ਭਾਰਤ 'ਚ ਬਿਜਲੀ ਦੀਆਂ ਕੀਮਤਾਂ ਵਧਣ ਦਾ ਕਿੰਨਾ ਖਦਸ਼ਾ ਹੈ ਤੇ ਕੀ ਕਰ ਸਕਦੀ ਹੈ ਸਰਕਾਰ

    • ਲੇਖਕ, ਅਰੂਣੋਦਏ ਮੁਖਰਜੀ
    • ਰੋਲ, ਬੀਬੀਸੀ ਪੱਤਰਕਾਰ

ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਅਣ-ਚਾਹਿਆ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਭਾਰਤ ਵਿੱਚ ਕੋਲੇ ਨਾਲ ਚੱਲਣ ਵਾਲੇ 135 ਪਾਵਰ ਪਲਾਂਟ ਹਨ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਕੋਲੇ ਦੀ ਕਮੀ ਨਾਲ ਜੂਝ ਰਹੇ ਹਨ ਕਿਉਂਕਿ ਕੋਲੇ ਦੇ ਭੰਡਾਰਾਂ ਵਿੱਚ ਗੰਭੀਰ ਘਾਟ ਹੋ ਗਈ ਹੈ।

ਭਾਰਤ ਵਿੱਚ 70 ਫ਼ੀਸਦ ਤੋਂ ਵੱਧ ਬਿਜਲੀ ਦਾ ਉਤਪਾਦਨ ਕੋਲੇ ਨਾਲ ਹੁੰਦਾ ਹੈ, ਅਜਿਹੇ ਸਮੇਂ ਵਿੱਚ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਮਹਾਂਮਾਰੀ ਦੇ ਬਾਅਦ ਪੱਟੜੀ 'ਤੇ ਆ ਰਹੀ ਅਰਥਵਿਵਸਥਾ ਨੂੰ ਇਹ ਫਿਰ ਤੋਂ ਝਟਕਾ ਦੇ ਸਕਦਾ ਹੈ।

ਅਜਿਹਾ ਕਿਉਂ ਹੋ ਰਿਹਾ ਹੈ

ਇਹ ਸੰਕਟ ਕਈ ਮਹੀਨਿਆਂ ਤੋਂ ਪੈਦਾ ਹੋ ਰਿਹਾ ਹੈ। ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਭਾਰਤ ਦੀ ਅਰਥਵਿਵਸਥਾ ਵਿੱਚ ਤੇਜ਼ੀ ਆਈ ਹੈ ਅਤੇ ਬਿਜਲੀ ਦੀ ਮੰਗ ਵਿੱਚ ਵੀ ਅਚਾਨਕ ਵਾਧਾ ਹੋਇਆ ਹੈ।

ਪਿਛਲੇ ਦੋ ਮਹੀਨਿਆਂ ਵਿੱਚ ਹੀ ਬਿਜਲੀ ਦੀ ਖ਼ਪਤ 2019 ਦੀ ਤੁਲਨਾ ਵਿੱਚ 17 ਫੀਸਦ ਵੱਧ ਗਈ ਹੈ।

ਇਸ ਦੌਰਾਨ ਦੁਨੀਆਂ ਭਰ ਵਿੱਚ ਕੋਲੇ ਦੀਆਂ ਕੀਮਤਾਂ ਵਿੱਚ 40 ਫੀਸਦ ਦਾ ਵਾਧਾ ਹੋਇਆ ਹੈ ਜਦੋਂਕਿ ਭਾਰਤ ਦਾ ਕੋਲਾ ਦਰਾਮਦ, ਦੋ ਸਾਲਾਂ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਹੈ।

ਹਾਲਾਂਕਿ ਭਾਰਤ ਕੋਲ ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਕੋਲਾ ਭੰਡਾਰ ਹੈ ਪਰ ਖ਼ਪਤ ਦੇ ਕਾਰਨ, ਭਾਰਤ ਕੋਲੇ ਦੀ ਦਰਾਮਦ ਕਰਨ ਵਿੱਚ ਦੁਨੀਆਂ 'ਚ ਦੂਜੇ ਨੰਬਰ 'ਤੇ ਹੈ।

ਇਹ ਵੀ ਪੜ੍ਹੋ:

ਜਿਹੜੇ ਪਾਵਰ ਪਲਾਂਟ ਆਮ ਤੌਰ 'ਤੇ ਦਰਾਮਦ ਕੀਤੇ ਗਏ ਕੋਲੇ 'ਤੇ ਚੱਲਦੇ ਸਨ, ਉਹ ਹੁਣ ਦੇਸ ਵਿੱਚ ਪੈਦਾ ਹੋ ਰਹੇ ਕੋਲੇ 'ਤੇ ਨਿਰਭਰ ਹੋ ਗਏ ਹਨ।

ਇਸਦੇ ਨਾਲ ਪਹਿਲਾਂ ਤੋਂ ਹੀ ਕਮੀ ਨਾਲ ਜੂਝ ਰਹੀ ਕੋਲੇ ਦੀ ਸਪਲਾਈ 'ਤੇ ਹੋਰ ਵੀ ਜ਼ਿਆਦਾ ਦਬਾਅ ਆ ਗਿਆ ਹੈ।

ਇਸ ਦਾ ਕੀ ਪ੍ਰਭਾਵ ਹੋ ਸਕਦਾ ਹੈ

ਮਾਹਰਾਂ ਦਾ ਮੰਨਣਾ ਹੈ ਕਿ ਵਧੇਰੇ ਕੋਲੇ ਦੀ ਦਰਾਮਦ ਕਰਕੇ ਜ਼ਰੂਰਤਾਂ ਨੂੰ ਪੂਰਾ ਕਰਨਾ, ਇਸ ਸਮੇਂ ਭਾਰਤ ਲਈ ਇੱਕ ਚੰਗਾ ਬਦਲ ਨਹੀਂ ਹੈ।

ਨੋਮੁਰਾ ਦੇ ਵਾਈਸ ਪ੍ਰੈਸੀਡੈਂਟ ਅਤੇ ਭਾਰਤੀ ਅਰਥ ਸ਼ਾਸਤਰੀ ਓਰੋਦੀਪ ਨੰਦੀ ਕਹਿੰਦੇ ਹਨ, "ਅਸੀਂ ਪਹਿਲਾਂ ਵੀ ਕੋਲੇ ਦੀ ਕਮੀ ਦੇਖੀ ਹੈ ਪਰ ਇਸ ਵਾਰ ਨਵੀਂ ਗੱਲ ਇਹ ਹੈ ਕਿ ਕੋਲਾ ਬਹੁਤ ਜ਼ਿਆਦਾ ਮਹਿੰਗਾ ਹੈ।"

"ਜੇ ਮੈਂ ਇੱਕ ਕੰਪਨੀ ਹਾਂ ਅਤੇ ਮੈਂ ਮਹਿੰਗੇ ਮੁੱਲ 'ਤੇ ਕੋਲਾ ਖਰੀਦ ਰਹੀ ਹਾਂ ਤਾਂ ਮੈਂ ਆਪਣੀਆਂ ਕੀਮਤਾਂ ਵਧਾ ਦੇਵਾਂਗਾ, ਇਹੀ ਹੋਵੇਗਾ ਨਾ? ਕਾਰੋਬਾਰੀ ਅਖੀਰ ਖ਼ਰਚ ਨੂੰ ਗਾਹਕਾਂ ਤੱਕ ਪਹੁੰਚਾ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਮਹਿੰਗਾਈ ਵਧ ਸਕਦੀ ਹੈ - ਇਹ ਸਿੱਧੇ ਤੌਰ 'ਤੇ ਵੀ ਹੋ ਸਕਦਾ ਹੈ ਅਤੇ ਅਸਿੱਧੇ ਤੌਰ 'ਤੇ ਵੀ।"

