ਆਸਾਮ ਵਿਧਾਨ ਸਭਾ ਚੋਣਾਂ: ਮੁਸਲਿਮ ਇਲਾਕਿਆਂ 'ਚ ਭਾਜਪਾ ਦੇ ਮੁਸਲਮਾਨ ਉਮੀਦਵਾਰ ਕੀ ਕਹਿ ਰਹੇ ਹਨ

ਤਸਵੀਰ ਸਰੋਤ, EPA/PRANABJYOTI DEKA
- ਲੇਖਕ, ਸਲਮਾਨ ਰਾਵੀ
- ਰੋਲ, ਬੀਬੀਸੀ ਪੱਤਰਕਾਰ, ਲੋਅਰ ਅਸਾਮ ਤੋਂ
2011 ਦੀ ਮਰਦਮਸ਼ੁਮਾਰੀ ਮੁਤਾਬਕ ਉੱਤਰ-ਪੂਰਬੀ ਸੂਬੇ ਆਸਾਮ ਵਿੱਚ ਮੁਸਲਮਾਨ ਉਥੋਂ ਦੀ ਆਬਾਦੀ ਦਾ ਕਰੀਬ 35 ਫ਼ੀਸਦ ਹਨ। ਆਪਣੀ ਵੱਡੀ ਆਬਾਦੀ ਸਦਕਾ ਉੱਥੇ ਹੋਣ ਵਾਲੀਆਂ ਚੋਣਾਂ ਵਿੱਚ ਇੱਕ ਵੱਡਾ ਹਿੱਸਾ ਮੁਸਲਮਾਨਾਂ ਦਾ ਹੈ।
ਪਰ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਹਿੰਮਤ ਬਿਸਵ ਸ਼ਰਮਾ ਨੇ ਆਸਾਮ ਵਿੱਚ ਹੋ ਰਹੀਆਂ ਚੋਣਾਂ ਤੋਂ ਠੀਕ ਪਹਿਲਾਂ ਇਹ ਕਹਿ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਮੁਸਲਮਾਨਾਂ ਦੀਆਂ ਵੋਟਾਂ ਦੀ ਲੋੜ ਨਹੀਂ ਹੈ।
ਫ਼ਿਰ ਟਿਕਟਾਂ ਵੰਡਣ ਸਮੇਂ ਭਾਜਪਾ ਨੂੰ ਲੱਗਿਆ ਕਿ ਉਹ ਆਸਾਮ ਵਿੱਚ ਇਸ ਭਾਈਚਾਰੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕਰ ਸਕਦੀ ਤਾਂ ਪਾਰਟੀ ਨੇ ਕੁੱਲ 7 ਮੁਸਲਮਾਨ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ।
ਇਹ ਵੀ ਪੜ੍ਹੋ-
ਹਾਲਾਂਕਿ ਸਾਲ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਗਿਣਤੀ 9 ਸੀ, ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਨੂੰ ਹੀ ਜਿੱਤ ਹਾਸਿਲ ਹੋਈ ਸੀ।
ਜਿਨ੍ਹਾਂ ਉਮੀਦਵਾਰਾਂ ਨੂੰ ਭਾਜਪਾ ਨੇ ਆਸਾਮ ਵਿੱਚ ਚੋਣ ਮੈਦਾਨ ਵਿੱਚ ਉਤਾਰਿਆ ਹੈ, ਉਨ੍ਹਾਂ ਵਿੱਚੋਂ ਸਭ ਤੋਂ ਵੱਧ ਪੰਜ, ਤੀਸਰੇ ਤੇ ਆਖ਼ਰੀ ਗੇੜ ਵਿੱਚ ਪੈਣ ਵਾਲੀਆਂ ਵੋਟਾਂ ਲਈ ਲੋਅਰ ਆਸਾਮ ਤੋਂ ਮੈਦਾਨ ਵਿੱਚ ਹਨ।

ਆਸਾਮ ਵਿੱਚ ਕੁੱਲ 126 ਵਿਧਾਨ ਸਭਾ ਸੀਟਾਂ ਲਈ ਤਿੰਨ ਗੇੜਾਂ ਵਿੱਚ ਵੋਟਾਂ ਪੁਆਈਆਂ ਜਾ ਰਹੀਆਂ ਹਨ।
47 ਸੀਟਾਂ ਲਈ ਪਹਿਲੇ ਗੇੜ ਦੀਆਂ ਵੋਟਾਂ 27 ਮਾਰਚ ਨੂੰ ਪੈ ਚੁੱਕੀਆਂ ਹਨ, 39 ਸੀਟਾਂ ਲਈ ਦੂਜੇ ਦੌਰ ਦੀਆਂ ਵੋਟਾਂ ਪਹਿਲੀ ਅਪ੍ਰੈਲ ਨੂੰ ਪੈ ਰਹੀਆਂ ਹਨ ਜਦੋਂ ਕਿ ਤੀਜੇ ਅਤੇ ਆਖ਼ਰੀ ਗੇੜ ਅਧੀਨ 40 ਸੀਟਾਂ ਲਈ 7 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ।
ਭਾਜਪਾ ਦੇ ਮੁਸਲਮਾਨ ਉਮੀਦਵਾਰ ਕਿਥੋਂ-ਕਿੱਥੋਂ ਮੈਦਾਨ ਵਿੱਚ ਹਨ?
