You’re viewing a text-only version of this website that uses less data. View the main version of the website including all images and videos.
ਬਠਿੰਡਾ ਥਰਮਲ ਪਲਾਂਟ ਬੰਦ ਕਰਕੇ ਉੱਥੇ ਕੀ ਨਵਾਂ ਬਣਾਉਣ ਦੀ ਤਿਆਰੀ ਵਿੱਚ ਹੈ ਕੈਪਟਨ ਸਰਕਾਰ
- ਲੇਖਕ, ਸਰਬਜੀਤ ਧਾਲੀਵਾਲ
- ਰੋਲ, ਬੀਬੀਸੀ ਪੰਜਾਬੀ
2013 ਵਿੱਚ ਇੱਕ ਗਾਣਾ 'ਬਠਿੰਡਾ ਥਰਮਲ ਦੀਆਂ ਝੀਲਾਂ ਲਾਗੇ ਕੋਠੀ ਪਾ ਦੇ ਮਾਹੀਆ' ਪੰਜਾਬ ਦੇ ਮਾਲਵਾ ਖ਼ਿੱਤੇ ਵਿਚ ਕਾਫ਼ੀ ਮਸ਼ਹੂਰ ਹੋਇਆ ਸੀ। ਇਹ ਗੀਤ ਪ੍ਰੀਤ ਬਰਾੜ ਅਤੇ ਅੱਜ ਦੀ ਨਾਮੀ ਗਾਇਕਾ ਗੁਰਲੇਜ ਅਖ਼ਤਰ ਨੇ ਗਾਇਆ ਸੀ।
ਗੀਤ ਵਿਚ ਪਤਨੀ ਆਪਣੇ ਪਤੀ ਨੂੰ ਬਠਿੰਡਾ ਥਰਮਲ ਪਲਾਂਟ ਦੀਆਂ ਝੀਲਾਂ ਨੇੜੇ ਕੋਠੀ ਪਾ ਕੇ ਦੇਣ ਦੀ ਮੰਗ ਕਰਦੀ ਹੈ ਪਰ ਉਸ ਦਾ ਪਤੀ ਥਰਮਲ ਪਲਾਂਟ ਦੀਆਂ ਚਿਮਨੀਆਂ ਵਿਚੋਂ ਨਿਕਲਣ ਵਾਲੀ ਰਾਖ ਅਤੇ ਥਰਮਲ ਕਾਰਨ ਖ਼ਰਾਬ ਹੋ ਰਹੇ ਵਾਤਾਵਰਨ ਦੀਆਂ ਦਲੀਲਾਂ ਦੇ ਕੇ ਆਪਣਾ ਖਹਿੜਾ ਛਡਾਉਣ ਦੀ ਗੱਲ ਕਰਦਾ ਹੈ।
ਗਾਣੇ ਵਿਚ ਪਤੀ-ਪਤਨੀ ਦੀ ਹਲਕੀ ਨੋਕ-ਝੋਕ ਹੈ ਪਰ ਇਸ ਗਾਣੇ ਰਾਹੀਂ ਬਠਿੰਡਾ ਦੀ ਤਰੱਕੀ ਵਿਚ ਇਸ ਦਾ ਯੋਗਦਾਨ ਅਤੇ ਇਸ ਨਾਲ ਵਾਤਾਵਰਨ ਨੂੰ ਹੋਏ ਨੁਕਸਾਨ ਨੂੰ ਆਸਾਨੀ ਨਾਲ ਦਰਸਾਇਆ ਗਿਆ ਹੈ।
ਪਰ ਹੁਣ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆਂ ਚਿਮਨੀਆਂ ਵਿਚੋਂ ਨਿਕਲਣ ਵਾਲਾ ਧੂੰਆਂ ਇਤਿਹਾਸ ਬਣ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਨੇ ਇਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।
ਸਪਸ਼ਟ ਹੈ ਕਿ ਹੁਣ ਬਠਿੰਡਾ ਦੀਆਂ ਝੀਲਾਂ ਲਾਗੇ ਕੋਠੀਆਂ ਪੈਣਗੀਆਂ ਅਤੇ ਜੋ ਉਪਰੋਕਤ ਗਾਣੇ ਵਿਚ ਪੁਰਸ਼ ਦਾ ਖਦਸ਼ਾ ਹੈ ਉਹ ਦੂਰ ਹੋ ਗਿਆ।
ਇਹ ਵੀ ਪੜ੍ਹੋ:
