'ਪਹਿਲਾਂ ਮੇਰੇ ਬੇਟੇ ਦੇ ਢਿੱਡ 'ਚ ਗੋਲੀ ਮਾਰੀ ਤੇ ਫਿਰ ਉਸ ਦੀ ਛਾਤੀ 'ਤੇ ਛਾਲਾਂ ਮਾਰ ਮਾਰ ਕੇ ਉਸ ਨੂੰ ਮਾਰਿਆ ਗਿਆ'- ਅਸਾਮ ਦੇ ਦਰੰਗ ਜ਼ਿਲ੍ਹੇ ਤੋਂ ਗਰਾਉਂਡ ਰਿਪੋਰਟ

ਮੁਈਨੁਲ ਦੀ ਮਾਂ ਮੋਈਮੋਨਾ ਬੇਗ਼ਮ

ਤਸਵੀਰ ਸਰੋਤ, DILIP KUMAR SHARMA/BBC

ਤਸਵੀਰ ਕੈਪਸ਼ਨ, ਮੁਇਨੁਲ ਦੀ ਮਾਂ ਮੋਈਮੋਨਾ ਬੇਗ਼ਮ
    • ਲੇਖਕ, ਦਿਲੀਪ ਕੁਮਾਰ ਸ਼ਰਮਾ
    • ਰੋਲ, ਬੀਬੀਸੀ ਲਈ , ਅਸਾਮ ਦੇ 3 ਨੰਬਰ ਧੌਲਪੁਰ ਪਿੰਡ ਤੋਂ

ਅਸਾਮ ਦੇ ਦਰੰਗ ਜ਼ਿਲ੍ਹੇ ਦੇ 3 ਨੰਬਰ ਧੌਲਪੁਰ ਪਿੰਡ 'ਚ ਬ੍ਰਹਮਪੁੱਤਰ ਦੀ ਸਹਾਇਕ ਨਦੀ ਸੁਤਾ ਦੇ ਕੰਢੇ ਇੱਕ ਅਸਥਾਈ ਠਿਕਾਣੇ ਤੋਂ ਰੁਕ-ਰੁਕ ਕੇ ਛੋਟੇ ਬੱਚਿਆਂ ਅਤੇ ਔਰਤਾਂ ਦੇ ਰੋਣ ਦੀ ਆਵਾਜ਼ ਆ ਰਹੀ ਸੀ।

ਕੁਝ ਦਿਨ ਪਹਿਲਾਂ ਤੱਕ ਇੱਥੋਂ ਦੇ ਲੋਕਾਂ ਦਾ ਜੀਵਨ ਆਮ ਵਾਂਗ ਹੀ ਸੀ, ਪਰ 23 ਸਤੰਬਰ ਨੂੰ ਅਸਾਮ ਸਰਕਾਰ ਦੇ ਹੁਕਮਾਂ 'ਤੇ 'ਨਾਜਾਇਜ਼ ਕਬਜ਼ਿਆਂ' ਦੇ ਖਿਲਾਫ ਪੁਲਿਸ ਕਾਰਵਾਈ ਅਤੇ ਪਿੰਡ ਵਾਸੀਆਂ ਨਾਲ ਹਿੰਸਕ ਝੜਪਾਂ ਨੇ ਪੂਰੇ ਪਿੰਡ ਨੂੰ ਉਜਾੜ ਕੇ ਹੀ ਰੱਖ ਦਿੱਤਾ ਹੈ।

ਦਰੰਗ ਜ਼ਿਲ੍ਹਾ ਪ੍ਰਸ਼ਾਸਨ ਦੇ ਅਨੁਸਾਰ, ਵੀਰਵਾਰ ਨੂੰ ਹੋਈ ਹਿੰਸਕ ਝੜਪ 'ਚ ਦੋ ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 9 ਪੁਲਿਸ ਮੁਲਾਜ਼ਮ ਅਤੇ 7 ਪਿੰਡ ਵਾਸੀ ਜ਼ਖਮੀ ਹੋਏ ਸਨ।

ਸਾਰੇ ਜ਼ਖਮੀ ਪਿੰਡ ਵਾਸੀ ਗੁਹਾਟੀ ਮੈਡੀਕਲ ਕਾਲਜ ਹਸਪਤਾਲ 'ਚ ਜੇਰੇ ਇਲਾਜ ਹਨ।

ਹਾਲਾਂਕਿ 3 ਨੰਬਰ ਧੌਲਪੁਰ ਪਿੰਡ 'ਚ ਦਾਖਲ ਹੋਣ 'ਤੇ ਹਿੰਸਕ ਝੜਪ ਕਾਰਨ ਹੋਇਆ ਨੁਕਸਾਨ, ਪ੍ਰਸ਼ਾਸਨ ਦੇ ਦਾਅਵਿਆਂ ਤੋਂ ਕਿਤੇ ਵੱਧ ਵਿਖਾਈ ਦਿੰਦਾ ਹੈ।

ਸਿਪਾਝਾਰ ਸ਼ਹਿਰ ਤੋਂ ਲਗਭਗ 14 ਕਿਲੋਮੀਟਰ ਅਮਦਰ ਵੱਲ ਆਉਣ 'ਤੇ 'ਨੋ ਨਦੀ' ਦਾ ਖਾਰ ਘਾਟ ਮਿਲਦਾ ਹੈ। ਇਸ ਘਾਟ ਤੋਂ ਨਦੀ ਪਾਰ ਕਰਨ ਲਈ ਇਕੋ ਇਕ ਸਹਾਰਾ- ਦੇਸੀ ਕਿਸ਼ਤੀ ਹੈ।

ਨਦੀ ਦੇ ਉਸ ਪਾਰ 3 ਨੰਬਰ ਧੌਲਪੁਰ ਪਿੰਡ ਵਸਦਾ ਹੈ। ਉੱਥੇ ਅੰਦਰ ਵੱਲ ਜਾਣ 'ਤੇ ਪੂਰੇ ਪਿੰਡ 'ਚ ਲੋਕਾਂ ਦੇ ਤੋੜੇ ਹੋਏ ਅਤੇ ਅੱਗ ਨਾਲ ਨਸ਼ਟ ਹੋ ਚੁੱਕੇ ਘਰ ਵਿਖਾਈ ਦਿੰਦੇ ਹਨ।

ਤਕਰੀਬਨ ਚਾਰ ਕਿਲੋਮੀਟਰ ਦੂਰ ਸੁਤਾ ਨਦੀ ਤੱਕ ਇਹ ਦ੍ਰਿਸ਼ ਇੰਝ ਹੀ ਵਿਖਾਈ ਦਿੰਦਾ ਰਿਹਾ।

ਕਿਸੇ ਪਾਸੇ ਲੋਕਾਂ ਦੀਆਂ ਸੜੀਆਂ ਮੋਟਰ ਬਾਈਕਾਂ ਅਤੇ ਸਾਈਕਲ ਵਿਖਾਈ ਦੇ ਰਹੇ ਸਨ ਅਤੇ ਕਿਸੇ ਪਾਸੇ ਟੁੱਟੇ ਘਰਾਂ ਦੇ ਬਾਹਰ ਭਾਂਡੇ ਅਤੇ ਫਰਨੀਚਰ ਖਿਲਰੇ ਪਏ ਸਨ।

ਆਪਣੀਆਂ ਉਜੜੀਆਂ ਰਿਹਾਇਸ਼ਾਂ ਦੇ ਬਾਹਰ ਕੁਝ ਔਰਤਾਂ ਆਪਣੇ ਬਚੇ-ਖੁੱਚੇ ਹੋਏ ਸਮਾਨ ਨੂੰ ਲੱਭ ਰਹੀਆਂ ਸਨ।

