ਜਲ੍ਹਿਆਂਵਾਲਾ ਬਾਗ ਵਰਗਾ ਸਾਕਾ ਦੱਖਣ ਭਾਰਤ 'ਚ ਵੀ ਵਾਪਰਿਆ ਸੀ

- ਲੇਖਕ, ਅਰੁਣ ਸੈਂਡੀਇਲੀਆ
- ਰੋਲ, ਬੀਬੀਸੀ ਪੱਤਰਕਾਰ
ਪੁਲਿਸ ਸੁਪਰਡੈਂਟ ਨੇ ਆਪਣੀ ਪਿਸਤੌਲ ਬਾਹਰ ਕੱਢੀ ਅਤੇ ਉੱਥੇ ਹੀ ਉਸੇ ਵੇਲੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਆਪਣੇ ਬੌਸ ਦੇ ਨਕਸ਼ੇ ਕਦਮਾਂ 'ਤੇ ਤੁਰਦਿਆਂ ਬਾਕੀ ਪੁਲਿਸ ਕਰਮਚਾਰੀਆਂ ਨੇ ਵੀ ਆਪਣੀਆਂ ਬੰਦੂਕਾਂ ਕੱਢ ਲਈਆਂ ਅਤੇ ਅਖ਼ੀਰ 32 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
"1919 ਵਿਚ ਹੋਈ ਜਲ੍ਹਿਆਂਵਾਲਾ ਬਾਗ਼ ਦੀ ਤਰਾਸਦੀ ਨੇ ਬ੍ਰਿਟਿਸ਼ ਭਾਰਤ ਦੇ ਇਤਿਹਾਸ 'ਤੇ ਕਦੇ ਨਾ ਮਿਟਣ ਵਾਲਾ ਦਾਗ਼ ਲਾਇਆ।" ਇਹ ਉਹ ਕੌੜਾ ਸੱਚ ਹੈ ਜਿਸ ਨੂੰ ਬਰਤਾਨੀਆ ਦੇ ਮੌਜੂਦਾ ਸ਼ਾਸਕਾਂ ਦੁਆਰਾ ਵੀ ਮੰਨਿਆ ਜਾਂਦਾ ਹੈ।
ਜਲ੍ਹਿਆਂਵਾਲਾ ਬਾਗ਼ ਦਾ ਸਾਕਾ ਅੰਮ੍ਰਿਤਸਰ ਵਿਚ ਵਿਸਾਖੀ ਵਾਲੇ ਦਿਨ ਯਾਨਿ 13 ਅਪ੍ਰੈਲ, 1919 ਨੂੰ ਵਾਪਰਿਆ ਸੀ।
ਇਸ ਦੌਰਾਨ ਭਾਰਤ ਲਈ ਆਜ਼ਾਦੀ ਦੀ ਮੰਗ ਵਿਚ ਵੱਡੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਦੀ ਭੀੜ 'ਤੇ ਬਰਤਾਨਵੀ ਫ਼ੌਜੀਆਂ ਨੇ ਗੋਲੀਬਾਰੀ ਕਰ ਦਿੱਤੀ ਸੀ।
ਜਨਰਲ ਡਾਇਰ ਦੇ ਹੁਕਮਾਂ ਨੂੰ ਮੰਨਦਿਆਂ ਫ਼ੌਜੀਆਂ ਨੇ ਆਪਣੀਆਂ ਮਸ਼ੀਨ ਗੰਨਾਂ ਨਾਲ ਗੋਲੀਬਾਰੀ ਕਰ ਆਜ਼ਾਦੀ ਦੀ ਲੜਾਈ ਲੜਨ ਵਾਲੇ ਇਕੱਠੇ ਹੋਏ ਸੈਂਕੜੇ ਲੋਕਾਂ ਨੂੰ ਮਾਰ ਦਿੱਤਾ ਅਤੇ ਹਜ਼ਾਰਾਂ ਜ਼ਖਮੀ ਹੋ ਗਏ।
ਇੱਕ ਸਦੀ ਪੁਰਾਣਾ ਦੁਖਾਂਤ
ਦੱਖਣੀ ਭਾਰਤ ਨੇ ਵੀ ਜਲ੍ਹਿਆਂਵਾਲਾ ਬਾਗ਼ ਵਰਗਾ ਦੁੱਖ ਹੰਢਾਇਆ ਹੈ। ਆਜ਼ਾਦੀ ਘੁਲਾਟੀਆਂ ਦਾ ਇੱਕ ਸਮੂਹ ਆਂਧਰਾ ਪ੍ਰਦੇਸ਼ ਵਿਚ ਅਨੰਥਪੁਰ ਦੀ ਸਰਹੱਦ ਦੇ ਲਾਗੇ ਇਕ ਬਾਗ਼ ਵਿਚ ਇਕੱਠੇ ਹੋਏ ਸਨ।
ਇਸ ਇਕੱਠ 'ਤੇ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ 'ਚ 32 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ-

