You’re viewing a text-only version of this website that uses less data. View the main version of the website including all images and videos.
ਪੂਰੀ ਦੁਨੀਆਂ ਵਿੱਚ ਅਚਾਨਕ ਕਿਉਂ ਹੋਣ ਲੱਗੀ ਊਰਜਾ ਦੀ ਕਮੀ
- ਲੇਖਕ, ਕਮਲੇਸ਼
- ਰੋਲ, ਬੀਬੀਸੀ ਪੱਤਰਕਾਰ
ਇਸ ਸਮੇਂ ਲਗਭਗ ਸਮੁੱਚਾ ਵਿਸ਼ਵ ਊਰਜਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਕੁਦਰਤੀ ਗੈਸ ਜਾਂ ਕੋਲੇ ਦੀ ਘਾਟ ਕਾਰਨ ਊਰਜਾ ਲੋੜਾਂ ਨੂੰ ਪੂਰਾ ਕਰਨਾ ਇੱਕ ਚੁਣੌਤੀ ਬਣ ਗਿਆ ਹੈ।
ਭਾਰਤ ਵਿੱਚ ਵੀ ਕਈ ਪਾਵਰ ਪਲਾਂਟਾਂ ਵਿੱਚ ਕੋਲੇ ਦੀ ਸਪਲਾਈ ਘੱਟ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਸੂਬਾ ਸਰਕਾਰਾਂ ਇਸ ਬਾਰੇ ਚਿੰਤਾ ਜਤਾ ਚੁੱਕੀਆਂ ਹਨ ਅਤੇ ਬਹੁਤ ਸਾਰੇ ਬਿਜਲੀ ਪਲਾਂਟ ਕੋਲੇ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ।
ਇਸੇ ਤਰ੍ਹਾਂ, ਕੁਦਰਤੀ ਗੈਸ ਦੀ ਸਪਲਾਈ ਵੀ ਇੱਕ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਜਿੱਥੇ ਇੱਕ ਪਾਸੇ ਇਸ ਦੀ ਸਪਲਾਈ ਕਾਫ਼ੀ ਨਹੀਂ ਹੈ, ਉੱਥੇ ਇਸ ਦੀ ਮੰਗ ਵੀ ਵੱਧ ਰਹੀ ਹੈ ਅਤੇ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ।
ਯੂਰਪ ਦੇ ਦੇਸ਼ਾਂ ਦੀਆਂ ਸਮੱਸਿਆਵਾਂ
ਯੂਰਪ ਦੇ ਦੇਸ਼ ਇਸ ਸਮੇਂ ਕੁਦਰਤੀ ਗੈਸ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਇਹ ਦੇਸ਼ ਜ਼ਿਆਦਾਤਰ ਆਪਣੀਆਂ ਊਰਜਾ ਲੋੜਾਂ ਲਈ ਨਵਿਆਉਣਯੋਗ ਊਰਜਾ, ਕੁਦਰਤੀ ਗੈਸ ਅਤੇ ਪਰਮਾਣੂ ਊਰਜਾ 'ਤੇ ਨਿਰਭਰ ਕਰਦੇ ਹਨ। ਇਸ ਵਿੱਚ ਸਭ ਤੋਂ ਜ਼ਿਆਦਾ ਹਿੱਸਾ ਕੁਦਰਤੀ ਗੈਸ ਦਾ ਹੈ।
ਪਰ ਇਸ ਵੇਲੇ ਯੂਰਪੀਅਨ ਦੇਸ਼ਾਂ ਵਿੱਚ ਕੁਦਰਤੀ ਗੈਸ ਦੀ ਸਪਲਾਈ ਮੰਗ ਦੇ ਅਨੁਕੂਲ ਨਹੀਂ ਹੈ। ਸਰਦੀਆਂ ਵਿੱਚ ਇਹ ਮੰਗ ਹੋਰ ਵਧਣ ਜਾ ਰਹੀ ਹੈ, ਜਿਸ ਦੀ ਮਾਰ ਸਭ ਤੋਂ ਵੱਧ ਮੱਧ ਅਤੇ ਘੱਟ ਆਮਦਨੀ ਸਮੂਹਾਂ 'ਤੇ ਪੈ ਸਕਦੀ ਹੈ।
ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਦਾ ਬੋਝ ਖਪਤਕਾਰਾਂ 'ਤੇ ਪੈਣਾ ਲਾਜ਼ਮੀ ਹੈ।