ਥਰਮਲ ਪਲਾਂਟ ਬੰਦ ਕਰਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਗਰਮਾਈ ਹੋਈ ਹੈ ਕਿਉਂਕਿ ਸੂਬੇ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ, ਖ਼ਾਸ ਤੌਰ ਉੱਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਘੇਰ ਰਹੀ ਹੈ।
ਉਂਝ ਇਹ ਥਰਮਲ ਪਲਾਂਟ ਤਿੰਨ ਸਾਲ ਪਹਿਲਾਂ ਬੰਦ ਹੋ ਗਿਆ ਸੀ ਹੁਣ ਤਾਂ ਸਰਕਾਰ ਨੇ ਇਸ ਵਿਚ ਲੱਗਣ ਵਾਲੇ ਨਵੇਂ ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ।
ਕਦੋਂ ਹੋਂਦ ਵਿਚ ਆਇਆ ਸੀ ਬਠਿੰਡਾ ਥਰਮਲ ਪਲਾਂਟ
ਪੰਜਾਬ ਸਰਕਾਰ ਮੁਤਾਬਕ ਬਠਿੰਡਾ ਦਾ ਥਰਮਲ ਪਲਾਂਟ 1974 ਵਿੱਚ ਸਥਾਪਤ ਕੀਤਾ ਗਿਆ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਪੁਰਾਣਾ ਪਲਾਂਟ ਸੀ, ਜੋ ਆਪਣੀ 25 ਸਾਲ ਦੀ ਅਸਲ ਮਿਆਦ ਪਾਰ ਕਰ ਚੁੱਕਾ ਸੀ।
ਇਸ ਪਲਾਂਟ ਵਿਚ ਚਾਰ ਯੂਨਿਟ ਸਨ। ਪੰਜਾਬ ਸਰਕਾਰ ਦੀ ਦਲੀਲ ਹੈ ਕਿ ਕੇਂਦਰੀ ਬਿਜਲੀ ਏਜੰਸੀ (ਸੀਈਏ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਗ਼ੈਰ-ਵਿਹਾਰਕ ਥਰਮਲ ਪਲਾਂਟ, ਜੋ 25 ਸਾਲ ਦੀ ਮਿਆਦ ਪੁਗਾ ਚੁੱਕੇ ਹਨ, ਨੂੰ ਬੰਦ ਕਰ ਦਿੱਤਾ ਜਾਣਾ ਹੈ।
ਕਿੰਨਾ ਵਿਸ਼ਾਲ ਹੈ ਥਰਮਲ ਪਲਾਂਟ
ਗੁਰੂ ਨਾਨਕ ਥਰਮਲ ਪਲਾਂਟ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 163 ਏਕੜ ਜ਼ਮੀਨ ਇਸ ਦੀਆਂ ਸਿਰਫ਼ ਝੀਲਾਂ ਅਧੀਨ ਹੈ।
ਇਸ ਤੋਂ ਇਲਾਵਾ 280 ਏਕੜ ਵਿਚ ਪਾਵਰ ਕਾਲੋਨੀ ਬਣੀ ਹੋਈ ਹੈ ਜੋ ਹੁਣ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਦਰਜਾ-4 ਤੱਕ ਸਾਰੇ ਸਟਾਫ਼ ਨੂੰ ਰਿਹਾਇਸ਼ਗਾਹ ਬਣੇਗੀ।
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁਤਾਬਕ ਆਜ਼ਾਦੀ ਤੋਂ ਬਾਅਦ ਇਹ ਬਠਿੰਡਾ ਦੇ ਸਰਬਪੱਖੀ ਵਿਕਾਸ ਲਈ ਸਭ ਤੋਂ ਵੱਡਾ ਹੁਲਾਰਾ ਹੋਵੇਗਾ।
ਥਰਮਲ ਪਲਾਂਟ ਦਾ ਬਠਿੰਡਾ ਦੀ ਤਰੱਕੀ ਵਿਚ ਕਿੰਨਾ ਯੋਗਦਾਨ
ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਪ੍ਰੋਫੈੱਸਰ ਪਰਮਜੀਤ ਸਿੰਘ ਰੋਮਾਣਾ ਨੇ ਦੱਸਿਆ ਥਰਮਲ ਪਲਾਂਟ ਦੇ ਬਣਨ ਨਾਲ ਚੰਗਾ ਅਤੇ ਮਾੜਾ ਦੋਵੇਂ ਤਰ੍ਹਾਂ ਦਾ ਹੀ ਪ੍ਰਭਾਵ ਪਿਆ।
