ਅਫ਼ਗਾਨਿਸਤਾਨ ਤੋਂ ਦੋ ਦਹਾਕਿਆਂ ਬਾਅਦ ਅਮਰੀਕਾ ਦੀ ਵਾਪਸੀ ਹੋਈ ਮੁਕੰਮਲ - ਪ੍ਰੈਸ ਰਿਵੀਊ

ਤਸਵੀਰ ਸਰੋਤ, MOD
ਅਫ਼ਗਾਨਿਸਤਾਨ ਤੋਂ ਅਮਰੀਕਾ ਦੀਆਂ ਆਖ਼ਰੀ ਫ਼ੌਜੀ ਟੁਕੜੀਆਂ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋ ਗਈਆਂ ਹਨ।
ਉਸ ਤੋਂ ਪਹਿਲਾਂ ਦੇਸ਼ ਵਿੱਚ ਡਰੋਨ ਹਮਲੇ ਅਤੇ ਹਿੰਸਾ ਦੀਆਂ ਕੁਝ ਘਟਨਾਵਾਂ ਸਾਹਮਣੇ ਆਈਆਂ ਹਨ।
ਅੰਗਰੇਜ਼ੀ ਅਖ਼ਬਾਰ 'ਦਿ ਗਾਰਡੀਅਨ' ਦੀ ਖ਼ਬਰ ਮੁਤਾਬਕ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਮਰੀਕੀ ਫੌਜਾਂ ਨੇ ਆਪਣਾ ਨਿਯੰਤਰਣ ਵੀ ਹਟਾ ਲਿਆ ਹੈ। ਅਮਰੀਕਾ ਦੀਆਂ ਸਹਾਇਕ ਫ਼ੌਜਾਂ ਵੱਲੋਂ ਪਹਿਲਾਂ ਹੀ ਆਪਣੇ ਫੌਜੀਆਂ ਨੂੰ ਕੱਢ ਲਿਆ ਗਿਆ ਸੀ।
ਅਫ਼ਗ਼ਾਨਿਸਤਾਨ ਤੋਂ ਰਵਾਨਾ ਹੋਣ ਤੋਂ ਪਹਿਲਾਂ ਅਮਰੀਕਾ ਵੱਲੋਂ ਕਾਬੁਲ ਵਿੱਚ ਡਰੋਨ ਹਮਲੇ ਕੀਤੇ ਗਏ ਸਨ ਜਿਸ ਵਿੱਚ ਕਈ ਨਾਗਰਿਕ ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਹਨ, ਦੇ ਮਾਰੇ ਜਾਣ ਦੀ ਵੀ ਖ਼ਬਰ ਹੈ।
ਇਹ ਵੀ ਪੜ੍ਹੋ-
ਲਗਭਗ ਦੋ ਦਹਾਕਿਆਂ ਤੋਂ ਅਫ਼ਗਾਨਿਸਤਾਨ ਵਿੱਚ ਮੌਜੂਦ ਅਮਰੀਕੀ ਅਤੇ ਸਹਾਇਕ ਦੇਸ਼ਾਂ ਦੀਆਂ ਫੌਜਾਂ ਨੇ ਅਫਗਾਨਿਸਤਾਨ ਛੱਡਣ ਦਾ ਫ਼ੈਸਲਾ ਕੀਤਾ ਸੀ।
ਇਸ ਫ਼ੈਸਲੇ ਤੋਂ ਬਾਅਦ ਤਾਲਿਬਾਨ ਦੇਸ਼ ਦੇ ਵੱਖ ਵੱਖ ਸੂਬਿਆਂ ਦੀਆਂ ਰਾਜਧਾਨੀਆਂ ਉੱਪਰ ਕਾਬਜ਼ ਹੋਣ ਤੋਂ ਬਾਅਦ ਕਾਬੁਲ ਵਿੱਚ ਦਾਖਲ ਹੋਇਆ। ਕਾਬੁਲ ਵਿੱਚ ਦਾਖ਼ਲੇ ਤੋਂ ਬਾਅਦ ਦੇਸ਼ ਦੇ ਰਾਜਨੀਤਕ ਹਾਲਾਤ ਬਦਲ ਗਏ ਅਤੇ ਬਹੁਤ ਸਾਰੇ ਵਿਦੇਸ਼ੀ ਅਤੇ ਅਫ਼ਗਾਨ ਨਾਗਰਿਕ ਦੇਸ਼ ਛੱਡਣ ਲੱਗੇ।
ਖ਼ਬਰ ਅਨੁਸਾਰ ਅਫ਼ਗ਼ਾਨਿਸਤਾਨ ਵਿੱਚ ਹੁਣ 100 ਅਮਰੀਕੀ ਮੌਜੂਦ ਹਨ ਜੋ ਦੇਸ਼ ਛੱਡਣਾ ਚਾਹੁੰਦੇ ਸਨ ਪਰ ਆਖਰੀ ਉਡਾਣ ਨਹੀਂ ਲੈ ਸਕੇ। ਅਮਰੀਕੀ ਸਰਕਾਰ ਮੁਤਾਬਕ ਉਨ੍ਹਾਂ ਨੂੰ ਦੇਸ਼ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਨੇ ਆਖਿਆ ਹੈ ਕਿ ਅਫ਼ਗਾਨਿਸਤਾਨ ਹੁਣ ਪੂਰੀ ਤਰ੍ਹਾਂ ਆਜ਼ਾਦ ਹੈ ਅਤੇ ਆਖ਼ਰੀ ਅਮਰੀਕੀ ਜਹਾਜ਼ ਨੇ ਕਾਬੁਲ ਹਵਾਈ ਅੱਡਾ ਛੱਡ ਦਿੱਤਾ ਹੈ।
ਕੋਰੋਨਾਵਾਇਰਸ: ਪੰਜਾਬ ਵਿੱਚ ਡੈਲਟਾ ਵੇਰਿਅੰਟ ਦੀਆਂ ਅਗਲੀਆਂ ਸ਼੍ਰੇਣੀਆਂ ਮੌਜੂਦ
ਕੋਰੋਨਾਵਾਇਰਸ ਦੇ ਡੈਲਟਾ ਵੇਰਿਅੰਟ ਦੀਆਂ ਅਗਲੀਆਂ ਸ਼੍ਰੇਣੀਆਂ ਪੰਜਾਬ ਦੇ ਮਰੀਜ਼ਾਂ ਵਿੱਚ ਪਾਈਆਂ ਜਾ ਰਹੀਆਂ ਹਨ ਪਰ ਸਿਹਤ ਵਿਭਾਗ ਮੁਤਾਬਕ ਇਸ ਵਿੱਚ ਚਿੰਤਾ ਦੀ ਲੋੜ ਨਹੀਂ ਹੈ।
ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਡੈਲਟਾ ਵੇਰੀਐਂਟ ਦੀਆਂ ਏ ਵਾਈ-4, ਏ ਵਾਈ-12 ਸ਼੍ਰੇਣੀਆਂ ਮਰੀਜ਼ਾਂ ਵਿੱਚ ਪਾਈਆਂ ਗਈਆਂ ਹਨ। ਇਨ੍ਹਾਂ ਵਿੱਚੋਂ ਕੁਝ ਸ਼੍ਰੇਣੀਆਂ ਇਜ਼ਰਾਈਲ ਦੇ ਮਰੀਜ਼ਾਂ ਵਿੱਚ ਵੀ ਪਾਈਆਂ ਗਈਆਂ ਸਨ। 64 ਮਰੀਜ਼ਾਂ ਵਿੱਚ ਇਨ੍ਹਾਂ ਦੇ ਲੱਛਣ ਦੇਖੇ ਗਏ ਹਨ।

ਤਸਵੀਰ ਸਰੋਤ, Getty Images
ਖ਼ਬਰ ਅਨੁਸਾਰ ਪੰਜਾਬ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਜੀਬੀ ਸਿੰਘ ਆਖਦੇ ਹਨ ਕਿ ਇਹ ਚਿੰਤਾ ਦਾ ਵਿਸ਼ਾ ਨਹੀਂ ਹੈ ਕਿਉਂਕਿ ਪੰਜਾਬ ਵਿੱਚ ਜਿਨ੍ਹਾਂ ਮਰੀਜ਼ਾਂ ਵਿੱਚ ਇਸ ਦੇ ਲੱਛਣ ਪਾਏ ਗਏ ਸਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਕੋਰੋਨਾਵਾਇਰਸ ਨੂੰ ਮਾਤ ਦੇ ਦਿੱਤੀ ਹੈ। ਉਨ੍ਹਾਂ ਮੁਤਾਬਕ ਪੰਜਾਬ ਵਿੱਚ ਨਵੇਂ ਮਰੀਜ਼ਾਂ ਵਿੱਚ ਜ਼ਿਆਦਾ ਵਾਧਾ ਨਹੀਂ ਹੋ ਰਿਹਾ।
ਸੂਬੇ ਦੇ ਕੋਵਿਡ-19 ਨੋਡਲ ਅਫਸਰ ਰਾਜੇਸ਼ ਭਾਸਕਰ ਮੁਤਾਬਕ ਸਾਰੇ ਜ਼ਿਲ੍ਹਿਆਂ ਨੂੰ ਇਨ੍ਹਾਂ ਸ਼੍ਰੇਣੀਆਂ ਬਾਰੇ ਸਤਰਕ ਰਹਿਣ ਬਾਰੇ ਵੀ ਆਖਿਆ ਗਿਆ ਹੈ ਅਤੇ ਵਿਭਾਗ ਵੱਲੋਂ ਸੰਭਾਵਿਤ ਤੀਸਰੀ ਲਹਿਰ ਖ਼ਿਲਾਫ਼ ਤਿਆਰੀ ਕੀਤੀ ਗਈ ਹੈ।
ਅਕਾਲੀ ਦਲ ਲਿਆਵੇ 'ਇੱਕ ਪਰਿਵਾਰ ਇੱਕ ਟਿਕਟ' ਦਾ ਨਿਯਮ: ਮਲੂਕਾ
ਸਾਬਕਾ ਕੈਬਨਿਟ ਮੰਤਰੀ ਅਤੇ ਰਾਮਪੁਰਾ ਫੂਲ ਤੋਂ ਅਕਾਲੀ ਦਲ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਨੇ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ 'ਇੱਕ ਪਰਿਵਾਰ ਇੱਕ ਟਿਕਟ' ਦਾ ਨਿਯਮ ਲੈ ਕੇ ਆਵੇ।
ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਵਿੱਚ ਛਪੀ ਖ਼ਬਰ ਮੁਤਾਬਕ ਮਲੂਕਾ ਨੇ ਕਿਹਾ ਕਿ ਉਹ ਬਾਦਲ ਪਰਿਵਾਰ ਬਾਰੇ ਇਹ ਗੱਲ ਨਹੀਂ ਕਹਿ ਰਹੇ ਅਤੇ ਉਨ੍ਹਾਂ ਦੀ ਗੱਲ ਹੋਰ ਹੈ। ਸੁਖਬੀਰ ਸਿੰਘ ਬਾਦਲ ਨੇ ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਘੋਸ਼ਿਤ ਕੀਤਾ ਹੈ।

ਤਸਵੀਰ ਸਰੋਤ, SIKANDER MALUKA/FACEBOOK
ਖ਼ਬਰ ਮੁਤਾਬਕ ਸਿਕੰਦਰ ਸਿੰਘ ਮਲੂਕਾ ਆਪਣੇ ਅਤੇ ਆਪਣੇ ਬੇਟੇ ਲਈ ਰਾਮਪੁਰਾ ਫੂਲ ਅਤੇ ਮੌੜ ਤੋਂ ਟਿਕਟ ਚਾਹੁੰਦੇ ਹਨ। ਉਨ੍ਹਾਂ ਨੇ ਇਸ ਸਬੰਧੀ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁੱਤਰ 'ਚੋਂ ਇੱਕ ਨੂੰ ਟਿਕਟ ਮਿਲੇਗੀ ਤਾਂ ਅਕਾਲੀ ਦਲ 'ਇੱਕ ਪਰਿਵਾਰ ਇੱਕ ਟਿਕਟ' ਦਾ ਨਿਯਮ ਬਣਾਏ।
ਉਨ੍ਹਾਂ ਨੇ ਆਖਿਆ ਕਿ ਚੰਡੀਗੜ੍ਹ ਵਿੱਚ ਹੋਣ ਵਾਲੀ ਪਾਰਟੀ ਦੀ ਕੋਰ ਕਮੇਟੀ ਬੈਠਕ ਵਜੋਂ ਹਿੱਸਾ ਲੈਣਗੇ ਪਰ ਬੈਠਕ ਵਿੱਚ ਇਹ ਮੁੱਦਾ ਚੁੱਕਣ ਦਾ ਕੋਈ ਇਰਾਦਾ ਨਹੀਂ ਹੈ।
ਉਨ੍ਹਾਂ ਅਨੁਸਾਰ ਪਾਰਟੀ ਨੇ ਉਨ੍ਹਾਂ ਨੂੰ ਮੌੜ ਹਲਕੇ ਵਿੱਚ ਕੰਮ ਕਰਨ ਲਈ ਆਖਿਆ ਸੀ ਅਤੇ ਉਨ੍ਹਾਂ ਦੇ ਬੇਟੇ ਰਾਮਪੁਰਾ ਫੂਲ ਵਿੱਚ ਕੰਮ ਕਰਦੇ ਰਹੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਸਾਬਕਾ ਸਾਂਸਦ ਜਗਮੀਤ ਬਰਾੜ ਮੌੜ ਵਿਖੇ ਸਰਗਰਮ ਹੋ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਅਕਾਲੀ ਨੇਤਾ ਪ੍ਰਕਾਸ਼ ਸਿੰਘ ਬਾਦਲ ਨੇ ਫਿਲਹਾਲ ਮਲੂਕਾ ਨਾਲ ਇਸ ਸਬੰਧੀ ਕੋਈ ਗੱਲ ਨਹੀਂ ਕੀਤੀ ਹੈ।
ਸਾਬਕਾ ਸਾਂਸਦ ਜਗਮੀਤ ਬਰਾੜ ਨੇ ਅਪ੍ਰੈਲ 2019 ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹੱਥ ਫੜਿਆ ਸੀ।
ਇਹ ਵੀ ਪੜ੍ਹੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