ਬ੍ਰਿਟੇਨ ਵਿੱਚ ਬਿਜਲੀ ਦੀਆਂ ਕੀਮਤਾਂ ਵਧਣ ਵਾਲੀਆਂ ਹਨ। ਇੱਕ ਰਿਪੋਰਟ ਮੁਤਾਬਕ, ਯੂਕੇ ਵਿੱਚ 10 ਲੱਖ ਤੋਂ ਵੱਧ ਪਰਿਵਾਰ ਅਗਲੇ ਸਾਲ ਦੀ ਸ਼ੁਰੂਆਤ ਤੱਕ ਬਿਜਲੀ ਜਾਂ ਹੋਰ ਊਰਜਾ ਸਰੋਤਾਂ ਦੀ ਵਰਤੋਂ ਨਹੀਂ ਕਰ ਸਕਣਗੇ।
ਊਰਜਾ ਰੈਗੂਲੇਟਰ ਆਫਜੇਮ ਨੇ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਨੂੰ ਅਗਲੇ ਸਾਲ ਊਰਜਾ ਦੀਆਂ ਕੀਮਤਾਂ ਵਿੱਚ ਦੁਬਾਰਾ ਵਾਧਾ ਵੇਖਣਾ ਪੈ ਸਕਦਾ ਹੈ।
ਪਿਛਲੇ ਮਹੀਨੇ, ਇਸ ਖੇਤਰ ਵਿੱਚ ਕੰਮ ਕਰ ਰਹੀਆਂ ਨੌਂ ਕੰਪਨੀਆਂ ਬੰਦ ਹੋ ਗਈਆਂ ਸਨ, ਜੋ ਕਿ ਵਧਦੀਆਂ ਕੀਮਤਾਂ ਕਾਰਨ ਵਧਦੀ ਲਾਗਤ ਨੂੰ ਨਹੀਂ ਝੱਲ ਸਕੀਆਂ।
ਯੂਕੇ ਸਟੀਲ ਦੇ ਡਾਇਰੈਕਟਰ ਜਨਰਲ, ਗ੍ਰੇਥ ਸਟੇਸ ਨੇ ਕਿਹਾ ਕਿ ਸਰਕਾਰ ਊਰਜਾ ਕੀਮਤਾਂ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਹੈ।
ਇਸ ਦੇ ਨਾਲ ਹੀ ਕੀਮਤਾਂ 'ਤੇ ਲਗਾਈ ਸੀਮਾ ਹਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਜੋ ਕੰਪਨੀਆਂ ਨੂੰ ਘਾਟੇ ਕਾਰਨ ਬੰਦ ਹੋਣ ਤੋਂ ਬਚਾਇਆ ਜਾ ਸਕੇ।
ਜਰਮਨੀ ਵਿੱਚ ਵੀ ਪਾਵਰ ਪਲਾਂਟ ਬੰਦ ਹੋਏ ਅਤੇ ਉਸ ਨੂੰ ਊਰਜਾ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਵਿੱਚ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।
ਕਿਸੇ ਦੇਸ਼ ਦੀਆਂ ਊਰਜਾ ਜ਼ਰੂਰਤਾਂ ਨੂੰ ਸਿਰਫ ਵਰਤਮਾਨ ਹੀ ਨਹੀਂ ਬਲਕਿ ਭਵਿੱਖ ਨੂੰ ਵੀ ਧਿਆਨ ਵਿੱਚ ਰੱਖ ਕੇ ਪੂਰਾ ਕੀਤਾ ਜਾਂਦਾ ਹੈ।
ਪਰ ਹੁਣ ਅਚਾਨਕ ਪੂਰਾ ਵਿਸ਼ਵ ਊਰਜਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਤਪਾਦਨ ਘੱਟ ਹੈ ਅਤੇ ਕੀਮਤਾਂ ਵਧ ਰਹੀਆਂ ਹਨ।
ਮਾਹਰ ਇਸ ਦੇ ਪਿੱਛੇ ਕਿਸੇ ਇੱਕ ਕਾਰਨ ਨੂੰ ਜ਼ਿੰਮੇਦਾਰ ਨਹੀਂ ਮੰਨਦੇ, ਬਲਕਿ ਕਈ ਕਾਰਨਾਂ ਨੇ ਮਿਲ ਕੇ ਇਹ ਸਥਿਤੀਆਂ ਪੈਦਾ ਕੀਤੀਆਂ ਹਨ।
ਇਹ ਵੀ ਪੜ੍ਹੋ:
ਕੁਦਰਤੀ ਗੈਸ ਦੀ ਵਧਦੀ ਮੰਗ
ਦੁਨੀਆਂ ਭਰ ਵਿੱਚ ਕਈ ਕਾਰਨਾਂ ਨਾਲ ਊਰਜਾ ਦੀ ਮੰਗ ਵਿੱਚ ਵਾਧਾ ਹੋਇਆ ਹੈ।
ਮਾਹਰ ਇਸ ਲਈ ਕੋਰੋਨਾ ਮਹਾਂਮਾਰੀ ਤੋਂ ਬਾਅਦ ਆਮ ਜੀਵਨ ਵਿੱਚ ਉਤਪਾਦਾਂ ਅਤੇ ਸੇਵਾਵਾਂ ਦੀ ਵਧਦੀ ਮੰਗ, ਮੌਸਮ ਵਿੱਚ ਤਬਦੀਲੀ ਅਤੇ ਕੋਲੇ ਦੇ ਉਤਪਾਦਨ ਵਿੱਚ ਕਮੀ ਨੂੰ ਜ਼ਿੰਮੇਦਾਰ ਮੰਨਦੇ ਹਨ।
