ਜ਼ਾਇਕੋਵ-ਡੀ: ਕੋਰੋਨਾਵਾਇਰਸ ਦਾ ਬੱਚਿਆਂ ਲਈ ਟੀਕਾ ਕਦੋਂ ਆ ਰਿਹਾ ਤੇ ਇਸ ਵਿਚ ਖਾਸ ਕੀ ਹੈ

    • ਲੇਖਕ, ਅਨੰਤ ਪ੍ਰਕਾਸ਼
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ ਦੇਸੀ ਫਾਰਮਾਸਿਊਟੀਕਲ ਕੰਪਨੀ ਜ਼ਾਇਡਸ ਕੈਡਿਲਾ ਦੀ ਵੈਕਸੀਨ ਜ਼ਾਇਕੋਵ-ਡੀ ਛੇਤੀ ਹੀ ਬੱਚਿਆਂ ਦੇ ਵੈਕਸੀਨੇਸ਼ਨ ਲਈ ਉਪਲੱਬਧ ਹੋ ਸਕਦੀ ਹੈ।

ਇਸ ਵੈਕਸੀਨ ਨੂੰ ਅਗਲੇ ਕੁਝ ਹਫ਼ਤਿਆਂ 'ਚ ਡਰੱਗਜ਼ ਕੰਟਰੋਲਰ ਆਫ਼ ਇੰਡੀਆ ਵੱਲੋਂ ਮਨਜ਼ੂਰੀ ਮਿਲ ਸਕਦੀ ਹੈ, ਜਿਸ ਦੇ ਨਾਲ ਹੀ ਜ਼ਾਇਕੋਵ-ਡੀ ਦੁਨੀਆਂ ਦੀ ਪਹਿਲੀ ਡੀਐਨਏ ਆਧਾਰਿਤ ਵੈਕਸੀਨ ਬਣ ਜਾਵੇਗੀ।

ਭਾਰਤ ਸਰਕਾਰ ਨੇ ਲੰਘੇ ਸ਼ਨੀਵਾਰ ਸੁਪਰੀਮ ਕੋਰਟ ਨੂੰ ਵੈਕਸੀਨ ਉਪਲੱਬਧਤਾ ਨਾਲ ਜੁੜੇ ਅੰਕੜੇ ਦਿੰਦੇ ਹੋਏ ਦੱਸਿਆ ਕਿ ਜ਼ਾਇਕੋਵ-ਡੀ ਵੈਕਸੀਨ ਜੁਲਾਈ-ਅਗਸਤ ਤੱਕ 12 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਦੇ ਲਈ ਉਪਲੱਬਧ ਹੋ ਜਾਵੇਗੀ।

ਇਹ ਵੀ ਪੜ੍ਹੋ :

ਸਰਕਾਰ ਨੇ ਆਪਣੇ ਹਲਫ਼ਨਾਮੇ 'ਚ ਕਿਹਾ ਹੈ ਕਿ ਅਗਸਤ 2021 ਤੋਂ ਦਸੰਬਰ 2021 ਵਿਚਾਲੇ ਭਾਰਤ ਸਰਕਾਰ ਕੋਲ ਕੁੱਲ 131 ਕਰੋੜ ਵੈਕਸੀਨ ਡੋਜ਼ ਉਪਲਬਧ ਹੋਣ ਦੀ ਸੰਭਾਵਨਾ ਹੈ।

ਇਨ੍ਹਾਂ ਵਿੱਚ ਕੋਵੀਸ਼ੀਲਡ ਦੀਆਂ 50 ਕਰੋੜ, ਕੋਵੈਕਸੀਨ ਦੀਆਂ 40 ਕਰੋੜ, ਬਾਇਓ ਈ ਸਬ ਯੂਨਿਟ ਵੈਕਸੀਨ ਦੀਆਂ 30 ਕਰੋੜ, ਸਪੁਤਨਿਕ ਵੀ ਦੀਆਂ 10 ਕਰੋੜ ਅਤੇ ਜ਼ਾਇਡਸ ਕੈਡਿਲਾ ਦੀਆਂ 5 ਕਰੋੜ ਡੋਜ਼ ਸ਼ਾਮਲ ਹਨ।

