ਕੋਰੋਨਾਵਾਇਰਸ ਬਾਰੇ ਹੁਣ ਤੱਕ ਜੋ ਅਸੀਂ ਜਾਣਦੇ ਹਾਂ ਅਤੇ ਜੋ ਨਹੀਂ ਜਾਣਦੇ

ਕੋਵਿਡ-19 ਨੂੰ ਸਮਝਣ ਵਿੱਚ ਇੱਕ ਵੱਡੀ ਮੁਸ਼ਕਲ ਇਹ ਹੈ ਕਿ ਇਸ ਬਾਰੇ ਸਾਰੀ ਖੋਜ ਸਰਕਸ ਦੇ ਪਿੜ ਵਿੱਚ ਹੋ ਰਹੀ ਹੋਵੇ, ਨਹੀਂ ਸਮਝੇ?

ਆਮ ਤੌਰ ’ਤੇ ਜਦੋਂ ਸਾਨੂੰ ਸਾਇੰਸ ਨੂੰ ਕਿਸੇ ਨਵੀਂ ਖੋਜ ਬਾਰੇ ਪਤਾ ਲਗਦਾ ਹੈ ਤਾਂ ਉਸ ਨੂੰ ਵਾਪਰਿਆਂ ਮਹੀਨੇ ਗੁਜ਼ਰ ਚੁੱਕੇ ਹੁੰਦੇ ਹਨ। ਪਹਿਲਾਂ ਕੋਈ ਖੋਜ ਹੁੰਦੀ ਹੈ, ਫਿਰ ਉਹ ਕਿਸੇ ਵਿਗਿਆਨਕ ਪੱਤਰਕਾ ਵਿੱਚ ਛਪਦੀ ਹੈ। ਫਿਰ ਕੋਈ ਮੀਡੀਆ ਅਦਾਰਾ ਜਿਵੇਂ ਬੀਬੀਸੀ ਉਸ ਨੂੰ ਛਾਪਦਾ ਹੈ, ਤਾਂ ਜਾ ਕੇ ਲੋਕਾਂ ਨੂੰ ਉਸ ਬਾਰੇ ਪਤਾ ਚਲਦਾ ਹੈ।

ਅਜਿਹਾ ਹਰ ਵੱਡੀ ਖੋਜ ਨਾਲ ਹੋਇਆ ਹੈ। ਭਾਵੇਂ ਉਹ ਕੈਂਸਰ ਦਾ ਇਲਾਜ ਹੋਏ ਜਾਂ ਮੰਗਲ ਗ੍ਰਹਿ ਤੇ ਪਾਣੀ ਮਿਲਣਾ। ਕੋਈ ਤੱਥ ਲੋਕਾਂ ਤੱਕ ਪਹੁੰਚਣ ਤੋਂ ਕਾਫ਼ੀ ਸਮਾਂ ਪਹਿਲਾਂ ਖੋਜਿਆ ਜਾ ਚੁੱਕਿਆ ਹੁੰਦਾ ਹੈ।

ਇਹ ਵੀ ਪੜ੍ਹੋ

ਕੈਂਸਰ ਦਾ ਇਲਾਜ ਹੀ ਲਓ ਲੋਕਾਂ ਨੂੰ ਪਤਾ ਲੱਗਣ ਤੋਂ ਕਈ ਚਿਰ ਪਹਿਲਾਂ ਐੱਮਆਰਆਈ ਮਸ਼ੀਨਾਂ ਨਾਲ ਮੱਥਾ ਮਾਰ ਕੇ ਸਾਇੰਸਦਾਨਾਂ ਨੇ ਇਸ ਦਾ ਹੱਲ ਕੱਢਿਆ ਪਰ ਲੋਕਾਂ ਨੂੰ ਕਦੋਂ ਪਤਾ ਲੱਗਿਆ, ਜਦੋਂ ਮੀਡੀਆ ਨੇ ਛਾਪਿਆ।

ਕੋਵਿਡ ਨਾਲ ਅਜਿਹਾ ਨਹੀਂ ਹੋਇਆ। ਕੋਰੋਨਾਵਾਇਰਸ ਬਾਰੇ ਜੋ ਵੀ ਸਾਇੰਸ ਵਿਕਸਿਤ ਹੋਈ ਅਸੀਂ ਸਾਰਿਆਂ ਨੇ ਉਸ ਨੂੰ ਅਨੁਭਵ ਕੀਤਾ ਹੈ। ਇਸ ਕਾਰਨ ਅਸੀਂ ਸ਼ਸ਼ੋਪੰਜ ਵਿੱਚ ਪੈ ਗਏ ਹਾਂ ਕਿ ਆਖ਼ਰ ਇਸ ਵਾਇਰਸ ਬਾਰੇ ਹੁਣ ਤੱਕ ਸਾਇੰਸ ਦੇ ਪਾੜ੍ਹਿਆਂ ਕੀ ਪਤਾ ਲੱਗ ਸਕਿਆ ਹੈ ਅਤੇ ਕੀ ਨਹੀਂ।

ਇਸ ਦੀ ਵਜ੍ਹਾ ਹੈ ਕਿ ਕੋਰੋਨਾਵਾਇਰਸ ਬਾਰੇ ਜੋ ਵੀ ਖੋਜ ਹੋ ਰਹੀ ਹੈ। ਉਹ ਤੁਰੰਤ ਪ੍ਰਭਾਵ ਨਾਲ ਜਨਤਕ ਹੋ ਰਹੀ ਹੈ। ਇਹ ਦਵਾਈ ਕੰਮ ਕਰੇਗੀ, ਇਹ ਨਹੀਂ ਕਰੇਗੀ, ਕੁਝ ਸਮੇਂ ਬਾਅਦ ਉਹ ਖੋਜ ਰੱਦ ਹੋ ਜਾਂਦੀ ਹੈ। ਪਹਿਲਾਂ ਕਹਿੰਦੇ ਸੀ ਹਵਾ ਵਿੱਚ ਨਹੀਂ ਜਿਉਂ ਸਕਦਾ ਹੁਣ ਕਹਿੰਦੇ ਬੰਦ ਕਮਰਿਆਂ ਵਿੱਚ ਰਹਿ ਲੈਂਦਾ ਹੈ, ਵਗੈਰਾ-ਵਗੈਰਾ।