ਮੁਇਨਲ ਦਾ ਪਰਿਵਾਰ ਇੱਕ ਆਰਜੀ ਟੈਂਟ ਵਿੱਚ ਰਹਿ ਰਿਹਾ ਹੈ

ਤਸਵੀਰ ਸਰੋਤ, DILIP KUMAR SHARMA/BBC

ਤਸਵੀਰ ਕੈਪਸ਼ਨ, ਮੁਇਨਲ ਦਾ ਪਰਿਵਾਰ ਇੱਕ ਆਰਜੀ ਟੈਂਟ ਵਿੱਚ ਰਹਿ ਰਿਹਾ ਹੈ

ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਦੁੱਖ

ਪਿੰਡ ਦੇ ਕੁਝ ਲੋਕਾਂ ਨੇ ਆਪਣੇ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਦੇ ਨਾਲ ਸੁਤਾ ਨਦੀ ਦੇ ਕਿਨਾਰੇ ਐਲੂਮੀਨੀਅਮ ਦੀਆਂ ਚਾਦਰਾਂ ਨਾਲ ਬਣੀ ਆਰਜ਼ੀ ਛੱਤ ਦੇ ਹੇਠਾਂ ਡੇਰਾ ਲਗਾਇਆ ਹੋਇਆ ਹੈ।

ਇੰਨ੍ਹਾਂ ਵਿੱਚੋਂ ਇੱਕ ਘਰ ਦੇ ਬਾਹਰ ਕਿਸੇ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਦਰਅਸਲ ਇਹ ਮੋਈਨੁਲ ਹੱਕ ਦਾ ਪਰਿਵਾਰ ਹੈ, ਜਿਸ ਦੀ ਕਿ ਵੀਰਵਾਰ ਨੂੰ ਪੁਲਿਸ ਦੀ ਗੋਲੀ ਨਾਲ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ :

28 ਸਾਲ ਦੇ ਮੋਇਨੁਲ ਹੱਕ ਨੂੰ ਗੋਲੀ ਮਾਰਨ ਅਤੇ ਪੁਲਿਸ ਦੇ ਨਾਲ ਉੱਥੇ ਮੌਜੂਦ ਇੱਕ ਕੈਮਰਾਮੈਨ ਵੱਲੋਂ ਉਸ ਨੂੰ ਕੁੱਟਣ ਅਤੇ ਉਸ 'ਤੇ ਛਾਲਾਂ ਮਾਰਨ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ।

ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਏ ਗਏ ਇਸ ਕੈਮਰਾਮੈਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ।

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਲੌਕਡਾਊਨ ਨੇ ਚਾਹ ਵਪਾਰ ਨੂੰ ਕਿਵੇਂ ਲਾਈ ਢਾਹ (ਵੀਡੀਓ ਜੂਨ 2020 ਦੀ ਹੈ)

ਮੋਇਨੁਲ ਹੱਕ ਦੀ ਬੁੱਢੀ ਮਾਂ ਮੋਇਮੋਨਾ ਬੇਗ਼ਮ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਹ ਉਨ੍ਹਾਂ ਨੂੰ ਮਿਲਣ ਲਈ ਆਉਣ ਵਾਲੇ ਲੋਕਾਂ ਨੂੰ ਸਿਰਫ ਇੱਕ ਹੀ ਗੱਲ ਕਹਿ ਰਹੀ ਹੈ ਕਿ ਮੈਨੂੰ ਮੇਰਾ ਪੁੱਤਰ ਲਿਆ ਦੇਵੋ।

ਉਹ ਰੋਂਦੀ ਕਰਲਾਉਂਦੀ ਕਹਿੰਦੀ ਹੈ , "ਮੈਨੂੰ ਆਪਣਾ ਪੁੱਤਰ ਚਾਹੀਦਾ ਹੈ। ਉਨ੍ਹਾਂ ਲੋਕਾਂ ਨੇ ਮੇਰੇ ਬੇਟੇ ਨੂੰ ਗੋਲੀ ਮਾਰਨ ਤੋਂ ਬਾਅਦ ਉਸ ਦੇ ਢਿੱਡ 'ਚ ਵੀ ਲੱਤਾਂ ਮਾਰੀਆਂ। ਉਹ ਲੋਕ ਉਸ ਦੀ ਛਾਤੀ 'ਤੇ ਛਾਲਾਂ ਮਾਰ ਰਹੇ ਸਨ।”

“ਇੱਕ ਮਾਂ ਆਪਣੇ ਪੁੱਤਰ ਦੀ ਅਜਿਹੀ ਹਾਲਤ ਕਿਵੇਂ ਵੇਖ ਸਕਦੀ ਹੈ। ਮੈਂ ਉਹ ਵੀਡੀਓ ਨਹੀਂ ਵੇਖਿਆ, ਪਰ ਪਿੰਡ ਦੇ ਲੋਕ ਮੈਨੂੰ ਦੱਸਦੇ ਰਹਿੰਦੇ ਹਨ। ਉਸ ਨੂੰ ਮਾਰਨ ਤੋਂ ਬਾਅਦ ਉਹ ਲੋਕ ਉਸ ਨੂੰ ਘਸੀਟ ਕੇ ਲੈ ਗਏ ਸਨ।"

ਮੋਇਨੁਲ ਦੇ ਤਿੰਨ ਛੋਟੇ-ਛੋਟੇ ਬੱਚਿਆਂ ਨੂੰ ਵਿਖਾਉਂਦਿਆਂ 66 ਸਾਲਾ ਮੋਇਮੋਨਾ ਕਹਿੰਦੀ ਹੈ, "ਮੋਇਨੁਲ ਦਿਹਾੜੀ ਮਜਦੂਰੀ ਕਰਕੇ ਸਾਡੇ ਸਾਰਿਆਂ ਦਾ ਢਿੱਡ ਪਾਲਦਾ ਸੀ।ਘਰ ਦੀ ਰੋਜ਼ੀ-ਰੋਟੀ ਉਸ ਦੇ ਕਮਾਏ ਪੈਸਿਆਂ ਨਾਲ ਹੀ ਚੱਲਦੀ ਸੀ।”

“ਉਸ ਦੇ ਤਿੰਨ ਬੱਚੇ ਹਨ। ਹੁਣ ਉਨ੍ਹਾਂ ਦੀ ਦੇਖਭਾਲ ਕੌਣ ਕਰੇਗਾ? ਹੁਣ ਉਸ ਤੋਂ ਬਿਨ੍ਹਾਂ ਸਾਡਾ ਪਰਿਵਾਰ ਕਿਵੇਂ ਆਪਣਾ ਗੁਜ਼ਾਰਾ ਕਰੇਗਾ? ਜਦੋਂ ਦਾ ਮੋਇਨੁਲ ਦੀ ਮੌਤ ਹੋਈ ਹੈ, ਕਿਸੇ ਨੇ ਵੀ ਰੋਟੀ ਨਹੀਂ ਖਾਧੀ ਹੈ।”

“ਉਨ੍ਹਾਂ ਲੋਕਾਂ ਨੇ ਸਾਡਾ ਘਰ ਤੋੜ ਦਿੱਤਾ ਅਤੇ ਮੇਰੇ ਪੁੱਤਰ ਨੂੰ ਵੀ ਮਾਰ ਦਿੱਤਾ। ਅਸੀਂ ਇਸ ਦੇਸ਼ ਦੇ ਹੀ ਨਾਗਰਿਕ ਹਾਂ। ਇਹ ਸਾਡੀ ਜ਼ਮੀਨ ਅਤੇ ਘਰ ਸੀ।”

“ਮੇਰਾ ਹੋਰ ਕਿਤੇ ਵੀ ਘਰ ਨਹੀਂ ਹੈ। ਸਭ ਕੁਝ ਇੱਥੇ ਹੀ ਹੈ। ਮੇਰਾ ਜਨਮ ਇਸ ਦੇਸ਼ 'ਚ ਹੀ ਹੋਇਆ ਹੈ ਅਤੇ ਸਾਡਾ ਸਾਰਿਆਂ ਦਾ ਨਾਮ ਐਨਆਰਸੀ 'ਚ ਆਇਆ ਹੈ।ਫਿਰ ਸਾਡੇ ਨਾਲ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ?