ਭਾਰਤ ਸਰਕਾਰ ਨੇ ਫ਼ਿਲਹਾਲ ਤਿੰਨ ਵੈਕਸੀਨਾਂ ਨੂੰ ਆਪਾਤਕਾਲੀਨ ਮਨਜ਼ੂਰੀ ਦਿੱਤਾ ਹੋਈ ਹੈ ਜਿਨ੍ਹਾਂ 'ਚ ਕੋਵੀਸ਼ੀਲਡ, ਕੋਵੈਕਸੀਨ ਅਤੇ ਰੂਸੀ ਵੈਕਸੀਨ ਸਪੁਤਨਿਕ ਵੀ ਹਨ। ਇਹ ਸਾਰੀਆਂ ਦੋ ਡੋਜ਼ ਵਾਲੀਆਂ ਵੈਕਸੀਨ ਹਨ।

ਪਰ ਜ਼ਾਇਕੋਵ-ਡੀ ਨੂੰ ਮਨਜ਼ੂਰੀ ਮਿਲਣ ਦੇ ਨਾਲ ਹੀ ਟੀਕਾਕਰਣ ਲਈ ਚਾਰ ਵੈਕਸੀਨ ਉਪਲਬਧ ਹੋਣਗੀਆਂ ਜਿਨ੍ਹਾਂ ਵਿੱਚੋਂ ਦੋ ਵੈਕਸੀਨ ਭਾਰਤ ਵਿੱਚ ਬਣੀਆਂ ਹਨ।

ਇਹ ਵੈਕਸੀਨ ਖ਼ਾਸ ਕਿਉਂ?

ਡਾਇਰੈਕਟੋਰੇਟ ਜਨਰਲ ਆਫ਼ ਸਿਵਿਲ ਏਵੀਏਸ਼ਨ (DGCA) ਤੋਂ ਮਨਜ਼ੂਰੀ ਮਿਲਣ ਦੀ ਸਥਿਤੀ 'ਚ ਜ਼ਾਇਕੋਵ-ਡੀ ਦੁਨੀਆਂ ਦੀ ਪਹਿਲੀ DNA ਆਧਾਰਿਤ ਵੈਕਸੀਨ ਦਾ ਦਰਜਾ ਹਾਸਲ ਕਰ ਲਵੇਗੀ। ਇਹ ਇੱਕ ਦੂਜੀ ਸਵਦੇਸ਼ੀ ਵੈਕਸੀਨ ਹੈ ਜਿਸ ਨੂੰ ਸੰਪੂਰਣ ਤੌਰ 'ਤੇ ਭਾਰਤ ਵਿੱਚ ਹੀ ਤਿਆਰ ਕੀਤਾ ਗਿਆ ਹੈ।

ਕੰਪਨੀ ਦੇ ਪ੍ਰਬੰਧ ਨਿਦੇਸ਼ਕ ਡਾ. ਸ਼ਰਵਿਲ ਪਟੇਲ ਨੇ ਹਾਲ ਹੀ 'ਚ ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ -

  • ਇਸ ਵੈਕਸੀਨ ਦਾ 28,000 ਵਾਲੰਟੀਅਰਜ਼ 'ਤੇ ਕਲੀਨਿਕਲ ਟ੍ਰਾਇਲ ਕੀਤਾ ਗਿਆ ਹੈ ਜੋ ਕਿ ਦੇਸ਼ 'ਚ ਸਭ ਤੋਂ ਵੱਡਾ ਕਲੀਨਿਕਲ ਟ੍ਰਾਇਲ ਹੈ।
  • ਕਲੀਨਿਕਲ ਟ੍ਰਾਇਲ 'ਚ 12 ਤੋਂ 18 ਸਾਲ ਦੇ ਬੱਚਿਆਂ ਸਣੇ ਸਾਰੇ ਉਮਰ ਵਰਗ ਦੇ ਲੋਕ ਸ਼ਾਮਲ ਹਨ।
  • ਵੈਕਸੀਨ ਲਗਾਉਣ ਲਈ ਇੰਜੈਕਸ਼ਨ ਦੀ ਲੋੜ ਨਹੀਂ ਹੈ। ਇਹ ਇੱਕ ਇੰਟ੍ਰਾ-ਡਰਮਲ ਵੈਕਸੀਨ ਹੈ ਜਿਸ 'ਚ ਮਾਸਪੇਸ਼ੀਆਂ 'ਚ ਟੀਕਾ ਲਗਾਉਣ ਦੀ ਲੋੜ ਨਹੀਂ ਹੁੰਦੀ। ਇਹ ਚੀਜ਼ ਵੈਕਸੀਨ ਦੀ ਈਜ਼ ਆਫ਼ ਡਿਲੀਵਰੀ ਯਾਨੀ ਵੰਡਣ ਵਿੱਚ ਸਹਾਇਕ ਹੋਵੇਗੀ।
  • ਇਸ ਵੈਕਸੀਨ ਨੂੰ 2 ਤੋਂ 8 ਡਿਗਰੀ ਸੈਲਸੀਅਸ 'ਤੇ ਲੰਬੇ ਸਮੇਂ ਤੱਕ ਲਈ ਰੱਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ 25 ਡਿਗਰੀ ਸੈਲਸੀਅਸ ਉੱਤੇ ਚਾਰ ਮਹੀਨੇ ਲਈ ਰੱਖਿਆ ਜਾ ਸਕਦਾ ਹੈ।
  • ਇਸ ਵੈਕਸੀਨ ਨੂੰ ਨਵੇਂ ਵੇਰੀਐਂਟਸ ਲਈ ਵੀ ਅਪਡੇਟ ਕੀਤਾ ਜਾ ਸਕਦਾ ਹੈ।
  • ਸ਼ੁਰੂਆਤੀ ਦਿਨਾਂ 'ਚ ਅਸੀਂ ਇੱਕ ਮਹੀਨੇ 'ਚ ਇਸ ਵੈਕਸੀਨ ਦੀਆਂ 1 ਕਰੋੜ ਡੋਜ਼ ਤਿਆਰ ਕਰਨ ਜਾ ਰਹੇ ਹਾਂ।

DNA ਆਧਾਰਿਤ ਵੈਕਸੀਨ

ਜ਼ਾਇਕੋਵ-ਡੀ ਇੱਕ ਡੀਐਨਏ ਆਧਾਰਿਤ ਵੈਕਸੀਨ ਹੈ ਜਿਸ ਨੂੰ ਦੁਨੀਆਂ ਭਰ 'ਚ ਜ਼ਿਆਦਾ ਕਾਰਗਰ ਵੈਕਸੀਨ ਪਲੇਟਫਾਰਮ ਦੇ ਤੌਰ 'ਤੇ ਦੇਖਿਆ ਜਾਂਦਾ ਹੈ।

ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਨਾਲ ਜੁੜੇ ਡਾ. ਬੀਐਲ ਸ਼ੇਰਵਾਲ ਇਸ ਵੈਕਸੀਨ ਨੂੰ ਬਣਾਏ ਜਾਣ ਦੇ ਢੰਗ ਨੂੰ ਸਮਝਾਉਂਦੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਹ ਕਹਿੰਦੇ ਹਨ, ''ਇਨਸਾਨ ਦੇ ਸਰੀਰ 'ਤੇ ਦੋ ਤਰ੍ਹਾਂ ਦੇ ਵਾਇਰਸ - ਡੀਐਨਏ ਅਤੇ ਆਰਐਨਏ ਦੇ ਹਮਲਿਆੰ ਦੀ ਗੱਲ ਕੀਤੀ ਜਾਂਦੀ ਹੈ। ਕੋਰੋਨਾਵਾਇਰਸ ਇੱਕ ਆਰਐਨਏ ਵਾਇਰਸ ਹੈ ਜੋ ਇੱਕ ਸਿੰਗਲ ਸਟ੍ਰੈਂਡੇਡ ਵਾਇਰਸ ਹੁੰਦੀ ਹੈ। ਡੀਐਨਏ ਡਬਲ ਸਟ੍ਰੈਂਡੇਡ ਹੁੰਦਾ ਹੈ ਅਤੇ ਮਨੁੱਖ ਦੇ ਸਰੀਰ 'ਚ ਸੈੱਲਾਂ ਅੰਦਰ ਡੀਐਨਏ ਹੁੰਦਾ ਹੈ। ਇਸ ਲਈ ਜਦੋਂ ਅਸੀਂ ਇਸ ਨੂੰ RNA ਤੋਂ DNA ਵਿੱਚ ਬਦਲਦੇ ਹਾਂ ਤਾਂ ਇਸ ਦੀ ਇੱਕ ਕਾਪੀ ਬਣਾਉਂਦੇ ਹਾਂ। ਇਸ ਤੋਂ ਬਾਅਦ ਇਹ ਡਬਲ ਸਟ੍ਰੈਂਡੇਡ ਬਣਦਾ ਹੈ ਅਤੇ ਆਖ਼ਿਰਕਾਰ ਇਸ ਨੂੰ ਡੀਐਨਏ ਦੀ ਸ਼ਕਲ ਵਿੱਚ ਢਾਲਿਆ ਜਾਂਦਾ ਹੈ।''

''ਅਜਿਹਾ ਮੰਨਿਆ ਜਾਂਦਾ ਹੈ ਕਿ ਡੀਐਨਏ ਵੈਕਸੀਨ ਜ਼ਿਆਦਾ ਤਾਕਤਵਰ ਅਤੇ ਕਾਰਗਰ ਹੁੰਦੀ ਹੈ। ਹੁਣ ਤੱਕ ਸਮਾਲਪੌਕਸ ਤੋਂ ਲੈ ਕੇ ਹਪੀਰਜ਼ ਵਰਗੀਆਂ ਸਮੱਸਿਆਵਾਂ ਲਈ ਡੀਐਨਏ ਵੈਕਸੀਨ ਹੀ ਦਿੱਤੀ ਜਾਂਦੀ ਹੈ।''

2 ਦੀ ਥਾਂ 3 ਖ਼ੁਰਾਕਾਂ ਕਿਉਂ?

ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇਸ ਵੈਕਸੀਨ ਨੂੰ 28 ਦਿਨਾਂ ਦੇ ਵਕਫ਼ੇ ਵਿੱਚ ਤਿੰਨ ਡੋਜ਼ ਵਿੱਚ ਦਿੱਤਾ ਜਾਵੇਗਾ। ਜਦਕਿ ਹੁਣ ਤੱਕ ਉਪਲਬਧ ਵੈਕਸੀਨ ਸਿਰਫ਼ ਦੋ ਡੋਜ਼ 'ਚ ਹੀ ਦਿੱਤੀ ਜਾ ਰਹੀ ਸੀ।

ਅਜਿਹੇ 'ਚ ਸਵਾਲ ਆਉਂਦਾ ਹੈ ਕਿ ਕੀ ਇਸ ਵੈਕਸੀਨ 'ਚ ਉਹ ਸਮਰੱਥਾ ਨਹੀਂ ਹੈ ਕਿ ਇਹ ਦੋ ਡੋਜ਼ 'ਚ ਲੋੜੀਂਦੇ ਐਂਟੀਬੌਡੀਜ਼ ਪੈਦਾ ਕਰ ਸਕੇ।

ਡਾ. ਸ਼ੇਰਵਾਲ ਮੰਨਦੇ ਹਨ ਕਿ ਤਿੰਨ ਡੋਜ਼ ਦੀ ਵਜ੍ਹਾ ਕਰਕੇ ਵੈਕਸੀਨ ਨੂੰ ਘੱਟ ਅਸਰਦਾਰ ਨਹੀਂ ਮੰਨਣਾ ਚਾਹੀਦਾ।