ਕੋਰੋਨਾ ਮਹਾਂਮਾਰੀ ਦੇ ਦੌਰਾਨ ਅਰਥਵਿਵਸਥਾਵਾਂ ਰੁਕ ਗਈਆਂ ਸਨ। ਮੰਗ ਅਤੇ ਉਤਪਾਦਨ ਦੋਵੇਂ ਘੱਟ ਸਨ।
ਅਰਥਵਿਵਸਥਾਵਾਂ ਦੀ ਹਾਲਤ ਵਿਗੜਦੀ ਜਾ ਰਹੀ ਸੀ। ਪਰ ਮਹਾਂਮਾਰੀ ਦਾ ਪ੍ਰਭਾਵ ਘੱਟ ਹੋਣ ਨਾਲ ਦੇਸ਼ਾਂ ਨੇ ਅਰਥਵਿਵਸਥਾ ਨੂੰ ਤੇਜ਼ ਕਰਨ ਲਈ ਆਰਥਿਕ ਸੁਧਾਰ ਪੈਕੇਜ ਦਿੱਤੇ।
ਅਮਰੀਕਾ ਵਿੱਚ, ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਇੱਕ ਟ੍ਰਿਲੀਅਨ ਡਾਲਰ ਦਾ ਆਰਥਿਕ ਪੈਕੇਜ ਦਿੱਤਾ ਗਿਆ ਸੀ, ਜਿਸ ਦਾ ਪ੍ਰਭਾਵ ਹੋਰ ਉਦਯੋਗਾਂ 'ਤੇ ਵੀ ਦੇਖਣ ਨੂੰ ਮਿਲਿਆ।
ਇਸ ਨੇ ਨਿਰਮਾਣ ਅਤੇ ਸੇਵਾ ਉਦਯੋਗ ਵਿੱਚ ਤੇਜ਼ੀ ਦੀ ਸਥਿਤੀ ਬਣਾਈ ਅਤੇ ਊਰਜਾ ਦੀ ਮੰਗ ਵੱਧ ਗਈ।
ਦੂਜੇ ਪਾਸੇ ਕਈ ਦੇਸ਼ਾਂ ਵਿੱਚ ਮੌਸਮ 'ਚ ਬਦਲਾਅ ਦੇਖਣ ਨੂੰ ਮਿਲਿਆ ਹੈ। ਬਹੁਤ ਸਾਰੇ ਦੇਸ਼ਾਂ ਵਿੱਚ, ਪਿਛਲੀਆਂ ਸਰਦੀਆਂ ਵਿੱਚ ਹੀ ਮੰਗ ਵਧਣੀ ਸ਼ੁਰੂ ਹੋ ਗਈ ਸੀ।
ਜਿਵੇਂ ਉੱਤਰੀ ਗੋਲਾਰਧ ਦੇ ਬਹੁਤ ਸਾਰੇ ਖੇਤਰਾਂ ਵਿੱਚ ਲੰਮਾ ਠੰਡ ਦਾ ਮੌਸਮ ਵੇਖਿਆ ਗਿਆ, ਜਿਸ ਕਾਰਨ ਗਰਮੀ ਪ੍ਰਦਾਨ ਕਰਨ ਵਾਲੇ ਬਿਜਲੀ ਉਪਕਰਣਾਂ ਦਾ ਇਸਤੇਮਾਲ ਹੋਣ ਲੱਗਿਆ।
ਪਿਛਲੀ ਗਰਮੀਆਂ ਵਿੱਚ, ਅਮਰੀਕਾ ਅਤੇ ਯੂਰਪ ਵਿੱਚ ਗਰਮ ਹਵਾਵਾਂ ਚੱਲੀਆਂ, ਜਿਸ ਨਾਲ ਏਅਰ ਕੰਡੀਸ਼ਨਰਾਂ ਦੀ ਵਰਤੋਂ ਵਿੱਚ ਵਾਧਾ ਹੋਇਆ ਅਤੇ ਇਸ ਕਾਰਨ ਬਿਜਲੀ ਦੀ ਖਪਤ ਵੀ ਵਧਣ ਲੱਗੀ।
ਇਸ ਦੇ ਨਾਲ ਹੀ, ਕੋਰੋਨਾ ਤੋਂ ਬਚਾਅ ਲਈ ਨਿੱਜੀ ਵਾਹਨਾਂ ਦੀ ਵਰਤੋਂ ਵਿੱਚ ਵਾਧਾ ਹੋਇਆ, ਜਿਸ ਕਾਰਨ ਸੀਐਨਜੀ ਦੀ ਖਪਤ ਵਧੀ।
ਇੰਡੀਆ ਰੇਟਿੰਗਸ ਐਂਡ ਰਿਸਰਚ ਦੇ ਡਾਇਰੈਕਟਰ (ਕਾਰਪੋਰੇਟਸ) ਵਿਵੇਕ ਜੈਨ ਕਹਿੰਦੇ ਹਨ, "ਇਤਿਹਾਸਕ ਤੌਰ 'ਤੇ ਮੰਗ ਪਹਿਲਾਂ ਕਦੇ ਇੰਨੀ ਜ਼ਿਆਦਾ ਨਹੀਂ ਵਧੀ ਸੀ। ਹਮੇਸ਼ਾ 1-2% ਮੰਗ ਹੀ ਵਧੀ ਸੀ।"
"ਕਿਸੇ ਨੇ ਇੰਨੀ ਖਪਤ ਦੀ ਉਮੀਦ ਨਹੀਂ ਕੀਤੀ ਸੀ। ਆਰਥਿਕ ਸੁਧਾਰ ਹੋਣ ਨਾਲ ਮੰਗ ਤੇਜ਼ੀ ਨਾਲ ਵਧੀ ਹੈ।"
ਕੋਲਾ ਬਣਿਆ ਵੱਡਾ ਕਾਰਨ
ਇਸ ਵਿੱਚ ਇੱਕ ਵੱਡਾ ਯੋਗਦਾਨ ਕੋਲੇ ਦੇ ਘੱਟ ਉਤਪਾਦਨ ਦਾ ਵੀ ਹੈ। ਦੂਜੇ ਦੇਸ਼ਾਂ ਦੀ ਤਰ੍ਹਾਂ, ਏਸ਼ੀਆਈ ਦੇਸ਼ਾਂ ਵਿੱਚ ਵੀ ਊਰਜਾ ਦੀ ਖਪਤ ਅਤੇ ਮੰਗ ਵਧੀ ਹੈ।