ਅਸਾਮ

ਤਸਵੀਰ ਸਰੋਤ, DILIP KUMAR SHARMA/BBC

ਉੱਥੇ ਹੀ ਮੋਇਨੁਲ ਹੱਕ ਦੀ ਪਤਨੀ ਮਮਤਾ ਬੇਗ਼ਮ ਵਾਰ-ਵਾਰ ਬੇਸੁੱਧ ਹੋ ਰਹੀ ਹੈ। ਉਸ ਨੇ ਵੀ ਉਹ ਵੀਡੀਓ ਨਹੀਂ ਵੇਖਿਆ ਹੈ।

ਹੌਲੀ ਜਿਹੀ ਆਵਾਜ਼ 'ਚ ਉਹ ਕਹਿੰਦੀ ਹੈ, "ਸਾਡਾ ਘਰ ਤੋੜ ਦਿੱਤਾ ਗਿਆ। ਉਸ ਤੋਂ ਬਾਅਦ ਮੋਇਨੁਲ ਖੇਤਾਂ ਵਿੱਚ ਗਿਆ ਸੀ ਅਤੇ ਫਿਰ ਕੁਝ ਸਮੇਂ ਬਾਅਦ ਹੀ ਇਹ ਘਟਨਾ ਵਾਪਰ ਗਈ।“

“ਮੇਰੇ ਪਤੀ ਨੂੰ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ। ਉਨ੍ਹਾਂ ਦੀ ਮੌਤ ਦਾ ਮੰਜ਼ਰ ਹੁਣ ਲੋਕ ਮੋਬਾਈਲ 'ਚ ਵੇਖ ਰਹੇ ਹਨ। ਸਾਡੇ ਤਿੰਨ ਛੋਟੇ-ਛੋਟੇ ਬੱਚੇ ਹਨ।”

“ਹੁਣ ਅਸੀਂ ਅੱਗੇ ਕੀ ਕਰਾਂਗੇ? ਘਰ ਵੀ ਤੋੜ ਦਿੱਤਾ ਹੈ। ਹੁਣ ਅਸੀਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਵਾਂਗੇ?"

ਇਹ ਵੀ ਪੜ੍ਹੋ:

ਮੋਇਨੁਲ ਦੇ ਇਸ ਵਾਇਰਲ ਵੀਡੀਓ ਦੇ ਕਾਰਨ ਪਿੰਡ 'ਚ ਲੋਕਾਂ ਦੇ ਮਨਾਂ 'ਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ।

ਇਸ ਪਿੰਡ ਦਾ 18 ਸਾਲਾ ਵਿਦਿਆਰਥੀ ਕੁਰਬਾਨ ਅਲੀ ਇਸ ਸਮੇਂ 12ਵੀਂ ਜਮਾਤ 'ਚ ਪੜ੍ਹ ਰਿਹਾ ਹੈ।

ਉਹ ਇਸ ਵਾਇਰਲ ਵੀਡੀਓ ਬਾਰੇ ਦੱਸਦਾ ਹੈ, "ਜਦੋਂ ਤੋਂ ਮੈਂ ਇਹ ਵੀਡੀਓ ਵੇਖਿਆ ਹੈ, ਮੈਂ ਬਹੁਤ ਹੀ ਉਦਾਸ ਅਤੇ ਦੁਖੀ ਹਾਂ।”

“ਕੋਈ ਵਿਅਕਤੀ ਕਿਸੇ ਮ੍ਰਿਤਕ ਦੇਹ 'ਤੇ ਇਸ ਤਰ੍ਹਾਂ ਕਿਵੇਂ ਛਾਲਾਂ ਮਾਰ ਸਕਦਾ ਹੈ? ਇਹ ਕਿੰਨ੍ਹਾ ਭਿਆਨਕ ਅਤੇ ਗੈਰ ਮਨੁੱਖੀ ਕਾਰਾ ਹੈ।"

ਹਨੀਫ਼ ਮੁਹੰਮਦ

ਤਸਵੀਰ ਸਰੋਤ, DILIP KUMAR SHARMA/BBC

ਤਸਵੀਰ ਕੈਪਸ਼ਨ, ਹਨੀਫ਼ ਮੁਹੰਮਦ

ਹਿੰਸਾ ਤੋਂ ਬਾਅਦ ਇੱਕ ਦਿਨ ਲਈ ਰੁਕੀ ਬੇਦਖਲੀ ਮੁਹਿੰਮ

ਪਿਛਲੇ ਵੀਰਵਾਰ ਨੂੰ ਹੋਈ ਹਿੰਸਕ ਝੜਪ ਤੋਂ ਬਾਅਦ, ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਬੇਦਖਲੀ ਮੁਹਿੰਮ ਇੱਕ ਦਿਨ ਲਈ ਰੋਕ ਦਿੱਤੀ ਸੀ।

ਇਸ ਲਈ ਕਈ ਲੋਕ ਆਪਣੇ ਬਚੇ ਹੋਏ ਸਮਾਨ ਨਾਲ ਸੁਤਾ ਨਦੀ ਦੇ ਉਸ ਪਾਰ ਜਾ ਰਹੇ ਸਨ। ਪਿੰਡ ਦੇ ਹੀ ਕੁਝ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਅਜੇ ਸੁਤਾ ਨਦੀ ਦੇ ਉਸ ਪਾਰ ਦੀ ਜ਼ਮੀਨ ਨੂੰ ਖਾਲੀ ਨਹੀਂ ਕਰਵਾ ਰਹੀ ਹੈ।

ਦਰਅਸਲ ਸੁਤਾ ਨਦੀ ਦੇ ਉਸ ਪਾਰ ਦਾ ਇਲਾਕਾ ਬ੍ਰਹਮਪੁੱਤਰ ਦੇ ਬਹੁਤ ਹੀ ਨੇੜੇ ਹੈ, ਜਿੱਥੇ ਹਰ ਸਾਲ ਭਾਰੀ ਹੜ੍ਹ ਆਉਂਦੇ ਹਨ।

ਕੁਰਬਾਨ ਅਲੀ ਦਾ ਪਰਿਵਾਰ ਵੀ ਆਪਣਾ ਘਰ ਟੁੱਟਣ ਤੋਂ ਬਾਅਦ ਸੁਤਾ ਨਦੀ ਦੇ ਉਸ ਪਾਰ ਚਲਾ ਗਿਆ ਹੈ।

ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਇੱਥੇ ਸਿਰਫ ਕੁਝ ਹੀ ਮਹੀਨੇ ਰਹਿ ਸਕਣਗੇ ਕਿਉਂਕਿ ਹੜ੍ਹ ਦੇ ਕਾਰਨ ਉਹ ਜਗ੍ਹਾ ਖਾਲੀ ਕਰਨੀ ਪਵੇਗੀ।

ਕਾਰਵਾਈ ਦੌਰਾਨ ਧਾਰਮਿਕ ਥਾਵਾਂ ਨੂੰ ਵੀ ਤੋੜਿਆ ਗਿਆ ਹੈ

ਤਸਵੀਰ ਸਰੋਤ, DILIP KUMAR SHARMA/BBC

ਤਸਵੀਰ ਕੈਪਸ਼ਨ, ਕਾਰਵਾਈ ਦੌਰਾਨ ਧਾਰਮਿਕ ਥਾਵਾਂ ਨੂੰ ਵੀ ਤੋੜਿਆ ਗਿਆ ਹੈ

ਪ੍ਰਸ਼ਾਸਨ ਦੇ ਬਦਲਵੇਂ ਪ੍ਰੰਬਧਾਂ ਦੀ ਘਾਟ

3 ਨੰਬਰ ਧੌਲਪੁਰ ਪਿੰਡ 'ਚ ਚਲਾਈ ਗਈ ਬੇਦਖਲੀ ਮੁਹਿੰਮ ਤੋਂ ਬਾਅਦ ਜਿੰਨ੍ਹਾਂ ਲੋਕਾਂ ਦੇ ਘਰ ਤੋੜੇ ਗਏ ਹਨ, ਉਨ੍ਹਾਂ ਲੋਕਾਂ ਦੇ ਰਹਿਣ ਲਈ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਕੋਈ ਵੀ ਬਦਲਵਾਂ ਪ੍ਰਬੰਧ ਦੂਰ-ਦੂਰ ਤੱਕ ਨਜ਼ਰ ਨਹੀਂ ਆ ਰਿਹਾ।

ਪਿੰਡ 'ਚ 3-4 ਥਾਵਾਂ 'ਤੇ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਜ਼ਰੂਰ ਲੱਗੇ ਹੋਏ ਹਨ।

ਪਰ ਬੱਚਿਆਂ ਅਤੇ ਬਜ਼ੁਰਗਾਂ ਦੇ ਲਈ ਨਾ ਤਾਂ ਖਾਣ-ਪੀਣ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਉੱਥੇ ਕਿਸੇ ਤਰ੍ਹਾਂ ਦੀ ਜ਼ਰੂਰੀ ਸੇਵਾ ਦਾ ਢੁਕਵਾਂ ਬੰਦੋਬਸਤ ਹੈ।

ਕੁਝ ਪਿੰਡਵਾਸੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਬੇਦਖਲੀ ਮੁਹਿੰਮ ਦੌਰਾਨ ਤਿੰਨ ਮਸਜਿਦਾਂ ਅਤੇ ਇੱਕ ਮਦਰਸੇ ਨੂੰ ਵੀ ਤਬਾਹ ਕੀਤਾ ਹੈ, ਜਿਸ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਜ਼ੁਮੇ ਦੀ ਨਮਾਜ਼ ਬਾਹਰ ਖੁੱਲੇ 'ਚ ਹੀ ਅਦਾ ਕਰਨੀ ਪਈ।

2 ਨੰਬਰ ਧੌਲਪੁਰ ਪਿੰਡ ਦੇ ਵਸਨੀਕ ਅਮਰ ਅਲੀ ਆਪਣੇ ਢਾਹੇ ਗਏ ਘਰ ਦੇ ਬਿਲਕੁਲ ਸਾਹਮਣੇ ਇੱਕ ਮਸਜਿਦ ਦੇ ਮਲਬੇ ਨੂੰ ਵਿਖਾਉਂਦੇ ਹੋਏ ਕਹਿੰਦੇ ਹਨ, "ਇਹ ਸੁੰਨੀ ਮਸਜਿਦ ਹੈ। ਪਿੰਡ ਦੇ ਲੋਕ ਇੱਥੇ ਹੀ ਨਮਾਜ਼ ਅਦਾ ਕਰਦੇ ਸਨ, ਪਰ ਇਸ ਨੂੰ ਤੋੜ ਦਿੱਤਾ ਗਿਆ ਹੈ।“

“ਇਸ ਤੋਂ ਇਲਾਵਾ ਇੱਕ ਪ੍ਰਾਇਮਰੀ ਸਰਕਾਰੀ ਸਕੂਲ ਦੇ ਨੇੜੇ ਪੈਂਦੀ ਇੱਕ ਮਸਜਿਦ ਨੂੰ ਵੀ ਤੋੜ ਦਿੱਤਾ ਗਿਆ ਹੈ। ਪਰ ਸਕੂਲ ਨੂੰ ਬਿਲਕੁਲ ਵੀ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ।”

“ਉਨ੍ਹਾਂ ਲੋਕਾਂ ਨੇ ਪਿੰਡ 'ਚ ਤਿੰਨ ਮਸਜਿਦਾਂ ਅਤੇ ਇੱਕ ਮਦਰਸਾ ਤੋੜ ਦਿੱਤਾ ਹੈ। ਮੇਰੇ ਪਿਤਾ ਜੀ ਪਹਿਲਾਂ ਇਸ ਮਸਜਿਦ 'ਚ ਹੀ ਪੰਜੇ ਵਕਤ ਦੀ ਨਮਾਜ਼ ਅਦਾ ਕਰਦੇ ਸਨ, ਪਰ ਹੁਣ ਤਾਂ ਘਰ ਵੀ ਟੁੱਟ ਗਿਆ ਹੈ ਅਤੇ ਮਸਜਿਦ ਵੀ। ਇਸ ਲਈ ਅਸੀਂ ਅੱਜ ਬਾਹਰ ਹੀ ਜੁਮੇ ਦੀ ਨਮਾਜ ਅਦਾ ਕੀਤੀ ਹੈ।"

ਅਸਾਮ

ਤਸਵੀਰ ਸਰੋਤ, DILIP KUMAR SHARMA/BBC

ਭਾਜਪਾ ਦਾ ਦੂਜਾ ਕਾਰਜਕਾਲ

ਅਸਾਮ 'ਚ ਭਾਜਪਾ ਸਰਕਾਰ ਦੇ ਦੂਜੇ ਕਾਰਜਕਾਲ 'ਚ ਮੁੱਖ ਮੰਤਰੀ ਦੇ ਅਹੁਦੇ 'ਤੇ ਬਿਰਾਜਮਾਨ ਹਿੰਮਤ ਬਿਸਵ ਸਰਮਾ ਨੂੰ ਅਜੇ ਸਿਰਫ ਚਾਰ ਮਹੀਨੇ ਹੀ ਹੋਏ ਹਨ।

ਹਾਲਾਂਕਿ ਜਿਸ ਤਰੀਕੇ ਨਾਲ ਸੂਬੇ 'ਚ 'ਨਾਜਾਇਜ਼ ਕਬਜ਼ਿਆਂ' ਵਿਰੁੱਧ ਮੁਹਿੰਮ ਵਿੱਢੀ ਗਈ ਹੈ, ਉਸ ਨਾਲ ਸੈਂਕੜੇ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ।

ਪਿਛਲੇ ਚਾਰ ਮਹੀਨਿਆਂ 'ਚ ਅਸਾਮ ਸਰਕਾਰ ਨੇ ' ਨਾਜਾਇਜ਼ ਕਬਜ਼ਿਆਂ' ਦੇ ਨਾਂਅ 'ਤੇ ਜਿੰਨ੍ਹਾਂ ਹਜ਼ਾਰਾਂ ਲੋਕਾਂ ਖਿਲਾਫ ਬੇਦਖਲੀ ਮੁਹਿੰਮ ਚਲਾਈ ਹੈ, ਉਹ ਸਾਰੇ ਬੰਗਾਲੀ ਮੂਲ ਦੇ ਮੁਸਲਮਾਨ ਹਨ।

ਪਿਛਲੇ 20 ਸਿਤੰਬਰ ਨੂੰ ਦਰੰਗ ਜ਼ਿਲ੍ਹੇ ਦੇ ਸਿਪਾਝਾਰ ਥਾਣਾ ਖੇਤਰ 'ਚ 1 ਨੰਬਰ ਅਤੇ 2 ਨੰਬਰ ਧੌਲਪੁਰ ਪਿੰਡ 'ਚ ਇੱਕ ਮੁਹਿੰਮ ਚਲਾ ਕੇ ਲਗਭਗ 4,500 ਵਿੱਘੇ ਜ਼ਮੀਨ ਖਾਲੀ ਕਰਵਾਈ ਗਈ ਸੀ।

ਜਿਸ ਕਰਕੇ ਘੱਟੋ-ਘੱਟ 800 ਪਰਿਵਾਰ ਬੇਘਰ ਹੋ ਗਏ ਹਨ। ਪਰ 23 ਸਤੰਬਰ ਨੂੰ ਪ੍ਰਸ਼ਾਸਨ ਦੇ ਨਾਲ ਹੋਈ ਇਸ ਹਿੰਸਕ ਝੜਪ ਦੇ ਕਾਰਨ ਸੂਬਾ ਸਰਕਾਰ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਹਨ।

ਵਿਰੋਧੀ ਧਿਰ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਸੰਗਠਨ ਸਰਕਾਰ ਦੀ ਇਸ ਕਾਰਵਾਈ ਦੀ ਸਖਤ ਨਿੰਦਾ, ਆਲੋਚਨਾ ਕਰ ਰਹੇ ਹਨ ਅਤੇ ਨਾਲ ਹੀ ਇਸ ਨੂੰ ਗੁਹਾਟੀ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਾਰ ਦੇ ਰਹੇ ਹਨ।

DILIP KUMAR SHARMA/BBC

ਤਸਵੀਰ ਸਰੋਤ, DILIP KUMAR SHARMA/BBC

ਕਾਂਗਰਸ ਨੇ ਪੁਲਿਸ ਗੋਲੀਬਾਰੀ ਨੂੰ ਵਹਿਸ਼ੀ ਕਰਾਰ ਦਿੱਤਾ

ਅਸਾਮ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਭੂਪਨ ਬੋਰਾ ਨੇ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਨੂੰ ਵਹਿਸ਼ੀ ਕਾਰਾ ਦੱਸਿਆ ਹੈ।