ਇਹ ਵੀ ਪੜ੍ਹੋ:

ਉਹ ਕਹਿੰਦ ਹਨ, ''ਵੈਕਸੀਨ ਦੀ ਪਹਿਲੀ ਡੋਜ਼ ਤੋਂ ਬਾਅਦ ਇਹ ਦੇਖਿਆ ਜਾਂਦਾ ਹੈ ਕਿ ਵੈਕਸੀਨ ਲੈਣ ਵਾਲੇ ਵਿਅਕਤੀ 'ਚ ਪਹਿਲੀ ਖ਼ੁਰਾਕ ਨਾਲ ਕਿੰਨੀ ਰੋਗ ਪ੍ਰਤੀਰੋਧਕ ਸਮਰੱਥਾ ਵਿਕਸਿਤ ਹੋਈ ਹੈ। ਜੇ ਲੋੜੀਂਦੀ ਸਮਰੱਥਾ ਵਿਕਸਿਤ ਨਹੀਂ ਹੁੰਦੀ ਹੈ ਤਾਂ ਦੂਜੀ ਅਤੇ ਤੀਜੀ ਡੋਜ਼ ਦਿੱਤੀ ਜਾਂਦੀ ਹੈ।''

''ਮੈਨੂੰ ਇਸ ਤਰ੍ਹਾਂ ਲਗਦਾ ਹੈ ਕਿ ਡੋਜ਼ ਘੱਟ ਹੋਣ ਕਰਕੇ ਐਂਟੀਬੌਡੀਜ਼ ਘੱਟ ਬਣਦੇ ਹਨ। ਇਸ ਤੋਂ ਬਾਅਦ ਦੂਜੀ ਅਤੇ ਤੀਜੀ ਡੋਜ਼ ਦਿੱਤੀ ਜਾਂਦੀ ਹੈ। ਪਰ ਅਜਿਹਾ ਨਹੀਂ ਹੈ ਕਿ ਇਸ ਕਾਰਨ ਇਸ ਨੂੰ ਘੱਟ ਅਸਰਦਾਰ ਮੰਨਿਆ ਜਾਵੇ। ਪਹਿਲੀ ਖ਼ੁਰਾਕ ਤੋਂ ਬਾਅਦ ਦੂਜੀ ਤੇ ਤੀਜ਼ ਖ਼ੁਰਾਕ ਬੂਸਟਰ ਦਾ ਕੰਮ ਕਰਦੀ ਹੈ। ਐਂਟੀਬੌਡੀਜ਼ ਦੀ ਮਾਤਰਾ ਵੀ ਜ਼ਿਆਦਾ ਹੋਵੇਗੀ। ਮੇਰਾ ਮੰਨਣਾ ਹੈ ਕਿ ਇਸ ਤੋਂ ਸੁਰੱਖਿਆ ਲੰਬੇ ਸਮੇਂ ਤੱਕ ਵੀ ਹੋ ਸਕਦੀ ਹੈ।''

ਕਦੋਂ ਤੱਕ ਆਵੇਗੀ ਵੈਕਸੀਨ?

ਇਹ ਵੈਕਸੀਨ ਇੱਕ ਅਜਿਹੇ ਸਮੇਂ 'ਤੇ ਆ ਰਹੀ ਹੈ ਜਦੋਂ ਵੱਖ-ਵੱਖ ਸਿੱਖਿਅਕ ਅਦਾਰੇ ਪ੍ਰੀਖਿਆਵਾਂ 'ਚ ਵਿਦਿਆਰਥੀਆਂ ਦੀ ਉਪਸਥਿਤੀ ਲਈ ਸੁਪਰੀਮ ਕੋਰਟ ਦੇ ਚੱਕਰ ਕੱਟ ਰਹੇ ਹਨ।