ਚੀਨ ਅਤੇ ਭਾਰਤ ਦੋ ਅਜਿਹੇ ਵੱਡੇ ਦੇਸ਼ ਹਨ ਜੋ ਵਿਸ਼ਵ ਦੀ ਸਾਰੀ ਆਬਾਦੀ ਦਾ 40 ਪ੍ਰਤੀਸ਼ਤ ਹਿੱਸਾ ਰੱਖਦੇ ਹਨ।
ਇਹ ਦੋਵੇਂ ਦੇਸ਼ ਆਪਣੀਆਂ ਊਰਜਾ ਲੋੜਾਂ ਲਈ ਵੱਡੇ ਪੱਧਰ 'ਤੇ ਕੋਲੇ 'ਤੇ ਹੀ ਨਿਰਭਰ ਕਰਦੇ ਹਨ।
ਕੋਲੇ ਦੇ ਦਰਾਮਦ ਦੇ ਮਾਮਲੇ ਵਿੱਚ ਚੀਨ ਵਿਸ਼ਵ ਵਿੱਚ ਪਹਿਲੇ ਨੰਬਰ 'ਤੇ ਹੈ ਅਤੇ ਭਾਰਤ ਤੀਜੇ ਨੰਬਰ 'ਤੇ ਹੈ, ਨਾਲ ਹੀ ਕੋਲਾ ਉਤਪਾਦਨ ਦੇ ਮਾਮਲੇ ਵਿੱਚ ਚੀਨ ਅਤੇ ਭਾਰਤ ਕ੍ਰਮਵਾਰ ਪਹਿਲੇ ਅਤੇ ਦੂਜੇ ਨੰਬਰ 'ਤੇ ਆਉਂਦੇ ਹਨ।
ਪਰ, ਹਰਿਤ ਊਰਜਾ ਵੱਲ ਵਧਦੇ ਕਦਮਾਂ ਅਤੇ ਨਿਵੇਸ਼ਕਾਂ ਦੀ ਕੋਲਾ ਉਤਪਾਦਨ ਵਿੱਚ ਘਟ ਰਹੀ ਦਿਲਚਸਪੀ ਨੇ ਇੱਥੇ ਕੋਲਾ ਉਤਪਾਦਨ ਘਟਾ ਦਿੱਤਾ ਹੈ।
ਵਾਤਾਵਰਨ ਤਬਦੀਲੀ ਨਾਲ ਨਜਿੱਠਣ ਲਈ ਦੁਨੀਆ ਕੋਲੇ ਦੇ ਬਦਲਾਂ 'ਤੇ ਕੰਮ ਕਰ ਰਹੀ ਹੈ।
ਇਸ ਦੇ ਲਈ, ਸੌਰ ਅਤੇ ਪੌਣ ਊਰਜਾ, ਕੁਦਰਤੀ ਗੈਸ ਅਤੇ ਪਰਮਾਣੂ ਊਰਜਾ 'ਤੇ ਨਿਰਭਰਤਾ ਵਧਾਈ ਜਾ ਰਹੀ ਹੈ।
ਅਜਿਹੀ ਸਥਿਤੀ ਵਿੱਚ, ਨਿਵੇਸ਼ਕ ਵੀ ਕੋਲੇ ਵਿੱਚ ਦਿਲਚਸਪੀ ਘੱਟ ਕਰ ਰਹੇ ਹਨ, ਉਨ੍ਹਾਂ ਨੂੰ ਘੱਟ ਮੁਨਾਫਾ ਹੋ ਰਿਹਾ ਹੈ। ਇਸ ਲਈ, ਕੋਲੇ ਦਾ ਉਤਪਾਦਨ ਬਹੁਤ ਘਟ ਗਿਆ ਹੈ।
ਵਿਵੇਕ ਜੈਨ ਦੱਸਦੇ ਹਨ, "ਇਹ ਬਦਲਾਅ ਲੰਮੇ ਸਮੇਂ ਵਿੱਚ ਆਇਆ ਹੈ। ਕੋਲਾ ਅਤੇ ਤੇਲ ਵਿੱਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਘੱਟ ਹੋ ਗਈਆਂ ਹਨ।"
"ਪਿਛਲੇ 10 ਸਾਲਾਂ ਵਿੱਚ ਇਹ ਕੰਪਨੀਆਂ ਲਗਭਗ 66 ਪ੍ਰਤੀਸ਼ਤ ਰਹੀ ਗਈਆਂ ਹਨ। ਜੇ ਤੁਸੀਂ ਖਣਿਜ ਕੱਢਣ ਲਈ ਨਿਵੇਸ਼ ਨਹੀਂ ਕਰ ਰਹੇ ਹੋ ਅਤੇ ਮੰਗ ਵਧਦੀ ਹੈ ਤਾਂ ਅਸੰਤੁਲਨ ਪੈਦਾ ਹੁੰਦਾ ਹੈ।"
ਭਾਰਤ ਅਤੇ ਚੀਨ ਵਿੱਚ ਊਰਜਾ ਦੀ ਮੰਗ ਵਧੀ ਹੈ ਅਤੇ ਅਜਿਹੀ ਸਥਿਤੀ ਵਿੱਚ ਇੱਥੇ ਕੋਲੇ ਤੋਂ ਲੈ ਕੇ ਕੁਦਰਤੀ ਗੈਸ, ਦੋਵਾਂ ਦੀ ਖਪਤ ਵਧੀ ਹੈ।
ਵਾਤਾਵਰਨ ਤਬਦੀਲੀ ਦੇ ਮੱਦੇਨਜ਼ਰ, ਚੀਨ ਨੇ ਪਹਿਲਾਂ ਕੋਲਾ ਉਤਪਾਦਿਤ ਕਰਨ ਦੀ ਬਜਾਏ ਸਿਰਫ ਦਰਾਮਦ ਕਰਨ ਦਾ ਫੈਸਲਾ ਲਿਆ ਸੀ, ਪਰ ਮੌਜੂਦਾ ਸਥਿਤੀ ਵਿੱਚ ਉਹ ਵੀ ਲਗਭਗ ਆਪਣੀਆਂ 90 ਖਾਣਾਂ ਸ਼ੁਰੂ ਕਰਨ ਜਾ ਰਿਹਾ ਹੈ।
ਰੂਸ ਦੀ ਭੂਮਿਕਾ
ਯੂਰਪ ਵਿੱਚ ਕੁਦਰਤੀ ਗੈਸ ਸੰਕਟ ਨਾਲ ਨਜਿੱਠਣ ਵਿੱਚ ਰੂਸ ਦੀ ਭੂਮਿਕਾ ਵਧੀ ਹੈ।