ਉਨ੍ਹਾਂ ਦੱਸਿਆ ਕਿ ਜਦੋਂ ਥਰਮਲ ਪਲਾਂਟ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ ਤਾਂ ਉਸ ਵਕਤ ਉਹ ਕਾਲਜ ਪੜਦੇ ਸੀ ਅਤੇ ਜਿਉਂ-ਜਿਉਂ ਉਹ ਜਵਾਨ ਹੁੰਦੇ ਗਏ ਥਰਮਲ ਪਲਾਂਟ ਆਪਣੀ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਗਿਆ।
ਉਨ੍ਹਾਂ ਦੱਸਿਆ, "ਇਸ ਵਿਚ ਕੋਈ ਸ਼ੱਕ ਨਹੀਂ ਕਿ ਥਰਮਲ ਨਾਲ ਨਾ ਸਿਰਫ਼ ਬਠਿੰਡਾ ਦੀ ਤਰੱਕੀ ਹੋਈ ਬਲਕਿ ਸ਼ਹਿਰ ਨੂੰ ਨਵੀਂ ਪਛਾਣ ਵੀ ਮਿਲੀ। ਥਰਮਲ ਦੀ ਉਸਾਰੀ ਦੇ ਨਾਲ ਹੀ ਬਠਿੰਡਾ ਸ਼ਹਿਰ ਦੀ ਤਰੱਕੀ ਦੇ ਰਾਹ ਖੁੱਲ ਗਏ।"
ਸਥਾਨਕ ਲੋਕਾਂ ਨੂੰ ਵੱਡੇ ਪੱਧਰ ਉੱਤੇ ਰੋਜ਼ਗਾਰ ਮਿਲਣ ਲੱਗਾ, ਲੋਕ ਆਰਥਿਕ ਪੱਖੋਂ ਮਜ਼ਬੂਤ ਹੁੰਦੇ ਗਏ ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਣ ਲੱਗੀ।
ਉਨ੍ਹਾਂ ਦੱਸਿਆ ਕਿ ਪਹਿਲਾਂ ਮਾਲਵੇ ਵਿਚ ਬਿਜਲੀ ਦੀ ਸਮੱਸਿਆ ਬਹੁਤ ਵੱਡੀ ਸੀ ਖ਼ਾਸ ਤੌਰ ਉੱਤੇ ਥਰਮਲ ਪਲਾਂਟ ਦੇ ਚਾਲੂ ਹੋਣ ਨਾਲ ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਦੀ ਬਿਜਲੀ ਦੀ ਸਮੱਸਿਆ ਖ਼ਤਮ ਹੋ ਗਈ।
ਥਰਮਲ ਪਲਾਂਟ ਦੇ ਮਾੜੇ ਪੱਖ ਦੀ ਗੱਲ ਕਰਦਿਆਂ ਦੱਸਿਆ ਕਿ ਇਸ ਦੀ ਰਾਖ ਅਤੇ ਧੂੰਏ ਦਾ ਲੋਕਾਂ ਦੀ ਸਿਹਤ ਉੱਤੇ ਬਹੁਤ ਮਾੜਾ ਅਸਰ ਪਿਆ ਹੈ। ਉਨ੍ਹਾਂ ਦੱਸਿਆ ਕਿ ਥਰਮਲ ਦੇ ਆਸ-ਪਾਸ ਰਹਿਣ ਵਾਲੇ ਲੋਕ ਚਿਮਨੀਆਂ ਵਿਚੋਂ ਨਿਕਲਣ ਵਾਲੀ ਉੱਡਦੀ ਰਾਖ ਤੋਂ ਬਹੁਤ ਪਰੇਸ਼ਾਨ ਸਨ। ਪ੍ਰੋਫੈੱਸਰ ਰੋਜ਼ਾਨਾ ਕਹਿੰਦੇ ਹਨ ਕਿ ਸਰਕਾਰ ਨੇ ਪਿਛਲੇ ਸਾਲਾਂ ਵਿਚ ਬਹੁਤ ਸਾਰੇ ਪਲਾਂਟ ਲਗਾਏ ਹਨ ਜੇਕਰ ਇਸ ਨੂੰ ਵੀ ਚਾਲੂ ਰੱਖਦੀ ਤਾਂ ਚੰਗਾ ਹੁੰਦਾ।
ਕੀ ਹੋਵੇਗਾ ਥਰਮਲ ਵਾਲੀ ਥਾਂ ਦਾ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁਤਾਬਕ ਬਠਿੰਡਾ ਥਰਮਲ ਪਲਾਂਟ ਦੀ ਜਗ੍ਹਾ ਲੱਗਣ ਵਾਲੇ ਪ੍ਰਾਜੈਕਟ ਪੰਜਾਬ ਦੇ ਵਿਕਾਸ ਨੂੰ ਨਵਾਂ ਰੁਖ਼ ਦੇਣਗੇ।