ਹਾਲਾਂਕਿ ਦੇਖਿਆ ਜਾਵੇ ਤਾਂ ਸਾਇੰਸ ਇਸੇ ਤਰ੍ਹਾਂ ਵਿਕਾਸ ਕਰਦੀ ਹੈ ਅਤੇ ਇਹ ਵੀ ਤੈਅ ਹੈ ਕਿ ਵਿਗਿਆਨ ਆਪਣੇ ਅੰਦਰ ਨਿਰੰਤਰ ਸੁਧਾਰ ਕਰਦੇ ਰਹਿਣ ਦੇ ਉਪਾਅ ਰੱਖਦਾ ਹੈ।

ਖੋਜਾਂ ਦੀ ਪਰਖ ਕੀਤੀ ਜਾਂਦੀ ਹੈ ਅਤੇ ਦੁਬਾਰਾ ਟੈਸਟ ਕੀਤੇ ਜਾਂਦੇ ਹਨ, ਦੁਹਰਾਏ ਜਾਂਦੇ ਹਨ। ਅਧਿਐਨ-ਦਰ-ਅਧਿਐਨ ਪਹਿਲਾਂ ਨਾਲੋਂ ਕੁਝ ਸਾਫ, ਸੱਚਾਈ ਦੇ ਨੇੜੇ ਵਾਲੀ ਦੁਨੀਆਂ ਦੀ ਤਸਵੀਰ ਉੱਭਰਦੀ ਹੈ। ਸਾਇੰਸ ਸਿੱਟਿਆਂ ਤੇ ਛਾਲ ਨਹੀਂ ਮਾਰਦਾ ਸਗੋਂ ਸਿੱਟਿਆਂ ਤੱਕ ਬੜੇ ਧਿਆਨ ਨਾਲ ਸੈਰ ਕਰਦਾ ਪਹੁੰਚਦਾ ਹੈ।

ਮਹਾਮਾਰੀ ਦੀ ਐਮਰਜੈਂਸੀ ਨੇ ਸਰਬਸੰਮਤੀ ਬਣਾਉਣ, ਮਤਭੇਦਾਂ ਨੂੰ ਸੁਚਾਰੂ ਢੰਗ ਨਾਲ ਸੁਲਝਾਉਣ ਅਤੇ ਸਮੇਂ ਦੀ ਖੁੱਲ ਨਹੀਂ ਦਿੱਤੀ। ਇਸੇ ਕਰਕੇ ਸਾਰਾ ਕੁਝ ਉਲਝਿਆ- ਉਲਝਿਆ ਲਗਦਾ ਹੈ ਅਤੇ ਚੁਣੌਤੀਆਂ ਵੀ ਜ਼ਿਆਦਾ ਆਈਆਂ ਹਨ।

ਆਰਜੀ ਬਿਨਾਂ ਸਮੀਖਿਆਂ ਦੀਆਂ ਖੋਜਾਂ ਨੂੰ ਜ਼ਿਆਦਾ ਤਵੱਜੋ ਮਿਲੀ ਜਿੰਨੇ ਦੇ ਉਹ ਆਮ ਤੌਰ 'ਤੇ ਯੋਗ ਹੁੰਦੇ ਹਨ।

ਕੁਝ ਮਾਮਲਿਆਂ ਵਿੱਚ, ਵੱਖੋ-ਵੱਖ ਸੁਰਾਂ ਨੂੰ ਹੱਲਾਸ਼ੇਰੀ ਦਿੱਤੀ ਗਈ। ਅੱਡੋ-ਅੱਡ ਰਾਵਾਂ ਵਾਲੇ ਸਾਇੰਸਦਾਨਾਂ ਨੇ ਆਪੋ-ਆਪਣੇ ਵਿਚਾਰ ਸਾਡੇ ਸੁਣਨ ਲਈ ਪੇਸ਼ ਕੀਤੇ (ਜੋ ਕਿ ਅਕਸਰ ਅਜਿਹਾ ਨਹੀਂ ਕਰਦੇ)

ਇਸ ਦੌਰਾਨ, ਕੋਰੋਨਾਵਇਰਸ ਬਾਰੇ ਜੋ ਅਸੀਂ ਇੱਕ ਸਾਲ ਪਹਿਲਾਂ ਜਾਣਦੇ ਸੀ ਉਹ ਬਦਲ ਗਿਆ ਹੈ, ਕੁਝ ਵਿੱਚ ਸੁਧਾਰ ਹੋ ਗਿਆ ਹੈ ਅਤੇ ਕੁਝ ਅਜੇ ਵੀ ਧੁੰਦ ਵਿੱਚ ਕਜਿਆ ਹੈ।

ਪਿਛਲੇ ਇੱਕ ਸਾਲ ਤੋਂ ਬੀਬੀਸੀ ਨੇ ਲਗਾਤਾਰ ਇਹ ਕੋਸ਼ਿਸ਼ ਕੀਤੀ ਹੈ ਕਿ ਇਸ ਧੁੰਦ ਵਿੱਚ ਸਹੀ ਚੀਜ਼ਾਂ ਲੱਭ ਕੇ ਤੁਹਾਡੇ ਸਾਹਮਣੇ ਰੱਖੀਆਂ ਜਾਣ ਉਹ ਵੀ ਆਏ ਦਿਨ ਖੜ੍ਹੇ ਹੋ ਰਹੇ ਨਵੇਂ ਸਵਾਲਾਂ ਦੀ ਰੌਸ਼ਨੀ ਵਿੱਚ।

ਹੁਣ, ਜਦੋਂ ਕਿ ਮਹਾਮਾਰੀ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ, ਦੇਖਣਾ ਬਣਦਾ ਹੈ ਕਿ ਅਸੀਂ ਇਸ ਅਰਸੇ ਦੌਰਾਨ ਕੀ ਕੁਝ ਸਿੱਖਿਆ-ਸਮਝਿਆ ਹੈ। ਕੀ ਅਸਪਸ਼ਟ ਜਾਂ ਅਣਸਮਝਿਆ ਰਹਿੰਦਾ ਹੈ? ਅਤੇ ਕਿਹੜੇ ਨਵੇਂ ਪ੍ਰਸ਼ਨ ਉੱਭਰ ਰਹੇ ਹਨ?

ਆਓ ਕੁਝ ਸਵਾਲਾਂ ਦੇ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰੀਏ—

ਬੰਦ ਥਾਵਾਂ ਵਿੱਚ ਹਵਾਦਾਰੀ ਅਹਿਮ ਹੈ

ਸਮੇਂ ਦੇ ਨਾਲ ਅਸੀਂ ਜਾਣ ਗਏ ਹਾਂ ਕਿ ਬੰਦ ਥਾਵਾਂ ’ਤੇ ਹਵਾ ਵਿੱਚ ਤੈਰਦੇ ਵਾਇਰਸ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ।

ਸਤਹਿ ਸਾਫ਼ ਕਰਨਾ, ਮਾਸਕ ਪਾਉਣਾ ਅਤੇ ਹੱਥ ਧੋਣੇ ਸਾਰੇ ਹਾਲੇ ਵੀ ਅਹਿਮ ਹਨ, ਪਰੰਤੂ ਬੰਦ ਥਾਵਾਂ ਤੇ ਹਵਾ ਦੀ ਰਵਾਂਦਾਰੀ ਵੀ ਉਤਨੀ ਹੀ ਜ਼ਰੂਰੀ ਹੈ।

ਮਾਸਕ ਕਾਰਗਰ ਹੈ

ਠੋਸ ਅੰਕੜਿਆਂ ਦੀ ਅਣਹੋਂਦ ਵਿੱਚ, ਪਹਿਲਾਂ ਕੁਝ ਸਰਕਾਰਾਂ, ਜਿਵੇਂ ਕਿ ਯੂ.ਕੇ. ਦੀ ਸਰਕਾਰ ਮਾਸਕ ਦੀ ਸਿਫ਼ਾਰਸ਼ ਕਰਨ ਤੋਂ ਝਿਜਕ ਰਹੀ ਸੀ, ਪਰ ਦੂਜਿਆਂ ਨੇ ਕੀਤੀ।

ਸਾਵਧਾਨੀ ਵਰਤਣਾ ਸਹੀ ਰਿਹਾ। ਮਾਸਕ ਫੈਲਾਅ ਨੂੰ ਰੋਕਣ ਦਾ ਇੱਕ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਸਾਬਤ ਹੋਇਆ ਹੈ। ਫੇਸ ਸ਼ੀਲਡਾਂ ਹਾਲਾਂਕਿ, ਘੱਟ ਕਾਰਗਰ ਹਨ।

ਹੱਥ ਧੋਣਾ ਹਾਲੇ ਵੀ ਅਹਿਮ

ਕੋਰੋਨਾਵਾਇਰਸ ਖ਼ਿਲਾਫ਼ ਸਥਾਨਕ ਲੌਕਡਾਊਨ, ਸਰੀਰਕ ਦੂਰੀ ਵਰਗੀਆਂ ਸਾਵਧਾਨੀਆਂ ਦੌਰਾਨ ਜਿਹੜੀ ਅਕਸਰ ਸਾਨੂੰ ਭੁੱਲ ਜਾਂਦੀ ਹੈ ਉਹ ਹੈ- ਕਿ ਮੌਕਾ ਮਿਲਦੇ ਹੀ ਹੱਥ ਧੋਂਦੇ ਰਹੋ।

ਹਾਲਾਂਕਿ ਹੁਣ ਨਿਰਜੀਵ ਸਤਹਾਂ ਤੋਂ ਲਾਗ ਨੂੰ ਤੁਲਨਾਤਮਕ ਤੌਰ 'ਤੇ ਅਸੰਭਵ ਮੰਨਿਆ ਜਾ ਰਿਹਾ ਹੈ, ਪਰ ਇਸ ਗੱਲ ਦੇ ਸਬੂਤ ਹਨ ਕਿ ਵਿਸ਼ਾਣੂ ਲਾਗ ਵਾਲੇ ਲੋਕਾਂ ਦੇ ਹੱਥਾਂ 'ਤੇ ਹੋ ਸਕਦਾ ਹੈ ਜਿੱਥੋਂ ਇਹ ਦੂਜਿਆਂ ਤੱਕ ਪਹੁੰਚ ਸਕਦਾ ਹੈ। ਮਨੁੱਖਾਂ ਵਿੱਚ ਵੀ ਬੇਵਜ੍ਹਾ ਆਪਣੇ ਚਿਹਰੇ ਨੂੰ ਛੂਹਣ ਦੀ ਆਦਤ ਹੁੰਦੀ ਹੈ।

ਵਾਇਰਸ ਹਰ ਕਿਸੇ ’ਤੇ ਵੱਖਰੀ ਮਾਰ ਕਰਦਾ ਹੈ

ਉਮਰ ਦੇ ਫਰਕ ਦੇ ਨਾਲ-ਨਾਲ, ਇਹ ਵੀ ਸਾਹਮਣੇ ਆਇਆ ਕਿ ਵਾਇਰਸ ਮਰਦਾਂ ਨੂੰ ਔਰਤਾਂ ਨਾਲੋਂ ਵਧੇਰੇ ਪ੍ਰਭਾਵਤ ਕਰਦਾ ਹੈ।

ਕੁਝ ਨਸਲੀ ਸਮੂਹ ਦੂਜਿਆਂ ਨਾਲੋਂ ਵਧੇਰੇ ਕਮਜ਼ੋਰ ਸਨ। ਕੁਝ ਲੋਕਾਂ ਵਿੱਚ ਇੱਕ ਕਿਸਮ ਦੀ ਰਹੱਸਮਈ ਲੁਕਵੀਂ ਸ਼ਕਤੀ (ਰੋਗਾਂ ਨਾਲ ਲੜਨ ਦੀ) ਵੀ ਹੁੰਦੀ ਹੈ, ਜੋ ਕਿ ਉਨ੍ਹਾਂ ਨੇ ਮਹਾਮਾਰੀ ਤੋਂ ਬਹੁਤ ਪਹਿਲਾਂ ਹੀ ਹਾਸਲ ਕਰ ਲਈ ਹੋਵੇ।

ਵਾਇਰਸ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ

ਹਾਲਾਂਕਿ ਕੋਰੋਨਾਵਇਰਸ ਸਾਹ ਨਾਲ ਫੈਲਣ ਵਾਲਾ ਵਿਸ਼ਾਣੂ ਹੈ, ਪਰ ਇਸ ਦੀ ਮਾਰ ਫੇਫੜਿਆਂ ਤੱਕ ਹੀ ਸੀਮਤ ਨਹੀਂ ਹੈ।

ਹੁਣ ਵਿਗਿਆਨੀ ਜਾਣਦੇ ਹਨ ਕਿ ਇਹ ਉਨ੍ਹਾਂ ਸੈੱਲਾਂ ਨੂੰ ਤਬਾਹ ਕਰ ਸਕਦਾ ਹੈ ਜੋ ਖੂਨ ਦੀਆਂ ਨਾੜਾਂ ਨੂੰ ਜੋੜਦੇ ਹਨ ਅਤੇ ਹੋਰ ਮਹੱਤਵਪੂਰਨ ਅੰਗਾਂ, ਜਿਵੇਂ ਕਿ ਦਿਲ, ਦਿਮਾਗ, ਗੁਰਦੇ, ਜਿਗਰ, ਪਾਚਨ ਪ੍ਰਣਾਲੂੀ ਅਤੇ ਤਿੱਲੀ ਨੂੰ ਪ੍ਰਭਾਵਤ ਕਰ ਸਕਦਾ ਹੈ।

ਇਸ ਦਾ ਅਸਰ ਨੌਜਵਾਨਾਂ ਅਤੇ ਘੱਟ ਜੋਖਮ ਵਾਲੇ ਲੋਕਾਂ ਵਿੱਚ ਵੀ ਦੇਖਿਆ ਗਿਆ ਹੈ। ਕੋਈ ਨਹੀਂ ਜਾਣਦਾ ਕਿ ਇਹ ਕਿਸ ਵਿੱਚ ਕਿੰਨੀ ਤਬਾਹੀ ਕਰੇਗਾ, ਜਾਂ ਕੀ ਉਹ ਪੂਰੀ ਤਰ੍ਹਾਂ ਠੀਕ ਹੋ ਸਕਣਗੇ?

ਵਾਇਰਸ ਤੇਜ਼ੀ ਨਾਲ ਫੈਲਦਾ ਹੈ

ਹਾਲਾਂਕਿ ਜ਼ਿਆਦਾਤਰ ਲੋਕ ਇਹ ਨਹੀਂ ਸਮਝਦੇ। ਅਧਿਐਨਾਂ ਨੇ ਦੇਖਿਆ ਗਿਆ ਹੈ ਕਿ ਜੋ ਲੋਕ ਕੋਰੋਨਾਵਇਰਸ ਦੀ ਲਾਗਸ਼ੀਲਤਾ ਬਾਰੇ ਸ਼ੱਕ ਰੱਖਦੇ ਹਨ ਉਹ ਇਸ ਵੱਲੋਂ ਅਵੇਸਲੇ ਵੀ ਜ਼ਿਆਦਾ ਰਹਿੰਦੇ ਹਨ।

ਨਤੀਜਤਨ ਸਮਾਜਕ ਦੂਰੀ, ਹੱਥ ਧੋਣਾ ਜਾਂ ਮਾਸਕ ਪਾਉਣ ਵਰਗੇ ਉਪਾਅ ਵੀ ਘੱਟ ਕਰਦੇ ਹਨ ਅਤੇ ਲੋਕਾਂ ਨੂੰ ਵੀ ਅਜਿਹਾ ਕਰਨ ਤੋਂ ਵਰਜਦੇ ਹਨ।

ਵੈਕਸੀਨ ਸੁਰੱਖਿਅਤ ਅਤੇ ਕਾਰਗਰ ਹਨ

ਟੀਕੇ ਵਿਕਸਿਤ ਕਰਨ ਲਈ ਵਿਗਿਆਨੀਆਂ ਨੇ ਅਸਧਾਰਨ ਦਬਾਅ ਹੇਠ ਅਸਧਾਰਨ ਤੇਜ਼ੀ ਨਾਲ ਕੰਮ ਕੀਤਾ।

ਵਿਸ਼ਵਵਿਆਪੀ ਉਮੀਦ ਦੇ ਭਾਰ ਹੇਠ, ਉਨ੍ਹਾਂ ਨੇ ਸੁਰੱਖਿਅਤ, ਪ੍ਰਭਾਵੀ ਟੀਕੇ ਪ੍ਰਦਾਨ ਕੀਤੇ ਹਨ ਜਿਨ੍ਹਾਂ ਦਾ ਦਾਸਖਤੀ ਨਾਲ ਪ੍ਰੀਖਣ ਕੀਤਾ ਗਿਆ ਹੈ।

ਬੀਬੀਸੀ ਫਿਊਚਰ ਨੂੰ ਇਸ ਦਾ ਤਜ਼ਰਬਾ ਉਦੋਂ ਮਿਲਿਆ ਜਦੋਂ ਸਾਡੇ ਇੱਕ ਪੱਤਰਕਾਰ ਨੇ ਆਕਸਫੋਰਡ-ਐਸਟ੍ਰਾਜ਼ੇਨਿਕਾ ਦੇ ਟ੍ਰਾਇਲ (ਅਤੇ ਉਹ ਮਹੀਨਿਆਂ ਬਾਅਦ ਹਾਲੇ ਵੀ ਨਮੂਨੇ ਦੇ ਰਿਹਾ ਹੈ) ਵਿੱਚ ਹਿੱਸਾ ਲੈਣ ਦੀ ਸਹਿਮਤੀ ਦਿੱਤੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਟੀਕੇ ਦੀ ਇੱਕ ਖੁਰਾਕ ਦਰਮਿਆਨੀ ਸੁਰੱਖਿਆ ਪ੍ਰਦਾਨ ਕਰਦੀ ਹੈ

ਇਸ ਦੇ ਨਾਲ ਕੁਝ ਅਹਿਮ ਚੇਤਾਵਨੀਆਂ ਵੀ ਹਨ। ਸੁਰੱਖਿਆ ਦੀ ਹੱਦ ਟੀਕੇ 'ਤੇ ਨਿਰਭਰ ਕਰਦੀ ਹੈ - ਕੁਝ ਮਾਮਲਿਆਂ ਵਿੱਚ, ਹਾਲੇ ਤੱਕ ਕਿਸੇ ਬਾਰੇ ਨਿਸ਼ਚਤ ਹੋਣ ਲਈ ਲੋੜੀਂਦੇ ਅੰਕੜੇ ਨਹੀਂ ਹਨ।

ਜਦ ਤੱਕ ਤੁਹਾਨੂੰ ਬੂਸਟਰ ਖੁਰਾਕ ਨਹੀਂ ਮਿਲਦੀ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਟੀਕਾ ਨਹੀਂ ਲਗਾਇਆ ਜਾਂਦਾ ਹੈ, ਸਮਾਜਕ ਦੂਰੀ ਨੂੰ ਜਾਰੀ ਰੱਖਣਾ, ਮਾਸਕ ਪਾਉਣਾ ਅਤੇ ਜਨਤਕ ਸਿਹਤ ਦੀਆਂ ਹੋਰ ਸਲਾਹਾਂ ਦੀ ਪਾਲਣਾ ਕਰਨਾ ਮਹੱਤਵਪੂਰਨ ਹੈ।

ਦਰਅਸਲ ਪਹਿਲਾ ਟੀਕਾ ਲਗਵਾ ਕੇ ਤੁਹਾਨੂੰ ਬੇਫਿਕਰ ਨਹੀਂ ਹੋ ਜਾਣਾ ਚਾਹੀਦਾ ਸਗੋਂ ਇਹ ਸੋਚਣਾ ਚਾਹੀਦਾ ਹੈ ਕਿ ਲੱਗਿਆ ਹੀ ਨਹੀਂ।

ਹਰਡ ਇਮਿਊਨਿਟੀ ਅਤੇ ਟੀਕੇ

ਜਦੋਂ ਕਿਸੇ ਵਸੋਂ ਦੇ ਵੱਡੇ ਹਿੱਸੇ ਦਾ ਟੀਕਾਕਰਨ ਹੋ ਜਾਵੇ ਜਾਂ ਇੱਕ ਵੱਡੀ ਸੰਖਿਆ ਵਿੱਚ ਲੋਕ ਬੀਮਾਰੀ ਤੋਂ ਠੀਕ ਹੋ ਜਾਣ ਤਾਂ ਉਸ ਵਸੋਂ ਵਿੱਚ ਉਸ ਬੀਮਾਰੀ ਖ਼ਾਸ ਬਾਰੇ ਇੱਕ ਪ੍ਰਤੀਰੋਧਕ ਸਮਰੱਥਾ ਵਿਕਸਿਤ ਹੋ ਜਾਂਦੀ ਹੈ ਜਿਸ ਨੂੰ ਹਰਡ ਇਮਿਊਨਿਟੀ ਜਾਂ ਝੁੰਡ ਇਮਿਊਨਿਟੀ ਕਿਹਾ ਜਾਂਦਾ ਹੈ।

ਇਸ ਨਾਲ ਮਹਾਮਾਰੀ ਦੇ ਫੈਲਾਅ ਨੂੰ ਠੱਲ੍ਹ ਪੈ ਜਾਂਦੀ ਹੈ।

ਬਹੁਤ ਸਾਰੇ ਵਿਗਿਆਨੀ ਹੁਣ ਮੰਨਦੇ ਹਨ ਕਿ ਜੇ ਹਰਡ ਇਮਿਊਨਿਟੀ ਬਿਨਾਂ ਟੀਕੇ ਦੇ ਵਿਕਸਿਤ ਹੋਣ ਦੀ ਉਡੀਕ ਕੀਤੀ ਜਾਂਦੀ ਤਾਂ ਅਣਕਿਆਸੇ ਹਿਸਾਬ ਨਾਲ ਮੌਤਾਂ ਹੋਣੀਆਂ ਸਨ।

ਪਰ ਹਰਡ ਇਮਿਊਨਿਟੀ ਨੂੰ ਟੀਕਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਸ ਨਾਲ ਬਹੁਤ ਘੱਟ ਨੁਕਸਾਨ ਹੁੰਦਾ ਹੈ ਅਤੇ ਲਾਗ ਤੋਂ ਵਧੀਆ ਸੁਰੱਖਿਆ ਹਾਸਲ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ

ਜ਼ਿਆਦਾਤਰ ਟੀਕੇ ਸ਼ਾਇਦ ਲਾਗ ਨਹੀਂ ਰੋਕ ਸਕਦੇ

ਫਿਰ ਵੀ, ਮੌਜੂਦਾ ਕੋਵਿਡ-19 ਟੀਕਿਆਂ ਨੂੰ ਵਾਇਰਸ ਦੇ ਫੈਲਾਅ ਨੂੰ ਰੋਕਣ ਦੀ ਉਨ੍ਹਾਂ ਦੀ ਯੋਗਤਾ ਦੇ ਆਧਾਰ 'ਤੇ ਨਹੀਂ ਬਣਾਇਆ ਗਿਆ ਹੈ - ਇਸ ਦੀ ਬਜਾਏ, ਉਨ੍ਹਾਂ ਨੂੰ ਕੋਵਿਡ ਦੇ ਲੱਛਣਾਂ ਦੇ ਵਿਕਾਸ ਅਤੇ ਬੀਮਾਰ ਪੈਣ ਤੋਂ ਰੋਕਣ ਦੀ ਉਨ੍ਹਾਂ ਦੀ ਯੋਗਤਾ ਦੇ ਅਧਾਰ ਤੇ ਉਨ੍ਹਾਂ ਦਾ ਮੁਲਾਂਕਣ ਕੀਤਾ ਗਿਆ ਹੈ।

ਇਸ ਬਾਰੇ ਖੋਜ ਹਾਲੇ ਵੀ ਜਾਰੀ ਹੈ ਕਿ ਕੀ ਟੀਕੇ ਵਾਇਰਸ ਦੀ ਲਾਗ ਵੀ ਰੋਕਣਗੇ, ਕੁਝ ਸੰਕੇਤ ਇਹ ਹਨ ਕਿ ਫਾਈਜ਼ਰ-ਬਾਇਓ ਐੱਨਟੈਕ ਟੀਕਾ ਅਤੇ ਆਕਸਫੋਰਡ-ਐਸਟ੍ਰੈਜ਼ੇਨਕਾ ਟੀਕਾ ਦੋਵੇਂ ਲਾਗ ਦੇ ਫੈਲਾਅ ਨੂੰ ਘਟਾਉਂਦੇ ਹਨ।

ਕੁਝ ਸ਼ੁਰੂਆਤੀ ਸੰਕੇਤ ਇਹ ਵੀ ਹਨ ਕਿ ਹੋਰ ਟੀਕੇ ਇਸ ਨੂੰ ਪੂਰੀ ਤਰ੍ਹਾਂ ਰੋਕਣ ਦੇ ਯੋਗ ਹੋ ਸਕਦੇ ਹਨ।

ਮੌਤ ਦੀ ਦਰ ਹਰ ਦੇਸ਼ ਵਿੱਚ ਵੱਖੋ-ਵੱਖਰੀ

ਮੌਤ ਦੀ ਦਰ ਦੇ ਹਰ ਦੇਸ਼ ਵਿੱਚ ਵੱਖੋ-ਵੱਖ ਹੋਣ ਦੇ ਕਈ ਕਾਰਨ ਹਨ। ਜਿਵੇਂ ਮੌਤਾਂ ਘਟਾ ਕੇ ਦੱਸੀਆਂ ਜਾਂਦੀਆਂ ਹਨ।

ਨਤੀਜੇ ਵਜੋਂ ਵੱਖ-ਵੱਖ ਦੇਸ਼ਾਂ ਵਿੱਚ ਮੌਤ ਦਰ ਦੀ ਤੁਲਨਾ ਕਰਨਾ ਮੁਸ਼ਕਲ ਹੈ।

ਅਜਿਹਾ ਸਿਰਫ਼ ਕੋਵਿਡ-19 ਕਾਰਨ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਹੀ ਨਹੀਂ ਸਗੋਂ ਜਦੋਂ ਵੀ ਕੋਈ ਮਹਾਮਾਰੀ ਹੁੰਦੀ ਹੈ ਤਾਂ ਮੌਤਾਂ ਦੇ ਗਿਣਨ ਦੇ ਢੰਗ ਵਿੱਚ ਅਜਿਹੇ ਫਰਕ ਆਮ ਹੁੰਦੇ ਹਨ।

ਬੀਬੀਸੀ ਫਿਊਚਰ ਨੇ ਦੇਖਿਆ ਕਿ ਅਸੀਂ ਪੁਰਾਣੀਆਂ ਮਹਾਮਾਰੀਆਂ ਤੋਂ ਕੀ ਸਿੱਖ ਸਕਦੇ ਹਾਂ:

ਪਿਛਲੀਆਂ ਮਹਾਮਾਰੀਆਂ ਕਿਵੇਂ ਰੋਕੀਆਂ ਗਈਆਂ

ਜਿਸ ਹਿਸਾਬ ਨਾਲ ਕੈਨੇਡਾ ਅਤੇ ਤਾਇਵਾਨ ਵਰਗੇ ਮੁਲਕਾਂ ਨੇ 2003 ਦੀ ਸਾਰਸ ਮਹਾਮਾਰੀ ਨੂੰ ਰੋਕਣ ਦੇ ਉਪਰਾਲੇ ਕੀਤੇ ਸਨ ਉਸ ਤੋਂ ਮੌਜੂਦਾ ਕੋਵਿਡ-19 ਮਹਾਮਾਰੀ ਬਾਰੇ ਵੀ ਕਈ ਸਬਕ ਮਿਲਦੇ ਹਨ।

ਮਿਸਾਲ ਵਜੋਂ, ਲਾਗ ਵਾਲੇ ਵਿਅਕਤੀਆਂ ਦੇ ਸੰਪਰਕਾਂ ਨੂੰ ਤਲਾਸ਼ਣਾ ਅਤੇ ਇਕਾਂਤਵਾਸ ਕਰਨਾ।

16ਵੀਂ ਸਦੀ ਦੀ ਸਾਰਦੀਨੀਆ ਵਿੱਚ, ਇੱਕ ਡਾਕਟਰ ਨੇ ਪਲੇਗ ਦੇ ਪ੍ਰਕੋਪ ਦੌਰਾਨ ਸਮਾਜਿਕ ਦੂਰੀ ਬਾਰੇ ਇੱਕ ਗਾਈਡ ਪ੍ਰਕਾਸ਼ਤ ਕੀਤਾ ਜੋ ਕਿ ਇੰਝ ਲਗਦਾ ਹੈ ਜਿਵੇਂ ਕੋਰੋਨਾ ਵਾਇਰਸ ਲਈ ਹੀ ਲਿਖਿਆ ਗਿਆ ਹੋਵੇ।

ਮਿਸਾਲ ਵਜੋਂ ਉਸ ਵਿੱਚ ਲਿਖਿਆ ਹੈ ਕਿ ਪ੍ਰਤੀ ਪਰਿਵਾਰ ਸਿਰਫ ਇੱਕ ਵਿਅਕਤੀ ਨੂੰ ਖਰੀਦਦਾਰੀ ਕਰਨ ਲਈ ਜਾਣਾ ਚਾਹੀਦਾ ਹੈ।

ਟੀਕਾਕਰਨ ਸ਼ੁਰੂ ਕਰਨ ਲਈ ਭਰੋਸਾ ਜ਼ਰੂਰੀ

ਸਾਲ 1976 ਵਿੱਚ, ਯੂਐੱਸ ਨੇ ਇੱਕ ਟੀਕਾਕਰਨ ਸ਼ੁਰੂ ਕਰਨ ਵਿੱਚ ਗਲਤੀ ਕੀਤੀ ਅਤੇ ਲੋਕਾਂ ਦਾ ਭਰੋਸਾ ਗੁਆ ਦਿੱਤਾ। ਉਹ ਘਟਨਾ ਅੱਜ ਵੀ ਕੌਮੀ ਟੀਕਾਕਰਣ ਦੇ ਯਤਨਾਂ ਲਈ ਸਬਕ ਹੈ।

ਵਿਗਿਆਨ ਦਾ ਸਫ਼ਰ ਜਾਰੀ ਹੈ, ਅਤੇ ਅਸੀਂ ਹਾਲੇ ਵੀ ਹਰ ਸਮੇਂ ਇਸ ਵਾਇਰਸ ਬਾਰੇ ਸਿੱਖ ਰਹੇ ਹਾਂ। ਇੱਥੇ ਕੁਝ ਅਣਜਾਣੇ ਤੱਥਾਂ ਬਾਰੇ ਸੰਖੇਪ ਗੱਲਬਾਤ। ਉਮੀਦ ਹੈ ਕਿ ਖੋਜਕਰਤਾ ਜਲਦੀ ਹੀ ਇਨ੍ਹਾਂ ਸਵਾਲਾਂ ਦੇ ਬਿਹਤਰ ਉੱਤਰ ਦੇ ਸਕਣਗੇ:

ਬਿਮਾਰੀ ਦੇ ਲੰਮੇ ਸਮੇਂ ਦੇ ਪ੍ਰਭਾਵ

ਕੋਵਿਡ ਤੋਂ ਲੰਬਾ ਸਮਾਂ ਬੀਮਾਰ ਰਹਿਣ ਵਾਲਿਆਂ ਉੱਪਰ ਇਸ ਦਾ ਕਿੰਨੀ ਦੇਰ ਤੱਕ ਅਸਰ ਰਹੇਗਾ?

ਕੀ ਇਹ ਸਾਡੇ ਜੀਨਾਂ (epigenetic change) ਵਿੱਚ ਕੋਈ ਬਦਲਾਅ ਲੈ ਕੇ ਆਵੇਗਾ?

ਅਸਲ ਵਿੱਚ ਸਜੀਵਾਂ ਦੀ ਕਿਸੇ ਪੀੜ੍ਹੀ ਦੌਰਾਨ ਜੋ ਵੀ ਘਟਨਾ ਵਾਪਰਦੀ ਹੈ ਖ਼ਾਸ ਕਰ ਕੋਈ ਬੀਮਾਰੀ/ਮਹਾਮਾਰੀ ਉਸ ਦੀ ਇੱਕ ਕਾਰਬਨ ਕਾਪੀ ਸਾਡੇ ਜੀਨਜ਼ ਵਿੱਚ ਬਣ ਜਾਂਦੀ ਹੈ। ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੀ ਰਹਿੰਦੀ ਹੈ।

ਇਸ ਮਹਾਮਾਰੀ ਦੀ ਸਾਡੇ ਸਮਾਜ ਅਤੇ ਵਾਤਾਰਣ ਉੱਪਰ ਕੀ ਅਸਰ ਪਵੇਗਾ?

