ਜਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਨੂੰ ‘ਇਤਿਹਾਸ ਨੂੰ ਮੇਟਣ ਦੀ ਕੋਸ਼ਿਸ਼’ ਕਿਉਂ ਕਿਹਾ ਜਾ ਰਿਹਾ ਹੈ
ਬ੍ਰਿਟਿਸ਼ ਇਤਿਹਾਸ ਵਿੱਚ ਕੀਤੇ ਗਏ ਸਭ ਤੋਂ ਵੱਡੇ ਕਤਲੇਆਮ ਵਿੱਚੋਂ ਇੱਕ ਸੀ, ਜਲ੍ਹਿਆਂਵਾਲਾ ਬਾਗ਼ ਕਾਂਡ।
ਹਾਲ ਵਿੱਚ ਇਸ ਯਾਦਗਾਰ ਦ ਮੁਰਮੰਤ ਕੀਤੀ ਗਈ ਹੈ ਜਿਸ ਨੂੰ ਲੈ ਕੇ ਦੇਸ਼ ਦੀ ਜਨਤਾ ਗੁੱਸੇ ਵਿੱਚ ਹੈ।
ਜਲ੍ਹਿਆਂਵਾਲਾ ਬਾਗ਼ ਕੰਪਲੈਕਸ ਅੰਮ੍ਰਿਤਸਰ ਸ਼ਹਿਰ ਦੇ ਉੱਤਰੀ ਇਲਾਕੇ ਵਿੱਚ ਸਥਿਤ ਹੈ। ਮੁਰੰਮਤ ਤੋਂ ਬਾਅਦ, ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਨੀਵਾਰ ਨੂੰ ਕੀਤਾ ਗਿਆ।
ਸਾਲ 1919 ਵਿੱਚ ਸੈਂਕੜੇ ਭਾਰਤੀ ਲੋਕ ਇਸ ਬਾਗ਼ ਵਿੱਚ ਇੱਕ ਜਨਤਕ ਸਭਾ ਲਈ ਇਕੱਠੇ ਹੋਏ ਸਨ ਅਤੇ ਬ੍ਰਿਟਿਸ਼ ਸੈਨਿਕਾਂ ਨੇ ਉਨ੍ਹਾਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ।
ਇਹ ਕਤਲੇਆਮ ਭਾਰਤ ਦੀ ਰਾਸ਼ਟਰਵਾਦੀ ਲਹਿਰ ਵਿੱਚ ਇੱਕ ਵੱਡਾ ਮੋੜ ਸੀ।
ਜਲ੍ਹਿਆਂਵਾਲਾ ਬਾਗ਼ ਦੇ ਮੈਦਾਨ, ਇਸ ਦੇ ਪੱਥਰਾਂ ਵਾਲੇ ਸਮਾਰਕ, ਪੋਰਟਿਕੋ (ਵਰਾਂਡੇ) ਅਤੇ ਰਸਤੇ, ਹੁਣ ਤੱਕ ਭਾਰਤ ਦੇ ਉਸ ਦਰਦਨਾਕ ਅਤੀਤ ਦੀ ਕਾਲੀ ਯਾਦ ਦਿਵਾਉਂਦੇ ਹਨ ਅਤੇ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ।
ਇਹ ਵੀ ਪੜ੍ਹੋ-
ਸਰਕਾਰ ਨੇ ਹੁਣ ਇਸ ਸਥਾਨ ਨੂੰ ਇੱਕ ਨਵਾਂ ਰੂਪ ਦਿੱਤਾ ਹੈ
ਇੱਥੇ ਅਜਾਇਬ ਘਰ ਬਣਾਏ ਗਏ ਹਨ ਅਤੇ ਰੋਜ਼ਾਨਾ ਹੋਣ ਵਾਲਾ ਲਾਈਟ ਐਂਡ ਸਾਊਂਡ ਸ਼ੋਅ (ਆਵਾਜ਼ ਅਤੇ ਰੌਸ਼ਨੀ ਪ੍ਰਦਰਸ਼ਨ) ਸ਼ੁਰੂ ਕੀਤਾ ਗਿਆ ਹੈ ਜੋ ਕਿ 13 ਅਪ੍ਰੈਲ, 1919 ਦੀਆਂ ਘਟਨਾਵਾਂ ਨੂੰ ਪ੍ਰਦਰਸ਼ਿਤ ਕਰੇਗਾ।
ਬਾਗ਼ ਦੇ ਅੰਦਰ ਵੱਲ ਜਾਂਦਾ ਉਹ ਇਕਲੌਤਾ ਤੰਗ ਰਸਤਾ, ਜਿਸ ਰਾਹੀਂ ਬ੍ਰਿਗੇਡੀਅਰ ਜਨਰਲ ਆਰਐਚ ਡਾਇਰ ਦੀ ਅਗਵਾਈ ਵਿੱਚ ਬ੍ਰਿਟਿਸ਼ ਸਿਪਾਹੀ ਬਾਗ਼ ਅੰਦਰ ਦਾਖਲ ਹੋਏ ਸਨ - ਉਸ ਰਸਤੇ ਦੀਆਂ ਦੀਵਾਰਾਂ 'ਤੇ ਮੂਰਤੀਆਂ ਬਣਾਈਆਂ ਗਈਆਂ ਹਨ ਜੋ ਉਸ ਭਿਆਨਕ ਦਿਨ 'ਤੇ ਮਰਨ ਵਾਲਿਆਂ ਦੀ ਯਾਦ ਦਿਵਾਉਂਦਿਆਂ ਹਨ।

ਤਸਵੀਰ ਸਰੋਤ, Getty Images
ਸ਼ਹੀਦਾਂ ਵਾਲਾ ਖੂਹ
ਮੰਨਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਗੋਲੀਆਂ ਤੋਂ ਬਚਣ ਲਈ ਇਸ ਵਿੱਚ ਛਾਲਾਂ ਮਾਰ ਦਿੱਤੀਆਂ ਸਨ। ਇਸ ਨੂੰ ਇੱਕ ਪਾਰਦਰਸ਼ੀ ਢੱਕਣ ਨਾਲ ਢਕਿਆ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਦਾ ਇਹ ਰੂਪ "ਨਵੀਂ ਪੀੜ੍ਹੀ ਨੂੰ ਇਸ ਪਵਿੱਤਰ ਸਥਾਨ ਦੇ ਇਤਿਹਾਸ ਬਾਰੇ ਯਾਦ ਕਰਵਾਏਗਾ ਅਤੇ ਇਸ ਦੇ ਅਤੀਤ ਬਾਰੇ ਬਹੁਤ ਕੁਝ ਸਿੱਖਣ ਲਈ ਪ੍ਰੇਰਿਤ ਕਰੇਗਾ।"
ਪਰ ਆਲੋਚਕਾਂ ਨੇ ਇਸ ਕਦਮ ਨੂੰ ਅਸੰਵੇਦਨਸ਼ੀਲ ਕਰਾਰ ਦਿੱਤਾ ਹੈ ਅਤੇ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਇਸ ਨਾਲ ਦੇਸ਼ ਦੇ ਇਤਿਹਾਸ ਨੂੰ ਮਿਟਾਉਣ ਅਤੇ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਤਿਹਾਸਕਾਰ ਕਿਮ ਵੈਗਨਰ ਨੇ ਇਸ ਨੂੰ "ਪੁਰਾਣੇ ਸ਼ਹਿਰ ਅੰਮ੍ਰਿਤਸਰ ਦੇ ਆਮ ਡਿਜ਼ਨੀਫਿਕੇਸ਼ਨ ਦਾ ਹਿੱਸਾ" ਕਿਹਾ ਅਤੇ ਨਾਲ ਹੀ ਕਿਹਾ ਕਿ ਇਸ ਦੇ ਨਵੀਨੀਕਰਨ ਦਾ "ਮਤਲਬ ਹੈ ਕਿ ਘਟਨਾ ਦੇ ਆਖਰੀ ਨਿਸ਼ਾਨ ਪ੍ਰਭਾਵਸ਼ਾਲੀ ਢੰਗ ਨਾਲ ਮਿਟਾ ਦਿੱਤੇ ਗਏ ਹਨ।"
ਭਾਰਤ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇਤਿਹਾਸਕਾਰ ਅਤੇ ਪ੍ਰੋਫੈਸਰ ਚਮਨ ਲਾਲ ਕਹਿੰਦੇ ਹਨ ਕਿ ਇਸ ਪ੍ਰਾਜੈਕਟ ਨੇ "ਇਤਿਹਾਸ ਨੂੰ ਰਹੱਸਮਈ ਅਤੇ ਰੌਚਕ ਬਣਾਉਣ" ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਨੇ ਦਿ ਹਿੰਦੂ ਅਖਬਾਰ ਨੂੰ ਦੱਸਿਆ, "ਜਲ੍ਹਿਆਂਵਾਲਾ ਬਾਗ਼ ਵਿੱਚ ਆਉਣ ਵਾਲੇ ਲੋਕਾਂ ਨੂੰ ਦਰਦ ਅਤੇ ਦੁਖ ਦੀ ਭਾਵਨਾ ਨਾਲ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਹੁਣ ਇਸ ਨੂੰ ਇੱਕ ਸੁੰਦਰ ਬਾਗ਼ ਵਾਲੀ ਅਤੇ ਅਨੰਦ ਲੈਣ ਲਈ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਇੱਕ ਸੁੰਦਰ ਬਾਗ਼ ਨਹੀਂ ਸੀ।"
ਉੱਘੇ ਇਤਿਹਾਸਕਾਰ ਐੱਸ ਇਰਫਾਨ ਹਬੀਬ ਨੇ ਇਸ ਨੂੰ "ਸਮਾਰਕਾਂ ਦਾ ਕਾਰਪੋਰੇਟਾਈਜੇਸ਼ਨ" ਕਿਹਾ, ਜੋ ਕਿ "ਇਤਿਹਾਸ ਤੇ ਵਿਰਾਸਤ ਦੀ ਕੀਮਤ 'ਤੇ" ਕੀਤਾ ਗਿਆ ਹੈ।
ਉਨ੍ਹਾਂ ਕਿਹਾ "ਇਹ ਬਿਲਕੁਲ ਭੜਕੀਲਾ ਜਿਹਾ ਹੈ ... ਕੰਧ 'ਤੇ ਚਿੱਤਰਕਾਰੀ ਕਿਉਂ ਹੋਣੀ ਚਾਹੀਦੀ ਹੈ?"
ਵਿਰੋਧੀ ਧਿਰ ਦੇ ਨੇਤਾਵਾਂ ਨੇ ਵੀ ਇਸ ਫ਼ੈਸਲੇ ਲਈ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਹੈ।
ਸ਼ਿਵ ਸੈਨਾ ਦੀ ਨੇਤਾ ਪ੍ਰਿਯੰਕਾ ਚਤੁਰਵੇਦੀ ਨੇ ਲਿਖਿਆ, "ਕਈ ਵਾਰ ਸਥਾਨ ਦਰਦ ਪੈਦਾ ਕਰਦੇ ਹਨ ਅਤੇ ਯਾਦ ਦਿਵਾਉਂਦੇ ਹਨ ਕਿ ਅਸੀਂ ਕੀ ਗੁਆਇਆ ਹੈ ਅਤੇ ਅਸੀਂ ਕਿਸ ਚੀਜ਼ ਲਈ ਲੜਾਈ ਲੜੀ ਹੈ।
ਇਹ ਵੀ ਪੜ੍ਹੋ-
ਉਨ੍ਹਾਂ ਯਾਦਾਂ ਨੂੰ "ਸੁੰਦਰ" ਬਣਾਉਣ ਜਾਂ "ਸੋਧਣ" ਦੀ ਕੋਸ਼ਿਸ਼ ਸਾਡੇ ਸਮੂਹਿਕ ਇਤਿਹਾਸ ਲਈ ਬਹੁਤ ਵੱਡਾ ਨੁਕਸਾਨ ਹੈ।"
ਬ੍ਰਿਟਿਸ਼ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟਵੀਟ ਕੀਤਾ, "ਸਾਡਾ ਇਤਿਹਾਸ ਮਿਟਾਇਆ ਜਾ ਰਿਹਾ ਹੈ। ਕਿਉਂ?"