ਇਸ ਪਲਾਂਟ ਦੀ ਜਗ੍ਹਾ ਉੱਤੇ ਪੰਜਾਬ ਦੇ ਸਭ ਤੋਂ ਵੱਡੇ ਉਦਯੋਗਿਕ ਪਾਰਕ ਦੀ ਉਸਾਰੀ ਦਾ ਰਾਹ ਪੱਧਰਾ ਹੋਵੇਗਾ।
ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਇਸ ਥਰਮਲ ਪਲਾਂਟ ਲਈ 164 ਏਕੜ ਵਿੱਚ ਬਣੀਆਂ ਝੀਲਾਂ ਨੂੰ ਹੁਣ ਜਲ ਸਪਲਾਈ ਸਿਸਟਮ ਨਾਲ ਜੋੜਿਆ ਜਾਵੇਗਾ।
ਇਸੇ ਤਰ੍ਹਾਂ 280 ਏਕੜ ਵਿਚ ਬਣੀ ਪਾਵਰ ਕਾਲੋਨੀ ਵਿਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਦਰਜਾ-4 ਤੱਕ ਸਾਰੇ ਸਟਾਫ਼ ਨੂੰ ਰਿਹਾਇਸ਼ ਮਿਲ ਸਕੇਗੀ।
ਇਸ ਤੋਂ ਇਲਾਵਾ ਜੋ ਜ਼ਮੀਨ ਪਲਾਂਟ ਅਤੇ ਰਾਖ ਭੰਡਾਰ ਲਈ ਵਰਤੀ ਜਾਂਦੀ ਸੀ, ਉਸ ਨੂੰ ਇੰਡਸਟਰੀਅਲ ਪਾਰਕ ਵਿੱਚ ਤਬਦੀਲ ਕੀਤਾ ਜਾਵੇਗਾ, ਜੋ ਪੰਜਾਬ ਦਾ ਸਭ ਤੋਂ ਵੱਡਾ ਇੰਡਸਟਰੀਅਲ ਪਾਰਕ ਹੋਵੇਗਾ।
ਪੰਜਾਬ ਸਰਕਾਰ ਦੀ ਇੱਥੇ ਫਾਰਮਾਸਿਊਟੀਕਲ ਇੰਡਸਟਰੀਅਲ ਪਾਰਕ ਬਣਾਉਣ ਦੀ ਵੀ ਯੋਜਨਾ ਹੈ ਜਿਸ ਦੇ ਲਈ ਉਹ ਭਾਰਤ ਸਰਕਾਰ ਨਾਲ ਰਾਬਤਾ ਕਰ ਰਹੀ ਹੈ, ਜੋ ਕਿ ਦੇਸ ਵਿੱਚ ਇਸ ਕਿਸਮ ਦੇ ਤਿੰਨ ਪਾਰਕਾਂ ਵਿੱਚੋਂ ਇੱਕ ਹੋਵੇਗਾ।
ਪੰਜਾਬ ਸਰਕਾਰ ਦੀ ਦਲੀਲ
ਬਠਿੰਡਾ ਥਰਮਲ ਪਲਾਂਟ ਵਿੱਚ ਬਿਜਲੀ ਪੈਦਾਵਾਰ ਦੀ ਲਾਗਤ 7.70 ਰੁਪਏ ਪ੍ਰਤੀ ਯੂਨਿਟ ਤੋਂ ਵੱਧ ਸੀ ਜਦੋਂਕਿ ਪੰਜਾਬ ਸਰਕਾਰ ਇਸ ਵੇਲੇ 2.30-2.70 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖ਼ਰੀਦ ਰਹੀ ਹੈ।
ਮਨਪ੍ਰੀਤ ਸਿੰਘ ਬਾਦਲ ਮੁਤਾਬਕ ਇਹ ਥਰਮਲ ਪਲਾਂਟ ਸਿਰਫ਼ 7.23 ਫ਼ੀਸਦ ਪਲਾਂਟ ਲੋਡ ਫੈਕਟਰ 'ਤੇ ਚੱਲ ਰਿਹਾ ਸੀ, ਜਿਸ ਕਾਰਨ ਇਹ ਵਿਹਾਰਕ ਨਹੀਂ ਸੀ।
ਇਸ ਤੋਂ ਇਲਾਵਾ ਇਸ ਥਰਮਲ ਪਲਾਂਟ ਨੂੰ ਮਹਿਜ਼ ਚਾਲੂ ਹਾਲਤ ਵਿੱਚ ਰੱਖਣ ਦਾ ਸਾਲਾਨਾ ਖ਼ਰਚ 110 ਕਰੋੜ ਰੁਪਏ ਤੋਂ ਵੱਧ ਸੀ।
ਥਰਮਲ ਪਲਾਂਟ ਉੱਤੇ ਸਿਆਸਤ
ਆਮ ਆਦਮੀ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਦੋਵੇਂ ਹੀ ਸਰਕਾਰ ਨੂੰ ਥਰਮਲ ਪਲਾਂਟ ਦੇ ਮੁੱਦੇ ਉੱਤੇ ਘੇਰ ਰਹੀਆਂ ਹਨ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਤਾਂ ਆਪਣੇ ਫੇਸਬੁੱਕ ਪੇਜ ਉੱਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਨਪ੍ਰੀਤ ਬਾਦਲ ਦੇ ਭਾਸ਼ਣ ਦੀ ਇੱਕ ਕਲਿੱਪ ਅੱਪਲੋਡ ਕੀਤੀ ਹੈ, ਜਿਸ ਵਿਚ ਮਨਪ੍ਰੀਤ ਬਾਦਲ ਕਹਿ ਰਹੇ ਹਨ, "ਜੇਕਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨਗੇ ਤਾਂ ਥਰਮਲ ਦੀਆਂ ਉਦਾਸ ਪਈਆਂ ਚਿਮਨੀਆਂ ਵਿਚੋਂ ਫਿਰ ਤੋਂ ਧੂੰਆਂ ਨਿਕਲੇਗਾ।"
ਹਰਸਿਮਰਤ ਕੌਰ ਬਾਦਲ ਹੁਣ ਇਸ ਨੂੰ ਲੋਕਾਂ ਨਾਲ ਕੀਤਾ ਗਿਆ ਧੋਖਾ ਦੱਸ ਰਹੇ ਹਨ।
ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਸਥਿਤ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਤੱਕ ਘੇਰਨ ਦੀ ਕੋਸ਼ਿਸ਼ ਕੀਤੀ ਸੀ।
ਆਮ ਆਦਮੀ ਪਾਰਟੀ ਦੀ ਦਲੀਲ ਹੈ ਕਿ ਸਰਕਾਰ ਥਰਮਲ ਪਲਾਂਟ ਦੀ ਜ਼ਮੀਨ ਪੁੱਡਾ ਹਵਾਲੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪੰਜਾਬ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਵਜੋਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਮੁਤਾਬਕ 2017 ਦੀਆਂ ਚੋਣਾਂ ਤੋਂ ਪਹਿਲਾਂ ਨਿੱਜੀ ਬਿਜਲੀ ਕੰਪਨੀਆਂ ਨਾਲ ਹੋਏ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਰੱਦ ਕਰਨ ਅਤੇ ਬਠਿੰਡਾ ਥਰਮਲ ਪਲਾਂਟ ਦੀਆਂ ਚਿਮਨੀਆਂ ਮੁੜ ਭਖਾਉਣ ਦੇ ਵਾਅਦੇ ਨਾਲ ਸੱਤਾ ਵਿਚ ਆ ਸਨ।
ਪਰ ਮੌਜੂਦਾ ਸਮੇਂ ਵਿਚ ਮਨਪ੍ਰੀਤ ਸਿੰਘ ਬਾਦਲ ਬਤੌਰ ਵਿੱਤ ਮੰਤਰੀ ਥਰਮਲ ਪਲਾਂਟ ਦਾ ਨਾਮੋ-ਨਿਸ਼ਾਨ ਮਿਟਾਉਣ ਦੇ ਫ਼ੈਸਲੇ ਲੈ ਰਹੇ ਹਨ।
ਆਮ ਆਦਮੀ ਪਾਰਟੀ ਮੁਤਾਬਕ ਸਰਕਾਰ ਨੇ ਜੇਕਰ ਥਰਮਲ ਪਲਾਂਟ ਪੱਕੇ ਤੌਰ 'ਤੇ ਬੰਦ ਕਰਨ ਵਾਲਾ ਮੰਦਭਾਗਾ ਫ਼ੈਸਲਾ ਲੈ ਹੀ ਲਿਆ ਹੈ ਤਾਂ ਇਹ ਜ਼ਮੀਨਾਂ ਉਨ੍ਹਾਂ ਕਿਸਾਨਾਂ ਨੂੰ ਵਾਪਸ ਕੀਤੀਆਂ ਜਾਣ, ਜਿੰਨਾ ਤੋਂ ਪਲਾਂਟ ਲਈ ਲਈਆਂ ਗਈਆਂ ਸਨ।
ਇਹ ਵੀ ਦੇਖੋ: