ ਕਾਰਨ ਮੌਸਮ ਵਿੱਚ ਵੱਡੀਆਂ ਤਬਦੀਲੀਆਂ ਜਿਵੇਂ ਕਿ ਗਰਮੀ ਦੀ ਲਹਿਰ ਹੋਣ ਦੀ ਸੰਭਾਵਨਾ ਹੈ ਪਰ ਕਿਸੇ ਇੱਕ ਘਟਨਾ ਨੂੰ ਗਲੋਬਲ ਵਾਰਮਿੰਗ ਨਾਲ ਜੋੜਨਾ ਗਲਤ ਹੋਵੇਗਾ।

ਯੂਐਸ ਪੈਸੀਫਿਕ ਨੌਰਥ ਵੈਸਟ ਵਿੱਚ ਵੀ ਸੋਮਵਾਰ ਨੂੰ ਆਮ ਨਾਲੋਂ ਵੱਧ ਗਰਮੀ ਰਹੀ।

ਪੋਰਟਲੈਂਡ,ਔਰੇਗਨ ਵਿੱਚ 46.1 ਡਿਗਰੀ ਅਤੇ ਸਿਆਟਲ ਵਾਸ਼ਿੰਗਟਨ ਵਿੱਚ 42.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

1940 ਤੋਂ ਦਰਜ ਹੁੰਦੇ ਆ ਰਹੇ ਰਿਕਾਰਡ ਅਨੁਸਾਰ ਇਹ ਸਭ ਤੋਂ ਵੱਧ ਗਰਮੀ ਭਰੇ ਦਿਨ ਹਨ।

ਵਾਸ਼ਿੰਗਟਨ ਅਤੇ ਔਰੇਗਨ ਵਿੱਚ ਹੋਈਆਂ ਦਰਜਨਾਂ ਮੌਤਾਂ ਦਾ ਸੰਬੰਧ ਵੀ ਗਰਮੀ ਦੀ ਇਸ ਲਹਿਰ ਨਾਲ ਹੋ ਸਕਦਾ ਹੈ।

ਗਰਮੀ ਕਾਰਨ ਤਾਰਾਂ ਪਿਘਲ ਰਹੀਆਂ ਹਨ ਜਿਸ ਕਰ ਕੇ ਐਤਵਾਰ ਨੂੰ ਪੋਰਟਲੈਂਡ ਸਟਰੀਟ ਕਾਰ ਸਰਵਿਸ ਨੂੰ ਬੰਦ ਕਰ ਦਿੱਤਾ ਗਿਆ।

ਖ਼ਬਰ ਏਜੰਸੀ ਏਐਫਪੀ ਨੂੰ ਸਿਆਟਲ ਦੇ ਇੱਕ ਵਸਨੀਕ ਨੇ ਦੱਸਿਆ ਕਿ ਸ਼ਹਿਰ ਰੇਗਿਸਤਾਨ ਵਰਗਾ ਮਹਿਸੂਸ ਹੋ ਰਿਹਾ ਹੈ।

"ਅਕਸਰ ਸੱਠ-ਸੱਤਰ ਡਿਗਰੀ ਇੱਕ ਵਧੀਆ ਦਿਨ ਹੁੰਦਾ ਹੈ। ਲੋਕ ਟੀ ਸ਼ਰਟ ਪਾ ਕੇ ਬਾਹਰ ਆਉਂਦੇ ਹਨ ਪਰ ਇਹ ਬਹੁਤ ਭਿਆਨਕ ਹੈ।"

ਸੋਮਵਾਰ ਨੂੰ ਐਮਾਜ਼ਾਨ ਨੇ ਆਪਣੇ ਸਿਆਟਲ ਹੈੱਡਕੁਆਰਟਰ ਵਿਖੇ ਆਮ ਜਨਤਾ ਨੂੰ ਕੂਲਿੰਗ ਲੋਕੇਸ਼ਨ ਵਰਤਣ ਦੀ ਆਗਿਆ ਦਿੱਤੀ ਅਤੇ ਪੋਰਟਲੈਂਡ ਵਿਚ ਵੀ ਲੋਕ ਕੂਲਿੰਗ ਸੈਂਟਰ ਵੱਲ ਜਾ ਰਹੇ ਸਨ।

ਬੀਬੀਸੀ ਦੇ ਸਿਹਤ ਪੱਤਰਕਾਰ ਜੇਮਸ ਗੈਲਾਘਰ ਦੀ ਰਿਪੋਰਟ

ਗਰਮੀ ਦਾ ਸਰੀਰ 'ਤੇ ਕੀ ਅਸਰ ਹੁੰਦਾ ਹੈ?

ਗਰਮੀ ਦਾ ਸਾਡੇ ਸਰੀਰ ਉੱਪਰ ਕੀ ਅਸਰ ਪੈਂਦਾ ਹੈ?

ਸਾਡਾ ਸਰੀਰ 37.5 ਡਿਗਰੀ ਤਾਪਮਾਨ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ ਹੈ ਚਾਹੇ ਬਰਫ਼ੀਲੇ ਤੂਫ਼ਾਨ ਹੋਣ ਜਾਂ ਗਰਮ ਹਵਾਵਾਂ।

ਪਰ ਜਿਵੇਂ-ਜਿਵੇਂ ਪਾਰਾ ਵਧਦਾ ਹੈ ਸਾਡੇ ਸਰੀਰ ਨੂੰ ਇਸ ਤਾਪਮਾਨ ਨੂੰ ਬਣਾਏ ਰੱਖਣ ਲਈ ਵੱਧ ਮਿਹਨਤ ਕਰਨੀ ਪੈਂਦੀ ਹੈ।

ਇਹ ਚਮੜੀ ਕੋਲ ਮੌਜੂਦ ਖ਼ੂਨ ਦੀਆਂ ਧਮਣੀਆਂ ਨੂੰ ਖੋਲ੍ਹਦਾ ਹੈ ਤਾਂ ਕਿ ਪਸੀਨੇ ਆਏ ਅਤੇ ਗਰਮੀ ਬਾਹਰ ਨਿਕਲੇ। ਜਿਵੇਂ ਹੀ ਪਸੀਨਾ ਸੁੱਕਦਾ ਹੈ, ਚਮੜੀ ਰਾਹੀਂ ਸਰੀਰ ਵਿੱਚੋਂ ਗਰਮੀ ਘਟਣ ਲੱਗਦੀ ਹੈ।

ਇਹ ਸਰੀਰ ਲਈ ਚਿੰਤਾਜਨਕ ਕਦੋਂ ਬਣਦਾ ਹੈ?

ਦੇਖਣ ਨੂੰ ਚਾਹੇ ਇਹ ਸਾਧਾਰਨ ਪ੍ਰਕਿਰਿਆ ਲੱਗਦੀ ਹੈ ਪਰ ਇਸ ਦਾ ਸਰੀਰ ਉੱਪਰ ਕਾਫੀ ਪ੍ਰਭਾਵ ਪੈਂਦਾ ਹੈ ਅਤੇ ਜਿੰਨੀ ਵੱਧ ਗਰਮੀ ਹੁੰਦੀ ਹੈ ਓਨਾ ਹੀ ਇਹ ਪ੍ਰਭਾਵ ਵਧਦਾ ਹੈ।

ਖ਼ੂਨ ਦੀਆਂ ਇਨ੍ਹਾਂ ਖੁੱਲ੍ਹੀਆਂ ਹੋਈਆਂ ਧਮਨੀਆਂ ਨਾਲ ਬਲੱਡ ਪ੍ਰੈਸ਼ਰ ਘਟਦਾ ਹੈ ਅਤੇ ਦਿਲ ਨੂੰ ਪੂਰੀ ਸਰੀਰ ਤੱਕ ਖ਼ੂਨ ਪਹੁੰਚਾਉਣ ਲਈ ਜ਼ਿਆਦਾ ਕੰਮ ਕਰਨਾ ਪੈਂਦਾ ਹੈ।

ਇਸ ਨਾਲ ਕਈ ਵਾਰ ਪੈਰ ਸੁੱਜ ਸਕਦੇ ਹਨ ਅਤੇ ਖਾਰਿਸ਼ ਵਰਗੇ ਘੱਟ ਖ਼ਤਰਨਾਕ ਲੱਛਣ ਦਿਖ ਸਕਦੇ ਹਨ।

ਇਹ ਵੀ ਪੜ੍ਹੋ-

ਪਰ ਜੇਕਰ ਬਲੱਡ ਪ੍ਰੈਸ਼ਰ ਬਹੁਤ ਘੱਟ ਜਾਵੇ ਤਾਂ ਸਰੀਰ ਦੇ ਅੰਗਾਂ ਤਕ ਲੋੜੀਂਦੀ ਮਾਤਰਾ ਵਿੱਚ ਖ਼ੂਨ ਨਹੀਂ ਪਹੁੰਚ ਸਕੇਗਾ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ।

ਇਸ ਦੇ ਨਾਲ ਪਸੀਨੇ ਕਰਕੇ ਸਰੀਰ ਚੋਂ ਲੋੜੀਂਦੇ ਤਰਲ ਪਦਾਰਥ, ਨਮਕ ਘਟ ਜਾਂਦੇ ਹਨ ਜਿਸ ਕਾਰਨ ਸਰੀਰ ਵਿੱਚ ਉਨ੍ਹਾਂ ਦੀ ਮਾਤਰਾ ਗੜਬੜਾ ਜਾਂਦੀ ਹੈ।

ਲੋ-ਬਲੱਡ ਪ੍ਰੈਸ਼ਰ ਦੌਰਾਨ ਇਨ੍ਹਾਂ ਹਾਲਾਤਾਂ ਵਿੱਚ ਚੱਕਰ, ਬੇਹੋਸ਼ੀ, ਜ਼ੁਕਾਮ,ਮਾਸਪੇਸ਼ੀਆਂ ਵਿੱਚ ਖਿੱਚ, ਸਿਰਦਰਦ, ਥਕਾਵਟ ਅਤੇ ਪਸੀਨੇ ਵਰਗੇ ਲੱਛਣ ਨਜ਼ਰ ਆ ਸਕਦੇ ਹਨ।

ਅਜਿਹੇ ਹਾਲਾਤਾਂ ਵਿੱਚ ਇਸ ਤਰ੍ਹਾਂ ਕਿਸ ਤਰ੍ਹਾਂ ਕਿਸੇ ਦੀ ਮਦਦ ਕਰ ਸਕਦੇ ਹਾਂ?

ਜੇਕਰ ਅਜਿਹੇ ਹਾਲਾਤਾਂ ਵਿੱਚ ਕਿਸੇ ਵਿਅਕਤੀ ਦੇ ਸਰੀਰ ਦੇ ਤਾਪਮਾਨ ਨੂੰ ਅੱਧੇ ਘੰਟੇ ਵਿਚ ਆਮ ਵਰਗਾ ਕੀਤਾ ਜਾ ਸਕੇ ਤਾਂ ਇਹ ਜ਼ਿਆਦਾ ਖਤਰਨਾਕ ਨਹੀਂ ਮੰਨਿਆ ਜਾਂਦਾ।

ਐੱਨਐੱਚਐੱਸ ਅਨੁਸਾਰ ਮਰੀਜ਼ ਨੂੰ

1) ਠੰਢੀ ਜਗ੍ਹਾ ਵੱਲ ਲਿਜਾਇਆ ਜਾਵੇ

2) ਲਿਟਾ ਕੇ ਪੈਰਾਂ ਨੂੰ ਥੋੜ੍ਹਾ ਜਿਹਾ ਉੱਪਰ ਚੁੱਕਿਆ ਜਾਵੇ

3) ਪਾਣੀ ਜਾਂ ਹੋਰ ਤਰਲ ਪਦਾਰਥ ਜਿਵੇਂ ਸਪੋਰਟਸ ਡ੍ਰਿੰਕ, ਹਾਈਡਰੇਸ਼ਨ ਡਰਿੰਕ ਪੀਣ ਲਈ ਦਿੱਤੇ ਜਾ ਸਕਦੇ ਹਨ।

4) ਚਮੜੀ ਨੂੰ ਠੰਢਾ ਕੀਤਾ ਜਾਵੇ। ਉਸ ਉੱਪਰ ਠੰਢਾ ਪਾਣੀ ਛਿੜਕਿਆ ਜਾਵੇ ਜਾਂ ਹਵਾ ਵਿੱਚ ਬਿਠਾਇਆ ਜਾਵੇ।

ਜੇਕਰ ਅੱਧੇ ਘੰਟੇ ਵਿਚ ਹਾਲਾਤ ਠੀਕ ਨਾ ਹੋਣ ਤਾਂ ਹੀਟਸਟ੍ਰੋਕ ਜਾਂ ਤਾਪਘਾਤ ਹੋ ਸਕਦਾ ਹੈ।

ਹੀਟ ਸਟ੍ਰੋਕ ਦੌਰਾਨ ਸਰੀਰ ਦਾ ਤਾਪਮਾਨ ਡਿਗਰੀ ਤੋਂ ਵੱਧ ਜਾਣ ਦੇ ਬਾਵਜੂਦ ਪਸੀਨਾ ਰੁਕ ਜਾਂਦਾ ਹੈ ਅਤੇ ਬੇਹੋਸ਼ੀ ਵੀ ਹੋ ਸਕਦੀ ਹੈ।

ਕਿੰਨ੍ਹਾਂ ਲੋਕਾਂ ਵਿੱਚ ਇਸ ਦਾ ਖ਼ਤਰਾ ਵਧ ਸਕਦਾ ਹੈ?

ਸਿਹਤਮੰਦ ਲੋਕ ਗਰਮ ਹਵਾਵਾਂ ਅਤੇ ਹੀਟਸਟ੍ਰੋਕ ਨਾਲ ਆਸਾਨੀ ਨਾਲ ਨਿਪਟ ਸਕਦੇ ਹਨ ਪਰ ਬਜ਼ੁਰਗ ਅਤੇ ਬੀਮਾਰ ਲੋਕਾਂ ਦੇ ਸਰੀਰ ਉੱਪਰ ਇਸ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ।

ਦੋਵੇਂ ਤਰ੍ਹਾਂ ਦੀ ਡਾਇਬਟੀਜ਼ ਤੋਂ ਪੀੜਤ ਲੋਕਾਂ ਦੇ ਸਰੀਰ ਵਿੱਚੋਂ ਤਰਲ ਪਦਾਰਥਾਂ ਦੀ ਮਾਤਰਾ ਅਕਸਰ ਜ਼ਿਆਦਾ ਤੇਜ਼ੀ ਨਾਲ ਘਟਦੀ ਹੈ।

ਇਸ ਬਿਮਾਰੀ ਕਾਰਨ ਪਸੀਨੇ ਅਤੇ ਖੂਨ ਦੀਆਂ ਧਮਣੀਆਂ ਉਪਰ ਵੀ ਅਸਰ ਪੈਂਦਾ ਹੈ।

ਛੋਟੇ ਬੱਚੇ ਜੋ ਜ਼ਿਆਦਾ ਤੁਰ ਫਿਰ ਨਹੀਂ ਸਕਦੇ ਅਤੇ ਕਮਜ਼ੋਰ ਯਾਦਦਾਸ਼ਤ ਵਾਲੇ ਲੋਕਾਂ ਦਾ ਇਸ ਦੀ ਚਪੇਟ ਵਿੱਚ ਆਉਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ ਕਿਉਂਕਿ ਉਹ ਇਸ ਨਾਲ ਨਿਪਟਣ ਦੇ ਆਮ ਤਰੀਕੇ ਭੁੱਲ ਜਾਂਦੇ ਹਨ।

ਬੇਘਰ ਲੋਕ ਅਤੇ ਘਰਾਂ ਵਿੱਚ ਉਪਰਲੀਆਂ ਮੰਜ਼ਿਲਾਂ ਤੇ ਰਹਿਣ ਵਾਲੇ ਲੋਕ ਵੀ ਸੂਰਜ ਦੀ ਗਰਮੀ ਕੁਝ ਜ਼ਿਆਦਾ ਸਮਾਂ ਰਹਿੰਦੇ ਹਨ ਅਤੇ ਉਨ੍ਹਾਂ ਦੇ ਬਿਮਾਰ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ।

ਕੀ ਕੁਝ ਦਵਾਈਆਂ ਨਾਲ ਇਸ ਦਾ ਖ਼ਤਰਾ ਵਧ ਜਾਂਦਾ ਹੈ?

ਹਾਂ, ਪਰ ਲੋਕਾਂ ਨੂੰ ਆਪਣੀਆਂ ਦਵਾਈਆਂ ਲਗਾਤਾਰ ਲੈਣੀਆਂ ਚਾਹੀਦੀਆਂ ਹਨ।

ਇਸੇ ਨਾਲ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਰੀਰ ਵਿੱਚ ਠੰਢਕ ਰਹੇ ਅਤੇ ਜ਼ਿਆਦਾ ਪਾਣੀ ਅਤੇ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ।

ਡਾਇਯੂਰੈਟਿਕ ਦਵਾਈਆਂ ਨਾਲ ਸਰੀਰ ਵਿਚੋਂ ਨਿਕਲਣ ਵਾਲੇ ਪਾਣੀ ਦੀ ਮਾਤਰਾ ਵਧ ਜਾਂਦੀ ਹੈ।

ਇਸ ਦਾ ਕਾਫੀ ਪ੍ਰਯੋਗ ਕੀਤਾ ਜਾਂਦਾ ਹੈ, ਖਾਸਕਰ ਦਿਲ ਨਾਲ ਸਬੰਧਿਤ ਬਿਮਾਰੀਆਂ ਲਈ।

ਜਦੋਂ ਤਾਪਮਾਨ ਵਧ ਜਾਂਦਾ ਹੈ ਇਨ੍ਹਾਂ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਅਤੇ ਲੋੜੀਂਦੇ ਖਣਿਜ ਪਦਾਰਥਾਂ ਦੀ ਕਮੀ ਹੋ ਸਕਦੀ ਹੈ।

ਐਂਟੀ-ਹਾਈਪਰਟੈਨਸਿਵ ਦਵਾਈਆਂ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿੱਚ ਸਹਾਇਤਾ ਕਰਦੀਆਂ ਹਨ।

ਹੀਟਸਟ੍ਰੋਕ ਦੌਰਾਨ ਇਹ ਸਰੀਰ ਦਾ ਤਾਪਮਾਨ ਘਟਾਉਣ ਵਿੱਚ ਮਦਦ ਕਰਨ ਵਾਲੀਆਂ ਧਮਨੀਆਂ ਵਿੱਚ ਮਿਲ ਕੇ ਬਲੱਡ ਪ੍ਰੈਸ਼ਰ ਨੂੰ ਖ਼ਤਰਨਾਕ ਲੈਵਲ ਤੱਕ ਘਟਾ ਸਕਦੀਆਂ ਹਨ।

ਮਿਰਗੀ ਅਤੇ ਪਾਰਕਿਨਸਨ ਦੇ ਇਲਾਜ ਵਾਲੀਆਂ ਕੁਝ ਦਵਾਈਆਂ ਵੀ ਸਰੀਰ ਵਿੱਚ ਪਸੀਨਾ ਘਟਾ ਸਕਦੀਆਂ ਹਨ ਜਿਸ ਕਰਕੇ ਸਰੀਰ ਉੱਪਰ ਜ਼ਿਆਦਾ ਬੋਝ ਪੈ ਸਕਦਾ ਹੈ।

ਸਟੈਟਿਨ ਅਤੇ ਲੀਥੀਅਮ ਦਵਾਈਆਂ ਵੀ ਸਰੀਰ ਲਈ ਮੁਸੀਬਤ ਬਣ ਸਕਦੀਆਂ ਹਨ ਜੇਕਰ ਉਨ੍ਹਾਂ ਦੀ ਮਾਤਰਾ ਖ਼ੂਨ ਵਿਚ ਵੱਧ ਜਾਵੇ ਅਤੇ ਸਰੀਰ ਵਿੱਚੋਂ ਜ਼ਿਆਦਾ ਤਰਲ ਪਦਾਰਥ ਨਿਕਲ ਜਾਣ।

ਕੀ ਗਰਮੀ ਨਾਲ ਮੌਤ ਹੋ ਸਕਦੀ ਹੈ?

ਹਾਂ- ਹੀਟਸਟ੍ਰੋਕ ਕਾਰਨ ਹਰ ਸਾਲ ਹਜ਼ਾਰਾਂ ਮੌਤਾਂ ਹੁੰਦੀਆਂ ਹਨ।

ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਮੌਤਾਂ ਦਿਲ ਦੇ ਦੌਰੇ ਅਤੇ ਸਟ੍ਰੋਕ ਕਾਰਨ ਹੁੰਦੀਆਂ ਹਨ। ਜਦੋਂ ਸਰੀਰ ਨਾਰਮਲ ਤਾਪਮਾਨ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਾਫੀ ਬੋਝ ਪੈਂਦਾ ਹੈ ਜਿਸ ਕਾਰਨ ਕਈ ਵਾਰ ਮੌਤ ਹੋ ਜਾਂਦੀ ਹੈ।

ਕਈ ਪ੍ਰਮਾਣਾਂ ਅਨੁਸਾਰ ਗਰਮੀ ਦੀ ਚਰਮ ਸੀਮਾ ਨਾਲੋਂ ਗਰਮੀ ਦੀ ਸ਼ੁਰੂਆਤ ਵਿੱਚ ਵੱਧ ਤਾਪਮਾਨ ਕਾਰਨ ਜ਼ਿਆਦਾ ਮੌਤਾਂ ਹੁੰਦੀਆਂ ਹਨ।

ਇਸ ਦਾ ਕਾਰਨ ਹੋ ਸਕਦਾ ਹੈ ਕਿ ਜਿਉਂ-ਜਿਉਂ ਗਰਮੀ ਵਧਦੀ ਹੈ ਸਾਡਾ ਸਰੀਰ ਗਰਮੀ ਨੂੰ ਝੱਲਣ ਲਈ ਤਿਆਰ ਹੋ ਜਾਂਦਾ ਹੈ।

ਕਈ ਪ੍ਰਮਾਣਾਂ ਅਤੇ ਸਬੂਤਾਂ ਅਨੁਸਾਰ ਹੀਟਵੇਵ ਦੇ ਪਹਿਲੇ 24 ਘੰਟਿਆਂ ਦੌਰਾਨ ਮੌਤ ਦਰ ਕਾਫ਼ੀ ਤੇਜ਼ੀ ਨਾਲ ਵੱਧਦੀ ਹੈ।

ਇਹ ਸ਼ੀਤ ਲਹਿਰ ਨਾਲੋਂ ਕਾਫੀ ਵੱਖਰਾ ਹੈ ਕਿਉਂਕਿ ਉਸ ਨਾਲ ਵੀ ਮੌਤ ਹੋ ਸਕਦੀ ਹੈ ਪਰ ਉਸ ਦੇ ਅਸਰ ਲਈ ਲੰਬਾ ਸਮਾਂ ਲੱਗਦਾ ਹੈ।

2010 ਦੀ ਇੱਕ ਸੋਧ ਅਨੁਸਾਰ ਯੂਰਪ ਦੇ ਨੌ ਸ਼ਹਿਰਾਂ ਵਿੱਚ ਹੀਟਵੇਵ ਕਾਰਨ ਮੌਤਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ। ਇਸ ਵਿੱਚ ਪਾਇਆ ਗਿਆ ਕਿ ਹੀਟਵੇਵ ਕਾਰਨ 7.6 ਪ੍ਰਤੀਸ਼ਤ ਤੋਂ 33.6 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ।

ਇਹ ਦੋਵੇਂ ਅੰਕੜੇ ਮਿਊਨਿਖ ਅਤੇ ਮਿਲਾਨ ਦੇ ਹਨ।

ਇੱਕ ਅੰਦਾਜ਼ੇ ਅਨੁਸਾਰ 2003 ਵਿੱਚ ਹੀਟਵੇਵ ਕਾਰਨ ਯੂਰਪ ਵਿਚ ਸੱਤਰ ਹਜ਼ਾਰ ਵਧੇਰੇ ਮੌਤਾਂ ਦਰਜ ਕੀਤੀਆਂ ਗਈਆਂ ਸਨ।

ਦਿਨ ਬਨਾਮ ਰਾਤ ਦੇ ਤਾਪਮਾਨ

ਦਿਨ ਵੇਲੇ ਸੂਰਜ ਕਾਰਨ ਤਾਪਮਾਨ ਰਾਤ ਨਾਲੋਂ ਵੱਧ ਰਹਿੰਦਾ ਹੈ ਪਰ ਰਾਤ ਸਮੇਂ ਦੇ ਤਾਪਮਾਨ ਵੀ ਕਾਫ਼ੀ ਅਹਿਮ ਹਨ।

ਰਾਤ ਦੇ ਸਮੇਂ ਸਾਡੇ ਸਰੀਰ ਨੂੰ ਆਰਾਮ ਦੀ ਜ਼ਰੂਰਤ ਹੁੰਦੀ ਹੈ।

ਜੇਕਰ ਦਿਨ ਰਾਤ ਸਾਡਾ ਸਰੀਰਕ ਤਾਪਮਾਨ ਨੂੰ ਕਾਬੂ ਵਿਚ ਕਰਨ ਲਈ ਕੰਮ ਕਰਦਾ ਰਹੇਗਾ ਤਾਂ ਇਸ ਨਾਲ ਸਿਹਤ ਨਾਲ ਸਬੰਧਿਤ ਖਤਰੇ ਵਧਣ ਦੇ ਆਸਾਰ ਬਣ ਜਾਂਦੇ ਹਨ।

ਗਰਮੀ ਵਿੱਚ ਅਸੀਂ ਕੀ ਕਰੀਏ?

ਇਸ ਦਾ ਆਸਾਨ ਅਤੇ ਸਿੱਧਾ ਜਵਾਬ ਹੈ ਕਿ ਸਰੀਰ ਨੂੰ ਠੰਢਾ ਰੱਖਿਆ ਜਾਵੇ ਅਤੇ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ।

ਆਪਣੇ ਸੁਭਾਅ ਅਤੇ ਕੰਮ ਦੇ ਸਮੇਂ ਵਿੱਚ ਬਦਲਾਅ ਕੀਤੇ ਜਾ ਸਕਦੇ ਹਨ।

ਠੀਕ ਮਾਤਰਾ ਵਿੱਚ ਪਾਣੀ ਜਾਂ ਦੁੱਧ ਪੀਤਾ ਜਾਵੇ। ਚਾਹ ਤੇ ਕੌਫੀ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ ਪਰ ਸ਼ਰਾਬ ਬਾਰੇ ਖਾਸ ਖਿਆਲ ਰੱਖਿਆ ਜਾਵੇ ਕਿਉਂਕਿ ਇਸ ਨਾਲ ਸਰੀਰ ਵਿੱਚੋਂ ਪਾਣੀ ਘਟ ਜਾਂਦਾ ਹੈ।

ਸਰੀਰ ਨੂੰ ਠੰਢਾ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ। ਜੇਕਰ ਬਾਹਰ ਦਾ ਤਾਪਮਾਨ ਅੰਦਰ ਨਾਲੋਂ ਜ਼ਿਆਦਾ ਹੈ ਤਾਂ ਖਿੜਕੀਆਂ ਅਤੇ ਪਰਦੇ ਬੰਦ ਰੱਖੇ ਜਾਣ।

ਬਾਹਰ ਹਵਾ ਅਤੇ ਛਾਂ ਦੌਰਾਨ ਟਹਿਲਣ ਲਈ ਨਿਕਲਣਾ ਬਿਹਤਰ ਹੈ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)