ਸਾਕਾ ਜਲ੍ਹਿਆਂਵਾਲਾ ਬਾਗ਼: ਪੀੜਤ ਪਰਿਵਾਰਾਂ ਦੇ ਜ਼ਖ਼ਮ 99 ਸਾਲ ਬਾਅਦ ਵੀ ਅੱਲ੍ਹੇ ਨੇ

ਤਸਵੀਰ ਸਰੋਤ, Ravinder Singh Robin/BBC
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਅੰਮ੍ਰਿਤਸਰ ਤੋਂ, ਬੀਬੀਸੀ ਪੰਜਾਬੀ ਦੇ ਲਈ
ਜਲ੍ਹਿਆਂਵਾਲਾ ਬਾਗ਼ ਦੁਖਾਂਤ ਦੇ 99 ਸਾਲ ਪੂਰੇ ਹੋ ਚੁੱਕੇ ਹਨ ਪਰ ਪੀੜਤ ਪਰਿਵਾਰਾਂ ਦੀਆਂ ਚੀਕਾਂ ਹਾਲੇ ਵੀ ਖਾਮੋਸ਼ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ।
13 ਅਪ੍ਰੈਲ 1919 ਨੂੰ ਵਾਪਰੇ ਇਸ ਕਤਲੇਆਮ ਨੇ ਉਸ ਸਮੇਂ ਦੇ ਸਾਂਝੇ ਭਾਰਤ 'ਚ ਇਕ ਰੋਹ ਪੈਦਾ ਕਰ ਦਿੱਤਾ ਸੀ। ਇਹ ਘਟਨਾ ਆਜ਼ਾਦੀ ਦੇ ਸੰਘਰਸ਼ ਲਈ ਇਕ ਮਹੱਤਵਪੂਰਨ ਮੋੜ ਵਜੋਂ ਉਭਰੀ।
ਬ੍ਰਿਗੇਡੀਅਰ ਜਨਰਲ ਆਰ. ਏ. ਐਚ. ਡਾਇਰ ਦੇ ਹੁਕਮਾਂ 'ਤੇ 50 ਬੰਦੂਕਧਾਰੀਆਂ ਨੇ ਇਸ ਨਿਹੱਥੀ ਭੀੜ 'ਤੇ ਗੋਲੀਬਾਰੀ ਕੀਤੀ, ਜੋ ਵਿਸਾਖੀ ਦੇ ਤਿਉਹਾਰ ਲਈ ਇਕੱਠੇ ਹੋਏ ਸਨ।
ਇਤਿਹਾਸਕਾਰਾਂ ਦਾ ਕਹਿਣਾ ਹੈ ਕਿ 1000 ਤੋਂ ਵੱਧ ਨਿਰਦੋਸ਼ ਭਾਰਤੀ ਮਾਰੇ ਗਏ ਸਨ ਅਤੇ 1100 ਤੋਂ ਵੱਧ ਜ਼ਖਮੀ ਹੋਏ ਸਨ, ਹਾਲਾਂਕਿ ਬਰਤਾਨਵੀ ਸਰਕਾਰ ਨੇ ਇਸ ਘਟਨਾ ਨੂੰ 'ਸ਼ਰਮਨਾਕ' ਦੱਸਿਆ ਹੈ, ਜੋ 2013 'ਚ ਉਸ ਸਮੇਂ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੀ ਫੇਰੀ ਦੌਰਾਨ ਸਾਹਮਣੇ ਆਇਆ ਸੀ।
ਜਲ੍ਹਿਆਂਵਾਲਾ ਬਾਗ਼ ਦੇ ਪੀੜਤਾਂ ਦੇ ਰਿਸ਼ਤੇਦਾਰ ਅੱਜ ਵੀ ਉਨ੍ਹਾਂ ਦੀਆਂ ਇੱਛਾਵਾਂ ਨੂੰ ਯਾਦ ਕਰਦੇ ਹਨ । ਉਨ੍ਹਾਂ ਵਿੱਚੋਂ ਕੁਝ ਨੇ ਬੀਬੀਸੀ ਨਾਲ ਆਪਣੇ ਦਿਲ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ।
ਸੇਵਾਮੁਕਤ ਹੈੱਡਮਾਸਟਰ ਸਤਪਾਲ ਸ਼ਰਮਾ ਨੇ ਦੱਸਿਆ, 'ਮੇਰੇ ਦਾਦਾ ਅਮੀਨ ਚੰਦ ਜੋ ਉਸ ਵੇਲੇ 45 ਸਾਲ ਦੇ ਸੀ, ਲੰਬਾ ਕਾਲਾ ਕੋਟ ਅਤੇ ਚਿੱਟਾ ਪਜਾਮਾ ਪਾ ਕੇ ਜ਼ਲ੍ਹਿਆਂਵਾਲਾ ਬਾਗ਼ ਮੀਟਿੰਗ 'ਚ ਸ਼ਾਮਿਲ ਹੋਣ ਲਈ ਗਏ, ਹਾਲਾਂਕਿ ਉਹ ਜਾਣਦੇ ਸੀ ਕਿ ਇਹ ਸ਼ਹਿਰ ਤਣਾਅ ਵਿੱਚੋਂ ਲੰਘ ਰਿਹਾ ਸੀ'।

ਤਸਵੀਰ ਸਰੋਤ, Ravinder Singh Robin/BBC
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਇਹ ਸਾਰੀ ਕਹਾਣੀ ਦੱਸੀ ਸੀ ਕਿ ਉਸ ਦੇ ਦਾਦਾ ਜੋ ਕਿੱਤੇ ਵਜੋਂ ਹਕੀਮ ਸਨ, ਸਟੇਜ ਨੇੜੇ ਖੜ੍ਹੇ ਸਨ ਜਦੋਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ।
ਸ਼ਹਿਰ 'ਚ ਕਰਫਿਊ ਲਗਾਇਆ ਗਿਆ ਸੀ, ਇਸ ਲਈ ਮੇਰੇ ਪਿਤਾ ਜੀ ਬਾਹਰ ਜਾ ਕੇ ਦਾਦਾ ਜੀ ਦਾ ਹਾਲ ਨਹੀਂ ਜਾਣ ਸਕੇ। ਅਗਲੇ ਦਿਨ ਮੇਰੇ ਦਾਦਾ ਜੀ ਦੀ ਲਾਸ਼ ਜਲ੍ਹਿਆਂਵਾਲਾ ਬਾਗ 'ਚ ਲਾਸ਼ਾਂ ਦੇ ਢੇਰ ਤੋਂ ਮਿਲੀ ਸੀ।
'ਮੰਦਿਰਾਂ ਤੋਂ ਵੱਧ ਜਲ੍ਹਿਆਵਾਲਾ ਬਾਗ਼ ਪਵਿੱਤਰ'
ਮੇਰੇ ਦਾਦਾ ਜੀ ਦੇ ਦੇਹਾਂਤ ਤੋਂ ਬਾਅਦ ਉਸ ਹੱਤਿਆਕਾਂਡ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਮੇਰੀ ਦਾਦੀ ਅਤੇ ਮੇਰੇ ਪਿਤਾ ਜੀ ਹਮੇਸ਼ਾ ਜਲ੍ਹਿਆਵਾਲੇ ਬਾਗ਼ ਜਾਂਦੇ ਸਨ।
ਇਸ ਨੂੰ ਲੈ ਕੇ ਭਾਵਨਾਵਾਂ ਐਨੀਆਂ ਡੂੰਘੀਆਂ ਹਨ ਕਿ ਸਤਪਾਲ ਸ਼ਰਮਾ ਦੀ ਪਤਨੀ ਕ੍ਰਿਸ਼ਨਾ ਸ਼ਰਮਾ ਕਹਿੰਦੀ ਹੈ ਕਿ ਜਲ੍ਹਿਆਵਾਲਾ ਬਾਗ਼ ਕਿਸੇ ਹੋਰ ਮੰਦਿਰਾਂ ਤੋਂ ਵੱਧ ਪਵਿੱਤਰ ਥਾਂ ਹੈ।
ਕ੍ਰਿਸ਼ਨਾ ਸ਼ਰਮਾ ਕਹਿੰਦੀ ਹੈ,''ਇਸ ਨੂੰ ਲੈ ਕੇ ਜਜ਼ਬਾਤ ਐਨੇ ਜ਼ਿਆਦਾ ਹਨ ਕਿ ਵਿਆਹ ਤੋਂ ਤੁਰੰਤ ਬਾਅਦ ਮੇਰੇ ਸਹੁਰੇ ਨੇ ਜਲ੍ਹਿਆਵਾਲਾ ਬਾਗ਼ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।''

ਤਸਵੀਰ ਸਰੋਤ, Ravinder Singh Robin/BBC
ਜਦੋਂ ਉਨ੍ਹਾਂ ਨੇ ਆਪਣੇ ਪਤੀ ਅਤੇ ਸਹੁਰੇ ਤੋਂ ਉਸ ਖ਼ਤਰਨਾਕ ਦਾਸਤਾਨ ਨੂੰ ਸੁਣਿਆ ਤਾਂ ਉਸਦੇ ਹੰਝੂ ਨਾ ਰੁਕੇ। ਉਹ ਕਹਿੰਦੀ ਹੈ,''ਜਦੋਂ ਵੀ ਮੇਰਾ ਸਹੁਰਾ ਜਲ੍ਹਿਆਵਾਲਾ ਬਾਗ਼ ਜਾਂਦੇ ਸਨ, ਉਹ ਰੋਣ ਲੱਗ ਜਾਂਦੇ ਸਨ।''
ਉਹ ਕਹਿੰਦੀ ਹੈ ਕਿ ਸਲੇਬਸ ਵਿੱਚ ਇਸ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ ਗਿਆ ਪਰ ਉਹ ਬੱਚਿਆਂ ਨੂੰ ਇਸ ਘਟਨਾ ਨਾਲ ਜਾਣੂ ਕਰਵਾਉਣ ਲਈ ਬਕਾਇਦਾ ਜਲ੍ਹਿਆਵਾਲਾ ਬਾਗ਼ ਲਿਜਾਂਦੀ ਹੈ।
ਪੀੜਤਾਂ ਦੇ ਰਿਸ਼ਤੇਦਾਰ ਅਪਣਿਆਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ।
ਖੌਫ਼ਨਾਕ ਤਰਾਸਦੀ ਦੀਆਂ ਯਾਦਾਂ
ਲਾਲਾ ਹਰੀ ਰਾਮ ਦੇ ਪੋਤੇ ਮਹੇਸ਼ ਬਹਿਲ ਕਹਿੰਦੇ ਹਨ ਕਿ ਉਨ੍ਹਾਂ ਦੀ ਦਾਦੀ ਅਕਸਰ ਉਨ੍ਹਾਂ ਨਾਲ ਆਪਣਾ ਦੁੱਖ਼ ਸਾਂਝਾ ਕਰਦੇ ਹੋਏ ਉਸ ਭਿਆਨਕ ਤਰਾਸਦੀ ਬਾਰੇ ਦੱਸਦੀ ਸੀ।
ਮਹੇਸ਼ ਬਹਿਲ ਨੇ ਪੁਰਾਣੀਆਂ ਦਰਦਨਾਕ ਯਾਦਾਂ ਤਾਜ਼ਾ ਕਰਦੇ ਹੋਏ ਕਿਹਾ,''ਮੇਰੇ ਦਾਦਾ ਨੂੰ ਜਦੋਂ ਘਰ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਛਾਤੀ ਅਤੇ ਪੈਰਾਂ 'ਤੇ ਗੋਲੀਆਂ ਲੱਗੀਆਂ ਸੀ ਅਤੇ ਬਹੁਤ ਖ਼ੂਨ ਵਗ ਰਿਹਾ ਸੀ। ਸ਼ਹਿਰ 'ਚ ਤਣਾਅ ਸੀ ਅਤੇ ਕੋਈ ਮੈਡੀਕਲ ਸਹੂਲਤ ਵੀ ਨਹੀਂ ਮਿਲ ਰਹੀ ਸੀ।
ਉਨ੍ਹਾਂ ਦੇ ਆਖ਼ਰੀ ਸ਼ਬਦ ਸੀ ਕਿ ਉਹ ਦੇਸ ਲਈ ਮਰ ਰਹੇ ਹਨ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਵੀ ਦੇਸ ਲਈ ਆਪਣੀ ਜਾਨ ਕੁਰਬਾਨ ਕਰਨ ਦੇ ਰਸਤੇ 'ਤੇ ਚੱਲਣਾ ਚਾਹੀਦਾ ਹੈ।''

ਤਸਵੀਰ ਸਰੋਤ, Ravinder singh Robin/BBC
ਉਨ੍ਹਾਂ ਨੇ ਭਾਰੀ ਮਨ ਨਾਲ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਦੀ ਦਾਦੀ ਨੇ ਖ਼ੀਰ ਬਣਾਈ ਸੀ ਕਿਉਂਕਿ ਉਸ ਦਿਨ ਦਾਦਾ ਜੀ ਘਰ ਆ ਕੇ ਖੀਰ ਖਾਣਾ ਚਾਹੁੰਦੇ ਸੀ ਪਰ ਉਹ ਮੁੜ ਕਦੇ ਘਰ ਨਹੀਂ ਆਏ।
ਉਹ ਕਹਿੰਦੇ ਹਨ,''ਸਾਡੇ ਪਰਿਵਾਰ ਨੇ ਬਹੁਤ ਦੁਖ਼ ਝੱਲੇ ਹਨ। ਮੇਰੇ ਦਾਦਾ ਜੀ ਦੀ ਮੌਤ ਤੋਂ ਬਾਅਦ ਅਸੀਂ ਉਨ੍ਹਾਂ ਦੇ ਕਹੇ ਮੁਤਾਬਕ ਤਤਕਾਲੀਨ ਬ੍ਰਿਟਿਸ਼ ਸ਼ਾਸਨ ਖ਼ਿਲਾਫ਼ ਲੜਾਈ ਜਾਰੀ ਰੱਖੀ।
1997 ਵਿੱਚ ਜਦੋਂ ਮਹਾਰਾਣੀ ਅਲਿਜ਼ਾਬੇਥ ਭਾਰਤ ਆਈ ਤਾਂ ਅਸੀਂ ਦਿੱਲੀ ਵਿੱਚ ਆਪਣੇ ਹੱਥਾਂ 'ਚ ਤਖਤੀਆਂ ਲੈ ਕੇ ਪ੍ਰਦਰਸ਼ਨ ਕੀਤਾ, ਜਿਸ 'ਤੇ ਲਿਖਿਆ ਸੀ 'ਬਿਨਾਂ ਪਛਤਾਵੇ ਮਹਾਰਾਣੀ ਦੀ ਅੰਮ੍ਰਿਤਸਰ ਯਾਤਰਾ ਬੇਅਰਥ'।''

ਤਸਵੀਰ ਸਰੋਤ, Ravinder Singh Robin/BBC
ਉਹ ਇਹ ਕਹਾਣੀ ਸੁਣਾਉਂਦੇ- ਸੁਣਾਉਂਦੇ ਦੇਸ ਭਗਤੀ ਦੇ ਗੀਤ ਗਾਣ ਲੱਗਦੇ ਹਨ।
ਦੁਖਾਂਤ ਦੇ 100ਵੇਂ ਸਾਲ ਦੀ ਯਾਦ ਵਿੱਚ ਸਰਕਾਰ ਨੇ ਕਈ ਪ੍ਰੋਗ੍ਰਾਮ ਸ਼ੁਰੂ ਕੀਤੇ ਹਨ ਪਰ ਇਨ੍ਹਾਂ ਪਰਿਵਾਰਾਂ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ।
'ਬਿਨਾਂ ਸ਼ਰਤ ਮੁਆਫ਼ੀ ਮੰਗੇ ਬ੍ਰਿਟੇਨ'
2 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਪੰਜਾਬ ਸਰਕਾਰ ਨੇ ਮਹੇਸ਼ ਬਹਿਲ ਅਤੇ ਸਤਪਾਲ ਸ਼ਰਮਾ ਨੂੰ ਪਛਾਣ ਪੱਤਰ ਜਾਰੀ ਕੀਤਾ ਸੀ।
ਉਹ ਅਫ਼ਸੋਸ ਨਾਲ ਕਹਿੰਦੇ ਹਨ,''ਸਾਨੂੰ ਇਸ ਕਾਰਡ ਦੇ ਲਾਭ ਦੀ ਜਾਣਕਾਰੀ ਨਹੀਂ ਹੈ, ਸਿਰਫ਼ ਇਸ ਕਾਰਡ ਨਾਲ ਸਾਨੂੰ ਟੋਲ ਪਲਾਜ਼ਾ 'ਤੇ ਟੋਲ ਦੇਣ ਤੋਂ ਛੂਟ ਮਿਲੀ ਹੈ।''
ਪੀੜਤ ਪਰਿਵਾਰਾਂ ਨੂੰ ਲਗਦਾ ਹੈ ਕਿ ਬ੍ਰਿਟੇਸ਼ ਸਰਕਾਰ ਨੂੰ ਬ੍ਰਿਟੇਨ ਦੀ ਸੰਸਦ ਵਿੱਚ ਇਸ ਮੁੱਦੇ 'ਤੇ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਚਾਹੀਦੀ ਹੈ।

ਤਸਵੀਰ ਸਰੋਤ, Ravinder singh Robin/BBC
ਐਸ. ਕੇ. ਮੁਖਰਜੀ ਲੰਬੇ ਸਮੇਂ ਤੋਂ ਜਲ੍ਹਿਆਂਵਾਲਾ ਬਾਗ਼ ਦੀ ਦੇਖਭਾਲ ਕਰ ਰਹੇ ਹਨ। ਮੁਖਰਜੀ ਦੇ ਦਾਦਾ ਜ਼ਲ੍ਹਿਆਂਵਾਲਾ ਬਾਗ਼ ਦੁਖਾਂਤ ਵਿੱਚ ਬਚੇ ਕੁਝ ਲੋਕਾਂ ਵਿੱਚੋਂ ਇੱਕ ਹਨ।
1997 ਵਿੱਚ ਜ਼ਲ੍ਹਿਆਂਵਾਲਾ ਬਾਗ਼ ਦੀ ਯਾਤਰਾ ਦੇ ਦੌਰਾਨ ਮਹਾਰਾਣੀ ਅਲਿਜ਼ਾਬੇਥ ਅਤੇ ਡਿਊਕ ਆਫ਼ ਐਡਿਨਬਰਗ ਦੇ ਦਸਤਖ਼ਤ ਨੂੰ ਦਿਖਾਉਂਦੇ ਹੋਏ ਮੁਖਰਜੀ ਨੇ ਕਿਹਾ,''ਮੈਨੂੰ ਜ਼ਿਆਦਾ ਪਤਾ ਨਹੀਂ, ਕੀ ਮੁਆਫ਼ੀ ਨਾਲ ਜ਼ਖ਼ਮ ਭਰੇ ਜਾ ਸਕਦੇ ਹਨ, ਪਰ ਹੁਣ ਇਸ ਤੋਂ ਅੱਗੇ ਵਧਦੇ ਹੋਏ ਸਮਾਰਕ ਨੂੰ ਵਿਕਸਿਤ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਕਾਲੇ ਦਿਨਾਂ ਦੀਆਂ ਯਾਦਾਂ ਨੂੰ ਬਚਾਏ ਰੱਖਣਾ ਚਾਹੀਦਾ ਹੈ।''