ਸੁਪਰੀਮ ਕੋਰਟ ਨੇ ਮੰਗਰਵਾਰ ਨੂੰ ਚਾਰਟੇਡ ਅਕਾਉਂਟੇਂਸੀ ਦੀ ਪ੍ਰੀਖਿਆ 'ਚ ਵਿਦਿਆਰਥੀਆਂ ਦੀ ਵਿਅਕਤੀਗਤ ਉਪਸਥਿਤੀ ਦੀ ਇਜਾਜ਼ਤ ਦੇ ਦਿੱਤੀ ਹੈ।

ਪਰ ਇਸ ਤੋਂ ਪਹਿਲਾਂ CBSE ਸਣੇ ਕਈ ਸਿੱਖਿਆ ਬੋਰਡਾਂ ਨੂੰ 10ਵੀਂ ਅਤੇ 12ਵੀਂ ਦੀ ਸਲਾਨਾ ਪ੍ਰੀਖਿਆਵਾਂ ਵੀ ਰੱਦ ਕਰਨੀਆਂ ਪਈਆਂ ਸਨ।

ਭਾਰਤ 'ਚ ਕੋਰੋਨਾਵਾਇਰਸ ਆਉਣ ਤੋਂ ਲਗਭਗ ਡੇਢ ਸਾਲ ਬਾਅਦ ਵੀ ਕਰੋੜਾਂ ਬੱਚੇ ਆਨਲਾਈਨ ਕਲਾਸਾਂ ਲੈਣ ਅਤੇ ਪ੍ਰੀਖਿਆਵਾਂ ਦੇਣ ਲਈ ਮਜਬੂਰ ਹਨ।

ਇਸ ਦੀ ਇੱਕ ਵਜ੍ਹਾ ਬੱਚਿਆਂ ਲਈ ਵੈਕਸੀਨ ਉਪਲਬਧ ਨਾ ਹੋਣਾ ਰਹੀ ਹੈ। ਇਹੀ ਨਹੀਂ, ਭਾਰਤ 'ਚ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਗਿਣਤੀ ਲਗਭਗ 14 ਕਰੋੜ ਦੱਸੀ ਜਾਂਦੀ ਹੈ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਇਸ ਵੱਡੇ ਉਮਰ ਵਰਗ ਲਈ ਇਹ ਵੈਕਸੀਨ ਕਦੋਂ ਤੱਕ ਆ ਜਾਵੇਗੀ।

ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਟੀਕਾਕਰਣ 'ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਦੇ ਪ੍ਰਧਾਨ ਡਾ. ਐਨ ਕੇ ਅਰੋੜਾ ਨੇ ਦੱਸਿਆ ਕਿ ਇਸ ਵੈਕਸੀਨ ਦਾ ਟ੍ਰਾਇਲ ਲਗਭਗ ਪੂਰਾ ਹੋ ਗਿਆ ਹੈ।

ਉਹ ਕਹਿੰਦੇ ਹਨ, ''ਸਾਡੀ ਜਾਣਕਾਰੀ ਮੁਤਾਬਕ, ਜਾਇਡਸ ਕੈਡਿਲਾ ਦਾ ਟ੍ਰਾਇਲ ਲਗਭਗ ਪੂਰਾ ਹੋ ਚੁੱਕਿਆ ਹੈ। ਇਸ ਦੇ ਨਤੀਜੇ ਇਕੱਠੇ ਕਰਨ ਅਤੇ ਉਨ੍ਹਾਂ 'ਤੇ ਫ਼ੈਸਲੇ ਲੈਣ ਦੀ ਪ੍ਰਕਿਰਿਆ 'ਚ ਚਾਰ ਤੋਂ ਛੇ ਹਫ਼ਤਿਆਂ ਦਾ ਸਮਾਂ ਲੱਗ ਜਾਂਦਾ ਹੈ। ਮੈਨੂੰ ਲਗਦਾ ਹੈ ਕਿ ਜੁਲਾਈ ਦੇ ਅਖੀਰ ਤੱਕ ਜਾਂ ਅਗਸਤ 'ਚ ਅਸੀਂ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਸੰਭਾਵੀ ਤੌਰ 'ਤੇ ਵੈਕਸੀਨ ਦੇ ਸਕਾਂਗੇ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)