ਕਿਹੜਾ ਸੀ ਉਹ ਖੇਤਰ
'ਦੱਖਣੀ ਭਾਰਤ ਦਾ ਜਲ੍ਹਿਆਂਵਾਲਾ ਬਾਗ਼' ਆਂਧਰਾ ਪ੍ਰਦੇਸ਼ ਦੀ ਸਰਹੱਦ ਤੋਂ ਮਹਿਜ਼ ਦੋ ਕਿਲੋਮੀਟਰ ਦੂਰ ਹੈ।
ਇਹ ਤਰਾਸਦੀ 25 ਅਪ੍ਰੈਲ, 1938 ਨੂੰ ਅਜੋਕੇ ਕਰਨਾਟਕ ਸੂਬੇ ਦੇ ਗੌਰੀਬਿਦਾਨੂਰ ਜ਼ਿਲ੍ਹੇ ਦੇ ਪਿੰਡ ਵਿਦੁਰਸ਼ਵਾਥਾ ਵਿਚ ਵਾਪਰੀ ਸੀ।

ਪੇਨਾ ਨਦੀ ਦੇ ਕੰਢੇ ਵਸਿਆ ਹੋਇਆ ਖੁਸ਼ਹਾਲ ਪਿੰਡ ਵਿਦੁਰਸ਼ਵਾਥਾ, ਉਸ ਵੇਲੇ ਮੈਸੂਰ ਸੂਬੇ ਦੇ ਕੋਲਾਰ ਜ਼ਿਲ੍ਹੇ ਹੇਠ ਆਉਂਦਾ ਸੀ।
ਉਸ ਦਿਨ ਪੁਲਿਸ ਦੀ ਗੋਲੀਬਾਰੀ ਨਾਲ ਹੋਈ 32 ਲੋਕਾਂ ਦੀ ਮੌਤ ਨਾਲ ਖੂਨ ਦੀ ਨਦੀ ਵਗ ਪਈ ਸੀ।
ਉਨ੍ਹਾਂ ਲੋਕਾਂ ਦੀ ਸ਼ਹਾਦਤ ਨੇ ਮੈਸੂਰ ਸੂਬੇ ਵਿਚ ਆਜ਼ਾਦੀ ਦੀ ਲਹਿਰ ਨੂੰ ਹੋਰ ਮਜ਼ਬੂਤੀ ਦਿੱਤੀ। ਬ੍ਰਿਟਿਸ਼ ਸ਼ਾਸਨ ਦਾ ਵਿਰੋਧ ਕਰਨ ਲਈ ਲੋਕਾਂ ਦਾ ਇਕੱਠ ਸੜਕਾਂ 'ਤੇ ਉਤਰ ਆਇਆ। ਭਾਰਤ ਦੇ ਆਜ਼ਾਦੀ ਪ੍ਰਾਪਤ ਕਰਨ ਤੱਕ ਇਹ ਜੰਗ ਜਾਰੀ ਰਹੀ।
ਵਿਦੁਰਸ਼ਵਾਥਾ, ਕਰਨਾਟਕ ਦੀ ਰਾਜਧਾਨੀ ਬੈਂਗਲੂਰੂ 90 ਕਿਲੋਮੀਟਰ ਦੂਰ ਹੈ, ਅਤੇ ਆਂਧਰਾ ਪ੍ਰਦੇਸ਼ ਦੇ ਕਸਬੇ ਹਿੰਦੂਪੁਰ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਦੱਖਣੀ ਭਾਰਤ ਦਾ ਸਾਕਾ
ਵਿਦੁਰਸ਼ਵਾਥਾ, ਉਹ ਪਿੰਡ ਸੀ, ਜਿਸ ਨੇ ਗਾਂਧੀ ਦਾ ਰਸਤਾ ਚੁਣਿਆ, ਇਹ ਪਿੰਡ ਮੈਸੂਰ ਸੂਬੇ ਦੇ ਅਧਿਕਾਰ ਖੇਤਰ ਵਿਚ ਆਉਂਦਾ ਸੀ ਜੋ ਕਿ ਬ੍ਰਿਟਿਸ਼ ਸਰਕਾਰ ਦੀ ਸਰਪ੍ਰਸਤੀ ਅਧੀਨ ਸੀ।
ਇਹ ਉਹ ਸਮਾਂ ਸੀ ਜਦੋਂ ਕਾਂਗਰਸ ਨੇ ਆਜ਼ਾਦੀ ਲਈ ਆਪਣੇ ਸੰਘਰਸ਼ ਨੂੰ ਤੇਜ਼ ਕਰ ਦਿੱਤਾ ਸੀ।
ਉਸ ਸਮੇਂ ਦੌਰਾਨ ਮੈਸੂਰ ਸਰਕਾਰ ਨੇ ਹੁਕਮ ਦਿੱਤੇ ਕਿ ਕੋਈ ਵੀ ਉਨ੍ਹਾਂ ਦੇ ਰਾਜ ਹੇਠ ਕੌਮੀ ਝੰਡਾ ਨਹੀਂ ਲਹਿਰਾਵੇਗਾ। ਇਹ ਵੀ ਧਮਕੀ ਦਿੱਤੀ ਗਈ ਕਿ ਜੋ ਕੋਈ ਵੀ ਉਨ੍ਹਾਂ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ ਨੂੰ ਗੋਲੀਆਂ ਨਾਲ ਮਾਰ ਦਿੱਤਾ ਜਾਵੇਗਾ।
ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਭੋਗਰਾਜੂ ਪੱਟਾਭੀ ਸੀਤਾਰਾਮਈਆ, ਕੇ.ਟੀ. ਭਾਸ਼ਯਾਮ, ਹਰਦੇਕਰ, ਸਿੱਦਾਲਿੰਗਈਆ, ਕੇ.ਸੀ.ਰੈੱਡੀ, ਰਾਮਚਰ ਵਰਗੇ ਉਸ ਵੇਲੇ ਦੇ ਕਾਂਗਰਸ ਆਗੂਆਂ ਮੰਡਿਆ ਜ਼ਿਲ੍ਹੇ ਦੇ ਸਿਵਾਪੁਰਾ ਵਿਚ ਹੋਣ ਵਾਲੀ ਕਾਂਗਰਸ ਦੀ ਮੀਟਿੰਗ ਵਿਚ ਕੌਮੀ ਝੰਡਾ ਲਹਿਰਾਉਣ ਦਾ ਫ਼ੈਸਲਾ ਕੀਤਾ।
ਹਾਲਾਂਕਿ, ਸਰਕਾਰ ਨੂੰ ਇਸ ਬਾਰੇ ਪਤਾ ਲੱਗ ਗਿਆ ਸੀ ਅਤੇ ਉਨ੍ਹਾਂ ਨੇ ਉੱਥੇ ਪੁਲਿਸ ਕਰਮਚਾਰੀਆਂ ਨੂੰ ਤੈਨਾਤ ਕਰ ਦਿੱਤਾ।
ਖੋਜਕਾਰ ਗੰਗਾਧਰ ਮੂਰਥੀ ਅਤੇ ਸਮਿਤਾ ਰੈੱਡੀ ਨੇ ਵੀ ਆਪਣੀ ਕਿਤਾਬ 'ਜਲ੍ਹਿਆਂਵਾਲਾ ਬਾਗ਼ ਆਫ਼ ਕਰਨਾਟਕਾ' ਦੇ ਵਿਚ ਵਿਦੁਰਸ਼ਵਾਥਾ 'ਚ ਵਾਪਰੇ ਇਸ ਸਾਕੇ ਅਤੇ ਇਸ ਦੇ ਸਿੱਟਿਆਂ ਦੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਹੈ।
ਕਿਤਾਬ ਵਿਚ ਲਿਖਿਆ ਗਿਆ ਹੈ ਕਿ ਉਨ੍ਹਾਂ ਤਿੰਨ ਦਿਨਾਂ ਵਿਚ ਕਾਂਗਰਸ ਦੀ ਮੀਟਿੰਗ ਦੌਰਾਨ, ਜਦੋਂ ਆਗੂਆਂ ਨੇ ਕੌਮੀ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਬਰਤਾਨਵੀਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਵਿਦੁਰਸ਼ਵਾਥਾ ਵਿਚ ਇੱਕ ਹਫ਼ਤੇ ਤੱਕ ਚੱਲਿਆ ਖੂਨ-ਖਰਾਬਾ
ਹੁਣ ਜਦੋਂ ਸਿਵਾਪੁਰ ਵਿਚ ਉਨ੍ਹਾਂ ਦੇ ਝੰਡਾ ਲਹਿਰਾਉਣ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰ ਦਿੱਤਾ ਗਿਆ ਤਾਂ ਕਾਂਗਰਸ ਆਗੂਆਂ ਨੇ ਕੌਮੀ ਝੰਡਾ ਲਹਿਰਾਉਣ ਲਈ 18 ਅਪ੍ਰੈਲ 1938 ਨੂੰ ਵਿਦੁਰਸ਼ਵਾਥਾ ਵਿਖੇ 'ਧਵੱਜ ਸੱਤਿਆਗ੍ਰਹਿ' ਪ੍ਰੋਗਰਾਮ ਆਯੋਜਿਤ ਕਰਨ ਦਾ ਫ਼ੈਸਲਾ ਲਿਆ।

ਕਿਉਂਕਿ ਇਹ ਥਾਂ ਆਂਧਰਾ ਪ੍ਰਦੇਸ਼ ਦੇ ਨੇੜੇ ਹੈ, ਇਸ ਲਈ ਸਰਹੱਦੀ ਆਗੂਆਂ ਨੂੰ ਆਂਧਰਾ ਪ੍ਰਦੇਸ਼ ਦੇ ਲੋਕਾਂ ਦੀ ਹਾਜ਼ਰੀ ਦੀ ਵੀ ਉਮੀਦ ਸੀ। ਆਗੂਆਂ ਨੇ ਕੋਲਾਰ ਜ਼ਿਲ੍ਹੇ ਵਿਚ ਜਾ ਕੇ ਇਸ ਪ੍ਰੋਗਰਾਮ ਬਾਰੇ ਪ੍ਰਚਾਰ ਵੀ ਕੀਤਾ ਸੀ।
ਮੈਸੂਰ ਦੀ ਸਰਕਾਰ ਵੀ ਇਨ੍ਹਾਂ ਸਾਰੀਆਂ ਗਤੀਵਿਧੀਆਂ ਬਾਰੇ ਜਾਣੂ ਸੀ। ਸਰਕਾਰ ਨੇ ਵਿਦੁਰਸ਼ਵਾਥਾ ਦੇ 2 ਕਿਲੋਮੀਟਰ ਦੀ ਰੇਂਜ ਦੇ ਅੰਦਰ ਪ੍ਰਤੀਬੰਧ ਆਰਡਰ ਦਾ ਐਲਾਨ ਕਰ ਦਿੱਤਾ ਅਤੇ 15 ਦਿਨਾਂ ਲਈ ਇਸ ਸੀਮਾ ਵਿੱਚ ਕਿਸੇ ਵੀ ਸਰਗਰਮੀ 'ਤੇ ਪਾਬੰਦੀ ਲਗਾ ਦਿੱਤੀ।
ਕਾਂਗਰਸੀ ਨੇਤਾਵਾਂ ਨੇ ਰਣਨੀਤਕ ਤੌਰ 'ਤੇ ਪਹਿਲੇ ਚਾਰ ਦਿਨਾਂ ਦੌਰਾਨ ਕੋਈ ਗਤੀਵਿਧੀ ਨਹੀਂ ਕੀਤੀ ਸੀ।
22 ਅਪ੍ਰੈਲ, 1938
ਐਨ.ਸੀ. ਨਾਗੀ ਰੈੱਡੀ ਦੀ ਅਗਵਾਈ ਹੇਠ ਲੋਕਾਂ ਨੇ ਆਪਣੇ ਹੱਥਾਂ ਵਿਚ ਕੌਮੀ ਝੰਡੇ ਲੈ ਕੇ ਵਿਦੁਰਸ਼ਵਾਥਾ ਵੱਲ ਮਾਰਚ ਕਰਨਾ ਸ਼ੁਰੂ ਕੀਤਾ ਸੀ।
ਉਨ੍ਹਾਂ ਨੇ ਰਸਤੇ ਵਿਚ ਪੈਂਫ਼ਲੇਟ ਵੀ ਵੰਡੇ ਜਿਸ 'ਤੇ ਲੋਕਾਂ ਨੂੰ ਸਰਕਾਰ ਦੀ ਪਾਬੰਦੀ ਦੇ ਹੁਕਮ ਦੀ ਉਲੰਘਣਾ ਕਰਨ ਦੀ ਹਿੰਮਤ ਦਿੱਤੀ ਅਤੇ ਉਨ੍ਹਾਂ 'ਧਵੱਜ ਸੱਤਿਆਗ੍ਰਹਿ' ਪ੍ਰੋਗਰਾਮ ਵਿਚ ਹਿੱਸਾ ਲਿਆ।
ਲੋਕਾਂ ਨੇ ਉਨ੍ਹਾਂ ਦੇ ਨਾਲ ਮਾਰਚ ਕਰਨਾ ਸ਼ੁਰੂ ਕੀਤਾ ਅਤੇ ਦੂਜੇ ਪਾਸੇ ਆਂਧਰਾ ਪ੍ਰਦੇਸ਼ ਤੋਂ ਲੋਕਾਂ ਨੇ ਕਾਲੂੱਰੂਸੁਬਾਰਾਓ ਦੀ ਅਗਵਾਈ ਹੇਠ ਮਾਰਚ ਕਰਨਾ ਸ਼ੁਰੂ ਕੀਤਾ।
ਵਿਦੁਰਸ਼ਵਾਥਾ ਵੱਲ ਵੱਧ ਰਹੇ ਹਜ਼ਾਰਾਂ ਲੋਕਾਂ ਦਾ ਰਾਹ ਪੁਲਿਸ ਨੇ ਰੋਕ ਲਿਆ।

ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਤੋਂ ਸਾਰੇ ਹੀ ਸੱਤਿਆਗ੍ਰਹੀ ਵਿਦੁਰਸ਼ਵਾਥਾ ਪਹੁੰਚੇ ਅਤੇ ਉੱਥੇ ਮੰਦਰ ਦੇ ਪਿੱਛੇ ਇੱਕ ਬਾਗ਼ ਵਿਚ ਇਕੱਠੇ ਹੋਏ।
ਪੁਲਿਸ ਉੱਥੇ ਪਹੁੰਚੀ, ਐਨ.ਸੀ ਨਾਗੀ ਰੈੱਡੀ ਅਤੇ ਹੋਰ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਚਿੱਕਾਬੱਲਾਪੁਰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜੱਜ ਨੇ ਇਨ੍ਹਾਂ ਆਗੂਆਂ ਤੋਂ ਸਰਕਾਰ ਦੇ ਆਦੇਸ਼ਾਂ ਨੂੰ ਨਾ ਮੰਨਣ ਲਈ ਮੁਆਫ਼ੀ ਦੀ ਮੰਗ ਕੀਤੀ।
ਹਾਲਾਂਕਿ, ਆਗੂਆਂ ਨੇ ਜੱਜ ਦੇ ਹੁਕਮ ਨੂੰ ਸਵੀਕਾਰ ਨਹੀਂ ਕੀਤਾ। ਨਤੀਜੇ ਵਜੋਂ ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ।