ਲੋਅਰ ਆਸਾਮ ਮੁਸਲਮਾਨਾਂ ਦੀ ਵਧੇਰੇ ਆਬਾਦੀ ਵਾਲਾ ਇਲਾਕਾ ਹੈ ਅਤੇ ਉਹ ਵੀ ਬੰਗਲਾ ਬੋਲਣ ਵਾਲੇ ਮੁਸਲਮਾਨਾਂ ਦਾ।
ਜਦੋਂ ਭਾਜਪਾ ਨੇ ਇਥੋਂ ਉਮੀਦਵਾਰਾਂ ਦਾ ਐਲਾਨ ਕੀਤਾ ਸੀ ਤਾਂ ਹਿਮੰਤ ਬਿਸਵ ਸ਼ਰਮਾ ਨੇ ਕਿਹਾ ਸੀ ਕਿ ਵਿਧਾਨ ਸਭਾ ਚੋਣਾਂ ਸਭਿਆਚਾਰਕ ਆਧਾਰ 'ਤੇ ਹੀ ਲੜੀਆਂ ਜਾਣਗੀਆਂ।

ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਮੁਸਲਮਾਨ ਉਮੀਦਵਾਰਾਂ ਨੂੰ ਹੀ ਮੈਦਾਨ ਵਿੱਚ ਲਿਆਂਦਾ ਗਿਆ ਹੈ, ਜੋ ਭਾਰਤ ਅਤੇ ਆਸਾਮ ਨੂੰ ਆਪਣੀਂ ਮਾਂ-ਭੂਮੀ ਸਮਝਦੇ ਹਨ ਅਤੇ ਬ੍ਰਾਹਮਣ ਪ੍ਰਣਾਲੀ ਦਾ ਸਨਮਾਨ ਕਰਦੇ ਹਨ।
ਇਥੋਂ ਦੀ ਲਹਿਰੀਘਾਟ ਸੀਟ ਤੋਂ ਕਾਦਿਰੂਜ਼ੱਮਾਨ ਜਿਨਾਹ ਮੈਦਾਨ ਵਿੱਚ ਹਨ ਤਾਂ ਬਾਘਬਰ ਤੋਂ ਮੁਸਲਮਾਨ ਮਹਿਲਾ ਉਮੀਦਵਾਰ ਹਸੀਨ ਆਰਾ ਖ਼ਾਤੂਨ ਨੂੰ ਖੜਾ ਕੀਤਾ ਗਿਆ ਹੈ।
ਰੂਪਹੀਹਾਟ ਤੋਂ ਨਾਜ਼ੀਰ ਹੁਸੈਨ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਹਨ ਤਾਂ ਸ਼ਾਹਿਦੁਲ ਇਸਲਾਮ ਜਨਿਆ ਵਿਧਾਨਸਭਾ ਸੀਟ ਤੋਂ।
ਇਸ ਤੋਂ ਇਲਾਵਾ ਸੋਨਾਈ ਸੀਟ ਤੋਂ ਮੌਜੂਦਾ ਵਿਧਾਇਕ ਅਮੀਨੁਲ ਹੱਕ ਲਸਕਰ ਫ਼ਿਰ ਤੋਂ ਚੋਣ ਮੈਦਾਨ ਵਿੱਚ ਹਨ ਤਾਂ ਦੱਖਣੀ ਸਾਲਮਾਰਾ ਤੋਂ ਅਸ਼ਦੁਲ ਇਸਲਾਮ ਨੂੰ ਟਿਕਟ ਦਿੱਤੀ ਗਈ ਹੈ।
ਬਿਲਾਸੀਪਾੜਾ ਪੱਛਮ ਤੋਂ ਡਾ. ਅਬੂ ਬਕਰ ਸਿਦਦੀਕ ਅਤੇ ਜਲੇਸ਼ਵਰ ਸੀਟ ਤੋਂ ਉਸਮਾਨ ਗ਼ਨੀ ਨੂੰ ਟਿਕਟ ਦਿੱਤੀ ਗਈ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
2016 ਵਿੱਚ ਭਾਜਪਾ ਦੇ ਮੁਸਲਮਾਨ ਉਮੀਦਵਾਰਾਂ ਦੀ ਕਾਰਗ਼ੁਜਾਰੀ ਕਿਹੋ ਜਿਹੀ ਸੀ?