ਸੱਤਾਧਾਰੀ ਪਾਰਟੀ ਭਾਜਪਾ ਨਾਲ ਸੰਬੰਧਿਤ ਸੰਸਦ ਮੈਂਬਰ ਅਤੇ ਜਲ੍ਹਿਆਂਵਾਲਾ ਬਾਗ਼ ਟਰੱਸਟ ਦੇ ਮੈਂਬਰ, ਸ਼ਵੇਤ ਮਲਿਕ ਨੇ ਇਸ ਨਵੀਨੀਕਰਨ ਦਾ ਬਚਾਅ ਕੀਤਾ।
ਉਨ੍ਹਾਂ ਕਿਹਾ "ਰਸਤੇ ਵਿੱਚ ਬਣੀਆਂ ਇਹ ਮੂਰਤੀਆਂ ਸੈਲਾਨੀਆਂ ਨੂੰ ਉਸ ਦਿਨ ਆਉਣ ਵਾਲੇ ਲੋਕਾਂ ਦੀ ਯਾਦ ਕਰਵਾਉਣਗੀਆਂ ... ਪਹਿਲਾਂ ਲੋਕ ਇਸ ਤੰਗ ਰਸਤੇ ਦੇ ਇਤਿਹਾਸ ਨੂੰ ਜਾਣੇ ਬਗ਼ੈਰ ਹੀ ਇੱਥੋਂ ਲੰਘ ਜਾਂਦੇ ਸਨ, ਹੁਣ ਉਹ ਇਤਿਹਾਸ ਦੇ ਨਾਲ ਚੱਲਣਗੇ।"
ਦਰਦਨਾਕ ਘਟਨਾ
1919 ਦੇ ਉਸ ਦਰਦਨਾਕ ਦਿਨ, ਭਾਰੀ ਜੰਗੀ ਟੈਕਸਾਂ ਅਤੇ ਭਾਰਤੀ ਸੈਨਿਕਾਂ ਦੀ ਜ਼ਬਰਦਸਤੀ ਭਰਤੀ ਦਾ ਵਿਰੋਧ ਕਰਨ ਵਾਲੇ ਭਾਰਤੀ ਰਾਸ਼ਟਰਵਾਦੀ ਇਸੇ ਥਾਂ ਇਕੱਠੇ ਹੋਏ ਸਨ।
ਬਾਕੀ ਲੋਕ ਸ਼ਹਿਰ ਵਿੱਚ ਮਨਾਏ ਜਾ ਰਹੇ ਵਿਸਾਖੀ ਦੇ ਤਿਉਹਾਰ ਵਿੱਚ ਸ਼ਾਮਲ ਹੋਣ ਆਏ ਸਨ ਅਤੇ ਕਿਸੇ ਤਰ੍ਹਾਂ ਉਹ ਪ੍ਰਦਰਸ਼ਕਾਰੀਆਂ ਵਿੱਚ ਰਲ-ਮਿਲ ਗਏ ਸਨ।
ਬ੍ਰਿਟਿਸ਼ ਕੋਲੋਨੀਅਲ ਅਧਿਕਾਰੀਆਂ ਨੇ ਪਹਿਲਾਂ ਹੀ ਅੰਮ੍ਰਿਤਸਰ ਵਿੱਚ ਮਾਰਸ਼ਲ ਲਾਅ ਦਾ ਐਲਾਨ ਕਰ ਦਿੱਤਾ ਸੀ ਅਤੇ ਜਨਤਕ ਪ੍ਰਦਰਸ਼ਨਾਂ ਵਿੱਚ ਵਾਧਾ ਹੋਣ ਕਾਰਨ ਜਨਤਕ ਮੀਟਿੰਗਾਂ 'ਤੇ ਪਾਬੰਦੀ ਲਗਾ ਦਿੱਤੀ ਸੀ।
ਬਿਨਾਂ ਕਿਸੇ ਚਿਤਾਵਨੀ ਦੇ, ਜਨਰਲ ਡਾਇਰ ਨੇ ਬਾਗ਼ ਵਿੱਚੋਂ ਬਾਹਰ ਜਾਣ ਦਾ ਰਸਤਾ ਬੰਦ ਕਰ ਦਿੱਤਾ ਅਤੇ ਆਪਣੇ ਸੈਨਿਕਾਂ ਨੂੰ ਭੀੜ 'ਤੇ ਗੋਲੀ ਚਲਾਉਣ ਦਾ ਆਦੇਸ਼ ਦਿੱਤਾ। 10 ਮਿੰਟ ਬਾਅਦ ਜਦੋਂ ਉਨ੍ਹਾਂ ਦਾ ਅਸਲਾ ਖ਼ਤਮ ਹੋ ਗਿਆ ਤਾਂ ਉਨ੍ਹਾਂ ਨੇ ਗੋਲੀਬਾਰੀ ਬੰਦ ਕੀਤੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮਰਨ ਵਾਲਿਆਂ ਦੀ ਗਿਣਤੀ ਨੂੰ ਲੈ ਕੇ ਵਿਵਾਦ ਹਨ
ਕੋਲੋਨੀਅਲ ਅਧਿਕਾਰੀਆਂ ਦੁਆਰਾ ਕੀਤੀ ਗਈ ਜਾਂਚ ਨੇ ਇਹ ਅੰਕੜਾ 379 ਦੱਸਿਆ ਪਰ ਭਾਰਤੀ ਸਰੋਤਾਂ ਦੇ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 1,000 ਦੇ ਨੇੜੇ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
