ਯੂਰਪ ਦੇ ਦੇਸ਼ ਆਪਣੀ ਕੁਦਰਤੀ ਗੈਸ ਦੀ ਸਪਲਾਈ ਦੇ ਲਗਭਗ 43 ਪ੍ਰਤੀਸ਼ਤ ਲਈ ਰੂਸ 'ਤੇ ਨਿਰਭਰ ਕਰਦੇ ਹਨ। ਪਰ ਊਰਜਾ ਦੀ ਵਧਦੀ ਮੰਗ ਦੇ ਵਿਚਕਾਰ, ਰੂਸ ਤੋਂ ਵੀ ਸਪਲਾਈ ਘਟੀ ਹੈ।
ਯੂਰਪੀਅਨ ਦੇਸ਼ਾਂ ਨੂੰ ਕੁਦਰਤੀ ਗੈਸ ਰੂਸ ਤੋਂ ਪਾਈਪਲਾਈਨ ਰਾਹੀਂ ਪਹੁੰਚਾਈ ਜਾਂਦੀ ਹੈ।
ਇਹ ਪਾਈਪਲਾਈਨ ਯੂਕਰੇਨ ਅਤੇ ਪੋਲੈਂਡ ਤੋਂ ਹੋ ਕੇ ਲੰਘਦੀ ਹੈ। ਪਰ ਇਨ੍ਹਾਂ ਦੋਵਾਂ ਦੇਸ਼ਾਂ ਨਾਲ ਰੂਸ ਦੇ ਸਬੰਧ ਤਣਾਅਪੂਰਨ ਬਣਦੇ ਰਹਿੰਦੇ ਹਨ।
ਅਜਿਹੀ ਸਥਿਤੀ ਵਿੱਚ, ਰੂਸ ਨੇ ਇੱਕ ਪਾਈਪਲਾਈਨ 'ਨੋਰਡ ਸਟ੍ਰੀਮ 2' ਤਿਆਰ ਕੀਤੀ ਹੈ ਜੋ ਸਿੱਧਾ ਜਰਮਨੀ ਤੱਕ ਜਾਂਦੀ ਹੈ।
ਇਸ ਨਾਲ ਗੈਸ ਸਪਲਾਈ ਵਿੱਚ ਸੁਧਾਰ ਹੋ ਸਕਦਾ ਹੈ, ਪਰ ਯੂਰਪੀਅਨ ਦੇਸ਼ਾਂ ਨੇ ਅਜੇ ਤੱਕ ਇਸ ਪਾਈਪਲਾਈਨ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।
ਅਮਰੀਕਾ ਵੀ ਇਸ ਪਾਈਪਲਾਈਨ ਦੀ ਆਲੋਚਨਾ ਕਰਦਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਜੇ ਸਿੱਧੀ ਪਾਈਪਲਾਈਨ ਮਨਜ਼ੂਰ ਹੋ ਜਾਂਦੀ ਹੈ, ਤਾਂ ਯੂਕਰੇਨ ਅਤੇ ਪੋਲੈਂਡ ਨੂੰ ਆਰਥਿਕ ਨੁਕਸਾਨ ਹੋ ਸਕਦਾ ਹੈ।
ਪਹਿਲਾਂ ਵੀ ਜਦੋਂ ਯੂਰਪ ਵਿੱਚ ਕੁਦਰਤੀ ਗੈਸ ਦੀ ਮੰਗ ਵਧੀ ਹੈ ਤਾਂ ਰੂਸ ਨੇ ਉਸ ਅਨੁਸਾਰ ਸਪਲਾਈ ਵਧਾਈ ਹੈ।
ਪਰ ਇਸ ਸਾਲ, ਰੂਸ ਦੀ ਸਰਕਾਰੀ ਊਰਜਾ ਉਤਪਾਦਨ ਕੰਪਨੀ 'ਗੈਜ਼ਪ੍ਰੋਮ' ਨੇ ਵਾਧੂ ਸਪਲਾਈ ਲਈ ਘੱਟ ਆਰਡ ਸਵੀਕਾਰ ਕੀਤੇ ਹਨ।
ਇਸ ਨੂੰ ਰੂਸ ਦੇ ਦਬਾਅ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਆਲੋਚਕਾਂ ਦਾ ਕਹਿਣਾ ਹੈ ਕਿ ਯੂਰਪ ਵਿੱਚ ਊਰਜਾ ਸੰਕਟ ਦੇ ਦੌਰਾਨ ਕੁਦਰਤੀ ਗੈਸ ਦੀ ਸਪਲਾਈ ਵਿੱਚ 'ਨੋਰਡ ਸਟ੍ਰੀਮ 2' ਦੀ ਮਹੱਤਤਾ ਨੂੰ ਦਰਸਾਉਣ ਦੀ ਕੋਸ਼ਿਸ਼ ਹੈ ਤਾਂ ਜੋ ਇਸਦੀ ਮੰਨਜ਼ੂਰੀ ਸੌਖੀ ਹੋ ਸਕੇ।
ਹਾਲਾਂਕਿ, ਰੂਸ ਇਸ ਤੋਂ ਇਨਕਾਰ ਕਰਦਾ ਹੈ ਅਤੇ ਉਸਨੇ ਊਰਜਾ ਸਪਲਾਈ ਦੀ ਕਮੀ ਵਿੱਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਤੋਂ ਇਨਕਾਰ ਕੀਤਾ ਹੈ।
ਰੂਸ ਨੇ ਯੂਰਪ ਵਿੱਚ ਮੰਗ ਦੇ ਅਨੁਸਾਰ ਸਪਲਾਈ ਵਧਾਉਣ ਦਾ ਭਰੋਸਾ ਵੀ ਦਿੱਤਾ ਹੈ।
ਇਸ ਦੇ ਨਾਲ ਹੀ, ਰੂਸ ਵਿੱਚ ਵੀ ਊਰਜਾ ਦੀ ਖਪਤ ਵਧੀ ਹੈ ਅਤੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਇੱਥੇ ਵੀ ਉਤਪਾਦਨ ਪ੍ਰਭਾਵਿਤ ਹੋਇਆ ਹੈ।
ਸੰਕਟ ਦੀ ਇਹ ਸਥਿਤੀ ਕਿਵੇਂ ਆਈ
ਕਈ ਵੱਡੇ ਦੇਸ਼ਾਂ 'ਤੇ ਇਸ ਊਰਜਾ ਸੰਕਟ ਦਾ ਗੰਭੀਰ ਅਸਰ ਦੇਖਣ ਨੂੰ ਮਿਲ ਸਕਦਾ ਹੈ। ਸਾਰਾ ਸੰਸਾਰ ਇਸ ਦੇ ਪ੍ਰਭਾਵਾਂ 'ਚੋਂ ਲੰਘ ਰਿਹਾ ਹੈ।
ਅਜਿਹੇ ਵਿੱਚ, ਕੀ ਕਿਸੇ ਨੂੰ ਵੀ ਇੰਨੇ ਵੱਡੇ ਸੰਕਟ ਦਾ ਕੋਈ ਅੰਦਾਜ਼ਾ ਨਹੀਂ ਸੀ ਜਾਂ ਕਿਤੇ ਕੋਈ ਗਲਤੀ ਹੋ ਗਈ ਹੈ?
ਵਿਵੇਕ ਜੈਨ ਕਹਿੰਦੇ ਹਨ, "ਕੋਰੋਨਾ ਮਹਾਂਮਾਰੀ ਦੇ ਦੌਰਾਨ ਘੱਟ ਉਤਪਾਦਨ ਦੇ ਕਾਰਨ ਕੋਲੇ ਦੀਆਂ ਖਾਣਾਂ ਬੰਦ ਹੋ ਗਈਆਂ ਸਨ। ਕਈ ਖਾਣਾਂ ਪਹਿਲਾਂ ਹੀ ਹੌਲੀ-ਹੌਲੀ ਬੰਦ ਕੀਤੀਆਂ ਜਾ ਰਹੀਆਂ ਸਨ।"
"ਪਰ ਜਦੋਂ ਤੁਸੀਂ ਕੋਈ ਖਾਣ ਨੂੰ ਬੰਦ ਕਰਦੇ ਹੋ ਜਾਂ ਉਤਪਾਦਨ ਘਟਾਉਂਦੇ ਹੋ, ਤਾਂ ਇਸ ਨੂੰ ਦੁਬਾਰਾ ਚਾਲੂ ਹੋਣ ਜਾਂ ਗਤੀ ਵਧਣ ਵਿੱਚ ਸਮਾਂ ਲੱਗਦਾ ਹੈ।"
"ਖਣਿਜ ਪਦਾਰਥਾਂ ਦੇ ਉਤਪਾਦਨ ਵਿੱਚ ਅਜਿਹਾ ਨਹੀਂ ਹੁੰਦਾ ਕਿ ਅੱਜ ਬੰਦ ਕਰ ਦਿੱਤਾ ਤਾਂ ਕੱਲ੍ਹ ਸ਼ੁਰੂ ਕਰ ਲਵਾਂਗੇ।"
"ਮੰਨ ਲਓ ਕਿ ਤੁਸੀਂ ਦੂਜੀ ਤਿਮਾਹੀ ਵਿੱਚ ਫੈਸਲਾ ਕੀਤਾ ਕਿ ਇਸ ਨੂੰ ਸ਼ੁਰੂ ਕਰਨਾ ਹੈ, ਤਾਂ ਇਸ ਨੂੰ ਸ਼ੁਰੂ ਹੁੰਦੇ-ਹੁੰਦੇ ਹੀ ਛੇ ਮਹੀਨੇ ਲੱਗ ਜਾਣਗੇ। ਅਜਿਹਾ ਨਹੀਂ ਹੈ ਕਿ ਇਹ ਵਿਸ਼ਵ ਪੱਧਰ 'ਤੇ ਇਸ ਦੀ ਜਾਣਕਾਰੀ ਨਹੀਂ ਸੀ ਪਰ ਕਿਸੇ ਨੇ ਵੀ ਇੰਨੀ ਜ਼ਿਆਦਾ ਮੰਗ ਦੀ ਉਮੀਦ ਨਹੀਂ ਕੀਤੀ ਸੀ।"
ਅੱਗੇ ਕੀ ਹੋਵੇਗਾ
ਮਾਹਰਾਂ ਦਾ ਮੰਨਣਾ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਤਾਂ ਕੱਢ ਲਿਆ ਜਾਵੇਗਾ, ਪਰ ਲੰਮੇ ਸਮੇਂ ਦੇ ਉਪਾਅ ਵੀ ਧਿਆਨ ਵਿੱਚ ਰੱਖਣੇ ਪੈਣਗੇ।
ਵਿਵੇਕ ਜੈਨ ਦਾ ਕਹਿਣਾ ਹੈ ਕਿ ਕੋਲੇ ਦਾ ਉਤਪਾਦਨ ਵਧਾਇਆ ਜਾ ਰਿਹਾ ਹੈ ਅਤੇ ਪੂਰੀ ਦੁਨੀਆ ਇਸ 'ਤੇ ਕੰਮ ਕਰ ਰਹੀ ਹੈ।
ਪਰ ਇਨ੍ਹਾਂ ਸਥਿਤੀਆਂ ਨੇ ਇੱਕ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਕੋਲੇ ਨੂੰ ਸਾਡੀਆਂ ਜ਼ਰੂਰਤਾਂ ਤੋਂ ਹਟਾਉਣਾ ਇੰਨਾ ਸੌਖਾ ਨਹੀਂ ਹੈ।
ਉਹ ਕਹਿੰਦੇ ਹਨ, "ਵਿਚਕਾਰ ਇੱਕ ਸਮਾਂ ਆਵੇਗਾ ਜਦੋਂ ਸਾਨੂੰ ਕੋਲੇ ਅਤੇ ਹੋਰ ਊਰਜਾ ਸਰੋਤਾਂ ਦੇ ਨਾਲ ਰਹਿਣਾ ਪਵੇਗਾ।"