ਅਪ੍ਰੈਲ 23, 24
ਆਪਣੇ ਆਗੂਆਂ ਦੀ ਗ੍ਰਿਫ਼ਤਾਰੀ ਬਾਰੇ ਪੂਰੇ ਕੋਲਾਰ ਜ਼ਿਲ੍ਹੇ ਨੂੰ ਯਕਦਮ ਹੀ ਪਤਾ ਲੱਗ ਗਿਆ। ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦਿਆਂ ਲੋਕ ਸੜਕਾਂ 'ਤੇ ਆ ਗਏ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਨ ਲੱਗੇ।
ਵਿਦੁਰਸ਼ਵਾਥਾ ਵਿਚ ਮਾਹੌਲ ਤਣਾਅ ਪੂਰਨ ਹੋ ਗਿਆ। ਬਾਗ਼ ਵਿਚ ਇਕੱਠੇ ਹੋਏ ਸਾਰੇ ਸੱਤਿਆਗ੍ਰਹੀ ਗੁੱਸੇ ਨਾਲ ਬਹੁਤ ਭੜਕੇ ਹੋਏ ਸਨ।
ਇਨ੍ਹਾਂ ਨੂੰ ਨਿਯੰਤਰਿਤ ਕਰਨਾ, ਉੱਥੇ ਮੌਜੂਦ ਪੁਲਿਸ ਦੇ ਵੱਸ ਤੋਂ ਬਾਹਰ ਹੋ ਗਿਆ ਸੀ। ਹੋਰ ਫੌਜ ਬੁਲਾਈ ਗਈ।
ਹਰੇਕ ਥਾਂ 'ਤੇ ਪੁਲਿਸ ਹੀ ਪੁਲਿਸ ਸੀ ਅਤੇ ਲੋਕਾਂ ਦੀ ਗਿਣਤੀ ਹੋਰ ਵੱਧਦੀ ਰਹੀ। ਸੱਤਿਆਗ੍ਰਹੀਆਂ ਨੂੰ ਪੁਲਿਸ ਦੁਆਰਾ ਬਾਗ਼ ਵਿਚ ਘੇਰ ਲਿਆ ਗਿਆ। ਉਨ੍ਹਾਂ ਲਈ ਬਾਹਰ ਜਾਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ।

ਇਹ ਵੀ ਪੜ੍ਹੋ-

ਸਾਕੇ ਦਾ ਦਿਨ
25 ਅਪ੍ਰੈਲ, 1938 ਨੂੰ ਸਵੇਰੇ 10:30 ਵਜੇ ਤੱਕ ਕਾਫ਼ੀ ਗਿਣਤੀ ਵਿਚ ਲੋਕ ਗੌਰੀਬਿਦਾਨੂਰ ਅਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਵਿਦੁਰਸ਼ਵਾਥਾ ਪਹੁੰਚ ਚੁੱਕੇ ਸਨ।
ਉਦੋਂ ਤਕ ਤਕਰੀਬਨ 25,000 ਲੋਕ ਪਹਿਲਾਂ ਤੋਂ ਹੀ ਮੌਜੂਦ ਸਨ, ਜੋ ਝੰਡਾ ਲਹਿਰਾਉਣ ਦੀ ਉਡੀਕ ਵਿਚ ਸਨ।
ਸੱਤਿਆਗ੍ਰਹੀਆਂ ਨੇ ਪਹਿਲਾਂ-ਨਿਰਧਾਰਤ ਸਮੇਂ 'ਤੇ ਹੀ ਝੰਡਾ ਲਹਿਰਾਉਣ ਦਾ ਫੈਸਲਾ ਕੀਤਾ। ਜਦੋਂ ਉਹ ਝੰਡਾ ਲਹਿਰਾਉਣ ਦੀ ਤਿਆਰੀ ਕਰ ਰਹੇ ਸਨ ਤਾਂ ਪੁਲਿਸ ਨੇ ਆਪਣੀਆਂ ਬੰਦੂਕਾਂ ਉਨ੍ਹਾਂ ਵੱਲ ਤਾਣ ਦਿੱਤੀਆਂ।
ਪਰ ਫਿਰ ਵੀ ਸੱਤਿਆਗ੍ਰਹੀਆਂ ਨੇ ਆਪਣੇ ਕਦਮ ਵਾਪਸ ਨਹੀਂ ਲਏ। ਉਨ੍ਹਾਂ ਆਪਣੀ ਝੰਡਾ ਲਹਿਰਾਉਣ ਦੀ ਯੋਜਨਾ ਮੁਤਾਬਕ ਹੀ ਅੱਗੇ ਵਧਣ ਦਾ ਫ਼ੈਸਲਾ ਲਿਆ।
ਸਿੱਟੇ ਵਜੋਂ ਵੇਦੁਲਾਵੇਨੀ ਸੁਰੱਨਾ, ਨਾਰਾਇਣ ਸਵਾਮੀ, ਕਾਲੂੱਰੂਸੁਬਾਰੋ ਨੂੰ ਗ੍ਰਿਫ਼ਤਾਰ ਕਰ ਉਸ ਜਗ੍ਹਾ ਤੋਂ ਹਟਾ ਦਿੱਤਾ ਗਿਆ।
ਪੁਲਿਸ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਗ੍ਰਿਫ਼ਤਾਰੀਆਂ ਨੇ ਲੋਕਾਂ ਦੇ ਗੁੱਸੇ ਨੂੰ ਹੋਰ ਵੀ ਭੜਕਾ ਦਿੱਤਾ। ਉਸ ਸਮੇਂ ਕਾਂਗਰਸ ਆਗੂ ਰਾਮਚਰ ਨੇ ਸੱਤਿਆਗ੍ਰਹੀਆਂ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ।
ਮੈਜਿਸਟ੍ਰੇਟ ਨੇ ਉਸ ਨੂੰ ਹੁਕਮ ਦਿੱਤੇ ਹੋਏ ਸਨ ਕਿ ਉਸ ਨੂੰ ਉੱਥੇ ਬੋਲਣ ਦੀ ਇਜਾਜ਼ਤ ਨਹੀਂ ਹੈ ਅਤੇ ਉਨ੍ਹਾਂ ਨੂੰ ਇਹ ਥਾਂ ਛੱਡਣ ਲਈ ਵੀ ਕਿਹਾ ਗਿਆ।

ਤਸਵੀਰ ਸਰੋਤ, Getty Images
ਰਾਮਚਰ ਨੇ ਇਨ੍ਹਾਂ ਹੁਕਮਾਂ ਨੂੰ ਮੰਨਣ ਲਈ ਇਨਕਾਰ ਕਰ ਦਿੱਤਾ ਅਤੇ ਲੋਕਾਂ ਨੇ ਇੱਕ-ਦੂਸਰੇ ਵਿਚ ਜੋਸ਼ ਭਰਨਾ ਸ਼ੁਰੂ ਕਰ ਦਿੱਤਾ।
ਇਸੇ ਦੌਰਾਨ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਨੇ ਆਪਣੀ ਪਿਸਤੌਲ ਨਾਲ ਗੋਲੀਬਾਰੀ ਕਰ ਦਿੱਤੀ।
ਜਦੋਂ ਇਸ ਘਟਨਾ ਵਿਚ ਪਹਿਲੀ ਗੋਲੀ ਇੱਕ ਵਿਅਕਤੀ ਨੂੰ ਲੱਗੀ ਤਾਂ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਐੱਸਪੀ ਅਤੇ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਗੋਲੀਆਂ ਦੀ ਬਰਸਾਤ ਸ਼ੁਰੂ ਹੋ ਗਈ।
ਇੱਕ-ਇੱਕ ਕਰਕੇ ਇਸ ਗੋਲੀਬਾਰੀ ਵਿਚ ਸੱਤਿਆਗ੍ਰਹੀ ਢਹਿੰਦੇ ਗਏ।
ਦੁਪਹਿਰ ਦੇ 1 ਵਜੇ ਸ਼ੁਰੂ ਹੋਈ ਇਸ ਗੋਲੀਬਾਰੀ ਵਿਚ 32 ਲੋਕਾਂ ਦੀ ਮੌਤ ਹੋ ਗਈ ਅਤੇ 48 ਲੋਕ ਜ਼ਖਮੀ ਹੋ ਗਏ। ਪੇਨਾ ਨਦੀ ਦੇ ਕੰਢੇ ਖੂਨ ਹੀ ਖੂਨ ਦਿਖਾਈ ਦੇ ਰਿਹਾ ਸੀ।
ਵਿਦੁਰਸ਼ਵਾਥਾ ਦਾ ਬਾਗ਼ ਸੱਤਿਆਗ੍ਰਹੀਆਂ ਦੀਆਂ ਲਾਸ਼ਾਂ ਨਾਲ ਕਬਰਿਸਤਾਨ ਵਿਚ ਤਬਦੀਲ ਹੋ ਗਿਆ। ਸੱਤਿਆਗ੍ਰਹੀਆਂ ਦੇ ਮ੍ਰਿਤਕ ਸਰੀਰ ਪੂਰੇ ਬਾਗ਼ ਵਿਚ ਵਿਛੇ ਹੋਏ ਸਨ।
ਦੂਤ ਵਜੋਂ ਭੂਮਿਕਾ ਨਿਭਾਉਣ ਵਾਲੇ ਵੱਲਭ ਭਾਈ ਪਟੇਲ
ਮਹਾਤਮਾ ਗਾਂਧੀ ਨੂੰ ਵਿਦੁਰਸ਼ਵਾਥਾ ਤ੍ਰਾਸਦੀ ਬਾਰੇ ਸੂਚਿਤ ਕੀਤਾ ਗਿਆ। ਜਿਸ ਵੇਲੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਉਦੋਂ ਉਹ ਵਰਧਾ ਵਿਚ ਸਨ।
ਉਨ੍ਹਾਂ ਨੇ 29 ਅਪ੍ਰੈਲ ਨੂੰ ਆਪਣਾ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਇਸ ਸਾਕੇ ਦੀ ਨਿਖੇਧੀ ਕਰਦਿਆਂ ਕਿਹਾ ਕਿ, "ਆਜ਼ਾਦੀ ਲਈ ਵਿਦੁਰਸ਼ਵਾਥਾ ਵਿਚ ਅਹਿੰਸਾ ਦਾ ਮਾਰਗ ਚੁਣਨ ਵਾਲੇ 32 ਸ਼ਹੀਦਾਂ ਦੀ ਸ਼ਹੀਦੀ ਵਿਅਰਥ ਨਹੀਂ ਜਾਵੇਗੀ।"
ਇਸ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮੈਸੂਰ ਸੂਬੇ ਦੇ ਉਸ ਖੇਤਰ ਵਿਚ ਕੁਝ ਅਖ਼ਬਾਰਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ।
ਇਸ ਨੇ ਆਗੂਆਂ ਨੂੰ 2 ਮਹੀਨਿਆਂ ਤੱਕ ਬੋਲਣ 'ਤੇ ਵੀ ਰੋਕ ਲਗਾ ਦਿੱਤੀ।
ਗ੍ਰਿਫ਼ਤਾਰੀਆਂ ਅਤੇ ਪਾਬੰਦੀਆਂ ਦਾ ਵਿਰੋਧ ਕਰਨ ਵਾਲੇ ਵਿਦਿਆਰਥੀ ਪੂਰੇ ਕੋਲਾਰ ਸੂਬੇ ਵਿਚ ਸੜਕਾਂ 'ਤੇ ਆਉਣ ਲੱਗੇ। ਖੇਤਰ ਵਿਚ ਫੌਜ ਨੂੰ ਬੁਲਾਇਆ ਗਿਆ, ਜਿਸ ਨਾਲ ਹਾਲਾਤ ਹੋਰ ਵਿਗੜ ਗਏ।
ਨਿਜਲਿੰਗੱਪਾ ਦੀ ਲੀਡਰਸ਼ਿਪ ਤਹਿਤ ਕਾਂਗਰਸ ਨੇ ਇੱਕ ਪੰਜ-ਮੈਂਬਰੀ ਤੱਥ ਭਾਲਣ ਵਾਲੀ ਕਮੇਟੀ ਦਾ ਗਠਨ ਕੀਤਾ।
ਇਸ ਤੋਂ ਬਾਅਦ, ਸਰਕਾਰ ਨੇ ਵੀ ਆਪਣੀ ਕਮੇਟੀ ਬਣਾਈ ਅਤੇ ਆਪਣੀ ਜਾਂਚ ਸ਼ੁਰੂ ਕੀਤੀ।
ਮੈਸੂਰੂ ਦੇ ਦੀਵਾਨ, ਸਰ ਮਿਰਜ਼ਾ, ਜੋ ਕਥਿਤ ਤੌਰ 'ਤੇ ਇਸ ਘਟਨਾ ਵੀ ਜ਼ਿੰਮੇਵਾਰ ਸਨ, ਦੀ ਖਿਲਾਫ਼ਤ ਵਿਚ ਰੋਸ ਪ੍ਰਦਰਸ਼ਨ ਹੋਰ ਤੇਜ਼ ਹੋਣ ਲੱਗੇ।
ਦੀਵਾਨ ਮਿਰਜ਼ਾ ਨੇ ਫਿਰ ਗਾਂਧੀ ਨੂੰ ਪੱਤਰ ਲਿਖਿਆ ਅਤੇ ਮਾਮਲੇ ਵਿਚ ਦਖ਼ਲ ਦੇਣ ਲਈ ਬੇਨਤੀ ਕੀਤੀ।
ਗਾਂਧੀ ਨੇ ਵੱਲਭ ਭਾਈ ਪਟੇਲ ਅਤੇ ਆਚਾਰਿਆ ਕ੍ਰਿਪਲਾਨੀ ਨੂੰ ਮੈਸੂਰੂ ਭੇਜਿਆ। ਪਾਬੰਦੀਆਂ ਦੇ ਹੁਕਮਾਂ ਨੂੰ ਹਟਾਉਣ ਅਤੇ ਗ੍ਰਿਫ਼ਤਾਰ ਕੀਤੇ ਆਗੂਆਂ ਦੀ ਰਿਹਾਈ ਲਈ ਪਟੇਲ ਦੀਆਂ ਮੰਗਾਂ ਨੂੰ ਮੈਸੂਰੂ ਦੀਵਾਨ ਨੇ ਮੰਨ ਲਿਆ।

ਝੰਡਾ ਲਹਿਰਾਉਣ ਬਾਬਤ ਪਾਬੰਦੀਸ ਦੇ ਆਦੇਸ਼ਾਂ ਨੂੰ ਵੀ ਹਟਾ ਦਿੱਤਾ ਗਿਆ।
ਇਸ ਨੂੰ 'ਪਟੇਲ-ਮਿਰਜ਼ਾ' ਸਮਝੌਤੇ ਵਜੋਂ ਵੀ ਜਾਣਿਆ ਜਾਂਦਾ ਹੈ।
