ਜਦੋਂ ਜਨਰਲ ਡਾਇਰ ਨੂੰ ਕਕਾਰ ਪੁਆ ਕੇ ਬਣਾਇਆ ਸੀ ਸਿੱਖ ਤੇ ਦਿੱਤਾ ਸੀ ਸਰੋਪਾ

- ਲੇਖਕ, ਖ਼ੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
13 ਅਪ੍ਰੈਲ 1919 ਨੂੰ ਹੋਏ ਇਸ ਕਾਂਡ ਵਿੱਚ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਹੋ ਰਹੇ ਸ਼ਾਂਤਮਈ ਰੋਸ ਪ੍ਰਦਰਸ਼ਨ ਦੌਰਾਨ ਬਰਤਾਨਵੀ ਫੌਜੀ ਜਨਰਲ ਡਾਇਰ ਨੇ ਗੋਲੀਆਂ ਚਲਵਾਈਆਂ ਸਨ।ਇਸ ਗੋਲੀਕਾਂਡ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋਈ ਸੀ।
ਸੰਗਰੂਰ ਤੋਂ ਐੱਮਪੀ ਸਿਮਰਨਜੀਤ ਸਿੰਘ ਮਾਨ ਨੇ ਭਗਤ ਸਿੰਘ ਨੂੰ ‘ਅੱਤਵਾਦੀ’ ਕਿਹਾ ਤੇ ਉਨ੍ਹਾਂ ਦੇ ਨਾਨਾ ਅਰੂੜ ਸਿੰਘ ਵੱਲੋਂ ਜਨਰਲ ਡਾਇਰ ਨੂੰ ਸਰੋਪਾ ਦਿੱਤੇ ਜਾਣ ਉੱਤੇ ਸਵਾਲ ਚੁੱਕੇ ਜਾ ਰਹੇ ਹਨ। ਇਸ ਬਾਰੇ ਸਿਮਰਨਜੀਤ ਸਿੰਘ ਮਾਨ ਨੇ ਸਫ਼ਾਈ ਦਿੱਤੀ। ਉਨ੍ਹਾਂ ਕਿਹਾ ਕਿ ਅਰੂੜ ਸਿੰਘ ਨੇ ਜਨਰਲ ਡਾਇਰ ਨੂੰ ਸਰੋਪਾ ਦਰਬਾਰ ਸਾਹਿਬ ਨੂੰ ਬੰਬਾਰੀ ਤੋਂ ਬਚਾਉਣ ਲਈ ਦਿੱਤਾ ਸੀ।
ਜਨਰਲ ਡਾਇਰ ਦੀ ਅਗਵਾਈ ਵਿੱਚ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਵਿੱਚ ਗੋਲੀਕਾਂਡ ਹੋਇਆ ਸੀ।
2019 ਵਿਚ ਜਦੋਂ ਜਲ੍ਹਿਆਂਵਾਲਾ ਬਾਗ ਦੇ ਗੋਲੀਕਾਂਡ ਦੇ 100 ਸਾਲ ਪੂਰੇ ਹੋਏ ਸਨ ਤਾਂ ਇਸ ਕਾਂਡ ਨਾਲ ਸਬੰਧਤ ਬੀਬੀਸੀ ਪੰਜਾਬੀ ਨੇ ਇਹ ਖਾਸ ਰਿਪੋਰਟ ਛਾਪੀ ਸੀ।
ਪਾਠਕਾਂ ਦੀ ਰੁਚੀ ਲਈ ਇਸ ਰਿਪੋਰਟ ਨੂੰ ਹੂਬਹੂ ਛਾਪਿਆ ਜਾ ਰਿਹਾ ਹੈ। ਜਲ੍ਹਿਆਂਵਾਲਾ ਬਾਗ ਕਾਂਡ ਬਾਰੇ ਜਾਣੋ 9 ਅਹਿਮ ਗੱਲਾਂ।
1. ਕੌਣ ਸਨ ਲੋਕਾਂ ਦੇ ਦੋ ਆਗੂ?
ਇਤਿਹਾਸਕਾਰ ਵੀਐੱਨ ਦੱਤਾ ਤੇ ਸਤਿਆ ਐੱਮ ਰਾਏ ਮੁਤਾਬਕ 13 ਅਪ੍ਰੈਲ 1919 ਦਾ ਜਲ੍ਹਿਆਂਵਾਲਾ ਬਾਗ ਦਾ ਖ਼ੂਨੀ ਸਾਕਾ ਆਜ਼ਾਦੀ ਲਹਿਰ ਦੇ ਦੋ ਆਗੂਆਂ ਦੀ ਬਰਤਾਨਵੀਂ ਹਕੂਮਤ ਵੱਲੋਂ ਕੀਤੀ ਗ੍ਰਿਫ਼ਤਾਰੀ ਵਿਰੋਧੀ ਅੰਦੋਲਨ ਨੂੰ ਦਬਾਉਣ ਦਾ ਵੀ ਨਤੀਜਾ ਸੀ। ਇਹ ਦੋਵੇਂ ਆਗੂ ਰੌਲਟ ਐਕਟ ਵਰਗੇ ਬਰਤਾਨਵੀਂ ਕਾਨੂੰਨਾਂ ਦੇ ਵਿਰੋਧੀ ਅੰਦੋਲਨਾਂ ਦੀ ਅਗਵਾਈ ਕਰ ਰਹੇ ਸਨ।
ਇਹ ਦੋ ਆਗੂ ਸਨ ਡਾਕਟਰ ਸਤਿਆਪਾਲ ਅਤੇ ਸੈਫ਼ੂਦੀਨ ਕਿਚਲੂ। ਅੰਮ੍ਰਿਤਸਰ ਉਨ੍ਹਾਂ ਦੀ ਕਰਮਭੂਮੀ ਸੀ ਅਤੇ ਇਹ ਦੋਵੇਂ ਕਾਂਗਰਸ ਦੇ ਅਹਿੰਸਕ ਅੰਦੋਲਨਾਂ ਦੇ ਅੰਮ੍ਰਿਤਸਰ ਵਿੱਚ ਚਿਹਰਾ-ਮੁਹਰਾ ਸਨ।
ਸੈਫ਼-ਉਦ-ਦੀਨ-ਕਿਚਲੂ ਤੇ ਡਾਕਟਰ ਸਤਿਆਪਾਲ ਦੀ ਜੋੜੀ ਦੇ ਜ਼ੋਰਦਾਰ ਭਾਸ਼ਣਾਂ ਕਾਰਨ ਉਨ੍ਹਾਂ ਦੋਵਾਂ ਉੱਤੇ ਜਲਸਿਆਂ ਵਿੱਚ ਤਕਰੀਰਾਂ ਕਰਨ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ:
10 ਅਪ੍ਰੈਲ 1919 ਨੂੰ ਡਾਕਟਰ ਸੱਤਿਆਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਡਾਕਟਰ ਸੈਫੂਦੀਨ ਕਿਚਲੂ ਨਾਲ ਧਰਮਸ਼ਾਲਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ।
2. ਜਨਰਲ ਡਾਇਰ ਕੌਣ ਸੀ?
1919 ਦੇ ਖੂਨੀ ਸਾਕੇ ਉੱਤੇ 1969 ਵਿਚ ਲਿਖੀ ਗਈ ਕਿਤਾਬ 'ਜਲ੍ਹਿਆਂਵਾਲਾ ਬਾਗ' ਦੇ ਲੇਖਕ ਵੀਐੱਨ ਦੱਤਾ ਮੁਤਾਬਕ ਜਲ੍ਹਿਆਂਵਾਲਾ ਬਾਗ ਖ਼ੂਨੀ ਕਾਂਡ ਨੂੰ ਅੰਜਾਮ ਦੇਣ ਵਾਲੇ ਬਰਤਾਨਵੀਂ ਫੌਜੀ ਅਫ਼ਸਰ ਜਨਰਲ ਡਾਇਰ ਦਾ ਪੂਰਾ ਨਾਂ ਰੈਡੀਨਾਲਡ ਐਡਵਰਡ ਹੈਰੀ ਡਾਇਰ ਸੀ।
ਜਲ੍ਹਿਆਂਵਾਲਾ ਕਾਂਡ ਤੋਂ ਬਾਅਦ ਭਾਰਤ ਅਤੇ ਬ੍ਰਿਟੇਨ ਵਿੱਚ ਉਸ ਦੀ ਤਿੱਖੀ ਆਲੋਚਨਾ ਹੋਈ ਸੀ ਅਤੇ ਬਹੁਗਿਣਤੀ ਭਾਰਤੀਆਂ ਵਿੱਚ ਇਸ ਕਾਂਡ ਨੇ ਬਰਤਾਨਵੀਂ ਹਕੂਮਤ ਖ਼ਿਲਾਫ਼ ਰੋਹ ਜਗਾ ਦਿੱਤਾ ਸੀ।

ਤਸਵੀਰ ਸਰੋਤ, Ravinder Singh Robin/bbc
ਵੀਐੱਨ ਦੱਤਾ ਆਪਣੇ ਲੇਖ 'ਜਲ੍ਹਿਆਂਵਾਲਾ ਬਾਗ : ਕਤਲੇਆਮ ਤੇ ਪਰਿਣਾਮֹ' ਵਿੱਚ ਲਿਖਦੇ ਹਨ ਕਿ ਡਾਇਰ ਪਰਿਵਾਰ ਦਾ ਭਾਰਤ ਨਾਲ ਰਿਸ਼ਤਾ ਕਰੀਬ ਇੱਕ ਸਦੀ ਦਾ ਸੀ। ਉਸ ਦੇ ਦਾਦਾ ਜੌਹਨ ਐਡਵਰਡ ਦਾ ਜਨਮ 7 ਜੁਲਾਈ 1831 ਨੂੰ ਕੋਲਕਾਤਾ ਵਿੱਚ ਹੋਇਆ ਸੀ ਅਤੇ ਉਹ ਭਾਰਤ ਵਿੱਚ ਹੀ ਵਸ ਗਿਆ ਸੀ।
ਜਨਰਲ ਨੇ ਮੁੱਢਲੀ ਪੜ੍ਹਾਈ ਸ਼ਿਮਲਾ ਦੇ ਬਿਸ਼ਪ ਕਾਟਨ ਤੋਂ ਕੀਤੀ ਸੀ ਅਤੇ ਕਾਲਜ ਦੀ ਪੜ੍ਹਾਈ ਆਇਰਲੈਂਡ ਤੋਂ ਕੀਤੀ ਸੀ।
ਡਾਇਰ ਜ਼ਿਆਦਾ ਕਰਕੇ ਜੰਗੀ ਮੁਹਿੰਮਾਂ ਵਿੱਚ ਸਰਗਰਮ ਰਿਹਾ ਸੀ। ਭਾਰਤ ਵਾਪਸੀ ਉੱਤੇ ਜਲੰਧਰ ਵਿੱਚ ਡਾਇਰ ਨੂੰ ਬ੍ਰਿਗੇਡ ਕਮਾਂਡਰ ਲਾਇਆ ਗਿਆ ਸੀ।
ਸਾਲ 1919 ਦੇ ਮਾਰਚ -ਅਪ੍ਰੈਲ ਦੌਰਾਨ ਲੋਕ ਅੰਦੋਲਨ ਨੂੰ ਦਬਾਉਣ ਲਈ ਉਹ ਜਲੰਧਰ ਤੋਂ ਹੀ 10 ਅਪ੍ਰੈਲ ਨੂੰ ਫੌਜੀ ਦਸਤਿਆਂ ਨਾਲ ਅੰਮ੍ਰਿਤਸਰ ਪਹੁੰਚਿਆ ਸੀ।
3. ਕੂਚਾ ਕੌੜਿਆਂਵਾਲਾਂ ਵਾਲੀ ਗਲ਼ੀ
'ਪੰਜਾਬ ਵਿੱਚ ਸੁਤੰਤਰਤਾ ਸੰਗਰਾਮ ਦੀਆਂ ਮੁੱਖ ਧਾਰਵਾਂ ਕਿਤਾਬ' ਦੇ ਜਲ੍ਹਿਆਂਵਾਲਾ ਬਾਗ ਵਾਲੇ ਚੈਪਟਰ ਵਿੱਚ ਪ੍ਰਿੰਸੀਪਲ ਪ੍ਰਿਥੀਪਾਲ ਸਿੰਘ ਕਪੂਰ ਲਿਖਦੇ ਹਨ, "ਰੌਲਟ ਐਕਟ ਉੱਤੇ ਅੰਦੋਲਨ ਕਾਫ਼ੀ ਤਿੱਖਾ ਹੋ ਗਿਆ ਸੀ ਅਤੇ ਪ੍ਰਸਾਸ਼ਨ ਨੂੰ ਹਾਲਾਤ ਹੱਥੋਂ ਬਾਹਰ ਜਾਂਦੇ ਲਗ ਰਹੇ ਸਨ।
"ਅਪ੍ਰੈਲ 9, 1919 ਤੱਕ ਪੂਰਾ ਅੰਦੋਲਨ ਸਾਂਤਮਈ ਰਿਹਾ ਪਰ ਫਿਰ ਬਰਤਾਨਵੀਂ ਅਫ਼ਸਰਾਂ ਨੇ ਮੁੱਖ ਆਗੂ ਡਾ. ਸਤਿਆਪਾਲ ਤੇ ਡਾ. ਸੈਫ਼-ਉਦ-ਦੀਨ ਕਿਚਲੂ ਨੂੰ ਗ੍ਰਿਫਤਾਰ ਕਰ ਲਿਆ ਸੀ।"
"ਇਸ ਤੋਂ ਬਾਅਦ ਲੋਕ ਭੜਕ ਉੱਠੇ। ਲੋਕਾਂ ਨੇ ਵੱਡੀ ਗਿਣਤੀ ਵਿਚ ਇਮਾਰਤਾਂ ਨੂੰ ਅੱਗ ਲਾ ਦਿੱਤੀ ਅਤੇ ਭੰਨ ਤੋੜ ਕੀਤੀ ਸੀ। ਪੁਲਿਸ ਨੇ ਭੀੜ ਉੱਤੇ ਗੋਲੀ ਚਲਾ ਕੇ 20 ਬੰਦੇ ਮਾਰ ਦਿੱਤੇ ਸੀ।"

ਤਸਵੀਰ ਸਰੋਤ, Ravinder Singh Robin/BBC
'ਜਲ੍ਹਿਆਂਵਾਲਾ ਬਾਗ -1919 ਦਾ ਰੀਅਲ ਸਟੋਰੀ' ਦੀ ਲੇਖਕ ਕਿਸ਼ਵਰ ਦੇਸਾਈ ਦੇ ਪੰਨਾ ਨੰਬਰ 112 ਉੱਤੇ ਲਿਖਦੀ ਹੈ, "10 ਅਪ੍ਰੈਲ ਨੂੰ ਮਿਸ਼ਨਰੀ ਮਾਰਸੈਲਾ ਸ਼ੇਰਵੁੱਡ ਉੱਤੇ ਭੜਕੀ ਭੀੜ ਨੇ ਹਮਲਾ ਕਰ ਦਿੱਤਾ, ਇਹ ਹਮਲਾ ਦੁਪਹਿਰ ਇੱਕ ਵਜੇ ਦੇ ਕਰੀਬ ਹੋਇਆ। ਉਹ ਮਿਸ਼ਨ ਸਕੂਲ ਦੀ ਸੁਪਰਡੈਂਟ ਸੀ।”
“ਜਦੋਂ ਰੇਲਵੇ ਪੁਲ਼ ਉੱਤੇ ਪੁਲਿਸ ਫਾਇਰਿੰਗ ਵਿੱਚ ਕਈ ਬੰਦੇ ਮਾਰੇ ਗਏ ਤਾਂ ਲੋਕ ਭੜਕ ਉੱਠੇ ਅਤੇ ਉਨ੍ਹਾਂ ਬ੍ਰਿਟੇਨ ਪਛਾਣ ਨਾਲ ਜੁੜੇ ਅਦਾਰਿਆਂ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਈ ਬੈਂਕਾਂ ਉੱਤੇ ਹਮਲੇ ਕੀਤੇ। ਇਸ ਹਿੰਸਾ ਵਿਚ 5 ਬਰਤਾਨਵੀਂ ਮਾਰੇ ਗਏ. ਇਸ ਹਿੰਸਾ ਦੀ ਲਪੇਟ ਵਿਚ ਸ਼ੇਰੁਵੁੱਡ ਵੀ ਆ ਗਈ।"
ਕਿਸ਼ਵਰ ਦੇਸਾਈ ਮੁਤਾਬਕ ਡਾਇਰ ਜਦੋਂ ਹਸਪਤਾਲ ਵਿਚ ਬੁਰ੍ਹੀ ਤਰ੍ਹਾਂ ਜ਼ਖ਼ਮੀ ਸ਼ੇਰਵੁੱਡ ਨੂੰ ਮਿਲਿਆ ਤਾਂ ਉਸ ਨੇ ਉਸ ਗਲੀ ਦੇ ਦੋਵੇਂ ਪਾਸੇ ਗਾਰਡਜ਼ ਖੜ੍ਹੇ ਕਰ ਦਿੱਤੇ।
ਕਰੀਬ 150 ਗਜ ਦੀ ਉਹ ਥਾਂ ਜਿੱਥੇ ਉਸ ਉੱਤੇ ਹਮਲਾ ਕੀਤਾ ਗਿਆ ਉੱਥੋਂ ਗੁਜ਼ਰਨ ਵੇਲੇ ਭਾਰਤੀਆਂ ਨੂੰ ਲੇਟ ਕੇ (ਰੁੜ ਕੇ) ਲੰਘਣਾ ਪੈਂਦਾ ਸੀ। ਇਸ ਰਾਹ ਤੋਂ ਲੰਘਣ ਸਮੇਂ ਨੌਜਵਾਨਾਂ ਦੇ ਕੌੜੇ ਮਾਰ ਜਾਂਦੇ ਸਨ। ਬਜ਼ੁਰਗਾਂ ਔਰਤਾਂ ਅਤੇ ਬੱਚਿਆਂ ਵਿੱਚੋਂ ਕਿਸੇ ਨੂੰ ਨਹੀਂ ਬਖ਼ਸ਼ਿਆ ਗਿਆ ਸੀ। ਜਿਨ੍ਹਾਂ ਲੋਕਾਂ ਦੇ ਇੱਥੇ ਘਰ ਸਨ ਉਹ 8 ਦਿਨ ਜੇਲ੍ਹ ਵਾਂਗ ਰਹੇ। ਇਸ ਗਲ਼ੀ ਨੂੰ ਕੂਚਾ ਕੌੜਿਆਂਵਾਲਾਂ ਕਿਹਾ ਜਾਂਦਾ ਸੀ।
"ਇਹ ਹੁਕਮ ਸਵੇਰੇ 6 ਵਜੇ ਤੋਂ ਰਾਤੀਂ 8 ਵਜੇ ਤੱਕ ਲਾਗੂ ਹੁੰਦੇ ਸਨ, ਰਾਤ ਨੂੰ ਕਰਫਿਊ ਹੋਣ ਕਾਰਨ ਇਸ ਦੀ ਲੋੜ ਨਹੀਂ ਸੀ। ਇਸ ਖੇਤਰ ਵਿੱਚ ਪੈਂਦੇ ਘਰਾਂ ਦੇ ਪਿਛਲੇ ਪਾਸੇ ਦਰਵਾਜ਼ੇ ਨਹੀਂ ਸਨ ਅਤੇ ਲੋਕਾਂ ਨੂੰ ਲੇਟ ਕੇ ਜ਼ਮੀਨ ਉੱਤੇ ਘਿਸਰ ਕੇ ਲੰਘਣਾ ਪੈਂਦਾ ਸੀ।"
4. ਰੌਲਟ ਐਕਟ ਕੀ ਸੀ?
ਐਨਾਰਕੀਕਲ ਐਂਡ ਰੈਵੋਰੂਸ਼ਨਰੀ ਕਰਾਈਮ ਐਕਟ ਆਫ਼ -1919 ਨੂੰ ਆਮ ਕਰਕੇ 'ਰੌਲਟ ਐਕਟ' ਜਾਂ 'ਕਾਲਾ ਕਾਨੂੰਨ' ਵੀ ਕਿਹਾ ਜਾਂਦਾ ਹੈ।
ਦਿੱਲੀ ਦੀ ਬਰਤਾਨਵੀਂ ਲੈਜਿਸਲੇਟਿਵ ਕੌਂਸਲ ਨੇ ਇਸ ਨੂੰ 10 ਮਾਰਚ 1919 ਨੂੰ ਪਾਸ ਕੀਤਾ ਸੀ। ਇਹ ਕਾਨੂੰਨ ਸਰ ਸਿਡਨੀ ਆਰਥਰ ਟੇਲਰ ਰੌਲਟ ਦੀ ਅਗਵਾਈ ਵਾਲੇ ਕਮਿਸ਼ਨ ਦੀਆਂ ਸਿਫ਼ਾਰਿਸਾਂ ਉੱਤੇ ਅਧਾਰਿਤ ਸੀ। ਇਸੇ ਲਈ ਇਸ ਨੂੰ 'ਰੌਲਟ ਐਕਟ' ਕਿਹਾ ਜਾਂਦਾ ਸੀ ਪਰ ਭਾਰਤੀ ਇਸ ਨੂੰ 'ਕਾਲਾ ਕਾਨੂੰਨ' ਦੱਸਦੇ ਸਨ।
ਇਸ ਕਾਨੂੰਨ ਦਾ ਅਧਾਰ 'ਡਿਫ਼ੈਸ ਆਫ ਇੰਡੀਆ ਐਕਟ-1915' ਸੀ।

ਤਸਵੀਰ ਸਰੋਤ, Getty Images
ਇਸ ਦੇ ਮੁਤਾਬਕ ਵਿਸ਼ਵ ਜੰਗ ਦੇ ਦਿਨਾਂ ਦੌਰਾਨ ਭਾਰਤ ਵਿੱਚ ਜਿਸ ਵੀ ਵਿਅਕਤੀ ਜਾਂ ਸੰਸਥਾ ਨੂੰ ਹਕੂਮਤ ਲਈ ਖ਼ਤਰਾ ਸਮਝਿਆ ਜਾਵੇ, ਉਸ ਨੂੰ ਬਿਨਾਂ ਕਿਸੇ ਅਪੀਲ -ਦਲੀਲ ਤੋਂ ਸੰਵਿਧਾਨਕ ਹੱਕਾਂ ਤੋਂ ਵਾਂਝਾ ਕਰ ਸਕਦੀ ਸੀ।
ਸਰਕਾਰ ਉਸ ਵਿਅਕਤੀ ਨੂੰ ਜਿੰਨੇ ਮਰਜ਼ੀ ਸਮੇਂ ਲਈ ਗ੍ਰਿਫ਼ਤਾਰ ਕਰਕੇ ਹਿਰਾਸਤ ਵਿਚ ਰੱਖ ਸਕਦੀ ਸੀ।
ਇਸ ਕਾਨੂੰਨ ਦੀ ਵਰਤੋਂ ਗਦਰੀ ਇਨਕਲਾਬੀਆਂ ਅਤੇ ਭਾਰਤੀ ਅਜ਼ਾਦੀ ਲਈ ਲੜਨ ਵਾਲਿਆਂ ਖ਼ਿਲਾਫ਼ ਕੀਤੀ ਗਈ।
ਖਾਸਕਰ ਪੰਜਾਬ ਅਤੇ ਬੰਗਾਲ ਵਿੱਚ ਇਸ ਦੀ ਵਰਤੋਂ ਹੋਈ ਸੀ। ਪਹਿਲਾਂ ਇਹ ਅਸਥਾਈ ਕਾਨੂੰਨ ਸੀ ਅਤੇ ਜੰਗੀ ਹਾਲਾਤ ਦੌਰਾਨ ਇਸ ਨੂੰ ਬਣਾਇਆ ਗਿਆ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪਰ ਪਹਿਲੀ ਵਿਸ਼ਵ ਜੰਗ ਖ਼ਤਮ ਹੋਣ ਤੋਂ ਬਾਅਦ ਇਸ ਨੂੰ ਸਥਾਈ ਕਰਨ ਲਈ ਰੌਲਟ ਕਮਿਸ਼ਨ ਬਣਾਇਆ ਗਿਆ। ਰੌਲਟ ਕਮਿਸ਼ਨ ਦਾ ਭਾਰਤ ਵਿਚ ਤਿੱਖਾ ਵਿਰੋਧ ਹੋਇਆ ਸੀ।
ਰੌਲਟ ਕਮਿਸ਼ਨ ਦੀਆਂ ਸ਼ਿਫ਼ਾਰਿਸ਼ਾਂ ਮੁਤਾਬਕ ਸਰਕਾਰੀ ਖੁਫ਼ੀਆ ਰਿਪੋਰਟਾਂ ਅਤੇ ਬਰਤਾਨਵੀਂ ਅਫ਼ਸਰਾਂ ਦੀ ਭਾਰਤ ਦੇ ਇਨਕਲਾਬੀਆਂ ਨੂੰ ਸਮਾਰਾਜ ਲਈ ਖ਼ਤਰਾ ਦੱਸ ਕੇ ਕਾਨੂੰਨ ਦਾ ਖਰੜਾ ਤਿਆਰ ਕੀਤਾ ਗਿਆ ਸੀ।
ਇਸ ਮੁਤਾਬਕ ਸਿਰਫ਼ ਸ਼ੱਕ ਦੇ ਅਧਾਰ ਉੱਤੇ ਕਿਸੇ ਵੀ ਵਿਅਕਤੀ ਨੂੰ ਬਿਨਾਂ ਅਦਾਲਤ ਵਿੱਚ ਪੇਸ਼ ਕੀਤੇ ਜਾਂ ਮੁਕੱਦਮਾ ਚਲਾਏ ਬੰਦੀ ਬਣਾਇਆ ਜਾ ਸਕਦਾ ਸੀ।
ਰੌਲਟ ਐਕਟ ਹੀ ਉਹ ਕਾਨੂੰਨ ਸੀ ਜਿਸ ਨੇ ਹਕੂਮਤ ਨੂੰ ਅਣਚਾਹੀ ਤਾਕਤ ਦਿੱਤੀ। ਇਸ ਐਕਟ ਦੇ ਵਿਰੋਧ ਵਜੋਂ ਪੰਜਾਬ ਵਿਚ ਜ਼ਬਰਦਸਤ ਅੰਦੋਲਨ ਬਣਿਆ ਸੀ। ਇਸੇ ਕਾਨੂੰਨ ਦੇ ਵਿਰੋਧ ਵਿੱਚ ਜਲ੍ਹਿਆਂਵਾਲਾ ਬਾਗ ਵਿੱਚ ਸਭਾ ਹੋ ਰਹੀ ਸੀ।
5. ਜਲ੍ਹਿਆਂਵਾਲਾ ਬਾਗ ਕਾਂਡ ਵਿੱਚ ਕਿੰਨੀਆਂ ਮੌਤਾਂ ਹੋਈਆਂ ਸਨ?
ਇਤਿਹਾਸਕਾਰ ਵੀਐੱਨ ਦੱਤਾ ਮੁਤਾਬਕ ਜਲ੍ਹਿਆਂਵਾਲਾ ਬਾਗ ਕਾਂਡ ਵਿੱਚ ਹੋਈਆਂ ਮੌਤਾਂ ਬਾਰੇ ਕਈ ਅੰਕੜੇ ਮਿਲਦੇ ਹਨ। ਦੱਤਾ ਲਿਖਦੇ ਹਨ ਕਿ ਜਨਰਲ ਡਾਇਰ ਨੇ ਲੈ. ਗਵਰਨਰ ਨੂੰ ਮਰਨ ਵਾਲਿਆਂ ਦੀ ਗਿਣਤੀ ਬਾਰੇ 200-300 ਦੇ ਵਿਚਕਾਰ ਦਾ ਅੰਦਾਜ਼ਾ ਲਿਖ ਕੇ ਭੇਜਿਆ ਸੀ।
ਜਦਕਿ ਜੇਬੀ ਥਾਪਸਨ ਦੀ ਗਿਣਤੀ ਮਿਣਤੀ ਮੁਤਾਬਕ ਬਾਗ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ 291 ਤੋਂ ਵੱਧ ਨਹੀਂ ਸੀ, ਪਰ ਸੇਵਾ ਸੰਮਤੀ ਜਿਸ ਨੇ ਘਰਾਂ ਵਿਚ ਜਾ ਕੇ ਸਰਵੇ ਕਰਨ ਦਾ ਦਾਅਵਾ ਕੀਤਾ ਉਸ ਮਤਾਬਕ ਉਸ ਨੂੰ 530 ਬੰਦਿਆਂ ਦੇ ਮਾਰੇ ਜਾਣ ਦੇ ਵੇਰਵੇ ਮਿਲੇ ਸਨ।

ਤਸਵੀਰ ਸਰੋਤ, Ravinder Singh Robin/ BBC
ਵੀਐੱਨ ਦੱਤ ਦੇ ਲੇਖ 'ਜਲ੍ਹਿਆਂਵਾਲਾ ਬਾਗ: ਕਤਲੇਆਮ ਤੇ ਪਰਿਣਾਮ' ਦੇ ਲੇਖ ਅਨੁਸਾਰ ਸਰਕਾਰੀ ਅੰਕੜੇ ਮੁਤਾਬਿਕ 379 ਲੋਕ ਮਾਰੇ ਗਏ ਸਨ।
ਵੀਐੱਨ ਦੱਤ ਅਨੁਸਾਰ ਲੈਜੇਸਲੇਟਵ ਕੌਂਸਲ ਦੀ ਮੀਟਿੰਗ ਵਿੱਚ ਪੰਡਤ ਮਦਨ ਮੋਹਨ ਮਾਲਵੀਆ ਨੇ ਦੱਸਿਆ ਕਿ ਸਰਕਾਰੀ ਦਾਅਵੇ ਦੇ ਉਲਟ ਮਰਨ ਵਾਲਿਆਂ ਦੀ ਗਿਣਤੀ ਸਬੰਧੀ 1000 ਦਾ ਅੰਕੜਾ ਸੱਚ ਦੇ ਵਧੇਰੇ ਨੇੜੇ ਹੈ।
ਵੀਐੱਨ ਦੱਤਾ ਮੁਤਾਬਕ ਮਾਲਵੀਆ ਦਾ ਅੰਕੜਾ ਵਧਾ ਚੜ੍ਹਾ ਕੇ ਦੱਸਿਆ ਹੋਇਆ ਨਹੀਂ ਹੈ। ਮਾਲਵੀਆ ਦਾ ਕਹਿਣ ਸੀ ਕਿ ਇਕ ਛੋਟੀ ਜਿਹੀ ਥਾਂ ਜਿੱਥੇ 15 ਹਜ਼ਾਰ ਬੰਦਿਆਂ ਦੀ ਭੀੜ ਇਕੱਠੀ ਹੋਵੇ ਤੇ 1650 ਕਾਰਤੂਸ ਦਾਗੇ ਗਏ ਹੋਣ ਉੱਥੇ 700 ਬੰਦਿਆਂ ਦਾ ਮਾਰੇ ਜਾਣਾ ਅਸੰਭਵ ਗੱਲ ਨਹੀਂ ਲਗਦੀ।
6. ਡਾਇਰ ਤੇ ਓ ਡੀਵਾਇਰ
ਆਮ ਤੌਰ ਉੱਤੇ ਕਿਹਾ ਜਾਂਦਾ ਹੈ ਕਿ ਭਾਰਤੀ ਆਜ਼ਾਦੀ ਘੁਲਾਟੀਏ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਮਾਰ ਕੇ ਜਲ੍ਹਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਦਾ ਬਦਲਾ ਲਿਆ ਸੀ।
ਪਰ ਅਸਲੀਅਤ ਇਹ ਹੈ ਕਿ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਵਿੱਚ ਲੋਕਾਂ ਉੱਤੇ ਅੰਨ੍ਹੇਵਾਹ ਫਾਇਰਿੰਗ ਕਰਵਾਉਣ ਵਾਲੇ ਰੈਡੀਨਾਲਡ ਐਡਵਰਡ ਹੈਰੀ ਡਾਇਰ ਦਾ ਨਹੀਂ ਬਲਕਿ ਸਰ ਮਾਇਕਲ ਓ ਡੀਵਾਇਰ ਦਾ ਕਤਲ ਕੀਤਾ ਸੀ।
ਓ ਡੀਵਾਇਰ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੌਰਾਨ ਪੰਜਾਬ ਦਾ ਗਵਰਨਰ ਸੀ ਅਤੇ ਉਸ ਨੇ ਹੀ ਇਸ ਫਾਇਰਿੰਗ ਦੇ ਹੁਕਮ ਦਿੱਤੇ ਸਨ।
ਓ ਡੀਵਾਇਰ ਨੇ ਖੂਨੀ ਸਾਕੇ ਦੀ ਜਾਂਚ ਲਈ ਬਣੇ ਹੰਟਰ ਕਮਿਸ਼ਨ ਅੱਗੇ ਡਾਇਰ ਦੇ ਕਾਰੇ ਨੂੰ ਜਾਇਜ਼ ਦੱਸਿਆ ਸੀ।
ਲੰਡਨ ਦੇ ਕੈਕਸਟਨ ਹਾਲ ਵਿੱਚ 13 ਜੂਨ 1940 ਨੂੰ ਜਦੋਂ ਊਧਮ ਸਿੰਘ ਨੇ ਓ ਡੀਵਾਇਰ ਨੂੰ ਮਾਰਿਆ ਉਦੋਂ ਉਹ ਰਾਇਲ ਸੁਸਾਇਟੀ ਆਫ਼ ਏਸ਼ੀਅਨ ਅਫ਼ੇਅਜ਼ ਦੇ ਸਮਾਗਮ ਵਿਚ ਭਾਸ਼ਣ ਦੇ ਰਿਹਾ ਸੀ ਅਤੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਨੂੰ ਜਾਇਜ਼ ਠਹਿਰਾ ਰਿਹਾ ਸੀ।
7. ਹੰਟਰ ਕਮਿਸ਼ਨ ਕੀ ਸੀ
ਇਤਿਹਾਸਕਾਰ ਸੱਤਿਆ ਐੱਮ ਰਾਏ ਵੱਲੋਂ ਲਿਖੇ ਲੇਖ ਵਿੱਚ ਉਨ੍ਹਾਂ ਲਿਖਿਆ ਕਿ ਮਾਰਸ਼ਲ ਲਾਅ ਅਤੇ ਸੈਂਸਰਸ਼ਿਪ ਖ਼ਤਮ ਹੋਣ ਤੋਂ ਬਾਅਦ ਜਦੋਂ ਲੋਕਾਂ ਉੱਤੇ ਵਰਤਾਏ ਕਹਿਰ ਦੀਆਂ ਖ਼ਬਰਾਂ ਬਾਹਰ ਆਈਆਂ ਤਾਂ ਇਸ ਦੀ ਭਾਰਤ ਅਤੇ ਬ੍ਰਿਟੇਨ ਸਣੇ ਚੁਫੇਰਿਓਂ ਨਿੰਦਾ ਹੋਈ।
ਲੋਕਾਂ ਦੀ ਰਾਏ ਤੋਂ ਮਜ਼ਬੂਰ ਹੋ ਕੇ ਬ੍ਰਿਟਨ ਸਰਕਾਰ ਨੇ ਲਾਰਡ ਹੰਟਰ ਦੀ ਅਗਵਾਈ ਵਿਚ ਕਮਿਸ਼ਨ ਦਾ ਗਠਨ ਕੀਤਾ।
ਰਾਏ ਲਿਖਦੇ ਹਨ ਕਿ ਬਰਤਾਨਵੀਂ ਸਰਕਾਰ ਨੇ ਹੰਟਰ ਕਮਿਸ਼ਨ ਨੂੰ ਮਾਰਸ਼ਲ ਲਾਅ ਦੌਰਾਨ ਪੰਜਾਬ ਵਿਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਸੀ।

ਤਸਵੀਰ ਸਰੋਤ, Ravinder singh Robin/BBC
ਪਰ ਕਾਂਗਰਸ ਨੇ ਹੰਟਰ ਕਮਿਸ਼ਨ ਦੀ ਬਣਤਰ ਬਾਰੇ ਸਵਾਲ ਚੁੱਕੇ ਅਤੇ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿਚ ਵੱਖਰੀ ਜਾਂਚ ਕਮੇਟੀ ਦਾ ਗਠਨ ਕੀਤਾ।
ਹੰਟਰ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਕਮਿਸ਼ਨ ਮਾਰਸ਼ਲ ਲਾਅ ਦੀ ਲੋੜ ਅਤੇ ਇਸ ਦਾ ਲੰਮੇ ਸਮੇਂ ਤੱਕ ਲਾਗੂ ਰਹਿਣ ਅਤੇ ਮਾਰਸ਼ਲ ਲਾਅ ਪ੍ਰਸ਼ਾਸਨ ਦੀ ਸਖ਼ਤੀ ਨਾਲ ਸਹਿਮਤ ਨਹੀਂ।
ਇਸ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਜਲ੍ਹਿਆਂਵਾਲਾ ਬਾਗ ਖ਼ੂਨੀ ਕਾਂਡ ਦੀ ਨਿਖੇਧੀ ਕਰਦਿਆਂ ਲਿਖਿਆ, ''ਉਸ ਨੇ ਜਦੋਂ ਤੱਕ ਮਨ ਕੀਤਾ ਫਾਇਰਿੰਗ ਕੀਤੀ, ਜਿਸ ਤੋਂ ਇਹ ਸਮਝ ਆਉਂਦੀ ਹੈ ਕਿ ਜਰਨਲ ਡਾਇਰ ਨੇ ਇੱਕ ਬੱਜਰ ਗੁਨਾਹ ਕੀਤਾ ਹੈ। ਇਸ ਕਮਿਸ਼ਨ ਵਿਚ ਪੀੜ੍ਹਤ ਪੱਖ ਦੇ ਮੈਂਬਰਾਂ ਨੇ ਕਿਹਾ ਕਿ ਸਰਕਾਰ ਦਾ 'ਮਾਰਸ਼ਲ ਲਾਅ' ਦੌਰਾਨ ਫੌਜੀ ਤਾਕਤ ਵਰਤਣਾ ਪੂਰੀ ਤਰ੍ਹਾਂ ਬੇਇਨਸਾਫ਼ੀ ਹੈ।''
ਜਨਰਲ ਡਾਇਰ ਦਾ ਮੰਨਣਾ ਸੀ ਕਿ ਉਸ ਨੇ ਬਗਾਵਤ ਨੂੰ ਦਬਾਇਆ ਹੈ। ਇਹੀ ਵਿਚਾਰ ਤਤਕਾਲੀ ਗਵਰਨਰ ਸਰ ਮਾਈਕਲ ਓ-ਡਵਾਇਰ ਦੇ ਸਨ , ਪਰ ਹੰਟਰ ਕਮਿਸ਼ਨ ਨੇ ਲਿਖਿਆ, ''ਉੱਥੇ ਕੋਈ ਬਗਾਵਤ ਨਹੀਂ ਹੋ ਰਹੀ ਸੀ ਜਿਸ ਨੂੰ ਖ਼ਤਮ ਕਰਨ ਦੀ ਲੋੜ ਸੀ।''
ਰਾਏ ਮੁਤਾਬਕ ਭਾਰਤੀ ਲੋਕਾਂ ਨੇ ਇਸ ਹੰਟਰ ਕਮਿਸ਼ਨ ਨੂੰ ਗੈਰ-ਤਸੱਲੀਬਖ਼ਸ਼ ਅਤੇ ਅਧੂਰਾ ਕਿਹਾ।
ਲੋਕਾਂ ਨੇ ਮਾਈਕਲ ਓ ਡਵਾਇਰ ਦੀ ਹੰਟਰ ਕਮੇਟੀ ਅੱਗੇ ਪੁਲਿਸ ਤੇ ਫੌਜੀ ਕਾਰਵਾਈਆਂ ਨੂੰ ਜ਼ਰੂਰੀ ਦੱਸਣ ਦਾ ਵੀ ਵਿਰੋਧ ਕੀਤਾ ਸੀ। ਹੰਟਰ ਕਮਿਸ਼ਨ ਵੀ ਉਸਦੀ ਦਲੀਲ ਨਾਲ ਸਹਿਮਤ ਹੁੰਦੀ ਜਾਪਦੀ ਸੀ।
8. ਜਰਨਲ ਡਾਇਰ ਨੂੰ 'ਸਿੱਖ' ਸਾਜਿਆ ਗਿਆ
ਅਕਾਲੀ ਮੋਰਚਿਆਂ ਦਾ ਇਤਿਹਾਸ ਕਿਤਾਬ ਦੇ ਲੇਖਕ ਸੋਹਨ ਸਿੰਘ ਜੋਸ਼ 'ਗੁਰਦੁਆਰਿਆਂ ਦੀ ਆਜ਼ਾਦੀ ਦਾ ਸਵਾਲ’ ਲੇਖ ਵਿੱਚ ਲਿਖਦੇ ਹਨ,''ਇਹ ਮਸੰਦ ਜਨਰਲ ਡਾਇਰ ਜਿਹੇ ਖੁੰਖਾਰ ਦਰਿੰਦੇ ਨੂੰ ''ਸਿੱਖ ਬਣਾਉਣ ਲਈ ਹਾਸੋਹੀਣਾ ਨਾਟਕ ਰਚਦੇ ਸਨ।”
“ਉਸ ਨੂੰ ਵਧਾਈਆਂ ਦਿੰਦੇ ਸਨ ਕਿ ਉਸ ਨੇ ਜਲ੍ਹਿਆਂਵਾਲੇ ਬਾਗ ਵਿੱਚ ਅੰਨ੍ਹੇਵਾਹ ਗੋਲੀ ਚਲਾ ਕੇ ਨਿਹੱਥੇ ਅਤੇ ਸ਼ਾਂਤ ਬੈਠੇ ਪੰਜਾਬੀਆਂ ਦੇ ਆਹੂ ਲਾ ਕੇ ਬੁਰਾਈ ਨੂੰ ਫੈਲਣ ਤੋਂ ਪਹਿਲਾਂ ਕੁਚਲ ਦਿੱਤਾ ਸੀ।''
ਇਹ ਵੀ ਪੜ੍ਹੋ:-
ਜੋਸ਼ ਆਪਣੇ ਲੇਖ ਵਿੱਚ ਜਨਰਲ ਡਾਇਰ ’ਤੇ ਕਿਤਾਬ ਲਿਖਣ ਵਾਲੇ ਲੇਖਕ ਮਿਸਟਰ ਕੈਲਵਿਨ ਦੇ ਹਵਾਲੇ ਨਾਲ ਲਿਖਦੇ ਹਨ,'' ਜਦੋਂ ਉਹ ( ਡਾਇਰ) ਅੰਮ੍ਰਿਤਸਰ ਵਾਪਿਸ ਮੁੜ ਕੇ ਆਇਆ ਤਾਂ ਉਸ ਨੂੰ ਅਤੇ ਮੇਜਰ ਕੈਪਟਨ ਬ੍ਰਿਗਜ਼ ਨੂੰ ਦਰਬਾਰ ਸਾਹਿਬ ਬੁਲਾਇਆ ਗਿਆ''

ਤਸਵੀਰ ਸਰੋਤ, Ravinder Singh Robin/bbc
''ਸਾਹਿਬ ਉਨ੍ਹਾਂ ਨੇ ਆਖਿਆ ਤੁਹਾਨੂੰ ਸਿੱਖ ਬਣ ਚਾਹੀਦਾ ਹੈ, ਜਿਵੇਂ ਨਿਕਲਸਨ ਸਾਹਿਬ ਸਿੱਖ ਬਣ ਗਿਆ ਸੀ ਪਰ ਡਾਇਰ ਨੇ ਕਿਹਾ ਕਿ ਮੈਂ ਬ੍ਰਿਟਿਸ਼ ਅਫਸਰ ਦੇ ਤੌਰ ’ਤੇ ਵਾਲ ਨਹੀਂ ਰੱਖ ਸਕਦਾ।''
ਅਰੂੜ ਸਿੰਘ ਹੱਸ ਪਿਆ,''ਮੈਂ ਤੁਹਾਨੂੰ ਲੰਬੇ ਵਾਲ ਨਾ ਰੱਖਣ ਦੀ ਛੂਟ ਦੇ ਦਿਆਂਗਾ।'' ਉਸ ਨੇ ਅੱਗੇ ਆਖਿਆ,''ਮੈਂ ਸਿਗਰੇਟ ਪੀਣਾ ਨਹੀਂ ਛੱਡ ਸਕਦਾ, ਅਰੂੜ ਸਿੰਘ ਨੇ ਆਖਿਆ ਤੁਹਾਨੂੰ ਹੌਲੀ-ਹੌਲੀ ਛੱਡ ਦੇਣ ਦੀ ਖੁੱਲ੍ਹ ਦੇ ਦਿਆਂਗੇ।''
ਸਿੱਖ ਹੱਸਦੇ ਹੱਸਦੇ ਉਨ੍ਹਾਂ ਨੂੰ ਸਿੱਖੀ ਵਿਚ ਸ਼ਾਮਲ ਕਰਨ ਵਿਚ ਰੁਝ ਗਏ। ਡਾਇਰ ਤੇ ਬ੍ਰਿਗਜ਼ ਨੂੰ ਪੰਜ ਕਕਾਰ ਪਹਿਨਾਏ ਗਏ। ਇਸ ਤਰ੍ਹਾਂ ਉਹ ਸਿੱਖ ਬਣ ਗਏ।
ਭਾਵੇਂ ਕਿ ਸਿੱਖ ਕੌਮ ਨੇ ਇਸ ਕਦਮ ਦਾ ਤਿੱਖਾਂ ਵਿਰੋਧ ਕੀਤਾ ਪਰ ਆਮ ਸਿੱਖਾਂ ਦੀ ਗੁਰਦੁਆਰਿਆਂ ਉੱਤੇ ਕਾਬਜ਼ ਧਿਰ ਨੇ ਅਵਾਜ਼ ਨਹੀਂ ਸੁਣੀ।
ਅਕਾਲੀ ਲਹਿਰ ਦਾ ਇਤਿਹਾਸ ਕਿਤਾਬ ਦੇ ਲੇਖਕ ਮਹਿੰਦਰ ਸਿੰਘ ਦੀ ਕਿਤਾਬ ਵਿਚ ਵੀ ਉਕਤ ਵਾਕਿਆ ਹੂ-ਬ-ਹੂ ਲਿਖਿਆ ਗਿਆ ਹੈ।
ਖੁਸ਼ਵੰਤ ਸਿੰਘ ਅਤੇ ਪ੍ਰਿਥੀਪਾਲ ਸਿੰਘ ਦੀਆਂ ਕਿਤਾਬਾਂ ਵਿਚ ਉਸ ਸਮੇਂ ਦੇ ਵੱਡੇ ਸਿੱਖ ਆਗੂ ਸੁੰਦਰ ਸਿੰਘ ਮਜੀਠੀਆ ਦੇ ਡਾਇਰ ਦੇ ਹੱਕ ਵਿੱਚ ਦਿੱਤੇ ਬਿਆਨਾਂ ਦਾ ਜ਼ਿਕਰ ਮਿਲਦਾ ਹੈ।
9. ਜਲ੍ਹਿਆਂਵਾਲੇ ਬਾਗ ਵਾਲਾ ਜਲ੍ਹਾ ਕੌਣ ਸੀ
13 ਅਪ੍ਰੈਲ 1919 ਦੇ ਸਾਕੇ ਤੋਂ ਬਾਅਦ ਇੱਕ ਯਾਦਗਾਰੀ ਟਰੱਸਟ ਹੋਂਦ ਵਿਚ ਆਇਆ । ਇਸ ਕਮੇਟੀ ਨੇ ਆਪਣੇ ਪ੍ਰਧਾਨ ਪੰਡਿਤ ਮਦਨ ਮੋਹਨ ਮਾਲਵੀਆ ਦੀ ਅਗਵਾਈ ਵਿਚ 34 ਮਾਲਕਾਂ ਤੋਂ ਜਲ੍ਹਿਆਂਵਾਲਾ ਬਾਗ ਦੀ ਜ਼ਮੀਨ 5 ਲੱਖ 65 ਹਜ਼ਾਰ ਵਿਚ ਖ਼ਰੀਦੀ।
ਅਸਲ ਵਿਚ ਪ੍ਰਿੰਸੀਪਲ ਪ੍ਰਿਥੀਪਾਲ ਸਿੰਘ ਦੀ ਕਿਤਾਬ ਪੰਜਾਬ ਵਿਚ 'ਸੁਤੰਤਰਤਾ ਸੰਗਰਾਮ ਦੀਆਂ ਪ੍ਰਮੁੱਖ ਧਾਰਾਵਾਂ' ਦੇ ਪੰਨਾ ਨੰਬਰ 74 ਮੁਤਾਬਕ, ਕਦੇ ਜਲ੍ਹਿਆਂਵਾਲਾ ਬਾਗ ਦਾ ਇਲਾਕਾ ਭਾਈ ਹਮੀਤ ਸਿੰਘ ਦੀ ਮਲਕੀਅਤ ਸੀ । ਉਹ ਜਸਵੰਤ ਸਿੰਘ ਨਾਭਾ ਦਾ ਮਹਾਰਾਜ ਰਣਜੀਤ ਸਿੰਘ ਦੀ ਸੇਵਾ ਵਿਚ ਵਕੀਲ ਸੀ।

ਡਾ. ਰਤਨ ਸਿੰਘ ਜੱਗੀ ਦੇ ਵਿਸ਼ਵਕੋਸ਼ ਮੁਤਾਬਕ ਜਲ੍ਹਿਆਂਵਾਲਾ ਬਾਗ ਦੇ ਸ਼ਬਦ ਜੱਲ੍ਹਾ ਦਾ ਪਿਛੋਕੜ ਫਤਿਹਗੜ੍ਹ ਦੇ ਸਰਹਿੰਦ ਵਿਚ ਪੈਂਦੇ ਪਿੰਡ ਜੱਲ੍ਹਾ ਨਾਲ ਜੁੜਦਾ ਹੈ, ਇਸ ਪਿੰਡ ਨੂੰ ਮਹਾਰਾਜਾ ਪਟਿਆਲੇ ਦੇ ਪ੍ਰੋਹਿਤ ਪੰਡਿਤ ਜੱਲ੍ਹਾ ਨੇ ਵਸਾਇਆ ਸੀ।
ਪਿਆਰਾ ਸਿੰਘ ਪਦਮ ਦੇ 'ਸਿੱਖ ਇਤਿਹਾਸ' ਕਿਤਾਬ ਮੁਤਾਬਕ ਸਿੱਖ ਮਿਸਲਾਂ ਦੀ ਚੜ੍ਹਤ ਦੌਰਾਨ ਇਸ ਪਿੰਡ ਦੀ ਜਗੀਰ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਸਰਦਾਰ ਹਿੰਮਤ ਸਿੰਘ ਨੂੰ ਮਿਲੀ ਸੀ। ਇਹ ਉਸਦਾ ਸੂਬਾ ਸਰਹਿੰਦ ਖਿਲਾਫ਼ ਲੜੀ ਜੰਗ ਦਾ ਇਨਾਮ ਸੀ। ਇਸੇ ਪਿੰਡ ਕਾਰਨ ਹਿੰਮਤ ਸਿੰਘ ਦਾ ਪਰਿਵਾਰ ਜੱਲ੍ਹੇਵਾਲੀਏ ਸਰਦਾਰਾਂ ਵਜੋਂ ਮਸ਼ਹੂਰ ਹੋ ਗਿਆ।
ਬਾਅਦ ਵਿਚ ਇਹ ਪਰਿਵਾਰ ਮਹਾਰਾਜਾ ਨਾਭਾ ਲਈ ਕੰਮ ਕਰਨ ਲੱਗ ਪਿਆ ਤੇ ਮਹਾਰਾਜਾ ਨਾਭਾ ਨੇ ਹੀ ਇਹ ਜਾਇਦਾਦ ਦਿੱਤੀ ਸੀ।
ਹਿੰਮਤ ਸਿੰਘ ਦੇ 4 ਪੁੱਤਰ ਸਨ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਜ਼ਮੀਨ ਉਨ੍ਹਾਂ ਵਿਚਾਲੇ ਵੰਡੀ ਗਈ ਅਤੇ ਪੀੜ੍ਹੀ-ਦਰ-ਪੀੜ੍ਹੀ ਇਸ ਦੇ ਮਾਲਕਾਂ ਦੀ ਗਿਣਤੀ ਵਧਦੀ ਗਈ। ਸਰਦਾਰਾਂ ਨੇ ਇਸ ਜ਼ਮੀਨ ਵਿਚ ਬਾਗ ਲਗਵਾਇਆ ਸੀ, ਜਿਸ ਕਾਰਨ ਇਸ ਨੂੰ ਜਲ੍ਹਿਆਂਵਾਲਾ ਬਾਗ ਕਰਕੇ ਜਾਣਿਆ ਜਾਣ ਲੱਗ ਪਿਆ। ਪਰ 1919 ਦੇ ਸਾਕੇ ਵੇਲੇ ਇਹ ਕੂੜਾ ਸੁੱਟਣ ਵਾਲੀ ਜ਼ਮੀਨ ਤੋਂ ਵੱਧ ਕੁਝ ਨਹੀਂ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