ਭਵਿੱਖ ਵਿੱਚ ਵਾਇਰਸ ਕੀ ਰੂਪ ਲਵੇਗਾ?

ਹਰ ਵਾਰ ਜਦੋਂ ਕੋਰੋਨਾ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਜਾਂਦਾ ਹੈ, ਇਹ ਆਪਣੇ ਜੈਨੇਟਿਕ ਕੋਡ ਵਿੱਚ ਥੋੜ੍ਹੀ ਜਿਹੀ ਤਬਦੀਲੀ ਲਿਆਉਂਦਾ ਹੈ, ਪਰ ਵਿਗਿਆਨੀ ਇਸਦੇ ਬਦਲਾਵ ਦੇ ਪੈਟਰਨ ਦੇਖ ਰਹੇ ਹਨ ਕਿ ਵਾਇਰਸ ਕਿਵੇਂ ਬਦਲ ਰਿਹਾ ਹੈ

ਕਿਹੜੀਆਂ ਬਿਮਾਰੀਆਂ ਕਾਰਨ ਅਗਲੀ ਵਿਸ਼ਵੀ ਮਹਾਮਾਰੀ ਆ ਸਕਣ ਦੀ ਸਭ ਤੋਂ ਵੱਧ ਸੰਭਾਵਨਾ ਹੈ?

ਮਹਾਮਾਰੀ ਦਾ ਵਾਤਾਵਰਣ 'ਤੇ ਕੀ ਪ੍ਰਭਾਵ ਹੈ?

ਹਾਲਾਂਕਿ ਦੁਨੀਆਂ ਭਰ ਵਿੱਚ ਕੀਤੇ ਗਏ ਲੌਕਡਾਊਨਜ਼ ਕਾਰਨ ਗ੍ਰੀਨਹਾਉਸ ਗੈਸਾਂ ਅਤੇ ਹਵਾ ਪ੍ਰਦੂਸ਼ਕਾਂ ਦੇ ਨਿਕਾਸ ਵਿੱਚ (ਥੋੜ੍ਹੇ ਸਮੇਂ ਲਈ ਹੀ ਸਹੀ) ਮਹੱਤਵਪੂਰਣ ਕਮੀ ਆਈ ਹੈ?

ਹਾਲਾਕਿ ਚੀਜ਼ਾਂ ਫਿਰ ਪਹਿਲਾਂ ਵਰਗੀਆਂ ਹੋ ਰਹੀਆਂ ਹਨ ਅਤੇ ਪ੍ਰਦੂਸ਼ਣ, ਵਾਤਾਵਰਣਿਕ ਤਬਦੀਲੀ ਦਾ ਸੰਕਟ ਸਾਡੇ ਦਰਪੇਸ਼ ਜਿਉਂ ਦਾ ਤਿਉਂ ਖੜ੍ਹਾ ਹੈ।

ਕੁੱਲ ਮਿਲਾ ਕੇ, ਸਾਲ 2020 ਵਿੱਚ ਸੀਓ -2 ਦੇ ਨਿਕਾਸ ਵਿੱਚ 6% ਤੋਂ ਵੱਧ ਦੀ ਗਿਰਾਵਟ ਆਈ।

ਹਾਲਾਂਕਿ, ਅਜਿਹਾ ਲੰਬੇ ਸਮੇਂ ਤੱਕ ਰਹੇਗਾ ਇਸ ਦੀ ਸੰਭਾਵਨਾ ਬਹੁਤ ਘੱਟ ਹੈ।

ਵਾਤਾਵਰਣ ਪ੍ਰੇਮੀ ਪੁੱਛਦੇ ਹਨ ਕਿ ਕੀ ਸਾਡਾ ਕੋਵਿਡ-19 ਸੰਕਟ-ਜਵਾਬ ਢੰਗ ਜਲਵਾਯੂ ਤਬਦੀਲੀ ਪ੍ਰਤੀ ਸਾਡੀ ਪ੍ਰਤੀਕ੍ਰਿਆ ਵਿੱਚ ਬਦਲਾਅ ਲੈ ਕੇ ਆਵੇਗਾ?

ਕਿਰਪਾ ਕਰਕੇ ਬੀਬੀਸੀ ਦੀ ਸਾਈਟ ਉੱਪਰ ਆਉਂਦੇ ਰਹੋ ਤਾਂ ਜੋ ਕੋਰੋਨਾਵਾਇਰਸ ਬਾਰੇ ਹੋ ਰਹੀਆਂ ਨਵੀਂ ਖੋਜਾਂ ਬਾਰੇ ਵੀ ਤੁਸੀਂ ਜਾਣ ਸਕੋ।

*ਇਹ ਲੇਖ ਰਿਚਰਡ ਫਿਸ਼ਰ, ਮਾਰਥਾ ਹੈਨਰੀਕਸ, ਸਟੀਫਨ ਡਾਉਲਿੰਗ, ਰਿਚਰਡ ਗ੍ਰੇ, ਜ਼ਾਰੀਆ ਗੋਰਵੇਟ, ਵਿਲ ਪਾਰਕ ਅਤੇ ਐਮੀ ਚਾਰਲਸ ਦੁਆਰਾ ਸੰਜੋਇਆ ਗਿਆ ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)