ਬਾਅਦ ਵਿਚ, ਸਰਕਾਰ ਵੱਲੋਂ ਗਠਿਤ ਕਮੇਟੀ ਨੇ 147 ਗਵਾਹਾਂ ਦੀ ਜਾਂਚ ਕੀਤੀ, ਲੰਬੇ ਸਮੇ ਤੱਕ ਦਲੀਲਾਂ ਦੀ ਸੁਣਵਾਈ ਕੀਤੀ ਅਤੇ ਆਪਣੀ ਰਿਪੋਰਟ ਸੌਂਪ ਦਿੱਤੀ। ਉਨ੍ਹਾਂ ਨੇ ਫ਼ੈਸਲਾ ਲਿਆ ਕਿ ਗੋਲੀਬਾਰੀ ਚੱਲ ਰਹੇ ਹਾਲਾਤਾਂ ਦਾ ਅਟੱਲ ਨਤੀਜਾ ਸੀ ਅਤੇ ਉਸ ਨੇ ਸਿਰਫ਼ 10 ਲੋਕਾਂ ਦੀ ਮੌਤ ਦਾ ਹੀ ਐਲਾਨ ਕੀਤਾ।
'ਜਲ੍ਹਿਆਂਵਾਲਾ ਬਾਗ਼ ਆਫ਼ ਕਰਨਾਟਕਾ' ਕਿਤਾਬ ਵਿਚ ਇਸ ਗੱਲ ਦਾ ਜ਼ਿਕਰ ਹੈ ਕਿ ਮੈਸੂਰੂ ਸਰਕਾਰ ਨੇ 19 ਨਵੰਬਰ, 1938 ਨੂੰ ਇਸ ਬਾਰੇ ਸੂਚਨਾ ਜਾਰੀ ਕੀਤੀ ਸੀ।
ਬੀਬੀਸੀ ਨਾਲ ਗੱਲ ਕਰਦਿਆਂ ਮੈਮੋਰੀਅਲ ਪਾਰਕ ਦੇ ਇੰਚਾਰਜ ਰਾਮਕ੍ਰਿਸ਼ਨ ਨੇ ਦੱਸਿਆ ਕਿ 1973 ਵਿਚ ਵਿਦੁਰਸ਼ਵਾਥਾ ਦੇ ਸ਼ਹੀਦਾਂ ਲਈ ਯਾਦਗਾਰੀ ਥੰਮ੍ਹ ਬਣਾਇਆ ਗਿਆ ਸੀ।
ਯਾਦ ਰੱਖੇ ਜਾਣ ਵਾਲਾ ਬਾਗ਼
ਵਿਦੁਰਸ਼ਵਾਥਾ ਵਿਚ ਸ਼ਹੀਦ ਹੋਣ ਵਾਲੇ ਲੋਕਾਂ ਦੀ ਯਾਦ ਵਿਚ ਮੈਮੋਰੀਅਲ ਪਿੱਲਰ ਸਥਾਪਿਤ ਕੀਤਾ ਗਿਆ।
ਸਾਲ 2004 ਵਿਚ ਯਾਦਗਾਰੀ ਕਬਰ ਅਤੇ ਇੱਕ ਸ਼ਹੀਦੀ ਇਮਾਰਤ ਦੀ ਉਸਾਰੀ ਵੀ ਕੀਤੀ ਗਈ। ਇਮਾਰਤ ਦੇ ਆਲੇ-ਦੁਆਲੇ ਬਾਗ਼ ਤਿਆਰ ਕੀਤਾ ਗਿਆ ਅਤੇ ਇਸ ਨੂੰ ਵੀਰ ਸੌਧਾ ਗਾਰਡਨ ਦਾ ਨਾਂ ਦਿੱਤਾ ਗਿਆ।
ਰਾਮਕ੍ਰਿਸ਼ਨ ਨੇ ਦੱਸਿਆ ਕਿ ਇੱਥੇ ਇੱਕ ਗੈਲਰੀ ਤੇ ਇੱਕ ਲਾਈਬ੍ਰੇਰੀ ਬਣਾਈ ਗਈ ਹੈ, ਜਿਸ ਵਿਚ ਸੁਤੰਤਰਤਾ ਸੰਘਰਸ਼ ਨਾਲ ਜੁੜੀਆਂ ਕਿਤਾਬਾਂ ਹਨ, ਇੱਕ ਥਿਏਟਰ ਹੈ ਜਿੱਥੇ ਵਿਦੁਰਸ਼ਵਾਥਾ ਵਿਚ ਹੋਏ ਸਾਕੇ ਨਾਲ ਜੁੜੀਆਂ ਡਾਕਿਊਮੈਂਟਕੀਜ਼ ਸਕਰੀਨ ਕੀਤੀਆਂ ਜਾਂਦੀਆਂ ਹਨ।
'ਸੱਤਿਆਗ੍ਰਹਿ ਮੈਮੋਰੀਅਲ ਡਿਵੈਲਪਮੈਂਟ ਕਮੇਟੀ' ਦੇ ਮੈਂਬਰ ਗੰਗਾਧਰ ਮੂਰਥੀ ਦਾ ਕਹਿਣਾ ਹੈ ਕਿ ਭਾਰਤ ਦੇ ਸੁਤੰਤਰਤਾ ਸੰਘਰਸ਼ ਅਤੇ ਸ਼ਹੀਦਾਂ ਦੇ ਬਲੀਦਾਨਾਂ ਬਾਰੇ ਜਾਨਣ ਦੇ ਚਾਹਵਾਨ ਲੋਕ ਅਤੇ ਖੋਜੀ ਇੱਥੇ ਵੱਡੀ ਗਿਣਤੀ ਵਿਚ ਆਉਂਦੇ ਰਹਿੰਦੇ ਹਨ।
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3















