ਸੁਨੀਲ ਜਾਖੜ ਭਾਜਪਾ ਵਿੱਚ ਹੋਏ ਸ਼ਾਮਲ, ਕਿਹਾ, 'ਮੈਂ ਕਦੇ ਤੋੜਨ ਦਾ ਕੰਮ ਨਹੀਂ ਕੀਤਾ, ਹਮੇਸ਼ਾ ਜੋੜਨ ਦਾ ਕੰਮ ਕੀਤਾ ਹੈ'

ਤਸਵੀਰ ਸਰੋਤ, Ani
ਕਾਂਗਰਸ ਦੇ ਸਾਬਕਾ ਆਗੂ ਸੁਨੀਲ ਜਾਖੜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੀ ਮੌਜੂਦਗੀ ਵਿੱਚ ਉਹ ਦਿੱਲੀ ਵਿੱਚ ਭਾਜਪਾ 'ਚ ਸ਼ਾਮਲ ਹੋਏ ਹਨ।
ਭਾਜਪਾ ਆਗੂ ਤੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਜਾਖੜ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ 3 ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਸਿਆਸਤ 'ਚ ਹਨ।
ਉਨ੍ਹਾਂ ਕਿਹਾ ਕਿ ਦੇਸ਼ 'ਚ ਰਾਸ਼ਟਰਵਾਦੀ ਤਾਕਤਾਂ ਮਜ਼ਬੂਤ ਹੋ ਰਹੀਆਂ ਹਨ ਅਤੇ ਪੰਜਾਬ 'ਚ ਭਾਜਪਾ ਇੱਕ ਮਜ਼ਬੂਤ ਵਿਰੋਧੀ ਧਿਰ ਬਣਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਇੱਕ ਨਵਾਂ ਪੰਜਾਬ ਬਣਾਵਾਂਗੇ।
ਸੁਨੀਲ ਜਾਖੜ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਕੀ ਬੋਲੇ
ਇਸ ਮੌਕੇ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਮੋਦੀ ਸਹਿਤ ਹੋਰ ਭਾਜਪਾ ਆਗੂਆਂ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ, ''ਕੋਈ ਸੌਖਾ ਕੰਮ ਨਹੀਂ ਹੁੰਦਾ, 50 ਸਾਲ ਦਾ ਸਬੰਧ ਮੇਰਾ ਕਾਂਗਰਸ ਪਾਰਟੀ ਨਾਲ ਹੈ। ਸਾਡੀਆਂ 3 ਪੀੜ੍ਹੀਆਂ ਕਾਂਗਰਸ ਨੂੰ ਆਪਣਾ ਪਰਿਵਾਰ ਸਮਝ ਕੇ ਚੰਗੇ-ਮਾੜੇ ਸਮੇਂ 'ਚ ਨਾਲ ਰਹੀਆਂ।''
''ਜਿਸ ਖੁੱਲ੍ਹੇ ਦਿਲ ਨਾਲ ਭਾਜਪਾ ਆਗੂਆਂ ਨੇ ਮਿਲਣ ਦਾ ਮੌਕਾ ਦਿੱਤਾ ਉਸ ਦਾ ਇੱਕ ਕਾਰਨ ਇਹ ਹੈ ਕਿ ਸੁਨੀਲ ਜਾਖੜ ਨੇ ਕਦੇ ਸਿਆਸਤ ਨੂੰ ਨਿੱਜੀ ਸੁਆਰਥ ਲਈ ਇਸਤੇਮਾਲ ਨਹੀਂ ਕੀਤਾ।''
ਜੇ 50 ਸਾਲ ਬਾਅਦ ਸੁਨੀਲ ਜਾਖੜ ਨੇ ਪਰਿਵਾਰ ਨਾਲ ਨਾਤਾ ਤੋੜਨ ਦੀ ਹਿੰਮਤ ਦਿਖਾਈ ਤਾਂ ਇਹ ਕੋਈ ਨਿੱਜੀ ਕਾਰਨ ਨਹੀਂ ਸੀ, ਬਹੁਤ ਸਾਰੇ ਕਾਰਨ ਸਨ।
''ਬੜੇ ਭਰੇ ਮਨ ਨਾਲ ਕਹਿ ਰਿਹਾ ਹਾਂ ਕਿ ਅੱਜ ਜਦੋਂ ਪਰਿਵਾਰ ਨਾਲ ਨਾਤਾ ਤੋੜ ਕੇ ਮੈਂ ਦੂਜੀ ਥਾਂ ਆਇਆ ਹਾਂ, ਉਸ ਦਾ ਕਾਰਨ ਇਹ ਸੀ ਕਿ ਸੁਨੀਲ ਨੂੰ ਇਸ ਗੱਲ ਲਈ ਕਟਘਰੇ 'ਚ ਖੜ੍ਹਾ ਕੀਤਾ ਗਿਆ ਕਿ ਸੁਨੀਲ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਤੁਸੀਂ ਇਸ ਨੂੰ ਜਾਤੀ-ਪਾਤੀ , ਧਰਮ ਦੇ ਨਾਂਅ 'ਤੇ ਨਹੀਂ ਤੋੜ ਸਕਦੇ।''
ਇਹ ਵੀ ਪੜ੍ਹੋ:-
ਆਮ ਆਦਮੀ ਪਾਰਟੀ ਦਾ ਹਮਲਾ
ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਸੁਨੀਲ ਜਾਖੜ ਦੇ ਭਾਜਪਾ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਕਾਂਗਰਸ ਉੱਪਰ ਹਮਲਾ ਕੀਤਾ।
ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ,''ਕਾਂਗਰਸ ਦਾ ਵੰਡਿਆ ਹੋਇਆ ਘਰ ਤਾਸ਼ ਦੇ ਪੱਤਿਆਂ ਵਾਂਗ ਡਿੱਗ ਰਿਹਾ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਭਾਜਪਾ ਸਾਰੇ ਸਾਬਕਾ ਕਾਂਗਰਸੀਆਂ ਦੀ ਦੂਜੀ ਪੰਸਦ ਹੈ ਕਿਉਂਕਿ ਦੋਵਾਂ ਦੀਆਂ ਵਿਚਾਰਧਾਰਕ ਜੜ੍ਹਾਂ ਇੱਕੋ ਹੀ ਹਨ। ਸੁਨੀਲ ਜਾਖੜ ਦੇ ਜਾਣ ਨਾਲ ਕਾਂਗਰਸ ਜੋ ਪਹਿਲਾਂ ਹੀ ਸਾਹਾਂ ਲਈ ਸੰਘਰਸ਼ ਕਰ ਰਹੀ ਸੀ, ਉਸ ਦਾ ਖ਼ਤਮਾ ਹੋ ਗਿਆ ਹੈ।''
ਕੰਗ ਨੇ ਸੁਨੀਲ ਜਾਖੜ ਦਾ ਪੁਰਾਣਾ ਟਵੀਟ ਜੋ ਉਨ੍ਹਾਂ ਨੇ ਕੈਪਟਨ ਦੇ ਭਾਜਪਾ ਵਿੱਚ ਸ਼ਾਮਲ ਹੋਣ ਮੌਕੇ ਕੀਤਾ ਸੀ ਦੀ ਤਸਵੀਰ ਵੀ ਸਾਂਝੀ ਕੀਤੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਆਪਣੇ ਟਵੀਟ ਵਿੱਚ ਸੁਨੀਲ ਜਾਖੜ ਨੇ ਅਮਿਤ ਸ਼ਾਹ ਅਤੇ ਕੈਪਟਨ ਦੇ ਤਸਵੀਰ ਸਾਂਝੀ ਕਰਦਿਆਂ ਬਸ਼ੀਰ ਬਦਰ ਦਾ ਸ਼ੇਅਰ ਲਿਖਿਆ ਸੀ, ''ਕੁਛ ਤੋ ਮਜਬੂਰੀਆਂ ਰਹੀ ਹੋਂਗੀ ਯੂ ਕੋਈ ਬੇਵਫ਼ਾ ਨਹੀਂ ਹੋਤਾ!''
ਸੁਨੀਲ ਜਾਖੜ ਦਾ ਪਿਛੋਕੜ ਤੇ ਕੈਪਟਨ ਨਾਲ ਚੰਗੇ ਰਿਸ਼ਤੇ
ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਸਿਆਸੀ ਖ਼ਾਨਦਾਨ ਤੋਂ ਆਉਣ ਵਾਲੇ ਸੁਨੀਲ ਜਾਖੜ ਪੰਜਾਬ ਵਿੱਚ ਕਾਂਗਰਸ ਦਾ ਇੱਕ ਮੰਨਿਆ-ਪ੍ਰਮੰਨਿਆ ਚਿਹਰਾ ਰਹੇ ਹਨ।
ਸੁਨੀਲ ਜਾਖੜ ਵੀ ਇੱਕ ਸਿਆਸੀ ਖ਼ਾਨਦਾਨ ਤੋਂ ਆਉਂਦੇ ਹਨ ਅਤੇ ਉਹ ਲੋਕ ਸਭਾ ਸਪੀਕਰ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਰਹੇ ਬਲਰਾਮ ਜਾਖੜ ਦੇ ਪੁੱਤਰ ਹਨ।
ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਅਹੁਦੇ ਤੋਂ ਹਟਵਾਉਣ ਲਈ ਮੁਹਿੰਮ ਵਿੱਢੀ ਗਈ ਅਤੇ ਲਗਾਤਾਰ ਪੰਜਾਬ ਕਾਂਗਰਸ ਦੇ ਲੀਡਰ ਦਿੱਲੀ ਦੇ ਗੇੜੇ ਕੱਢ ਰਹੇ ਸਨ, ਸੁਨੀਲ ਜਾਖੜ ਉਨ੍ਹਾਂ ਵਿੱਚ ਨਹੀਂ ਸਨ।

ਤਸਵੀਰ ਸਰੋਤ, Ani
ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਵਾਲੇ ਦਿਨ ਜਾਖੜ ਨੇ ਕਈ ਗੱਲਾਂ 'ਤੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਸੀ।
ਸੁਨੀਲ ਜਾਖੜ ਨੇ ਬੇਅਦਬੀ, ਨਸ਼ਿਆਂ ਦੇ ਮਾਮਲੇ 'ਤੇ ਹਮੇਸ਼ਾਂ ਅਕਾਲੀ ਦਲ ਨੂੰ ਘੇਰਿਆ ਹੈ।
ਸੁਨੀਲ ਜਾਖੜ ਭਾਵੇਂ ਇਸ ਵਾਰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਆਪ ਨਹੀਂ ਜਿੱਤ ਸਕੇ ਪਰ ਉਨ੍ਹਾਂ ਨੇ ਬਤੌਰ ਪੰਜਾਬ ਕਾਂਗਰਸ ਦੇ ਪ੍ਰਧਾਨ ਪਾਰਟੀ ਸਾਹਮਣੇ ਹਮੇਸ਼ਾ ਵਧੀਆ ਸੁਝਾਅ ਪੇਸ਼ ਕੀਤੇ ਹਨ।

