ਅਮਰੀਕਾ ਯੁੱਧ ਛੇੜਦਾ ਤਾਂ ਹੈ, ਪਰ ਉਹ ਉਨ੍ਹਾਂ ਵਿੱਚ ਸਫ਼ਲ ਕਿਉਂ ਨਹੀਂ ਹੁੰਦਾ

ਅਮਰੀਕਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਅਮਰੀਕਾ ਵਿੱਚ ਇਸ ਗੱਲ 'ਤੇ ਸਭ ਦੀ ਸਹਿਮਤੀ ਹੈ ਕਿ ਅਫ਼ਗਾਨਿਸਤਾਨ, ਸੀਰੀਆ, ਇਰਾਕ ਅਤੇ ਯਮਨ ਵਿੱਚ ਅਮਰੀਕਾ ਅੱਤਵਾਦੀਆਂ ਨੂੰ ਜੜ੍ਹੋਂ ਖਤਮ ਕਰਨ ਵਿੱਚ ਅਸਫ਼ਲ ਰਿਹਾ ਹੈ
    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਅਫ਼ਗਾਨਿਸਤਾਨ 'ਚੋਂ ਅਮਰੀਕਾ ਦੀ ਵਾਪਸੀ ਤੋਂ ਬਾਅਦ, ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਣ ਵਾਲਾ ਦੇਸ਼, ਜਿਸ ਕੋਲ ਸਭ ਤੋਂ ਆਧੁਨਿਕ ਫੌਜ, ਸਭ ਤੋਂ ਉੱਨਤ ਤਕਨੀਕ ਅਤੇ ਸਭ ਤੋਂ ਉੱਨਤ ਹਵਾਈ ਫੌਜ ਹੈ, ਉਹ ਤਾਲਿਬਾਨ ਨੂੰ ਖ਼ਤਮ ਕਿਉਂ ਨਹੀਂ ਕਰ ਸਕਿਆ?

ਅਮਰੀਕੀ ਬੁੱਧੀਜੀਵੀ ਇਸ ਗੱਲ ਨਾਲ ਪਰੇਸ਼ਾਨ ਹਨ ਕਿ ਅਮਰੀਕਾ ਆਧੁਨਿਕ ਯੁੱਧ ਕਿਉਂ ਨਹੀਂ ਜਿੱਤਦਾ?

ਇੱਕ ਹੋਰ ਮਹੱਤਵਪੂਰਨ ਸਵਾਲ ਇਹ ਹੈ ਕਿ ਕੀ ਮੰਗਲਵਾਰ (31 ਅਗਸਤ) ਨੂੰ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਅਫ਼ਗਾਨਿਸਤਾਨ ਵਿੱਚ ਅਮਰੀਕੀ ਸ਼ਮੂਲੀਅਤ ਦਾ ਅੰਤ ਹੋ ਜਾਵੇਗਾ, ਖਾਸ ਕਰਕੇ ਉਸ ਸਮੇਂ ਜਦੋਂ ਚੀਨ ਅਤੇ ਰੂਸ ਨੇ ਅੱਗੇ ਵਧ ਕੇ ਤਾਲਿਬਾਨ ਨਾਲ ਰਿਸ਼ਤੇ ਬਣਾਏ ਹਨ?

ਅਮਰੀਕਾ ਦੇ ਬਚਾਅ ਵਿੱਚ, ਕੁਝ ਲੋਕ ਦਲੀਲ ਦਿੰਦੇ ਹਨ ਕਿ ਅਮਰੀਕਾ ਨੇ ਅਫ਼ਗਾਨਿਸਤਾਨ ਅਤੇ ਇਰਾਕ ਵਿੱਚ ਬਹੁਤ ਸਫ਼ਲਤਾਵਾਂ ਪ੍ਰਾਪਤ ਕੀਤੀਆਂ ਹਨ।

ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਟੌਮ ਕੈਸਿਡੀ ਕਹਿੰਦੇ ਹਨ, "ਅਮਰੀਕੀ ਫੌਜ ਨੇ ਓਸਾਮਾ ਬਿਨ ਲਾਦੇਨ ਨੂੰ ਲੱਭਿਆ ਅਤੇ ਮਾਰ ਦਿੱਤਾ, ਅਲ-ਕਾਇਦਾ ਨੂੰ ਖ਼ਤਮ ਕਰ ਦਿੱਤਾ, ਉਸ ਦੇ ਬਹੁਤ ਸਾਰੇ ਪ੍ਰਮੁੱਖ ਨੇਤਾਵਾਂ ਨੂੰ ਜਾਂ ਤਾਂ ਮਾਰ ਦਿੱਤਾ ਗਿਆ ਜਾਂ ਗ੍ਰਿਫਤਾਰ ਕਰ ਲਿਆ ਗਿਆ।"

ਇਹ ਵੀ ਪੜ੍ਹੋ-

"ਅਫ਼ਗਾਨਿਸਤਾਨ ਵਿੱਚ ਬੁਨਿਆਦੀ ਢਾਂਚਿਆਂ ਦਾ ਵਿਕਾਸ ਹੋਇਆ ਹੈ, ਔਰਤਾਂ ਦੀ ਸਿੱਖਿਆ ਲਈ ਸਕੂਲ ਖੋਲ੍ਹੇ ਗਏ ਹਨ। ਇੱਕ ਪੜ੍ਹਿਆ-ਲਿਖਿਆ ਮੱਧ ਵਰਗ ਉੱਭਰ ਕੇ ਸਾਹਮਣੇ ਆਇਆ। ਇਰਾਕ ਵਿੱਚ ਕਥਿਤ ਇਸਲਾਮਿਕ ਸਟੇਟ ਵਰਗੇ ਖ਼ਤਰਨਾਕ ਅੱਤਵਾਦੀਆਂ ਨੂੰ ਖ਼ਤਮ ਕੀਤਾ ਗਿਆ, ਸੱਦਾਮ ਹੁਸੈਨ ਅਤੇ ਲੀਬੀਆ ਵਿੱਚ ਕਰਨਲ ਗੱਦਾਫੀ ਵਰਗੇ ਤਾਨਾਸ਼ਾਹਾਂ ਦਾ ਅੰਤ ਹੋਇਆ। ਇਹ ਸਫਲਤਾਵਾਂ ਕੀ ਘੱਟ ਹਨ?"

1945 ਤੋਂ ਬਾਅਦ ਅਮਰੀਕਾ ਦੀਆਂ ਪੰਜ ਵੱਡੀਆਂ ਲੜਾਈਆਂ

ਪਰ ਅਮਰੀਕਾ ਵਿੱਚ ਇਸ ਗੱਲ 'ਤੇ ਸਭ ਦੀ ਸਹਿਮਤੀ ਹੈ ਕਿ ਅਫ਼ਗਾਨਿਸਤਾਨ, ਸੀਰੀਆ, ਇਰਾਕ ਅਤੇ ਯਮਨ ਵਿੱਚ ਅਮਰੀਕਾ ਅੱਤਵਾਦੀਆਂ ਨੂੰ ਜੜ੍ਹੋਂ ਖਤਮ ਕਰਨ ਵਿੱਚ ਅਸਫ਼ਲ ਰਿਹਾ ਹੈ।

ਯੁੱਧ ਵਿੱਚ ਤਾਲਿਬਾਨ ਦੀ ਜਿੱਤ ਅਤੇ ਇਸ ਦੀ ਸੱਤਾ ਵਿੱਚ ਵਾਪਸੀ, ਅਮਰੀਕਾ ਦੀ ਅਸਫ਼ਲਤਾ ਦਾ ਸਭ ਤੋਂ ਵੱਡਾ ਸਬੂਤ ਹੈ।

ਜੋਅ ਬਾਈਡਨ

ਤਸਵੀਰ ਸਰੋਤ, EPA/Stefani Reynolds / POOL

ਤਸਵੀਰ ਕੈਪਸ਼ਨ, 1945 ਤੋਂ ਬਾਅਦ ਅਮਰੀਕਾ ਨੇ ਪੰਜ ਵੱਡੀਆਂ ਲੜਾਈਆਂ ਲੜੀਆਂ ਹਨ, ਕੋਰੀਆ, ਵੀਅਤਨਾਮ, ਖਾੜੀ ਯੁੱਧ, ਇਰਾਕ ਅਤੇ ਅਫ਼ਗਾਨਿਸਤਾਨ

ਇਤਿਹਾਸ 'ਤੇ ਨਜ਼ਰ ਮਾਰੀਏ ਤਾਂ 1945 ਤੱਕ ਅਮਰੀਕਾ ਨੇ ਤਕਰੀਬਨ ਸਾਰੀਆਂ ਵੱਡੀਆਂ ਲੜਾਈਆਂ ਜਿੱਤੀਆਂ ਸਨ, ਪਰ 1945 ਤੋਂ ਬਾਅਦ ਅਮਰੀਕਾ ਨੇ ਬਹੁਤ ਘੱਟ ਯੁੱਧਾਂ ਵਿੱਚ ਅਰਥਪੂਰਨ ਜਿੱਤ ਪ੍ਰਾਪਤ ਕੀਤੀ ਹੈ।

1945 ਤੋਂ ਬਾਅਦ ਅਮਰੀਕਾ ਨੇ ਪੰਜ ਵੱਡੀਆਂ ਲੜਾਈਆਂ ਲੜੀਆਂ ਹਨ, ਕੋਰੀਆ, ਵੀਅਤਨਾਮ, ਖਾੜੀ ਯੁੱਧ, ਇਰਾਕ ਅਤੇ ਅਫ਼ਗਾਨਿਸਤਾਨ। ਇਸ ਦੇ ਨਾਲ ਕੁਝ ਛੋਟੀਆਂ ਲੜਾਈਆਂ ਵੀ ਹਨ, ਜਿਨ੍ਹਾਂ ਵਿੱਚ ਸੋਮਾਲਿਆ, ਯਮਨ ਅਤੇ ਲੀਬੀਆ ਸ਼ਾਮਲ ਹਨ।

1991 ਦੀ ਖਾੜੀ ਜੰਗ, ਜਿਸ ਨੂੰ ਸਫ਼ਲਤਾ ਮੰਨਿਆ ਜਾ ਸਕਦਾ ਹੈ, ਨੂੰ ਛੱਡ ਕੇ ਅਮਰੀਕਾ ਨੇ ਹੋਰ ਸਾਰੀਆਂ ਜੰਗਾਂ ਵਿੱਚ ਮਾਤ ਖਾਧੀ ਹੈ।

ਕਾਰਟਰ ਮਲਕਾਸੀਅਨ ਨੇ ਅਮਰੀਕੀ ਪ੍ਰਸ਼ਾਸਨ ਲਈ ਕੰਮ ਕਰਦਿਆਂ ਅਫ਼ਗਾਨਿਸਤਾਨ ਵਿੱਚ ਕਈ ਸਾਲ ਬਿਤਾਏ ਹਨ, ਜਿਸ ਦੇ ਅਧਾਰ 'ਤੇ ਉਨ੍ਹਾਂ ਨੇ 'ਦਿ ਅਮੇਰਿਕਨ ਵਾਰ ਇਨ ਅਫ਼ਗਾਨਿਸਤਾਨ-ਏ ਹਿਸਟਰੀ' ਲਿਖੀ ਹੈ ਜੋ ਕਿ 1 ਜੁਲਾਈ ਨੂੰ ਪ੍ਰਕਾਸ਼ਿਤ ਹੋਈ।

ਆਖ਼ਰ ਅਮਰੀਕਾ ਜੰਗ ਵਿੱਚ ਕਿਉਂ ਹਾਰਦਾ ਹੈ?

ਇਸ ਹਾਲੀਆ ਕਿਤਾਬ ਵਿੱਚ ਉਹ ਇੱਕ ਦਿਲਚਸਪ ਪਹਿਲੂ 'ਤੇ ਚਾਨਣਾ ਪਾਉਂਦੇ ਹਨ। ਉਹ ਕਹਿੰਦੇ ਹਨ ਕਿ 1945 ਤੋਂ ਪਹਿਲਾਂ ਲੜੀਆਂ ਗਈਆਂ ਲੜਾਈਆਂ ਦੇਸ਼ਾਂ ਦਰਮਿਆਨ ਲੜੀਆਂ ਗਈਆਂ ਸਨ, ਜਿਨ੍ਹਾਂ ਵਿੱਚ ਹਮੇਸ਼ਾ ਅਮਰੀਕਾ ਦੀ ਜਿੱਤ ਹੋਈ ਹੈ।

"ਪਰ ਉਸ ਨੂੰ ਨਵੇਂ ਯੁੱਗ ਦੇ ਉਨ੍ਹਾਂ ਸਾਰੇ ਯੁੱਧਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਿੱਥੇ ਲੜਾਕੇ ਸਥਾਨਕ ਬਾਗ਼ੀ ਹਨ, ਫੌਜੀ ਤਾਕਤ ਵਿੱਚ ਕਮਜ਼ੋਰ ਪਰ ਵਧੇਰੇ ਪ੍ਰੇਰਿਤ ਅਤੇ ਵਚਨਬੱਧ ਹਨ।"

ਹਾਰ ਤਾਂ ਹੈ ਹੀ, ਪਰ ਜਿਸ ਤਰ੍ਹਾਂ ਬੇਨਗਾਜ਼ੀ, ਸੋਮਾਲਿਆ, ਸੈਗਾਨ ਅਤੇ ਹੁਣ ਕਾਬੁਲ ਤੋਂ ਬੇਬਸੀ ਦੀ ਹਾਲਤ ਵਿੱਚ ਅਮਰੀਕੀ ਸੈਨਿਕ ਵਾਪਸ ਮੁੜੇ ਹਨ, ਇਸ ਨੇ ਅਮਰੀਕਾ ਲਈ ਹਾਰ ਨੂੰ ਹੋਰ ਵੀ ਸ਼ਰਮਨਾਕ ਬਣਾ ਦਿੱਤਾ ਹੈ।

ਅਮਰੀਕਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਅਮਰੀਕਾ ਦੇ ਬਚਾਅ ਵਿੱਚ, ਕੁਝ ਲੋਕ ਦਲੀਲ ਦਿੰਦੇ ਹਨ ਕਿ ਅਮਰੀਕਾ ਨੇ ਅਫ਼ਗਾਨਿਸਤਾਨ ਅਤੇ ਇਰਾਕ ਵਿੱਚ ਬਹੁਤ ਸਫ਼ਲਤਾਵਾਂ ਪ੍ਰਾਪਤ ਕੀਤੀਆਂ ਹਨ

ਆਖਿਰਕਾਰ ਅਮਰੀਕਾ ਜੰਗ ਕਿਉਂ ਹਾਰਦਾ ਹੈ? ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੇ ਬਹੁਤ ਸਾਰੇ ਕਾਰਨ ਹਨ, ਜਿਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਕਾਰਨ ਹੈ, ਸਥਾਨਕ ਸਭਿਆਚਾਰ ਨੂੰ ਨਾ ਸਮਝਣਾ।

ਅਮਰੀਕੀ ਵਿਦੇਸ਼ ਨੀਤੀ ਦੇ ਮਾਹਿਰ ਅਤੇ 'ਸਵਾਰਥਮੋਰ ਕਾਲਜ' ਦੇ ਪ੍ਰੋਫੈਸਰ ਡੋਮਿਨਿਕ ਟਿਅਰਨੀ ਨੇ ਬੀਬੀਸੀ ਹਿੰਦੀ ਨੂੰ ਦਿੱਤੇ ਇੱਕ ਈਮੇਲ ਇੰਟਰਵਿਊ ਵਿੱਚ ਕਿਹਾ, "ਅਫ਼ਗਾਨਿਸਤਾਨ, ਇਰਾਕ, ਸੀਰੀਆ ਅਤੇ ਲੀਬੀਆ ਵਰਗੇ ਯੁੱਧ ਬਹੁਤ ਵੱਡੀਆਂ ਘਰੇਲੂ ਜੰਗਾਂ ਹਨ।"

"ਸ਼ਕਤੀ ਜਾਂ ਭੌਤਿਕ ਸ਼ਕਤੀ ਇਨ੍ਹਾਂ ਯੁੱਧਾਂ ਵਿੱਚ ਜਿੱਤ ਦੀ ਗਾਰੰਟੀ ਨਹੀਂ ਦਿੰਦੀ, ਖ਼ਾਸਕਰ ਜਦੋਂ ਅਮਰੀਕਾ ਵਰਗਾ ਦੇਸ਼ ਸਥਾਨਕ ਸੱਭਿਆਚਾਰ ਤੋਂ ਅਣਜਾਣ ਹੋਵੇ ਅਤੇ ਇੱਕ ਅਜਿਹੇ ਦੁਸ਼ਮਣ ਨਾਲ ਲੜ ਰਿਹਾ ਹੋਵੇ ਜੋ ਵਧੇਰੇ ਜਾਣਕਾਰ ਅਤੇ ਵਧੇਰੇ ਪ੍ਰਤੀਬੱਧ ਹੈ।"

ਯੁੱਧ ਦੇ ਮੈਦਾਨ ਵਿੱਚ ਅਮਰੀਕਾ ਦੀ ਸਥਿਤੀ

ਡੋਮਿਨਿਕ ਟਿਅਰਨੀ ਆਪਣੀ ਪੁਸਤਕ 'ਦਿ ਰਾਈਟ ਟੂ ਲੂਜ਼ ਏ ਵਾਰ, ਅਮੇਰਿਕਾ ਇਨ ਏਜ ਆਫ ਅਨਵਿਨਏਬਲ ਕਨਫਲਿਕਟਸ' ਵਿੱਚ ਮੰਨਦੇ ਹਨ ਕਿ ਅਮਰੀਕਾ ਨੇ ਹਾਲ ਦੀਆਂ ਲੜਾਈਆਂ ਹਾਰੀਆਂ ਹਨ।

ਇਸ ਕਿਤਾਬ ਵਿੱਚ, ਡੋਮਿਨਿਕ ਟਿਅਰਨੀ ਨੇ ਦੱਸਿਆ ਕਿ ਕਿਵੇਂ ਅਮਰੀਕਾ ਨੇ ਮਾਰੂ ਗੁਰੀਲਾ ਯੁੱਧ ਦੇ ਇਸ ਨਵੇਂ ਯੁੱਗ ਦੇ ਅਨੁਕੂਲ ਹੋਣ ਲਈ ਸਖ਼ਤ ਸੰਘਰਸ਼ ਕੀਤਾ ਹੈ।

ਅਮਰੀਕਾ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, 1991 ਦੀ ਖਾੜੀ ਜੰਗ, ਜਿਸ ਨੂੰ ਸਫ਼ਲਤਾ ਮੰਨਿਆ ਜਾ ਸਕਦਾ ਹੈ, ਨੂੰ ਛੱਡ ਕੇ ਅਮਰੀਕਾ ਨੇ ਹੋਰ ਸਾਰੀਆਂ ਜੰਗਾਂ ਵਿੱਚ ਮਾਤ ਖਾਧੀ ਹੈ

ਨਤੀਜੇ ਵਜੋਂ, ਅਮਰੀਕਾ ਦੀਆਂ ਜ਼ਿਆਦਾਤਰ ਵੱਡੀਆਂ ਜੰਗਾਂ ਦੇ ਨਤੀਜੇ ਵਿੱਚ ਫੌਜੀ ਅਸਫ਼ਲਤਾ ਰਹੀ ਹੈ ਅਤੇ ਜਦੋਂ ਯੁੱਧ ਦੇ ਮੈਦਾਨ ਵਿੱਚ ਮੁਸੀਬਤ ਆਉਂਦੀ ਹੈ ਤਾਂ ਅਮਰੀਕਾ ਦਲਦਲ ਵਿੱਚੋਂ ਬਾਹਰ ਨਿਕਲਣ ਵਿੱਚ ਅਸਮਰੱਥ ਹੁੰਦਾ ਹੈ, ਜਿਸ ਦੇ ਨਤੀਜੇ ਹਜ਼ਾਰਾਂ ਅਮਰੀਕੀ ਸੈਨਿਕਾਂ ਅਤੇ ਸਾਡੇ ਸਹਿਯੋਗੀ ਲੋਕਾਂ ਲਈ ਗੰਭੀਰ ਹੁੰਦੇ ਹਨ।

ਰਾਸ਼ਟਰਪਤੀ ਜਾਰਜ ਬੁਸ਼ ਦੇ ਭਾਸ਼ਣ ਲਿਖਣ ਵਾਲੇ ਡੇਵਿਡ ਫਰੂਮ ਨੇ, ਪਹਿਲਾਂ ਇਰਾਕ ਵਿੱਚ ਅਮਰੀਕੀ ਜੰਗ ਦਾ ਸਮਰਥਨ ਕੀਤਾ ਸੀ, ਪਰ ਹੁਣ ਉਨ੍ਹਾਂ ਦੀ ਰਾਇ ਬਦਲ ਗਈ ਹੈ।

ਉਹ ਇੱਕ ਲੇਖ ਵਿੱਚ ਕਹਿੰਦੇ ਹਨ, "ਅਸੀਂ ਸੋਚਿਆ ਕਿ ਅਸੀਂ ਇਰਾਕ ਨੂੰ ਬਿਹਤਰ ਬਣਾਉਣ ਲਈ ਤਿਆਰ ਹਾਂ, ਪਰ ਅਸੀਂ ਨਹੀਂ ਸੀ, ਅਸੀਂ ਅਗਿਆਨੀ ਅਤੇ ਹੰਕਾਰੀ ਸੀ ਅਤੇ ਅਸੀਂ ਮਨੁੱਖੀ ਦੁੱਖਾਂ ਲਈ ਜ਼ਿੰਮੇਵਾਰ ਬਣ ਗਏ, ਜੋ ਕਿਸੇ ਲਈ ਵੀ ਚੰਗਾ ਨਹੀਂ ਸੀ। ਨਾ ਅਮਰੀਕੀਆਂ ਲਈ, ਨਾ ਇਰਾਕੀਆਂ ਲਈ, ਨਾ ਹੀ ਖੇਤਰ ਲਈ।"

ਇਹ ਵੀ ਪੜ੍ਹੋ-

ਅਮਰੀਕੀ ਹਾਰ ਦਾ ਮੁੱਖ ਕਾਰਨ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪੱਛਮੀ ਏਸ਼ੀਆਈ ਮਾਮਲਿਆਂ ਦੇ ਮਾਹਿਰ ਪ੍ਰੋਫੈਸਰ ਆਫਤਾਬ ਕਮਲ ਪਾਸ਼ਾ ਵੀ ਮੰਨਦੇ ਹਨ ਕਿ ਅਮਰੀਕੀ ਹਾਰ ਦਾ ਇੱਕ ਵੱਡਾ ਕਾਰਨ ਸਥਾਨਕ ਸੱਭਿਆਚਾਰ ਦੀ ਮਜ਼ਬੂਤ ਸਮਝ ਦੀ ਘਾਟ ਹੈ।

ਬੀਬੀਸੀ ਨਾਲ ਗੱਲਬਾਤ ਵਿੱਚ ਉਹ ਕਹਿੰਦੇ ਹਨ, "ਅਮਰੀਕੀ ਦੂਜੇ ਦੇਸ਼ਾਂ ਦੇ ਸੱਭਿਆਚਾਰ ਨੂੰ ਨਹੀਂ ਸਮਝਦੇ ਅਤੇ ਨਾ ਹੀ ਨੇੜੇ ਤੋਂ ਸਮਝਣਾ ਚਾਹੁੰਦੇ ਹਨ।"

"ਡਿਕ ਚੇਨੀ (ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ) ਡੌਨਲਡ ਰਮਸਫੇਲਡ (ਅਮਰੀਕਾ ਦੇ ਸਾਬਕਾ ਰੱਖਿਆ ਮੰਤਰੀ) ਖੁੱਲ੍ਹ ਕੇ ਕਹਿੰਦੇ ਸਨ ਕਿ ਅਮਰੀਕਾ ਦੀ ਸੈਨਾ ਬਗ਼ਦਾਦ ਵਿੱਚ ਦਾਖ਼ਲ ਹੋਵੇਗੀ ਤਾਂ ਇਰਾਕ ਦਾ ਸ਼ੀਆ ਭਾਈਚਾਰਾ ਸੱਦਾਮ ਹੁਸੈਨ ਦੇ ਵਿਰੁੱਧ ਬਗਾਵਤ ਕਰ ਦੇਵੇਗਾ ਅਤੇ ਅਮਰੀਕੀ ਸੈਨਿਕਾਂ ਦਾ ਫੁੱਲਾਂ ਵਾਲੀਆਂ ਮਾਲਾ ਪਾ ਕੇ ਸਵਾਗਤ ਕਰੇਗਾ।"

"ਕਿੱਥੇ ਹੋਇਆ ਸਵਾਗਤ? ਕਿੱਥੇ ਹੋਈ ਬਗ਼ਾਵਤ? ਇਹ ਇਰਾਕ ਦੇ ਅੰਦਰੂਨੀ ਮਾਮਲਿਆਂ ਅਤੇ ਉਨ੍ਹਾਂ ਦੇ ਸਮਾਜ ਬਾਰੇ ਉਨ੍ਹਾਂ ਦੀ ਕਿੰਨੀ ਵੱਡੀ ਗਲਤਫਹਿਮੀ ਸੀ।"

ਵੀਡੀਓ ਕੈਪਸ਼ਨ, ਤਾਲਿਬਾਨ ਕੌਣ ਹਨ ਤੇ ਇਨ੍ਹਾਂ ਦਾ ਉਭਾਰ ਕਿੱਥੋ ਹੋਇਆ

ਅਫ਼ਗਾਨਿਸਤਾਨ ਵਿੱਚ ਅਮਰੀਕਾ ਦੀ ਹਾਰ ਦੀ ਇੱਕ ਹੋਰ ਉਦਾਹਰਣ ਦਿੰਦਿਆਂ ਹੋਇਆਂ ਪ੍ਰੋਫੈਸਰ ਪਾਸ਼ਾ ਕਹਿੰਦੇ ਹਨ, "ਅਫ਼ਗਾਨਿਸਤਾਨ ਵਿੱਚ ਉਨ੍ਹਾਂ ਦਾ ਸਾਹਮਣਾ ਮੁਸ਼ਕਿਲ ਭਰੇ ਇਲਾਕਿਆਂ ਨਾਲ ਹੋਇਆ, ਇੰਨੀਆਂ ਸਾਰੀਆਂ ਘਾਟੀਆਂ, ਪਹਾੜਾਂ ਅਤੇ ਗੁਫਾਵਾਂ ਵਿੱਚ ਖੁਫੀਆ ਟਿਕਾਣਿਆਂ ਬਾਰੇ ਤਾਲਿਬਾਨ ਚੰਗੀ ਤਰ੍ਹਾਂ ਜਾਣੂ ਸਨ ਪਰ ਅਮਰੀਕੀ ਸੈਨਿਕ ਨਹੀਂ ਸਨ।"

"ਜਦੋਂ ਵੀ ਅਮਰੀਕੀ ਸੈਨਿਕਾਂ ਨੂੰ ਕੋਈ ਖ਼ਤਰਾ ਮਹਿਸੂਸ ਹੁੰਦਾ ਤਾਂ ਉਹ ਆਪਣੀ ਸ਼ਕਤੀ ਦਾ ਪੂਰਾ ਇਸਤੇਮਾਲ ਕਰਕੇ ਖੇਤਰ ਵਿੱਚ ਬੁਰੀ ਤਰ੍ਹਾਂ ਨਾਲ ਬੰਬਾਰੀ ਕਰਦੇ ਅਤੇ ਪੂਰੇ ਖੇਤਰ ਨੂੰ ਤਬਾਹ ਕਰ ਦਿੰਦੇ ਸਨ।"

ਰਾਸ਼ਟਰਵਾਦ, ਵਿਚਾਰਧਾਰਾ ਅਤੇ ਧਰਮ ਯੁੱਧ

ਵੀਅਤਨਾਮ ਯੁੱਧ ਵਿੱਚ, ਉੱਤਰੀ ਵਿਅਤਨਾਮੀ ਸਰਕਾਰ ਨੇ ਵਿਅਤ-ਕਾਂਗ ਨਾਂ ਦੇ ਇੱਕ ਕਮਿਊਨਿਸਟ ਗੁਰੀਲਾ ਬਲ ਦੀ ਸਥਾਪਨਾ ਕੀਤੀ ਸੀ ਜਿਸ ਦੀ ਕਮਿਊਨਿਸਟ ਵਿਚਾਰਧਾਰਾ ਅਤੇ ਰਾਸ਼ਟਰਵਾਦ ਪ੍ਰਤੀ ਵਚਨਬੱਧਤਾ ਅਮਰੀਕੀ ਸੈਨਿਕਾਂ 'ਤੇ ਭਾਰੀ ਪੈ ਗਈ। ਕਿਉਂਕਿ ਅਮਰੀਕੀ ਸੈਨਿਕ ਅਕਸਰ ਹੈਰਾਨ ਹੁੰਦੇ ਸਨ ਕਿ ਉਹ ਆਪਣੇ ਦੇਸ਼ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕਿਸਦੇ ਲਈ ਜੰਗ ਲੜ ਰਹੇ ਹਨ।

ਬਿਨਾਂ ਮੌਤ ਦੀ ਪਰਵਾਹ ਕੀਤੇ ਅਤੇ ਆਪਣੀ ਵਿਚਾਰਧਾਰਾ ਲਈ ਜਾਨ ਦੇਣ ਲਈ ਤਿਆਰ ਗੁਰੀਲਾ ਬਲ, ਆਖਿਰਕਾਰ ਅਮਰੀਕੀਆਂ ਨੂੰ ਭਜਾਉਣ ਵਿੱਚ ਕਾਮਯਾਬ ਹੋ ਗਿਆ।

ਤਾਲਿਬਾਨ ਦੇ ਨਾਲ ਵੀ ਕੁਝ ਅਜਿਹਾ ਹੀ ਮਾਮਲਾ ਹੈ। ਬਹੁਤ ਸਾਰੇ ਜਾਣਕਾਰਾਂ ਅਨੁਸਾਰ, ਤਾਲਿਬਾਨ ਇਸ ਨੂੰ ਸਿਰਫ ਦੇਸ਼ ਦੀ ਲੜਾਈ ਨਹੀਂ ਬਲਕਿ ਇੱਕ ਧਰਮ ਯੁੱਧ ਬਣਾਉਣ ਵਿੱਚ ਵੀ ਸਫ਼ਲ ਰਿਹਾ।

ਅਮਰੀਕਾ

ਤਸਵੀਰ ਸਰੋਤ, Getty Images

ਪ੍ਰੋਫੈਸਰ ਡੋਮਿਨਿਕ ਟਿਅਰਨੀ ਕਹਿੰਦੇ ਹਨ, "ਤਾਲਿਬਾਨ ਕੋਲ ਇੱਕ ਮਕਸਦ ਸੀ, ਧਾਰਮਿਕ, ਨਸਲੀ ਅਤੇ ਰਾਸ਼ਟਰਵਾਦੀ ਅਪੀਲ ਦਾ ਸੁਮੇਲ ਸੀ। ਇਸ ਦੇ ਉਲਟ, ਅਫ਼ਗਾਨ ਸਰਕਾਰ ਲੋਕਤੰਤਰ ਜਾਂ ਮਨੁੱਖੀ ਅਧਿਕਾਰਾਂ ਜਾਂ ਰਾਸ਼ਟਰਵਾਦੀ ਅਪੀਲ ਦੇ ਅਧਾਰ 'ਤੇ ਇੱਕ ਸਕਾਰਾਤਮਕ ਸੰਦੇਸ਼ ਦੀ ਰੂਪਰੇਖਾ ਬਣਾਉਣ ਵਿੱਚ ਅਸਫ਼ਲ ਰਹੀ।"

ਲੇਖਕ ਕਾਰਟਰ ਮਲਕਾਸਿਅਨ ਕਹਿੰਦੇ ਹਨ, "ਤਾਲਿਬਾਨ ਧਰਮ ਤੋਂ ਕੁਝ ਇਸ ਤਰੀਕੇ ਨਾਲ ਪ੍ਰੇਰਿਤ ਸਨ ਜਿਸ ਨੇ ਉਨ੍ਹਾਂ ਨੂੰ ਯੁੱਧ ਵਿੱਚ ਸ਼ਕਤੀਸ਼ਾਲੀ ਬਣਾਇਆ। ਉਨ੍ਹਾਂ ਨੇ ਆਪਣੇ ਆਪ ਨੂੰ ਇਸਲਾਮ ਦੇ ਪ੍ਰਤੀਨਿਧ ਵਜੋਂ ਪੇਸ਼ ਕੀਤਾ ਅਤੇ ਵਿਦੇਸ਼ੀ ਕਬਜ਼ੇ ਦੇ ਵਿਰੋਧ ਦਾ ਸੱਦਾ ਦਿੱਤਾ।"

"ਇਨ੍ਹਾਂ ਵਿਚਾਰਾਂ ਨੇ ਆਮ ਅਫ਼ਗਾਨ ਲੋਕਾਂ ਨੂੰ ਪ੍ਰਭਾਵਿਤ ਕੀਤਾ। ਆਮ ਅਫ਼ਗਾਨ ਲੋਕ ਕੱਟੜਪੰਥੀ ਨਹੀਂ ਹਨ, ਪਰ ਮੁਸਲਮਾਨ ਹੋਣ 'ਤੇ ਮਾਣ ਕਰਦੇ ਹਨ। ਸਰਕਾਰੀ ਸੈਨਿਕਾਂ ਲਈ ਅਜਿਹੀ ਕੋਈ ਪ੍ਰੇਰਣਾ ਨਹੀਂ ਸੀ। ਉਨ੍ਹਾਂ ਕੋਲ ਲੜਾਈ ਲਈ ਕੋਈ ਮਕਸਦ ਨਹੀਂ ਸੀ।"

ਜਿਹਾਦ ਪ੍ਰਤੀ ਵਚਨਬੱਧ ਤਾਲਿਬਾਨ

ਕਾਰਟਰ ਮਲਕਾਸਿਅਨ ਦੇ ਅਨੁਸਾਰ, ਉਨ੍ਹਾਂ ਅਫਗਾਨਾਂ ਦੀ ਗਿਣਤੀ ਜ਼ਿਆਦਾ ਸੀ ਜੋ ਤਾਲਿਬਾਨ ਦੇ ਲਈ ਮਰਨ ਅਤੇ ਮਾਰਨ ਲਈ ਤਿਆਰ ਸਨ।

ਜੰਗ ਵਿੱਚ ਤਾਲਿਬਾਨ ਨੂੰ ਇਸ ਦਾ ਫਾਇਦਾ ਹੋਇਆ। ਕਾਰਟਰ ਨੇ ਅਫ਼ਗਾਨਿਸਤਾਨ ਵਿੱਚ ਬਹੁਤ ਸਮਾਂ ਬਿਤਾਇਆ ਹੈ। ਉਸ ਸਮੇਂ ਦੌਰਾਨ ਉਹ ਤਾਲਿਬਾਨ ਦੇ ਲੋਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਵੀ ਮਿਲੇ ਹਨ।

ਉਨ੍ਹਾਂ ਨੇ ਆਪਣੀ ਕਿਤਾਬ ਵਿੱਚ ਇੱਕ ਤਾਲਿਬਾਨ ਨੇਤਾ ਦਾ ਬਿਆਨ ਕੁਝ ਇਸ ਤਰ੍ਹਾਂ ਦਰਜ ਕੀਤਾ ਹੈ, "ਮੈਂ ਹਰ ਰੋਜ਼ ਅਜਿਹੀ ਘਟਨਾ ਬਾਰੇ ਸੁਣਦਾ ਹਾਂ ਜਿੱਥੇ ਪੁਲਿਸ ਜਾਂ ਫੌਜ ਦੇ ਜਵਾਨ ਮਾਰੇ ਜਾਂਦੇ ਹਨ।"

ਅਮਰੀਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਵਿੱਚ 1993 ਵਿੱਚ ਸੋਮਾਲੀਆ ਅੰਦਰ ਫੌਜੀ ਕਾਰਵਾਈ ਉੱਤੇ, ਛੋਟੇ ਪੈਮਾਨੇ 'ਤੇ ਹੀ ਸਹੀ ਪਰ ਉਹੀ ਪੁਰਾਣੀ ਗਲਤੀ ਨੂੰ ਦੁਹਰਾਉਣ ਦਾ ਦੋਸ਼ ਲੱਗਿਆ

"ਮੈਨੂੰ ਨਹੀਂ ਪਤਾ ਕਿ ਉਹ ਤਾਲਿਬਾਨ ਨਾਲ ਲੜਨ ਲਈ ਵਚਨਬੱਧ ਹਨ ਜਾਂ ਨਹੀਂ। ਕਈ ਪੁਲਿਸ ਵਾਲੇ ਅਤੇ ਜਵਾਨ ਤਾਂ ਸਿਰਫ ਡਾਲਰਾਂ ਲਈ ਲੜਦੇ ਹਨ, ਉਨ੍ਹਾਂ ਨੂੰ ਚੰਗੀ ਤਨਖ਼ਾਹ ਮਿਲਦੀ ਹੈ, ਇਸ ਲਈ ਉਨ੍ਹਾਂ ਕੋਲ ਸਰਕਾਰ ਦਾ ਬਚਾਅ ਕਰਨ ਦੀ ਪ੍ਰੇਰਣਾ ਨਹੀਂ ਹੁੰਦੀ ਜਦਕਿ ਤਾਲਿਬਾਨ ਜਿਹਾਦ ਲਈ ਵਚਨਬੱਧ ਹਨ।"

ਪ੍ਰੋਫੈਸਰ ਪਾਸ਼ਾ ਦੇ ਅਨੁਸਾਰ, ਜਦੋਂ ਤਾਲਿਬਾਨ ਮੈਦਾਨ ਵਿੱਚ ਲੜਨ ਲਈ ਆਉਂਦੇ ਸਨ ਤਾਂ ਆਪਣੇ ਸਿਰਾਂ ਉੱਤੇ ਕਫਨ ਬੰਨ੍ਹ ਕੇ ਆਉਂਦੇ ਸਨ। ਇਸ ਦੇ ਉਲਟ, ਅਮਰੀਕੀ ਅਤੇ ਅਫਗਾਨ ਸਰਕਾਰ ਦੀ ਸੈਨਾ ਲਈ ਜੰਗ ਵਿੱਚ ਆਪਣੀ ਜਾਨ ਬਚਾਉਣਾ ਸਭ ਤੋਂ ਮੁੱਖ ਸੀ।

"ਅਮਰੀਕੀ ਸੈਨਿਕ ਇੱਕ ਅਜਿਹੇ ਦੇਸ਼ ਲਈ ਲੜ ਰਹੇ ਸਨ ਜੋ ਉਨ੍ਹਾਂ ਦਾ ਨਹੀਂ ਸੀ। ਉਨ੍ਹਾਂ ਦੀ ਵਚਨਬੱਧਤਾ ਤਾਲਿਬਾਨ ਵਰਗੀ ਨਹੀਂ ਸੀ। ਤਾਲਿਬਾਨ ਆਪਣੇ ਦੇਸ਼ ਲਈ ਲੜ ਰਹੇ ਸਨ ਅਤੇ ਉਨ੍ਹਾਂ ਨੇ ਇਸ ਨੂੰ ਧਰਮ ਯੁੱਧ ਵਿੱਚ ਬਦਲ ਦਿੱਤਾ ਸੀ, ਜਿਸ ਕਾਰਨ ਆਮ ਅਫ਼ਗਾਨ ਲੋਕਾਂ ਵਿੱਚ ਉਨ੍ਹਾਂ ਪ੍ਰਤੀ ਹਮਦਰਦੀ ਪੈਦਾ ਹੋਈ।"

ਇਨ੍ਹਾਂ ਹਾਰਾਂ ਤੋਂ ਅਮਰੀਕਾ ਨੇ ਕੀ ਸਬਕ ਸਿੱਖਿਆ?

ਅਮਰੀਕੀ ਅਗਵਾਈ ਨੇ ਸੈਗਾਨ, ਵੀਅਤਨਾਮ ਤੋਂ ਨਹੀਂ ਸਿੱਖਿਆ। ਅਮਰੀਕਾ ਵਿੱਚ 1993 ਵਿੱਚ ਸੋਮਾਲੀਆ ਅੰਦਰ ਫੌਜੀ ਕਾਰਵਾਈ ਉੱਤੇ, ਛੋਟੇ ਪੈਮਾਨੇ 'ਤੇ ਹੀ ਸਹੀ ਪਰ ਉਹੀ ਪੁਰਾਣੀ ਗਲਤੀ ਨੂੰ ਦੁਹਰਾਉਣ ਦਾ ਦੋਸ਼ ਲੱਗਿਆ।

ਮੋਗਾਦਿਸ਼ੂ ਦੀਆਂ ਸੜਕਾਂ 'ਤੇ ਮਰੇ ਹੋਏ ਅਮਰੀਕੀ ਸੈਨਿਕਾਂ ਨੂੰ ਘੜੀਸਣ ਦੀ ਦੁਨੀਆ ਭਰ ਵਿੱਚ ਨਿੰਦਾ ਹੋਈ। ਅਮਰੀਕੀ ਇਹ ਦੇਖ ਕੇ ਭੜਕ ਗਏ, ਬਹੁਤ ਸਾਰੇ ਭਾਵੁਕ ਹੋ ਗਏ। ਇਹ ਅਫਰੀਕਾ ਵਿੱਚ ਅਮਰੀਕਾ ਲਈ ਇੱਕ ਅਹਿਮ ਮੋੜ ਸੀ।

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ: ਤਾਲਿਬਾਨ ਇਨ੍ਹਾਂ ਲੋਕਾਂ ਨੂੰ 'ਗੱਦਾਰ' ਸਮਝਦੇ ਹਨ

ਅਕਤੂਬਰ 1993 ਵਿੱਚ, ਅਮਰੀਕੀ ਫੌਜਾਂ ਨੇ ਸੋਮਾਲਿਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਵਿਨਾਸ਼ਕਾਰੀ ਛਾਪੇਮਾਰੀ ਕੀਤੀ।

ਉਨ੍ਹਾਂ ਦਾ ਉਦੇਸ਼ ਸ਼ਕਤੀਸ਼ਾਲੀ ਸੋਮਾਲੀ ਵਾਰ ਲਾਰਡ (ਸੈਨਾਪਤੀ), ਜਨਰਲ ਮੁਹੰਮਦ ਫਰਾਹ ਏਡਿਡ ਅਤੇ ਉਨ੍ਹਾਂ ਦੇ ਮੁੱਖ ਸਹਿਯੋਗੀਆਂ ਨੂੰ ਫੜਨਾ ਸੀ, ਪਰ ਅਮਰੀਕੀ ਫੌਜਾਂ ਨੂੰ ਏਡਿਡ ਦੇ ਮਿਲਿਸ਼ਿਆ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਅਮਰੀਕਾ ਦੇ ਦੋ ਬਲੈਕ ਹਾਕ ਹੈਲੀਕਾਪਟਰਾਂ ਨੂੰ ਮਾਰ ਗਿਰਾਇਆ ਗਿਆ। ਅਮਰੀਕਾ ਦੇ 18 ਅਤੇ ਸੰਯੁਕਤ ਰਾਸ਼ਟਰ ਦੇ ਦੋ ਸੈਨਿਕ ਮਾਰੇ ਗਏ।

ਉਸ ਸਮੇਂ ਅਮਰੀਕਾ, ਸੋਮਾਲਿਆ ਵਿੱਚ ਘਰੇਲੂ ਯੁੱਧ ਅਤੇ ਭੁੱਖਮਰੀ ਨੂੰ ਖਤਮ ਕਰਨ ਲਈ ਸੰਯੁਕਤ ਰਾਸ਼ਟਰ ਦੇ ਮਿਸ਼ਨ ਦੀ ਅਗਵਾਈ ਕਰ ਰਿਹਾ ਸੀ।

ਛੇ ਮਹੀਨਿਆਂ ਦੇ ਅੰਦਰ ਹੀ ਅਮਰੀਕਾ ਨੇ ਸੋਮਾਲਿਆ ਤੋਂ ਆਪਣੀਆਂ ਫੌਜਾਂ ਵਾਪਸ ਬੁਲਾ ਲਈਆਂ ਅਤੇ ਇਸ ਮਿਸ਼ਨ ਦੀ ਅਸਫਲਤਾ ਨੇ ਅਮਰੀਕਾ ਨੂੰ ਅਫਰੀਕੀ ਸੰਕਟਾਂ ਵਿੱਚ ਦਖਲ ਦੇਣ ਤੋਂ ਸਾਵਧਾਨ ਕਰ ਦਿੱਤਾ।

ਪ੍ਰੋਫੈਸਰ ਡੋਮਿਨਿਕ ਟੀਅਰਨੀ ਦਾ ਕਹਿਣਾ ਹੈ ਕਿ ਸਬਕ ਸਿੱਖਣ ਲਈ ਬਹੁਤ ਸਾਰੀਆਂ ਚੀਜ਼ਾਂ ਹਨ। ਉਨ੍ਹਾਂ ਅਨੁਸਾਰ, ਸਭ ਤੋਂ ਮਹੱਤਵਪੂਰਣ ਸਬਕ ਇਹ ਹੈ, "ਪਹਿਲਾ ਯੁੱਧ ਖ਼ਤਮ ਹੋਣ ਤੋਂ ਪਹਿਲਾਂ ਦੂਜਾ ਯੁੱਧ ਸ਼ੁਰੂ ਨਾ ਕਰੋ। ਨੈਤਿਕਤਾ ਅਤੇ ਧਾਰਮਿਕ ਉਤਸ਼ਾਹ ਦੇ ਕਾਰਨ ਯੁੱਧ ਸ਼ੁਰੂ ਨਾ ਕਰੋ ਅਤੇ ਜੇ ਗੱਲਬਾਤ ਕਰਨ ਦਾ ਮੌਕਾ ਹੋਵੇ ਤਾਂ ਇਨਕਾਰ ਨਾ ਕਰੋ।"

"ਅਜਿਹੇ ਟੀਚਿਆਂ ਨੂੰ ਨਿਰਧਾਰਿਤ ਕਰੋ ਜੋ ਤੁਸੀਂ ਪ੍ਰਾਪਤ ਕਰ ਸਕਦੇ ਹੋ। ਯਾਦ ਰੱਖੋ ਕਿ ਯੁੱਧਾਂ ਨੂੰ ਸ਼ੁਰੂ ਕਰਨ ਨਾਲੋਂ ਖਤਮ ਕਰਨਾ ਵਧੇਰੇ ਮੁਸ਼ਕਿਲ ਹੁੰਦਾ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

'ਵਾਪਸੀ ਹੋਈ ਹੈ, ਦਿਲਚਸਪੀ ਬਣੀ ਰਹੇਗੀ'

ਪ੍ਰੋਫੈਸਰ ਪਾਸ਼ਾ ਚੇਤਾਵਨੀ ਦਿੰਦੇ ਹਨ ਕਿ ਅਮਰੀਕਾ ਨੂੰ ਅਫ਼ਗਾਨਿਸਤਾਨ ਵਿੱਚ ਹਾਰ ਜ਼ਰੂਰ ਮਿਲੀ ਹੈ ਪਰ ਤਾਲਿਬਾਨ ਦੀ ਸੱਤਾ ਵਿੱਚ ਵਾਪਸੀ ਅਤੇ ਰੂਸ ਤੇ ਚੀਨ ਦੀ ਦੋਸਤੀ ਅਤੇ ਅਫ਼ਗਾਨਿਸਤਾਨ ਵਿੱਚ ਵਧਦੀ ਉਨ੍ਹਾਂ ਦੀ ਦਿਲਚਸਪੀ, ਅਮਰੀਕਾ ਨੂੰ ਇਸ ਖੇਤਰ ਵਿੱਚ ਵਿਅਸਤ ਰੱਖੇਗੀ।

ਉਹ ਕਹਿੰਦੇ ਹਨ, "ਅਫ਼ਗਾਨਿਸਤਾਨ ਅਤੇ ਇਰਾਕ ਵਿੱਚ ਰਾਸ਼ਟਰ ਨਿਰਮਾਣ, ਲੋਕਤੰਤਰ, ਮਨੁੱਖੀ ਅਧਿਕਾਰ ਅਤੇ ਔਰਤਾਂ ਦੀ ਸਿੱਖਿਆ ਆਦਿ ਤਾਂ ਛੋਟਾ ਪਹਿਲੂ ਸੀ। ਵੱਡੀ ਖੇਡ ਤਾਂ ਚੀਨ ਅਤੇ ਰੂਸ ਨੂੰ ਦੂਰ ਰੱਖਣਾ ਅਤੇ ਮੱਧ ਏਸ਼ੀਆ ਵਿੱਚ ਰੂਸ ਦੇ ਪ੍ਰਭਾਵ ਨੂੰ ਘੱਟ ਕਰਨਾ ਸੀ।"

"ਪਰ ਉਸਦੀ ਹਾਰ ਤੋਂ ਬਾਅਦ, ਅਮਰੀਕੀ ਰਣਨੀਤੀ ਅਸਫ਼ਲ ਹੋ ਗਈ। ਹੁਣ ਅਮਰੀਕਾ ਦੀ ਰਣਨੀਤੀ ਇਹ ਹੋਵੇਗੀ ਕਿ ਚੀਨ ਅਤੇ ਰੂਸ ਨੂੰ ਅਫ਼ਗਾਨਿਸਤਾਨ ਤੋਂ ਦੂਰ ਕਿਵੇਂ ਰੱਖਿਆ ਜਾਵੇ। ਹੋ ਸਕਦਾ ਹੈ ਕਿ ਇੱਕ ਵਾਰ ਫਿਰ ਅਮਰੀਕਾ ਨੂੰ ਪਾਕਿਸਤਾਨ ਦੀ ਲੋੜ ਪਵੇ, ਜਿਸਦਾ ਤਾਲਿਬਾਨ 'ਤੇ ਬਹੁਤ ਪ੍ਰਭਾਵ ਹੈ।"

ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਅਮਰੀਕਾ ਨੂੰ ਤਾਲਿਬਾਨ ਨਾਲ ਸਿੱਧੇ ਤੌਰ 'ਤੇ ਸੰਬੰਧ ਕਾਇਮ ਰੱਖਣੇ ਚਾਹੀਦੇ ਹਨ। ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਤਾਜ਼ਾ ਬੰਬ ਧਮਾਕਿਆਂ ਤੋਂ ਬਾਅਦ ਇਸਦੀ ਝਲਕ ਵੇਖਣ ਵੀ ਨੂੰ ਮਿਲ ਰਹੀ ਹੈ।

ਰੂਸ ਅਤੇ ਚੀਨ ਇੱਕਜੁਟ ਹੋ ਗਏ ਹਨ, ਅਮਰੀਕਾ ਇਸ ਬਾਰੇ ਤਾਂ ਚਿੰਤਤ ਹੈ ਹੀ, ਨਾਲ ਹੀ ਅਮਰੀਕਾ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਹੈ ਕਿ ਕਿਤੇ ਤਾਲਿਬਾਨ ਦਾ ਅਫ਼ਗਾਨਿਸਤਾਨ ਇੱਕ ਵਾਰ ਫਿਰ ਅਜਿਹੇ ਕੱਟੜਪੰਥੀ ਸੰਗਠਨਾਂ ਲਈ ਪਨਾਹਗਾਹ ਬਣ ਜਾਵੇ ਜੋ ਅਮਰੀਕਾ ਦੇ ਅੰਦਰ ਜਾਂ ਬਾਹਰ ਅਮਰੀਕੀ ਦੂਤਾਵਾਸਾਂ ਜਾਂ ਇਸਦੇ ਫੌਜੀ ਟਿਕਾਣਿਆਂ 'ਤੇ ਅੱਤਵਾਦੀ ਹਮਲੇ ਕਰਨ।

ਕੀ ਅਮਰੀਕਾ ਦੁਬਾਰਾ ਅਫ਼ਗਾਨਿਸਤਾਨ ਵਿੱਚ ਆਪਣੀ ਫੌਜ ਭੇਜੇਗਾ?

ਪ੍ਰੋਫੈਸਰ ਪਾਸ਼ਾ ਦੇ ਅਨੁਸਾਰ, ਅਜਿਹੀ ਸਥਿਤੀ ਵਿੱਚ ਅਮਰੀਕਾ ਸਿੱਧੇ ਤੌਰ 'ਤੇ ਦਖਲ ਨਹੀਂ ਦੇਵੇਗਾ। ਉਹ ਅੱਗੇ ਕਹਿੰਦੇ ਹਨ, "ਪਿਛਲੇ ਕੁਝ ਸਾਲਾਂ ਵਿੱਚ, ਅਮਰੀਕਾ ਪਾਕਿਸਤਾਨ ਤੋਂ ਦੂਰ ਹੋਇਆ ਹੈ। ਅਮਰੀਕਾ, ਪਾਕਿਸਤਾਨ ਤੋਂ ਖੁਸ਼ ਨਹੀਂ ਹੈ।"

"ਹਾਲਾਂਕਿ ਅਮਰੀਕਾ ਨੇ ਤਾਲਿਬਾਨ ਸਮਝੌਤੇ ਵਿੱਚ ਪਾਕਿਸਤਾਨ ਦੀ ਮਦਦ ਲਈ ਅਤੇ ਤਾਲਿਬਾਨ ਉਨ੍ਹਾਂ ਦੀ ਵਾਪਸੀ ਦੇ ਸਮੇਂ ਹਮਲਾ ਨਹੀਂ ਕਰੇਗਾ, ਇਸ ਦੀ ਜ਼ਮਾਨਤ ਪਾਕਿਸਤਾਨ ਤੋਂ ਲਈ ਹੈ।"

ਵੀਡੀਓ ਕੈਪਸ਼ਨ, ਤਾਲਿਬਾਨ ਦੇ 3 ਵੱਡੇ ਲੀਡਰ ਕੌਣ ਹਨ

"ਪਰ ਹੁਣ ਜਦੋਂ ਅਫ਼ਗਾਨਿਸਤਾਨ ਵਿੱਚ ਅਮਰੀਕਾ ਦੀ ਰਣਨੀਤੀ ਅਸਫਲ ਹੋ ਗਈ ਹੈ, ਉਸ ਨੂੰ ਆਉਣ ਵਾਲੇ ਦਿਨਾਂ ਵਿੱਚ ਪਾਕਿਸਤਾਨ ਦੀ ਜ਼ਰੂਰਤ ਪਏਗੀ।"

"ਅਮਰੀਕਾ ਨੂੰ, ਸਾਬਕਾ ਰਾਸ਼ਟਰਪਤੀ ਅਤੇ ਸੈਨਾ ਪ੍ਰਮੁੱਖ ਜਨਰਲ ਪਰਵੇਜ਼ ਮੁਸ਼ੱਰਫ ਵਰਗੇ ਨੇਤਾ ਦੀ ਲੋੜ ਪਏਗੀ ਜਿਨ੍ਹਾਂ ਨੇ ਰਾਸ਼ਟਰਪਤੀ ਬੁਸ਼ ਦੀ ਅਪੀਲ 'ਤੇ 2001 ਵਿੱਚ ਅਫ਼ਗਾਨਿਸਤਾਨ 'ਤੇ ਹਮਲੇ ਸਮੇਂ ਅਮਰੀਕਾ ਦਾ ਸਾਥ ਦਿੱਤਾ ਸੀ।"

ਉਹ ਅੱਗੇ ਕਹਿੰਦੇ ਹਨ, "ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਦਬਾਅ ਵਧੇਗਾ, ਇਹ ਵੇਖਣਾ ਹੋਵੇਗਾ ਕਿ ਉਹ ਸੱਤਾ ਵਿੱਚ ਆਪਣਾ ਕਾਰਜਕਾਲ ਪੂਰਾ ਕਰ ਸਕਣਗੇ ਜਾਂ ਨਹੀਂ।"

ਪ੍ਰੋਫੈਸਰ ਡੋਮਿਨਿਕ ਟਿਅਰਨੀ ਕਹਿੰਦੇ ਹਨ, "ਰਾਸ਼ਟਰਪਤੀ ਜੋਅ ਬਾਇਡਨ ਅਫ਼ਗਾਨਿਸਤਾਨ ਵਿੱਚ ਇੱਕ ਹੋਰ ਵੱਡੀ ਜੰਗ ਦੇ ਸਖਤ ਵਿਰੁੱਧ ਹਨ, ਪਰ ਅਜਿਹੇ ਹਾਲਾਤ ਹਨ ਜਿੱਥੇ ਅਮਰੀਕਾ ਦੁਬਾਰਾ ਸ਼ਾਮਲ ਹੋ ਸਕਦਾ ਹੈ।"

"ਇੱਕ ਮਨੁੱਖੀ ਸੰਕਟ ਹੈ, ਦੂਜਾ ਅੱਤਵਾਦੀ ਸੰਗਠਨਾਂ ਦਾ ਉੱਭਰਨਾ ਹੈ ਜਾਂ ਅੱਗੇ ਦੇਖੀਏ ਤਾਂ ਚੀਨ ਨਾਲ ਵਿਗੜਦੇ ਤਣਾਅ ਦੇ ਕਾਰਨ, ਅਫ਼ਗਾਨਿਸਤਾਨ ਵੱਡੇ ਦੇਸ਼ਾਂ ਦੇ ਵਿੱਚ ਪ੍ਰੌਕਸੀ ਯੁੱਧ ਦਾ ਸਥਾਨ ਬਣ ਸਕਦਾ ਹੈ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)