ਸ਼ੁੱਕਰਵਾਰ ਨੂੰ 3 ਨੰਬਰ ਧੌਲਪੁਰ ਪਿੰਡ 'ਚ ਕਾਂਗਰਸੀ ਸੰਸਦ ਮੈਂਬਰ ਅਤੇ ਵਿਧਾਇਕ ਦਲ ਦੇ ਨਾਲ ਉੱਥੇ ਮੌਜੂਦ ਬੋਰਾ ਨੇ ਸਥਾਨਕ ਲੋਕਾਂ ਨੂੰ ਕਿਹਾ, "ਅਸਾਮ ਦੇ ਨਿਰਦੋਸ਼ ਲੋਕਾਂ ਨੂੰ ਮਾਰਨ ਦਾ ਅਸੀਂ ਇਸ ਸਰਕਾਰ ਨੂੰ ਲਾਇਸੈਂਸ ਨਹੀਂ ਦੇ ਸਕਦੇ।”

“ਅਸਾਮ ਦੇ ਮੁੱਖ ਮੰਤਰੀ ਵਾਰ-ਵਾਰ ਪੁਲਿਸ ਨੂੰ ਡਰਾ ਧਮਕਾ ਕੇ ਜੋ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਰਹੇ ਹਨ, ਅਸੀਂ ਉਸ ਦਾ ਲਗਾਤਾਰ ਵਿਰੋਧ ਕਰਾਂਗੇ।"

ਬੋਰਾ ਨੇ ਅੱਗੇ ਕਿਹਾ, "ਸਾਡੀ ਸਰਕਾਰ ਤੋਂ ਮੰਗ ਹੈ ਕਿ ਗੁਹਾਟੀ ਹਾਈ ਕੋਰਟ ਦੇ ਇੱਕ ਮੌਜੂਦਾ ਜੱਜ ਇਸ ਘਟਨਾ ਦੀ ਜਾਂਚ ਕਰਨ।”

“ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਸ ਪੂਰੀ ਘਟਨਾ ਲਈ ਦਰੰਗ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਸੁਪਰਡੈਂਟ ਨੂੰ ਤੁਰੰਤ ਮੁਅੱਤਲ ਕਰੇ।

ਸੁਪਰੀਮ ਕੋਰਟ ਦੇ ਇੱਕ ਆਦੇਸ਼ ਅਨੁਸਾਰ " ਸਰਕਾਰੀ ਜ਼ਮੀਨ ਤੋਂ ਬੇਦਖਲ ਹੋਣ ਵਾਲੇ ਲੋਕਾਂ ਲਈ ਦੂਜੀ ਥਾਂ 'ਤੇ ਮੁੜ ਵਸੇਬੇ ਦਾ ਇੰਤਜ਼ਾਮ ਕੀਤਾ ਜਾਵੇ।“

“ਅਤੇ ਜਦੋਂ ਤੱਕ ਸਰਕਾਰ ਕੋਈ ਹੋਰ ਪ੍ਰਬੰਧ ਨਹੀਂ ਕਰ ਲੈਂਦੀ ਹੈ, ਉਦੋਂ ਤੱਕ ਅਸੀਂ ਇਸ ਮੁਹਿੰਮ ਨੂੰ ਜਾਰੀ ਨਹੀਂ ਰੱਖਣ ਦੇਵਾਂਗੇ।"

ਹੇਮੰਤ ਬਿਸਵਾ ਸਰਮਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਹੇਮੰਤ ਬਿਸਵਾ ਸਰਮਾ

ਇਹ ਮੁਹਿੰਮ ਜਾਰੀ ਰਹੇਗੀ: ਮੁੱਖ ਮੰਤਰੀ

ਹਾਲਾਂਕਿ ਬੇਦਖਲੀ ਮੁਹਿੰਮ 'ਤੇ ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਤਿੱਖੇ ਹਮਲੇ ਦੇ ਜਵਾਬ 'ਚ ਮੁੱਖ ਮੰਤਰੀ ਹਿੰਮਤ ਬਿਸਵ ਸਰਮਾ ਨੇ ਸਥਾਨਕ ਮੀਡੀਆ ਦੇ ਸਾਹਮਣੇ ਕਿਹਾ,

"ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਢਿੱਲ ਨਹੀਂ ਦੇ ਸਕਦੇ। ਕੀ ਸ਼ਿਵ ਮੰਦਰ ਦੀ ਜ਼ਮੀਨ 'ਤੇ ਕੋਈ ਕਬਜ਼ਾ ਕਰਦਾ ਹੈ? ਕੱਲ੍ਹ ਨੂੰ ਕੋਈ ਕਾਮਾਖਿਆ ਮੰਦਰ ਦੀ ਜ਼ਮੀਨ 'ਤੇ ਕਬਜ਼ਾ ਕਰ ਲਵੇਗਾ ਤਾਂ ਮੈਂ ਕੁੱਝ ਨਹੀਂ ਕਰਾਂਗਾ, ਇਹ ਮੰਨਣ ਵਾਲੀ ਗੱਲ ਨਹੀਂ ਹੈ।"

ਮੁੱਖ ਮੰਤਰੀ ਨੇ ਅੱਗੇ ਕਿਹਾ, "ਸਰਕਾਰੀ ਜ਼ਮੀਨ 'ਤੇ ਅਸੀਂ ਕਿਸੇ ਨੂੰ ਵੀ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਜਿਹੜੇ ਲੋਕ ਗਰੀਬ ਹਨ ਅਤੇ ਜਿੰਨ੍ਹਾਂ ਕੋਲ ਰਹਿਣ ਲਈ ਜ਼ਮੀਨ ਨਹੀਂ ਹੈ, ਉਨ੍ਹਾਂ ਨੂੰ ਸਰਕਾਰ ਦੀ ਭੂਮੀ(ਜ਼ਮੀਨ) ਨੀਤੀ ਤਹਿਤ 6 ਵਿੱਘੇ ਜ਼ਮੀਨ ਮਿਲੇਗੀ।”

“ਮੈਂ ਪਿਛਲੇ ਦੋ ਮਹੀਨਿਆਂ ਤੋਂ ਇਹ ਗੱਲ ਕਹਿ ਰਿਹਾ ਹਾਂ। ਐਸਪੀ ਅਤੇ ਡੀਐਸਪੀ ਨੂੰ ਮੁਅੱਤਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਉਹ ਲੋਕ ਮੇਰੇ ਕਹਿਣ 'ਤੇ ਹੀ 'ਬੇਦਖਲੀ ਮੁਹਿੰਮ' ਚਲਾ ਰਹੇ ਹਨ।"

"ਦਸ ਹਜ਼ਾਰ ਲੋਕਾਂ ਨੇ ਸਾਡੀ ਪੁਲਿਸ ਫੋਰਸ 'ਤੇ ਲਾਠੀਆਂ ਅਤੇ ਬਰਛਿਆਂ ਨਾਲ ਹਮਲਾ ਕੀਤਾ।”

“ਕੈਮਰਾਮੈਨ ਨੇ ਜੋ ਕੀਤਾ ਮੈਂ ਉਸ ਦੀ ਨਿੰਦਾ ਕਰਦਾ ਹਾਂ। ਪਰ ਸਿਰਫ ਤਿੰਨ ਮਿੰਟ ਦਾ ਹੀ ਵੀਡੀਓ ਵਿਖਾਉਣ ਨਾਲ ਕੰਮ ਨਹੀਂ ਚੱਲੇਗਾ।”

“ਉਸ ਤੋਂ ਪਹਿਲਾਂ ਅਤੇ ਬਾਅਦ ਦਾ ਵੀਡੀਓ ਵੀ ਵਿਖਾਉਣਾ ਪਵੇਗਾ। ਸਰਕਾਰ ਦੀ ਬੇਦਖਲੀ ਮੁਹਿੰਮ ਨੂੰ ਰੋਕਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ।"

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ

ਤਸਵੀਰ ਸਰੋਤ, DILIP KUMAR SHARMA/BBC

ਤਸਵੀਰ ਕੈਪਸ਼ਨ, ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ

ਲੋਕਾਂ ਦਾ ਦਾਅਵਾ: ਪੁਲਿਸ ਰਹਿਣ ਲਈ ਥਾਂ ਹੀ ਨਹੀਂ ਦੇ ਰਹੀ

ਪੁਲਿਸ ਨਾਲ ਹੋਈ ਹਿੰਸਕ ਝੜਪ ਵਾਲੇ ਦਿਨ, ਨੰਬਰ 1 ਪਿੰਡ ਦੇ ਮੁਹੰਮਦ ਤਾਇਤ ਅਲੀ ਉੱਥੇ ਹੀ ਮੌਜੂਦ ਸਨ।

ਉਨ੍ਹਾਂ ਦਾ ਕਹਿਣਾ ਹੈ, "ਵੀਰਵਾਰ ਨੂੰ ਪਿੰਡਵਾਸੀ ਸ਼ਾਂਤੀਪੂਰਵਕ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ।”

“ਜਦੋਂ ਪੁਲਿਸ ਵਾਲੇ ਘਰਾਂ ਨੂੰ ਤੋੜਨ ਆਏ ਤਾਂ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਇੰਨ੍ਹਾਂ ਘਰਾਂ ਨੂੰ ਤੋੜਨ ਤੋਂ ਪਹਿਲਾਂ ਸਾਨੂੰ ਕੋਈ ਹੋਰ ਜਗ੍ਹਾ ਰਹਿਣ ਲਈ ਮੁਹੱਈਆ ਕਰਵਾਓ। ਇਸੇ ਗੱਲ 'ਤੇ ਹੀ ਕੁਝ ਬਹਿਸ ਹੋ ਗਈ।”

“ਫਿਰ ਅਚਾਨਕ ਕੀ ਹੋਇਆ, ਇਸ ਦਾ ਤਾਂ ਮੈਨੂੰ ਪਤਾ ਨਹੀਂ, ਪਰ ਮੈਂ ਗੋਲੀ ਚੱਲਣ ਦੀ ਆਵਾਜ਼ ਸੁਣੀ। ਜਦੋਂ ਮੈਂ ਇਸ ਪਾਸੇ ਵੱਲ ਆਇਆ ਤਾਂ ਇੱਕ ਜ਼ਖਮੀ ਵਿਅਕਤੀ ਜ਼ਮੀਨ 'ਤੇ ਡਿੱਗਿਆ ਪਿਆ ਸੀ।"

"ਇਹ ਸਰਕਾਰ ਦੀ ਹੀ ਜ਼ਮੀਨ ਹੈ। ਪਰ ਲੋਕ ਇੱਥੇ ਪਿਛਲੇ 60-70 ਸਾਲਾਂ ਤੋਂ ਵਸੇ ਹੋਏ ਹਨ। ਸਰਕਾਰ ਨੇ ਇੰਨੇ ਦਿਨਾਂ ਤੱਕ ਤਾਂ ਕੁਝ ਨਹੀਂ ਕੀਤਾ, ਪਰ ਜੇਕਰ ਹੁਣ ਸਰਕਾਰ ਨੂੰ ਇਸ ਜ਼ਮੀਨ ਦੀ ਜ਼ਰੂਰਤ ਹੈ ਤਾਂ ਅਸੀਂ ਦੇ ਦੇਵਾਂਗੇ।”

“ਅਸੀਂ ਅਸਾਮ ਦੇ ਹੀ ਰਹਿਣ ਵਾਲੇ ਹਾਂ। ਜੇਕਰ ਅਸੀਂ ਅਸਾਮ ਜਾਂ ਫਿਰ ਭਾਰਤ ਤੋਂ ਬਾਹਰ ਦੇ ਨਾਗਰਿਕ ਹਾਂ ਤਾਂ ਸਰਕਾਰ ਇਸ ਦੀ ਜਾਂਚ ਕਰਵਾ ਲਵੇ।"

ਉਹ ਅੱਗੇ ਕਹਿੰਦੇ ਹਨ, " ਕਰ ਸਾਡੀ ਨਾਗਰਿਕਤਾ ਨਾਲ ਜੁੜੇ ਦਸਤਾਵੇਜਾਂ 'ਚ ਕੋਈ ਕਮੀ ਹੈ ਤਾਂ ਸਾਨੂੰ ਇੱਥੋਂ ਬਾਹਰ ਕੱਢ ਦਿਓ। ਪਰ ਜੇਕਰ ਅਸੀਂ ਇੱਥੋਂ ਦੇ ਹੀ ਵਸਨੀਕ ਹਾਂ ਤਾਂ ਸਾਨੂੰ ਰਹਿਣ ਲਈ ਇੱਕ ਜ਼ਮੀਨ ਦਾ ਟੁੱਕੜਾ ਦਿੱਤਾ ਜਾਵੇ।”

“ਅਸੀਂ ਇਨਸਾਨ ਹਾਂ, ਫਿਰ ਸਾਡੇ 'ਤੇ ਇਸ ਤਰ੍ਹਾਂ ਦਾ ਤਸ਼ੱਦਦ ਕਿਉਂ ਕੀਤਾ ਜਾ ਰਿਹਾ ਹੈ? ਸਾਡੇ ਲੋਕਾਂ ਨੇ ਤਾਂ ਲੋਕਤੰਤਰੀ ਢੰਗ ਨਾਲ ਆਪਣਾ ਰੋਸ ਪ੍ਰਦਰਸ਼ਨ ਕੀਤਾ ਸੀ, ਪਰ ਪੁਲਿਸ ਨੇ ਸਾਡੇ 'ਤੇ ਗੋਲੀ ਚਲਾਈ।"

ਮੁਇਨਲ ਦੀ ਪਤਨੀ ਮਤਾ ਬੇਗਮ ਅਤੇ ਧੀ

ਤਸਵੀਰ ਸਰੋਤ, DILIP SHARMA/BBC

ਤਸਵੀਰ ਕੈਪਸ਼ਨ, ਮੁਇਨਲ ਦੀ ਪਤਨੀ ਮਤਾ ਬੇਗਮ ਅਤੇ ਧੀ

ਉੱਥੇ ਹੀ ਆਲ ਅਸਾਮ ਘੱਟ ਗਿਣਤੀ ਸਟੂਡੈਂਟਸ ਯੂਨੀਅਨ ਦੇ ਸਲਾਹਕਾਰ ਆਈਨੂਦੀਨ ਅਹਿਮਦ ਨੇ ਕਿਹਾ, "ਪ੍ਰਸ਼ਾਸਨ ਦੀ ਇਸ ਬੇਦਖਲੀ ਮੁਹਿੰਮ 'ਚ ਸਾਡੇ ਲੋਕ ਪੂਰਾ ਸਹਿਯੋਗ ਦੇ ਰਹੇ ਸਨ।”

”ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਇਹ ਭਰੋਸਾ ਦਿੱਤਾ ਸੀ ਕਿ ਜਿੰਨ੍ਹਾਂ ਲੋਕਾਂ ਦੇ ਘਰ ਢਾਹੇ ਜਾ ਰਹੇ ਹਨ, ਉਨ੍ਹਾਂ ਨੂੰ ਰਹਿਣ ਲਈ ਦੂਜੀ ਜ਼ਮੀਨ ਦਿੱਤੀ ਜਾਵੇਗੀ।”

“ਵੀਰਵਾਰ ਨੂੰ ਜਦੋਂ ਪ੍ਰਸ਼ਾਸਨ ਦੇ ਲੋਕ ਜੀਸੀਬੀ ਮਸ਼ੀਨ ਲੈ ਕੇ ਆਏ ਤਾਂ ਲੋਕਾਂ ਨੇ ਉਨ੍ਹਾਂ ਨੂੰ ਸਿਰਫ ਇਹੀ ਕਿਹਾ ਸੀ ਕਿ ਪਹਿਲਾਂ ਉਨ੍ਹਾਂ ਨੂੰ ਕੋਈ ਦੂਜੀ ਜ਼ਮੀਨ ਦੱਸ ਦੇਵੋ , ਫਿਰ ਅਸੀਂ ਇੱਥੋਂ ਚਲੇ ਜਾਵਾਂਗੇ।"

ਉਹ ਅੱਗੇ ਕਹਿੰਦੇ ਹਨ, " ਉਸ ਸਮੇਂ ਪਿੰਡ ਦੇ 4-5 ਹਜ਼ਾਰ ਲੋਕ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਕਰ ਰਹੇ ਸਨ। ਪਰ ਘਰ ਢਾਹੁਣ ਆਏ ਪੁਲਿਸ ਮੁਲਾਜ਼ਮਾਂ ਨੇ ਪਿੰਡ ਵਾਸੀਆਂ ਦੀ ਇੱਕ ਨਾ ਸੁਣੀ ਅਤੇ ਇਸ ਦੌਰਾਨ ਹੀ ਇਹ ਘਟਨਾ ਵਾਪਰ ਗਈ।"

ਵੀਰਵਾਰ ਨੂੰ ਵਾਪਰੀ ਇਸ ਹਿੰਸਕ ਘਟਨਾ 'ਚ ਮੋਇਨੁਲ ਤੋਂ ਇਲਾਵਾ 13 ਸਾਲਾ ਸ਼ੇਖ ਫਰੀਦ ਵੀ ਮਾਰਿਆ ਗਿਆ।

ਉਹ ਸੱਤਵੀਂ ਜਮਾਤ 'ਚ ਪੜ੍ਹਦਾ ਸੀ ਅਤੇ ਉਸ ਦਿਨ ਉਹ ਆਧਾਰ ਕਾਰਡ ਬਣਾਉਣ ਲਈ ਘਰੋਂ ਡਾਕਘਰ ਗਿਆ ਸੀ। ਪਰ ਕੁਝ ਦੇਰ ਬਾਅਦ ਹੀ ਪਰਿਵਾਰ ਨੂੰ ਖ਼ਬਰ ਮਿਲੀ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ।

ਫਰੀਦ ਦੇ ਪਿਤਾ ਖਲੀਕ ਅਲੀ ਦਾ ਕਹਿਣਾ ਹੈ, " ਫਰੀਦ ਆਧਾਰ ਕਾਰਡ ਬਣਵਾਉਣ ਲਈ ਘਰੋਂ ਗਿਆ ਸੀ। ਉਸ ਤੋਂ ਬਾਅਦ ਕੀ ਵਾਪਰਿਆ, ਇਸ ਬਾਰੇ ਸਾਨੂੰ ਕੋਈ ਵੀ ਸਹੀ ਜਾਣਕਾਰੀ ਹਾਸਲ ਨਹੀਂ ਹੋਈ ਹੈ। ਪਿੰਡ ਦੇ ਹੀ ਇੱਕ ਵਿਅਕਤੀ ਨੇ ਮੈਨੂੰ ਫਰੀਦ ਦੀ ਖੂਨ ਨਾਲ ਲੱਥ-ਪੱਥ ਤਸਵੀਰ ਵਿਖਾਈ।"

ਦਰੰਗ ਜ਼ਿਲ੍ਹਾ ਪ੍ਰਸ਼ਾਸਨ ਨੇ ਇੰਨ੍ਹਾਂ ਦੋਵਾਂ ਦੀ ਮੌਤ ਦੀ ਪੁਸ਼ਟੀ ਤਾਂ ਕੀਤੀ ਹੈ ਪਰ ਘਟਨਾ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ ਹੈ।

ਦਰੰਗ ਜ਼ਿਲ੍ਹਾ ਦੀ ਡਿਪਟੀ ਕਮਿਸ਼ਨਰ ਪ੍ਰਭਾਤੀ ਥਾਊਸੇਨ

ਤਸਵੀਰ ਸਰੋਤ, DILIP KUMAR SHARMA/BBC

ਤਸਵੀਰ ਕੈਪਸ਼ਨ, ਦਰੰਗ ਜ਼ਿਲ੍ਹਾ ਦੀ ਡਿਪਟੀ ਕਮਿਸ਼ਨਰ ਪ੍ਰਭਾਤੀ ਥਾਊਸੇਨ

ਪ੍ਰਸ਼ਾਸਨ ਨੇ 4500 ਵਿੱਘੇ ਜ਼ਮੀਨ ਖਾਲੀ ਹੋਣ ਦਾ ਕੀਤਾ ਦਾਅਵਾ

ਪ੍ਰਸ਼ਾਸਨ ਨੇ 4500 ਵਿੱਘੇ ਜ਼ਮੀਨ ਖਾਲੀ ਹੋਣ ਦਾ ਦਾਅਵਾ ਕੀਤਾ ਹੈ।

ਦਰੰਗ ਜ਼ਿਲ੍ਹਾ ਦੀ ਡਿਪਟੀ ਕਮਿਸ਼ਨਰ ਪ੍ਰਭਾਤੀ ਥਾਊਸੇਨ ਨੇ ਦੱਸਿਆ, "20 ਸਿਤੰਬਰ ਨੂੰ ਅਸੀਂ ਇੱਕ ਮੁਹਿੰਮ ਚਲਾ ਕੇ 4500 ਵਿੱਘਾ ਸਰਕਾਰੀ ਜ਼ਮੀਨ ਖਾਲੀ ਕਰਵਾ ਲਈ ਸੀ।“

“ਉਸ ਸਮੇਂ ਪਿੰਡ ਵਾਸੀਆਂ ਨੇ ਵੀ ਪੂਰਾ ਸਹਿਯੋਗ ਦਿੱਤਾ ਸੀ। ਉਸ ਸਮੇਂ ਅਸੀਂ ਪਿੰਡ 'ਚ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਲਗਾਉਣ ਦੇ ਨਾਲ ਨਾਲ ਪਖਾਨਿਆਂ ਦਾ ਵੀ ਪ੍ਰਬੰਧ ਕੀਤਾ ਸੀ।”

“ਇਸ ਤੋਂ ਇਲਾਵਾ ਉੱਥੇ ਦੋ ਮੈਡੀਕਲ ਕੈਂਪ ਵੀ ਲਗਾਏ ਗਏ ਸਨ। ਸਪੱਸ਼ਟ ਹੈ ਕਿ ਇਸ ਬੇਦਖਲੀ ਮੁਹਿੰਮ ਨਾਲ ਕਿਸੇ ਨੂੰ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਹੋਈ ਸੀ।"

ਜ਼ਿਲ੍ਹਾ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ, " ਪਰ ਜਦੋਂ ਵੀਰਵਾਰ ਨੂੰ ਪ੍ਰਸ਼ਾਸਨ ਨੇ ਬੇਦਖਲੀ ਮੁਹਿੰਮ ਨੂੰ ਸ਼ੂਰੂ ਕੀਤਾ ਤਾਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਉੱਥੇ ਇੱਕਠੇ ਹੋ ਕੇ ਵਿਰੋਧ ਕਰਨ ਲੱਗ ਪਏ ਅਤੇ ਨਾਲ ਹੀ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ।”

ਵੀਡੀਓ ਕੈਪਸ਼ਨ, ਮੁਸਲਮਾਨ ਜੋੜਾ, ਜੋ ਅਸਾਮ ਵਿੱਚ ਮੰਦਰ ਅਤੇ ਹੋਰ ਧਾਰਮਿਕ ਸਥਾਨ ਬਣਵਾ ਰਿਹਾ

“ਉਸ ਤੋਂ ਬਾਅਦ ਹੀ ਇਹ ਘਟਨਾ ਵਾਪਰੀ। ਫਿਲਹਾਲ ਗ੍ਰਹਿ ਵਿਭਾਗ ਨੇ ਇਸ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਦੇ ਦਿੱਤੇ ਹਨ। ਜਦਕਿ ਪੂਰੀ ਘਟਨਾ ਦੀ ਸੱਚਾਈ ਦਾ ਪਤਾ ਲਗਾਉਣ ਲਈ ਅਸੀਂ ਮੈਜਿਸਟ੍ਰੇਟ ਜਾਂਚ ਦਾ ਗਠਨ ਕੀਤਾ ਹੈ।"

ਉਨ੍ਹਾਂ ਕਿਹਾ ਕਿ ਸਰਕਾਰ 'ਨਾਜਾਇਜ਼ ਕਬਜ਼ੇ' ਹਟਾਉਣ ਦੀ ਪ੍ਰਕਿਰਿਆ ਜਾਰੀ ਰੱਖੇਗੀ।

ਅਸਾਮ 'ਚ ਇਸ ਸਾਲ ਮਈ ਮਹੀਨੇ ਦੂਜੀ ਵਾਰ ਸੱਤਾ 'ਚ ਆਉਣ ਤੋਂ ਪਹਿਲਾਂ ਭਾਜਪਾ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਸਰਕਾਰੀ ਜ਼ਮੀਨ ਨੂੰ ਕਬਜ਼ਿਆਂ ਤੋਂ ਮੁਕਤ ਕਰਵਾਏਗੀ।

ਖਾਲੀ ਹੋਣ ਵਾਲੀ ਜ਼ਮੀਨ ਨੂੰ ਸੂਬੇ ਦੇ ਬੇਜ਼ਮੀਨੇ ਲੋਕਾਂ 'ਚ ਅਲਾਟ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ।

ਖਾਲੀ ਕਰਵਾਈ ਗਈ ਜ਼ਮੀਨ 'ਤੇ 'ਪ੍ਰੋਜੈਕਟ ਗੋਰੁਖੁਟੀ' ਚੱਲੇਗਾ

ਮੁੱਖ ਮੰਤਰੀ ਬਿਸਵ ਸਰਮਾ ਦੀ ਨਿੱਜੀ ਪਹਿਲਕਮਦੀ ਸਦਕਾ ਚਰ ਖੇਤਰਾਂ ( ਨਦੀ ਤੱਟਵਰਤੀ ਜ਼ਮੀਨ) ਦੀ ਸਰਕਾਰੀ ਜ਼ਮੀਨ 'ਤੇ 'ਪ੍ਰੋਜੈਕਟ ਗੋਰੁਖੁਟੀ' ਸ਼ੁਰੂ ਕੀਤਾ ਗਿਆ ਹੈ।

ਇਸ ਪ੍ਰੋਗਰਾਮ ਦਾ ਉਦੇਸ਼ ਸੂਬੇ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਜ਼ੀ-ਰੋਟੀ ਕਮਾਉਣ ਦੇ ਰੂਪ 'ਚ ਖੇਤੀਬਾੜੀ ਦੇ ਕੰਮਾਂ 'ਚ ਲਗਾਉਣਾ ਹੈ।

ਅਹਿਮਦ ਅਲੀ

ਤਸਵੀਰ ਸਰੋਤ, DILIP KUMAR SHARMA/BBC

ਤਸਵੀਰ ਕੈਪਸ਼ਨ, ਅਹਿਮਦ ਅਲੀ

ਦਰੰਗ ਜ਼ਿਲ੍ਹੇ 'ਚ ਜੋ ਸਰਕਾਰੀ ਜ਼ਮੀਨ ਖਾਲੀ ਕਰਵਾਈ ਗਈ ਹੈ, ਉੱਥੇ ਇਸ ਪ੍ਰੋਜੈਕਟ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਦਰੰਗ ਜ਼ਿਲ੍ਹਾ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜ਼ਿਲ੍ਹੇ 'ਚ ਲਗਭਗ 77 ਹਜ਼ਾਰ ਵਿੱਗਾ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਹੈ, ਪਰ ਇਹ ਜ਼ਮੀਨ ਦੋ ਨਦੀਆਂ ਦੇ ਵਿਚਾਲੇ ਹੋਣ ਦੇ ਕਾਰਨ ਹੜ੍ਹਾਂ ਦੌਰਾਨ ਵੱਧਦੀ-ਘੱਟਦੀ ਰਹਿੰਦੀ ਹੈ।

ਪੀੜ੍ਹਤਾਂ ਦਾ ਦਾਅਵਾ: ਉਹ ਸਾਰੇ ਭਾਰਤੀ ਨਾਗਰਿਕ ਹਨ

ਪ੍ਰਭਾਵਿਤ ਪਿੰਡ 'ਚ ਅਸੀਂ ਜਿੰਨੇ ਵੀ ਲੋਕਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਸਾਰਿਆਂ ਨੇ ਹੀ ਇਹ ਦਾਅਵਾ ਕੀਤਾ ਹੈ ਕਿ ਉਹ ਭਾਰਤੀ ਨਾਗਰਿਕ ਹਨ ਅਤੇ ਐਨਆਰਸੀ 'ਚ ਵੀ ਉਨ੍ਹਾਂ ਨੂੰ ਭਾਰਤੀ ਨਾਗਰਿਕ ਹੋਣ ਦੀ ਮਾਨਤਾ ਦਿੱਤੀ ਗਈ ਹੈ।

ਦਰੰਗ ਜ਼ਿਲ੍ਹੇ ਦੇ ਧੌਲਪੁਰ ਪਿੰਡ ਦੇ 63 ਸਾਲਾ ਵਸਨੀਕ ਅਹਿਮਦ ਅਲੀ ਦਾ ਕਹਿਣਾ ਹੈ, " ਪਹਿਲਾਂ ਸਾਡਾ ਪੂਰਾ ਪਰਿਵਾਰ ਸਿਪਾਝਾਰ ਤਹਿਸੀਲ ਦੇ ਕਿਰਾਕਾਰਾ ਪਿੰਡ 'ਚ ਰਹਿੰਦਾ ਸੀ, ਪਰ ਹੜ੍ਹ ਅਤੇ ਜ਼ਮੀਨੀ ਖਿਸਕਾਵ ਦੇ ਕਾਰਨ ਸਾਡੀ ਸਾਰੀ ਜ਼ਮੀਨ ਨਦੀ 'ਚ ਚਲੀ ਗਈ।“

”ਅਸੀਂ ਧੋਲਪੁਰ 'ਚ ਤਿੰਨ ਕੱਠਾ ਜ਼ਮੀਨ ਖਰੀਦ ਕੇ ਘਰ ਬਣਾਇਆ ਅਤੇ ਸਾਲਾਂ ਤੋਂ ਅਸੀਂ ਇੱਥੇ ਹੀ ਰਹਿ ਰਹੇ ਹਾਂ। ਮੈਂ 1983 ਤੋਂ ਇੱਥੇ ਵੋਟ ਪਾ ਰਿਹਾ ਹਾਂ। ਮੇਰੇ ਕੋਲ ਸਾਰੇ ਕਾਗਜ਼ਾਤ ਮੌਜੂਦ ਹਨ ਅਤੇ ਐਨਆਰਸੀ 'ਚ ਵੀ ਮੈਨੂੰ ਭਾਰਤੀ ਨਾਗਰਿਕ ਮੰਨਿਆ ਗਿਆ ਹੈ।"

ਦਰੰਗ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਨੂੰ ਜਦੋਂ ਇਸ ਖੇਤਰ 'ਚ ਵਸੇ ਲੋਕਾਂ ਦੀ ਨਾਗਰਿਕਤਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਇਹ ਮੁੱਦਾ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਨੂੰ ਹਟਾਉਣ ਨਾਲ ਜੁੜਿਆ ਹੋਇਆ ਹੈ।

ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਸ਼ਾਮ ਨੂੰ ਮੋਇਨੁਲ ਹੱਕ ਦੀ ਮ੍ਰਿਤਕ ਦੇਹ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਅਤੇ ਦੁਪਹਿਰ ਦੇ 1 ਵਜੇ ਦੇ ਕਰੀਬ ਨਮਾਜ਼-ਏ-ਜਨਾਜ਼ਾ ਪੜ੍ਹਿਆ ਗਿਆ।

ਬੇਘਰ ਹੋ ਚੁੱਕਾ ਮੋਇਨੁਲ ਦਾ ਪਰਿਵਾਰ ਅਜੇ ਵੀ ਇਸ ਚਿੰਤਾ 'ਚ ਹੈ ਕਿ ਹੁਣ ਉਹ ਕਿੱਥੇ ਰਹਿਣਗੇ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)