ਤਸਵੀਰ ਸਰੋਤ, NAVJOT SINGH SIDHU MEDIA TEAM
ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੋਹਾਂ ਨਾਲ ਸੁਨੀਲ ਜਾਖੜ ਦੇ ਚੰਗੇ ਰਿਸ਼ਤੇ ਦੇਖੇ ਜਾਂਦੇ ਸਨ।
ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਥਾਪੇ ਜਾਣ ਵਾਲੇ ਦਿਨ ਉਨ੍ਹਾਂ ਨੇ ਬਿਆਨ ਦਿੰਦੇ ਹੋਏ ਆਖਿਆ ਸੀ ਕਿ ਪੰਜਾਬ ਵਿੱਚ ਕਾਂਗਰਸ ਦੀ ਜਿੱਤ ਦਾ ਰਸਤਾ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚੋਂ ਹੋ ਕੇ ਜਾਂਦਾ ਹੈ।
ਲੋਕ ਸਭਾ ਸਾਂਸਦ ਰਹਿੰਦੇ ਹੋਏ ਉਨ੍ਹਾਂ ਨੇ ਰਾਫੇਲ ਮੁੱਦੇ 'ਤੇ ਕਾਂਗਰਸ ਦਾ ਪੱਖ ਰੱਖਿਆ ਸੀ। ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਗੁਰਦਾਸਪੁਰ ਵਿੱਚ ਹੋਈਆਂ ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਉਹ ਇੱਕ ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਸਨ।
ਪੰਜਾਬ ਕਾਂਗਰਸ ਵਿੱਚ ਏਕੇ ਨੂੰ ਦਿੱਤੀ ਹੈ ਪਹਿਲ
ਸੁਨੀਲ ਜਾਖੜ ਅਬੋਹਰ ਤੋਂ ਲਗਾਤਾਰ ਤਿੰਨ ਵਾਰ ਪੰਜਾਬ ਕਾਂਗਰਸ ਦੇ ਵਿਧਾਇਕ ਰਹੇ ਹਨ। 2012-2017 ਦੌਰਾਨ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਸੀ ਤਾਂ ਉਹ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਨਿਭਾਉਂਦੇ ਸਨ।
2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਹ ਭਾਜਪਾ ਦੇ ਅਰੁਣ ਨਾਰੰਗ ਹੱਥੋਂ ਹਾਰ ਗਏ ਸਨ। ਆਪਣੇ ਬਿਆਨਾਂ ਵਿੱਚ ਉਹ ਅਕਸਰ ਪੰਜਾਬ ਕਾਂਗਰਸ ਆਗੂਆਂ ਵਿੱਚ ਏਕੇ ਦੀ ਗੱਲ ਦਾ ਜ਼ਿਕਰ ਕਰਦੇ ਸਨ।

ਤਸਵੀਰ ਸਰੋਤ, SUNIL JAKHAR/TWITTER
ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਕਰੀਬੀ ਰਹੇ ਹਨ ਅਤੇ ਇੱਕ ਵਾਰ ਚੋਣ ਪ੍ਰਚਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਅਹੁਦੇ ਦਾ ਵੱਡਾ ਦਾਅਵੇਦਾਰ ਵੀ ਕਰਾਰ ਦਿੱਤਾ ਸੀ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਸੁਨੀਲ ਜਾਖੜ ਉਮੀਦਵਾਰ ਸਨ ਪਰ ਭਾਜਪਾ ਦੇ ਸਨੀ ਦਿਓਲ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ। ਲਗਾਤਾਰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਵੀ ਪਾਰਟੀ ਵਿੱਚ ਉਨ੍ਹਾਂ ਦਾ ਰੁਤਬਾ ਘਟਿਆ ਨਹੀਂ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