ਉੱਘੇ ਪੱਤਰਕਾਰ ਸ਼ਾਹਿਦ ਅਲੀ ਅਹਿਮਦ ਕਹਿੰਦੇ ਹਨ ਕਿ ਭਾਜਪਾ ਨੇ ਇਸ ਵਾਰ ਮੁਸਲਮਾਨ ਉਮੀਦਵਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੀਟਾਂ ਘਟਾ ਦਿੱਤੀਆਂ ਹਨ ਜਦ ਕਿ ਸਾਲ 2016 ਦੀਆਂ ਵਿਧਾਨਸਭਾ ਚੋਣਾਂ ਵਿੱਚ ਪਾਰਟੀ ਨੇ ਨੌਂ ਮੁਸਲਮਾਨ ਉਮੀਦਵਾਰਾਂ ਨੂੰ ਟਿਕਟ ਦਿੱਤੀ ਸੀ।
ਅਹਿਮਦ ਮੁਤਾਬਕ ਭਾਜਪਾ ਚਾਹੁੰਦੀ ਹੈ ਕਿ ਉਹ ਮੁਸਲਮਾਨ ਬਹੁਤਾਤ ਲੋਅਰ ਆਸਾਮ ਤੋਂ ਵੀ ਸੀਟਾਂ ਜਿੱਤੇ।
ਇਸੇ ਲਈ ਇਸ ਵਾਰ ਚੋਣਾਂ ਵਿੱਚ ਮੁਸਲਮਾਨ ਉਮੀਦਵਾਰਾਂ ਲਈ ਪ੍ਰਚਾਰ ਕਰਨ ਵੱਡੇ ਆਗੂਆਂ ਦਾ ਵੀ ਆਉਣਾ ਜਾਣਾ ਲੱਗਿਆ ਹੋਇਆ ਹੈ।
ਲੋਅਰ ਆਸਾਮ ਦੀਆਂ ਇਨ੍ਹਾਂ ਸੀਟਾਂ 'ਤੇ ਮੁਸਲਮਾਨ ਵੋਟਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ।
ਦਰਅਸਲ ਇੰਨਾਂ ਇਲਾਕਿਆਂ ਨੂੰ ਮੌਲਾਨਾ ਬਦਰੁਦੀਨ ਅਜਮਲ ਦੀ ਅਗਵਾਈ ਵਾਲੇ ਆਲ ਇੰਡੀਆ ਯੂਨਾਈਟਿਡ ਡੈਮੋਕਰੇਟਿਕ ਫ੍ਰੰਟ ਦਾ ਗੜ ਮੰਨਿਆਂ ਜਾਂਦਾ ਹੈ।

ਹਾਲਾਂਕਿ, ਇਨ੍ਹਾਂ ਵਿੱਚ ਦੱਖਣੀ ਸਾਲਮਾਰਾ ਅਤੇ ਜਾਨਿਆ ਸੀਟ 'ਤੇ ਕਾਂਗਰਸ ਜਿੱਤੀ ਸੀ। ਪਰ ਇਸ ਵਾਰ ਕਾਂਗਰਸ-ਏਆਈਯੂਡੀਐੱਫ਼ ਗਠਜੋੜ ਦੇ ਤਹਿਤ ਨਾਲ ਮਿਲ ਕੇ ਚੋਣਾਂ ਲੜ ਰਹੀ ਹੈ।
ਕੀ ਕਹਿੰਦੇ ਹਨ ਭਾਜਪਾ ਦੇ ਮੁਸਲਮਾਨ ਉਮੀਦਵਾਰ?
ਜਾਨਿਆ ਵਿਧਾਨ ਸਭਾ ਵਿੱਚ ਸਾਡੀ ਮੁਲਾਕਾਤ ਪ੍ਰਚਾਰ ਕਰ ਰਹੇ ਇਸ ਸੀਟ ਤੋਂ ਭਾਜਪਾ ਦੇ ਉਮੀਦਵਾਰ ਸ਼ਾਹੀਦੁਲ ਇਸਲਾਮ ਨਾਲ ਹੋਈ।
ਉਸ ਸਮੇਂ ਉਨ੍ਹਾਂ ਦੀ ਚੋਣ ਰੈਲੀ ਚੱਲ ਰਹੀ ਸੀ। ਰੈਲੀ ਵਿੱਚ ਜ਼ਿਆਦਾਤਰ ਔਰਤਾਂ ਦੀ ਮੋਜੂਦਗੀ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ।
ਸ਼ਾਹੀਦੁਲ ਇਸਲਾਮ ਨੇ ਬੀਬੀਸੀ ਨਾਲ ਗੱਲ ਕਰਦਿਆਂ ਇਹ ਸਵੀਕਾਰ ਕੀਤਾ ਕਿ ਲੋਅਰ ਆਸਾਮ ਵਿੱਚ ਕਿਸੇ ਮੁਸਲਮਾਨ ਦਾ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਚੋਣ ਲੜਨਾ ਆਪਣੇ ਆਪ ਵਿੱਚ ਵੱਡੀ ਚੁਣੌਤੀ ਹੈ।
ਪਰ ਉਹ ਕਹਿੰਦੇ ਹਨ ਕਿ ਇਸ ਵਾਰ ਉਨ੍ਹਾਂ ਨੂੰ ਅਜਿਹਾ ਨਹੀਂ ਲੱਗਦਾ।
ਉਹ ਕਹਿੰਦੇ, "ਜੋ ਲੋਕ ਮੈਨੂੰ ਤਾਅਨੇ ਮਰਦੇ ਸਨ , ਉਹ ਵਿਰੋਧੀ ਧਿਰ ਦੇ ਹਮਾਇਤੀ ਹੀ ਹਨ। ਆਮ ਲੋਕ ਮੇਰੇ ਨਾਲ ਗੱਲ ਕਰਦੇ ਹਨ। ਮੇਰੀ ਗੱਲ ਸੁਣਦੇ ਹਨ। ਮੈਂ ਉਨ੍ਹਾਂ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਸਭ ਦਾ ਸਾਥ, ਸਭ ਦਾ ਵਿਕਾਸ ਔਰ ਸਭ ਕਾ ਵਿਸ਼ਵਾਸ਼ ' ਨਾਅਰੇ ਬਾਰੇ ਗੱਲ ਕਰਦਾ ਹਾਂ।"
"ਬਹੁਤ ਸਾਰੇ ਕੰਮ ਹਨ ਜੋ ਭਾਰਤੀ ਜਨਤਾ ਪਾਰਟੀ ਦੀ ਸੂਬਾ ਸਰਕਾਰ ਨੇ ਮੁਸਲਮਾਨਾਂ ਲਈ ਕੀਤੇ ਹਨ। ਲੋਕ ਇਸ ਗੱਲ ਨੂੰ ਸਵੀਕਾਰ ਵੀ ਕਰਦੇ ਹਨ।"
ਹਾਲਾਂਕਿ, ਰੈਲੀ ਵਾਲੀ ਜਗ੍ਹਾ ਦੇ ਬਿਲਕੁਲ ਨੇੜੇ ਗੰਨੇ ਦਾ ਰਸ ਵੇਚਣ ਵਾਲੇ ਅਨਵਰ ਗੱਲਬਾਤ ਦੌਰਾਨ ਕਹਿੰਦੇ ਹਨ, 'ਸਭ ਦਾ ਸਾਥ, ਸਭ ਦਾ ਵਿਕਾਸ' ਜੇ ਸੱਚਾ ਨਾਅਰਾ ਹੁੰਦਾ ਤਾਂ ਫ਼ਿਰ ਹਿੰਮਤ ਬਿਸਵ ਸਰਮਾ ਵਰਗੇ ਆਗੂ ਕਿਉਂ ਕਹਿੰਦੇ ਕਿ ਮੁਸਲਮਾਨਾਂ ਦੀਆਂ ਵੋਟਾਂ ਨਹੀਂ ਚਾਹੀਦੀਆਂ।

ਇਹ ਹੀ ਸਵਾਲ ਮੈਂ ਬਾਘਬਰ ਤੋਂ ਭਾਜਪਾ ਦੇ ਮਹਿਲਾ ਉਮੀਦਵਾਰ ਹਸੀਨਆਰਾ ਖ਼ਾਤੂਨ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, "ਹੁਣ ਘਰ ਦਾ ਨਿਗਰਾਨ ਕਦੀ ਕੁਝ ਕਹਿ ਦਿੰਦਾ ਹੈ ਤਾਂ ਉਸ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ। ਹਿਮੰਤ ਵਿਸਵ ਸ਼ਰਮਾ ਨੇ ਜੋ ਕਿਹਾ ਹੈ, ਲੋਕ ਉਸ ਦਾ ਅਰਥ ਸਮਝ ਨਹੀਂ ਪਾਏ ਹਨ। ਮੈਂ ਉਨ੍ਹਾਂ ਨੂੰ ਸਮਝਾ ਰਹੀ ਹਾਂ।"