"ਫਿਲਹਾਲ ਅਸੀਂ 100 ਪ੍ਰਤੀਸ਼ਤ ਸ਼ਿਫਟ ਨਹੀਂ ਕਰ ਸਕਦੇ ਕਿਉਂਕਿ ਕੁਦਰਤੀ ਗੈਸ ਦਾ ਉਤਪਾਦਨ ਸੀਮਤ ਹੈ ਅਤੇ ਨਵਿਆਉਣਯੋਗ ਊਰਜਾ ਦੀਆਂ ਵੀ ਆਪਣੀਆਂ ਸੀਮਾਵਾਂ ਹਨ।"
"ਨਾਲ ਹੀ, ਕੀਮਤਾਂ ਵੱਧ ਗਈਆਂ ਹਨ ਤਾਂ ਇਹ ਸਪਲਾਇਰਾਂ ਲਈ ਮੁਨਾਫਾ ਕਮਾਉਣ ਦਾ ਇੱਕ ਵਧੀਆ ਮੌਕਾ ਹੈ।"
"ਕੰਪਨੀਆਂ ਨੇ ਜਿਨ੍ਹਾਂ ਖਾਣਾਂ ਨੂੰ ਬੰਦ ਕਰ ਦਿੱਤਾ ਸੀ, ਜੇਕਰ ਉਹ ਉੱਥੇ ਉਤਪਾਦਨ ਵਧਾਉਂਦੇ ਹਨ, ਤਾਂ ਉਨ੍ਹਾਂ ਨੂੰ ਬਹੁਤ ਲਾਭ ਹੋ ਸਕਦਾ ਹੈ।"
ਭਾਰਤ ਵਿੱਚ ਬਿਜਲੀ ਸੰਕਟ
ਭਾਰਤ ਵਿੱਚ ਕੋਲੇ ਦੀ ਘਾਟ ਕਰਕੇ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੀ ਘਾਟ ਦਾ ਸੰਕਟ ਦੱਸਿਆ ਜਾ ਰਿਹਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਦੀ ਘਾਟ ਦਾ ਸ਼ੱਕ ਜਤਾਉਂਦਿਆਂ ਹੋਇਆ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ।
ਉੱਤਰ ਪ੍ਰਦੇਸ਼ ਵਿੱਚ ਵੀ ਕੋਲੇ ਦੀ ਕਮੀ ਕਾਰਨ ਅੱਠ ਬਿਜਲੀ ਪਲਾਂਟ ਬੰਦ ਕਰ ਦਿੱਤੇ ਗਏ ਹਨ। ਦੇਸ਼ ਵਿੱਚ ਤਿੰਨ ਜਾਂ ਚਾਰ ਦਿਨਾਂ ਦਾ ਕੋਲਾ ਬਚੇ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ।
ਹਾਲਾਂਕਿ, ਕੋਲਾ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਦੇਸ਼ ਦੀ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੋੜੀਂਦੀ ਮਾਤਰਾ ਵਿੱਚ ਕੋਲਾ ਮੌਜੂਦ ਹੈ।
ਕੋਲਾ ਮੰਤਰਾਲੇ ਨੇ ਕਿਹਾ, "ਬਿਜਲੀ ਦੀ ਸਪਲਾਈ ਵਿੱਚ ਰੁਕਾਵਟ ਦੇ ਸ਼ੱਕ ਪੂਰੀ ਤਰ੍ਹਾਂ ਗ਼ਲਤ ਹਨ। ਬਿਜਲੀ ਪਲਾਂਟਾਂ ਵਿੱਚ ਕਰੀਬ 72 ਲੱਖ ਟਨ ਕੋਲਾ ਮੌਜੂਦ ਹੈ ਜੋ ਚਾਰ ਦਿਨਾਂ ਲਈ ਕਾਫੀ ਹੈ।"
"ਉੱਥੇ ਹੀ ਕੋਲ ਇੰਡੀਆ ਲਿਮੀਟਡ ਕੋਲ 400 ਲੱਖ ਟਨ ਕੋਲਾ ਹੈ, ਜਿਸ ਦੀ ਅੱਗੇ ਸਪਲਾਈ ਕੀਤੀ ਜਾ ਰਹੀ ਹੈ।"
"ਇਸ ਸਾਲ (ਸਤੰਬਰ 2021 ਤੱਕ) ਘਰੇਲੂ ਕੋਲਾ ਆਧਾਰਿਤ ਬਿਜਲੀ ਉਤਪਾਦਨ ਵਿੱਚ ਕਰੀਬ 24 ਫੀਸਦ ਦਾ ਵਾਧਾ ਹੋਇਆ ਹੈ।"
ਹਾਲਾਂਕਿ, ਜਾਣਕਾਰ ਇਸ ਨਾਲ ਇੱਤੇਫਾਕ ਨਹੀਂ ਰੱਖਦੇ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸੰਕਟ ਅੱਜ ਦਾ ਨਹੀਂ ਹੈ ਬਲਕਿ ਪਹਿਲਾਂ ਤੋਂ ਬਣਿਆ ਹੋਇਆ ਹੈ।