ਜੇਕਰ ਇਹ ਸੰਕਟ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਗਾਹਕਾਂ 'ਤੇ ਬਿਜਲੀ ਦੀਆਂ ਕੀਮਤਾਂ ਵਿੱਚ ਵਾਧੇ ਦੀ ਮਾਰ ਵੀ ਪੈ ਸਕਦੀ ਹੈ।

ਇਸ ਸਮੇਂ ਭਾਰਤ ਵਿੱਚ ਖੁਦਰਾ ਮਹਿੰਗਾਈ ਪਹਿਲਾਂ ਹੀ ਉੱਚੇ ਪੱਧਰ 'ਤੇ ਹੈ ਕਿਉਂਕਿ ਤੇਲ ਤੋਂ ਲੈ ਕੇ ਜ਼ਰੂਰਤ ਦੀ ਹਰ ਚੀਜ਼ ਮਹਿੰਗੀ ਹੋ ਚੁੱਕੀ ਹੈ।

ਇੰਡੀਆ ਰੇਟਿੰਗਸ ਰਿਸਰਚ ਦੇ ਡਾਇਰੈਕਟਰ ਵਿਵੇਕ ਜੈਨ ਦਾ ਕਹਿਣਾ ਹੈ ਕਿ ਸਥਿਤੀ ਬਹੁਤ ਅਨਿਸ਼ਚਿਤ ਹੈ।

ਭਾਰਤ ਨੇ ਹਾਲ ਹੀ ਦੇ ਸਾਲਾਂ ਵਿੱਚ ਵਾਤਾਵਰਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਕੋਲੇ 'ਤੇ ਆਪਣੀ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਭਾਰਤ ਵਿੱਚ ਕੋਲੇ ਦੇ ਉਤਪਾਦਨ ਵਿੱਚ ਵੀ ਕਮੀ ਆਈ ਹੈ।

ਭਾਰਤ ਦੇ ਊਰਜਾ ਮੰਤਰੀ ਆਰਕੇ ਸਿੰਘ ਨੇ ਦਿ ਇੰਡੀਅਨ ਐਕਸਪ੍ਰੈਸ ਅਖ਼ਬਾਰ ਨੂੰ ਦਿੱਤੇ ਆਪਣੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਮੌਜੂਦਾ ਸਥਿਤੀ ਜੋਖ਼ਮ ਭਰੀ ਹੈ ਅਤੇ ਭਾਰਤ ਨੂੰ ਅਗਲੇ ਪੰਜ-ਛੇ ਮਹੀਨਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ।

ਇੱਕ ਸਰਕਾਰੀ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ ਹਾਲਾਤ ਚਿੰਤਾਜਨਕ ਹਨ।

ਭਾਰਤ ਦੇ 80 ਫ਼ੀਸਦੀ ਕੋਲੇ ਦਾ ਉਤਪਾਦਨ ਕਰਨ ਵਾਲੀ ਕੋਲ ਇੰਡੀਆ ਲਿਮਟਿਡ ਦੇ ਸਾਬਕਾ ਮੁਖੀ ਜ਼ੋਹਰਾ ਚੈਟਰਜੀ ਚੇਤਾਵਨੀ ਦਿੰਦੇ ਹਨ ਕਿ ਜੇ ਇਹ ਸਥਿਤੀ ਇਸੇ ਤਰ੍ਹਾਂ ਬਣੀ ਰਹੀ ਤਾਂ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਮੁੜ ਪੱਟੜੀ 'ਤੇ ਆਉਣ ਲਈ ਸੰਘਰਸ਼ ਕਰੇਗੀ।

ਜ਼ੋਹਰਾ ਕਹਿੰਦੇ ਹਨ, "ਬਿਜਲੀ ਨਾਲ ਹੀ ਹਰੇਕ ਚੀਜ਼ ਚੱਲਦੀ ਹੈ, ਅਜਿਹੇ ਵਿੱਚ ਸਮੁੱਚਾ ਉਤਪਾਦਨ ਖੇਤਰ - ਸੀਮਿੰਟ, ਸਟੀਲ, ਉਸਾਰੀ, ਸਾਰੇ ਹੀ ਕੋਲੇ ਦੀ ਕਮੀ ਨਾਲ ਪ੍ਰਭਾਵਿਤ ਹੁੰਦੇ ਹਨ।"

ਉਹ ਮੌਜੂਦਾ ਸਥਿਤੀ ਨੂੰ ਭਾਰਤ ਲਈ ਇੱਕ ਚੇਤਾਵਨੀ ਦੀ ਤਰ੍ਹਾਂ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਕੋਲੇ 'ਤੇ ਆਪਣੀ ਨਿਰਭਰਤਾ ਘੱਟ ਕਰੇ ਅਤੇ ਨਵਿਆਉਣਯੋਗ ਊਰਜਾ ਰਣਨੀਤੀ 'ਤੇ ਤੇਜ਼ੀ ਨਾਲ ਅੱਗੇ ਵਧੇ।

ਕੀ ਕਰ ਸਕਦੀ ਹੈ ਸਰਕਾਰ

ਭਾਰਤ ਆਪਣੀ 140 ਕਰੋੜ ਦੀ ਆਬਾਦੀ ਦੀਆਂ ਜ਼ਰੂਰਤਾਂ ਨੂੰ ਕਿਵੇਂ ਪੂਰਾ ਕਰੇ ਅਤੇ ਭਾਰੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਕੋਲੇ 'ਤੇ ਆਪਣੀ ਨਿਰਭਰਤਾ ਨੂੰ ਕਿਵੇਂ ਘੱਟ ਕਰੇ?

ਹਾਲ ਹੀ ਦੇ ਸਾਲਾਂ ਵਿੱਚ ਇਹ ਸਵਾਲ ਭਾਰਤ ਦੀਆਂ ਸਰਕਾਰਾਂ ਲਈ ਇੱਕ ਚੁਣੌਤੀ ਬਣਿਆ ਰਿਹਾ ਹੈ।

ਡਾ. ਨੰਦੀ ਕਹਿੰਦੇ ਹਨ ਕਿ ਇਹ ਸਮੱਸਿਆ ਇੰਨੀ ਵੱਡੀ ਹੈ ਕਿ ਇਸ ਦਾ ਸ਼ਾਰਟ ਟਰਮ ਲਈ ਕੋਈ ਹੱਲ ਨਹੀਂ ਲੱਭਿਆ ਜਾ ਸਕਦਾ।

ਉਹ ਕਹਿੰਦੇ ਹਨ, "ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸਦਾ ਦਾਇਰਾ ਬਹੁਤ ਵੱਡਾ ਹੈ। ਸਾਡੀ ਬਿਜਲੀ ਦਾ ਇੱਕ ਵੱਡਾ ਹਿੱਸਾ ਥਰਮਲ ਪਾਵਰ (ਕੋਲੇ) ਤੋਂ ਆਉਂਦਾ ਹੈ। ਮੈਨੂੰ ਨਹੀਂ ਲਗਦਾ ਕਿ ਹਾਲੇ ਅਸੀਂ ਅਜਿਹੇ ਪੜਾਅ 'ਤੇ ਪਹੁੰਚ ਗਏ ਹਾਂ ਕਿ ਥਰਮਲ ਪਾਵਰ ਦਾ ਕੋਈ ਪ੍ਰਭਾਵੀ ਬਦਲ ਲੱਭ ਸਕੀਏ।''

''ਮੈਂ ਇਹ ਮੰਨਦਾ ਹਾਂ ਕਿ ਇਹ ਭਾਰਤ ਲਈ ਇੱਕ ਚੇਤਾਵਨੀ ਹੈ ਅਤੇ ਭਾਰਤ ਨੂੰ ਸੰਭਲਣ ਦੀ ਲੋੜ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਸਾਡੀਆਂ ਊਰਜਾ ਲੋੜਾਂ ਲਈ ਕੋਲੇ 'ਤੇ ਨਿਰਭਰਤਾ ਨੂੰ ਇੰਨੀ ਛੇਤੀ ਖ਼ਤਮ ਕੀਤਾ ਜਾ ਸਕੇਗਾ।"

ਮਾਹਰਾਂ ਦਾ ਮੰਨਣਾ ਹੈ ਕਿ ਲੰਬੇ ਸਮੇਂ ਲਈ ਸੰਭਾਵੀ ਹੱਲ ਲਈ ਭਾਰਤ ਨੂੰ ਕੋਲੇ ਅਤੇ ਕਲੀਨ (ਸਵੱਛ) ਊਰਜਾ ਸਰੋਤਾਂ ਨੂੰ ਅਪਣਾਉਣ ਦੀ ਮਿਸ਼ਰਤ ਨੀਤੀ 'ਤੇ ਚੱਲਣਾ ਪਏਗਾ।

ਜੈਨ ਕਹਿੰਦੇ ਹਨ, "ਪੂਰੀ ਤਰ੍ਹਾਂ ਨਾਲ ਰਿਨਿਊਏਬਲ ਐਨਰਜੀ 'ਤੇ ਨਿਰਭਰ ਕਰਨਾ ਸੰਭਵ ਨਹੀਂ ਹੈ ਅਤੇ ਬਿਨਾਂ ਕਿਸੇ ਠੋਸ ਬੈਕਅਪ ਦੇ 100% ਰਿਨਿਊਏਬਲ ਐਨਰਜੀ 'ਤੇ ਨਿਰਭਰ ਹੋਣਾ ਸਹੀ ਰਣਨੀਤੀ ਵੀ ਨਹੀਂ ਹੋਵੇਗੀ।"

ਜੈਨ ਦਾ ਕਹਿਣਾ ਹੈ, "ਤੁਸੀਂ ਪੂਰੀ ਤਰ੍ਹਾਂ ਬਦਲਾਅ ਉਦੋਂ ਹੀ ਕਰਦੇ ਹੋ ਜਦੋਂ ਤੁਹਾਡੇ ਕੋਲ ਬੈਕਅਪ ਹੁੰਦਾ ਹੈ। ਕਿਉਂਕਿ ਅਜਿਹਾ ਕਰਕੇ ਤੁਸੀਂ ਵੱਡੇ ਪੱਧਰ 'ਤੇ ਉਤਪਾਦਨ ਨੂੰ ਵਾਤਾਵਰਣ ਅਤੇ ਮੌਸਮ ਨਾਲ ਜੁੜੇ ਖ਼ਤਰਿਆਂ ਨਾਲ ਜੋੜ ਰਹੇ ਹੁੰਦੇ ਹੋ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਦੂਜੇ ਪਾਸੇ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਜ਼ੋਹਰਾ ਚੈਟਰਜੀ ਦਾ ਮੰਨਣਾ ਹੈ ਕਿ ਊਰਜਾ ਸਰੋਤਾਂ ਵਿੱਚ ਲੰਮੇ ਸਮੇਂ ਦਾ ਨਿਵੇਸ਼ ਕਰਨ ਅਤੇ ਸਹੀ ਯੋਜਨਾਬੰਦੀ ਨਾਲ ਮੌਜੂਦਾ ਸੰਕਟ ਵਰਗੀ ਸਥਿਤੀ ਤੋਂ ਬਚਿਆ ਜਾ ਸਕਦਾ ਹੈ।

ਉਹ ਮੰਨਦੇ ਹਨ ਕਿ ਦੇਸ ਦੇ ਸਭ ਤੋਂ ਵੱਡੇ ਕੋਲਾ ਸਪਲਾਇਰ 'ਕੋਲ ਇੰਡੀਆ' ਅਤੇ ਹੋਰ ਹਿਤ ਧਾਰਕਾਂ ਵਿਚਕਾਰ ਬਿਹਤਰ ਤਾਲਮੇਲ ਬਣਾਏ ਜਾਣ ਦੀ ਜ਼ਰੂਰਤ ਹੈ। ਆਖਰੀ ਪੱਧਰ ਤੱਕ ਆਸਾਨੀ ਨਾਲ ਡਿਲੀਵਰੀ ਅਤੇ ਬਿਜਲੀ ਕੰਪਨੀਆਂ ਦੀ ਜ਼ਿੰਮੇਦਾਰੀ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਚੈਟਰਜੀ ਕਹਿੰਦੇ ਹਨ, "ਬਿਜਲੀ ਉਤਪਾਦਕਾਂ ਨੂੰ ਕੋਲਾ ਭੰਡਾਰ ਵੀ ਰੱਖਣੇ ਚਾਹੀਦੇ ਹਨ, ਉਨ੍ਹਾਂ ਕੋਲ ਇੱਕ ਤੈਅ ਸੀਮਾ ਦਾ ਭੰਡਾਰਨ ਹਰ ਸਮੇਂ ਹੋਣਾ ਚਾਹੀਦਾ ਹੈ। ਪਰ ਅਸੀਂ ਦੇਖਿਆ ਹੈ ਕਿ ਅਜਿਹਾ ਨਹੀਂ ਹੋ ਸਕਿਆ ਹੈ ਕਿਉਂਕਿ ਇੰਨੀ ਵੱਡੀ ਮਾਤਰਾ ਵਿੱਚ ਕੋਲੇ ਦਾ ਪ੍ਰਬੰਧ ਕਰਨ ਵਿੱਚ ਵਿੱਤੀ ਚੁਣੌਤੀਆਂ ਵੀ ਹੁੰਦੀਆਂ ਹਨ।"

ਅੱਗੇ ਕੀ ਹੋ ਸਕਦਾ ਹੈ

ਇਹ ਸਪੱਸ਼ਟ ਨਹੀਂ ਹੈ ਕਿ ਮੌਜੂਦਾ ਸਥਿਤੀ ਕਦੋਂ ਤੱਕ ਬਣੀ ਰਹੇਗੀ ਪਰ ਨੰਦੀ ਨੂੰ ਉਮੀਦ ਹੈ ਕਿ ਹਾਲਾਤ ਬਿਹਤਰ ਹੋ ਜਾਣਗੇ।

ਉਹ ਕਹਿੰਦੇ ਹਨ, "ਮਾਨਸੂਨ ਖ਼ਤਮ ਹੋ ਰਿਹਾ ਹੈ ਅਤੇ ਸਰਦੀਆਂ ਆ ਰਹੀਆਂ ਹਨ, ਅਜਿਹੇ ਵਿੱਚ ਬਿਜਲੀ ਦੀ ਖ਼ਪਤ ਆਮ ਤੌਰ 'ਤੇ ਘੱਟ ਜਾਂਦੀ ਹੈ ਅਤੇ ਬਿਜਲੀ ਦੀ ਜ਼ਰੂਰਤ ਅਤੇ ਸਪਲਾਈ ਵਿੱਚ ਫ਼ਰਕ ਕੁਝ ਹੱਦ ਤੱਕ ਘੱਟ ਸਕਦਾ ਹੈ।"

ਵਿਵੇਕ ਜੈਨ ਕਹਿੰਦੇ ਹਨ, "ਅਜਿਹੀ ਸਥਿਤੀ ਦੁਨੀਆਂ ਭਰ ਵਿੱਚ ਹੈ, ਇਹ ਸਿਰਫ਼ ਭਾਰਤ ਤੱਕ ਹੀ ਸੀਮਤ ਨਹੀਂ ਹੈ। ਜੇਕਰ ਅੱਜ ਗੈਸ ਦੀਆਂ ਕੀਮਤਾਂ ਘਟਦੀਆਂ ਹਨ ਤਾਂ ਲੋਕ ਗੈਸ ਦੀ ਵਰਤੋਂ ਜ਼ਿਆਦਾ ਕਰਨਾ ਸ਼ੁਰੂ ਕਰ ਦੇਣਗੇ। ਇਹ ਇੱਕ ਬਦਲਦੀ ਹੋਈ ਸਥਿਤੀ ਹੈ।"

ਫਿਲਹਾਲ ਭਾਰਤ ਸਰਕਾਰ ਨੇ ਕਿਹਾ ਹੈ ਕਿ ਉਹ ਕੋਲ ਇੰਡੀਆ ਨਾਲ ਮਿਲ ਕੇ ਉਤਪਾਦਨ ਵਧਾਉਣ ਅਤੇ ਵਧੇਰੇ ਮਾਈਨਿੰਗ (ਖਨਨ) ਕਰਨ 'ਤੇ ਕੰਮ ਕਰ ਰਹੀ ਹੈ ਤਾਂ ਜੋ ਸਪਲਾਈ ਅਤੇ ਖ਼ਪਤ ਦੇ ਵਿਚਕਾਰਲੇ ਫ਼ਰਕ ਨੂੰ ਘੱਟ ਕੀਤਾ ਜਾ ਸਕੇ।

ਸਰਕਾਰ ਨੂੰ ਬੰਧਕ ਖਾਨਾਂ ਤੋਂ ਵੀ ਕੋਲਾ ਮਿਲਣ ਦੀ ਉਮੀਦ ਹੈ। ਇਹ ਉਹ ਖਾਨਾਂ ਹਨ ਜਿਹੜੀਆਂ ਕੰਪਨੀਆਂ ਦੇ ਅਧੀਨ ਹੁੰਦੀਆਂ ਹਨ ਅਤੇ ਇਨ੍ਹਾਂ ਤੋਂ ਪੈਦਾ ਹੋਣ ਵਾਲੇ ਕੋਲੇ ਦਾ ਇਸਤੇਮਾਲ ਸਿਰਫ਼ ਉਹ ਕੰਪਨੀਆਂ ਹੀ ਕਰਦੀਆਂ ਹਨ।

ਸਰਕਾਰ ਦੇ ਨਾਲ ਹੋਏ ਸਮਝੌਤੇ ਦੀਆਂ ਸ਼ਰਤਾਂ ਦੇ ਤਹਿਤ ਇਨ੍ਹਾਂ ਖਾਨਾਂ ਕੋਲ ਵੇਚਣ ਦੀ ਇਜਾਜ਼ਤ ਨਹੀਂ ਹੁੰਦੀ ਹੈ।

ਮਾਹਰ ਇਹ ਮੰਨਦੇ ਹਨ ਕਿ ਘੱਟ ਸਮੇਂ ਦੇ ਉਪਾਅ ਕਿਸੇ ਤਰ੍ਹਾਂ ਭਾਰਤ ਨੂੰ ਮੌਜੂਦਾ ਸੰਕਟ ਵਿੱਚੋਂ ਤਾਂ ਬਾਹਰ ਕੱਢ ਸਕਦੇ ਹਨ ਪਰ ਦੇਸ ਦੀਆਂ ਵਧਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ ਭਾਰਤ ਨੂੰ ਲੰਮੇ ਸਮੇਂ ਦੇ ਬਦਲਾਂ ਵਿੱਚ ਨਿਵੇਸ਼ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਪਏਗਾ।

ਦੁਨੀਆਂ ਭਰ ਦੀਆਂ ਅਰਥਵਿਵਸਥਾਵਾਂ ਵਿੱਚ ਹਾਲ ਹੀ ਦੇ ਦਹਾਕਿਆਂ ਵਿੱਚ ਸਭ ਤੋਂ ਵੱਡੀ ਗਿਰਾਵਟ ਆਈ ਹੈ ਅਤੇ ਭਾਰਤ ਵੀ ਆਪਣੀ ਅਰਥਵਿਵਸਥਾ ਨੂੰ ਪੱਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਅਜਿਹੀ ਸਥਿਤੀ ਵਿੱਚ ਭਾਰਤ ਨਹੀਂ ਚਾਹੇਗਾ ਕਿ ਉਸਦੇ ਰਸਤੇ ਵਿੱਚ ਰੁਕਾਵਟਾਂ ਆਉਣ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)