ਹਸੀਨ ਆਰਾ ਖ਼ਾਤੂਨ ਦਾ ਕਹਿਣਾ ਹੈ ਕਿ ਆਸਾਮ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਮੁਸਲਮਾਨਾਂ ਲਈ ਕਾਫ਼ੀ ਕੁਝ ਕੀਤਾ ਹੈ, ਜਿਸ ਦਾ ਵਿਰੋਧੀ ਧਿਰਾਂ ਪ੍ਰਚਾਰ ਨਹੀਂ ਕਰਨ ਦਿੰਦੀਆਂ।
ਉਹ ਕਹਿੰਦੇ ਹਨ, "ਸੂਬਾ ਸਰਕਾਰ ਨੇ ਮਸਜਿਦਾਂ ਲਈ ਧੰਨ ਮੁਹੱਈਆ ਕਰਵਾਇਆ ਹੈ। ਮੁਸਲਮਾਨ ਔਰਤਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਖ਼ੂਬ ਲਾਭ ਮਿਲਿਆ ਹੈ।"
"ਮੁਸਲਮਾਨ ਹੁਣ ਸਮਝਣ ਲੱਗੇ ਹਨ ਕਿ ਉਨ੍ਹਾਂ ਦਾ ਫ਼ਾਇਦਾ ਕਿਸ ਨਾਲ ਜਾਣ ਵਿੱਚ ਹੈ। ਬਦਰੂਦੀਨ ਅਜਮਲ ਚਾਚਾ ਤਾਂ ਆਪਣੇ ਚੋਣਾਵੀ ਫ਼ਾਇਦੇ ਲਈ ਮੁਸਲਮਾਨਾਂ ਨੂੰ ਵੰਡਣ ਦਾ ਕੰਮ ਹੀ ਕਰਦੇ ਰਹਿ ਗਏ।"
ਇਸ ਇਲਾਕੇ ਵਿੱਚ ਪ੍ਰਧਾਨ ਮੰਤਰੀ ਸਭ ਦਾ ਹਵਾਲਾ ਦਿੰਦਿਆਂ ਹਸੀਨ ਆਰਾ ਖ਼ਾਤੂਨ ਕਹਿੰਦੇ ਹਨ ਕਿ ਨਰਿੰਦਰ ਮੋਦੀ ਨੇ ਖਾਨਾਪਾਰਾ ਦੀ ਚੋਣ ਸਭਾ ਵਿੱਚ ਪਿੰਡ ਵਿੱਚ ਸੜਕ ਅਤੇ ਪੈਖ਼ਾਨੇ ਬਣਵਾਉਣ 'ਤੇ ਜ਼ੋਰ ਦਿੱਤਾ।

ਹਸੀਨ ਆਰਾ ਦਾ ਚੋਣ ਇਲਾਕਾ ਕਾਫ਼ੀ ਪਛੜਿਆ ਹੋਇਆ ਹੈ, ਇਥੋਂ ਥੱਕ ਪਹੁੰਚਣ ਲਈ ਸਹੀ ਸੜਕਾਂ ਵੀ ਨਹੀਂ ਹਨ, ਉਹ ਕਹਿੰਦੇ ਹਨ ਕਿ ਇਸ ਇਲਾਕੇ ਵਿੱਚ ਲੋਕ ਧਰਮ ਦੀ ਸਿਆਸਤ ਬਹੁਤ ਜ਼ਰ ਚੁੱਕੇ ਹਨ।
ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵੀ ਬਿਹਤਰ ਹੋ ਜਾਵੇ। ਇਸ ਲਈ ਉਹ ਭਾਜਪਾ ਦੇ ਵਾਅਦਿਆਂ 'ਤੇ ਭਰੋਸਾ ਕਰ ਰਹੇ ਹਨ।
"ਭਾਜਪਾ ਵਲੋਂ ਚੋਣਾਂ ਲੜਨ 'ਤੇ ਤਾਅਨੇ ਵੀ ਸੁਣਨੇ ਪੈਂਦੇ ਹਨ"
ਭਾਰਤੀ ਜਨਤਾ ਪਾਰਟੀ ਦੀਆਂ ਚੋਣ ਸਭਾਵਾਂ ਮੁਸਲਮਾਨ ਇਲਾਕਿਆਂ ਵਿੱਚ ਆਕਰਸ਼ਨ ਦਾ ਕੇਂਦਰ ਜ਼ਰੂਰ ਬਣ ਰਹੀਆਂ ਹਨ। ਲੋਕ ਬੇਹੱਦ ਚਾਅ ਨਾਲ ਆਗੂਆਂ ਨੂੰ ਸੁਣਨ ਵੀ ਆ ਰਹੇ ਹਨ।
ਪਰ ਵੋਟ ਕਿਸ ਨੂੰ ਪਾਉਣਗੇ ਇਹ ਤਾਂ ਸੁਭਾਵਿਕ ਤੌਰ 'ਤੇ ਪਤਾ ਕਰਨਾ ਸੌਖਾ ਨਹੀਂ ਹੈ।

ਹਸਨ ਆਰਾ ਬੇਗ਼ਮ ਦੇ ਨਾਲ ਪ੍ਰਚਾਰ ਦੌਰਾਨ ਸ਼ਾਮਿਲ ਨੂਰ ਮੁਹੰਮਦ ਕਹਿੰਦੇ ਹਨ, "ਲੋਕ ਤਾਅਨੇ ਜ਼ਰੂਰ ਦਿੰਦੇ ਹਨ ਕਿ ਮੁਸਲਮਾਨ ਹੁੰਦਿਆਂ ਭਾਰਤੀ ਜਨਤਾ ਪਾਰਟੀ ਨਾਲ ਕੰਮ ਕਰ ਰਹੇ ਹੋ।"
"ਤਾਂ ਅਸੀਂ ਲੋਕਾਂ ਨੂੰ ਦੱਸਦੇ ਹਾਂ ਕਿ ਜਿਹੜੀਆਂ ਯੋਜਨਾਵਾਂ ਭਾਜਪਾ ਨੇ ਸ਼ੁਰੂ ਕੀਤੀਆਂ ਹਨ ਉਨ੍ਹਾਂ ਦਾ ਲਾਭ ਮੁਸਲਮਾਨਾਂ ਨੂੰ ਵੀ ਮਿਲ ਰਿਹਾ ਹੈ।"
ਭਾਜਪਾ ਦੀਆਂ ਸਮਰਥਕ ਮੁਸਲਮਾਨ ਔਰਤਾਂ ਕੀ ਕਹਿੰਦੀਆਂ ਹਨ?
ਕਈ ਮੁਸਲਮਾਨ ਔਰਤਾਂ ਵੀ ਭਾਜਪਾ ਦੇ ਸਮਰਥਨ ਵਿੱਚ ਪ੍ਰਚਾਰ ਕਰਦੀਆਂ ਨਜ਼ਰ ਆਈਆਂ।
ਪਰਵੀਨ ਮਾਜਿਦ ਵੀ ਇਨ੍ਹਾਂ ਵਿੱਚੋਂ ਇਹ ਹੈ ਜੋ ਪ੍ਰਚਾਰ ਦੇ ਕੰਮ ਵਿੱਚ ਵੱਧ ਚੜ੍ਹ ਕੇ ਅੱਗੇ ਅੱਗੇ ਕੰਮ ਕਰਦੇ ਨਜ਼ਰ ਆ ਰਹੇ ਸਨ।
ਪ੍ਰਚਾਰ ਦੌਰਾਨ ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ, ਖੱਬੇ ਪੱਖੀ ਅਤੇ ਬਦਰੁਦੀਨ ਅਜਮਲ ਦੀ ਪਾਰਟੀ ਏਆਈਯੂਡੀਐੱਫ਼ ਦੇ ਸਮਰਥਕ ਉਨ੍ਹਾਂ ਦਾ ਕਾਫ਼ੀ ਵਿਰੋਧ ਕਰਦੇ ਹਨ।
ਪਰ ਉਹ ਕਹਿੰਦੇ ਹਨ ਕਿ ਭਾਜਪਾ ਵਿੱਚ ਮੁਸਲਮਾਨ ਔਰਤਾਂ ਨੂੰ ਇੱਜ਼ਤ ਮਿਲਦੀ ਹੈ, ਜਿਸ ਕਾਰਨ ਉਹ ਇਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ।
ਲੋਅਰ ਆਸਾਮ ਦੇ ਹੀ ਰਹਿਣ ਵਾਲੇ ਜਯਾ ਬੇਗ਼ਮ ਕਹਿੰਦੇ ਹਨ, "ਜਦੋਂ ਉਹ ਭਾਜਪਾ ਦੇ ਸਮਰਥਨ ਵਿੱਚ ਲੋਕਾਂ ਦਰਮਿਆਨ ਵੋਟਾਂ ਮੰਗਣ ਜਾਂਦੇ ਹਨ ਤਾਂ ਲੋਕਾਂ ਵਿੱਚ ਇਹ ਵਹਿਮ ਆਮ ਤੌਰ 'ਤੇ ਦੇਖਣ ਨੂੰ ਮਿਲਦਾ ਹੈ ਕਿ ਕੀ ਭਾਜਪਾ ਸੱਤਾ ਵਿੱਚ ਆਏਗੀ ਤਾਂ ਮਸਜਿਦਾਂ ਵਿੱਚ ਨਮਾਜ਼ ਬੰਦ ਹੋ ਜਾਵੇਗੀ, ਅਜ਼ਾਨ ਬੰਦ ਹੋ ਜਾਵੇਗੀ।"
ਉਹ ਕਹਿੰਦੇ ਹਨ, "ਅਸੀਂ ਲੋਕਾਂ ਨੂੰ ਦੱਸਦੇ ਹਾਂ ਕਿ ਕੇਂਦਰ 2014 ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਅਸਾਮ ਵਿੱਚ ਪਿਛਲੇ ਪੰਜ ਸਾਲਾਂ ਤੋਂ। ਕੀ ਕੋਈ ਮਸਜਿਦ ਬੰਦ ਕੀਤੀ ਗਈ? ਜਾਂ ਕੋਈ ਅਜ਼ਾਨ ਬੰਦ ਕਰਵਾਈ ਗਈ?"
ਚੋਣ ਰੈਲੀ ਵਿੱਚ ਮੌਜੂਦ ਅਨਜੁਮਾ ਖ਼ਾਤੂਨ ਕਹਿੰਦੇ ਹਨ, "ਸਿਆਸੀ ਦਲਾਂ ਨੇ ਲੋਅਰ ਆਸਾਮ ਵਿੱਚ ਹਮੇਸ਼ਾਂ ਮੁਸਲਮਾਨਾਂ ਨੂੰ ਸਿਰਫ਼ ਵੋਟਾਂ ਹਾਸਿਲ ਕਰਨ ਲਈ ਇਸਤੇਮਾਲ ਕੀਤਾ ਗਿਆ ਹੈ।"
"ਉਸ ਦੇ ਬਦਲੇ ਵਿੱਚ ਸਾਨੂੰ ਕੀ ਮਿਲਿਆ? ਨਾ ਸੜਕਾਂ ਹਨ, ਨਾ ਬਿਜਲੀ ਅਤੇ ਨਾ ਹੀ ਕੋਈ ਸਾਧਨ। ਇਥੋਂ ਦੇ ਲੋਕ ਬਹੁਤ ਹੀ ਤਕਲੀਫ਼ਦੇਹ ਜ਼ਿੰਦਗੀ ਜਿਉਂਣ ਲਈ ਮਜ਼ਬੂਰ ਹਨ।"
"ਭਾਜਪਾ ਜੇ ਕੰਮ ਕਰ ਰਹੀ ਹੈ ਤਾਂ ਅਸੀਂ ਆਪਣਾ ਭਵਿੱਖ ਦੇਖਣਾ ਹੈ, ਆਪਣੀਆਂ ਸਹੂਲਤਾਂ ਦੇਖਣੀਆਂ ਹਨ। ਇਹ ਹੀ ਇਥੋਂ ਦੇ ਮੁਸਲਮਾਨਾਂ ਦਾ ਵੱਡਾ ਮੁੱਦਾ ਹੈ।"
ਆਸਾਮ ਵਿਧਾਨ ਸਭਾ ਵਿੱਚ ਮੁਸਲਮਾਨ ਵਿਧਾਇਕਾਂ ਦਾ ਗਣਿਤ
ਭਾਜਪਾ ਨੇ 2016 ਦੀਆਂ ਚੋਣਾਂ ਵਿੱਚ ਕੁੱਲ 9 ਮੁਸਲਮਾਨ ਉਮੀਦਵਾਰ ਖੜੇ ਕੀਤੇ ਸਨ ਪਰ ਸਿਰਫ਼ ਇੱਕ ਉਮੀਦਵਾਰ, ਸੋਨਾਈ ਸੀਟ ਤੋਂ ਅਮੀਨੁਲ ਹੱਕ ਲਸਕਰ ਵਿਧਾਨਸਭਾ ਪਹੁੰਚੇ ਸਨ।
ਆਸਾਮ ਵਿਧਾਨਸਭਾ ਦੇ ਚੋਣਾਵੀ ਇਤਿਹਾਸ ਨੂੰ ਦੇਖੀਏ ਤਾਂ ਕੋਈ ਵੀ ਚੋਣਾਂ ਹੋਣ ਔਸਤਨ 28 ਤੋਂ 32 ਫ਼ੀਸਦ ਤੱਕ ਮੁਸਲਮਾਨ ਵਿਧਾਇਕ ਚੁਣੇ ਜਾਂਦੇ ਰਹੇ ਹਨ।

ਸਾਲ 2005 ਤੋਂ ਪਹਿਲਾਂ ਕਾਂਗਰਸ ਅਤੇ ਅਸਮ ਗਣ ਪ੍ਰੀਸ਼ਦ ਦੇ ਮੁਸਲਮਾਨ ਉਮੀਦਵਾਰ ਜਿੱਤ ਕੇ ਵਿਧਾਨਸਭਾ ਪਹੁੰਚੇ ਸਨ ਪਰ ਬਦਰੁਦੀਨ ਅਜਮਲ ਦੀ ਪਾਰਟੀ ਏਆਈਯੂਡੀਐੱਫ਼ ਦੇ 2006 ਦੀਆਂ ਚੋਣਾਂ ਵਿੱਚ ਮੈਦਾਨ ਵਿੱਚ ਆਉਣ ਤੋਂ ਬਾਅਦ ਮੁਸਲਮਾਨ ਇਲਾਕਿਆਂ ਵਿੱਚ ਏਆਈਯੂਡੀਐੱਫ਼ ਦਾ ਹੀ ਸਭ ਤੋਂ ਬਿਹਤਰ ਪ੍ਰਦਰਸ਼ਨ ਰਿਹਾ ਹੈ।
ਜਾਣਕਾਰ ਕੀ ਕਹਿੰਦੇ ਹਨ?
ਆਸਾਮ ਦੀ ਸਿਆਸਤ ਨੂੰ ਲੰਬੇ ਸਮੇਂ ਤੋਂ ਕਵਰ ਕਰ ਰਹੇ ਉੱਘੇ ਪੱਤਰਕਾਰ ਬੈਕੁੰਠ ਨਾਥ ਗੋਸਵਾਮੀ ਕਹਿੰਦੇ ਹਨ, "ਕਾਂਗਰਸ-ਏਆਈਯੂਡੀਐੱਫ਼ ਦੇ ਨਾਲ ਆਉਣ ਨਾਲ ਮਹਾਂਗਠਜੋੜ ਨੂੰ ਫ਼ਾਇਦਾ ਹੋਵੇਗਾ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੇ 26 ਸੀਟਾਂ ਜਿੱਤੀਆਂ ਸਨ, ਉਨ੍ਹਾਂ ਵਿੱਚੋਂ 15 ਵਿਧਾਇਕ ਮੁਸਲਮਾਨ ਸਨ।"
ਉਹ ਦੱਸਦੇ ਹਨ, "ਪਿਛਲੀਆਂ ਚੋਣਾਂ ਵਿੱਚ ਏਆਈਯੂਡੀਐੱਫ਼ ਦੀਆਂ ਸੀਟਾਂ ਘੱਟ ਆਈਆਂ ਸਨ। ਸਿਰਫ਼ 14 ਵਿਧਾਇਕ ਹੀ ਜਿੱਤ ਸਕੇ ਸਨ। ਦੋਵਾਂ ਪਾਰਟੀਆਂ ਦੇ ਕੁੱਲ ਮੁਸਲਮਾਨ ਵਿਧਾਇਕਾਂ ਦੀ ਗਿਣਤੀ 28 ਸੀ ਅਤੇ ਇੱਕ ਮੁਸਲਮਾਨ ਵਿਧਾਇਕ ਭਾਜਪਾ ਤੋਂ ਜਿੱਤ ਕੇ ਆਏ ਸਨ।"
ਗੋਸਵਾਮੀ ਨੇ ਕਿਹਾ, "ਕਾਂਗਰਸ-ਏਆਈਯੂਡੀਐੱਫ਼ ਦੇ ਵੱਖ ਵੱਖ ਚੋਣਾਂ ਲੜਨ ਨਾਲ ਉਨ੍ਹਾਂ ਨੂੰ 12 ਸੀਟਾਂ ਦਾ ਨੁਕਸਾਨ ਝੱਲਣਾ ਪਿਆ ਸੀ ਅਤੇ ਉਥੇ ਭਾਜਪਾ ਨੇ ਬਹੁਤ ਘੱਟ ਫ਼ਾਸਲੇ ਨਾਲ ਜਿੱਤ ਹਾਸਿਲ ਕੀਤੀ ਸੀ। ਪਰ ਮੁਸਲਮਾਨ ਬਹੁਤਾਤ ਇਲਾਕਿਆਂ ਵਿੱਚ ਕਾਂਗਰਸ-ਏਆਈਯੂਡੀਐੱਫ਼ ਤੋਂ ਸੀਟਾਂ ਖੋਹਣਾ ਕਿਸੇ ਵੀ ਪਾਰਟੀ ਲਈ ਸੋਖਾ ਨਹੀਂ ਹੈ।"
ਭਾਜਪਾ ਨੇ ਤਾਂ ਪਹਿਲੇ ਗੇੜ ਦੇ ਮਤਦਾਨ ਤੋਂ ਪਹਿਲਾਂ ਹੀ ਅਸਾਮ ਦੇ ਹਿੰਦੂ ਬਹੁਤਾਤ ਵਾਲੇ ਇਲਾਕਿਆਂ ਵਿੱਚ ਹਿੰਦੂਤਵ ਅਤੇ ਮੁਗ਼ਲਾਂ ਦਾ ਸ਼ਾਸਨ ਆ ਜਾਵੇਗਾ ਵਰਗੀਆਂ ਗੱਲਾਂ ਕਰਕੇ ਮੁਸਲਮਾਨਾਂ ਨੂੰ ਹੋਰ ਨਾਰਾਜ਼ ਕਰ ਦਿੱਤਾ ਹੈ।
ਇਸ ਦੇ ਇਲਾਵਾ ਹਿੰਮਤ ਬਿਸਵ ਸਰਮਾ ਦਾ 'ਮੀਆਂ ਮੁਸਲਮਾਨਾਂ ਦੀਆਂ ਵੋਟਾਂ ਭਾਜਪਾ ਨੂੰ ਨਹੀਂ ਚਾਹੀਦੀਆਂ' ਵਾਲਾ ਬਿਆਨ ਲੋਕਾਂ ਦੇ ਜ਼ਿਹਨ ਵਿੱਚ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