ਭਾਰਤ ਦੇ ਹਾਲਾਤ ਨੂੰ ਲੈ ਕੇ ਸੀਨੀਅਰ ਪੱਤਰਕਾਰ ਅਤੇ ਆਰਥਿਕ ਮਾਮਲਿਆਂ ਦੇ ਜਾਣਕਾਰ ਪ੍ਰਾਂਜੌਏ ਗੁਹਾ ਠਾਕੁਰਤਾ ਕਹਿੰਦੇ ਹਨ ਕਿ ਭਾਰਤ ਵਿੱਚ ਊਰਜਾ ਸਪਲਾਈ ਦੇ ਸੰਕਟ ਨੂੰ ਲੈ ਕੇ ਸੂਬਾ ਸਰਕਾਰਾਂ ਤੋਂ ਲੈ ਕੇ ਬਿਜਲੀ ਕੰਪਨੀਆਂ ਤੱਕ ਚਿੰਤਾ ਜ਼ਾਹਿਰ ਕਰ ਚੁੱਕੀਆਂ ਹਨ।
ਫਿਰ ਵੀ ਸਰਕਾਰ ਇਸ ਤੋਂ ਇਨਕਾਰ ਕਰਦੀ ਆਈ ਹੈ।
ਉਹ ਕਹਿੰਦੇ ਹਨ, "ਭਾਰਤ ਵਿੱਚ ਊਰਜਾ ਸੰਕਟ ਦੇ ਪਿੱਛੇ ਕਈ ਕਾਰਨ ਜ਼ਿੰਮੇਵਾਰ ਹਨ। ਜਿਵੇਂ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਗਲੋਬਲ ਅਤੇ ਘਰੇਲੂ ਮੰਗ ਵਿੱਚ ਵਾਧਾ ਹੋ ਗਿਆ ਹੈ।"
"ਉੱਥੇ ਹੀ, ਇਸ ਸਾਲ ਬਾਰਿਸ਼ ਵੀ ਜਿਆਦਾ ਹੋਈ ਹੈ, ਜਿਸ ਨਾਲ ਕੋਲਾ ਗਿੱਲਾ ਹੋ ਗਿਆ ਹੈ। ਕੋਲਾ ਵੰਡ ਕਰਨ ਵਾਲੀਆਂ ਕੰਪਨੀਆਂ ਵੀ ਕਰਜ਼ ਵਿੱਚ ਡੁੱਬੀਆਂ ਹੋਈਆਂ ਹਨ ਤਾਂ ਉਤਪਾਦਨ ਘੱਟ ਹੋ ਰਿਹਾ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
"ਪਰ, ਇਹ ਸੰਕਟ ਰਾਤੋਰਾਤ ਨਹੀਂ ਆਇਆ ਹੈ। ਗੁਜਰਾਤ, ਪੰਜਾਬ, ਰਾਜਸਥਾਨ, ਦਿੱਲੀ ਅਤੇ ਤਮਿਲਨਾਡੂ ਨੇ ਨਾਰਾਜ਼ਗੀ ਨਾਲ ਭਾਰਤ ਸਰਕਾਰ ਨੂੰ ਲਿਖਿਆ ਸੀ ਕਿ ਬਿਜਲੀ ਉਤਪਾਦਨ ਦੇ ਕਾਰਖਾਨੇ ਬੰਦ ਹੋ ਜਾਣਗੇ।"
"ਸਾਰਿਆਂ ਕੋਲ ਦੋ ਜਾਂ ਤਿੰਨ ਦਿਨ ਦਾ ਕੋਲਾ ਹੀ ਬਚਿਆ ਹੈ ਪਰ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਊਰਜਾ ਮੰਤਰੀ ਆਰ ਕੇ ਸਿੰਘ ਕਿਸੇ ਵੀ ਸੰਕਟ ਤੋਂ ਇਨਕਾਰ ਕਰਦੇ ਰਹੇ ਹਨ।"
"ਕਿਹਾ ਕਿ ਦੋ-ਚਾਰ ਦਿਨਾਂ ਵਿੱਚ ਠੀਕ ਹੋ ਜਾਵੇਗਾ। ਪਰ ਜੇਕਰ ਨਹੀਂ ਹੈ ਤਾਂ ਲੋਕ ਇੰਨੇ ਚਿੰਤਤ ਕਿਉਂ ਹਨ।"
ਜਾਣਕਾਰ ਇਨ੍ਹਾਂ ਹਾਲਾਤ ਦਾ ਫਾਇਦਾ ਕੁਝ ਕੰਪਨੀਆਂ ਨੂੰ ਹੋਣ ਦਾ ਸ਼ੱਕ ਵੀ ਜਤਾਉਂਦੇ ਹਨ।
ਕੋਲੇ ਦੀ ਮੰਗ ਵਧਣ ਨਾਲ ਉਸ ਦੀ ਕੀਮਤ ਵਿੱਚ ਵਾਧਾ ਹੋਵੇਗਾ, ਜਿਸ ਦਾ ਫਾਇਦਾ ਕੋਲਾ ਉਤਪਾਦਕ ਕੰਪਨੀਆਂ ਚੁੱਕਣਗੀਆਂ।
ਪਰ, ਫਿਲਹਾਲ ਪੂਰੇ ਵਿਸ਼ਵ ਦਾ ਧਿਆਨ ਇਸ ਸੰਕਟ ਨਾਲ ਨਜਿੱਠਣ 'ਤੇ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬਿਜਲੀ ਜਾਂ ਹੋਰਨਾਂ ਜ਼ਰੂਰਤਾਂ ਵਿੱਚ ਕਟੌਤੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ: